ਅਧਿਐਨ ਲੇਖ 32
ਗੀਤ 38 ਉਹ ਤੁਹਾਨੂੰ ਤਕੜਾ ਕਰੇਗਾ
ਯਹੋਵਾਹ ਧੀਰਜ ਰੱਖਣ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ?
“ਸਾਰੀ ਅਪਾਰ ਕਿਰਪਾ ਦਾ ਪਰਮੇਸ਼ੁਰ . . . ਤੁਹਾਨੂੰ ਮਜ਼ਬੂਤ ਕਰੇਗਾ ਅਤੇ ਤੁਹਾਨੂੰ ਤਕੜਾ ਕਰੇਗਾ ਅਤੇ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ।”—1 ਪਤ. 5:10.
ਕੀ ਸਿੱਖਾਂਗੇ?
ਅਸੀਂ ਦੇਖਾਂਗੇ ਕਿ ਯਹੋਵਾਹ ਨੇ ਕਿਹੜੇ ਪ੍ਰਬੰਧ ਕੀਤੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਧੀਰਜ ਰੱਖ ਸਕਦੇ ਹਾਂ ਅਤੇ ਅਸੀਂ ਇਨ੍ਹਾਂ ਪ੍ਰਬੰਧਾਂ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ।
1. ਸਾਨੂੰ ਧੀਰਜ ਰੱਖਣ ਦੀ ਕਿਉਂ ਲੋੜ ਹੈ ਅਤੇ ਧੀਰਜ ਰੱਖਣ ਵਿਚ ਕੌਣ ਸਾਡੀ ਮਦਦ ਕਰੇਗਾ? (1 ਪਤਰਸ 5:10)
ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਯਹੋਵਾਹ ਦੇ ਲੋਕਾਂ ਨੂੰ ਧੀਰਜ ਰੱਖਣ ਦੀ ਲੋੜ ਹੈ। ਕਿਉਂ? ਕਿਉਂਕਿ ਕੁਝ ਜਣੇ ਲੰਬੇ ਸਮੇਂ ਤੋਂ ਕਿਸੇ ਗੰਭੀਰ ਬੀਮਾਰੀ ਦਾ ਸਾਮ੍ਹਣਾ ਕਰ ਰਹੇ ਹਨ। ਕੁਝ ਜਣੇ ਆਪਣੇ ਅਜ਼ੀਜ਼ਾਂ ਦੀ ਮੌਤ ਦਾ ਗਮ ਸਹਿ ਰਹੇ ਹਨ। ਕੁਝ ਜਣੇ ਪਰਿਵਾਰ ਜਾਂ ਸਰਕਾਰੀ ਅਧਿਕਾਰੀਆਂ ਵੱਲੋਂ ਵਿਰੋਧ ਦਾ ਸਾਮ੍ਹਣਾ ਕਰ ਰਹੇ ਹਨ। (ਮੱਤੀ 10:18, 36, 37) ਪਰ ਭਰੋਸਾ ਰੱਖੋ ਕਿ ਚਾਹੇ ਤੁਸੀਂ ਜਿਹੜੀ ਮਰਜ਼ੀ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹੋ, ਯਹੋਵਾਹ ਧੀਰਜ ਰੱਖਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ।—1 ਪਤਰਸ 5:10 ਪੜ੍ਹੋ।
2. ਸਾਨੂੰ ਧੀਰਜ ਰੱਖਣ ਦੀ ਕਾਬਲੀਅਤ ਕੌਣ ਦਿੰਦਾ ਹੈ?
