ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਜੁਲਾਈ ਸਫ਼ੇ 26-30
  • “ਯੁੱਧ ਯਹੋਵਾਹ ਦਾ ਹੈ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਯੁੱਧ ਯਹੋਵਾਹ ਦਾ ਹੈ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮਿਸ਼ਨਰੀ ਜਜ਼ਬੇ ਨਾਲ ਮੇਰੀ ਪਰਵਰਿਸ਼ ਹੋਈ
  • ਮੈਨੂੰ ਮੁੱਖ ਦਫ਼ਤਰ ਬੁਲਾਇਆ ਗਿਆ
  • ਕਾਨੂੰਨੀ ਲੜਾਈਆਂ ਲੜਨ ਦਾ ਸਿਲਸਿਲਾ ਸ਼ੁਰੂ ਹੋਇਆ
  • ਖ਼ੁਸ਼ ਖ਼ਬਰੀ ਦੀ ਪੈਰਵੀ ਕਰਨੀ ਅਤੇ ਇਸ ਨੂੰ ਕਾਨੂੰਨੀ ਮਾਨਤਾ ਦਿਵਾਉਣੀ
  • ਯਹੋਵਾਹ, ਤੇਰਾ ਧੰਨਵਾਦ!
  • ਮੈਂ ਉਹੀ ਕੀਤਾ ਜੋ ਮੈਨੂੰ ਕਰਨਾ ਚਾਹੀਦਾ ਸੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਜੁਲਾਈ ਸਫ਼ੇ 26-30
ਫਿਲਿੱਪ ਬਰੱਮਲੀ।

ਜੀਵਨੀ

“ਯੁੱਧ ਯਹੋਵਾਹ ਦਾ ਹੈ”

ਫਿਲਿੱਪ ਬਰੱਮਲੀ ਦੀ ਜ਼ਬਾਨੀ

ਮੈਂ 28 ਜਨਵਰੀ 2010 ਨੂੰ ਫਰਾਂਸ ਦੇ ਇਕ ਸੋਹਣੇ ਸ਼ਹਿਰ ਸਟ੍ਰਾਸਬੁਰਗ ਵਿਚ ਸੀ। ਉੱਥੇ ਠੰਢ ਦਾ ਮੌਸਮ ਸੀ, ਪਰ ਮੈਂ ਉੱਥੇ ਘੁੰਮਣ ਨਹੀਂ ਸੀ ਗਿਆ। ਮੈਂ ਕਾਨੂੰਨੀ ਵਿਭਾਗ ਦੇ ਕੁਝ ਭਰਾਵਾਂ ਨਾਲ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ (ECHR) ਵਿਚ ਯਹੋਵਾਹ ਦੇ ਗਵਾਹਾਂ ਵੱਲੋਂ ਮੁਕੱਦਮਾ ਲੜਨ ਲਈ ਗਿਆ ਸੀ। ਮਾਮਲਾ ਇਹ ਸੀ ਕਿ ਫਰਾਂਸ ਦੀ ਸਰਕਾਰ ਸਾਡੇ ਭਰਾਵਾਂ ਤੋਂ ਲਗਭਗ 8 ਕਰੋੜ 90 ਲੱਖ ਡਾਲਰ ਦਾ ਟੈਕਸ ਮੰਗ ਰਹੀ ਸੀ। ਇਹ ਬਹੁਤ ਵੱਡੀ ਰਕਮ ਸੀ ਅਤੇ ਅਸੀਂ ਸਾਬਤ ਕਰਨਾ ਸੀ ਕਿ ਇਹ ਮੰਗ ਗ਼ੈਰ-ਕਾਨੂੰਨੀ ਸੀ। ਸਾਡੇ ਵਾਸਤੇ ਇਹ ਮੁਕੱਦਮਾ ਜਿੱਤਣਾ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਇਸ ਨਾਲ ਯਹੋਵਾਹ ਦੇ ਨਾਂ ਦੀ ਮਹਿਮਾ ਹੋਣੀ ਸੀ, ਉਸ ਦੇ ਲੋਕਾਂ ਦੀ ਨੇਕਨਾਮੀ ਬਣੀ ਰਹਿਣੀ ਸੀ ਅਤੇ ਉਨ੍ਹਾਂ ਨੇ ਫਰਾਂਸ ਵਿਚ ਖੁੱਲ੍ਹ ਕੇ ਯਹੋਵਾਹ ਦੀ ਸੇਵਾ ਕਰਦੇ ਰਹਿਣਾ ਸੀ। ਉਸ ਦਿਨ ਸੁਣਵਾਈ ਦੌਰਾਨ ਜੋ ਹੋਇਆ, ਉਸ ਤੋਂ ਇਹ ਸਾਬਤ ਹੋ ਗਿਆ ਕਿ “ਯੁੱਧ ਯਹੋਵਾਹ ਦਾ ਹੈ।” (1 ਸਮੂ. 17:47) ਆਓ ਮੈਂ ਤੁਹਾਨੂੰ ਆਪਣੀ ਪੂਰੀ ਕਹਾਣੀ ਸੁਣਾਉਂਦਾ ਹਾਂ।

ਫਰਾਂਸ ਦੀ ਸਰਕਾਰ ਨੇ ਸਾਲ 1999 ਵਿਚ ਫਰਾਂਸ ਦੇ ਸਾਡੇ ਬ੍ਰਾਂਚ ਆਫ਼ਿਸ ਨੂੰ ਕਿਹਾ ਕਿ ਉਨ੍ਹਾਂ ਨੂੰ 1993 ਤੋਂ 1996 ਦੌਰਾਨ ਜਿੰਨਾ ਵੀ ਦਾਨ ਮਿਲਿਆ ਸੀ, ਉਸ ਲਈ ਉਨ੍ਹਾਂ ਨੂੰ ਟੈਕਸ ਭਰਨਾ ਪੈਣਾ। ਇਹ ਮੰਗ ਗ਼ੈਰ-ਕਾਨੂੰਨੀ ਸੀ। ਅਸੀਂ ਫਰਾਂਸ ਦੀਆਂ ਕਈ ਅਦਾਲਤਾਂ ਵਿਚ ਗਏ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਜਦੋਂ ਅਸੀਂ ਅਦਾਲਤ ਨੂੰ ਅਪੀਲ ਕੀਤੀ, ਤਾਂ ਅਸੀਂ ਮੁਕੱਦਮਾ ਹਾਰ ਗਏ। ਫਰਾਂਸ ਦੀ ਸਰਕਾਰ ਨੇ ਸਾਡੇ ਬ੍ਰਾਂਚ ਆਫ਼ਿਸ ਦੇ ਬੈਂਕ ਖਾਤੇ ਵਿੱਚੋਂ 63 ਲੱਖ ਤੋਂ ਵੀ ਜ਼ਿਆਦਾ ਡਾਲਰ ਜ਼ਬਤ ਕਰ ਲਏ। ਸਾਡੀ ਆਖ਼ਰੀ ਉਮੀਦ ਯੂਰਪੀ ਅਦਾਲਤ ਸੀ। ਪਰ ਮਾਮਲੇ ਦੀ ਸੁਣਵਾਈ ਹੋਣ ਤੋਂ ਪਹਿਲਾਂ ਇਸ ਅਦਾਲਤ ਨੇ ਸਾਨੂੰ ਕਿਹਾ ਕਿ ਅਸੀਂ ਫਰਾਂਸ ਦੀ ਸਰਕਾਰ ਦੇ ਵਕੀਲਾਂ ਅਤੇ ਯੂਰਪੀ ਅਦਾਲਤ ਦੇ ਇਕ ਨੁਮਾਇੰਦੇ ਨਾਲ ਮੁਲਾਕਾਤ ਕਰੀਏ ਤਾਂਕਿ ਜੇ ਹੋ ਸਕੇ, ਤਾਂ ਦੋਹਾਂ ਪਾਰਟੀਆਂ ਵਿਚ ਸੁਣਵਾਈ ਹੋਣ ਤੋਂ ਪਹਿਲਾਂ ਹੀ ਸਮਝੌਤਾ ਹੋ ਜਾਵੇ।

