ਅਧਿਐਨ ਲੇਖ 18
ਗੀਤ 65 ਅੱਗੇ ਵਧਦੇ ਰਹੋ!
ਨੌਜਵਾਨ ਭਰਾਵੋ—ਮਰਕੁਸ ਅਤੇ ਤਿਮੋਥਿਉਸ ਦੀ ਰੀਸ ਕਰੋ
“ਮਰਕੁਸ ਨੂੰ ਆਪਣੇ ਨਾਲ ਲੈਂਦਾ ਆਈਂ ਕਿਉਂਕਿ ਸੇਵਾ ਦੇ ਕੰਮ ਵਿਚ ਮੈਨੂੰ ਉਸ ਤੋਂ ਬਹੁਤ ਮਦਦ ਮਿਲਦੀ ਹੈ।”—2 ਤਿਮੋ. 4:11.
ਕੀ ਸਿੱਖਾਂਗੇ?
ਅਸੀਂ ਮਰਕੁਸ ਅਤੇ ਤਿਮੋਥਿਉਸ ਦੀ ਮਿਸਾਲ ʼਤੇ ਗੌਰ ਕਰਾਂਗੇ ਅਤੇ ਜਾਣਾਂਗੇ ਕਿ ਯਹੋਵਾਹ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਦੀ ਵਧ-ਚੜ੍ਹ ਕੇ ਸੇਵਾ ਕਰਨ ਲਈ ਨੌਜਵਾਨ ਭਰਾ ਆਪਣੇ ਅੰਦਰ ਕਿਹੜੇ ਗੁਣ ਵਧਾ ਸਕਦੇ ਹਨ।
1-2. ਮਰਕੁਸ ਤੇ ਤਿਮੋਥਿਉਸ ਯਹੋਵਾਹ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਦੀ ਵਧ-ਚੜ੍ਹ ਕੇ ਸੇਵਾ ਕਰਨ ਤੋਂ ਪਿੱਛੇ ਕਿਉਂ ਹਟ ਸਕਦੇ ਸਨ?
ਨੌਜਵਾਨ ਭਰਾਵੋ, ਕੀ ਤੁਸੀਂ ਯਹੋਵਾਹ ਅਤੇ ਭੈਣਾਂ-ਭਰਾਵਾਂ ਦੀ ਵਧ-ਚੜ੍ਹ ਕੇ ਸੇਵਾ ਕਰਨੀ ਚਾਹੁੰਦੇ ਹੋ? ਸਾਨੂੰ ਯਕੀਨ ਹੈ ਕਿ ਤੁਸੀਂ ਇੱਦਾਂ ਜ਼ਰੂਰ ਕਰਨਾ ਚਾਹੁੰਦੇ ਹੋਣੇ। ਅੱਜ ਕਈ ਨੌਜਵਾਨ ਭਰਾ ਇੱਦਾਂ ਕਰਨ ਲਈ ਖ਼ੁਸ਼ੀ-ਖ਼ੁਸ਼ੀ ਅੱਗੇ ਆ ਰਹੇ ਹਨ। ਸਾਨੂੰ ਇਹ ਦੇਖ ਕੇ ਬਹੁਤ ਚੰਗਾ ਲੱਗਦਾ ਹੈ! (ਜ਼ਬੂ. 110:3) ਪਰ ਹੋ ਸਕਦਾ ਹੈ ਕਿ ਤੁਸੀਂ ਕਿਸੇ ਕਾਰਨ ਕਰਕੇ ਪਿੱਛੇ ਹਟ ਰਹੇ ਹੋਵੋ। ਮਿਸਾਲ ਲਈ, ਸ਼ਾਇਦ ਤੁਸੀਂ ਇਹ ਸੋਚ ਕੇ ਡਰ ਰਹੇ ਹੋ ਕਿ ਪਤਾ ਨਹੀਂ ਮੈਨੂੰ ਕਿੱਥੇ ਸੇਵਾ ਕਰਨ ਲਈ ਭੇਜਿਆ ਜਾਵੇਗਾ ਅਤੇ ਸਭ ਕੁਝ ਕਿੱਦਾਂ ਹੋਵੇਗਾ। ਜਾਂ ਫਿਰ ਤੁਸੀਂ ਇਹ ਸੋਚ ਕੇ ਪਿੱਛੇ ਹਟ ਰਹੇ ਹੋ ਕਿ ਤੁਹਾਨੂੰ ਜੋ ਜ਼ਿੰਮੇਵਾਰੀ ਮਿਲੇਗੀ, ਤੁਸੀਂ ਉਸ ਨੂੰ ਨਹੀਂ ਨਿਭਾ ਸਕੋਗੇ। ਜੇ ਤੁਸੀਂ ਇੱਦਾਂ ਸੋਚ ਰਹੇ ਹੋ, ਤਾਂ ਯਕੀਨ ਰੱਖੋ ਕਿ ਤੁਸੀਂ ਇਕੱਲੇ ਨਹੀਂ ਹੋ।
2 ਮਰਕੁਸ ਅਤੇ ਤਿਮੋਥਿਉਸ ਨੂੰ ਵੀ ਸ਼ਾਇਦ ਇੱਦਾਂ ਹੀ ਲੱਗਾ ਹੋਣਾ। ਪਰ ਉਹ ਇਹ ਸੋਚ ਕੇ ਪਿੱਛੇ ਨਹੀਂ ਹਟੇ ਕਿ ਪਤਾ ਨਹੀਂ ਉਨ੍ਹਾਂ ਨੂੰ ਸੇਵਾ ਕਰਨ ਲਈ ਕਿੱਥੇ ਜਾਣਾ ਪਵੇਗਾ ਜਾਂ ਉਹ ਆਪਣੀ ਜ਼ਿੰਮੇਵਾਰੀ ਨਿਭਾ ਨਹੀਂ ਸਕਣਗੇ। ਜਦੋਂ ਪੌਲੁਸ ਰਸੂਲ ਤੇ ਬਰਨਾਬਾਸ ਨੇ ਮਰਕੁਸ ਨੂੰ ਆਪਣੇ ਪਹਿਲੇ ਮਿਸ਼ਨਰੀ ਦੌਰੇ ʼਤੇ ਜਾਣ ਦਾ ਸੱਦਾ ਦਿੱਤਾ, ਉਦੋਂ ਉਹ ਸ਼ਾਇਦ ਆਪਣੀ ਮਾਤਾ ਨਾਲ ਇਕ ਵਧੀਆ ਘਰ ਵਿਚ ਰਹਿ ਰਿਹਾ ਸੀ ਅਤੇ ਆਰਾਮ ਦੀ ਜ਼ਿੰਦਗੀ ਜੀ ਰਿਹਾ ਸੀ। (ਰਸੂ. 12:12, 13, 25) ਪਰ ਮਰਕੁਸ ਨੇ ਯਹੋਵਾਹ ਦੀ ਸੇਵਾ ਵਧ-ਚੜ੍ਹ ਕੇ ਕਰਨ ਲਈ ਆਪਣਾ ਘਰ-ਬਾਰ ਛੱਡ ਦਿੱਤਾ। ਉਹ ਸਭ ਤੋਂ ਪਹਿਲਾਂ ਅੰਤਾਕੀਆ ਗਿਆ। ਫਿਰ ਉਸ ਨੇ ਪੌਲੁਸ ਤੇ ਬਰਨਾਬਾਸ ਨਾਲ ਦੂਰ-ਦੁਰਾਡੇ ਇਲਾਕਿਆਂ ਵਿਚ ਵੀ ਸੇਵਾ ਕੀਤੀ। (ਰਸੂ. 13:1-5) ਨਾਲੇ ਜਦੋਂ ਪੌਲੁਸ ਨੇ ਤਿਮੋਥਿਉਸ ਨੂੰ ਆਪਣੇ ਨਾਲ ਆਉਣ ਲਈ ਕਿਹਾ, ਤਾਂ ਲੱਗਦਾ ਹੈ ਕਿ ਉਹ ਵੀ ਉਦੋਂ ਆਪਣੇ ਮਾਪਿਆਂ ਨਾਲ ਰਹਿੰਦਾ ਸੀ। ਤਿਮੋਥਿਉਸ ਨੌਜਵਾਨ ਸੀ ਅਤੇ ਉਸ ਕੋਲ ਜ਼ਿਆਦਾ ਤਜਰਬਾ ਨਹੀਂ ਸੀ। ਇਸ ਲਈ ਉਹ ਇਹ ਸੋਚ ਕੇ ਪਿੱਛੇ ਹਟ ਸਕਦਾ ਸੀ ਕਿ ਉਹ ਇੰਨੀ ਵੱਡੀ ਜ਼ਿੰਮੇਵਾਰੀ ਨਿਭਾਉਣ ਦੇ ਕਾਬਲ ਨਹੀਂ ਹੈ। (1 ਕੁਰਿੰਥੀਆਂ 16:10, 11 ਅਤੇ 1 ਤਿਮੋਥਿਉਸ 4:12 ਵਿਚ ਨੁਕਤਾ ਦੇਖੋ।) ਪਰ ਉਸ ਨੇ ਪੌਲੁਸ ਦਾ ਸੱਦਾ ਕਬੂਲ ਕੀਤਾ, ਇਸ ਕਰਕੇ ਉਸ ਨੂੰ ਬੇਸ਼ੁਮਾਰ ਬਰਕਤਾਂ ਮਿਲੀਆਂ।—ਰਸੂ. 16:3-5.
3. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮਰਕੁਸ ਅਤੇ ਤਿਮੋਥਿਉਸ ਪੌਲੁਸ ਦੇ ਦਿਲ ਦੇ ਬਹੁਤ ਨੇੜੇ ਸਨ? (2 ਤਿਮੋਥਿਉਸ 4:6, 9, 11) (ਤਸਵੀਰਾਂ ਵੀ ਦੇਖੋ।) (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?
3 ਮਰਕੁਸ ਤੇ ਤਿਮੋਥਿਉਸ ਨੇ ਜਵਾਨੀ ਵਿਚ ਹੀ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸਿੱਖ ਲਈਆਂ ਸਨ। ਇਸ ਕਰਕੇ ਪੌਲੁਸ ਉਨ੍ਹਾਂ ਦੀ ਬਹੁਤ ਕਦਰ ਕਰਦਾ ਸੀ। ਇਹ ਦੋਵੇਂ ਨੌਜਵਾਨ ਪੌਲੁਸ ਦੇ ਦਿਲ ਦੇ ਇੰਨੇ ਨੇੜੇ ਸਨ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਜਲਦੀ ਹੀ ਉਸ ਦੀ ਮੌਤ ਹੋਣ ਵਾਲੀ ਹੈ, ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ। (2 ਤਿਮੋਥਿਉਸ 4:6, 9, 11 ਪੜ੍ਹੋ।) ਮਰਕੁਸ ਤੇ ਤਿਮੋਥਿਉਸ ਵਿਚ ਅਜਿਹੇ ਕਿਹੜੇ ਗੁਣ ਸਨ ਜਿਨ੍ਹਾਂ ਕਰਕੇ ਪੌਲੁਸ ਉਨ੍ਹਾਂ ਨੂੰ ਇੰਨਾ ਪਿਆਰ ਕਰਦਾ ਸੀ? ਅੱਜ ਨੌਜਵਾਨ ਭਰਾ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹਨ? ਨਾਲੇ ਪੌਲੁਸ ਨੇ ਇਕ ਪਿਤਾ ਵਾਂਗ ਜੋ ਵਧੀਆ ਸਲਾਹ ਦਿੱਤੀ, ਉਸ ਨੂੰ ਮੰਨਣ ਨਾਲ ਅੱਜ ਨੌਜਵਾਨ ਭਰਾਵਾਂ ਨੂੰ ਕੀ ਫ਼ਾਇਦਾ ਹੋ ਸਕਦਾ ਹੈ?
ਮਰਕੁਸ ਤੇ ਤਿਮੋਥਿਉਸ ਨੇ ਜਵਾਨੀ ਵਿਚ ਹੀ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਸਿੱਖ ਲਈਆਂ ਸਨ ਜਿਸ ਕਰਕੇ ਪੌਲੁਸ ਉਨ੍ਹਾਂ ਦੀ ਬਹੁਤ ਕਦਰ ਕਰਦਾ ਸੀ (ਪੈਰਾ 3 ਦੇਖੋ)b
ਮਰਕੁਸ ਵਾਂਗ ਵਧ-ਚੜ੍ਹ ਕੇ ਸੇਵਾ ਕਰਨ ਲਈ ਤਿਆਰ ਰਹੋ
4-5. ਮਰਕੁਸ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਦੀ ਵਧ-ਚੜ੍ਹ ਕੇ ਸੇਵਾ ਕਰਨ ਲਈ ਤਿਆਰ ਸੀ?
4 ਬਾਈਬਲ ਬਾਰੇ ਜਾਣਕਾਰੀ ਦੇਣ ਵਾਲੀ ਇਕ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਦੂਜਿਆਂ ਦੀ ਸੇਵਾ ਕਰਨ ਦਾ ਮਤਲਬ ਹੈ, ‘ਉਨ੍ਹਾਂ ਦੀ ਮਦਦ ਕਰਨ ਲਈ ਜੀ-ਜਾਨ ਲਾਉਣੀ ਅਤੇ ਉਦੋਂ ਵੀ ਮਦਦ ਕਰਦੇ ਰਹਿਣਾ ਜਦੋਂ ਇੱਦਾਂ ਕਰਨਾ ਔਖਾ ਹੋਵੇ।’ ਮਰਕੁਸ ਨੇ ਇਸ ਮਾਮਲੇ ਵਿਚ ਚੰਗੀ ਮਿਸਾਲ ਰੱਖੀ। ਜਦੋਂ ਪੌਲੁਸ ਨੇ ਮਰਕੁਸ ਨੂੰ ਆਪਣੇ ਦੂਜੇ ਮਿਸ਼ਨਰੀ ਦੌਰੇ ʼਤੇ ਲੈ ਕੇ ਜਾਣ ਤੋਂ ਇਨਕਾਰ ਕੀਤਾ, ਤਾਂ ਉਸ ਨੂੰ ਜ਼ਰੂਰ ਦੁੱਖ ਲੱਗਾ ਹੋਣਾ ਤੇ ਉਹ ਨਿਰਾਸ਼ ਹੋਇਆ ਹੋਣਾ। (ਰਸੂ. 15:37, 38) ਪਰ ਕੀ ਇਸ ਕਰਕੇ ਉਹ ਭੈਣਾਂ-ਭਰਾਵਾਂ ਦੀ ਸੇਵਾ ਕਰਨ ਤੋਂ ਪਿੱਛੇ ਹਟ ਗਿਆ? ਨਹੀਂ।
5 ਮਰਕੁਸ ਆਪਣੇ ਰਿਸ਼ਤੇਦਾਰ ਬਰਨਾਬਾਸ ਨਾਲ ਕਿਸੇ ਹੋਰ ਇਲਾਕੇ ਵਿਚ ਸੇਵਾ ਕਰਨ ਚਲਾ ਗਿਆ। ਇੰਨਾ ਹੀ ਨਹੀਂ, ਲਗਭਗ 11 ਸਾਲਾਂ ਬਾਅਦ ਉਸ ਨੇ ਪੌਲੁਸ ਦੀ ਵੀ ਮਦਦ ਕੀਤੀ। ਜਦੋਂ ਪੌਲੁਸ ਪਹਿਲੀ ਵਾਰ ਰੋਮ ਵਿਚ ਕੈਦ ਸੀ, ਤਾਂ ਮਰਕੁਸ ਉਸ ਕੋਲ ਗਿਆ ਅਤੇ ਉਸ ਦਾ ਹੌਸਲਾ ਵਧਾਇਆ। (ਫਿਲੇ. 23, 24) ਪੌਲੁਸ ਮਰਕੁਸ ਦਾ ਇੰਨਾ ਜ਼ਿਆਦਾ ਸ਼ੁਕਰਗੁਜ਼ਾਰ ਸੀ ਕਿ ਉਸ ਨੇ ਕਿਹਾ ਕਿ ਉਸ ਨੂੰ ਮਰਕੁਸ ਤੋਂ “ਬਹੁਤ ਦਿਲਾਸਾ ਮਿਲਿਆ ਹੈ।”—ਕੁਲੁ. 4:10, 11.
