ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਜੂਨ ਸਫ਼ੇ 26-31
  • ਆਪਣੇ ਮਹਾਨ ਸਿੱਖਿਅਕ ਤੋਂ ਸਿੱਖੇ ਸਬਕ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੇ ਮਹਾਨ ਸਿੱਖਿਅਕ ਤੋਂ ਸਿੱਖੇ ਸਬਕ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮਾਪਿਆਂ ਦੀ ਵਧੀਆ ਮਿਸਾਲ
  • ਪੂਰੇ ਸਮੇਂ ਦੀ ਸੇਵਾ ਵਿਚ ਰੱਖਿਆ ਪਹਿਲਾ ਕਦਮ
  • ਮਿਸ਼ਨਰੀ ਸੇਵਾ ਕਰਨੀ
  • ਯੂਰਪ ਤੋਂ ਅਫ਼ਰੀਕਾ ਤਕ ਦਾ ਸਫ਼ਰ
  • ਮੱਧ ਪੂਰਬੀ ਦੇਸ਼ਾਂ ਵਿਚ ਸੇਵਾ
  • ਵਾਪਸ ਅਫ਼ਰੀਕਾ ਵਿਚ
  • ਹੱਥ ਢਿੱਲੇ ਨਾ ਕਰਨ ਦਾ ਪੱਕਾ ਇਰਾਦਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਮੇਰੀਆਂ ਉਮੀਦਾਂ ਤੋਂ ਵੱਧ ਕੇ ਯਹੋਵਾਹ ਨੇ ਮੈਨੂੰ ਬਰਕਤਾਂ ਦਿੱਤੀਆਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਯਹੋਵਾਹ ਨੇ ‘ਮੇਰੇ ਮਾਰਗਾਂ ਨੂੰ ਸਿੱਧਾ ਕੀਤਾ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਯਹੋਵਾਹ ਦੀ ਸੇਵਾ ਕਰਦਿਆਂ ਆਏ ਨਵੇਂ ਮੋੜ ਤੇ ਸਿੱਖੀਆਂ ਨਵੀਆਂ ਗੱਲਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਜੂਨ ਸਫ਼ੇ 26-31
ਫ਼ਰਾਂਕੋ ਡਾਗੋਸਤੀਨੀ।

ਜੀਵਨੀ

ਆਪਣੇ ਮਹਾਨ ਸਿੱਖਿਅਕ ਤੋਂ ਸਿੱਖੇ ਸਬਕ

ਫ਼ਰਾਂਕੋ ਡਾਗੋਸਤੀਨੀ ਦੀ ਜ਼ਬਾਨੀ

ਮੈਨੂੰ ਤੇ ਮੇਰੀ ਪਤਨੀ ਨੂੰ ਪਾਇਨੀਅਰਿੰਗ ਅਤੇ ਮਿਸ਼ਨਰੀ ਸੇਵਾ ਕਰਦਿਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਮਿਸਾਲ ਲਈ, ਥਾਂ-ਥਾਂ ʼਤੇ ਨਾਕਾਬੰਦੀ ਹੁੰਦੀ ਸੀ, ਹਥਿਆਰਾਂ ਨਾਲ ਲੈਸ ਫ਼ੌਜੀ ਖੜ੍ਹੇ ਹੁੰਦੇ ਸਨ, ਰਾਹ ਰੋਕਣ ਲਈ ਚੀਜ਼ਾਂ ਸਾੜੀਆਂ ਹੁੰਦੀਆਂ ਸਨ , ਤੂਫ਼ਾਨ ਆਉਂਦੇ ਸਨ, ਘਰੇਲੂ ਯੁੱਧ ਹੁੰਦੇ ਸਨ ਅਤੇ ਕਈ ਵਾਰ ਤਾਂ ਘਰ ਛੱਡ ਕੇ ਭੱਜਣਾ ਪੈਂਦਾ ਸੀ। ਚਾਹੇ ਸਾਡੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਸਨ, ਪਰ ਸਾਨੂੰ ਆਪਣੇ ਫ਼ੈਸਲਿਆਂ ਦਾ ਕੋਈ ਅਫ਼ਸੋਸ ਨਹੀਂ ਹੈ। ਯਹੋਵਾਹ ਨੇ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੌਰਾਨ ਸਾਡਾ ਸਾਥ ਦਿੱਤਾ ਅਤੇ ਸਾਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ। ਸਾਡੇ ਮਹਾਨ ਸਿੱਖਿਅਕ ਵਜੋਂ ਉਸ ਨੇ ਸਾਨੂੰ ਬਹੁਤ ਵਧੀਆ ਗੱਲਾਂ ਵੀ ਸਿਖਾਈਆਂ ਹਨ।​—ਅੱਯੂ. 36:22; ਯਸਾ. 30:20.

ਮਾਪਿਆਂ ਦੀ ਵਧੀਆ ਮਿਸਾਲ

1957 ਵਿਚ ਮੇਰੇ ਮਾਪੇ ਇਟਲੀ ਤੋਂ ਕੈਨੇਡਾ ਚਲੇ ਗਏ। ਉਹ ਸਸਕੈਚਵਾਨ ਪ੍ਰਾਂਤ ਦੇ ਕਿੰਡਰਜਲੀ ਸ਼ਹਿਰ ਜਾ ਕੇ ਵੱਸ ਗਏ। ਉੱਥੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਸੱਚਾਈ ਸਿੱਖੀ ਅਤੇ ਸੱਚਾਈ ਹੀ ਉਨ੍ਹਾਂ ਦੀ ਜ਼ਿੰਦਗੀ ਬਣ ਗਈ। ਮੈਨੂੰ ਯਾਦ ਹੈ ਕਿ ਛੋਟੇ ਹੁੰਦਿਆਂ ਮੈਂ ਆਪਣੇ ਪਰਿਵਾਰ ਨਾਲ ਪੂਰਾ-ਪੂਰਾ ਦਿਨ ਪ੍ਰਚਾਰ ਕਰਦਾ ਸੀ। ਇਸ ਲਈ ਕਦੀ-ਕਦੀ ਮੈਂ ਮਜ਼ਾਕ ਵਿਚ ਕਹਿੰਦਾ ਹਾਂ, ਮੈਂ ਤਾਂ ਅੱਠਾਂ ਸਾਲਾਂ ਦੀ ਉਮਰ ਵਿਚ ਹੀ “ਔਗਜ਼ੀਲਰੀ ਪਾਇਨੀਅਰਿੰਗ” ਕਰਨੀ ਸ਼ੁਰੂ ਕਰ ਦਿੱਤੀ ਸੀ।

ਛੋਟੇ ਹੁੰਦਿਆਂ ਫ਼ਰਾਂਕੋ ਆਪਣੇ ਮਾਪਿਆਂ ਤੇ ਭੈਣਾਂ-ਭਰਾਵਾਂ ਨਾਲ।

ਲਗਭਗ 1966 ਵਿਚ ਆਪਣੇ ਪਰਿਵਾਰ ਨਾਲ

ਮੇਰੇ ਮਾਪਿਆਂ ਕੋਲ ਜ਼ਿਆਦਾ ਪੈਸੇ ਨਹੀਂ ਸਨ। ਫਿਰ ਵੀ ਉਨ੍ਹਾਂ ਨੇ ਯਹੋਵਾਹ ਲਈ ਕਈ ਕੁਰਬਾਨੀਆਂ ਕੀਤੀਆਂ ਅਤੇ ਸਾਡੇ ਲਈ ਵਧੀਆ ਮਿਸਾਲ ਰੱਖੀ। ਮਿਸਾਲ ਲਈ, 1963 ਵਿਚ ਉਨ੍ਹਾਂ ਨੇ ਜ਼ਿਆਦਾਤਰ ਚੀਜ਼ਾਂ ਵੇਚ ਦਿੱਤੀਆਂ ਤਾਂਕਿ ਉਹ ਅੰਤਰਰਾਸ਼ਟਰੀ ਸੰਮੇਲਨ ʼਤੇ ਜਾਣ ਲਈ ਪੈਸੇ ਇਕੱਠੇ ਕਰ ਸਕਣ। ਇਹ ਸੰਮੇਲਨ ਅਮਰੀਕਾ ਵਿਚ ਕੈਲੇਫ਼ੋਰਨੀਆ ਪ੍ਰਾਂਤ ਦੇ ਪੈਸਾਡੀਨਾ ਸ਼ਹਿਰ ਵਿਚ ਰੱਖਿਆ ਗਿਆ ਸੀ। ਅਸੀਂ 1972 ਵਿਚ ਲਗਭਗ 1,000 ਕਿਲੋਮੀਟਰ (ਲਗਭਗ 620 ਮੀਲ) ਦੂਰ ਟ੍ਰੇਲ ਸ਼ਹਿਰ ਚਲੇ ਗਏ ਤਾਂਕਿ ਅਸੀਂ ਇਤਾਲਵੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕੀਏ। ਇਹ ਸ਼ਹਿਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿਚ ਹੈ। ਮੇਰੇ ਡੈਡੀ ਇਕ ਵੱਡੀ ਦੁਕਾਨ ਵਿਚ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਦਾ ਕੰਮ ਕਰਦੇ ਸਨ। ਜਦੋਂ ਉਨ੍ਹਾਂ ਕੋਲ ਹੋਰ ਪੈਸੇ ਕਮਾਉਣ ਦਾ ਮੌਕਾ ਆਇਆ, ਤਾਂ ਉਨ੍ਹਾਂ ਨੇ ਇੱਦਾਂ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂਕਿ ਉਹ ਯਹੋਵਾਹ ਦੀ ਸੇਵਾ ʼਤੇ ਆਪਣਾ ਪੂਰਾ ਧਿਆਨ ਲਾ ਸਕਣ।