ਸਾਨੂੰ ਲੱਗਾ ਕਿ ਅਦਾਲਤ ਦਾ ਨੁਮਾਇੰਦਾ ਸਾਡੇ ʼਤੇ ਦਬਾਅ ਪਾਵੇਗਾ ਕਿ ਅਸੀਂ ਫਰਾਂਸ ਦੀ ਸਰਕਾਰ ਨੂੰ ਪੂਰੇ ਪੈਸੇ ਤਾਂ ਨਹੀਂ, ਪਰ ਥੋੜ੍ਹੇ-ਬਹੁਤੇ ਪੈਸੇ ਦੇ ਕੇ ਇਹ ਮਾਮਲਾ ਸੁਲਝਾ ਲਈਏ। ਪਰ ਅਸੀਂ ਜਾਣਦੇ ਸੀ ਕਿ ਜੇ ਅਸੀਂ ਉਨ੍ਹਾਂ ਨੂੰ ਇਕ ਵੀ ਪੈਸਾ ਦਿੰਦੇ ਹਾਂ, ਤਾਂ ਇਹ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਹੋਣਾ ਸੀ। ਭੈਣਾਂ-ਭਰਾਵਾਂ ਨੇ ਇਹ ਪੈਸਾ ਰਾਜ ਦੇ ਕੰਮਾਂ ਲਈ ਦਾਨ ਦਿੱਤਾ ਸੀ। ਇਸ ਲਈ ਇਨ੍ਹਾਂ ਪੈਸਿਆਂ ʼਤੇ ਸਰਕਾਰ ਦਾ ਕੋਈ ਹੱਕ ਨਹੀਂ ਸੀ। (ਮੱਤੀ 22:21) ਫਿਰ ਵੀ ਅਸੀਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਕਿਉਂਕਿ ਅਸੀਂ ਅਦਾਲਤ ਦੀ ਗੱਲ ਮੰਨਣੀ ਚਾਹੁੰਦੇ ਸੀ।

2010 ਵਿਚ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਸਾਮ੍ਹਣੇ ਸਾਡੀ ਵਕੀਲਾਂ ਦੀ ਟੀਮ

ਅਸੀਂ ਉਨ੍ਹਾਂ ਨੂੰ ਅਦਾਲਤ ਦੇ ਇਕ ਆਲੀਸ਼ਾਨ ਕਾਨਫ਼ਰੰਸ ਹਾਲ ਵਿਚ ਮਿਲੇ। ਸ਼ੁਰੂ ਵਿਚ ਗੱਲਬਾਤ ਵਧੀਆ ਨਹੀਂ ਰਹੀ। ਅਦਾਲਤ ਦੇ ਇਕ ਨੁਮਾਇੰਦੇ ਨੇ ਸਾਨੂੰ ਕਿਹਾ ਕਿ ਯਹੋਵਾਹ ਦੇ ਗਵਾਹਾਂ ਨੂੰ ਫਰਾਂਸ ਦੀ ਸਰਕਾਰ ਨੂੰ ਕੁਝ-ਨਾ-ਕੁਝ ਟੈਕਸ ਜ਼ਰੂਰ ਦੇਣਾ ਪਵੇਗਾ। ਫਿਰ ਅਚਾਨਕ ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਸਾਨੂੰ ਇਹ ਪੁੱਛਣ ਲਈ ਪ੍ਰੇਰਿਤ ਕੀਤਾ: “ਮੈਡਮ, ਕੀ ਤੁਹਾਨੂੰ ਪਤਾ ਕਿ ਸਰਕਾਰ ਨੇ ਸਾਡੇ ਬੈਂਕ ਖਾਤੇ ਵਿੱਚੋਂ ਪਹਿਲਾਂ ਹੀ 63 ਲੱਖ ਤੋਂ ਜ਼ਿਆਦਾ ਡਾਲਰ ਜ਼ਬਤ ਕਰ ਲਏ ਹਨ?”

ਇਹ ਸੁਣ ਕੇ ਉਹ ਦੰਗ ਹੀ ਰਹਿ ਗਈ ਤੇ ਉਸ ਦੇ ਚਿਹਰੇ ਦੇ ਹਾਵ-ਭਾਵ ਬਦਲ ਗਏ। ਜਦੋਂ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੀ ਕੀਤਾ ਸੀ, ਤਾਂ ਉਸ ਦਾ ਰਵੱਈਆ ਵੀ ਪੂਰੀ ਤਰ੍ਹਾਂ ਬਦਲ ਗਿਆ। ਉਸ ਨੇ ਉਨ੍ਹਾਂ ਨੂੰ ਝਿੜਕਿਆ ਅਤੇ ਮੀਟਿੰਗ ਉੱਥੇ ਹੀ ਖ਼ਤਮ ਕਰ ਦਿੱਤੀ। ਮੈਂ ਦੇਖ ਸਕਿਆ ਕਿ ਯਹੋਵਾਹ ਨੇ ਹਾਲਾਤ ਦਾ ਰੁੱਖ ਇੱਦਾਂ ਮੋੜਿਆ ਜਿੱਦਾਂ ਅਸੀਂ ਸੋਚ ਵੀ ਨਹੀਂ ਸਕਦੇ ਸੀ। ਅਸੀਂ ਬਹੁਤ ਖ਼ੁਸ਼ ਸੀ। ਸਾਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਸਾਰਾ ਕੁਝ ਕਿੱਦਾਂ ਹੋ ਗਿਆ।