2 ਧੀਰਜ ਰੱਖਣ ਦਾ ਮਤਲਬ ਹੈ ਕਿ ਮੁਸ਼ਕਲਾਂ ਆਉਣ ਤੇ, ਜ਼ੁਲਮ ਹੋਣ ਤੇ ਜਾਂ ਪਾਪ ਕਰਨ ਲਈ ਪਰਤਾਏ ਜਾਣ ਤੇ ਯਹੋਵਾਹ ਦੇ ਵਫ਼ਾਦਾਰ ਬਣੇ ਰਹਿਣਾ, ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਰਦੇ ਰਹਿਣਾ ਅਤੇ ਇਕ ਵਧੀਆ ਭਵਿੱਖ ਦੀ ਉਮੀਦ ਰੱਖਣੀ। ਪਰ ਅਸੀਂ ਆਪਣੇ ਬਲਬੂਤੇ ʼਤੇ ਧੀਰਜ ਨਹੀਂ ਰੱਖ ਸਕਦੇ, ਸਿਰਫ਼ ਯਹੋਵਾਹ ਦੀ ਮਦਦ ਨਾਲ ਹੀ ਇੱਦਾਂ ਕਰ ਸਕਦੇ ਹਾਂ। ਉਹ ਸਾਨੂੰ ਅਜਿਹੀ ਤਾਕਤ ਦੇ ਸਕਦਾ ਹੈ ਜੋ ਕਿਸੇ ਵੀ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।” (2 ਕੁਰਿੰ. 4:7) ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਯਹੋਵਾਹ ਨੇ ਇੱਦਾਂ ਦੇ ਕਿਹੜੇ ਚਾਰ ਪ੍ਰਬੰਧ ਕੀਤੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਧੀਰਜ ਰੱਖ ਸਕਦੇ ਹਾਂ। ਨਾਲੇ ਅਸੀਂ ਇਹ ਵੀ ਜਾਣਾਂਗੇ ਕਿ ਅਸੀਂ ਇਨ੍ਹਾਂ ਪ੍ਰਬੰਧਾਂ ਤੋਂ ਫ਼ਾਇਦਾ ਕਿਵੇਂ ਲੈ ਸਕਦੇ ਹਾਂ।
ਪ੍ਰਾਰਥਨਾ
3. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਨਾਲ ਗੱਲ ਕਰਨ ਦਾ ਪ੍ਰਬੰਧ ਕਿਸੇ ਵੀ ਚਮਤਕਾਰ ਨਾਲੋਂ ਘੱਟ ਨਹੀਂ ਹੈ?
3 ਯਹੋਵਾਹ ਨੇ ਸਾਡੇ ਲਈ ਇਕ ਸ਼ਾਨਦਾਰ ਪ੍ਰਬੰਧ ਕੀਤਾ ਹੈ ਜਿਸ ਦੀ ਮਦਦ ਨਾਲ ਅਸੀਂ ਧੀਰਜ ਰੱਖ ਸਕਦੇ ਹਾਂ। ਉਸ ਨੇ ਮੁਮਕਿਨ ਕੀਤਾ ਹੈ ਕਿ ਪਾਪੀ ਹੋਣ ਦੇ ਬਾਵਜੂਦ ਵੀ ਅਸੀਂ ਉਸ ਨਾਲ ਗੱਲ ਕਰ ਸਕਦੇ ਹਾਂ। (ਇਬ. 4:16) ਜ਼ਰਾ ਸੋਚੋ ਕਿ ਅਸੀਂ ਕਿਸੇ ਵੀ ਸਮੇਂ ਜਾਂ ਕਿਸੇ ਵੀ ਵਿਸ਼ੇ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਇੰਨਾ ਹੀ ਨਹੀਂ, ਜਦੋਂ ਅਸੀਂ ਕਿਸੇ ਵੀ ਭਾਸ਼ਾ ਵਿਚ ਅਤੇ ਕਿਸੇ ਵੀ ਜਗ੍ਹਾ ਤੋਂ ਉਸ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਸਾਡੀ ਸੁਣ ਸਕਦਾ ਹੈ, ਫਿਰ ਚਾਹੇ ਅਸੀਂ ਇਕੱਲੇ ਹੋਈਏ ਜਾਂ ਜੇਲ੍ਹ ਵਿਚ। (ਯੂਨਾ. 2:1, 2; ਰਸੂ. 16:25, 26) ਜਦੋਂ ਚਿੰਤਾਵਾਂ ਸਾਡੇ ʼਤੇ ਹਾਵੀ ਹੋ ਜਾਂਦੀਆਂ ਹਨ ਅਤੇ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਕੀ ਕਹੀਏ, ਉਦੋਂ ਵੀ ਉਹ ਸਾਡੇ ਦਿਲ ਦੀ ਗੱਲ ਸਮਝ ਲੈਂਦਾ ਹੈ। (ਰੋਮੀ. 8:26, 27) ਸੱਚ-ਮੁੱਚ, ਯਹੋਵਾਹ ਨਾਲ ਗੱਲ ਕਰਨ ਦਾ ਇਹ ਪ੍ਰਬੰਧ ਕਿਸੇ ਵੀ ਚਮਤਕਾਰ ਨਾਲੋਂ ਘੱਟ ਨਹੀਂ ਹੈ!
4. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਧੀਰਜ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ?
4 ਆਪਣੇ ਬਚਨ ਰਾਹੀਂ ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ “ਅਸੀਂ ਉਸ ਦੀ ਇੱਛਾ ਅਨੁਸਾਰ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।” (1 ਯੂਹੰ. 5:14) ਕੀ ਧੀਰਜ ਰੱਖਣ ਲਈ ਅਸੀਂ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ? ਬਿਲਕੁਲ। ਇਹ ਯਹੋਵਾਹ ਦੀ ਇੱਛਾ ਅਨੁਸਾਰ ਹੈ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਜਦੋਂ ਅਸੀਂ ਧੀਰਜ ਨਾਲ ਅਜ਼ਮਾਇਸ਼ਾਂ ਸਹਿੰਦੇ ਹਾਂ, ਤਾਂ ਯਹੋਵਾਹ ਪਰਮੇਸ਼ੁਰ ਸ਼ੈਤਾਨ ਨੂੰ ਜਵਾਬ ਦੇ ਸਕਦਾ ਹੈ ਜੋ ਉਸ ਨੂੰ ਮਿਹਣੇ ਮਾਰਦਾ ਹੈ। (ਕਹਾ. 27:11) ਨਾਲੇ ਬਾਈਬਲ ਦੱਸਦੀ ਹੈ ਕਿ ਯਹੋਵਾਹ ‘ਉਨ੍ਹਾਂ ਦੀ ਖ਼ਾਤਰ ਆਪਣੀ ਤਾਕਤ ਦਿਖਾਉਣ’ ਲਈ ਬੇਤਾਬ ਹੈ “ਜਿਨ੍ਹਾਂ ਦਾ ਦਿਲ ਉਸ ਵੱਲ ਪੂਰੀ ਤਰ੍ਹਾਂ ਲੱਗਾ ਹੋਇਆ ਹੈ।” (2 ਇਤਿ. 16:9) ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਹੈ ਕਿਉਂਕਿ ਉਹ ਇੱਦਾਂ ਕਰਨ ਦੀ ਤਾਕਤ ਰੱਖਦਾ ਹੈ ਅਤੇ ਇੱਦਾਂ ਕਰਨਾ ਵੀ ਚਾਹੁੰਦਾ ਹੈ।—ਯਸਾ. 30:18; 41:10; ਲੂਕਾ 11:13.
5. ਪ੍ਰਾਰਥਨਾ ਕਰ ਕੇ ਸਾਨੂੰ ਮਨ ਦੀ ਸ਼ਾਂਤੀ ਕਿਵੇਂ ਮਿਲ ਸਕਦੀ ਹੈ? (ਯਸਾਯਾਹ 26:3)