ਮੇਰੇ ਮਾਪਿਆਂ ਨੇ ਮੇਰੇ ਅਤੇ ਮੇਰੇ ਤਿੰਨ ਭੈਣਾਂ-ਭਰਾਵਾਂ ਲਈ ਬਹੁਤ ਵਧੀਆ ਮਿਸਾਲ ਰੱਖੀ। ਇਸ ਲਈ ਮੈਂ ਉਨ੍ਹਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਯਹੋਵਾਹ ਦੀ ਸੇਵਾ ਕਰਨ ਬਾਰੇ ਮੈਂ ਸਭ ਤੋਂ ਪਹਿਲਾਂ ਉਨ੍ਹਾਂ ਤੋਂ ਹੀ ਸਿੱਖਿਆ। ਮੈਂ ਉਨ੍ਹਾਂ ਤੋਂ ਇਕ ਬਹੁਤ ਜ਼ਰੂਰੀ ਗੱਲ ਵੀ ਸਿੱਖੀ ਜੋ ਮੈਂ ਅੱਜ ਤਕ ਨਹੀਂ ਭੁੱਲਿਆ: ਜੇ ਮੈਂ ਪਰਮੇਸ਼ੁਰ ਦੇ ਰਾਜ ਨੂੰ ਜ਼ਿੰਦਗੀ ਵਿਚ ਪਹਿਲੀ ਥਾਂ ਦੇਵਾਂਗਾ, ਤਾਂ ਯਹੋਵਾਹ ਮੈਨੂੰ ਸੰਭਾਲੇਗਾ।​—ਮੱਤੀ 6:33.

ਪੂਰੇ ਸਮੇਂ ਦੀ ਸੇਵਾ ਵਿਚ ਰੱਖਿਆ ਪਹਿਲਾ ਕਦਮ

1980 ਵਿਚ ਮੈਂ ਇਕ ਸੋਹਣੀ ਕੁੜੀ ਡੈਬੀ ਨਾਲ ਵਿਆਹ ਕਰਾ ਲਿਆ ਜੋ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਲੱਗੀ ਹੋਈ ਸੀ। ਅਸੀਂ ਦੋਵੇਂ ਜਣੇ ਪੂਰੇ ਸਮੇਂ ਦੀ ਸੇਵਾ ਕਰਨੀ ਚਾਹੁੰਦੇ ਸੀ। ਇਸ ਲਈ ਵਿਆਹ ਤੋਂ ਤਿੰਨ ਮਹੀਨਿਆਂ ਬਾਅਦ ਡੈਬੀ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਵਿਆਹ ਤੋਂ ਇਕ ਸਾਲ ਬਾਅਦ ਅਸੀਂ ਇਕ ਛੋਟੀ ਜਿਹੀ ਮੰਡਲੀ ਵਿਚ ਜਾ ਕੇ ਸੇਵਾ ਕਰਨ ਲੱਗ ਪਏ ਜਿੱਥੇ ਜ਼ਿਆਦਾ ਲੋੜ ਸੀ। ਫਿਰ ਮੈਂ ਵੀ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਫ਼ਰਾਂਕੋ ਤੇ ਡੈਬੀ ਆਪਣੇ ਵਿਆਹ ਵਾਲੇ ਦਿਨ।

1980 ਵਿਚ ਆਪਣੇ ਵਿਆਹ ਵਾਲੇ ਦਿਨ

ਕੁਝ ਸਮੇਂ ਬਾਅਦ ਅਸੀਂ ਬਹੁਤ ਨਿਰਾਸ਼ ਹੋ ਗਏ ਅਤੇ ਵਾਪਸ ਜਾਣ ਬਾਰੇ ਸੋਚਣ ਲੱਗ ਪਏ। ਪਰ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਅਸੀਂ ਆਪਣੇ ਸਰਕਟ ਓਵਰਸੀਅਰ ਨਾਲ ਗੱਲ ਕੀਤੀ। ਉਸ ਨੇ ਸਿੱਧਾ-ਸਿੱਧਾ, ਪਰ ਪਿਆਰ ਨਾਲ ਸਾਨੂੰ ਸਮਝਾਇਆ: “ਤੁਸੀਂ ਸਿਰਫ਼ ਆਪਣੀਆਂ ਮੁਸ਼ਕਲਾਂ ʼਤੇ ਧਿਆਨ ਦੇ ਰਹੇ ਹੋ ਅਤੇ ਖ਼ੁਦ ਆਪਣੀਆਂ ਪਰੇਸ਼ਾਨੀਆਂ ਵਧਾ ਰਹੇ ਹੋ। ਜੇ ਤੁਸੀਂ ਥੋੜ੍ਹਾ ਰੁਕ ਕੇ ਸੋਚੋ, ਤਾਂ ਤੁਹਾਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਮਿਲਣਗੀਆਂ।” ਉਸ ਵੇਲੇ ਸਾਨੂੰ ਇਸੇ ਸਲਾਹ ਦੀ ਲੋੜ ਸੀ। (ਜ਼ਬੂ. 141:5) ਅਸੀਂ ਫ਼ੌਰਨ ਉਸ ਦੀ ਸਲਾਹ ਮੰਨੀ ਅਤੇ ਦੇਖਿਆ ਕਿ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਕਰਕੇ ਅਸੀਂ ਖ਼ੁਸ਼ ਹੋ ਸਕਦੇ ਹਾਂ। ਮਿਸਾਲ ਲਈ, ਉਸ ਛੋਟੀ ਜਿਹੀ ਮੰਡਲੀ ਵਿਚ ਕਈ ਬੱਚੇ ਅਤੇ ਕੁਝ ਭੈਣਾਂ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੀਆਂ ਸਨ ਜਦ ਕਿ ਉਨ੍ਹਾਂ ਦੇ ਪਤੀ ਯਹੋਵਾਹ ਦੀ ਸੇਵਾ ਨਹੀਂ ਕਰ ਰਹੇ ਸਨ। ਸਰਕਟ ਓਵਰਸੀਅਰ ਦੀ ਉਸ ਸਲਾਹ ਤੋਂ ਅਸੀਂ ਇਕ ਜ਼ਬਰਦਸਤ ਗੱਲ ਸਿੱਖੀ: ਸਾਨੂੰ ਚੰਗੀਆਂ ਗੱਲਾਂ ʼਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਯਹੋਵਾਹ ʼਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਅਜਿਹੇ ਹਾਲਾਤਾਂ ਨੂੰ ਸਹਿਣ ਵਿਚ ਸਾਡੀ ਮਦਦ ਕਰੇਗਾ ਜੋ ਸਾਨੂੰ ਔਖੇ ਲੱਗਦੇ ਹਨ। (ਮੀਕਾ. 7:7) ਇਹ ਗੱਲ ਮੰਨ ਕੇ ਅਸੀਂ ਦੁਬਾਰਾ ਤੋਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਨ ਲੱਗ ਪਏ।

ਸਾਡੇ ਪਹਿਲੇ ਪਾਇਨੀਅਰ ਸਕੂਲ ਦੇ ਸਿੱਖਿਅਕਾਂ ਨੇ ਅਲੱਗ-ਅਲੱਗ ਦੇਸ਼ਾਂ ਵਿਚ ਜਾ ਕੇ ਸੇਵਾ ਕੀਤੀ ਸੀ। ਉਨ੍ਹਾਂ ਨੇ ਸਾਨੂੰ ਉੱਥੇ ਦੀਆਂ ਤਸਵੀਰਾਂ ਦਿਖਾਈਆਂ ਅਤੇ ਦੱਸਿਆ ਕਿ ਉੱਥੇ ਸੇਵਾ ਕਰਦਿਆਂ ਉਨ੍ਹਾਂ ʼਤੇ ਕਿਹੜੀਆਂ ਮੁਸ਼ਕਲਾਂ ਆਈਆਂ ਤੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ। ਇਸ ਕਰਕੇ ਸਾਡਾ ਵੀ ਮਿਸ਼ਨਰੀ ਸੇਵਾ ਕਰਨ ਦਾ ਦਿਲ ਕਰਨ ਲੱਗ ਪਿਆ। ਇਸ ਲਈ ਅਸੀਂ ਵੀ ਮਿਸ਼ਨਰੀ ਸੇਵਾ ਕਰਨ ਦਾ ਟੀਚਾ ਰੱਖ ਲਿਆ।