ਯੂਰਪੀਅਨ ਅਦਾਲਤ ਨੇ 30 ਜੂਨ 2011 ਨੂੰ ਸਾਡੇ ਪੱਖ ਵਿਚ ਇਕਮਤ ਫ਼ੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਟੈਕਸ ਭਰਨ ਦੀ ਇਹ ਮੰਗ ਗ਼ੈਰ-ਕਾਨੂੰਨੀ ਸੀ। ਨਾਲੇ ਸਰਕਾਰ ਨੂੰ ਹੁਕਮ ਦਿੱਤਾ ਕਿ ਸਾਡੇ ਤੋਂ ਟੈਕਸ ਦੇ ਨਾਂ ʼਤੇ ਜੋ ਪੈਸੇ ਜ਼ਬਤ ਕੀਤੇ ਗਏ ਸਨ, ਉਨ੍ਹਾਂ ਨੂੰ ਵਾਪਸ ਕੀਤਾ ਜਾਵੇ, ਉਹ ਵੀ ਵਿਆਜ ਸਮੇਤ। ਇਹ ਇਕ ਇਤਿਹਾਸਕ ਫ਼ੈਸਲਾ ਸੀ। ਇਸ ਫ਼ੈਸਲੇ ਕਰਕੇ ਅੱਜ ਤਕ ਅਸੀਂ ਫਰਾਂਸ ਵਿਚ ਬਿਨਾਂ ਕਿਸੇ ਰੁਕਾਵਟ ਦੇ ਸ਼ੁੱਧ ਭਗਤੀ ਕਰ ਰਹੇ ਹਾਂ। ਅਸੀਂ ਪਹਿਲਾਂ ਤੋਂ ਹੀ ਇਸ ਸਵਾਲ ਬਾਰੇ ਸੋਚ ਕੇ ਨਹੀਂ ਆਏ ਸੀ। ਪਰ ਇਹ ਇਕ ਸਵਾਲ ਉਸ ਪੱਥਰ ਵਾਂਗ ਸੀ ਜੋ ਗੋਲਿਅਥ ਦੇ ਸਿਰ ʼਤੇ ਵੱਜਾ ਸੀ ਤੇ ਪਾਸਾ ਪਲਟ ਗਿਆ ਸੀ। ਅਸੀਂ ਆਪਣੀ ਬੁੱਧ ਦੇ ਸਹਾਰੇ ਨਹੀਂ ਜਿੱਤੇ ਸੀ, ਸਗੋਂ ਜਿੱਦਾਂ ਦਾਊਦ ਨੇ ਗੋਲਿਅਥ ਨੂੰ ਕਿਹਾ ਸੀ, ਅਸਲ ਵਿਚ “ਯੁੱਧ ਯਹੋਵਾਹ ਦਾ ਹੈ।”​—1 ਸਮੂ. 17:45-47.

ਇਹ ਪਹਿਲੀ ਵਾਰ ਨਹੀਂ ਸੀ ਕਿ ਅਸੀਂ ਕੋਈ ਮੁਕੱਦਮਾ ਜਿੱਤਿਆ ਹੋਵੇ। ਰਾਜਨੀਤਿਕ ਅਤੇ ਧਾਰਮਿਕ ਸੰਗਠਨਾਂ ਦੇ ਵਿਰੋਧ ਦੇ ਬਾਵਜੂਦ ਅਸੀਂ ਅੱਜ ਤਕ 70 ਦੇਸ਼ਾਂ ਦੀਆਂ ਸਰਬ-ਉੱਚ ਅਦਾਲਤਾਂ ਅਤੇ ਕਈ ਅੰਤਰਰਾਸ਼ਟਰੀ ਅਦਾਲਤਾਂ ਵਿਚ 1,225 ਮੁਕੱਦਮਿਆਂ ਵਿਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਮੁਕੱਦਮਿਆਂ ਵਿਚ ਜਿੱਤ ਮਿਲਣ ਕਰਕੇ ਸਾਡੇ ਅਧਿਕਾਰਾਂ ਦੀ ਰਾਖੀ ਹੋਈ ਹੈ। ਮਿਸਾਲ ਲਈ, ਕਾਨੂੰਨ ਦੀ ਨਜ਼ਰ ਵਿਚ ਅਸੀਂ ਇਕ ਧਰਮ ਦੇ ਤੌਰ ਤੇ ਪਛਾਣੇ ਜਾਂਦੇ ਹਾਂ, ਸਾਡੇ ਕੋਲ ਗਵਾਹੀ ਦੇਣ ਦਾ ਹੱਕ ਹੈ, ਅਸੀਂ ਦੇਸ਼-ਭਗਤੀ ਵਾਲੇ ਪ੍ਰੋਗ੍ਰਾਮਾਂ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਸਕਦੇ ਹਾਂ ਅਤੇ ਖ਼ੂਨ ਨਾ ਲੈਣ ਦਾ ਫ਼ੈਸਲਾ ਲੈ ਸਕਦੇ ਹਾਂ।

ਮੈਂ ਤਾਂ ਅਮਰੀਕਾ ਦੇ ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ ਸੇਵਾ ਕਰ ਰਿਹਾ ਸੀ, ਤਾਂ ਫਿਰ ਕਾਨੂੰਨੀ ਮਾਮਲੇ ਦੇ ਸਿਲਸਿਲੇ ਵਿਚ ਮੈਂ ਯੂਰਪ ਕਿਉਂ ਆਇਆ?

ਮਿਸ਼ਨਰੀ ਜਜ਼ਬੇ ਨਾਲ ਮੇਰੀ ਪਰਵਰਿਸ਼ ਹੋਈ

ਮੇਰੇ ਮੰਮੀ ਦਾ ਨਾਂ ਲੂਸੀਲ ਸੀ ਤੇ ਡੈਡੀ ਦਾ ਨਾਂ ਜੋਰਜ। ਉਹ ਗਿਲਿਅਡ ਦੀ 12ਵੀਂ ਕਲਾਸ ਤੋਂ ਗ੍ਰੈਜੂਏਟ ਹੋਏ ਸਨ ਅਤੇ ਇਥੋਪੀਆ ਵਿਚ ਸੇਵਾ ਕਰ ਰਹੇ ਸਨ। 1956 ਵਿਚ ਉੱਥੇ ਹੀ ਮੇਰਾ ਜਨਮ ਹੋਇਆ ਸੀ। ਉਨ੍ਹਾਂ ਨੇ ਮੇਰਾ ਨਾਂ ਪਹਿਲੀ ਸਦੀ ਦੇ ਫ਼ਿਲਿੱਪੁਸ ਨਾਂ ਦੇ ਪ੍ਰਚਾਰਕ ʼਤੇ ਰੱਖਿਆ ਸੀ। (ਰਸੂ. 21:8) ਮੇਰੇ ਜਨਮ ਤੋਂ ਅਗਲੇ ਹੀ ਸਾਲ ਸਰਕਾਰ ਨੇ ਸਾਡੇ ਪ੍ਰਚਾਰ ਦੇ ਕੰਮ ʼਤੇ ਪਾਬੰਦੀ ਲਾ ਦਿੱਤੀ। ਭਾਵੇਂ ਮੈਂ ਛੋਟਾ ਸੀ, ਪਰ ਮੈਨੂੰ ਯਾਦ ਹੈ ਕਿ ਸਾਡਾ ਪਰਿਵਾਰ ਲੁਕ-ਛਿਪ ਕੇ ਭਗਤੀ ਕਰਦਾ ਸੀ। ਉਸ ਉਮਰ ਵਿਚ ਮੈਨੂੰ ਇੱਦਾਂ ਭਗਤੀ ਕਰ ਕੇ ਮਜ਼ਾ ਆਉਂਦਾ ਸੀ। ਪਰ ਦੁੱਖ ਦੀ ਗੱਲ ਹੈ ਕਿ 1960 ਵਿਚ ਉੱਥੋਂ ਦੇ ਅਧਿਕਾਰੀਆਂ ਨੇ ਸਾਨੂੰ ਦੇਸ਼-ਨਿਕਾਲਾ ਦੇ ਦਿੱਤਾ।

1959 ਵਿਚ ਇਥੋਪੀਆ ਦੇ ਅਦਿਸ ਅਬਾਬਾ ਸ਼ਹਿਰ ਵਿਚ ਭਰਾ ਨੇਥਨ ਨੌਰ (ਬਿਲਕੁਲ ਖੱਬੇ ਪਾਸੇ) ਸਾਡੇ ਪਰਿਵਾਰ ਨੂੰ ਮਿਲ ਰਿਹਾ ਹੈ

