ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਮਾਰਚ ਸਫ਼ੇ 2-7
  • ਬਿਨਾਂ ਦੇਰ ਕੀਤਿਆਂ ਬਪਤਿਸਮਾ ਲਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਿਨਾਂ ਦੇਰ ਕੀਤਿਆਂ ਬਪਤਿਸਮਾ ਲਓ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਾਮਰੀਆਂ ਨੇ ਬਪਤਿਸਮਾ ਲਿਆ
  • ਤਰਸੁਸ ਦੇ ਸੌਲੁਸ ਨੇ ਬਪਤਿਸਮਾ ਲਿਆ
  • ਕੁਰਨੇਲੀਅਸ ਨੇ ਬਪਤਿਸਮਾ ਲਿਆ
  • ਕੁਰਿੰਥੀ ਲੋਕਾਂ ਨੇ ਬਪਤਿਸਮਾ ਲਿਆ
  • ਤੁਹਾਡੀ ਨਿਹਚਾ ਪਹਾੜ ਤਕ ਹਿਲਾ ਸਕਦੀ ਹੈ
  • ਬਪਤਿਸਮੇ ਤੋਂ ਬਾਅਦ ਵੀ ਯਿਸੂ ਦੇ “ਪਿੱਛੇ-ਪਿੱਛੇ” ਚੱਲਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਕੀ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਤਿਆਰ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਨਿਮਰ ਹੋ ਕੇ ਕਬੂਲ ਕਰੋ ਕਿ ਤੁਸੀਂ ਕੁਝ ਗੱਲਾਂ ਨਹੀਂ ਜਾਣਦੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਮਾਰਚ ਸਫ਼ੇ 2-7

ਅਧਿਐਨ ਲੇਖ 9

ਗੀਤ 51 ਪਰਮੇਸ਼ੁਰ ਨੂੰ ਜੀਵਨ ਅਰਪਿਤ

ਬਿਨਾਂ ਦੇਰ ਕੀਤਿਆਂ ਬਪਤਿਸਮਾ ਲਓ

‘ਤੂੰ ਦੇਰ ਕਿਉਂ ਲਾ ਰਿਹਾ ਹੈਂ? ਉੱਠ ਕੇ ਬਪਤਿਸਮਾ ਲੈ।’​—ਰਸੂ. 22:16.

ਕੀ ਸਿੱਖਾਂਗੇ?

ਅਸੀਂ ਸਾਮਰੀਆਂ, ਤਰਸੁਸ ਦੇ ਸੌਲੁਸ, ਕੁਰਨੇਲੀਅਸ ਅਤੇ ਕੁਰਿੰਥੀ ਲੋਕਾਂ ਦੀਆਂ ਮਿਸਾਲਾਂ ʼਤੇ ਗੌਰ ਕਰਾਂਗੇ। ਇਨ੍ਹਾਂ ʼਤੇ ਗੌਰ ਕਰ ਕੇ ਤੁਹਾਨੂੰ ਬਪਤਿਸਮੇ ਲਈ ਕਦਮ ਚੁੱਕਣ ਦੀ ਹਿੰਮਤ ਮਿਲੇਗੀ।

1. ਬਪਤਿਸਮਾ ਲੈਣ ਦੇ ਕਿਹੜੇ ਕੁਝ ਕਾਰਨ ਹਨ?

ਕੀ ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਪਿਆਰ ਕਰਦੇ ਹੋ ਜਿਸ ਨੇ ਤੁਹਾਨੂੰ ਜ਼ਿੰਦਗੀ ਅਤੇ ਹਰੇਕ ਚੰਗਾ ਤੋਹਫ਼ਾ ਦਿੱਤਾ ਹੈ? ਕੀ ਤੁਸੀਂ ਉਸ ਲਈ ਆਪਣਾ ਪਿਆਰ ਜ਼ਾਹਰ ਕਰਨਾ ਚਾਹੁੰਦੇ ਹੋ? ਇਸ ਤਰ੍ਹਾਂ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੋ ਅਤੇ ਬਪਤਿਸਮਾ ਲਓ। ਇਹ ਕਦਮ ਚੁੱਕ ਕੇ ਤੁਸੀਂ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣ ਜਾਓਗੇ ਅਤੇ ਉਹ ਤੁਹਾਡਾ ਪਿਤਾ ਅਤੇ ਦੋਸਤ ਬਣ ਜਾਵੇਗਾ। ਉਹ ਤੁਹਾਡੀ ਅਗਵਾਈ ਕਰੇਗਾ ਅਤੇ ਤੁਹਾਡਾ ਖ਼ਿਆਲ ਰੱਖੇਗਾ ਕਿਉਂਕਿ ਹੁਣ ਤੁਸੀਂ ਉਸ ਦੇ ਆਪਣੇ ਬਣ ਜਾਓਗੇ। (ਜ਼ਬੂ. 73:24; ਯਸਾ. 43:1, 2) ਨਾਲੇ ਸਮਰਪਣ ਕਰ ਕੇ ਅਤੇ ਬਪਤਿਸਮਾ ਲੈ ਕੇ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਵੀ ਮਿਲੇਗੀ।​—1 ਪਤ. 3:21.

2. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

2 ਕੀ ਤੁਸੀਂ ਕਿਸੇ ਕਾਰਨ ਕਰਕੇ ਬਪਤਿਸਮਾ ਲੈਣ ਤੋਂ ਝਿਜਕ ਰਹੇ ਹੋ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਅਜਿਹੇ ਲੱਖਾਂ ਹੀ ਲੋਕ ਹਨ ਜਿਨ੍ਹਾਂ ਨੂੰ ਇੱਦਾਂ ਲੱਗਦਾ ਸੀ। ਪਰ ਉਨ੍ਹਾਂ ਨੇ ਆਪਣੇ ਚਾਲ-ਚਲਣ ਅਤੇ ਸੋਚ ਵਿਚ ਬਦਲਾਅ ਕੀਤਾ ਤਾਂਕਿ ਉਹ ਬਪਤਿਸਮਾ ਲੈਣ ਦੇ ਯੋਗ ਬਣ ਸਕਣ। ਹੁਣ ਉਹ ਖ਼ੁਸ਼ੀ-ਖ਼ੁਸ਼ੀ ਅਤੇ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਹੇ ਹਨ। ਆਓ ਉਨ੍ਹਾਂ ਕੁਝ ਲੋਕਾਂ ਦੀਆਂ ਮਿਸਾਲਾਂ ʼਤੇ ਗੌਰ ਕਰੀਏ ਜਿਨ੍ਹਾਂ ਨੇ ਪਹਿਲੀ ਸਦੀ ਵਿਚ ਬਪਤਿਸਮਾ ਲਿਆ ਸੀ। ਅਸੀਂ ਦੇਖਾਂਗੇ ਕਿ ਉਨ੍ਹਾਂ ਨੂੰ ਕਿਹੜੀਆਂ ਰੁਕਾਵਟਾਂ ਦਾ ਸਾਮ੍ਹਣਾ ਕਰਨਾ ਪਿਆ ਅਤੇ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ।

ਸਾਮਰੀਆਂ ਨੇ ਬਪਤਿਸਮਾ ਲਿਆ

3. ਬਪਤਿਸਮਾ ਲੈਣ ਲਈ ਕੁਝ ਸਾਮਰੀਆਂ ਨੂੰ ਸ਼ਾਇਦ ਕਿਹੜੀਆਂ ਰੁਕਾਵਟਾਂ ਦਾ ਸਾਮ੍ਹਣਾ ਕਰਨਾ ਪਿਆ?