6. ਮਰਕੁਸ ਨੂੰ ਵਫ਼ਾਦਾਰ ਭਰਾਵਾਂ ਨਾਲ ਸਮਾਂ ਬਿਤਾ ਕੇ ਕੀ ਫ਼ਾਇਦਾ ਹੋਇਆ? (ਫੁਟਨੋਟ ਵੀ ਦੇਖੋ।)
6 ਮਰਕੁਸ ਨੂੰ ਵਫ਼ਾਦਾਰ ਭਰਾਵਾਂ ਨਾਲ ਸਮਾਂ ਬਿਤਾ ਕੇ ਬਹੁਤ ਫ਼ਾਇਦਾ ਹੋਇਆ। ਰੋਮ ਵਿਚ ਪੌਲੁਸ ਨਾਲ ਕੁਝ ਸਮਾਂ ਬਿਤਾਉਣ ਤੋਂ ਬਾਅਦ ਮਰਕੁਸ ਪਤਰਸ ਰਸੂਲ ਕੋਲ ਬਾਬਲ ਗਿਆ। ਉਨ੍ਹਾਂ ਦੋਹਾਂ ਦੀ ਦੋਸਤੀ ਇੰਨੀ ਗੂੜ੍ਹੀ ਹੋ ਗਈ ਕਿ ਪਤਰਸ ਨੇ ਮਰਕੁਸ ਨੂੰ ਆਪਣਾ “ਪੁੱਤਰ” ਕਿਹਾ। (1 ਪਤ. 5:13) ਪਤਰਸ ਨੇ ਜ਼ਰੂਰ ਆਪਣੇ ਜਵਾਨ ਦੋਸਤ ਮਰਕੁਸ ਨੂੰ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਬਹੁਤ ਸਾਰੀਆਂ ਦਿਲਚਸਪ ਗੱਲਾਂ ਦੱਸੀਆਂ ਹੋਣਗੀਆਂ। ਅੱਗੇ ਚੱਲ ਕੇ ਮਰਕੁਸ ਨੇ ਇਨ੍ਹਾਂ ਗੱਲਾਂ ਨੂੰ ਆਪਣੀ ਇੰਜੀਲ ਵਿਚ ਦਰਜ ਕੀਤਾ।a
7. ਨੌਜਵਾਨ ਹੁੰਦਿਆਂ ਭਰਾ ਸੇਂਗ-ਵੂ ਨੇ ਮਰਕੁਸ ਦੀ ਰੀਸ ਕਿਵੇਂ ਕੀਤੀ? (ਤਸਵੀਰ ਵੀ ਦੇਖੋ।)
7 ਮਰਕੁਸ ਯਹੋਵਾਹ ਦੀ ਸੇਵਾ ਵਿਚ ਰੁੱਝਿਆ ਰਿਹਾ ਅਤੇ ਵਫ਼ਾਦਾਰ ਭਰਾਵਾਂ ਨਾਲ ਮਿਲ ਕੇ ਸੇਵਾ ਕਰਦਾ ਰਿਹਾ। ਤੁਸੀਂ ਮਰਕੁਸ ਦੀ ਰੀਸ ਕਿਵੇਂ ਕਰ ਸਕਦੇ ਹੋ? ਹੋ ਸਕਦਾ ਹੈ ਕਿ ਤੁਸੀਂ ਸਹਾਇਕ ਸੇਵਕ ਜਾਂ ਬਜ਼ੁਰਗ ਵਜੋਂ ਸੇਵਾ ਕਰਨੀ ਚਾਹੁੰਦੇ ਹੋ, ਪਰ ਸ਼ਾਇਦ ਹਾਲੇ ਤਕ ਤੁਹਾਨੂੰ ਇਹ ਜ਼ਿੰਮੇਵਾਰੀ ਨਹੀਂ ਮਿਲੀ। ਇਸ ਤਰ੍ਹਾਂ ਹੋਣ ʼਤੇ ਨਿਰਾਸ਼ ਨਾ ਹੋਵੋ, ਸਗੋਂ ਯਹੋਵਾਹ ਅਤੇ ਭੈਣਾਂ-ਭਰਾਵਾਂ ਦੀ ਸੇਵਾ ਕਰਨ ਦੇ ਅਲੱਗ-ਅਲੱਗ ਮੌਕੇ ਲੱਭੋ। ਜ਼ਰਾ ਸੇਂਗ-ਵੂ ਦੀ ਮਿਸਾਲ ʼਤੇ ਗੌਰ ਕਰੋ ਜੋ ਹੁਣ ਇਕ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ। ਨੌਜਵਾਨ ਹੁੰਦਿਆਂ ਉਹ ਆਪਣੀ ਤੁਲਨਾ ਹੋਰ ਨੌਜਵਾਨ ਭਰਾਵਾਂ ਨਾਲ ਕਰਦਾ ਸੀ। ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਉਸ ਤੋਂ ਪਹਿਲਾਂ ਮੰਡਲੀ ਵਿਚ ਜ਼ਿੰਮੇਵਾਰੀਆਂ ਮਿਲ ਗਈਆਂ। ਪਰ ਸੇਂਗ-ਵੂ ਨੂੰ ਕੋਈ ਜ਼ਿੰਮੇਵਾਰੀ ਨਹੀਂ ਮਿਲੀ, ਇਸ ਲਈ ਉਸ ਨੂੰ ਲੱਗਾ ਕਿ ਬਜ਼ੁਰਗ ਉਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਅਖ਼ੀਰ ਉਸ ਨੇ ਇਸ ਬਾਰੇ ਬਜ਼ੁਰਗਾਂ ਨਾਲ ਗੱਲ ਕੀਤੀ ਤੇ ਦੱਸਿਆ ਕਿ ਉਹ ਕਿਵੇਂ ਮਹਿਸੂਸ ਕਰ ਰਿਹਾ ਹੈ। ਇਕ ਬਜ਼ੁਰਗ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਵੱਲੋਂ ਪੂਰੀ ਵਾਹ ਲਾ ਕੇ ਯਹੋਵਾਹ ਤੇ ਭੈਣਾਂ-ਭਰਾਵਾਂ ਦੀ ਸੇਵਾ ਕਰਦਾ ਰਹੇ, ਫਿਰ ਚਾਹੇ ਉਸ ਨੂੰ ਕੋਈ ਦੇਖੇ ਜਾਂ ਨਾ ਦੇਖੇ। ਸੇਂਗ-ਵੂ ਨੇ ਉਸ ਦੀ ਸਲਾਹ ਮੰਨੀ। ਉਹ ਸਿਆਣੀ ਉਮਰ ਦੇ ਅਤੇ ਹੋਰ ਭੈਣਾਂ-ਭਰਾਵਾਂ ਦੀ ਮਦਦ ਕਰਨ ਲੱਗਾ ਜਿਨ੍ਹਾਂ ਨੂੰ ਸਭਾਵਾਂ ʼਤੇ ਆਉਣ-ਜਾਣ ਲਈ ਮਦਦ ਦੀ ਲੋੜ ਸੀ। ਉਸ ਸਮੇਂ ਬਾਰੇ ਸੋਚਦਿਆਂ ਉਹ ਦੱਸਦਾ ਹੈ: “ਉਦੋਂ ਮੈਨੂੰ ਸਮਝ ਆਈ ਕਿ ਪੂਰੀ ਵਾਹ ਲਾ ਕੇ ਦੂਜਿਆਂ ਦੀ ਸੇਵਾ ਕਰਨ ਦਾ ਕੀ ਮਤਲਬ ਹੁੰਦਾ ਹੈ। ਮੈਨੂੰ ਉਹ ਖ਼ੁਸ਼ੀ ਮਿਲੀ ਜੋ ਦੂਜਿਆਂ ਦੀ ਮਦਦ ਕਰਨ ਨਾਲ ਮਿਲਦੀ ਹੈ।”