5 ਬਾਈਬਲ ਦੱਸਦੀ ਹੈ ਕਿ ਜਦੋਂ ਅਸੀਂ ਆਪਣੀਆਂ ਚਿੰਤਾਵਾਂ ਤੇ ਪਰੇਸ਼ਾਨੀਆਂ ਬਾਰੇ ਦਿਲੋਂ ਪ੍ਰਾਰਥਨਾ ਕਰਦੇ ਹਾਂ, ਤਾਂ “ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ [ਸਾਡੇ] ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿ. 4:7) ਇਸ ਦਾ ਮਤਲਬ ਸਮਝਣ ਲਈ ਜ਼ਰਾ ਸੋਚੋ ਕਿ ਯਹੋਵਾਹ ਦੀ ਸੇਵਾ ਨਾ ਕਰਨ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਉਨ੍ਹਾਂ ਵਿੱਚੋਂ ਬਹੁਤ ਜਣੇ ਮਨ ਦੀ ਸ਼ਾਂਤੀ ਪਾਉਣ ਲਈ ਅਲੱਗ-ਅਲੱਗ ਤਰੀਕੇ ਵਰਤਦੇ ਹਨ। ਮਿਸਾਲ ਲਈ, ਕੁਝ ਲੋਕ ਅਕਸਰ ਧਿਆਨ ਲਾਉਂਦੇ ਹਨ ਤਾਂਕਿ ਉਹ ਆਪਣੇ ਮਨ ਨੂੰ ਪੂਰੀ ਤਰ੍ਹਾਂ ਖਾਲੀ ਕਰ ਦੇਣ। ਜਦੋਂ ਉਹ ਇੱਦਾਂ ਕਰਦੇ ਹਨ, ਤਾਂ ਉਹ ਸ਼ਾਇਦ ਦੁਸ਼ਟ ਦੂਤਾਂ ਨੂੰ ਆਪਣੇ ਦਿਲ-ਦਿਮਾਗ਼ ʼਤੇ ਪ੍ਰਭਾਵ ਪਾਉਣ ਦਾ ਮੌਕਾ ਦੇਣ। ਇੱਦਾਂ ਕਰਨਾ ਬਹੁਤ ਖ਼ਤਰਨਾਕ ਹੋ ਸਕਦਾ ਹੈ। (ਮੱਤੀ 12:43-45 ਵਿਚ ਨੁਕਤਾ ਦੇਖੋ।) ਭਾਵੇਂ ਕਿ ਲੋਕ ਇੱਦਾਂ ਦੇ ਤਰੀਕੇ ਅਪਣਾਉਣ ਤੋਂ ਬਾਅਦ ਸ਼ਾਂਤੀ ਪਾ ਵੀ ਲੈਣ, ਫਿਰ ਵੀ ਉਨ੍ਹਾਂ ਕੋਲ ਯਹੋਵਾਹ ਦੀ ਸ਼ਾਂਤੀ ਨਹੀਂ ਹੁੰਦੀ ਜੋ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ। ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪੂਰੀ ਤਰ੍ਹਾਂ ਉਸ ʼਤੇ ਨਿਰਭਰ ਹਾਂ ਅਤੇ ਉਹ ਸਾਨੂੰ “ਹਮੇਸ਼ਾ ਸ਼ਾਂਤੀ” ਦਿੰਦਾ ਹੈ। (ਯਸਾਯਾਹ 26:3 ਪੜ੍ਹੋ।) ਇਸ ਤਰ੍ਹਾਂ ਕਰਨ ਲਈ ਕਈ ਵਾਰ ਯਹੋਵਾਹ ਸਾਨੂੰ ਅਜਿਹੀਆਂ ਸੱਚਾਈਆਂ ਯਾਦ ਕਰਾਉਂਦਾ ਹੈ ਜੋ ਅਸੀਂ ਉਸ ਦੇ ਬਚਨ ਵਿੱਚੋਂ ਸਿੱਖੀਆਂ ਸਨ। ਇਨ੍ਹਾਂ ਸੱਚਾਈਆਂ ਤੋਂ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਸਾਡੀ ਮਦਦ ਕਰਨੀ ਚਾਹੁੰਦਾ ਹੈ। ਇਸ ਤਰ੍ਹਾਂ ਸਾਡਾ ਦਿਲ-ਦਿਮਾਗ਼ ਪੂਰੀ ਤਰ੍ਹਾਂ ਸ਼ਾਂਤ ਹੋ ਜਾਂਦਾ ਹੈ।—ਜ਼ਬੂ. 62:1, 2.