3 ਯਿਸੂ ਦੇ ਜ਼ਮਾਨੇ ਵਿਚ ਸਾਮਰੀ ਇਕ ਧਾਰਮਿਕ ਪੰਥ ਦਾ ਹਿੱਸਾ ਸਨ। ਉਸ ਪੰਥ ਦੇ ਬਹੁਤ ਸਾਰੇ ਸਾਮਰੀ ਯਹੂਦਿਯਾ ਦੇ ਉੱਤਰ ਵਿਚ ਰਹਿੰਦੇ ਸਨ। ਬਪਤਿਸਮਾ ਲੈਣ ਲਈ ਸਾਮਰੀਆਂ ਨੂੰ ਪਰਮੇਸ਼ੁਰ ਦੇ ਬਚਨ ਦਾ ਪੂਰਾ ਗਿਆਨ ਲੈਣ ਦੀ ਲੋੜ ਸੀ। ਪਰ ਕਿਉਂ? ਕਿਉਂਕਿ ਸਾਮਰੀ ਮੰਨਦੇ ਸਨ ਕਿ ਬਾਈਬਲ ਦੀਆਂ ਸਿਰਫ਼ ਪਹਿਲੀਆਂ ਪੰਜ ਕਿਤਾਬਾਂ ਅਤੇ ਸ਼ਾਇਦ ਯਹੋਸ਼ੁਆ ਦੀ ਕਿਤਾਬ ਹੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲ ਲਿਖਵਾਈ ਗਈ ਸੀ। ਪਰ ਸਾਮਰੀ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਮਸੀਹ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਇਹ ਵਾਅਦਾ ਬਿਵਸਥਾ ਸਾਰ 18:18, 19 ਵਿਚ ਦਰਜ ਹੈ। (ਯੂਹੰ. 4:25) ਬਪਤਿਸਮਾ ਲੈਣ ਲਈ ਉਨ੍ਹਾਂ ਨੂੰ ਮੰਨਣਾ ਪੈਣਾ ਸੀ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹ ਹੈ। “ਬਹੁਤ ਸਾਰੇ ਸਾਮਰੀਆਂ ਨੇ” ਇੱਦਾਂ ਹੀ ਕੀਤਾ। (ਯੂਹੰ. 4:39) ਨਾਲੇ ਪਹਿਲੀ ਸਦੀ ਦੇ ਬਹੁਤ ਸਾਰੇ ਮਸੀਹੀ ਯਹੂਦੀ ਸਨ। ਕੁਝ ਸਾਮਰੀਆਂ ਨੂੰ ਸ਼ਾਇਦ ਉਨ੍ਹਾਂ ਪ੍ਰਤੀ ਆਪਣਾ ਰਵੱਈਆ ਬਦਲਣਾ ਪੈਣਾ ਸੀ ਕਿਉਂਕਿ ਉਹ ਯਹੂਦੀਆਂ ਨਾਲ ਪੱਖਪਾਤ ਕਰਦੇ ਸਨ।​—ਲੂਕਾ 9:52-54.

4. ਜਦੋਂ ਫ਼ਿਲਿੱਪੁਸ ਨੇ ਸਾਮਰੀਆਂ ਨੂੰ ਪ੍ਰਚਾਰ ਕੀਤਾ, ਤਾਂ ਉਨ੍ਹਾਂ ਵਿੱਚੋਂ ਕੁਝ ਨੇ ਕੀ ਕੀਤਾ? (ਰਸੂਲਾਂ ਦੇ ਕੰਮ 8:5, 6, 14)

4 ਬਪਤਿਸਮਾ ਲੈਣ ਵਿਚ ਕਿਹੜੀ ਗੱਲ ਨੇ ਸਾਮਰੀਆਂ ਦੀ ਮਦਦ ਕੀਤੀ? ਜਦੋਂ ਫ਼ਿਲਿੱਪੁਸ ਨੇ ਸਾਮਰੀਆਂ ਨੂੰ ‘ਮਸੀਹ ਬਾਰੇ ਦੱਸਿਆ,’ ਤਾਂ ਕੁਝ ਸਾਮਰੀ “ਪਰਮੇਸ਼ੁਰ ਦੇ ਬਚਨ ਨੂੰ ਮੰਨਣ ਲੱਗ ਪਏ।” (ਰਸੂਲਾਂ ਦੇ ਕੰਮ 8:5, 6, 14 ਪੜ੍ਹੋ।) ਫ਼ਿਲਿੱਪੁਸ ਇਕ ਯਹੂਦੀ ਸੀ, ਫਿਰ ਵੀ ਸਾਮਰੀਆਂ ਨੇ ਉਸ ਦੀ ਗੱਲ ਸੁਣਨ ਤੋਂ ਇਨਕਾਰ ਨਹੀਂ ਕੀਤਾ। ਸ਼ਾਇਦ ਉਨ੍ਹਾਂ ਨੂੰ ਪਹਿਲੀਆਂ ਪੰਜ ਕਿਤਾਬਾਂ ਵਿਚ ਲਿਖੀ ਇਹ ਗੱਲ ਯਾਦ ਆਈ ਹੋਣੀ ਕਿ ਪਰਮੇਸ਼ੁਰ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ। (ਬਿਵ. 10:17-19) ਜਦੋਂ ਫ਼ਿਲਿੱਪੁਸ ਨੇ ਉਨ੍ਹਾਂ ਨੂੰ ਮਸੀਹ ਬਾਰੇ ਦੱਸਿਆ, ਤਾਂ ਉਨ੍ਹਾਂ ਨੇ ‘ਇਕ ਮਨ ਹੋ ਕੇ ਧਿਆਨ ਨਾਲ ਉਸ ਦੀਆਂ ਗੱਲਾਂ ਸੁਣੀਆਂ।’ ਫ਼ਿਲਿੱਪੁਸ ਨੇ ਬਹੁਤ ਸਾਰੇ ਚਮਤਕਾਰ ਵੀ ਕੀਤੇ, ਜਿਵੇਂ ਉਸ ਨੇ ਬੀਮਾਰਾਂ ਨੂੰ ਠੀਕ ਕੀਤਾ ਅਤੇ ਦੁਸ਼ਟ ਦੂਤਾਂ ਨੂੰ ਕੱਢਿਆ। (ਰਸੂ. 8:7) ਇਸ ਤੋਂ ਉਹ ਸਮਝ ਗਏ ਕਿ ਉਸ ਨੂੰ ਪਰਮੇਸ਼ੁਰ ਨੇ ਹੀ ਭੇਜਿਆ ਹੈ।

5. ਤੁਸੀਂ ਸਾਮਰੀਆਂ ਤੋਂ ਕੀ ਸਿੱਖ ਸਕਦੇ ਹੋ?

5 ਫ਼ਿਲਿੱਪੁਸ ਇਕ ਯਹੂਦੀ ਸੀ ਅਤੇ ਉਹ ਜੋ ਗੱਲਾਂ ਸਿਖਾ ਰਿਹਾ ਸੀ, ਉਹ ਸਾਮਰੀਆਂ ਲਈ ਬਿਲਕੁਲ ਨਵੀਆਂ ਸਨ। ਇਸ ਲਈ ਜੇ ਉਹ ਚਾਹੁੰਦੇ, ਤਾਂ ਉਸ ਤੋਂ ਸਿੱਖਣ ਤੋਂ ਇਨਕਾਰ ਕਰ ਸਕਦੇ ਸਨ। ਪਰ ਉਨ੍ਹਾਂ ਨੇ ਇੱਦਾਂ ਨਹੀਂ ਕੀਤਾ। ਜਦੋਂ ਸਾਮਰੀਆਂ ਨੂੰ ਯਕੀਨ ਹੋ ਗਿਆ ਕਿ ਫ਼ਿਲਿੱਪੁਸ ਜੋ ਸਿਖਾ ਰਿਹਾ ਹੈ ਉਹੀ ਸੱਚਾਈ ਹੈ, ਤਾਂ ਉਨ੍ਹਾਂ ਨੇ ਬਿਨਾਂ ਦੇਰ ਕੀਤਿਆਂ ਬਪਤਿਸਮਾ ਲੈ ਲਿਆ। ਬਾਈਬਲ ਦੱਸਦੀ ਹੈ: “ਜਦੋਂ ਫ਼ਿਲਿੱਪੁਸ ਨੇ ਪਰਮੇਸ਼ੁਰ ਦੇ ਰਾਜ ਦੀ ਅਤੇ ਯਿਸੂ ਮਸੀਹ ਦੇ ਨਾਂ ਦੀ ਖ਼ੁਸ਼ ਖ਼ਬਰੀ ਸੁਣਾਈ, ਤਾਂ ਬਹੁਤ ਸਾਰੇ ਲੋਕਾਂ ਨੇ ਉਸ ʼਤੇ ਯਕੀਨ ਕੀਤਾ ਅਤੇ ਆਦਮੀਆਂ ਤੇ ਤੀਵੀਆਂ ਨੇ ਬਪਤਿਸਮਾ ਲਿਆ।” (ਰਸੂ. 8:12) ਕੀ ਤੁਹਾਨੂੰ ਵੀ ਯਕੀਨ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਦੱਸੀਆਂ ਗੱਲਾਂ ਸੱਚ ਹਨ? ਕੀ ਤੁਸੀਂ ਮੰਨਦੇ ਹੋ ਕਿ ਯਹੋਵਾਹ ਦੇ ਗਵਾਹਾਂ ਵਿਚ ਉਹ ਪਿਆਰ ਹੈ ਜੋ ਯਿਸੂ ਦੇ ਸੱਚੇ ਚੇਲਿਆਂ ਦੀ ਪਛਾਣ ਹੈ? (ਯੂਹੰ. 13:35) ਜੇ ਹਾਂ, ਤਾਂ ਬਪਤਿਸਮਾ ਲੈਣ ਲਈ ਕਦਮ ਚੁੱਕੋ। ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਬਰਕਤਾਂ ਦੇਵੇਗਾ।