ਇਸ ਤੋਂ ਬਾਅਦ ਸਾਡਾ ਪਰਿਵਾਰ ਅਮਰੀਕਾ ਦੇ ਕੈਂਸਸ ਰਾਜ ਦੇ ਵਿਚਿਟਾ ਸ਼ਹਿਰ ਵਿਚ ਵੱਸ ਗਿਆ। ਮੇਰੇ ਮਾਪੇ ਆਪਣੇ ਨਾਲ ਇਕ ਬਹੁਤ ਵਧੀਆ ਚੀਜ਼ ਲੈ ਕੇ ਆਏ, ਉਹ ਸੀ ਮਿਸ਼ਨਰੀਆਂ ਵਾਲਾ ਜੋਸ਼। ਉਨ੍ਹਾਂ ਨੂੰ ਸੱਚਾਈ ਨਾਲ ਬਹੁਤ ਪਿਆਰ ਸੀ। ਉਨ੍ਹਾਂ ਨੇ ਮੇਰੀ, ਮੇਰੀ ਵੱਡੀ ਭੈਣ ਜੂਡੀ ਅਤੇ ਛੋਟੇ ਭਰਾ ਲੈਸਲੀ ਦੀ ਬਹੁਤ ਚੰਗੀ ਤਰ੍ਹਾਂ ਪਰਵਰਿਸ਼ ਕੀਤੀ। ਉਨ੍ਹਾਂ ਨੇ ਸਾਨੂੰ ਯਹੋਵਾਹ ਨੂੰ ਪਿਆਰ ਕਰਨਾ ਅਤੇ ਦਿਲੋਂ ਉਸ ਦੀ ਸੇਵਾ ਕਰਨੀ ਸਿਖਾਈ। ਜੂਡੀ ਅਤੇ ਲੈਸਲੀ ਦਾ ਜਨਮ ਵੀ ਇਥੋਪੀਆ ਵਿਚ ਹੀ ਹੋਇਆ ਸੀ। ਫਿਰ 13 ਸਾਲ ਦੀ ਉਮਰ ਵਿਚ ਮੈਂ ਬਪਤਿਸਮਾ ਲੈ ਲਿਆ। ਤਿੰਨ ਸਾਲਾਂ ਬਾਅਦ ਸਾਡਾ ਪਰਿਵਾਰ ਪੀਰੂ ਦੇ ਐਰੇਕੀਪਾ ਸ਼ਹਿਰ ਚਲਾ ਗਿਆ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ।

1974 ਵਿਚ ਜਦੋਂ ਮੈਂ 18 ਕੁ ਸਾਲਾਂ ਦਾ ਸੀ, ਤਾਂ ਪੀਰੂ ਬ੍ਰਾਂਚ ਆਫ਼ਿਸ ਨੇ ਮੈਨੂੰ ਤੇ ਹੋਰ ਚਾਰ ਭਰਾਵਾਂ ਨੂੰ ਸਪੈਸ਼ਲ ਪਾਇਨੀਅਰ ਬਣਾਇਆ। ਉਨ੍ਹਾਂ ਨੇ ਸਾਨੂੰ ਐਂਡੀਜ਼ ਪਹਾੜਾਂ ਦੇ ਉਨ੍ਹਾਂ ਇਲਾਕਿਆਂ ਵਿਚ ਭੇਜਿਆ ਜਿੱਥੇ ਅਜੇ ਪ੍ਰਚਾਰ ਨਹੀਂ ਸੀ ਹੋਇਆ। ਅਸੀਂ ਕੇਚੂਆ ਅਤੇ ਆਈਮਰਾ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਦੇ ਸੀ। ਅਸੀਂ ਚਾਰ ਟਾਇਰਾਂ ਵਾਲੇ ਇਕ ਘਰ ਵਿਚ ਰਹਿੰਦੇ ਸੀ ਜਿਸ ਨੂੰ ਕਿਤੇ ਵੀ ਲਿਜਾਇਆ ਜਾ ਸਕਦਾ ਸੀ। ਇਹ ਇਕ ਵੱਡੇ ਸਾਰੇ ਡੱਬੇ ਵਰਗਾ ਦਿਸਦਾ ਸੀ ਜਿਸ ਕਰਕੇ ਅਸੀਂ ਇਸ ਨੂੰ “ਨੂਹ ਦੀ ਕਿਸ਼ਤੀ” ਕਹਿੰਦੇ ਸੀ। ਮੈਂ ਹਾਲੇ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਖ਼ੁਸ਼ ਹੁੰਦਾ ਹਾਂ ਜਦੋਂ ਮੈਂ ਉੱਥੇ ਦੇ ਲੋਕਾਂ ਨੂੰ ਸਿਖਾਉਂਦਾ ਸੀ ਕਿ ਯਹੋਵਾਹ ਬਹੁਤ ਜਲਦੀ ਗ਼ਰੀਬੀ, ਬੀਮਾਰੀ ਤੇ ਮੌਤ ਨੂੰ ਖ਼ਤਮ ਕਰ ਦੇਵੇਗਾ। (ਪ੍ਰਕਾ. 21:3, 4) ਖ਼ੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਸੱਚਾਈ ਵਿਚ ਆਏ।

ਪਾਣੀ ਵਿੱਚੋਂ ਲੰਘ ਰਿਹਾ ਚਾਰ ਟਾਇਰਾਂ ਵਾਲਾ ਘਰ।

1974 ਵਿਚ ਸਾਡੀ “ਨੂਹ ਵਾਲੀ ਕਿਸ਼ਤੀ”

ਮੈਨੂੰ ਮੁੱਖ ਦਫ਼ਤਰ ਬੁਲਾਇਆ ਗਿਆ

ਭਰਾ ਐਲਬਰਟ ਸ਼ਰੋਡਰ 1977 ਵਿਚ ਪੀਰੂ ਆਇਆ। ਉਹ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਮੈਂਬਰ ਸੀ। ਉਸ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਕਿ ਮੈਂ ਮੁੱਖ ਦਫ਼ਤਰ ਦੇ ਬੈਥਲ ਆਫ਼ਿਸ ਵਿਚ ਸੇਵਾ ਕਰਨ ਲਈ ਫ਼ਾਰਮ ਭਰਾਂ। ਇਸ ਲਈ ਮੈਂ ਫ਼ਾਰਮ ਭਰ ਦਿੱਤਾ। ਫਿਰ 17 ਜੂਨ 1977 ਵਿਚ ਮੈਂ ਬਰੁਕਲਿਨ ਬੈਥਲ ਵਿਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਅਗਲੇ ਚਾਰ ਸਾਲਾਂ ਦੌਰਾਨ ਮੈਂ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਵਿਭਾਗਾਂ ਵਿਚ ਕੰਮ ਕੀਤਾ।