ਵਫ਼ਾਦਾਰ ਭਰਾਵਾਂ ਨਾਲ ਸਮਾਂ ਬਿਤਾਉਣ ਕਰਕੇ ਨੌਜਵਾਨ ਭਰਾਵਾਂ ਨੂੰ ਕੀ ਫ਼ਾਇਦਾ ਹੋ ਸਕਦਾ ਹੈ? (ਪੈਰਾ 7 ਦੇਖੋ)
ਤਿਮੋਥਿਉਸ ਵਾਂਗ ਦੂਜਿਆਂ ਦਾ ਦਿਲੋਂ ਫ਼ਿਕਰ ਕਰੋ
8. ਪੌਲੁਸ ਨੇ ਤਿਮੋਥਿਉਸ ਨੂੰ ਆਪਣੇ ਨਾਲ ਲਿਜਾਣ ਲਈ ਕਿਉਂ ਚੁਣਿਆ? (ਫ਼ਿਲਿੱਪੀਆਂ 2:19-22)
8 ਜਦੋਂ ਪੌਲੁਸ ਨੇ ਉਨ੍ਹਾਂ ਸ਼ਹਿਰਾਂ ਵਿਚ ਵਾਪਸ ਜਾਣਾ ਸੀ ਜਿੱਥੇ ਲੋਕਾਂ ਨੇ ਉਸ ʼਤੇ ਅਤਿਆਚਾਰ ਕੀਤੇ ਸਨ, ਤਾਂ ਉਹ ਆਪਣੇ ਨਾਲ ਦਲੇਰ ਭਰਾਵਾਂ ਨੂੰ ਲਿਜਾਣਾ ਚਾਹੁੰਦਾ ਸੀ। ਸਭ ਤੋਂ ਪਹਿਲਾਂ ਉਸ ਨੇ ਭਰਾ ਸੀਲਾਸ ਨੂੰ ਚੁਣਿਆ ਜੋ ਕਾਫ਼ੀ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਿਹਾ ਸੀ। (ਰਸੂ. 15:22, 40) ਬਾਅਦ ਵਿਚ ਪੌਲੁਸ ਨੇ ਤਿਮੋਥਿਉਸ ਨੂੰ ਵੀ ਚੁਣਿਆ। ਪੌਲੁਸ ਨੇ ਤਿਮੋਥਿਉਸ ਵਿਚ ਕਿਹੜੀ ਖ਼ਾਸ ਗੱਲ ਦੇਖੀ ਸੀ? ਇਕ ਗੱਲ ਤਾਂ ਇਹ ਸੀ ਕਿ ਤਿਮੋਥਿਉਸ ਦਾ ਮੰਡਲੀ ਵਿਚ ਚੰਗਾ ਨਾਂ ਸੀ। (ਰਸੂ. 16:1, 2) ਨਾਲੇ ਉਹ ਦੂਜਿਆਂ ਦਾ ਦਿਲੋਂ ਫ਼ਿਕਰ ਵੀ ਕਰਦਾ ਸੀ।—ਫ਼ਿਲਿੱਪੀਆਂ 2:19-22 ਪੜ੍ਹੋ।
9. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਤਿਮੋਥਿਉਸ ਦੂਜਿਆਂ ਦਾ ਦਿਲੋਂ ਫ਼ਿਕਰ ਕਰਦਾ ਸੀ?
9 ਜਦੋਂ ਪੌਲੁਸ ਨੇ ਤਿਮੋਥਿਉਸ ਨਾਲ ਮਿਲ ਕੇ ਸੇਵਾ ਕਰਨੀ ਸ਼ੁਰੂ ਕੀਤੀ, ਤਾਂ ਉਸ ਨੇ ਦੇਖਿਆ ਕਿ ਉਹ ਆਪਣੇ ਨਾਲੋਂ ਜ਼ਿਆਦਾ ਦੂਜਿਆਂ ਦਾ ਫ਼ਿਕਰ ਕਰਦਾ ਸੀ। ਇਸ ਲਈ ਜਦੋਂ ਪੌਲੁਸ ਨੂੰ ਅਚਾਨਕ ਬਰੀਆ ਛੱਡ ਕੇ ਜਾਣਾ ਪਿਆ, ਤਾਂ ਉਹ ਤਿਮੋਥਿਉਸ ਨੂੰ ਉੱਥੇ ਇਸ ਭਰੋਸੇ ਨਾਲ ਛੱਡ ਗਿਆ ਕਿ ਉਹ ਨਵੇਂ ਬਣੇ ਚੇਲਿਆਂ ਦਾ ਹੌਸਲਾ ਵਧਾਵੇਗਾ। (ਰਸੂ. 17:13, 14) ਉਸ ਸਮੇਂ ਤਿਮੋਥਿਉਸ ਨੇ ਸੀਲਾਸ ਤੋਂ ਜ਼ਰੂਰ ਬਹੁਤ ਕੁਝ ਸਿੱਖਿਆ ਹੋਣਾ ਜੋ ਉਸ ਵੇਲੇ ਬਰੀਆ ਵਿਚ ਹੀ ਸੀ। ਪਰ ਬਾਅਦ ਵਿਚ ਪੌਲੁਸ ਨੇ ਇਕੱਲਿਆਂ ਹੀ ਤਿਮੋਥਿਉਸ ਨੂੰ ਥੱਸਲੁਨੀਕੀਆਂ ਭੇਜਿਆ ਤਾਂਕਿ ਉਹ ਉੱਥੇ ਦੇ ਭੈਣ-ਭਰਾਵਾਂ ਦੀ ਨਿਹਚਾ ਮਜ਼ਬੂਤ ਕਰ ਸਕੇ। (1 ਥੱਸ. 3:2) ਅਗਲੇ 15 ਸਾਲਾਂ ਦੌਰਾਨ ਤਿਮੋਥਿਉਸ ਨੇ ਭੈਣਾਂ-ਭਰਾਵਾਂ ਨਾਲ ਹਮਦਰਦੀ ਰੱਖਣੀ ਸਿੱਖੀ। ਉਸ ਨੇ ਸਿੱਖਿਆ ਕਿ ‘ਰੋਣ ਵਾਲਿਆਂ ਨਾਲ ਰੋਣ’ ਦਾ ਕੀ ਮਤਲਬ ਹੈ। (ਰੋਮੀ. 12:15; 2 ਤਿਮੋ. 1:4) ਅੱਜ ਨੌਜਵਾਨ ਭਰਾ ਤਿਮੋਥਿਉਸ ਦੀ ਰੀਸ ਕਿਵੇਂ ਕਰ ਸਕਦੇ ਹਨ?
10. ਭਰਾ ਵੂ-ਜੇ ਨੇ ਦੂਜਿਆਂ ਵਿਚ ਦਿਲਚਸਪੀ ਲੈਣੀ ਕਿਵੇਂ ਸਿੱਖੀ?