6. ਰੂਬੇਨ ਦੀ ਮਿਸਾਲ ਤੋਂ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

6 ਜਰਮਨੀ ਵਿਚ ਰਹਿਣ ਵਾਲੇ ਰੂਬੇਨ ਦੇ ਤਜਰਬੇ ʼਤੇ ਧਿਆਨ ਦਿਓ। ਉਸ ਦੀ ਪਰਵਰਿਸ਼ ਸੱਚਾਈ ਵਿਚ ਹੋਈ ਸੀ। ਪਰ ਅੱਲ੍ਹੜ ਉਮਰ ਵਿਚ ਉਸ ਨੂੰ ਯਹੋਵਾਹ ਦੀ ਹੋਂਦ ʼਤੇ ਸ਼ੱਕ ਹੋਣ ਲੱਗ ਪਿਆ। ਉਸ ਨੇ ਆਪਣਾ ਸ਼ੱਕ ਕਿੱਦਾਂ ਦੂਰ ਕੀਤਾ? ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਇਸ ਬਾਰੇ ਹੋਰ ਜਾਣਨ ਦੀ ਲੋੜ ਹੈ, ਇਸ ਲਈ ਉਹ ਸਾਡੇ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰਨ ਲੱਗ ਪਿਆ। ਉਸ ਦੱਸਦਾ ਹੈ: “ਮੈਂ ਆਪਣੇ ਨਿੱਜੀ ਅਧਿਐਨ ਦੌਰਾਨ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਸਹੀ ਹੈ ਅਤੇ ਕੀ ਗ਼ਲਤ। ਮੈਂ ਪ੍ਰਕਾਸ਼ਨਾਂ ਵਿੱਚੋਂ ਵਿਕਾਸਵਾਦ ਬਾਰੇ ਬਹੁਤ ਖੋਜਬੀਨ ਕੀਤੀ।” ਫਿਰ ਉਸ ਨੇ ਸਾਡੇ ਸੰਗਠਨ ਦੀ ਇਕ ਕਿਤਾਬ ਪੜ੍ਹੀ ਜਿਸ ਵਿਚ ਦੱਸਿਆ ਗਿਆ ਸੀ ਕਿ ਸਾਡਾ ਸ੍ਰਿਸ਼ਟੀਕਰਤਾ ਸਾਡੀ ਬਹੁਤ ਪਰਵਾਹ ਕਰਦਾ ਹੈ।a ਇਸ ਕਿਤਾਬ ਦਾ ਉਸ ʼਤੇ ਜ਼ਬਰਦਸਤ ਅਸਰ ਹੋਇਆ। ਉਸ ਨੇ ਮਨ-ਹੀ-ਮਨ ਸੋਚਿਆ: ‘ਯਹੋਵਾਹ ਤਾਂ ਸੱਚ-ਮੁੱਚ ਹੈ!’ ਫਿਰ ਉਹ ਸਾਡਾ ਮੁੱਖ ਦਫ਼ਤਰ ਦੇਖਣ ਗਿਆ। ਉੱਥੇ ਉਸ ਨੇ ਦੇਖਿਆ ਕਿ ਅਲੱਗ-ਅਲੱਗ ਦੇਸ਼ਾਂ ਦੇ ਭੈਣ-ਭਰਾ ਇਕ ਪਰਿਵਾਰ ਵਜੋਂ ਮਿਲ ਕੇ ਯਹੋਵਾਹ ਦੀ ਸੇਵਾ ਕਰ ਰਹੇ ਹਨ। ਇਹ ਗੱਲ ਉਸ ਦੇ ਦਿਲ ਨੂੰ ਛੂਹ ਗਈ। ਫਿਰ ਜਦੋਂ ਉਹ ਜਰਮਨੀ ਵਾਪਸ ਆਇਆ, ਤਾਂ ਉਸ ਨੇ 17 ਸਾਲਾਂ ਦੀ ਉਮਰ ਵਿਚ ਬਪਤਿਸਮਾ ਲੈ ਲਿਆ। ਜੇ ਤੁਹਾਡੇ ਮਨ ਵਿਚ ਵੀ ਸ਼ੱਕ ਹਨ, ਤਾਂ ਸਾਡੇ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰੋ। “ਸਹੀ ਗਿਆਨ” ਲੈ ਕੇ ਸ਼ੱਕ ਦੂਰ ਕੀਤੇ ਜਾ ਸਕਦੇ ਹਨ। (ਅਫ਼. 4:13, 14) ਨਾਲੇ ਜਦੋਂ ਤੁਸੀਂ ਅਲੱਗ-ਅਲੱਗ ਦੇਸ਼ਾਂ ਦੇ ਭੈਣਾਂ-ਭਰਾਵਾਂ ਦੇ ਤਜਰਬੇ ਸੁਣੋਗੇ ਅਤੇ ਦੇਖੋਗੇ ਕਿ ਯਹੋਵਾਹ ਦੇ ਗਵਾਹਾਂ ਵਿਚ ਕਿੰਨਾ ਪਿਆਰ ਤੇ ਏਕਤਾ ਹੈ ਅਤੇ ਜਦੋਂ ਤੁਸੀਂ ਇਸ ਗੱਲ ਦਾ ਸਬੂਤ ਆਪਣੀ ਮੰਡਲੀ ਵਿਚ ਵੀ ਦੇਖੋਗੇ, ਤਾਂ ਯਹੋਵਾਹ ਦੇ ਪਰਿਵਾਰ ਲਈ ਤੁਹਾਡਾ ਪਿਆਰ ਹੋਰ ਵੀ ਵਧ ਜਾਵੇਗਾ।

ਤਰਸੁਸ ਦੇ ਸੌਲੁਸ ਨੇ ਬਪਤਿਸਮਾ ਲਿਆ

7. ਸੌਲੁਸ ਨੂੰ ਆਪਣੀ ਸੋਚ ਬਦਲਣ ਦੀ ਕਿਉਂ ਲੋੜ ਸੀ?

7 ਜ਼ਰਾ ਤਰਸੁਸ ਦੇ ਸੌਲੁਸ ਦੀ ਮਿਸਾਲ ʼਤੇ ਧਿਆਨ ਦਿਓ। ਉਸ ਨੂੰ ਯਹੂਦੀ ਕਾਨੂੰਨ ਦਾ ਕਾਫ਼ੀ ਗਿਆਨ ਸੀ ਅਤੇ ਉਹ ਯਹੂਦੀਆਂ ਵਿਚ ਕਾਫ਼ੀ ਮੰਨਿਆ-ਪ੍ਰਮੰਨਿਆ ਸੀ। (ਗਲਾ. 1:13, 14; ਫ਼ਿਲਿ. 3:5) ਉਸ ਸਮੇਂ ਬਹੁਤ ਸਾਰੇ ਯਹੂਦੀ ਮੰਨਦੇ ਸਨ ਕਿ ਮਸੀਹੀ ਧਰਮ-ਤਿਆਗੀ ਹਨ, ਇਸ ਲਈ ਸੌਲੁਸ ਗੁੱਸੇ ਵਿਚ ਆ ਕੇ ਮਸੀਹੀਆਂ ʼਤੇ ਬਹੁਤ ਅਤਿਆਚਾਰ ਕਰਨ ਲੱਗ ਪਿਆ। ਉਸ ਨੂੰ ਲੱਗਾ ਕਿ ਇੱਦਾਂ ਕਰ ਕੇ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਿਹਾ ਸੀ। (ਰਸੂ. 8:3; 9:1, 2; 26:9-11) ਪਰ ਉਸ ਨੂੰ ਆਪਣੀ ਸੋਚ ਬਦਲਣ ਦੀ ਲੋੜ ਸੀ। ਯਿਸੂ ʼਤੇ ਨਿਹਚਾ ਕਰਨ ਅਤੇ ਬਪਤਿਸਮਾ ਲੈਣ ਲਈ ਉਸ ਨੂੰ ਖ਼ੁਦ ਅਤਿਆਚਾਰ ਸਹਿਣ ਲਈ ਤਿਆਰ ਰਹਿਣ ਦੀ ਲੋੜ ਸੀ।

8. (ੳ) ਬਪਤਿਸਮਾ ਲੈਣ ਵਿਚ ਕਿਹੜੀ ਗੱਲ ਨੇ ਸੌਲੁਸ ਦੀ ਮਦਦ ਕੀਤੀ? (ਅ) ਰਸੂਲਾਂ ਦੇ ਕੰਮ 22:12-16 ਮੁਤਾਬਕ ਹਨਾਨਿਆ ਨੇ ਸੌਲੁਸ ਦੀ ਕਿਵੇਂ ਮਦਦ ਕੀਤੀ? (ਤਸਵੀਰ ਵੀ ਦੇਖੋ।)