ਕਾਫ਼ੀ ਬਰਫ਼ਬਾਰੀ ਹੋਣ ਤੋਂ ਬਾਅਦ ਕਿੰਗਡਮ ਹਾਲ ਦੀ ਪਾਰਕਿੰਗ ਵਿੱਚੋਂ ਬਰਫ਼ ਹਟਾ ਦਿੱਤੀ ਗਈ ਹੈ।

1983 ਵਿਚ ਬ੍ਰਿਟਿਸ਼ ਕੋਲੰਬੀਆ ਦੇ ਇਕ ਕਿੰਗਡਮ ਹਾਲ ਦੇ ਬਾਹਰ

ਆਪਣਾ ਇਹ ਟੀਚਾ ਹਾਸਲ ਕਰਨ ਲਈ ਅਸੀਂ 1984 ਵਿਚ ਪਹਿਲਾ ਕਦਮ ਚੁੱਕਿਆ। ਅਸੀਂ ਬ੍ਰਿਟਿਸ਼ ਕੋਲੰਬੀਆ ਤੋਂ ਲਗਭਗ 4,000 ਕਿਲੋਮੀਟਰ (2,485 ਮੀਲ) ਦੂਰ ਕਿਊਬੈੱਕ ਪ੍ਰਾਂਤ ਵਿਚ ਚਲੇ ਗਏ ਜਿੱਥੇ ਫ਼੍ਰੈਂਚ ਭਾਸ਼ਾ ਬੋਲੀ ਜਾਂਦੀ ਹੈ। ਇਹ ਭਾਸ਼ਾ ਸਿੱਖਣੀ ਅਤੇ ਇੱਥੇ ਦੇ ਰਹਿਣ-ਸਹਿਣ ਅਨੁਸਾਰ ਖ਼ੁਦ ਨੂੰ ਢਾਲਣਾ ਸਾਡੇ ਲਈ ਸੌਖਾ ਨਹੀਂ ਸੀ। ਨਾਲੇ ਸਾਡੇ ਕੋਲ ਅਕਸਰ ਪੈਸੇ ਵੀ ਨਹੀਂ ਹੁੰਦੇ ਸਨ। ਇਕ ਵਾਰ ਤਾਂ ਇੱਦਾਂ ਹੋਇਆ ਕਿ ਅਸੀਂ ਇਕ ਕਿਸਾਨ ਦੇ ਖੇਤ ਵਿੱਚੋਂ ਬਚੇ ਹੋਏ ਆਲੂ ਚੁਗ ਕੇ ਆਪਣਾ ਢਿੱਡ ਭਰਿਆ। ਡੈਬੀ ਨੇ ਆਲੂ ਦੀਆਂ ਅਲੱਗ-ਅਲੱਗ ਚੀਜ਼ਾਂ ਬਣਾਉਣੀਆਂ ਸਿੱਖ ਲਈਆਂ ਸਨ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਅਸੀਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦੇ ਰਹੇ। ਨਾਲੇ ਸਾਨੂੰ ਪੂਰਾ ਭਰੋਸਾ ਸੀ ਕਿ ਉਹ ਸਾਡੀ ਦੇਖ-ਭਾਲ ਕਰ ਰਿਹਾ ਹੈ।​—ਜ਼ਬੂ. 64:10.

ਇਕ ਦਿਨ ਸਾਨੂੰ ਫ਼ੋਨ ਆਇਆ ਅਤੇ ਸਾਨੂੰ ਕੈਨੇਡਾ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਇਸ ਦੀ ਸਾਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿਉਂਕਿ ਅਸੀਂ ਤਾਂ ਗਿਲਿਅਡ ਸਕੂਲ ਜਾਣ ਲਈ ਫ਼ਾਰਮ ਭਰਿਆ ਸੀ। ਇਸ ਲਈ ਸਾਨੂੰ ਬੈਥਲ ਜਾਣ ਦੀ ਖ਼ੁਸ਼ੀ ਤਾਂ ਸੀ, ਪਰ ਗਿਲਿਅਡ ਨਾ ਜਾਣ ਦਾ ਦੁੱਖ ਵੀ ਸੀ। ਉੱਥੇ ਪਹੁੰਚ ਕੇ ਅਸੀਂ ਬ੍ਰਾਂਚ ਕਮੇਟੀ ਦੇ ਭਰਾ ਕੈੱਨਥ ਲਿਟਲ ਨੂੰ ਮਿਲੇ। ਅਸੀਂ ਉਸ ਨੂੰ ਪੁੱਛਿਆ: “ਭਰਾ ਹੁਣ ਸਾਡੇ ਗਿਲਿਅਡ ਦੇ ਫ਼ਾਰਮ ਦਾ ਕੀ ਹੋਵੇਗਾ?” ਉਸ ਨੇ ਕਿਹਾ: “ਜਦੋਂ ਸਮਾਂ ਆਵੇਗਾ, ਤਾਂ ਦੇਖ ਲਵਾਂਗਾ।”

ਉਹ ਸਮਾਂ ਇਕ ਹਫ਼ਤੇ ਬਾਅਦ ਹੀ ਆ ਗਿਆ। ਮੈਨੂੰ ਤੇ ਡੈਬੀ ਨੂੰ ਗਿਲਿਅਡ ਜਾਣ ਦਾ ਸੱਦਾ ਮਿਲਿਆ। ਹੁਣ ਅਸੀਂ ਫ਼ੈਸਲਾ ਕਰਨਾ ਸੀ ਕਿ ਅਸੀਂ ਕੀ ਕਰਾਂਗੇ। ਭਰਾ ਲਿਟਲ ਨੇ ਸਾਨੂੰ ਕਿਹਾ: “ਤੁਸੀਂ ਚਾਹੇ ਜਿਹੜਾ ਮਰਜ਼ੀ ਫ਼ੈਸਲਾ ਕਰ ਲਓ, ਕਦੀ-ਨਾ-ਕਦੀ ਸ਼ਾਇਦ ਤੁਹਾਨੂੰ ਲੱਗੇਗਾ ਕਿ ਕਾਸ਼ ਅਸੀਂ ਕੋਈ ਹੋਰ ਫ਼ੈਸਲਾ ਕੀਤਾ ਹੁੰਦਾ। ਕੋਈ ਵੀ ਫ਼ੈਸਲਾ ਦੂਜੇ ਤੋਂ ਵਧੀਆ ਨਹੀਂ ਹੁੰਦਾ। ਯਹੋਵਾਹ ਕਿਸੇ ਵੀ ਫ਼ੈਸਲੇ ʼਤੇ ਬਰਕਤ ਪਾ ਸਕਦਾ ਹੈ।” ਅਸੀਂ ਗਿਲਿਅਡ ਜਾਣ ਦਾ ਫ਼ੈਸਲਾ ਕੀਤਾ। ਸਾਲਾਂ ਦੌਰਾਨ ਅਸੀਂ ਦੇਖਿਆ ਕਿ ਭਰਾ ਲਿਟਲ ਨੇ ਬਿਲਕੁਲ ਸਹੀ ਕਿਹਾ ਸੀ। ਅਸੀਂ ਭਰਾ ਦੀ ਇਹ ਸਲਾਹ ਉਨ੍ਹਾਂ ਭੈਣਾਂ-ਭਰਾਵਾਂ ਨੂੰ ਵੀ ਦੱਸੀ ਜਿਨ੍ਹਾਂ ਨੇ ਸਾਡੇ ਵਾਂਗ ਇਹ ਫ਼ੈਸਲਾ ਕਰਨਾ ਸੀ ਕਿ ਉਹ ਯਹੋਵਾਹ ਦੀ ਸੇਵਾ ਵਿਚ ਕੀ ਕਰਨਗੇ।

