ਯੁੱਧ ਅਤੇ ਦੰਗੇ-ਫ਼ਸਾਦ ਖ਼ਤਮ ਕਿਉਂ ਨਹੀਂ ਹੋ ਰਹੇ?
ਬਾਈਬਲ ਦੱਸਦੀ ਹੈ ਕਿ ਯੁੱਧਾਂ ਅਤੇ ਦੰਗੇ-ਫ਼ਸਾਦਾਂ ਦੀ ਅਸਲੀ ਜੜ੍ਹ ਕੀ ਹੈ ਅਤੇ ਇਹ ਖ਼ਤਮ ਕਿਉਂ ਨਹੀਂ ਹੋ ਰਹੇ।
ਪਾਪ
ਰੱਬ ਨੇ ਪਹਿਲੇ ਆਦਮੀ-ਔਰਤ ਆਦਮ ਅਤੇ ਹੱਵਾਹ ਨੂੰ ਆਪਣੇ ਸਰੂਪ ʼਤੇ ਬਣਾਇਆ ਸੀ। (ਉਤਪਤ 1:27) ਇਸ ਦਾ ਮਤਲਬ ਹੈ ਕਿ ਉਨ੍ਹਾਂ ਵਿਚ ਵੀ ਉਹੀ ਗੁਣ ਸਨ ਜੋ ਰੱਬ ਵਿਚ ਹਨ, ਜਿਵੇਂ ਸ਼ਾਂਤੀ ਅਤੇ ਪਿਆਰ। (1 ਕੁਰਿੰਥੀਆਂ 14:33; 1 ਯੂਹੰਨਾ 4:8) ਪਰ ਆਦਮ ਅਤੇ ਹੱਵਾਹ ਨੇ ਰੱਬ ਦਾ ਕਹਿਣਾ ਨਹੀਂ ਮੰਨਿਆ ਅਤੇ ਪਾਪ ਕਰ ਬੈਠੇ। ਆਦਮ ਅਤੇ ਹੱਵਾਹ ਦੇ ਬੱਚੇ ਹੋਣ ਕਰਕੇ ਸਾਨੂੰ ਵਿਰਾਸਤ ਵਿਚ ਪਾਪ ਅਤੇ ਮੌਤ ਮਿਲੀ ਹੈ। (ਰੋਮੀਆਂ 5:12) ਪਾਪੀ ਹੋਣ ਕਰਕੇ ਸਾਡੇ ਮਨ ਵਿਚ ਅਕਸਰ ਬੁਰੇ ਖ਼ਿਆਲ ਆਉਂਦੇ ਹਨ ਅਤੇ ਅਸੀਂ ਹਿੰਸਾ ਕਰਨ ʼਤੇ ਉੱਤਰ ਆਉਂਦੇ ਹਾਂ।—ਉਤਪਤ 6:5; ਮਰਕੁਸ 7:21, 22.
ਇਨਸਾਨੀ ਸਰਕਾਰਾਂ
ਰੱਬ ਨੇ ਸਾਨੂੰ ਇਸ ਤਰ੍ਹਾਂ ਨਹੀਂ ਬਣਾਇਆ ਕਿ ਅਸੀਂ ਇਕ-ਦੂਜੇ ʼਤੇ ਰਾਜ ਕਰੀਏ। ਬਾਈਬਲ ਦੱਸਦੀ ਹੈ: “ਇਨਸਾਨ . . . ਇਸ ਕਾਬਲ ਵੀ ਨਹੀਂ ਕਿ ਆਪਣੇ ਕਦਮਾਂ ਨੂੰ ਸੇਧ ਦੇਵੇ।” (ਯਿਰਮਿਯਾਹ 10:23) ਇਸੇ ਕਰਕੇ ਇਨਸਾਨੀ ਸਰਕਾਰਾਂ ਕਦੇ ਵੀ ਯੁੱਧਾਂ ਅਤੇ ਦੰਗੇ-ਫ਼ਸਾਦਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਦੀਆਂ।
ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤ
ਬਾਈਬਲ ਕਹਿੰਦੀ ਹੈ ਕਿ “ਸਾਰੀ ਦੁਨੀਆਂ ਸ਼ੈਤਾਨ ਦੇ ਵੱਸ ਵਿਚ ਹੈ।” (1 ਯੂਹੰਨਾ 5:19) ਸ਼ੈਤਾਨ ਬਹੁਤ ਦੁਸ਼ਟ ਹੈ ਅਤੇ ਇਕ ਕਾਤਲ ਹੈ। (ਯੂਹੰਨਾ 8:44) ਉਹ ਅਤੇ ਹੋਰ ਦੁਸ਼ਟ ਦੂਤ ਲੋਕਾਂ ਨੂੰ ਯੁੱਧ ਅਤੇ ਹਿੰਸਾ ਕਰਨ ਲਈ ਭੜਕਾਉਂਦੇ ਹਨ।—ਪ੍ਰਕਾਸ਼ ਦੀ ਕਿਤਾਬ 12:9, 12.
ਇਨਸਾਨ ਯੁੱਧਾਂ ਅਤੇ ਦੰਗੇ-ਫ਼ਸਾਦਾਂ ਦੀ ਜੜ੍ਹ ਨੂੰ ਖ਼ਤਮ ਨਹੀਂ ਕਰ ਸਕਦੇ, ਪਰ ਰੱਬ ਕਰ ਸਕਦਾ ਹੈ।