8 ਬਪਤਿਸਮਾ ਲੈਣ ਵਿਚ ਕਿਹੜੀ ਗੱਲ ਨੇ ਸੌਲੁਸ ਦੀ ਮਦਦ ਕੀਤੀ? ਜਦੋਂ ਯਿਸੂ ਸੌਲੁਸ ਸਾਮ੍ਹਣੇ ਪ੍ਰਗਟ ਹੋਇਆ, ਤਾਂ ਤੇਜ਼ ਰੌਸ਼ਨੀ ਕਰਕੇ ਸੌਲੁਸ ਅੰਨ੍ਹਾ ਹੋ ਗਿਆ। (ਰਸੂ. 9:3-9) ਤਿੰਨ ਦਿਨਾਂ ਤਕ ਉਸ ਨੇ ਨਾ ਕੁਝ ਖਾਧਾ ਤੇ ਨਾ ਕੁਝ ਪੀਤਾ। ਉਸ ਨੇ ਇਸ ਗੱਲ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕੀਤਾ ਕਿ ਉਸ ਨਾਲ ਕੀ ਹੋਇਆ ਸੀ। ਇਸ ਤੋਂ ਬਾਅਦ ਸੌਲੁਸ ਨੂੰ ਯਕੀਨ ਹੋ ਗਿਆ ਕਿ ਯਿਸੂ ਹੀ ਮਸੀਹ ਹੈ ਅਤੇ ਉਸ ਦੇ ਚੇਲੇ ਹੀ ਸਹੀ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰ ਰਹੇ ਹਨ। ਸੌਲੁਸ ਨੂੰ ਇਸ ਗੱਲ ਦਾ ਜ਼ਰੂਰ ਬਹੁਤ ਪਛਤਾਵਾ ਹੋਇਆ ਹੋਣਾ ਕਿ ਇਸਤੀਫ਼ਾਨ ਦੇ ਕਤਲ ਪਿੱਛੇ ਉਸ ਦਾ ਵੀ ਹੱਥ ਸੀ। (ਰਸੂ. 22:20) ਤਿੰਨ ਦਿਨਾਂ ਬਾਅਦ ਹਨਾਨਿਆ ਨਾਂ ਦਾ ਚੇਲਾ ਸੌਲੁਸ ਕੋਲ ਆਇਆ। ਉਸ ਨੇ ਉਸ ਨੂੰ ਸੁਜਾਖਾ ਕਰ ਦਿੱਤਾ ਅਤੇ ਉਸ ਨੂੰ ਬਿਨਾਂ ਦੇਰ ਕੀਤਿਆਂ ਬਪਤਿਸਮਾ ਲੈਣ ਦੀ ਹੱਲਾਸ਼ੇਰੀ ਦਿੱਤੀ। (ਰਸੂਲਾਂ ਦੇ ਕੰਮ 22:12-16 ਪੜ੍ਹੋ।) ਸੌਲੁਸ ਨੇ ਨਿਮਰਤਾ ਦਿਖਾਉਂਦਿਆਂ ਹਨਾਨਿਆ ਦੀ ਗੱਲ ਸੁਣੀ ਅਤੇ ਜਲਦੀ ਹੀ ਬਪਤਿਸਮਾ ਲੈ ਲਿਆ।​—ਰਸੂ. 9:17, 18.

ਸੌਲੁਸ ਬਪਤਿਸਮਾ ਲੈਣ ਲਈ ਪਾਣੀ ਵਿਚ ਜਾ ਰਿਹਾ ਹੈ। ਆਲੇ-ਦੁਆਲੇ ਕੁਝ ਲੋਕ ਖੜ੍ਹੇ ਹਨ ਅਤੇ ਸਾਰੇ ਉਸ ਨੂੰ ਦੇਖ ਕੇ ਖ਼ੁਸ਼ ਹੋ ਰਹੇ ਹਨ।

ਕੀ ਤੁਸੀਂ ਵੀ ਸੌਲੁਸ ਵਾਂਗ ਬਪਤਿਸਮਾ ਲੈਣ ਦਾ ਸੱਦਾ ਕਬੂਲ ਕਰੋਗੇ? (ਪੈਰਾ 8 ਦੇਖੋ)


9. ਤੁਸੀਂ ਸੌਲੁਸ ਤੋਂ ਕੀ ਸਿੱਖ ਸਕਦੇ ਹੋ?

9 ਅਸੀਂ ਸੌਲੁਸ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਸੌਲੁਸ ਘਮੰਡ ਵਿਚ ਆ ਕੇ ਜਾਂ ਇਨਸਾਨਾਂ ਦੇ ਡਰ ਕਰਕੇ ਬਪਤਿਸਮਾ ਲੈਣ ਤੋਂ ਪਿੱਛੇ ਹਟ ਸਕਦਾ ਸੀ। ਪਰ ਉਸ ਨੇ ਇੱਦਾਂ ਨਹੀਂ ਹੋਣ ਦਿੱਤਾ। ਜਦੋਂ ਉਸ ਨੂੰ ਮਸੀਹ ਬਾਰੇ ਸੱਚਾਈ ਪਤਾ ਲੱਗੀ, ਤਾਂ ਉਸ ਨੇ ਨਿਮਰ ਹੋ ਕੇ ਉਸ ਨੂੰ ਮੰਨਿਆ ਤੇ ਖ਼ੁਦ ਨੂੰ ਪੂਰੀ ਤਰ੍ਹਾਂ ਬਦਲਿਆ। (ਰਸੂ. 26:14, 19) ਸੌਲੁਸ ਨੂੰ ਪਤਾ ਸੀ ਕਿ ਮਸੀਹੀ ਬਣਨ ਕਰਕੇ ਉਸ ʼਤੇ ਅਤਿਆਚਾਰ ਕੀਤੇ ਜਾਣਗੇ। ਪਰ ਇਸ ਦੇ ਬਾਵਜੂਦ ਉਹ ਮਸੀਹੀ ਬਣਨ ਲਈ ਤਿਆਰ ਸੀ। (ਰਸੂ. 9:15, 16; 20:22, 23) ਬਪਤਿਸਮੇ ਤੋਂ ਬਾਅਦ ਵੀ ਉਸ ਨੇ ਯਹੋਵਾਹ ʼਤੇ ਭਰੋਸਾ ਰੱਖਣਾ ਨਹੀਂ ਛੱਡਿਆ। ਇਸ ਕਰਕੇ ਉਹ ਅਲੱਗ-ਅਲੱਗ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਿਆ। (2 ਕੁਰਿੰ. 4:7-10) ਜਦੋਂ ਤੁਸੀਂ ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣ ਜਾਓਗੇ, ਤਾਂ ਹੋ ਸਕਦਾ ਕਿ ਤੁਹਾਡੀ ਨਿਹਚਾ ਦੀ ਪਰਖ ਹੋਵੇ ਜਾਂ ਤੁਹਾਡੇ ʼਤੇ ਮੁਸ਼ਕਲਾਂ ਆਉਣ। ਪਰ ਤੁਸੀਂ ਪੂਰਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਅਤੇ ਯਿਸੂ ਹਮੇਸ਼ਾ ਤੁਹਾਡੀ ਮਦਦ ਕਰਨਗੇ।​—ਫ਼ਿਲਿ. 4:13.

10. ਤੁਸੀਂ ਐਨਾ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ?