6. ਪ੍ਰਾਰਥਨਾ ਦੇ ਪ੍ਰਬੰਧ ਤੋਂ ਪੂਰਾ ਫ਼ਾਇਦਾ ਲੈਣ ਲਈ ਤੁਸੀਂ ਕੀ ਕਰ ਸਕਦੇ ਹੋ? (ਤਸਵੀਰ ਵੀ ਦੇਖੋ।)
6 ਤੁਸੀਂ ਕੀ ਕਰ ਸਕਦੇ ਹੋ? ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਦਿਆਂ “ਆਪਣਾ ਸਾਰਾ ਬੋਝ ਯਹੋਵਾਹ ʼਤੇ ਸੁੱਟ” ਦਿਓ ਅਤੇ ਪ੍ਰਾਰਥਨਾ ਵਿਚ ਉਸ ਤੋਂ ਸ਼ਾਂਤੀ ਮੰਗੋ। (ਜ਼ਬੂ. 55:22) ਨਾਲੇ ਯਹੋਵਾਹ ਤੋਂ ਬੁੱਧ ਮੰਗੋ ਤਾਂਕਿ ਤੁਸੀਂ ਜਾਣ ਸਕੋ ਕਿ ਉਸ ਹਾਲਾਤ ਵਿਚ ਤੁਹਾਨੂੰ ਕੀ ਕਰਨ ਦੀ ਲੋੜ ਹੈ। (ਕਹਾ. 2:10, 11) ਧੀਰਜ ਰੱਖਣ ਲਈ ਬੇਨਤੀ ਕਰਨ ਦੇ ਨਾਲ-ਨਾਲ ਉਸ ਦਾ ਧੰਨਵਾਦ ਕਰਨਾ ਨਾ ਭੁੱਲੋ। (ਫ਼ਿਲਿ. 4:6) ਨਾਲੇ ਦੇਖੋ ਕਿ ਯਹੋਵਾਹ ਹਰ ਮੁਸ਼ਕਲ ਵਿਚ ਤੁਹਾਨੂੰ ਕਿਵੇਂ ਸੰਭਾਲ ਰਿਹਾ ਹੈ ਅਤੇ ਫਿਰ ਉਸ ਦੀ ਮਦਦ ਲਈ ਉਸ ਦਾ ਧੰਨਵਾਦ ਕਰੋ। ਚਾਹੇ ਤੁਸੀਂ ਜਿਹੜੀ ਮਰਜ਼ੀ ਮੁਸ਼ਕਲ ਵਿੱਚੋਂ ਲੰਘ ਰਹੇ ਹੋਵੋ, ਪਰ ਯਹੋਵਾਹ ਜਿਨ੍ਹਾਂ ਤਰੀਕਿਆਂ ਨਾਲ ਤੁਹਾਡੀ ਮਦਦ ਕਰ ਰਿਹਾ ਹੈ, ਉਨ੍ਹਾਂ ਨੂੰ ਨਾ ਭੁੱਲੋ।—ਜ਼ਬੂ. 16:5, 6.
ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ, ਤਾਂ ਤੁਸੀਂ ਯਹੋਵਾਹ ਨਾਲ ਗੱਲ ਕਰਦੇ ਹੋ। ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ, ਤਾਂ ਯਹੋਵਾਹ ਤੁਹਾਡੇ ਨਾਲ ਗੱਲ ਕਰਦਾ ਹੈ (ਪੈਰਾ 6 ਦੇਖੋ)b
ਪਰਮੇਸ਼ੁਰ ਦਾ ਬਚਨ
7. ਬਾਈਬਲ ਦਾ ਅਧਿਐਨ ਕਰਨ ਕਰਕੇ ਧੀਰਜ ਰੱਖਣ ਵਿਚ ਸਾਡੀ ਕਿਵੇਂ ਮਦਦ ਹੋ ਸਕਦੀ ਹੈ?
7 ਯਹੋਵਾਹ ਨੇ ਸਾਨੂੰ ਆਪਣਾ ਬਚਨ ਦਿੱਤਾ ਹੈ ਜਿਸ ਦੀ ਮਦਦ ਨਾਲ ਅਸੀਂ ਧੀਰਜ ਰੱਖ ਸਕਦੇ ਹਾਂ। ਬਾਈਬਲ ਦੀਆਂ ਬਹੁਤ ਸਾਰੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਜ਼ਰੂਰ ਸਾਡੀ ਮਦਦ ਕਰੇਗਾ। ਮਿਸਾਲ ਲਈ, ਮੱਤੀ 6:8 ਵਿਚ ਲਿਖਿਆ ਹੈ: “ਤੁਹਾਡਾ ਪਿਤਾ . . . ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।” ਇਹ ਗੱਲ ਯਿਸੂ ਨੇ ਕਹੀ ਸੀ ਅਤੇ ਯਹੋਵਾਹ ਨੂੰ ਉਸ ਨਾਲੋਂ ਬਿਹਤਰ ਹੋਰ ਕੋਈ ਨਹੀਂ ਜਾਣਦਾ। ਇਸ ਲਈ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਜਦੋਂ ਸਾਡੇ ʼਤੇ ਕੋਈ ਮੁਸ਼ਕਲ ਆਉਂਦੀ ਹੈ, ਤਾਂ ਯਹੋਵਾਹ ਜਾਣਦਾ ਹੈ ਕਿ ਸਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ ਅਤੇ ਉਹ ਜ਼ਰੂਰ ਸਾਡੀ ਮਦਦ ਕਰੇਗਾ। ਬਾਈਬਲ ਵਿਚ ਯਹੋਵਾਹ ਦੇ ਬਹੁਤ ਸਾਰੇ ਵਾਅਦੇ ਦਰਜ ਹਨ ਜਿਨ੍ਹਾਂ ਤੋਂ ਸਾਨੂੰ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਦੀ ਤਾਕਤ ਮਿਲ ਸਕਦੀ ਹੈ।—ਜ਼ਬੂ. 94:19.