ਮਿਸ਼ਨਰੀ ਸੇਵਾ ਕਰਨੀ

(ਖੱਬੇ ਪਾਸੇ) ਯੁਲਿਸੀਜ਼ ਗਲਾਸ

(ਸੱਜੇ ਪਾਸੇ) ਜੈਕ ਰੈੱਡਫ਼ਰਡ

ਅਪ੍ਰੈਲ 1987 ਵਿਚ ਸਾਨੂੰ ਗਿਲਿਅਡ ਦੀ 83ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਮੌਕਾ ਮਿਲਿਆ। ਅਸੀਂ ਬਹੁਤ ਖ਼ੁਸ਼ ਸੀ। ਅਸੀਂ ਕੁੱਲ ਮਿਲਾ ਕੇ 24 ਵਿਦਿਆਰਥੀ ਸੀ। ਇਹ ਸਕੂਲ ਨਿਊਯਾਰਕ ਦੇ ਬਰੁਕਲਿਨ ਸ਼ਹਿਰ ਵਿਚ ਸੀ। ਸਾਡੀਆਂ ਜ਼ਿਆਦਾਤਰ ਕਲਾਸਾਂ ਭਰਾ ਯੁਲਿਸੀਜ਼ ਗਲਾਸ ਅਤੇ ਜੈਕ ਰੈੱਡਫ਼ਰਡ ਨੇ ਲਈਆਂ। ਸਾਨੂੰ ਪਤਾ ਹੀ ਨਹੀਂ ਲੱਗਾ ਕਿ ਪੰਜ ਮਹੀਨੇ ਕਿੱਦਾਂ ਲੰਘ ਗਏ। 6 ਸਤੰਬਰ 1987 ਵਿਚ ਅਸੀਂ ਗ੍ਰੈਜੂਏਟ ਹੋ ਗਏ। ਸਾਨੂੰ ਜੌਨ ਅਤੇ ਮੈਰੀ ਗੁੱਡ ਨਾਲ ਹੈਤੀ ਭੇਜਿਆ ਗਿਆ।

ਹੈਤੀ ਵਿਚ ਫ਼ਰਾਂਕੋ ਤੇ ਡੈਬੀ ਸਮੁੰਦਰੀ ਕੰਢੇ ʼਤੇ ਪ੍ਰਚਾਰ ਕਰਦਿਆਂ

1988 ਦੌਰਾਨ ਹੈਤੀ ਵਿਚ

ਹੈਤੀ ਵਿਚ ਸੇਵਾ ਕਰਨ ਵਾਲੇ ਮਿਸ਼ਨਰੀਆਂ ਨੂੰ 1962 ਵਿਚ ਇੱਥੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਤੋਂ ਬਾਅਦ ਅਸੀਂ ਹੀ ਮਿਸ਼ਨਰੀਆਂ ਵਜੋਂ ਉੱਥੇ ਜਾ ਰਹੇ ਸੀ। ਅਸੀਂ ਗ੍ਰੈਜੂਏਟ ਹੋਣ ਤੋਂ ਤਿੰਨ ਹਫ਼ਤਿਆਂ ਬਾਅਦ ਉੱਥੇ ਪਹੁੰਚੇ ਅਤੇ ਇਕ ਛੋਟੀ ਮੰਡਲੀ ਵਿਚ ਸੇਵਾ ਕਰਨ ਲੱਗੇ। ਇਹ ਮੰਡਲੀ ਇਕ ਦੂਰ-ਦੁਰਾਡੇ ਇਲਾਕੇ ਦੇ ਪਹਾੜਾਂ ਵਿਚ ਸੀ ਅਤੇ ਉੱਥੇ 35 ਪ੍ਰਚਾਰਕ ਸਨ। ਅਸੀਂ ਅਜੇ ਜਵਾਨ ਸੀ ਅਤੇ ਸਾਨੂੰ ਮਿਸ਼ਨਰੀਆਂ ਵਜੋਂ ਸੇਵਾ ਕਰਨ ਦਾ ਕੋਈ ਤਜਰਬਾ ਨਹੀਂ ਸੀ। ਨਾਲੇ ਮਿਸ਼ਨਰੀ ਘਰ ਵਿਚ ਸਾਡੇ ਦੋਹਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਇੱਥੇ ਦੇ ਲੋਕ ਬਹੁਤ ਗ਼ਰੀਬ ਸਨ ਤੇ ਜ਼ਿਆਦਾਤਰ ਲੋਕ ਅਨਪੜ੍ਹ ਸਨ। ਉਸ ਸਮੇਂ ਹੈਤੀ ਵਿਚ ਰਾਜਨੀਤਿਕ ਉਥਲ-ਪੁਥਲ ਕਰਕੇ ਦੰਗੇ-ਫ਼ਸਾਦ ਹੋ ਰਹੇ ਸਨ, ਲੋਕ ਸਰਕਾਰ ਖ਼ਿਲਾਫ਼ ਅੰਦੋਲਨ ਕਰ ਰਹੇ ਸਨ, ਰਾਹ ਰੋਕਣ ਲਈ ਚੀਜ਼ਾਂ ਸਾੜ ਰਹੇ ਸਨ ਅਤੇ ਤੂਫ਼ਾਨ ਵੀ ਆ ਰਹੇ ਸਨ।

ਅਸੀਂ ਹੈਤੀ ਦੇ ਭੈਣਾਂ-ਭਰਾਵਾਂ ਤੋਂ ਬਹੁਤ ਕੁਝ ਸਿੱਖਿਆ। ਉਹ ਇਨ੍ਹਾਂ ਮੁਸ਼ਕਲਾਂ ਵਿਚ ਵੀ ਡਟੇ ਹੋਏ ਸਨ ਅਤੇ ਖ਼ੁਸ਼ ਸਨ। ਕਈ ਭੈਣਾਂ-ਭਰਾਵਾਂ ਦੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਸਨ। ਪਰ ਉਹ ਯਹੋਵਾਹ ਨੂੰ ਪਿਆਰ ਕਰਦੇ ਸਨ ਅਤੇ ਜੋਸ਼ ਨਾਲ ਪ੍ਰਚਾਰ ਕਰਦੇ ਸਨ। ਇਕ ਸਿਆਣੀ ਉਮਰ ਦੀ ਭੈਣ ਅਨਪੜ੍ਹ ਸੀ, ਫਿਰ ਵੀ ਉਸ ਨੂੰ ਲਗਭਗ 150 ਆਇਤਾਂ ਮੂੰਹ-ਜ਼ਬਾਨੀ ਯਾਦ ਸਨ। ਲੋਕ ਹਰ ਰੋਜ਼ ਜਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਸਨ, ਉਨ੍ਹਾਂ ਕਰਕੇ ਰਾਜ ਦਾ ਸੰਦੇਸ਼ ਸੁਣਾਉਂਦੇ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋ ਗਿਆ ਕਿਉਂਕਿ ਇਹੀ ਇਨਸਾਨਾਂ ਦੀਆਂ ਮੁਸ਼ਕਲਾਂ ਦਾ ਇੱਕੋ-ਇਕ ਹੱਲ ਹੈ। ਸਾਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਜਿਨ੍ਹਾਂ ਨਾਲ ਸ਼ੁਰੂ-ਸ਼ੁਰੂ ਵਿਚ ਬਾਈਬਲ ਸਟੱਡੀ ਕੀਤੀ ਸੀ, ਉਨ੍ਹਾਂ ਵਿੱਚੋਂ ਕੁਝ ਜਣੇ ਰੈਗੂਲਰ ਪਾਇਨੀਅਰ, ਸਪੈਸ਼ਲ ਪਾਇਨੀਅਰ ਤੇ ਕੁਝ ਬਜ਼ੁਰਗ ਬਣ ਗਏ।

ਹੈਤੀ ਵਿਚ ਹੁੰਦਿਆਂ ਮੈਂ ਟ੍ਰੈਵਰ ਨਾਂ ਦੇ ਇਕ ਮੁੰਡੇ ਨੂੰ ਮਿਲਿਆ। ਉਹ ਇਕ ਚਰਚ ਵੱਲੋਂ ਮਿਸ਼ਨਰੀ ਸੇਵਾ ਕਰਦਾ ਸੀ। ਅਸੀਂ ਉਸ ਨਾਲ ਕਈ ਵਾਰ ਬਾਈਬਲ ਤੋਂ ਚਰਚਾ ਕੀਤੀ। ਕਈ ਸਾਲਾਂ ਬਾਅਦ ਉਸ ਦੀ ਚਿੱਠੀ ਆਈ ਜਿਸ ਨੂੰ ਦੇਖ ਕੇ ਅਸੀਂ ਹੈਰਾਨ ਰਹਿ ਗਏ। ਉਸ ਚਿੱਠੀ ਵਿਚ ਲਿਖਿਆ ਸੀ: “ਆਉਣ ਵਾਲੇ ਸੰਮੇਲਨ ਵਿਚ ਮੈਂ ਬਪਤਿਸਮਾ ਲੈਣਾ ਹੈ। ਮੈਂ ਚਾਹੁੰਦਾ ਹਾਂ ਕਿ ਮੈਂ ਹੈਤੀ ਵਾਪਸ ਆ ਕੇ ਉਸੇ ਇਲਾਕੇ ਵਿਚ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਾਂ ਜਿੱਥੇ ਮੈਂ ਚਰਚ ਵੱਲੋਂ ਮਿਸ਼ਨਰੀ ਸੇਵਾ ਕਰਦਾ ਸੀ।” ਉਸ ਨੇ ਅਤੇ ਉਸ ਦੀ ਪਤਨੀ ਨੇ ਕਈ ਸਾਲਾਂ ਤਕ ਇੱਦਾਂ ਹੀ ਕੀਤਾ।