10 ਜ਼ਰਾ ਪੂਰਬੀ ਯੂਰਪ ਵਿਚ ਰਹਿਣ ਵਾਲੀ ਐਨਾ ਦੇ ਤਜਰਬੇ ʼਤੇ ਗੌਰ ਕਰੋ। ਆਪਣੇ ਮੰਮੀ ਦੇ ਬਪਤਿਸਮੇ ਤੋਂ ਬਾਅਦ ਐਨਾ ਨੇ ਆਪਣੇ ਡੈਡੀ ਦੀ ਇਜਾਜ਼ਤ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਉਹ ਉਦੋਂ ਸਿਰਫ਼ ਨੌਂ ਸਾਲਾਂ ਦੀ ਸੀ। ਪਰ ਐਨਾ ਦੇ ਰਿਸ਼ਤੇਦਾਰਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਜੋ ਉਸ ਦੇ ਪਰਿਵਾਰ ਨਾਲ ਇੱਕੋ ਘਰ ਵਿਚ ਰਹਿੰਦੇ ਸਨ। ਉਨ੍ਹਾਂ ਲਈ ਇਹ ਬਹੁਤ ਸ਼ਰਮ ਦੀ ਗੱਲ ਸੀ ਕਿ ਪਰਿਵਾਰ ਦਾ ਕੋਈ ਮੈਂਬਰ ਪਿਉ-ਦਾਦਿਆਂ ਦਾ ਧਰਮ ਛੱਡ ਕੇ ਕੋਈ ਹੋਰ ਧਰਮ ਅਪਣਾਏ। ਜਦੋਂ ਐਨਾ 12 ਸਾਲਾਂ ਦੀ ਸੀ, ਤਾਂ ਉਸ ਨੇ ਆਪਣੇ ਡੈਡੀ ਤੋਂ ਬਪਤਿਸਮਾ ਲੈਣ ਦੀ ਇਜਾਜ਼ਤ ਲਈ। ਪਰ ਉਸ ਦੇ ਡੈਡੀ ਜਾਣਨਾ ਚਾਹੁੰਦੇ ਸਨ ਕਿ ਇਹ ਉਸ ਦਾ ਆਪਣਾ ਫ਼ੈਸਲਾ ਹੈ ਜਾਂ ਕੋਈ ਉਸ ʼਤੇ ਦਬਾਅ ਪਾ ਰਿਹਾ ਹੈ। ਐਨਾ ਨੇ ਆਪਣੇ ਡੈਡੀ ਨੂੰ ਦੱਸਿਆ ਕਿ ਯਹੋਵਾਹ ਨਾਲ ਪਿਆਰ ਹੋਣ ਕਰਕੇ ਉਹ ਬਪਤਿਸਮਾ ਲੈਣਾ ਚਾਹੁੰਦੀ ਹੈ। ਇਸ ਲਈ ਉਸ ਦੇ ਡੈਡੀ ਉਸ ਦੇ ਬਪਤਿਸਮੇ ਲਈ ਰਾਜ਼ੀ ਹੋ ਗਏ। ਪਰ ਇਸ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਉਸ ਦਾ ਹੋਰ ਵੀ ਜ਼ਿਆਦਾ ਮਜ਼ਾਕ ਉਡਾਉਣ ਲੱਗੇ ਅਤੇ ਉਸ ਨੂੰ ਬੁਰਾ-ਭਲਾ ਕਹਿਣ ਲੱਗੇ। ਇੱਥੋਂ ਤਕ ਕਿ ਉਸ ਦੇ ਦਾਦਾ ਜੀ ਨੇ ਉਸ ਨੂੰ ਕਿਹਾ: “ਯਹੋਵਾਹ ਦੀ ਗਵਾਹ ਬਣਨ ਨਾਲੋਂ ਤਾਂ ਚੰਗਾ ਹੁੰਦਾ ਕਿ ਤੂੰ ਅਨੈਤਿਕ ਜ਼ਿੰਦਗੀ ਜੀ ਲੈਂਦੀ ਤੇ ਸਿਗਰਟ ਵਗੈਰਾ ਪੀ ਲੈਂਦੀ।” ਐਨਾ ਨੇ ਇਹ ਸਭ ਕੁਝ ਕਿੱਦਾਂ ਸਹਿਣ ਕੀਤਾ? ਉਹ ਦੱਸਦੀ ਹੈ: “ਯਹੋਵਾਹ ਨੇ ਮੈਨੂੰ ਤਾਕਤ ਦਿੱਤੀ। ਨਾਲੇ ਮੇਰੇ ਮੰਮੀ-ਡੈਡੀ ਨੇ ਮੇਰਾ ਬਹੁਤ ਸਾਥ ਦਿੱਤਾ।” ਇਸ ਤੋਂ ਇਲਾਵਾ, ਐਨਾ ਜਦੋਂ ਵੀ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਦੇਖਦੀ ਹੈ, ਤਾਂ ਉਹ ਇਸ ਨੂੰ ਲਿਖ ਲੈਂਦੀ ਹੈ। ਉਹ ਸਮੇਂ-ਸਮੇਂ ਤੇ ਇਸ ਨੂੰ ਪੜ੍ਹਦੀ ਹੈ ਤਾਂਕਿ ਉਹ ਕਦੇ ਨਾ ਭੁੱਲੇ ਕਿ ਯਹੋਵਾਹ ਨੇ ਉਸ ਦੀ ਕਿੱਦਾਂ ਮਦਦ ਕੀਤੀ ਸੀ। ਜੇ ਤੁਹਾਨੂੰ ਵੀ ਡਰ ਹੈ ਕਿ ਤੁਹਾਡਾ ਵਿਰੋਧ ਕੀਤਾ ਜਾਵੇਗਾ, ਤਾਂ ਯਾਦ ਰੱਖੋ ਕਿ ਯਹੋਵਾਹ ਤੁਹਾਡੀ ਵੀ ਮਦਦ ਕਰੇਗਾ।​—ਇਬ. 13:6.

ਕੁਰਨੇਲੀਅਸ ਨੇ ਬਪਤਿਸਮਾ ਲਿਆ

11. ਕੁਰਨੇਲੀਅਸ ਬਪਤਿਸਮਾ ਲੈਣ ਤੋਂ ਪਿੱਛੇ ਕਿਉਂ ਹਟ ਸਕਦਾ ਸੀ?

11 ਕੁਰਨੇਲੀਅਸ ਦੀ ਮਿਸਾਲ ਤੋਂ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਉਹ ਰੋਮ ਦੀ ਫ਼ੌਜ ਵਿਚ “ਇਕ ਅਫ਼ਸਰ” ਸੀ ਅਤੇ ਉਸ ਅਧੀਨ ਤਕਰੀਬਨ 100 ਫ਼ੌਜੀ ਸਨ। (ਰਸੂ. 10:1, ਫੁਟਨੋਟ) ਸ਼ਾਇਦ ਇਸ ਕਰਕੇ ਸਮਾਜ ਅਤੇ ਫ਼ੌਜ ਵਿਚ ਉਸ ਦਾ ਇਕ ਉੱਚਾ ਰੁਤਬਾ ਸੀ। ਉਹ ‘ਲੋਕਾਂ ਨੂੰ ਦਾਨ ਵੀ ਦਿੰਦਾ’ ਹੁੰਦਾ ਸੀ। (ਰਸੂ. 10:2) ਯਹੋਵਾਹ ਨੇ ਪਤਰਸ ਰਸੂਲ ਨੂੰ ਉਸ ਕੋਲ ਖ਼ੁਸ਼ ਖ਼ਬਰੀ ਸੁਣਾਉਣ ਲਈ ਭੇਜਿਆ। ਕੀ ਉੱਚੇ ਰੁਤਬੇ ਕਰਕੇ ਕੁਰਨੇਲੀਅਸ ਬਪਤਿਸਮਾ ਲੈਣ ਤੋਂ ਪਿੱਛੇ ਹਟ ਗਿਆ?

12. ਬਪਤਿਸਮਾ ਲੈਣ ਵਿਚ ਕਿਹੜੀ ਗੱਲ ਨੇ ਕੁਰਨੇਲੀਅਸ ਦੀ ਮਦਦ ਕੀਤੀ?

12 ਬਪਤਿਸਮਾ ਲੈਣ ਵਿਚ ਕਿਹੜੀ ਗੱਲ ਨੇ ਕੁਰਨੇਲੀਅਸ ਦੀ ਮਦਦ ਕੀਤੀ? ਬਾਈਬਲ ਦੱਸਦੀ ਹੈ ਕਿ “ਉਹ ਤੇ ਉਸ ਦਾ ਪਰਿਵਾਰ ਪਰਮੇਸ਼ੁਰ ਦਾ ਡਰ ਮੰਨਦਾ ਸੀ।” ਨਾਲੇ ਕੁਰਨੇਲੀਅਸ ਪਰਮੇਸ਼ੁਰ ਨੂੰ ਫ਼ਰਿਆਦਾਂ ਕਰਨ ਵਿਚ ਲੱਗਾ ਰਹਿੰਦਾ ਸੀ। (ਰਸੂ. 10:2) ਜਦੋਂ ਪਤਰਸ ਨੇ ਕੁਰਨੇਲੀਅਸ ਨੂੰ ਖ਼ੁਸ਼ ਖ਼ਬਰੀ ਸੁਣਾਈ, ਤਾਂ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਮਸੀਹ ʼਤੇ ਨਿਹਚਾ ਕੀਤੀ ਅਤੇ ਜਲਦੀ ਹੀ ਬਪਤਿਸਮਾ ਲੈ ਲਿਆ। (ਰਸੂ. 10:47, 48) ਇਸ ਤੋਂ ਪਤਾ ਲੱਗਦਾ ਹੈ ਕਿ ਕੁਰਨੇਲੀਅਸ ਹਰ ਜ਼ਰੂਰੀ ਬਦਲਾਅ ਕਰਨ ਲਈ ਤਿਆਰ ਸੀ ਤਾਂਕਿ ਉਹ ਆਪਣੇ ਪਰਿਵਾਰ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰ ਸਕੇ।​—ਯਹੋ. 24:15; ਰਸੂ. 10:24, 33.