8. (ੳ) ਬਾਈਬਲ ਦੇ ਕਿਸੇ ਅਸੂਲ ਦੀ ਮਿਸਾਲ ਦਿਓ ਜੋ ਧੀਰਜ ਰੱਖਣ ਵਿਚ ਸਾਡੀ ਮਦਦ ਕਰ ਸਕਦਾ ਹੈ? (ਅ) ਲੋੜ ਪੈਣ ਤੇ ਕਿਹੜੀਆਂ ਗੱਲਾਂ ਬਾਈਬਲ ਦੇ ਅਸੂਲ ਯਾਦ ਰੱਖਣ ਵਿਚ ਸਾਡੀ ਮਦਦ ਕਰ ਸਕਦੀਆਂ ਹਨ?
8 ਬਾਈਬਲ ਦੇ ਅਸੂਲ ਧੀਰਜ ਰੱਖਣ ਵਿਚ ਸਾਡੀ ਮਦਦ ਕਰ ਸਕਦੇ ਹਨ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਬਾਈਬਲ ਦੇ ਅਸੂਲਾਂ ਕਰਕੇ ਸਾਨੂੰ ਉਹ ਬੁੱਧ ਮਿਲਦੀ ਹੈ ਜਿਨ੍ਹਾਂ ਕਰਕੇ ਅਸੀਂ ਵਧੀਆ ਫ਼ੈਸਲੇ ਕਰ ਸਕਦੇ ਹਾਂ। (ਕਹਾ. 2:6, 7) ਮਿਸਾਲ ਲਈ, ਬਾਈਬਲ ਵਿਚ ਸਾਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਅਸੀਂ ਹੱਦੋਂ ਵੱਧ ਇਹ ਚਿੰਤਾ ਨਾ ਕਰੀਏ ਕਿ ਕੱਲ੍ਹ ਨੂੰ ਕੀ ਹੋਵੇਗਾ। ਇਸ ਦੀ ਬਜਾਇ, ਅਸੀਂ ਅੱਜ ਬਾਰੇ ਹੀ ਸੋਚੀਏ। (ਮੱਤੀ 6:34) ਜੇ ਸਾਡੀ ਹਰ ਰੋਜ਼ ਬਾਈਬਲ ਪੜ੍ਹਨ ਅਤੇ ਇਸ ʼਤੇ ਸੋਚ-ਵਿਚਾਰ ਕਰਨ ਦੀ ਆਦਤ ਹੈ, ਤਾਂ ਕੋਈ ਮੁਸ਼ਕਲ ਆਉਣ ਤੇ ਜਾਂ ਕੋਈ ਫ਼ੈਸਲਾ ਕਰਨ ਵੇਲੇ ਅਸੀਂ ਬਾਈਬਲ ਦੇ ਅਸੂਲਾਂ ਨੂੰ ਸੌਖਿਆਂ ਹੀ ਯਾਦ ਕਰ ਸਕਾਂਗੇ।
9. ਬਾਈਬਲ ਵਿਚ ਦਰਜ ਮਿਸਾਲਾਂ ਤੋਂ ਸਾਡਾ ਇਸ ਗੱਲ ʼਤੇ ਭਰੋਸਾ ਕਿਵੇਂ ਪੱਕਾ ਹੁੰਦਾ ਹੈ ਕਿ ਯਹੋਵਾਹ ਸਾਡੀ ਮਦਦ ਕਰੇਗਾ?
