ਯੁੱਧਾਂ ਅਤੇ ਦੰਗੇ-ਫ਼ਸਾਦਾਂ ਦਾ ਸਾਰਿਆਂ ʼਤੇ ਅਸਰ ਕਿਵੇਂ ਪੈਂਦਾ ਹੈ?
“ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆਂ ਵਿਚ ਕਿਤੇ ਜ਼ਿਆਦਾ ਲੜਾਈਆਂ ਤੇ ਦੰਗੇ-ਫ਼ਸਾਦ ਹੋਏ ਹਨ। 2 ਅਰਬ ਲੋਕ ਯਾਨੀ ਦੁਨੀਆਂ ਦਾ ਇਕ-ਚੌਥਾਈ ਹਿੱਸਾ ਯੁੱਧ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਰਹਿੰਦਾ ਹੈ।”
ਸੰਯੁਕਤ ਰਾਸ਼ਟਰ-ਸੰਘ ਦੀ ਡਿਪਟੀ ਸੈਕਟਰੀ-ਜਨਰਲ ਅਮੀਨਾ ਜੇ. ਮੁਹੰਮਦ, 26 ਜਨਵਰੀ 2023.
ਜਿੱਥੇ ਹੁਣ ਸ਼ਾਂਤੀ ਤੇ ਅਮਨ-ਚੈਨ ਹੈ, ਉੱਥੇ ਵੀ ਅਚਾਨਕ ਯੁੱਧ ਅਤੇ ਦੰਗੇ-ਫ਼ਸਾਦ ਸ਼ੁਰੂ ਹੋ ਸਕਦੇ ਹਨ। ਇਸ ਕਾਰਨ ਨਾ ਸਿਰਫ਼ ਉਸ ਥਾਂ ਦੇ ਲੋਕ, ਸਗੋਂ ਦੂਰ-ਦੁਰਾਡੇ ਦੇ ਲੋਕ ਵੀ ਪਰੇਸ਼ਾਨ ਹੁੰਦੇ ਹਨ। ਦੁਨੀਆਂ ਵਿਚ ਜੋ ਕੁਝ ਹੋ ਰਿਹਾ ਹੈ, ਉਹ ਸਭ ਕੁਝ ਲੋਕ ਟੀ. ਵੀ. ਅਤੇ ਇੰਟਰਨੈੱਟ ʼਤੇ ਦੇਖਦੇ ਹਨ। ਇਕ ਦੇਸ਼ ਵਿਚ ਹੋ ਰਹੀ ਲੜਾਈ ਕਰਕੇ ਮਹਿੰਗਾਈ ਦਾ ਅਸਰ ਦੂਜੇ ਦੇਸ਼ ʼਤੇ ਵੀ ਪੈਂਦਾ ਹੈ। ਯੁੱਧ ਦੇ ਰੁਕ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਲੰਬੇ ਸਮੇਂ ਤਕ ਇਸ ਦੇ ਬੁਰੇ ਅੰਜਾਮ ਭੁਗਤਣੇ ਪੈਂਦੇ ਹਨ। ਆਓ ਆਪਾਂ ਇਸ ਦੀਆਂ ਕੁਝ ਮਿਸਾਲਾਂ ਦੇਖੀਏ:
ਖਾਣੇ ਦੀ ਕਮੀ: ਵਿਸ਼ਵ ਖ਼ੁਰਾਕ ਪ੍ਰੋਗ੍ਰਾਮ ਅਨੁਸਾਰ “ਯੁੱਧ ਹਾਲੇ ਵੀ ਭੁੱਖਮਰੀ ਦਾ ਸਭ ਤੋਂ ਵੱਡਾ ਕਾਰਨ ਹੈ। ਦੁਨੀਆਂ ਭਰ ਵਿਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਵਿੱਚੋਂ 70 ਪ੍ਰਤੀਸ਼ਤ ਲੋਕ ਅਜਿਹੇ ਇਲਾਕਿਆਂ ਵਿਚ ਹੀ ਰਹਿੰਦੇ ਹਨ ਜਿੱਥੇ ਯੁੱਧ ਤੇ ਹਿੰਸਾ ਹੁੰਦੀ ਹੈ।”
ਸਰੀਰਕ ਜਾਂ ਮਾਨਸਿਕ ਸਿਹਤ ਸਮੱਸਿਆਵਾਂ: ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਯੁੱਧ ਲੱਗ ਸਕਦਾ ਹੈ, ਤਾਂ ਉਹ ਸੋਚਣ ਲੱਗ ਪੈਂਦੇ ਹਨ ਕਿ ਪਤਾ ਨਹੀਂ ਅੱਗੇ ਕੀ ਹੋਣਾ। ਇਸ ਕਰਕੇ ਉਨ੍ਹਾਂ ਨੂੰ ਬਹੁਤ ਤਣਾਅ ਅਤੇ ਚਿੰਤਾ ਹੁੰਦੀ ਹੈ। ਜਿਹੜੇ ਲੋਕ ਅਜਿਹੇ ਇਲਾਕਿਆਂ ਵਿਚ ਰਹਿੰਦੇ ਹਨ ਜਿੱਥੇ ਯੁੱਧ ਚੱਲ ਰਿਹਾ ਹੁੰਦਾ ਹੈ, ਉਹ ਨਾ ਸਿਰਫ਼ ਜ਼ਖ਼ਮੀ ਹੋ ਸਕਦੇ ਹਨ, ਸਗੋਂ ਉਨ੍ਹਾਂ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਨਾਲੇ ਅਕਸਰ ਅਜਿਹੇ ਲੋਕਾਂ ਨੂੰ ਉਹ ਇਲਾਜ ਨਹੀਂ ਮਿਲਦਾ ਜਿਸ ਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ।