10 ਜ਼ਰਾ ਭਰਾ ਵੂ-ਜੇ ਦੇ ਤਜਰਬੇ ʼਤੇ ਧਿਆਨ ਦਿਓ। ਉਸ ਨੇ ਦੂਜਿਆਂ ਵਿਚ ਹੋਰ ਦਿਲਚਸਪੀ ਲੈਣੀ ਸਿੱਖੀ। ਛੋਟੇ ਹੁੰਦਿਆਂ ਵੂ-ਜੇ ਨੂੰ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨਾਲ ਗੱਲਬਾਤ ਕਰਨੀ ਬਹੁਤ ਔਖੀ ਲੱਗਦੀ ਸੀ। ਇਸ ਲਈ ਉਹ ਸਭਾਵਾਂ ਵਿਚ ਉਨ੍ਹਾਂ ਨੂੰ ਬੱਸ ਮਾੜਾ-ਮੋਟਾ ਬੁਲਾ ਕੇ ਚਲਾ ਜਾਂਦਾ ਸੀ। ਇਕ ਬਜ਼ੁਰਗ ਨੇ ਵੂ-ਜੇ ਨੂੰ ਸਲਾਹ ਦਿੱਤੀ ਕਿ ਉਹ ਭੈਣਾਂ-ਭਰਾਵਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਕੀ ਕਰ ਸਕਦਾ ਹੈ। ਉਸ ਨੇ ਕਿਹਾ ਕਿ ਉਹ ਦੂਜਿਆਂ ਨੂੰ ਦੱਸ ਸਕਦਾ ਹੈ ਕਿ ਉਸ ਨੂੰ ਉਨ੍ਹਾਂ ਦੀ ਕਿਹੜੀ ਗੱਲ ਵਧੀਆ ਲੱਗਦੀ ਹੈ। ਨਾਲੇ ਉਹ ਇਸ ਬਾਰੇ ਵੀ ਸੋਚ ਸਕਦਾ ਹੈ ਕਿ ਦੂਜੇ ਵਿਅਕਤੀ ਨੂੰ ਕਿਸ ਵਿਸ਼ੇ ʼਤੇ ਗੱਲ ਕਰਨੀ ਵਧੀਆ ਲੱਗੇਗੀ। ਵੂ-ਜੇ ਨੇ ਇਸ ਸਲਾਹ ਨੂੰ ਲਾਗੂ ਕੀਤਾ। ਅੱਜ ਉਹ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ। ਉਹ ਦੱਸਦਾ ਹੈ: “ਹੁਣ ਮੈਂ ਸੌਖਿਆਂ ਹੀ ਕਿਸੇ ਵੀ ਉਮਰ ਦੇ ਵਿਅਕਤੀ ਨਾਲ ਗੱਲ ਕਰ ਸਕਦਾ ਹਾਂ ਅਤੇ ਸਾਡੀ ਚੰਗੀ ਗੱਲਬਾਤ ਹੁੰਦੀ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਹੁਣ ਮੈਂ ਉਨ੍ਹਾਂ ਦੇ ਹਾਲਾਤਾਂ ਨੂੰ ਸਮਝ ਸਕਦਾ ਹਾਂ। ਇਸ ਕਰਕੇ ਮੈਂ ਉਨ੍ਹਾਂ ਦੀ ਵਧੀਆ ਢੰਗ ਨਾਲ ਮਦਦ ਕਰ ਸਕਦਾ ਹਾਂ।”
11. ਨੌਜਵਾਨ ਭਰਾ ਮੰਡਲੀ ਦੇ ਭੈਣਾਂ-ਭਰਾਵਾਂ ਵਿਚ ਦਿਲਚਸਪੀ ਲੈਣੀ ਕਿਵੇਂ ਸਿੱਖ ਸਕਦੇ ਹਨ? (ਤਸਵੀਰ ਵੀ ਦੇਖੋ।)
11 ਨੌਜਵਾਨ ਭਰਾਵੋ, ਤੁਸੀਂ ਵੀ ਦੂਜਿਆਂ ਵਿਚ ਦਿਲਚਸਪੀ ਲੈਣੀ ਸਿੱਖ ਸਕਦੇ ਹੋ। ਜਦੋਂ ਤੁਸੀਂ ਸਭਾਵਾਂ ਵਿਚ ਜਾਂਦੇ ਹੋ, ਤਾਂ ਸਾਰਿਆਂ ਨਾਲ ਗੱਲ ਕਰੋ, ਫਿਰ ਚਾਹੇ ਉਹ ਕਿਸੇ ਵੀ ਉਮਰ ਦੇ ਜਾਂ ਕਿਸੇ ਵੀ ਜਗ੍ਹਾ ਤੋਂ ਕਿਉਂ ਨਾ ਹੋਣ। ਉਨ੍ਹਾਂ ਦਾ ਹਾਲ-ਚਾਲ ਪੁੱਛੋ ਅਤੇ ਫਿਰ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣੋ। ਇੱਦਾਂ ਤੁਸੀਂ ਜਾਣ ਸਕੋਗੇ ਕਿ ਉਨ੍ਹਾਂ ਨੂੰ ਕਿਹੜੇ ਮਾਮਲੇ ਵਿਚ ਮਦਦ ਦੀ ਲੋੜ ਹੈ। ਸ਼ਾਇਦ ਤੁਹਾਨੂੰ ਪਤਾ ਲੱਗੇ ਕਿ ਮੰਡਲੀ ਦੇ ਇਕ ਸਿਆਣੀ ਉਮਰ ਦੇ ਜੋੜੇ ਨੂੰ JW ਲਾਇਬ੍ਰੇਰੀ ਐਪ ਚਲਾਉਣ ਵਿਚ ਮਦਦ ਦੀ ਲੋੜ ਹੈ। ਕੀ ਤੁਸੀਂ ਐਪ ਚਲਾਉਣ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹੋ? ਜਾਂ ਫਿਰ ਸ਼ਾਇਦ ਤੁਹਾਨੂੰ ਪਤਾ ਲੱਗੇ ਕਿ ਉਨ੍ਹਾਂ ਦਾ ਪ੍ਰਚਾਰ ʼਤੇ ਜਾਣ ਦਾ ਕਿਸੇ ਨਾਲ ਕੋਈ ਪਲੈਨ ਨਹੀਂ ਬਣਿਆ। ਕੀ ਤੁਸੀਂ ਉਨ੍ਹਾਂ ਨਾਲ ਪ੍ਰਚਾਰ ʼਤੇ ਜਾ ਸਕਦੇ ਹੋ? ਦੂਜਿਆਂ ਦੀ ਮਦਦ ਕਰਨ ਵਿਚ ਪਹਿਲ ਕਰ ਕੇ ਤੁਸੀਂ ਮੰਡਲੀ ਵਿਚ ਸਾਰਿਆਂ ਲਈ ਇਕ ਚੰਗੀ ਮਿਸਾਲ ਰੱਖ ਰਹੇ ਹੋਵੋਗੇ।
ਨੌਜਵਾਨ ਭਰਾ ਕਈ ਤਰੀਕਿਆਂ ਨਾਲ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਨ (ਪੈਰਾ 11 ਦੇਖੋ)
ਪੌਲੁਸ ਦੀ ਸਲਾਹ ਤੋਂ ਫ਼ਾਇਦਾ ਪਾਓ
12. ਤਿਮੋਥਿਉਸ ਨੂੰ ਦਿੱਤੀ ਪੌਲੁਸ ਦੀ ਸਲਾਹ ਤੋਂ ਨੌਜਵਾਨ ਭਰਾ ਕਿਵੇਂ ਫ਼ਾਇਦਾ ਲੈ ਸਕਦੇ ਹਨ?
12 ਪੌਲੁਸ ਲਈ ਤਿਮੋਥਿਉਸ ਉਸ ਦੇ ਪੁੱਤਰ ਵਾਂਗ ਸੀ। ਉਸ ਨੇ ਤਿਮੋਥਿਉਸ ਨੂੰ ਵਧੀਆ ਸਲਾਹ ਦਿੱਤੀ ਜਿਸ ਦੀ ਮਦਦ ਨਾਲ ਉਹ ਖ਼ੁਸ਼ ਰਹਿ ਸਕਿਆ ਅਤੇ ਪੂਰੀ ਵਾਹ ਲਾ ਕੇ ਪਰਮੇਸ਼ੁਰ ਦੀ ਸੇਵਾ ਕਰ ਸਕਿਆ। (1 ਤਿਮੋ. 1:18; 2 ਤਿਮੋ. 4:5) ਨੌਜਵਾਨ ਭਰਾਵੋ, ਤੁਸੀਂ ਵੀ ਪੌਲੁਸ ਦੀ ਸਲਾਹ ਤੋਂ ਫ਼ਾਇਦਾ ਲੈ ਸਕਦੇ ਹੋ। ਪਰ ਕਿਵੇਂ? ਪੌਲੁਸ ਨੇ ਤਿਮੋਥਿਉਸ ਨੂੰ ਜੋ ਦੋ ਚਿੱਠੀਆਂ ਲਿਖੀਆਂ ਸਨ, ਉਨ੍ਹਾਂ ਨੂੰ ਇੱਦਾਂ ਪੜ੍ਹੋ ਜਿੱਦਾਂ ਇਹ ਤੁਹਾਡੇ ਲਈ ਲਿਖੀਆਂ ਹੋਣ। ਫਿਰ ਸੋਚੋ ਕਿ ਤੁਸੀਂ ਕਿਹੜੀ ਸਲਾਹ ਲਾਗੂ ਕਰ ਸਕਦੇ ਹੋ। ਆਓ ਆਪਾਂ ਉਨ੍ਹਾਂ ਵਿੱਚੋਂ ਕੁਝ ਸਲਾਹਾਂ ʼਤੇ ਗੌਰ ਕਰੀਏ।
13. ਯਹੋਵਾਹ ਦੇ ਹੋਰ ਵੀ ਵਫ਼ਾਦਾਰ ਰਹਿਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ?