1979 ਵਿਚ ਸਾਡੇ ਵਿਆਹ ਦਾ ਦਿਨ

ਜੂਨ 1978 ਵਿਚ ਲੁਜ਼ੀਆਨਾ ਦੇ ਨਿਊ ਓਰਲੀਨਜ਼ ਸ਼ਹਿਰ ਵਿਚ ਅੰਤਰਰਾਸ਼ਟਰੀ ਸੰਮੇਲਨ ਹੋਇਆ। ਉਸ ਸੰਮੇਲਨ ਵਿਚ ਮੈਂ ਇਲਿਜ਼ਬਥ ਐਵਾਲੋਨ ਨਾਂ ਦੀ ਇਕ ਭੈਣ ਨੂੰ ਮਿਲਿਆ। ਮੇਰੇ ਵਾਂਗ ਉਸ ਦੀ ਪਰਵਰਿਸ਼ ਵੀ ਸੱਚਾਈ ਵਿਚ ਹੋਈ ਸੀ। ਉਹ ਚਾਰ ਸਾਲਾਂ ਤੋਂ ਪਾਇਨੀਅਰਿੰਗ ਕਰ ਰਹੀ ਸੀ ਅਤੇ ਜ਼ਿੰਦਗੀ ਭਰ ਪੂਰੇ ਸਮੇਂ ਦੀ ਸੇਵਾ ਕਰਨੀ ਚਾਹੁੰਦੀ ਸੀ। ਅਸੀਂ ਜਿੱਦਾਂ-ਜਿੱਦਾਂ ਇਕ-ਦੂਜੇ ਨੂੰ ਜਾਣਿਆ, ਸਾਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਫਿਰ 20 ਅਕਤੂਬਰ 1979 ਵਿਚ ਅਸੀਂ ਵਿਆਹ ਕਰਾ ਲਿਆ ਤੇ ਬੈਥਲ ਵਿਚ ਇਕੱਠੇ ਸੇਵਾ ਕਰਨ ਲੱਗੇ।

ਅਸੀਂ ਸਭ ਤੋਂ ਪਹਿਲਾਂ ਬਰੁਕਲਿਨ ਦੀ ਸਪੈਨਿਸ਼ ਮੰਡਲੀ ਵਿਚ ਜਾਂਦੇ ਸੀ। ਉੱਥੇ ਦੇ ਭੈਣਾਂ-ਭਰਾਵਾਂ ਤੋਂ ਸਾਨੂੰ ਬਹੁਤ ਪਿਆਰ ਮਿਲਿਆ। ਅਗਲੇ ਕੁਝ ਸਾਲਾਂ ਦੌਰਾਨ ਸਾਨੂੰ ਹੋਰ ਤਿੰਨ ਮੰਡਲੀਆਂ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ। ਉੱਥੇ ਦੇ ਭੈਣਾਂ-ਭਰਾਵਾਂ ਨੇ ਵੀ ਸਾਡਾ ਦਿਲੋਂ ਸੁਆਗਤ ਕੀਤਾ ਤੇ ਬੈਥਲ ਸੇਵਾ ਜਾਰੀ ਰੱਖਣ ਵਿਚ ਸਾਡੀ ਮਦਦ ਕੀਤੀ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਨਾਲੇ ਅਸੀਂ ਉਨ੍ਹਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਬਹੁਤ ਕਦਰ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਸਿਆਣੀ ਉਮਰ ਦੇ ਮਾਪਿਆਂ ਦਾ ਖ਼ਿਆਲ ਰੱਖਣ ਵਿਚ ਸਾਡੀ ਮਦਦ ਕੀਤੀ।

ਮੰਡਲੀ ਦੀ ਇਕ ਸਭਾ ਵਿਚ ਫਿਲਿੱਪ ਅਤੇ ਬੈਥਲ ਦੇ ਹੋਰ ਭੈਣ-ਭਰਾ।

1986 ਵਿਚ ਬਰੁਕਲਿਨ ਦੀ ਸਪੈਨਿਸ਼ ਮੰਡਲੀ ਦੇ ਉਹ ਭੈਣ-ਭਰਾ ਜੋ ਬੈਥਲ ਵਿਚ ਸੇਵਾ ਕਰਦੇ ਸਨ

ਕਾਨੂੰਨੀ ਲੜਾਈਆਂ ਲੜਨ ਦਾ ਸਿਲਸਿਲਾ ਸ਼ੁਰੂ ਹੋਇਆ

ਜਦੋਂ ਜਨਵਰੀ 1982 ਵਿਚ ਮੈਨੂੰ ਬੈਥਲ ਦੇ ਕਾਨੂੰਨੀ ਵਿਭਾਗ ਵਿਚ ਸੇਵਾ ਕਰਨ ਲਈ ਕਿਹਾ ਗਿਆ, ਤਾਂ ਮੈਂ ਬਹੁਤ ਹੈਰਾਨ ਹੋਇਆ। ਤਿੰਨ ਸਾਲਾਂ ਬਾਅਦ ਮੈਨੂੰ ਕਿਹਾ ਗਿਆ ਕਿ ਵਕੀਲ ਬਣਨ ਲਈ ਮੈਂ ਯੂਨੀਵਰਸਿਟੀ ਜਾ ਕੇ ਕਾਨੂੰਨ ਦੀ ਪੜ੍ਹਾਈ ਕਰਾਂ। ਪੜ੍ਹਾਈ ਕਰਦਿਆਂ ਮੈਨੂੰ ਇਕ ਦਿਲਚਸਪ ਗੱਲ ਪਤਾ ਲੱਗੀ ਕਿ ਯਹੋਵਾਹ ਦੇ ਗਵਾਹਾਂ ਨੇ ਜੋ ਕੁਝ ਅਹਿਮ ਮੁਕੱਦਮੇ ਜਿੱਤੇ ਹਨ, ਉਨ੍ਹਾਂ ਕਰਕੇ ਅਮਰੀਕਾ ਅਤੇ ਹੋਰ ਕਈ ਦੇਸ਼ਾਂ ਦੇ ਲੋਕਾਂ ਕੋਲ ਕਈ ਕੰਮ ਕਰਨ ਦੀ ਆਜ਼ਾਦੀ ਹੈ। ਇਨ੍ਹਾਂ ਅਹਿਮ ਮੁਕੱਦਮਿਆਂ ਬਾਰੇ ਅਸੀਂ ਕਲਾਸ ਵਿਚ ਕਈ ਵਾਰ ਚਰਚਾ ਕੀਤੀ।

1986 ਵਿਚ ਜਦੋਂ ਮੈਂ 30 ਸਾਲਾਂ ਦਾ ਸੀ, ਤਾਂ ਮੈਨੂੰ ਕਾਨੂੰਨੀ ਵਿਭਾਗ ਦਾ ਓਵਰਸੀਅਰ ਠਹਿਰਾਇਆ ਗਿਆ। ਮੈਂ ਖ਼ੁਸ਼ ਸੀ ਕਿ ਸੰਗਠਨ ਨੇ ਇੰਨੀ ਘੱਟ ਉਮਰ ਵਿਚ ਮੇਰੇ ʼਤੇ ਭਰੋਸਾ ਦਿਖਾਇਆ। ਪਰ ਮੈਨੂੰ ਡਰ ਵੀ ਲੱਗ ਰਿਹਾ ਸੀ ਕਿਉਂਕਿ ਮੈਂ ਬਹੁਤ ਕੁਝ ਨਹੀਂ ਜਾਣਦਾ ਸੀ ਅਤੇ ਮੈਨੂੰ ਪਤਾ ਸੀ ਕਿ ਇਹ ਜ਼ਿੰਮੇਵਾਰੀ ਸੰਭਾਲਣੀ ਇੰਨੀ ਸੌਖੀ ਨਹੀਂ ਹੋਣੀ।