ਘਰ ਛੱਡਣ ਲਈ ਮਜਬੂਰ: ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ-ਸੰਘ ਦੇ ਹਾਈ ਕਮਿਸ਼ਨਰ (UNHCR) ਦੇ ਅਨੁਸਾਰ ਸਤੰਬਰ 2023 ਤਕ ਦੁਨੀਆਂ ਭਰ ਵਿਚ 11 ਕਰੋੜ 40 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੂੰ ਮਜਬੂਰਨ ਆਪਣਾ ਘਰ ਛੱਡ ਕੇ ਭੱਜਣਾ ਪਿਆ। ਇਸ ਦਾ ਮੁੱਖ ਕਾਰਨ ਯੁੱਧ ਅਤੇ ਦੰਗੇ-ਫ਼ਸਾਦ ਹਨ।
ਆਰਥਿਕ ਤੰਗੀ: ਯੁੱਧ ਕਰਕੇ ਲੋਕਾਂ ਨੂੰ ਅਕਸਰ ਆਰਥਿਕ ਤੰਗੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਜਿਵੇਂ ਕਿ ਮਹਿੰਗਾਈ। ਸਰਕਾਰ ਬਹੁਤ ਸਾਰਾ ਪੈਸਾ ਫ਼ੌਜ ʼਤੇ ਖ਼ਰਚਦੀ ਹੈ ਜੋ ਅਸਲ ਵਿਚ ਪੜ੍ਹਾਈ-ਲਿਖਾਈ ਅਤੇ ਸਿਹਤ-ਸਹੂਲਤਾਂ ਲਈ ਖ਼ਰਚਿਆ ਜਾਣਾ ਚਾਹੀਦਾ ਸੀ। ਇਸ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਹੋਰ ਵੀ ਵਧ ਜਾਂਦੀਆਂ ਹਨ। ਇਸ ਤੋਂ ਇਲਾਵਾ, ਯੁੱਧ ਤੋਂ ਬਾਅਦ ਉਨ੍ਹਾਂ ਇਮਾਰਤਾਂ ਅਤੇ ਚੀਜ਼ਾਂ ਦੀ ਮੁਰੰਮਤ ਕਰਨ ਲਈ ਵੀ ਬਹੁਤ ਪੈਸਾ ਲੱਗਦਾ ਹੈ ਜੋ ਯੁੱਧ ਕਰਕੇ ਤਬਾਹ ਹੋ ਜਾਂਦੀਆਂ ਹਨ।
ਵਾਤਾਵਰਣ ਸੰਬੰਧੀ ਸਮੱਸਿਆਵਾਂ: ਲੋਕਾਂ ਨੂੰ ਉਦੋਂ ਬਹੁਤ ਸਮੱਸਿਆਵਾਂ ਆਉਂਦੀਆਂ ਹਨ ਜਦੋਂ ਉਨ੍ਹਾਂ ਦੇ ਦੇਸ਼ ਦੇ ਕੁਦਰਤੀ ਸੋਮਿਆਂ ਨੂੰ ਜਾਣ-ਬੁੱਝ ਕੇ ਤਬਾਹ ਕਰ ਦਿੱਤਾ ਜਾਂਦਾ ਹੈ। ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਿਤ ਹੋਣ ਕਰਕੇ ਉਨ੍ਹਾਂ ਨੂੰ ਲੰਬੇ ਸਮੇਂ ਤਕ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ। ਇੱਥੋਂ ਤਕ ਕਿ ਯੁੱਧ ਦੇ ਖ਼ਤਮ ਹੋ ਜਾਣ ਤੋਂ ਲੰਬੇ ਸਮੇਂ ਬਾਅਦ ਵੀ ਜ਼ਮੀਨ ਹੇਠਾਂ ਲੁਕੀਆਂ ਬਾਰੂਦੀ ਸੁਰੰਗਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਯੁੱਧਾਂ ਕਰਕੇ ਬਹੁਤ ਤਬਾਹੀ ਹੁੰਦੀ ਹੈ ਅਤੇ ਬਹੁਤ ਖ਼ਰਚਾ ਹੁੰਦਾ ਹੈ।