ਯੂਰਪ ਤੋਂ ਅਫ਼ਰੀਕਾ ਤਕ ਦਾ ਸਫ਼ਰ

ਫ਼ਰਾਂਕੋ ਆਪਣੇ ਆਫ਼ਿਸ ਵਿਚ ਕੰਮ ਕਰ ਰਿਹਾ ਹੈ।

1994 ਵਿਚ ਸਲੋਵੀਨੀਆ ਵਿਚ ਕੰਮ ਕਰਦਿਆਂ

ਸਾਨੂੰ ਯੂਰਪ ਦੇ ਇਕ ਅਜਿਹੇ ਇਲਾਕੇ ਵਿਚ ਸੇਵਾ ਕਰਨ ਲਈ ਭੇਜਿਆ ਗਿਆ ਜਿੱਥੇ ਪਹਿਲਾਂ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਸੀ। ਪਰ ਹੌਲੀ-ਹੌਲੀ ਹਾਲਾਤ ਸੁਧਰਨ ਲੱਗੇ ਸਨ। ਅਸੀਂ 1992 ਵਿਚ ਸਲੋਵੀਨੀਆ ਦੇ ਲੁਬਲਿਆਨਾ ਸ਼ਹਿਰ ਪਹੁੰਚੇ। ਅਸਲ ਵਿਚ, ਮੇਰੇ ਮਾਪਿਆਂ ਦਾ ਬਚਪਨ ਇਸੇ ਸ਼ਹਿਰ ਦੇ ਆਲੇ-ਦੁਆਲੇ ਬੀਤਿਆ ਸੀ। ਜਦੋਂ ਅਸੀਂ ਲੁਬਲਿਆਨਾ ਪਹੁੰਚੇ, ਤਾਂ ਯੂਗੋਸਲਾਵੀਆ ਦੇ ਕੁਝ ਇਲਾਕਿਆਂ ਵਿਚ ਅਜੇ ਵੀ ਯੁੱਧ ਚੱਲ ਰਿਹਾ ਸੀ। ਉਸ ਪੂਰੇ ਇਲਾਕੇ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਦੀ ਦੇਖ-ਰੇਖ ਵੀਐਨਾ ਬ੍ਰਾਂਚ ਆਫ਼ਿਸ ਕਰ ਰਿਹਾ ਸੀ ਜੋ ਆਸਟ੍ਰੀਆ ਵਿਚ ਹੈ। ਨਾਲੇ ਕ੍ਰੋਏਸ਼ੀਆ ਦਾ ਆਫ਼ਿਸ ਜ਼ਾਗਰੇਬ ਵਿਚ ਅਤੇ ਸਰਬੀਆ ਦਾ ਆਫ਼ਿਸ ਬੇਲਗ੍ਰਡ ਵਿਚ ਸੀ। ਉਹ ਵੀ ਪ੍ਰਚਾਰ ਕੰਮ ਦੀ ਦੇਖ-ਰੇਖ ਕਰਨ ਵਿਚ ਮਦਦ ਕਰ ਰਹੇ ਸਨ। ਹੁਣ ਪੂਰਾ ਇਲਾਕਾ ਅਲੱਗ-ਅਲੱਗ ਦੇਸ਼ਾਂ ਵਿਚ ਵੰਡਿਆ ਗਿਆ ਸੀ, ਇਸ ਲਈ ਹਰ ਦੇਸ਼ ਵਿਚ ਬੈਥਲ ਦਾ ਪ੍ਰਬੰਧ ਕਰਨਾ ਜ਼ਰੂਰੀ ਸੀ।

ਹੁਣ ਅਸੀਂ ਫਿਰ ਤੋਂ ਨਵੀਂ ਭਾਸ਼ਾ ਸਿੱਖਣੀ ਸੀ ਅਤੇ ਨਵੇਂ ਮਾਹੌਲ ਮੁਤਾਬਕ ਢਲ਼ਣਾ ਸੀ। ਉੱਥੇ ਦੇ ਲੋਕ ਕਹਿੰਦੇ ਸਨ: “ਜੇਜ਼ਕ ਜੇ ਤੇਜ਼ਕ” ਜਿਸ ਦਾ ਮਤਲਬ ਹੈ: “ਇਹ ਭਾਸ਼ਾ ਸਿੱਖਣੀ ਬਹੁਤ ਔਖੀ ਹੈ।” ਇਹ ਗੱਲ ਕਿੰਨੀ ਹੀ ਸੱਚ ਸੀ! ਸਾਨੂੰ ਇਹ ਦੇਖ ਕੇ ਬਹੁਤ ਵਧੀਆ ਲੱਗਾ ਕਿ ਸੰਗਠਨ ਨੇ ਜੋ ਵੀ ਫੇਰ-ਬਦਲ ਕੀਤੇ, ਭੈਣਾਂ-ਭਰਾਵਾਂ ਨੇ ਉਸ ਦਾ ਪੂਰਾ-ਪੂਰਾ ਸਾਥ ਦਿੱਤਾ ਅਤੇ ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ। ਅਸੀਂ ਇਕ ਵਾਰ ਫਿਰ ਦੇਖ ਸਕੇ ਕਿ ਯਹੋਵਾਹ ਹਮੇਸ਼ਾ ਪਿਆਰ ਨਾਲ ਅਤੇ ਸਹੀ ਸਮੇਂ ਤੇ ਸੁਧਾਰ ਕਰਦਾ ਹੈ। ਅਸੀਂ ਜਿਹੜੀਆਂ ਗੱਲਾਂ ਪਹਿਲਾਂ ਸਿੱਖੀਆਂ ਸਨ, ਉਨ੍ਹਾਂ ਕਰਕੇ ਸਾਨੂੰ ਸਲੋਵੀਨੀਆ ਵਿਚ ਸੇਵਾ ਕਰਦਿਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲੀ। ਨਾਲੇ ਇੱਥੇ ਸੇਵਾ ਕਰਦਿਆਂ ਵੀ ਅਸੀਂ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖੀਆਂ।

ਸਾਡੀ ਜ਼ਿੰਦਗੀ ਵਿਚ ਹੋਰ ਵੀ ਕਈ ਬਦਲਾਅ ਹੋਏ। 2000 ਵਿਚ ਸਾਨੂੰ ਪੱਛਮੀ ਅਫ਼ਰੀਕਾ ਦੇ ਕੋਟ ਡਿਵੁਆਰ ਭੇਜਿਆ ਗਿਆ। ਪਰ ਘਰੇਲੂ ਯੁੱਧ ਸ਼ੁਰੂ ਹੋਣ ਕਰਕੇ ਨਵੰਬਰ 2002 ਵਿਚ ਸਾਨੂੰ ਉੱਥੋਂ ਭੱਜਣਾ ਪਿਆ। ਉੱਥੋਂ ਅਸੀਂ ਸੀਅਰਾ ਲਿਓਨ ਗਏ। ਇੱਥੇ 11 ਸਾਲਾਂ ਤੋਂ ਚੱਲ ਰਿਹਾ ਯੁੱਧ ਹੁਣੇ-ਹੁਣੇ ਖ਼ਤਮ ਹੋਇਆ ਸੀ। ਅਚਾਨਕ ਘਰ ਛੱਡ ਕੇ ਭੱਜਣਾ ਸਾਡੇ ਲਈ ਸੌਖਾ ਨਹੀਂ ਸੀ। ਪਰ ਅਸੀਂ ਜੋ ਵੀ ਗੱਲਾਂ ਸਿੱਖੀਆਂ ਸਨ, ਉਨ੍ਹਾਂ ਕਰਕੇ ਅਸੀਂ ਆਪਣੀ ਖ਼ੁਸ਼ੀ ਬਣਾਈ ਰੱਖ ਸਕੇ।