ਮੈਂ 1988 ਵਿਚ ਇਕ ਵਕੀਲ ਬਣ ਗਿਆ। ਪਰ ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਇਹ ਮੁਕਾਮ ਹਾਸਲ ਕਰਨ ਕਰਕੇ ਯਹੋਵਾਹ ਨਾਲ ਮੇਰੇ ਰਿਸ਼ਤੇ ʼਤੇ ਕੀ ਅਸਰ ਪੈ ਰਿਹਾ ਸੀ। ਉੱਚ-ਸਿੱਖਿਆ ਲੈਣ ਕਰਕੇ ਇਕ ਵਿਅਕਤੀ ਘਮੰਡੀ ਬਣ ਸਕਦਾ ਹੈ ਅਤੇ ਇਹ ਸੋਚਣ ਲੱਗ ਸਕਦਾ ਹੈ ਕਿ ਉਹ ਦੂਜਿਆਂ ਨਾਲੋਂ ਬਿਹਤਰ ਹੈ। ਇਸ ਮਾਮਲੇ ਵਿਚ ਮੇਰੀ ਪਤਨੀ ਇਲਿਜ਼ਬਥ ਨੇ ਮੇਰੀ ਮਦਦ ਕੀਤੀ। ਉਸ ਦੀ ਮਦਦ ਨਾਲ ਮੈਂ ਫਿਰ ਤੋਂ ਉਨ੍ਹਾਂ ਕੰਮਾਂ ਵਿਚ ਲੱਗ ਸਕਿਆ ਜਿਨ੍ਹਾਂ ਕਰਕੇ ਯਹੋਵਾਹ ਨਾਲ ਮੇਰਾ ਰਿਸ਼ਤਾ ਮਜ਼ਬੂਤ ਹੋ ਸਕਦਾ ਸੀ। ਇਸ ਵਿਚ ਥੋੜ੍ਹਾ ਟਾਈਮ ਲੱਗਾ, ਪਰ ਮੈਂ ਫਿਰ ਤੋਂ ਯਹੋਵਾਹ ਦੇ ਨੇੜੇ ਆ ਗਿਆ। ਮੈਂ ਆਪਣੇ ਤਜਰਬੇ ਤੋਂ ਕਹਿ ਸਕਦਾ ਹਾਂ ਕਿ ਦੁਨੀਆਂ ਭਰ ਦਾ ਗਿਆਨ ਲੈਣਾ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਨਹੀਂ ਹੈ। ਇਸ ਦੀ ਬਜਾਇ, ਯਹੋਵਾਹ ਨਾਲ ਵਧੀਆ ਰਿਸ਼ਤਾ ਹੋਣਾ ਅਤੇ ਉਸ ਨੂੰ ਤੇ ਉਸ ਦੇ ਲੋਕਾਂ ਨੂੰ ਦਿਲੋਂ ਪਿਆਰ ਕਰਨਾ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਹੈ।

ਖ਼ੁਸ਼ ਖ਼ਬਰੀ ਦੀ ਪੈਰਵੀ ਕਰਨੀ ਅਤੇ ਇਸ ਨੂੰ ਕਾਨੂੰਨੀ ਮਾਨਤਾ ਦਿਵਾਉਣੀ

ਕਾਨੂੰਨ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਬੈਥਲ ਦੇ ਕਾਨੂੰਨੀ ਵਿਭਾਗ ਦੇ ਕੰਮਾਂ ਵਿਚ ਲੱਗ ਗਿਆ ਅਤੇ ਪ੍ਰਚਾਰ ਕਰਨ ਦੇ ਸਾਡੇ ਹੱਕ ਲਈ ਅਦਾਲਤਾਂ ਵਿਚ ਲੜਨ ਲੱਗਾ। ਉਸ ਵੇਲੇ ਸਾਡੇ ਸੰਗਠਨ ਵਿਚ ਕਾਫ਼ੀ ਬਦਲਾਅ ਹੋ ਰਹੇ ਸਨ। ਬਹੁਤ ਸਾਰੇ ਨਵੇਂ ਪ੍ਰਬੰਧ ਕੀਤੇ ਜਾ ਰਹੇ ਸਨ। ਇਸ ਲਈ ਕਦੇ-ਕਦੇ ਕੁਝ ਮੁਸ਼ਕਲਾਂ ਵੀ ਆਉਂਦੀਆਂ ਸਨ। ਪਰ ਸਾਡਾ ਕੰਮ ਬਹੁਤ ਮਜ਼ੇਦਾਰ ਸੀ। ਮਿਸਾਲ ਲਈ, ਅਸੀਂ ਲੋਕਾਂ ਤੋਂ ਪ੍ਰਕਾਸ਼ਨਾਂ ਲਈ ਦਾਨ ਮੰਗਦੇ ਹੁੰਦੇ ਸੀ। ਪਰ 1990 ਵਿਚ ਕਾਨੂੰਨੀ ਵਿਭਾਗ ਤੋਂ ਇਸ ਮਾਮਲੇ ਵਿਚ ਮਦਦ ਲਈ ਗਈ ਕਿ ਪ੍ਰਕਾਸ਼ਨਾਂ ਲਈ ਦਾਨ ਮੰਗਣਾ ਕਿਵੇਂ ਬੰਦ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਯਹੋਵਾਹ ਦੇ ਗਵਾਹ ਲੋਕਾਂ ਨੂੰ ਮੁਫ਼ਤ ਵਿਚ ਪ੍ਰਕਾਸ਼ਨ ਦੇਣ ਲੱਗੇ। ਇਸ ਕਰਕੇ ਬੈਥਲ ਵਿਚ ਅਤੇ ਪ੍ਰਚਾਰ ਵਿਚ ਸਾਡਾ ਕੰਮ ਸੌਖਾ ਹੋ ਗਿਆ ਅਤੇ ਅਸੀਂ ਬੇਵਜ੍ਹਾ ਟੈਕਸ ਦੇਣ ਤੋਂ ਵੀ ਬਚਦੇ ਹਾਂ। ਕੁਝ ਜਣਿਆਂ ਨੂੰ ਲੱਗਾ ਕਿ ਇਸ ਕਰਕੇ ਸੰਗਠਨ ਨੂੰ ਘਾਟਾ ਸਹਿਣਾ ਪੈਣਾ ਅਤੇ ਸਾਡਾ ਪ੍ਰਚਾਰ ਦਾ ਕੰਮ ਵੀ ਘੱਟ ਜਾਣਾ। ਪਰ ਇਸ ਤੋਂ ਬਿਲਕੁਲ ਉਲਟ ਹੋਇਆ। 1990 ਤੋਂ ਲੈ ਕੇ ਹੁਣ ਤਕ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਕਈ ਗੁਣਾ ਵਧ ਚੁੱਕੀ ਹੈ ਅਤੇ ਹੁਣ ਕੋਈ ਵੀ ਮੁਫ਼ਤ ਵਿਚ ਬਾਈਬਲ ਨਾਲ ਸੰਬੰਧਿਤ ਜਾਣਕਾਰੀ ਲੈ ਸਕਦਾ ਹੈ। ਮੈਂ ਆਪਣੀ ਅੱਖੀਂ ਦੇਖਿਆ ਹੈ ਕਿ ਸਾਡੇ ਸੰਗਠਨ ਵਿਚ ਇੰਨੇ ਸਾਰੇ ਬਦਲਾਅ ਇਸ ਕਰਕੇ ਹੋ ਸਕੇ ਹਨ ਕਿਉਂਕਿ ਯਹੋਵਾਹ ਸਾਡੀ ਮਦਦ ਕਰ ਰਿਹਾ ਹੈ ਅਤੇ ਉਹੀ ਵਫ਼ਾਦਾਰ ਨੌਕਰ ਰਾਹੀਂ ਸਾਨੂੰ ਹਿਦਾਇਤਾਂ ਦੇ ਰਿਹਾ ਹੈ। ​—ਕੂਚ 15:2; ਮੱਤੀ 24:45.