13. ਤੁਸੀਂ ਕੁਰਨੇਲੀਅਸ ਤੋਂ ਕੀ ਸਿੱਖ ਸਕਦੇ ਹੋ?

13 ਜੇ ਕੁਰਨੇਲੀਅਸ ਚਾਹੁੰਦਾ, ਤਾਂ ਉਹ ਆਪਣੇ ਉੱਚੇ ਅਹੁਦੇ ਨੂੰ ਬਪਤਿਸਮਾ ਨਾ ਲੈਣ ਦਾ ਬਹਾਨਾ ਬਣਾ ਸਕਦਾ ਸੀ। ਪਰ ਸੌਲੁਸ ਵਾਂਗ ਉਸ ਨੇ ਵੀ ਇੱਦਾਂ ਨਹੀਂ ਕੀਤਾ। ਕੀ ਤੁਹਾਨੂੰ ਵੀ ਬਪਤਿਸਮਾ ਲੈਣ ਲਈ ਆਪਣੀ ਜ਼ਿੰਦਗੀ ਵਿਚ ਵੱਡੇ ਬਦਲਾਅ ਕਰਨ ਦੀ ਲੋੜ ਹੈ? ਜੇ ਹਾਂ, ਤਾਂ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀ ਮਦਦ ਜ਼ਰੂਰ ਕਰੇਗਾ। ਜੇ ਤੁਸੀਂ ਉਸ ਦੀ ਸੇਵਾ ਕਰਨ ਲਈ ਬਾਈਬਲ ਦੇ ਅਸੂਲਾਂ ʼਤੇ ਚੱਲਣ ਦਾ ਪੱਕਾ ਇਰਾਦਾ ਕਰਦੇ ਹੋ, ਤਾਂ ਯਹੋਵਾਹ ਤੁਹਾਨੂੰ ਜ਼ਰੂਰ ਬਰਕਤਾਂ ਦੇਵੇਗਾ।

14. ਸੁਯੋਸ਼ੀ ਦੀ ਮਿਸਾਲ ਤੋਂ ਤੁਸੀਂ ਕੀ ਸਿੱਖ ਸਕਦੇ ਹੋ?

14 ਜ਼ਰਾ ਜਪਾਨ ਵਿਚ ਰਹਿਣ ਵਾਲੇ ਭਰਾ ਸੁਯੋਸ਼ੀ ਦੇ ਤਜਰਬੇ ʼਤੇ ਧਿਆਨ ਦਿਓ। ਉਸ ਨੂੰ ਬਪਤਿਸਮਾ ਲੈਣ ਲਈ ਆਪਣੇ ਕੰਮ ਵਿਚ ਕੁਝ ਬਦਲਾਅ ਕਰਨੇ ਪਏ। ਉਹ ਇਕ ਮੰਨੇ-ਪ੍ਰਮੰਨੇ ਸਕੂਲ ਵਿਚ ਨੌਕਰੀ ਕਰਦਾ ਸੀ ਜਿੱਥੇ ਫੁੱਲਾਂ ਨੂੰ ਸਜਾਉਣ ਦੀ ਜਪਾਨੀ ਕਲਾ ਸਿਖਾਈ ਜਾਂਦੀ ਹੈ। ਸੁਯੋਸ਼ੀ ਉਸ ਸਕੂਲ ਦੇ ਹੈੱਡ ਮਾਸਟਰ ਦੇ ਸਹਾਇਕ ਵਜੋਂ ਕੰਮ ਕਰਦਾ ਸੀ। ਬੋਧੀ ਲੋਕਾਂ ਦੇ ਸੰਸਕਾਰ ਦੇ ਮੌਕਿਆਂ ʼਤੇ ਹੈੱਡ ਮਾਸਟਰ ਫੁੱਲਾਂ ਨੂੰ ਸਜਾਉਣ ਦਾ ਪ੍ਰਬੰਧ ਕਰਦਾ ਸੀ ਅਤੇ ਬੁੱਧ ਧਰਮ ਦੇ ਰੀਤੀ-ਰਿਵਾਜਾਂ ਵਿਚ ਵੀ ਹਿੱਸਾ ਲੈਂਦਾ ਸੀ। ਪਰ ਜਦੋਂ ਕਦੇ ਹੈੱਡ ਮਾਸਟਰ ਨਹੀਂ ਜਾ ਪਾਉਂਦਾ ਸੀ, ਤਾਂ ਉਸ ਦੀ ਜਗ੍ਹਾ ਸੁਯੋਸ਼ੀ ਜਾਂਦਾ ਸੀ ਅਤੇ ਉੱਥੇ ਧਾਰਮਿਕ ਰੀਤੀ-ਰਿਵਾਜਾਂ ਵਿਚ ਹਿੱਸਾ ਲੈਂਦਾ ਸੀ। ਪਰ ਜਦੋਂ ਸੁਯੋਸ਼ੀ ਨੂੰ ਮੌਤ ਬਾਰੇ ਸੱਚਾਈ ਪਤਾ ਲੱਗੀ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਬਪਤਿਸਮਾ ਲੈਣ ਲਈ ਉਸ ਨੂੰ ਰੀਤੀ-ਰਿਵਾਜ ਛੱਡਣੇ ਪੈਣੇ। ਇਸ ਲਈ ਉਸ ਨੇ ਇਨ੍ਹਾਂ ਰੀਤੀ-ਰਿਵਾਜਾਂ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ। (2 ਕੁਰਿੰ. 6:15, 16) ਫਿਰ ਸੁਯੋਸ਼ੀ ਨੇ ਇਸ ਬਾਰੇ ਹੈੱਡ ਮਾਸਟਰ ਨਾਲ ਗੱਲ ਕੀਤੀ। ਇਸ ਦਾ ਕੀ ਨਤੀਜਾ ਨਿਕਲਿਆ? ਹੈੱਡ ਮਾਸਟਰ ਨੇ ਉਸ ਨੂੰ ਕਿਹਾ ਕਿ ਉਹ ਨੌਕਰੀ ਕਰਦਾ ਰਹਿ ਸਕਦਾ ਹੈ ਅਤੇ ਉਸ ਨੂੰ ਰੀਤੀ-ਰਿਵਾਜਾਂ ਵਿਚ ਹਿੱਸਾ ਲੈਣ ਦੀ ਵੀ ਕੋਈ ਲੋੜ ਨਹੀਂ। ਬਾਈਬਲ ਸਟੱਡੀ ਸ਼ੁਰੂ ਕਰਨ ਤੋਂ ਇਕ ਸਾਲ ਬਾਅਦ ਸੁਯੋਸ਼ੀ ਨੇ ਬਪਤਿਸਮਾ ਲੈ ਲਿਆ।b ਜੇ ਤੁਹਾਨੂੰ ਵੀ ਯਹੋਵਾਹ ਨੂੰ ਖ਼ੁਸ਼ ਕਰਨ ਲਈ ਆਪਣੇ ਕੰਮ ਵਿਚ ਬਦਲਾਅ ਕਰਨ ਦੀ ਲੋੜ ਹੈ, ਤਾਂ ਭਰੋਸਾ ਰੱਖੋ ਕਿ ਉਹ ਤੁਹਾਡੀਆਂ ਅਤੇ ਤੁਹਾਡੇ ਪਰਿਵਾਰ ਦੀਆਂ ਲੋੜਾਂ ਜ਼ਰੂਰ ਪੂਰੀਆਂ ਕਰੇਗਾ।​—ਜ਼ਬੂ. 127:2; ਮੱਤੀ 6:33.

ਕੁਰਿੰਥੀ ਲੋਕਾਂ ਨੇ ਬਪਤਿਸਮਾ ਲਿਆ

15. ਕੁਰਿੰਥੀ ਲੋਕਾਂ ਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕ ਸਕਦੀ ਸੀ?