9 ਬਾਈਬਲ ਵਿਚ ਸਾਡੇ ਵਰਗੇ ਲੋਕਾਂ ਦੀਆਂ ਮਿਸਾਲਾਂ ਵੀ ਦਰਜ ਹਨ ਜਿਨ੍ਹਾਂ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਅਤੇ ਜਿਨ੍ਹਾਂ ਦੀ ਉਸ ਨੇ ਮਦਦ ਕੀਤੀ। (ਇਬ. 11:32-34; ਯਾਕੂ. 5:17) ਇੱਦਾਂ ਦੀਆਂ ਮਿਸਾਲਾਂ ʼਤੇ ਸੋਚ-ਵਿਚਾਰ ਕਰ ਕੇ ਸਾਡਾ ਭਰੋਸਾ ਪੱਕਾ ਹੁੰਦਾ ਹੈ ਕਿ ਯਹੋਵਾਹ “ਸਾਡੀ ਪਨਾਹ ਅਤੇ ਤਾਕਤ ਹੈ, ਬਿਪਤਾ ਦੇ ਵੇਲੇ ਆਸਾਨੀ ਨਾਲ ਮਿਲਣ ਵਾਲੀ ਮਦਦ” ਹੈ। (ਜ਼ਬੂ. 46:1) ਜਦੋਂ ਅਸੀਂ ਬੀਤੇ ਸਮੇਂ ਦੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀਆਂ ਜ਼ਿੰਦਗੀਆਂ ʼਤੇ ਗੌਰ ਕਰਦੇ ਹਾਂ, ਤਾਂ ਸਾਨੂੰ ਉਨ੍ਹਾਂ ਵਾਂਗ ਨਿਹਚਾ ਅਤੇ ਧੀਰਜ ਰੱਖਣ ਦੀ ਹੱਲਾਸ਼ੇਰੀ ਮਿਲਦੀ ਹੈ।—ਯਾਕੂ. 5:10, 11.
10. ਤੁਸੀਂ ਪਰਮੇਸ਼ੁਰ ਦੇ ਬਚਨ ਤੋਂ ਪੂਰਾ-ਪੂਰਾ ਫ਼ਾਇਦਾ ਕਿਵੇਂ ਲੈ ਸਕਦੇ ਹੋ?
10 ਤੁਸੀਂ ਕੀ ਕਰ ਸਕਦੇ ਹੋ? ਹਰ ਰੋਜ਼ ਬਾਈਬਲ ਪੜ੍ਹੋ ਅਤੇ ਉਨ੍ਹਾਂ ਆਇਤਾਂ ਦੀ ਲਿਸਟ ਬਣਾਓ ਜਿਨ੍ਹਾਂ ਨਾਲ ਤੁਹਾਡੀ ਮਦਦ ਹੁੰਦੀ ਹੈ। ਕਈ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ ਹਰ ਰੋਜ਼ ਸਵੇਰੇ ਡੇਲੀ ਟੈਕਸਟ ਪੜ੍ਹਨਾ ਫ਼ਾਇਦੇਮੰਦ ਹੁੰਦਾ ਹੈ। ਇਸ ਤਰ੍ਹਾਂ ਉਹ ਸਾਰਾ ਦਿਨ ਉਸ ਬਾਰੇ ਸੋਚ ਸਕਦੇ ਹਨ। ਜ਼ਰਾ ਭੈਣ ਮੈਰੀa ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਮੰਮੀ-ਡੈਡੀ ਨੂੰ ਕੈਂਸਰ ਹੈ, ਤਾਂ ਕਿਹੜੀ ਗੱਲ ਨੇ ਧੀਰਜ ਰੱਖਣ ਵਿਚ ਉਸ ਦੀ ਮਦਦ ਕੀਤੀ? ਆਪਣੇ ਮੰਮੀ-ਡੈਡੀ ਦੀ ਮੌਤ ਤੋਂ ਪਹਿਲਾਂ ਜਦੋਂ ਉਹ ਉਨ੍ਹਾਂ ਦੀ ਦੇਖ-ਭਾਲ ਕਰ ਰਹੀ ਸੀ, ਤਾਂ ਉਨ੍ਹਾਂ ਦਿਨਾਂ ਬਾਰੇ ਉਹ ਦੱਸਦੀ ਹੈ: “ਮੈਂ ਸਵੇਰੇ-ਸਵੇਰੇ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੜ੍ਹਦੀ ਹੁੰਦੀ ਸੀ ਅਤੇ ਉਸ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰਦੀ ਸੀ। ਇੱਦਾਂ ਕਰਨ ਕਰਕੇ ਮੈਂ ਆਪਣੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਬਾਰੇ ਸੋਚਦੇ ਰਹਿਣ ਦੀ ਬਜਾਇ ਯਹੋਵਾਹ ਅਤੇ ਬਾਈਬਲ ਵਿਚ ਲਿਖੀਆਂ ਵਧੀਆ ਗੱਲਾਂ ʼਤੇ ਧਿਆਨ ਲਾ ਸਕੀ।”—ਜ਼ਬੂ. 61:2.