13 “ਤੂੰ ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣ ਦਾ ਟੀਚਾ ਰੱਖ ਅਤੇ ਇਸ ਟੀਚੇ ਤਕ ਪਹੁੰਚਣ ਲਈ ਅਭਿਆਸ ਕਰਦਾ ਰਹਿ।” (1 ਤਿਮੋ. 4:7ਅ) ਪਰਮੇਸ਼ੁਰ ਦੀ ਭਗਤੀ ਕਰਨ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਯਹੋਵਾਹ ਦੇ ਵਫ਼ਾਦਾਰ ਰਹਿਣਾ ਅਤੇ ਉਸ ਨੂੰ ਖ਼ੁਸ਼ ਕਰਨ ਵਾਲੇ ਕੰਮ ਕਰਨੇ। ਵਫ਼ਾਦਾਰੀ ਦਾ ਗੁਣ ਸਾਡੇ ਵਿਚ ਜਨਮ ਤੋਂ ਨਹੀਂ ਹੁੰਦਾ। ਸਾਨੂੰ ਇਸ ਨੂੰ ਪੈਦਾ ਕਰਨ ਦੀ ਲੋੜ ਹੈ। ਅਸੀਂ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ? ਇੱਥੇ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਅਭਿਆਸ ਕਰਦਾ ਰਹਿ” ਕੀਤਾ ਗਿਆ ਹੈ, ਉਹ ਅਕਸਰ ਉਨ੍ਹਾਂ ਖਿਡਾਰੀਆਂ ਲਈ ਵਰਤਿਆ ਜਾਂਦਾ ਸੀ ਜੋ ਕਿਸੇ ਮੁਕਾਬਲੇ ਵਿਚ ਹਿੱਸਾ ਲੈਣ ਲਈ ਮਿਹਨਤ ਕਰਦੇ ਸਨ ਅਤੇ ਖ਼ੁਦ ਨਾਲ ਸਖ਼ਤੀ ਵਰਤਦੇ ਸਨ। ਇਸੇ ਤਰ੍ਹਾਂ ਸਾਨੂੰ ਵੀ ਖ਼ੁਦ ਨਾਲ ਸਖ਼ਤੀ ਵਰਤਣ ਦੀ ਲੋੜ ਹੈ ਤਾਂਕਿ ਅਸੀਂ ਉਹ ਚੰਗੀਆਂ ਆਦਤਾਂ ਪਾ ਸਕੀਏ ਜਿਨ੍ਹਾਂ ਨਾਲ ਅਸੀਂ ਯਹੋਵਾਹ ਦੇ ਹੋਰ ਵੀ ਨੇੜੇ ਆ ਸਕੀਏ।
14. ਬਾਈਬਲ ਪੜ੍ਹਨ ਦਾ ਸਾਡਾ ਕੀ ਟੀਚਾ ਹੋਣਾ ਚਾਹੀਦਾ ਹੈ? ਇਕ ਮਿਸਾਲ ਦਿਓ।
14 ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਹਰ ਰੋਜ਼ ਬਾਈਬਲ ਪੜ੍ਹਨ ਦੀ ਆਦਤ ਪਾਓ। ਨਾਲੇ ਇਹ ਵੀ ਯਾਦ ਰੱਖੋ ਕਿ ਬਾਈਬਲ ਪੜ੍ਹਨ ਦਾ ਤੁਹਾਡਾ ਟੀਚਾ ਯਹੋਵਾਹ ਦੇ ਹੋਰ ਨੇੜੇ ਜਾਣ ਦਾ ਹੋਣਾ ਚਾਹੀਦਾ ਹੈ। ਮਿਸਾਲ ਲਈ, ਜਦੋਂ ਤੁਸੀਂ ਯਿਸੂ ਅਤੇ ਅਮੀਰ ਆਦਮੀ ਦੀ ਮਿਸਾਲ ਪੜ੍ਹਦੇ ਹੋ, ਤਾਂ ਸੋਚੋ ਇਸ ਤੋਂ ਤੁਹਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ। (ਮਰ. 10:17-22) ਉਸ ਅਮੀਰ ਆਦਮੀ ਨੂੰ ਯਕੀਨ ਸੀ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹ ਹੈ। ਪਰ ਨਿਹਚਾ ਦੀ ਘਾਟ ਹੋਣ ਕਰਕੇ ਉਹ ਯਿਸੂ ਦਾ ਚੇਲਾ ਨਹੀਂ ਬਣਿਆ। ਪਰ ਫਿਰ ਵੀ ਯਿਸੂ ਦਾ “ਦਿਲ ਉਸ ਵਾਸਤੇ ਪਿਆਰ ਨਾਲ ਭਰ ਗਿਆ।” ਯਿਸੂ ਨੇ ਜਿਸ ਤਰੀਕੇ ਨਾਲ ਉਸ ਨਾਲ ਗੱਲ ਕੀਤੀ, ਕੀ ਉਸ ਬਾਰੇ ਪੜ੍ਹ ਕੇ ਤੁਹਾਡਾ ਦਿਲ ਨਹੀਂ ਛੂਹਿਆ ਜਾਂਦਾ? ਯਿਸੂ ਚਾਹੁੰਦਾ ਸੀ ਕਿ ਉਹ ਸਹੀ ਫ਼ੈਸਲਾ ਕਰੇ। ਯਿਸੂ ਨੇ ਉਸ ਅਮੀਰ ਆਦਮੀ ਬਾਰੇ ਜਿੱਦਾਂ ਮਹਿਸੂਸ ਕੀਤਾ ਸੀ, ਯਹੋਵਾਹ ਨੇ ਵੀ ਉਸੇ ਤਰ੍ਹਾਂ ਮਹਿਸੂਸ ਕੀਤਾ ਸੀ। (ਯੂਹੰ. 14:9) ਜਦੋਂ ਤੁਸੀਂ ਇਸ ਬਿਰਤਾਂਤ ਬਾਰੇ ਅਤੇ ਆਪਣੇ ਹਾਲਾਤਾਂ ਬਾਰੇ ਸੋਚਦੇ ਹੋ, ਤਾਂ ਆਪਣੇ ਆਪ ਤੋਂ ਪੁੱਛੋ, ‘ਯਹੋਵਾਹ ਦੇ ਹੋਰ ਨੇੜੇ ਜਾਣ ਲਈ ਅਤੇ ਦੂਜਿਆਂ ਦੀ ਪੂਰੀ ਵਾਹ ਲਾ ਕੇ ਸੇਵਾ ਕਰਨ ਲਈ ਮੈਨੂੰ ਕੀ ਕਰਨ ਦੀ ਲੋੜ ਹੈ?’
15. ਨੌਜਵਾਨ ਭਰਾਵਾਂ ਨੂੰ ਇਕ ਚੰਗੀ ਮਿਸਾਲ ਕਿਉਂ ਬਣਨਾ ਚਾਹੀਦਾ ਹੈ? ਇਕ ਮਿਸਾਲ ਦਿਓ। (1 ਤਿਮੋਥਿਉਸ 4:12, 13)
15 “ਵਫ਼ਾਦਾਰ ਸੇਵਕਾਂ ਲਈ . . . ਚੰਗੀ ਮਿਸਾਲ ਕਾਇਮ ਕਰ।” (1 ਤਿਮੋਥਿਉਸ 4:12, 13 ਪੜ੍ਹੋ।) ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਕਿ ਉਹ ਪੜ੍ਹਨ ਤੇ ਸਿਖਾਉਣ ਦਾ ਆਪਣਾ ਹੁਨਰ ਨਿਖਾਰੇ। ਫਿਰ ਉਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਅੰਦਰ ਪਿਆਰ ਤੇ ਨਿਹਚਾ ਵਰਗੇ ਗੁਣ ਵਧਾਵੇ ਅਤੇ ਸ਼ੁੱਧ ਰਹਿਣ ਵਿਚ ਚੰਗੀ ਮਿਸਾਲ ਕਾਇਮ ਕਰੇ। ਉਸ ਨੇ ਇੱਦਾਂ ਕਿਉਂ ਕਿਹਾ? ਕਿਉਂਕਿ ਦੂਜਿਆਂ ʼਤੇ ਸਾਡੀਆਂ ਗੱਲਾਂ ਨਾਲੋਂ ਸਾਡੇ ਕੰਮਾਂ ਦਾ ਜ਼ਿਆਦਾ ਅਸਰ ਹੁੰਦਾ ਹੈ। ਮੰਨ ਲਓ, ਤੁਹਾਨੂੰ ਇਕ ਭਾਸ਼ਣ ਦੇਣ ਲਈ ਕਿਹਾ ਜਾਂਦਾ ਹੈ ਜਿਸ ਵਿਚ ਤੁਸੀਂ ਪ੍ਰਚਾਰ ਲਈ ਭੈਣਾਂ-ਭਰਾਵਾਂ ਦਾ ਜੋਸ਼ ਵਧਾਉਣਾ ਹੈ। ਜੇ ਤੁਸੀਂ ਖ਼ੁਦ ਜੋਸ਼ ਨਾਲ ਪ੍ਰਚਾਰ ਕਰਦੇ ਹੋ, ਤਾਂ ਤੁਸੀਂ ਪੂਰੇ ਯਕੀਨ ਨਾਲ ਦੂਜਿਆਂ ਨੂੰ ਵੀ ਇੱਦਾਂ ਕਰਨ ਦੀ ਹੱਲਾਸ਼ੇਰੀ ਦੇ ਸਕੋਗੇ। ਜਦੋਂ ਭੈਣ-ਭਰਾ ਦੇਖਣਗੇ ਕਿ ਤੁਸੀਂ ਖ਼ੁਦ ਇਸ ਮਾਮਲੇ ਵਿਚ ਇਕ ਚੰਗੀ ਮਿਸਾਲ ਹੋ, ਤਾਂ ਤੁਹਾਡੀਆਂ ਗੱਲਾਂ ਦਾ ਉਨ੍ਹਾਂ ʼਤੇ ਗਹਿਰਾ ਅਸਰ ਹੋਵੇਗਾ।—1 ਤਿਮੋ. 3:13.