15 ਪੁਰਾਣੇ ਜ਼ਮਾਨੇ ਵਿਚ ਕੁਰਿੰਥੁਸ ਸ਼ਹਿਰ ਵਿਚ ਰਹਿਣ ਵਾਲੇ ਲੋਕ ਧਨ-ਦੌਲਤ ਪਿੱਛੇ ਭੱਜਦੇ ਸਨ ਅਤੇ ਅਨੈਤਿਕ ਜ਼ਿੰਦਗੀ ਜੀਉਂਦੇ ਸਨ। ਬਹੁਤ ਸਾਰੇ ਲੋਕ ਅਜਿਹੇ ਕੰਮ ਕਰਦੇ ਸਨ ਜੋ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਹਨ। ਇਨ੍ਹਾਂ ਮਾੜੇ ਹਾਲਾਤਾਂ ਵਿਚ ਰਹਿਣ ਵਾਲੇ ਲੋਕਾਂ ਲਈ ਖ਼ੁਸ਼ ਖ਼ਬਰੀ ਕਬੂਲ ਕਰਨੀ ਬਹੁਤ ਔਖੀ ਰਹੀ ਹੋਣੀ। ਪਰ ਜਦੋਂ ਪੌਲੁਸ ਰਸੂਲ ਉਸ ਸ਼ਹਿਰ ਵਿਚ ਆਇਆ ਅਤੇ ਮਸੀਹ ਬਾਰੇ ਖ਼ੁਸ਼ ਖ਼ਬਰੀ ਸੁਣਾਈ, ਤਾਂ ‘ਬਹੁਤ ਸਾਰੇ ਕੁਰਿੰਥੀ ਲੋਕ ਖ਼ੁਸ਼ ਖ਼ਬਰੀ ਸੁਣ ਕੇ ਨਿਹਚਾ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਬਪਤਿਸਮਾ ਲਿਆ।’ (ਰਸੂ. 18:7-11) ਪ੍ਰਭੂ ਯਿਸੂ ਮਸੀਹ ਨੇ ਪੌਲੁਸ ਨੂੰ ਦਰਸ਼ਣ ਵਿਚ ਕਿਹਾ ਕਿ “ਇਸ ਸ਼ਹਿਰ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਮੇਰੇ ਉੱਤੇ ਨਿਹਚਾ ਕਰਨਗੇ।” ਇਸ ਲਈ ਪੌਲੁਸ ਡੇਢ ਸਾਲ ਤਕ ਕੁਰਿੰਥੁਸ ਵਿਚ ਪ੍ਰਚਾਰ ਕਰਦਾ ਰਿਹਾ।

16. ਬਪਤਿਸਮਾ ਲੈਣ ਵਿਚ ਕਿਹੜੀ ਗੱਲ ਨੇ ਕੁਰਿੰਥੀ ਲੋਕਾਂ ਦੀ ਮਦਦ ਕੀਤੀ? (2 ਕੁਰਿੰਥੀਆਂ 10:4, 5)

16 ਬਪਤਿਸਮਾ ਲੈਣ ਵਿਚ ਕਿਹੜੀ ਗੱਲ ਨੇ ਕੁਰਿੰਥੀ ਲੋਕਾਂ ਦੀ ਮਦਦ ਕੀਤੀ? (2 ਕੁਰਿੰਥੀਆਂ 10:4, 5 ਪੜ੍ਹੋ।) ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਪਵਿੱਤਰ ਸ਼ਕਤੀ ਨੇ ਉਨ੍ਹਾਂ ਦੀ ਮਦਦ ਕੀਤੀ ਕਿ ਉਹ ਆਪਣੀ ਜ਼ਿੰਦਗੀ ਵਿਚ ਵੱਡੇ-ਵੱਡੇ ਬਦਲਾਅ ਕਰ ਸਕਣ। (ਇਬ. 4:12) ਕੁਰਿੰਥੁਸ ਦੇ ਜਿਨ੍ਹਾਂ ਲੋਕਾਂ ਨੇ ਮਸੀਹ ਬਾਰੇ ਸੱਚਾਈ ਸਵੀਕਾਰ ਕੀਤੀ, ਉਹ ਆਪਣੀਆਂ ਗੰਦੀਆਂ ਆਦਤਾਂ ਅਤੇ ਬੁਰੇ ਕੰਮ ਛੱਡ ਸਕੇ। ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਪਹਿਲਾਂ ਚੋਰ, ਸ਼ਰਾਬੀ, ਜਨਾਨੜੇ ਜਾਂ ਮੁੰਡੇਬਾਜ਼ ਹੁੰਦੇ ਸਨ।​—1 ਕੁਰਿੰ. 6:9-11.c

17. ਤੁਸੀਂ ਕੁਰਿੰਥੀ ਲੋਕਾਂ ਤੋਂ ਕੀ ਸਿੱਖ ਸਕਦੇ ਹੋ?

17 ਧਿਆਨ ਦਿਓ ਕਿ ਕੁਝ ਕੁਰਿੰਥੀ ਲੋਕਾਂ ਨੂੰ ਮਸੀਹੀ ਬਣਨ ਲਈ ਆਪਣੀ ਜ਼ਿੰਦਗੀ ਵਿਚ ਵੱਡੇ-ਵੱਡੇ ਬਦਲਾਅ ਕਰਨੇ ਪੈਣੇ ਸਨ। ਪਰ ਉਨ੍ਹਾਂ ਨੇ ਇੱਦਾਂ ਨਹੀਂ ਸੋਚਿਆ ਕਿ ਇਹ ਬਦਲਾਅ ਕਰਨੇ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਇਸ ਦੀ ਬਜਾਇ, ਉਨ੍ਹਾਂ ਨੇ ਉਸ ਤੰਗ ਰਾਹ ʼਤੇ ਚੱਲਣ ਲਈ ਜੱਦੋ-ਜਹਿਦ ਕੀਤੀ ਜੋ ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦਾ ਹੈ। (ਮੱਤੀ 7:13, 14) ਕੀ ਤੁਸੀਂ ਵੀ ਬਪਤਿਸਮਾ ਲੈਣ ਲਈ ਆਪਣੀ ਕੋਈ ਬੁਰੀ ਆਦਤ ਜਾਂ ਬੁਰੇ ਕੰਮ ਨੂੰ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋ? ਜੇ ਹਾਂ, ਤਾਂ ਹਾਰ ਨਾ ਮੰਨੋ। ਆਪਣੀਆਂ ਬੁਰੀਆਂ ਇੱਛਾਵਾਂ ʼਤੇ ਕਾਬੂ ਪਾਉਣ ਲਈ ਯਹੋਵਾਹ ਨੂੰ ਪਵਿੱਤਰ ਸ਼ਕਤੀ ਲਈ ਤਰਲੇ ਕਰੋ।

18. ਮੋਨਿਕਾ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

18 ਜ਼ਰਾ ਜਾਰਜੀਆ ਵਿਚ ਰਹਿਣ ਵਾਲੀ ਮੋਨਿਕਾ ਦੇ ਤਜਰਬੇ ʼਤੇ ਗੌਰ ਕਰੋ। ਉਹ ਬਪਤਿਸਮਾ ਲੈਣਾ ਚਾਹੁੰਦੀ ਸੀ। ਪਰ ਇਸ ਦੇ ਲਈ ਉਸ ਨੂੰ ਗੰਦੀ ਬੋਲੀ ਅਤੇ ਗ਼ਲਤ ਮਨੋਰੰਜਨ ਛੱਡਣ ਲਈ ਸਖ਼ਤ ਮਿਹਨਤ ਕਰਨੀ ਪਈ। ਉਹ ਦੱਸਦੀ ਹੈ: “ਮੈਨੂੰ ਆਪਣੇ ਅੰਦਰ ਕਈ ਬਦਲਾਅ ਕਰਨ ਦੀ ਲੋੜ ਸੀ। ਪ੍ਰਾਰਥਨਾ ਕਰਨ ਨਾਲ ਮੈਨੂੰ ਇਹ ਸਾਰੇ ਬਦਲਾਅ ਕਰਨ ਦੀ ਤਾਕਤ ਮਿਲੀ। ਯਹੋਵਾਹ ਜਾਣਦਾ ਸੀ ਕਿ ਮੈਂ ਸਹੀ ਕੰਮ ਕਰਨਾ ਚਾਹੁੰਦੀ ਹਾਂ ਤੇ ਉਸ ਨੇ ਹਮੇਸ਼ਾ ਮੇਰੀ ਮਦਦ ਕੀਤੀ ਅਤੇ ਮੈਨੂੰ ਸੇਧ ਦਿੱਤੀ।” ਮੋਨਿਕਾ ਨੇ 16 ਸਾਲਾਂ ਦੀ ਉਮਰ ਵਿਚ ਬਪਤਿਸਮਾ ਲੈ ਲਿਆ। ਕੀ ਯਹੋਵਾਹ ਦੀ ਸੇਵਾ ਕਰਨ ਲਈ ਤੁਹਾਨੂੰ ਵੀ ਕੁਝ ਬੁਰੀਆਂ ਆਦਤਾਂ ਜਾਂ ਬੁਰੇ ਕੰਮ ਛੱਡਣ ਦੀ ਲੋੜ ਹੈ? ਜੇ ਹਾਂ, ਤਾਂ ਯਹੋਵਾਹ ਤੋਂ ਤਾਕਤ ਮੰਗਦੇ ਰਹੋ ਤਾਂਕਿ ਤੁਸੀਂ ਆਪਣੇ ਵਿਚ ਬਦਲਾਅ ਕਰ ਸਕੋ। ਬਾਈਬਲ ਦੱਸਦੀ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਖੁੱਲ੍ਹੇ ਦਿਲ ਨਾਲ ਪਵਿੱਤਰ ਸ਼ਕਤੀ ਦਿੰਦਾ ਹੈ।​—ਯੂਹੰ. 3:34.