ਸੀਅਰਾ ਲਿਓਨ ਵਿਚ ਬਹੁਤ ਸਾਰੇ ਲੋਕ ਸੱਚਾਈ ਸਿੱਖਣਾ ਚਾਹੁੰਦੇ ਸਨ। ਅਸੀਂ ਉਨ੍ਹਾਂ ʼਤੇ ਧਿਆਨ ਦਿੱਤਾ ਅਤੇ ਆਪਣੇ ਉਨ੍ਹਾਂ ਭੈਣਾਂ-ਭਰਾਵਾਂ ʼਤੇ ਵੀ ਜਿਨ੍ਹਾਂ ਨੇ ਸਾਲਾਂ ਤਕ ਯੁੱਧ ਦੀ ਮਾਰ ਝੱਲੀ ਸੀ। ਉਨ੍ਹਾਂ ਕੋਲ ਜ਼ਿਆਦਾ ਕੁਝ ਤਾਂ ਨਹੀਂ ਸੀ, ਪਰ ਜੋ ਵੀ ਸੀ, ਉਹ ਖ਼ੁਸ਼ੀ-ਖ਼ੁਸ਼ੀ ਦੂਜਿਆਂ ਨਾਲ ਸਾਂਝਾ ਕਰਨ ਲਈ ਤਿਆਰ ਰਹਿੰਦੇ ਸਨ। ਇਕ ਵਾਰ ਇਕ ਭੈਣ ਨੇ ਡੈਬੀ ਨੂੰ ਕੁਝ ਕੱਪੜੇ ਦਿੱਤੇ। ਡੈਬੀ ਉਹ ਕੱਪੜੇ ਲੈਣ ਤੋਂ ਝਿਜਕ ਰਹੀ ਸੀ। ਉਸ ਵੇਲੇ ਭੈਣ ਨੇ ਕਿਹਾ: “ਯੁੱਧ ਦੌਰਾਨ ਹੋਰ ਦੇਸ਼ਾਂ ਦੇ ਭੈਣਾਂ-ਭਰਾਵਾਂ ਨੇ ਸਾਡੀ ਬਹੁਤ ਮਦਦ ਕੀਤੀ ਸੀ। ਹੁਣ ਸਾਡੀ ਵਾਰੀ ਹੈ।” ਅਸੀਂ ਸੋਚਿਆ ਕਿ ਇਨ੍ਹਾਂ ਭੈਣਾਂ-ਭਰਾਵਾਂ ਦੀ ਰੀਸ ਕਰਦਿਆਂ ਅਸੀਂ ਵੀ ਦੂਜਿਆਂ ਦੀ ਮਦਦ ਕਰਾਂਗੇ।

ਕੁਝ ਸਮੇਂ ਬਾਅਦ ਅਸੀਂ ਕੋਟ ਡਿਵੁਆਰ ਵਾਪਸ ਚਲੇ ਗਏ। ਪਰ ਰਾਜਨੀਤਿਕ ਉਥਲ-ਪੁਥਲ ਕਰਕੇ ਉੱਥੇ ਫਿਰ ਤੋਂ ਦੰਗੇ-ਫ਼ਸਾਦ ਹੋਣ ਲੱਗੇ। ਇਸ ਲਈ ਨਵੰਬਰ 2004 ਵਿਚ ਸਾਨੂੰ ਬਚਾ ਕੇ ਇਕ ਹੈਲੀਕਾਪਟਰ ਰਾਹੀਂ ਉੱਥੋਂ ਕੱਢਿਆ ਗਿਆ। ਅਸੀਂ ਆਪਣੇ ਨਾਲ 10-10 ਕਿਲੋ (22 ਪੌਂਡ) ਦਾ ਇਕ-ਇਕ ਬੈਗ ਲਿਜਾ ਸਕਦੇ ਸੀ। ਸਾਨੂੰ ਫਰਾਂਸ ਦੀ ਫ਼ੌਜ ਦੇ ਬੇਸ ਵਿਚ ਲਿਜਾਇਆ ਗਿਆ ਅਤੇ ਉੱਥੇ ਅਸੀਂ ਰਾਤ ਨੂੰ ਫ਼ਰਸ਼ ʼਤੇ ਸੁੱਤੇ। ਅਗਲੇ ਦਿਨ ਸਾਨੂੰ ਹਵਾਈ ਜਹਾਜ਼ ਰਾਹੀਂ ਸਵਿਟਜ਼ਰਲੈਂਡ ਲਿਜਾਇਆ ਗਿਆ। ਲਗਭਗ ਅੱਧੀ ਰਾਤ ਨੂੰ ਅਸੀਂ ਬ੍ਰਾਂਚ ਆਫ਼ਿਸ ਪਹੁੰਚੇ। ਉੱਥੇ ਬ੍ਰਾਂਚ ਕਮੇਟੀ ਦੇ ਮੈਂਬਰਾਂ ਅਤੇ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਦੇ ਸਿੱਖਿਅਕਾਂ ਤੇ ਉਨ੍ਹਾਂ ਦੀਆਂ ਪਤਨੀਆਂ ਨੇ ਬਹੁਤ ਪਿਆਰ ਨਾਲ ਸਾਡਾ ਸੁਆਗਤ ਕੀਤਾ। ਉਨ੍ਹਾਂ ਨੇ ਕਈ ਵਾਰ ਸਾਨੂੰ ਗਲ਼ੇ ਲਗਾਇਆ। ਉਨ੍ਹਾਂ ਨੇ ਸਾਨੂੰ ਗਰਮ-ਗਰਮ ਖਾਣਾ ਦਿੱਤਾ ਅਤੇ ਬਹੁਤ ਸਾਰੀਆਂ ਚਾਕਲੇਟਾਂ ਵੀ ਦਿੱਤੀਆਂ। ਉਨ੍ਹਾਂ ਦਾ ਇਹ ਪਿਆਰ ਸਾਡੇ ਦਿਲ ਨੂੰ ਛੋਹ ਗਿਆ।

ਕੋਟ ਡਿਵੁਆਰ ਦੇ ਇਕ ਕਿੰਗਡਮ ਹਾਲ ਵਿਚ ਫ਼ਰਾਂਕੋ ਭਾਸ਼ਣ ਦੇ ਰਿਹਾ ਹੈ।

2005 ਵਿਚ ਕੋਟ ਡਿਵੁਆਰ ਵਿਚ ਸ਼ਰਨਾਰਥੀਆਂ ਨੂੰ ਭਾਸ਼ਣ ਦਿੰਦਿਆਂ

ਸਾਨੂੰ ਕੁਝ ਸਮੇਂ ਲਈ ਘਾਨਾ ਵਿਚ ਸੇਵਾ ਕਰਨ ਲਈ ਭੇਜਿਆ ਗਿਆ। ਪਰ ਜਦੋਂ ਕੋਟ ਡਿਵੁਆਰ ਦੇ ਹਾਲਾਤ ਥੋੜ੍ਹੇ ਠੀਕ ਹੋ ਗਏ, ਤਾਂ ਸਾਨੂੰ ਉੱਥੇ ਵਾਪਸ ਭੇਜ ਦਿੱਤਾ ਗਿਆ। ਅਚਾਨਕ ਆਪਣਾ ਘਰ ਛੱਡਣਾ ਅਤੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਕੇ ਸੇਵਾ ਕਰਨੀ ਸਾਡੇ ਲਈ ਸੌਖੀ ਨਹੀਂ ਸੀ। ਪਰ ਭੈਣਾਂ-ਭਰਾਵਾਂ ਨੇ ਜਿਸ ਤਰੀਕੇ ਨਾਲ ਸਾਡੀ ਮਦਦ ਕੀਤੀ, ਉਸ ਕਰਕੇ ਅਸੀਂ ਆਪਣੀ ਖ਼ੁਸ਼ੀ ਬਣਾਈ ਰੱਖ ਸਕੇ। ਮੈਂ ਤੇ ਡੈਬੀ ਅਕਸਰ ਗੱਲ ਕਰਦੇ ਸੀ ਕਿ ਯਹੋਵਾਹ ਦੇ ਸੰਗਠਨ ਵਿਚ ਭੈਣਾਂ-ਭਰਾਵਾਂ ਵਿਚ ਪਿਆਰ ਤਾਂ ਹੁੰਦਾ ਹੀ ਹੈ, ਪਰ ਸਾਨੂੰ ਕਦੇ ਵੀ ਇਸ ਪਿਆਰ ਨੂੰ ਐਵੇਂ ਨਹੀਂ ਸਮਝਣਾ ਚਾਹੀਦਾ। ਭਾਵੇਂ ਕਿ ਉਹ ਬਹੁਤ ਔਖਾ ਦੌਰ ਸੀ, ਪਰ ਉਸ ਸਮੇਂ ਦੌਰਾਨ ਵੀ ਅਸੀਂ ਬਹੁਤ ਸਾਰੀਆਂ ਵਧੀਆ ਗੱਲਾਂ ਸਿੱਖੀਆਂ।