ਇਹ ਸੱਚ ਹੈ ਕਿ ਸਾਡੇ ਸੰਗਠਨ ਵਿਚ ਬਹੁਤ ਸਾਰੇ ਚੰਗੇ ਵਕੀਲ ਹਨ, ਪਰ ਜ਼ਿਆਦਾਤਰ ਮਾਮਲਿਆਂ ਵਿਚ ਅਸੀਂ ਸਿਰਫ਼ ਚੰਗੇ ਵਕੀਲਾਂ ਕਰਕੇ ਮੁਕੱਦਮੇ ਨਹੀਂ ਜਿੱਤਦੇ। ਇਸ ਦੀ ਬਜਾਇ, ਜਦੋਂ ਅਧਿਕਾਰੀ ਦੇਖਦੇ ਹਨ ਕਿ ਯਹੋਵਾਹ ਦੇ ਗਵਾਹਾਂ ਦਾ ਚਾਲ-ਚਲਣ ਕਿੰਨਾ ਵਧੀਆ ਹੈ, ਤਾਂ ਉਹ ਸਾਡੇ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੇ ਹਨ। ਇਸ ਗੱਲ ਦੀ ਇਕ ਉਦਾਹਰਣ ਮੈਂ 1998 ਵਿਚ ਦੇਖੀ। ਉਸ ਵੇਲੇ ਕਿਊਬਾ ਵਿਚ ਖ਼ਾਸ ਸੰਮੇਲਨ ਰੱਖੇ ਗਏ ਸਨ। ਉਨ੍ਹਾਂ ਸੰਮੇਲਨਾਂ ਵਿਚ ਪ੍ਰਬੰਧਕ ਸਭਾ ਦੇ ਤਿੰਨ ਮੈਂਬਰ ਆਪਣੀਆਂ ਪਤਨੀਆਂ ਨਾਲ ਆਏ ਹੋਏ ਸਨ। ਇਹ ਭੈਣ-ਭਰਾ ਬੜੇ ਪਿਆਰ ਤੇ ਇੱਜ਼ਤ ਨਾਲ ਪੇਸ਼ ਆਏ। ਭਾਵੇਂ ਕਿ ਅਸੀਂ ਉੱਥੇ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਕੇ ਪਹਿਲਾਂ ਹੀ ਇਸ ਬਾਰੇ ਸਮਝਾਇਆ ਸੀ ਕਿ ਅਸੀਂ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿੰਦੇ ਹਾਂ, ਪਰ ਇਨ੍ਹਾਂ ਭੈਣਾਂ-ਭਰਾਵਾਂ ਦੇ ਚੰਗੇ ਸਲੂਕ ਨੂੰ ਦੇਖ ਕੇ ਉਨ੍ਹਾਂ ਅਧਿਕਾਰੀਆਂ ਨੂੰ ਇਸ ਗੱਲ ਦਾ ਹੋਰ ਵੀ ਯਕੀਨ ਹੋ ਗਿਆ।

ਪਰ ਕਦੇ-ਕਦਾਈਂ ਜਦੋਂ ਸਾਨੂੰ ਕੋਈ ਹੋਰ ਰਾਹ ਨਜ਼ਰ ਨਹੀਂ ਆਉਂਦਾ, ਤਾਂ ਅਸੀਂ “ਖ਼ੁਸ਼ ਖ਼ਬਰੀ ਦੇ ਪੱਖ ਵਿਚ ਬੋਲਣ ਅਤੇ ਇਸ ਦਾ ਪ੍ਰਚਾਰ ਕਰਨ ਦਾ ਹੱਕ ਪ੍ਰਾਪਤ ਕਰਨ ਦੀ ਕਾਨੂੰਨੀ ਲੜਾਈ” ਲੜਦੇ ਹਾਂ। (ਫ਼ਿਲਿ. 1:7) ਮਿਸਾਲ ਲਈ, ਕਈ ਸਾਲਾਂ ਤਕ ਯੂਰਪ ਅਤੇ ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਸਾਨੂੰ ਇਹ ਹੱਕ ਨਹੀਂ ਦਿੱਤਾ ਸੀ ਕਿ ਅਸੀਂ ਆਪਣੇ ਵਿਸ਼ਵਾਸਾਂ ਕਰਕੇ ਫ਼ੌਜ ਵਿਚ ਜਾਣ ਤੋਂ ਇਨਕਾਰ ਕਰ ਸਕੀਏ। ਇਸ ਕਰਕੇ ਯੂਰਪ ਵਿਚ ਲਗਭਗ 18 ਹਜ਼ਾਰ ਭਰਾਵਾਂ ਅਤੇ ਦੱਖਣੀ ਕੋਰੀਆ ਵਿਚ 19 ਹਜ਼ਾਰ ਤੋਂ ਵੀ ਜ਼ਿਆਦਾ ਭਰਾਵਾਂ ਨੂੰ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰਨ ਕਰਕੇ ਜੇਲ੍ਹ ਵਿਚ ਜਾਣਾ ਪਿਆ ਸੀ।

ਅਖ਼ੀਰ 7 ਜੁਲਾਈ 2011 ਨੂੰ ਯੂਰਪੀ ਅਦਾਲਤ ਨੇ ਬਾਯਾਤਿਆਨ ਬਨਾਮ ਆਰਮੀਨੀਆ ਮਾਮਲੇ ਵਿਚ ਇਕ ਇਤਿਹਾਸਕ ਫ਼ੈਸਲਾ ਸੁਣਾਇਆ। ਉਦੋਂ ਤੋਂ ਪੂਰੇ ਯੂਰਪ ਵਿਚ ਹਰ ਕਿਸੇ ਨੂੰ ਇਹ ਅਧਿਕਾਰ ਮਿਲ ਗਿਆ ਕਿ ਜੇ ਕੋਈ ਫ਼ੌਜ ਵਿਚ ਭਰਤੀ ਨਹੀਂ ਹੋਣਾ ਚਾਹੁੰਦਾ, ਤਾਂ ਉਹ ਗ਼ੈਰ-ਫ਼ੌਜੀ ਕੰਮ ਕਰ ਸਕਦਾ ਹੈ। ਨਾਲੇ 28 ਜੂਨ 2018 ਨੂੰ “ਦੱਖਣੀ ਕੋਰੀਆ ਦੀ ਸੰਵਿਧਾਨਕ ਅਦਾਲਤ” ਨੇ ਵੀ ਇਸੇ ਤਰ੍ਹਾਂ ਦਾ ਫ਼ੈਸਲਾ ਸੁਣਾਇਆ। ਇਨ੍ਹਾਂ ਦੇਸ਼ਾਂ ਵਿਚ ਹਰ ਜਵਾਨ ਭਰਾ ਨਿਰਪੱਖ ਰਿਹਾ, ਇਸ ਕਰਕੇ ਉਨ੍ਹਾਂ ਮੁਕੱਦਮਿਆਂ ਵਿਚ ਸਾਡੀ ਜਿੱਤ ਹੋ ਸਕੀ।