ਤੁਹਾਡੀ ਨਿਹਚਾ ਪਹਾੜ ਤਕ ਹਿਲਾ ਸਕਦੀ ਹੈ

19. ਪਹਾੜ ਵਰਗੀਆਂ ਮੁਸ਼ਕਲਾਂ ਪਾਰ ਕਰਨ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? (ਤਸਵੀਰ ਵੀ ਦੇਖੋ।)

19 ਸ਼ਾਇਦ ਤੁਹਾਨੂੰ ਆਪਣੇ ਹਾਲਾਤਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਬਪਤਿਸਮਾ ਲੈਣਾ ਔਖਾ ਲੱਗੇ। ਪਰ ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਦਿਲੋਂ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਪਰਿਵਾਰ ਦਾ ਹਿੱਸਾ ਬਣ ਜਾਓ। ਪਹਿਲੀ ਸਦੀ ਵਿਚ ਯਿਸੂ ਨੇ ਆਪਣੇ ਕੁਝ ਚੇਲਿਆਂ ਨੂੰ ਕਿਹਾ: “ਜੇ ਤੁਹਾਡੇ ਵਿਚ ਰਾਈ ਦੇ ਦਾਣੇ ਜਿੰਨੀ ਵੀ ਨਿਹਚਾ ਹੋਵੇ ਤੇ ਤੁਸੀਂ ਇਸ ਪਹਾੜ ਨੂੰ ਕਹੋ, ‘ਇੱਥੋਂ ਉੱਠ ਕੇ ਉੱਥੇ ਚਲਾ ਜਾਹ,’ ਤਾਂ ਉਹ ਚਲਾ ਜਾਵੇਗਾ। ਤੁਹਾਡੇ ਲਈ ਕੁਝ ਵੀ ਕਰਨਾ ਨਾਮੁਮਕਿਨ ਨਹੀਂ ਹੋਵੇਗਾ।” (ਮੱਤੀ 17:20) ਜਿਹੜੇ ਲੋਕ ਯਿਸੂ ਦੀ ਇਹ ਗੱਲ ਸੁਣ ਰਹੇ ਸਨ, ਉਹ ਕੁਝ ਸਾਲ ਪਹਿਲਾਂ ਹੀ ਉਸ ਦੇ ਚੇਲੇ ਬਣੇ ਸਨ ਤੇ ਉਨ੍ਹਾਂ ਨੂੰ ਆਪਣੀ ਨਿਹਚਾ ਹਾਲੇ ਹੋਰ ਵਧਾਉਣ ਦੀ ਲੋੜ ਸੀ। ਇਹ ਗੱਲ ਕਹਿ ਕੇ ਯਿਸੂ ਉਨ੍ਹਾਂ ਨੂੰ ਇਹ ਯਕੀਨ ਦਿਵਾ ਰਿਹਾ ਸੀ ਕਿ ਜੇ ਉਹ ਆਪਣੀ ਨਿਹਚਾ ਵਧਾਉਣ, ਤਾਂ ਯਹੋਵਾਹ ਪਹਾੜ ਵਰਗੀਆਂ ਮੁਸ਼ਕਲਾਂ ਪਾਰ ਕਰਨ ਵਿਚ ਉਨ੍ਹਾਂ ਦੀ ਮਦਦ ਕਰੇਗਾ। ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀ ਵੀ ਇੱਦਾਂ ਕਰਨ ਵਿਚ ਮਦਦ ਕਰ ਸਕਦਾ ਹੈ।

ਵੱਡੇ ਸੰਮੇਲਨ ʼਤੇ ਜਿਨ੍ਹਾਂ ਭੈਣਾਂ-ਭਰਾਵਾਂ ਨੇ ਬਪਤਿਸਮਾ ਲਿਆ ਹੈ, ਉਹ ਹਾਲ ਵਿਚ ਆ ਰਹੇ ਹਨ ਤੇ ਕੁਝ ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਲਈ ਤਾੜੀਆਂ ਮਾਰ ਰਹੇ ਹਨ।

ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਦਿਲੋਂ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਪਰਿਵਾਰ ਦਾ ਹਿੱਸਾ ਬਣ ਜਾਓ (ਪੈਰਾ 19 ਦੇਖੋ)d


20. ਇਸ ਲੇਖ ਵਿਚ ਦਿੱਤੀਆਂ ਪਹਿਲੀ ਸਦੀ ਅਤੇ ਅੱਜ ਦੇ ਮਸੀਹੀਆਂ ਦੀਆਂ ਮਿਸਾਲਾਂ ਤੋਂ ਤੁਹਾਨੂੰ ਕੀ ਕਰਨ ਦੀ ਹੱਲਾਸ਼ੇਰੀ ਮਿਲੀ ਹੈ?

20 ਬਪਤਿਸਮਾ ਲੈਣ ਵਿਚ ਜੇ ਤੁਹਾਨੂੰ ਕੋਈ ਰੁਕਾਵਟ ਆਉਂਦੀ ਹੈ, ਤਾਂ ਉਸ ਨੂੰ ਪਾਰ ਕਰਨ ਲਈ ਫ਼ੌਰਨ ਕਦਮ ਚੁੱਕੋ। ਪਹਿਲੀ ਸਦੀ ਅਤੇ ਅੱਜ ਦੇ ਮਸੀਹੀਆਂ ਦੀਆਂ ਮਿਸਾਲਾਂ ਤੋਂ ਦਿਲਾਸਾ ਅਤੇ ਹਿੰਮਤ ਪਾਓ। ਅਸੀਂ ਦੁਆ ਕਰਦੇ ਹਾਂ ਕਿ ਉਨ੍ਹਾਂ ਦੀਆਂ ਮਿਸਾਲਾਂ ਤੋਂ ਤੁਹਾਨੂੰ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਦੀ ਹੱਲਾਸ਼ੇਰੀ ਮਿਲੇ। ਯਕੀਨ ਰੱਖੋ, ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਹੋਵੇਗਾ!

ਬਪਤਿਸਮਾ ਲੈਣ ਵਿਚ ਆਉਣ ਵਾਲੀ ਰੁਕਾਵਟਾਂ ਨੂੰ ਪਾਰ ਕਰਨ ਬਾਰੇ ਤੁਸੀਂ ਪਹਿਲੀ ਸਦੀ ਦੇ ਇਨ੍ਹਾਂ ਮਸੀਹੀਆਂ ਤੋਂ ਕੀ ਸਿੱਖਿਆ?

  • ਸਾਮਰੀਆਂ ਤੋਂ

  • ਤਰਸੁਸ ਦੇ ਸੌਲੁਸ ਅਤੇ ਕੁਰਨੇਲੀਅਸ ਤੋਂ

  • ਕੁਰਿੰਥੀ ਲੋਕਾਂ ਤੋਂ

ਗੀਤ 38 ਉਹ ਤੁਹਾਨੂੰ ਤਕੜਾ ਕਰੇਗਾ

a ਉਸ ਨੇ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਸਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਨਾਂ ਦੀ ਕਿਤਾਬ ਪੜ੍ਹੀ।

b ਜਾਗਰੂਕ ਬਣੋ! 8 ਅਗਸਤ 2005 ਦੇ ਸਫ਼ੇ 20-23 (ਅੰਗ੍ਰੇਜ਼ੀ) ʼਤੇ ਭਰਾ ਸੁਯੋਸ਼ੀ ਫੁਜੀ ਦੀ ਜੀਵਨੀ ਦੇਖੋ।

c jw.org/pa ʼਤੇ ‘ਤੁਸੀਂ ਬਪਤਿਸਮਾ ਲੈਣ ਵਿਚ ਢਿੱਲ-ਮੱਠ ਕਿਉਂ ਕਰ ਰਹੇ ਹੋ?’ ਵੀਡੀਓ ਦੇਖੋ।

d ਤਸਵੀਰ ਬਾਰੇ ਜਾਣਕਾਰੀ: ਕੁਝ ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦਾ ਸੁਆਗਤ ਕਰ ਰਹੇ ਹਨ ਜਿਨ੍ਹਾਂ ਨੇ ਹੁਣੇ-ਹੁਣੇ ਬਪਤਿਸਮਾ ਲਿਆ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