ਮੱਧ ਪੂਰਬੀ ਦੇਸ਼ਾਂ ਵਿਚ ਸੇਵਾ

ਫ਼ਰਾਂਕੋ ਤੇ ਡੈਬੀ ਮੱਧ ਪੂਰਬ ਦੇ ਕਿਸੇ ਦੇਸ਼ ਦੇ ਪੁਰਾਣੇ ਖੰਡਰਾਂ ਨੂੰ ਦੇਖਣ ਗਏ ਹਨ।

2007 ਵਿਚ ਇਕ ਮੱਧ ਪੂਰਬੀ ਦੇਸ਼ ਵਿਚ

2006 ਵਿਚ ਸਾਨੂੰ ਮੁੱਖ ਦਫ਼ਤਰ ਤੋਂ ਇਕ ਚਿੱਠੀ ਮਿਲੀ ਅਤੇ ਸਾਨੂੰ ਮੱਧ ਪੂਰਬ ਵਿਚ ਸੇਵਾ ਕਰਨ ਲਈ ਕਿਹਾ ਗਿਆ। ਇਕ ਵਾਰ ਫਿਰ ਸਾਡੀ ਜ਼ਿੰਦਗੀ ਬਦਲਣ ਵਾਲੀ ਸੀ। ਸਾਡੇ ਸਾਮ੍ਹਣੇ ਨਵੀਆਂ ਮੁਸ਼ਕਲਾਂ ਸਨ, ਅਸੀਂ ਆਪਣੇ ਆਪ ਨੂੰ ਨਵੇਂ ਰਹਿਣ-ਸਹਿਣ ਮੁਤਾਬਕ ਢਾਲਣਾ ਸੀ ਅਤੇ ਇਕ ਨਵੀਂ ਭਾਸ਼ਾ ਸਿੱਖਣੀ ਸੀ। ਅਸੀਂ ਇੱਥੇ ਬਹੁਤ ਕੁਝ ਸਿੱਖਣਾ ਸੀ ਕਿਉਂਕਿ ਇੱਥੇ ਧਰਮ ਅਤੇ ਰਾਜਨੀਤੀ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਸਨ। ਸਾਨੂੰ ਇਹ ਦੇਖ ਕੇ ਬਹੁਤ ਵਧੀਆ ਲੱਗਦਾ ਸੀ ਕਿ ਇਕ ਹੀ ਮੰਡਲੀ ਵਿਚ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਭੈਣ-ਭਰਾ ਸਨ, ਪਰ ਸੰਗਠਨ ਤੋਂ ਮਿਲਦੀਆਂ ਹਿਦਾਇਤਾਂ ਮੰਨਣ ਕਰਕੇ ਉਨ੍ਹਾਂ ਵਿਚ ਕਮਾਲ ਦੀ ਏਕਤਾ ਸੀ। ਉੱਥੇ ਦੇ ਜ਼ਿਆਦਾਤਰ ਭੈਣ-ਭਰਾ ਅਜਿਹੇ ਸਨ ਜਿਨ੍ਹਾਂ ਦਾ ਉਨ੍ਹਾਂ ਦੇ ਘਰਦਿਆਂ ਨੇ, ਨਾਲ ਪੜ੍ਹਨ ਵਾਲਿਆਂ ਨੇ, ਨਾਲ ਕੰਮ ਕਰਨ ਵਾਲਿਆਂ ਨੇ ਅਤੇ ਗੁਆਂਢੀਆਂ ਨੇ ਵਿਰੋਧ ਕੀਤਾ ਸੀ। ਪਰ ਉਨ੍ਹਾਂ ਨੇ ਦਲੇਰੀ ਨਾਲ ਇਸ ਸਭ ਦਾ ਸਾਮ੍ਹਣਾ ਕੀਤਾ। ਇਸ ਲਈ ਅਸੀਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਸੀ।

2012 ਵਿਚ ਇਜ਼ਰਾਈਲ ਦੇ ਤੇਲ ਅਵੀਵ ਸ਼ਹਿਰ ਵਿਚ ਇਕ ਖ਼ਾਸ ਸੰਮੇਲਨ ਰੱਖਿਆ ਗਿਆ। ਸਾਨੂੰ ਉਸ ਵਿਚ ਹਾਜ਼ਰ ਹੋਣ ਦਾ ਮੌਕਾ ਮਿਲਿਆ। ਪੰਤੇਕੁਸਤ 33 ਈਸਵੀ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਯਹੋਵਾਹ ਦੇ ਲੋਕ ਉਸ ਇਲਾਕੇ ਵਿਚ ਇੰਨੀ ਵੱਡੀ ਗਿਣਤੀ ਵਿਚ ਇਕੱਠੇ ਹੋਏ ਸਨ। ਇਹ ਕਿੰਨਾ ਹੀ ਯਾਦਗਾਰ ਮੌਕਾ ਸੀ!

ਉਨ੍ਹਾਂ ਸਾਲਾਂ ਦੌਰਾਨ ਸਾਨੂੰ ਇਕ ਅਜਿਹੇ ਦੇਸ਼ ਦਾ ਦੌਰਾ ਕਰਨ ਲਈ ਭੇਜਿਆ ਗਿਆ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਸੀ। ਅਸੀਂ ਆਪਣੇ ਨਾਲ ਕੁਝ ਪ੍ਰਕਾਸ਼ਨ ਲੈ ਗਏ। ਅਸੀਂ ਉੱਥੇ ਪ੍ਰਚਾਰ ਕੀਤਾ ਅਤੇ ਛੋਟੇ-ਛੋਟੇ ਸੰਮੇਲਨਾਂ ਵਿਚ ਵੀ ਹਾਜ਼ਰ ਹੋਏ। ਅਸੀਂ ਥੋੜ੍ਹੇ ਜਿਹੇ ਪ੍ਰਚਾਰਕਾਂ ਨਾਲ ਬੜੀ ਸਾਵਧਾਨੀ ਨਾਲ ਇੱਧਰ-ਉੱਧਰ ਜਾਂਦੇ ਸੀ। ਹਰ ਪਾਸੇ ਹਥਿਆਰਾਂ ਨਾਲ ਲੈਸ ਫ਼ੌਜੀ ਘੁੰਮਦੇ ਰਹਿੰਦੇ ਸਨ ਅਤੇ ਥਾਂ-ਥਾਂ ਨਾਕਾਬੰਦੀ ਸੀ, ਪਰ ਸਾਨੂੰ ਡਰ ਨਹੀਂ ਲੱਗਾ।