16. (ੳ) ਨੌਜਵਾਨ ਮਸੀਹੀ ਕਿਨ੍ਹਾਂ ਪੰਜ ਤਰੀਕਿਆਂ ਰਾਹੀਂ ਇਕ ਵਧੀਆ ਮਿਸਾਲ ਬਣ ਸਕਦੇ ਹਨ? (ਅ) ਇਕ ਨੌਜਵਾਨ ਭਰਾ “ਬੋਲੀ” ਦੇ ਮਾਮਲੇ ਵਿਚ ਚੰਗੀ ਮਿਸਾਲ ਕਿਵੇਂ ਰੱਖ ਸਕਦਾ ਹੈ?
16 ਪਹਿਲਾ ਤਿਮੋਥਿਉਸ 4:12 ਵਿਚ ਪੌਲੁਸ ਨੇ ਪੰਜ ਤਰੀਕਿਆਂ ਬਾਰੇ ਦੱਸਿਆ ਜਿਸ ਨਾਲ ਇਕ ਨੌਜਵਾਨ ਭਰਾ ਦੂਜਿਆਂ ਲਈ ਚੰਗੀ ਮਿਸਾਲ ਬਣ ਸਕਦਾ ਹੈ। ਕਿਉਂ ਨਾ ਨਿੱਜੀ ਅਧਿਐਨ ਕਰਦਿਆਂ ਤੁਸੀਂ ਇਕ-ਇਕ ਕਰਕੇ ਇਨ੍ਹਾਂ ਸਾਰੇ ਤਰੀਕਿਆਂ ਦਾ ਅਧਿਐਨ ਕਰੋ। ਮੰਨ ਲਓ, ਤੁਸੀਂ “ਬੋਲੀ” ਦੇ ਮਾਮਲੇ ਵਿਚ ਚੰਗੀ ਮਿਸਾਲ ਰੱਖਣੀ ਚਾਹੁੰਦੇ ਹੋ। ਤਾਂ ਫਿਰ ਇਸ ਲਈ ਤੁਸੀਂ ਕੀ ਕਰ ਸਕਦੇ ਹੋ? ਸੋਚੋ ਕਿ ਤੁਸੀਂ ਆਪਣੀਆਂ ਗੱਲਾਂ ਰਾਹੀਂ ਦੂਜਿਆਂ ਦਾ ਹੌਸਲਾ ਕਿਵੇਂ ਵਧਾ ਸਕਦੇ ਹੋ। ਤੁਹਾਡੇ ਮਾਪੇ ਤੁਹਾਡੇ ਲਈ ਜੋ ਵੀ ਕਰਦੇ ਹਨ, ਕੀ ਤੁਸੀਂ ਹਰ ਵਾਰ ਉਸ ਲਈ ਦਿਲੋਂ ਸ਼ੁਕਰਗੁਜ਼ਾਰੀ ਦਿਖਾ ਸਕਦੇ ਹੋ? ਕੀ ਤੁਸੀਂ ਸਭਾਵਾਂ ਵਿਚ ਕਿਸੇ ਨੂੰ ਦੱਸ ਸਕਦੇ ਹੋ ਕਿ ਉਸ ਨੇ ਜੋ ਵੀ ਭਾਗ ਪੇਸ਼ ਕੀਤਾ, ਉਸ ਵਿੱਚੋਂ ਤੁਹਾਨੂੰ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ? ਨਾਲੇ ਤੁਸੀਂ ਸਭਾਵਾਂ ਵਿਚ ਆਪਣੇ ਸ਼ਬਦਾਂ ਵਿਚ ਜਵਾਬ ਦੇਣ ਦੀ ਕੋਸ਼ਿਸ਼ ਕਰ ਸਕਦੇ ਹੋ। ਜਦੋਂ ਤੁਸੀਂ ਬੋਲੀ ਦੇ ਮਾਮਲੇ ਵਿਚ ਵਧੀਆ ਮਿਸਾਲ ਰੱਖਣ ਲਈ ਸਖ਼ਤ ਮਿਹਨਤ ਕਰੋਗੇ, ਤਾਂ ਦੂਜੇ ਦੇਖ ਸਕਣਗੇ ਕਿ ਤੁਸੀਂ ਯਹੋਵਾਹ ਦੇ ਹੋਰ ਵਧੀਆ ਸੇਵਕ ਬਣ ਰਹੇ ਹੋ।—1 ਤਿਮੋ. 4:15.