ਮੁੱਖ ਦਫ਼ਤਰ ਅਤੇ ਬ੍ਰਾਂਚ ਆਫ਼ਿਸਾਂ ਦੇ ਕਾਨੂੰਨੀ ਵਿਭਾਗ ਰਾਜ ਦੇ ਕੰਮਾਂ ਦੇ ਪੱਖ ਵਿਚ ਲੜਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਜਦੋਂ ਸਰਕਾਰਾਂ ਸਾਡੇ ਭੈਣਾਂ-ਭਰਾਵਾਂ ਦਾ ਵਿਰੋਧ ਕਰਦੀਆਂ ਹਨ, ਤਾਂ ਉਨ੍ਹਾਂ ਵੱਲੋਂ ਲੜਨਾ ਸਾਡੇ ਲਈ ਇਕ ਸਨਮਾਨ ਦੀ ਗੱਲ ਹੈ। ਚਾਹੇ ਕਿ ਅਸੀਂ ਕੋਈ ਮੁਕੱਦਮਾ ਨਾ ਵੀ ਜਿੱਤ ਸਕੀਏ, ਪਰ ਇਸ ਨਾਲ ਸਰਕਾਰੀ ਅਧਿਕਾਰੀਆਂ, ਰਾਜਿਆਂ ਅਤੇ ਕੌਮਾਂ ਨੂੰ ਇਕ ਚੰਗੀ ਗਵਾਹੀ ਮਿਲਦੀ ਹੈ। (ਮੱਤੀ 10:18) ਜਦੋਂ ਅਸੀਂ ਅਦਾਲਤ ਵਿਚ ਆਪਣਾ ਪੱਖ ਜਾਂ ਕੁਝ ਦਸਤਾਵੇਜ਼ ਪੇਸ਼ ਕਰਦੇ ਹਾਂ, ਤਾਂ ਉਨ੍ਹਾਂ ਵਿਚ ਬਾਈਬਲ ਦੀਆਂ ਆਇਤਾਂ ਦਾ ਵੀ ਜ਼ਿਕਰ ਕਰਦੇ ਹਾਂ। ਇਸ ਕਰਕੇ ਮੁਕੱਦਮੇ ਦੀ ਸੁਣਵਾਈ ਵੇਲੇ ਜੱਜਾਂ, ਸਰਕਾਰੀ ਅਧਿਕਾਰੀਆਂ, ਮੀਡੀਆ ਦੇ ਲੋਕਾਂ ਅਤੇ ਆਮ ਜਨਤਾ ਨੂੰ ਇਨ੍ਹਾਂ ਆਇਤਾਂ ਬਾਰੇ ਜਾਣਨਾ ਹੀ ਪੈਂਦਾ ਹੈ। ਇਸ ਤਰ੍ਹਾਂ ਨੇਕਦਿਲ ਲੋਕ ਜਾਣ ਸਕੇ ਹਨ ਕਿ ਯਹੋਵਾਹ ਦੇ ਗਵਾਹ ਕੌਣ ਹਨ ਅਤੇ ਉਹ ਜੋ ਵੀ ਮੰਨਦੇ ਹਨ, ਉਹ ਬਾਈਬਲ-ਆਧਾਰਿਤ ਹੈ। ਨਤੀਜੇ ਵਜੋਂ, ਕੁਝ ਲੋਕਾਂ ਨੇ ਸੱਚਾਈ ਸਵੀਕਾਰ ਕੀਤੀ ਹੈ।

ਯਹੋਵਾਹ, ਤੇਰਾ ਧੰਨਵਾਦ!

ਪਿਛਲੇ 40 ਸਾਲਾਂ ਦੌਰਾਨ ਮੈਨੂੰ ਬ੍ਰਾਂਚ ਆਫ਼ਿਸਾਂ ਦੇ ਨਾਲ ਕਾਨੂੰਨੀ ਮਾਮਲਿਆਂ ʼਤੇ ਕੰਮ ਕਰਨ ਦਾ ਸਨਮਾਨ ਮਿਲਿਆ ਹੈ। ਨਾਲੇ ਇਸੇ ਕਰਕੇ ਮੈਨੂੰ ਕਈ ਵੱਡੀਆਂ ਅਦਾਲਤਾਂ ਵਿਚ ਉੱਚ ਅਧਿਕਾਰੀਆਂ ਸਾਮ੍ਹਣੇ ਪੇਸ਼ ਹੋਣ ਦਾ ਵੀ ਮੌਕਾ ਮਿਲਿਆ ਹੈ। ਮੈਂ ਮੁੱਖ ਦਫ਼ਤਰ ਅਤੇ ਬ੍ਰਾਂਚ ਆਫ਼ਿਸਾਂ ਦੇ ਕਾਨੂੰਨੀ ਵਿਭਾਗ ਵਿਚ ਕੰਮ ਕਰਨ ਵਾਲੇ ਸਾਰੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦਾ ਹਾਂ ਅਤੇ ਉਨ੍ਹਾਂ ਦੀ ਕਦਰ ਕਰਦਾ ਹਾਂ। ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ, ਤਾਂ ਮੈਂ ਕਹਿ ਸਕਦਾ ਹਾਂ ਕਿ ਯਹੋਵਾਹ ਨੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਹਨ ਅਤੇ ਉਸ ਦਾ ਕੰਮ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਮਿਲੀ ਹੈ।

ਫਿਲਿੱਪ ਅਤੇ ਇਲਿਜ਼ਬਥ ਬਰੱਮਲੀ।

ਇਲਿਜ਼ਬਥ ਨੇ ਪਿਛਲੇ 45 ਸਾਲਾਂ ਦੌਰਾਨ ਹਰ ਚੰਗੇ-ਮਾੜੇ ਹਾਲਾਤ ਵਿਚ ਪਿਆਰ ਤੇ ਵਫ਼ਾਦਾਰੀ ਨਾਲ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਮੈਂ ਉਸ ਦੀ ਬਹੁਤ ਕਦਰ ਕਰਦਾ ਹਾਂ ਕਿਉਂਕਿ ਉਹ ਖ਼ੁਦ ਇਕ ਬੀਮਾਰੀ ਨਾਲ ਲੜ ਰਹੀ ਹੈ ਜਿਸ ਕਰਕੇ ਉਹ ਬਹੁਤ ਕਮਜ਼ੋਰ ਹੋ ਗਈ ਹੈ।

ਅਸੀਂ ਆਪਣੀ ਜ਼ਿੰਦਗੀ ਵਿਚ ਦੇਖਿਆ ਹੈ ਕਿ ਅਸੀਂ ਆਪਣੀ ਤਾਕਤ ਜਾਂ ਆਪਣੀਆਂ ਕਾਬਲੀਅਤਾਂ ਦੇ ਦਮ ʼਤੇ ਕੋਈ ਵੀ ਲੜਾਈ ਨਹੀਂ ਜਿੱਤ ਸਕਦੇ। ਜਿੱਦਾਂ ਦਾਊਦ ਨੇ ਵੀ ਕਿਹਾ ਸੀ: “ਯਹੋਵਾਹ ਆਪਣੇ ਲੋਕਾਂ ਦੀ ਤਾਕਤ ਹੈ।” (ਜ਼ਬੂ. 28:8) ਵਾਕਈ, “ਯੁੱਧ ਯਹੋਵਾਹ ਦਾ ਹੈ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