ਵਾਪਸ ਅਫ਼ਰੀਕਾ ਵਿਚ

ਫ਼ਰਾਂਕੋ ਆਪਣੇ ਲੈਪਟਾਪ ʼਤੇ ਟਾਈਪਿੰਗ ਕਰ ਰਿਹਾ ਹੈ।

2014 ਵਿਚ ਕਾਂਗੋ ਵਿਚ ਇਕ ਭਾਸ਼ਣ ਦੀ ਤਿਆਰੀ ਕਰਦਿਆਂ

2013 ਵਿਚ ਸਾਨੂੰ ਇਕ ਨਵੀਂ ਜ਼ਿੰਮੇਵਾਰੀ ਦਿੱਤੀ ਗਈ। ਇਹ ਬਿਲਕੁਲ ਵੱਖਰੀ ਸੀ। ਸਾਨੂੰ ਕਾਂਗੋ ਦੇ ਕਿੰਸ਼ਾਸਾ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਲਈ ਕਿਹਾ ਗਿਆ। ਇਹ ਬਹੁਤ ਵੱਡਾ ਤੇ ਸੋਹਣਾ ਦੇਸ਼ ਹੈ। ਪਰ ਇੱਥੇ ਦੇ ਲੋਕਾਂ ਨੇ ਘੋਰ ਗ਼ਰੀਬੀ ਅਤੇ ਯੁੱਧਾਂ ਦੀ ਮਾਰ ਝੱਲੀ ਹੈ। ਸ਼ੁਰੂ-ਸ਼ੁਰੂ ਵਿਚ ਸਾਨੂੰ ਲੱਗਾ: “ਅਸੀਂ ਅਫ਼ਰੀਕਾ ਵਿਚ ਤਾਂ ਰਹਿ ਚੁੱਕੇ ਹਾਂ, ਕੋਈ ਨਾ ਜੋ ਹੋਵੇਗਾ, ਦੇਖ ਲਵਾਂਗੇ।” ਪਰ ਅਸੀਂ ਅਜੇ ਵੀ ਬਹੁਤ ਕੁਝ ਸਿੱਖਣਾ ਸੀ, ਖ਼ਾਸ ਕਰਕੇ ਉਨ੍ਹਾਂ ਇਲਾਕਿਆਂ ਵਿਚ ਸਫ਼ਰ ਕਰਨ ਬਾਰੇ ਜਿੱਥੇ ਨਾ ਤਾਂ ਸੜਕਾਂ ਸਨ ਤੇ ਨਾ ਹੀ ਪੁਲ ਵਗੈਰਾ। ਪਰ ਉੱਥੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਸਨ। ਅਸੀਂ ਉਨ੍ਹਾਂ ਵੱਲ ਧਿਆਨ ਦਿੱਤਾ। ਮਿਸਾਲ ਲਈ, ਭੈਣ-ਭਰਾ ਪੈਸੇ ਦੀ ਤੰਗੀ ਦੇ ਬਾਵਜੂਦ ਵੀ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਵਿਚ ਲੱਗੇ ਹੋਏ ਸਨ। ਉਹ ਜੋਸ਼ ਨਾਲ ਪ੍ਰਚਾਰ ਕਰਦੇ ਸਨ ਅਤੇ ਸਭਾਵਾਂ ਤੇ ਸੰਮੇਲਨਾਂ ਵਿਚ ਹਾਜ਼ਰ ਹੋਣ ਲਈ ਬਹੁਤ ਮਿਹਨਤ ਕਰਦੇ ਸਨ। ਅਸੀਂ ਆਪਣੀ ਅੱਖੀਂ ਦੇਖਿਆ ਸੀ ਕਿ ਯਹੋਵਾਹ ਦੀ ਬਰਕਤ ਨਾਲ ਰਾਜ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ। ਕਾਂਗੋ ਵਿਚ ਪੂਰੇ ਸਮੇਂ ਦੀ ਸੇਵਾ ਕਰਦਿਆਂ ਅਸੀਂ ਬਹੁਤ ਸਾਰੀਆਂ ਜ਼ਰੂਰੀ ਗੱਲਾਂ ਸਿੱਖੀਆਂ ਅਤੇ ਸਾਨੂੰ ਬਹੁਤ ਸਾਰੇ ਚੰਗੇ ਦੋਸਤ ਵੀ ਮਿਲੇ ਜੋ ਸਾਡਾ ਪਰਿਵਾਰ ਬਣ ਗਏ।

 ਪ੍ਰਚਾਰ ਲਈ ਫ਼ਰਾਂਕੋ ਭੈਣਾਂ-ਭਰਾਵਾਂ ਨਾਲ ਇਕ ਪਿੰਡ ਵੱਲ ਨੂੰ ਜਾ ਰਿਹਾ ਹੈ।

2023 ਵਿਚ ਦੱਖਣੀ ਅਫ਼ਰੀਕਾ ਵਿਚ ਪ੍ਰਚਾਰ ਕਰਦਿਆਂ

2017 ਦੇ ਅਖ਼ੀਰ ਵਿਚ ਸਾਨੂੰ ਦੱਖਣੀ ਅਫ਼ਰੀਕਾ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਲਈ ਭੇਜਿਆ ਗਿਆ। ਹੁਣ ਤਕ ਅਸੀਂ ਜਿੱਥੇ ਵੀ ਸੇਵਾ ਕੀਤੀ, ਉਨ੍ਹਾਂ ਵਿੱਚੋਂ ਇਹ ਸਭ ਤੋਂ ਵੱਡਾ ਬ੍ਰਾਂਚ ਆਫ਼ਿਸ ਹੈ। ਬੈਥਲ ਵਿਚ ਸਾਨੂੰ ਜੋ ਵੀ ਕੰਮ ਦਿੱਤਾ ਗਿਆ, ਉਹ ਸਾਡੇ ਲਈ ਬਿਲਕੁਲ ਨਵਾਂ ਸੀ। ਅਸੀਂ ਫਿਰ ਤੋਂ ਬਹੁਤ ਕੁਝ ਸਿੱਖਣਾ ਸੀ। ਪਰ ਅਸੀਂ ਹੁਣ ਤਕ ਜਿਹੜੀਆਂ ਗੱਲਾਂ ਸਿੱਖੀਆਂ ਸਨ, ਉਨ੍ਹਾਂ ਤੋਂ ਸਾਡੀ ਬਹੁਤ ਮਦਦ ਹੋਈ। ਇੱਥੇ ਬਹੁਤ ਸਾਰੇ ਭੈਣ-ਭਰਾ ਸਾਲਾਂ ਤੋਂ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਾਂ। ਇਹ ਸੱਚ-ਮੁੱਚ ਕਮਾਲ ਦੀ ਗੱਲ ਹੈ ਕਿ ਬੈਥਲ ਪਰਿਵਾਰ ਵਿਚ ਵੱਖੋ-ਵੱਖਰੀਆਂ ਕੌਮਾਂ, ਰੰਗ-ਰੂਪ ਅਤੇ ਸਭਿਆਚਾਰਾਂ ਦੇ ਭੈਣ-ਭਰਾ ਹਨ, ਫਿਰ ਵੀ ਉਹ ਸਾਰੇ ਮਿਲ ਕੇ ਯਹੋਵਾਹ ਦੀ ਸੇਵਾ ਕਰਦੇ ਹਨ। ਯਹੋਵਾਹ ਦੇ ਲੋਕ ਨਵਾਂ ਸੁਭਾਅ ਪਹਿਨਣ ਅਤੇ ਬਾਈਬਲ ਦੇ ਅਸੂਲਾਂ ਅਨੁਸਾਰ ਜੀਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਕਰਕੇ ਯਹੋਵਾਹ ਉਨ੍ਹਾਂ ਦੀ ਮਿਹਨਤ ʼਤੇ ਬਰਕਤ ਪਾ ਰਿਹਾ ਹੈ ਤੇ ਉਨ੍ਹਾਂ ਵਿਚ ਸ਼ਾਂਤੀ ਭਰਿਆ ਰਿਸ਼ਤਾ ਹੈ।

ਬੀਤੇ ਸਾਲਾਂ ਦੌਰਾਨ ਮੈਂ ਤੇ ਡੈਬੀ ਨੇ ਕਈ ਵੱਖੋ-ਵੱਖਰੀਆਂ ਥਾਵਾਂ ʼਤੇ ਸੇਵਾ ਕੀਤੀ ਹੈ। ਅਸੀਂ ਵੱਖੋ-ਵੱਖਰੇ ਸਭਿਆਚਾਰਾਂ ਮੁਤਾਬਕ ਖ਼ੁਦ ਨੂੰ ਢਾਲਿਆ ਅਤੇ ਨਵੀਆਂ-ਨਵੀਆਂ ਭਾਸ਼ਾਵਾਂ ਸਿੱਖੀਆਂ। ਇਹ ਸਭ ਕਰਨਾ ਹਮੇਸ਼ਾ ਸੌਖਾ ਨਹੀਂ ਸੀ ਹੁੰਦਾ। ਪਰ ਯਹੋਵਾਹ ਨੇ ਹਮੇਸ਼ਾ ਆਪਣੇ ਸੰਗਠਨ ਤੇ ਭੈਣਾਂ-ਭਰਾਵਾਂ ਰਾਹੀਂ ਸਾਨੂੰ ਸੰਭਾਲਿਆ ਅਤੇ ਆਪਣੇ ਪਿਆਰ ਦਾ ਅਹਿਸਾਸ ਕਰਾਇਆ। (ਜ਼ਬੂ. 144:2) ਪੂਰੇ ਸਮੇਂ ਦੀ ਸੇਵਾ ਕਰਦਿਆਂ ਅਸੀਂ ਜੋ ਗੱਲਾਂ ਸਿੱਖੀਆਂ, ਉਨ੍ਹਾਂ ਕਰਕੇ ਅਸੀਂ ਯਹੋਵਾਹ ਦੇ ਹੋਰ ਵੀ ਵਧੀਆ ਸੇਵਕ ਬਣ ਸਕੇ ਹਾਂ।

ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਮਾਪਿਆਂ ਨੇ ਮੇਰੀ ਇੰਨੀ ਵਧੀਆ ਪਰਵਰਿਸ਼ ਕੀਤੀ, ਮੇਰੀ ਪਤਨੀ ਡੈਬੀ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਅਤੇ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਨੇ ਸਾਡੇ ਲਈ ਵਧੀਆ ਮਿਸਾਲ ਰੱਖੀ। ਮੈਂ ਤੇ ਡੈਬੀ ਨੇ ਪੱਕਾ ਇਰਾਦਾ ਕੀਤਾ ਹੈ ਕਿ ਅੱਗੇ ਚਾਹੇ ਜੋ ਵੀ ਹੋਵੇ, ਅਸੀਂ ਆਪਣੇ ਮਹਾਨ ਸਿੱਖਿਅਕ ਯਹੋਵਾਹ ਤੋਂ ਸਿੱਖਦੇ ਰਹਾਂਗੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