17. ਇਕ ਨੌਜਵਾਨ ਭਰਾ ਯਹੋਵਾਹ ਦੀ ਸੇਵਾ ਵਿਚ ਰੱਖੇ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਕੀ ਕਰ ਸਕਦਾ ਹੈ? (2 ਤਿਮੋਥਿਉਸ 2:22)
17 “ਜਵਾਨੀ ਦੀਆਂ ਇੱਛਾਵਾਂ ਤੋਂ ਦੂਰ ਭੱਜ, ਪਰ ਸਾਫ਼ ਦਿਲ ਨਾਲ . . . ਚੱਲਦਾ ਰਹਿ।” (2 ਤਿਮੋਥਿਉਸ 2:22 ਪੜ੍ਹੋ।) ਪੌਲੁਸ ਨੇ ਤਿਮੋਥਿਉਸ ਨੂੰ ਗੁਜ਼ਾਰਸ਼ ਕੀਤੀ ਕਿ ਉਹ ਜਵਾਨੀ ਦੀਆਂ ਇੱਛਾਵਾਂ ਨਾਲ ਲੜੇ। ਕਿਉਂ? ਕਿਉਂਕਿ ਇਹ ਇੱਛਾਵਾਂ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨ ਤੋਂ ਉਸ ਦਾ ਧਿਆਨ ਭਟਕਾ ਸਕਦੀਆਂ ਹਨ ਅਤੇ ਇਨ੍ਹਾਂ ਕਰਕੇ ਉਸ ਦਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਪੈ ਸਕਦਾ ਹੈ। ਹੁਣ ਜ਼ਰਾ ਆਪਣੇ ਬਾਰੇ ਸੋਚੋ। ਹੋ ਸਕਦਾ ਹੈ ਕਿ ਤੁਹਾਡੇ ਕੁਝ ਅਜਿਹੇ ਸ਼ੌਂਕ ਹੋਣ ਜੋ ਆਪਣੇ ਆਪ ਵਿਚ ਗ਼ਲਤ ਨਹੀਂ ਹਨ, ਪਰ ਉਨ੍ਹਾਂ ਵਿਚ ਤੁਹਾਡਾ ਇੰਨਾ ਸਮਾਂ ਚਲਾ ਜਾਂਦਾ ਹੈ ਕਿ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿਆਦਾ ਕਰਨ ਲਈ ਤੁਹਾਡੇ ਕੋਲ ਸਮਾਂ ਹੀ ਨਹੀਂ ਬਚਦਾ। ਮਿਸਾਲ ਲਈ, ਹੋ ਸਕਦਾ ਹੈ ਕਿ ਤੁਹਾਨੂੰ ਕੋਈ ਖੇਡ ਖੇਡਣੀ ਪਸੰਦ ਹੋਵੇ, ਇੰਟਰਨੈੱਟ ਚਲਾਉਣਾ ਜਾਂ ਵੀਡੀਓ ਗੇਮ ਖੇਡਣੀ ਪਸੰਦ ਹੋਵੇ। ਕੀ ਤੁਸੀਂ ਇਨ੍ਹਾਂ ਚੀਜ਼ਾਂ ਵਿੱਚੋਂ ਥੋੜ੍ਹਾ ਸਮਾਂ ਕੱਢ ਕੇ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨ ਜਾਂ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਲਾ ਸਕਦੇ ਹੋ? ਸ਼ਾਇਦ ਤੁਸੀਂ ਕਿੰਗਡਮ ਹਾਲ ਦੀ ਸਾਂਭ-ਸੰਭਾਲ ਵਿਚ ਹੱਥ ਵਟਾ ਸਕਦੇ ਹੋ ਜਾਂ ਰੇੜ੍ਹੀ ਲਾ ਕੇ ਗਵਾਹੀ ਦੇਣ ਵਿਚ ਮਦਦ ਕਰ ਸਕਦੇ ਹੋ। ਜੇ ਤੁਸੀਂ ਇਸ ਤਰ੍ਹਾਂ ਦੇ ਕੰਮ ਕਰੋਗੇ, ਤਾਂ ਤੁਸੀਂ ਨਵੇਂ ਦੋਸਤ ਬਣਾ ਸਕੋਗੇ। ਇਹ ਦੋਸਤ ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖਣ ਅਤੇ ਉਨ੍ਹਾਂ ਨੂੰ ਹਾਸਲ ਕਰਨ ਵਿਚ ਤੁਹਾਡੀ ਮਦਦ ਕਰਨਗੇ।
ਦੂਜਿਆਂ ਦੀ ਸੇਵਾ ਕਰਨ ਨਾਲ ਮਿਲਦੀਆਂ ਬਰਕਤਾਂ
18. ਮਰਕੁਸ ਅਤੇ ਤਿਮੋਥਿਉਸ ਨੂੰ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨ ਕਰਕੇ ਕਿਹੜੀਆਂ ਬਰਕਤਾਂ ਮਿਲੀਆਂ?
18 ਮਰਕੁਸ ਅਤੇ ਤਿਮੋਥਿਉਸ ਨੇ ਦੂਜਿਆਂ ਦੀ ਵਧ-ਚੜ੍ਹ ਕੇ ਸੇਵਾ ਕਰਨ ਲਈ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ। ਨਤੀਜੇ ਵਜੋਂ, ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਮਿਲੀਆਂ। (ਰਸੂ. 20:35) ਮਰਕੁਸ ਨੂੰ ਦੂਰ-ਦੁਰਾਡੇ ਇਲਾਕਿਆਂ ਵਿਚ ਜਾ ਕੇ ਭੈਣਾਂ-ਭਰਾਵਾਂ ਦੀ ਮਦਦ ਕਰਨ ਦਾ ਮੌਕਾ ਮਿਲਿਆ। ਨਾਲੇ ਉਸ ਨੇ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਕਈ ਦਿਲਚਸਪ ਗੱਲਾਂ ਵੀ ਲਿਖੀਆਂ। ਤਿਮੋਥਿਉਸ ਮੰਡਲੀਆਂ ਬਣਾਉਣ ਅਤੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਵਿਚ ਪੌਲੁਸ ਦੀ ਮਦਦ ਕਰ ਸਕਿਆ। ਸੱਚ-ਮੁੱਚ, ਮਰਕੁਸ ਤੇ ਤਿਮੋਥਿਉਸ ਨੇ ਯਹੋਵਾਹ ਦੀ ਸੇਵਾ ਵਿਚ ਜੋ ਵੀ ਕੁਰਬਾਨੀਆਂ ਕੀਤੀਆਂ, ਉਸ ਤੋਂ ਯਹੋਵਾਹ ਜ਼ਰੂਰ ਬਹੁਤ ਖ਼ੁਸ਼ ਹੋਇਆ ਹੋਣਾ!
19. ਨੌਜਵਾਨ ਭਰਾਵਾਂ ਨੂੰ ਪੌਲੁਸ ਦੀ ਸਲਾਹ ਕਿਉਂ ਮੰਨਣੀ ਚਾਹੀਦੀ ਹੈ ਅਤੇ ਇਸ ਕਰਕੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
19 ਪੌਲੁਸ ਨੇ ਆਪਣੇ ਨੌਜਵਾਨ ਦੋਸਤ ਤਿਮੋਥਿਉਸ ਨੂੰ ਜੋ ਚਿੱਠੀਆਂ ਲਿਖੀਆਂ, ਉਨ੍ਹਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਤਿਮੋਥਿਉਸ ਨੂੰ ਬਹੁਤ ਪਿਆਰ ਕਰਦਾ ਸੀ। ਪਰ ਇਹ ਚਿੱਠੀਆਂ ਯਹੋਵਾਹ ਨੇ ਹੀ ਪੌਲੁਸ ਤੋਂ ਲਿਖਵਾਈਆਂ ਸਨ। ਇਸ ਕਰਕੇ ਇਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਯਹੋਵਾਹ ਤੁਹਾਨੂੰ ਨੌਜਵਾਨ ਭਰਾਵਾਂ ਨੂੰ ਵੀ ਬਹੁਤ ਪਿਆਰ ਕਰਦਾ ਹੈ। ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਸੇਵਾ ਕਰੋ ਅਤੇ ਬੇਸ਼ੁਮਾਰ ਬਰਕਤਾਂ ਹਾਸਲ ਕਰੋ। ਇਸ ਲਈ ਪੌਲੁਸ ਨੇ ਇਕ ਪਿਤਾ ਵਾਂਗ ਜੋ ਵਧੀਆ ਸਲਾਹ ਦਿੱਤੀ, ਉਸ ਨੂੰ ਮੰਨੋ ਅਤੇ ਆਪਣੇ ਅੰਦਰ ਯਹੋਵਾਹ ਤੇ ਭੈਣਾਂ-ਭਰਾਵਾਂ ਦੀ ਵਧ-ਚੜ੍ਹ ਕੇ ਸੇਵਾ ਕਰਨ ਦੀ ਇੱਛਾ ਪੈਦਾ ਕਰੋ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ਅੱਜ ਇਕ ਵਧੀਆ ਜ਼ਿੰਦਗੀ ਜੀ ਸਕੋਗੇ ਅਤੇ ਭਵਿੱਖ ਵਿਚ ਮਿਲਣ ਵਾਲੀ “ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜ” ਸਕੋਗੇ।—1 ਤਿਮੋ. 6:18, 19.
ਗੀਤ 80 “ਚੱਖੋ ਅਤੇ ਦੇਖੋ ਕਿ ਯਹੋਵਾਹ ਭਲਾ ਹੈ”
b ਤਸਵੀਰ ਬਾਰੇ ਜਾਣਕਾਰੀ: ਮਿਸ਼ਨਰੀ ਦੌਰੇ ਦੌਰਾਨ ਮਰਕੁਸ ਪੌਲੁਸ ਤੇ ਬਰਨਾਬਾਸ ਦੀ ਮਦਦ ਕਰ ਰਿਹਾ ਹੈ। ਤਿਮੋਥਿਉਸ ਖ਼ੁਸ਼ੀ-ਖ਼ੁਸ਼ੀ ਇਕ ਮੰਡਲੀ ਦਾ ਦੌਰਾ ਕਰ ਰਿਹਾ ਹੈ ਅਤੇ ਉੱਥੇ ਦੇ ਭਰਾਵਾਂ ਦਾ ਹੌਸਲਾ ਵਧਾ ਰਿਹਾ ਹੈ।