ਮਸੀਹੀ ਭੈਣ-ਭਰਾ
11. ਸਾਨੂੰ ਇਹ ਜਾਣ ਕੇ ਦਿਲਾਸਾ ਕਿਉਂ ਮਿਲਦਾ ਹੈ ਕਿ ਸਾਡੇ ਭੈਣ-ਭਰਾ ਸਾਡੇ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ?
11 ਯਹੋਵਾਹ ਨੇ ਸਾਨੂੰ ਮਸੀਹੀ ਭੈਣ-ਭਰਾ ਦਿੱਤੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਧੀਰਜ ਰੱਖ ਸਕਦੇ ਹਾਂ। ਸਾਨੂੰ ਇਹ ਜਾਣ ਕੇ ਦਿਲਾਸਾ ਮਿਲਦਾ ਹੈ ਕਿ “ਦੁਨੀਆਂ ਭਰ ਵਿਚ [ਸਾਡੇ] ਸਾਰੇ ਭਰਾ ਇਹੋ ਜਿਹੇ ਦੁੱਖ ਝੱਲ ਰਹੇ ਹਨ।” (1 ਪਤ. 5:9) ਇਸ ਦਾ ਮਤਲਬ ਹੈ ਕਿ ਅਜਿਹੇ ਕਈ ਭੈਣ-ਭਰਾ ਹਨ ਜਿਨ੍ਹਾਂ ਨੇ ਸਾਡੇ ਵਰਗੀਆਂ ਮੁਸ਼ਕਲਾਂ ਝੱਲੀਆਂ ਹਨ ਅਤੇ ਉਨ੍ਹਾਂ ਨੇ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖੀ। ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਅਸੀਂ ਵੀ ਧੀਰਜ ਨਾਲ ਮੁਸ਼ਕਲਾਂ ਸਹਿ ਸਕਦੇ ਹਾਂ।—ਰਸੂ. 14:22.
12. ਸਾਡੇ ਭੈਣ-ਭਰਾ ਸਾਡੀ ਕਿੱਦਾਂ ਮਦਦ ਕਰ ਸਕਦੇ ਹਨ ਅਤੇ ਅਸੀਂ ਉਨ੍ਹਾਂ ਲਈ ਕੀ ਕਰ ਸਕਦੇ ਹਾਂ? (2 ਕੁਰਿੰਥੀਆਂ 1:3, 4)
12 ਮੁਸ਼ਕਲਾਂ ਦੌਰਾਨ ਸਾਡੇ ਭੈਣ-ਭਰਾ ਆਪਣੀ ਕਹਿਣੀ ਤੇ ਕਰਨੀ ਰਾਹੀਂ ਸਾਨੂੰ ਧੀਰਜ ਰੱਖਣ ਦੀ ਹੱਲਾਸ਼ੇਰੀ ਦੇ ਸਕਦੇ ਹਨ। ਪੌਲੁਸ ਰਸੂਲ ਬਾਰੇ ਵੀ ਇਹ ਗੱਲ ਸੱਚ ਸਾਬਤ ਹੋਈ। ਜਦੋਂ ਪੌਲੁਸ ਇਕ ਘਰ ਵਿਚ ਕੈਦ ਸੀ, ਤਾਂ ਉਸ ਨੇ ਆਪਣੀਆਂ ਚਿੱਠੀਆਂ ਵਿਚ ਉਨ੍ਹਾਂ ਭੈਣਾਂ-ਭਰਾਵਾਂ ਦੇ ਨਾਂ ਲੈ ਕੇ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦੀ ਮਦਦ ਕੀਤੀ ਸੀ। ਉਨ੍ਹਾਂ ਨੇ ਪੌਲੁਸ ਨੂੰ ਦਿਲਾਸਾ ਤੇ ਹੌਸਲਾ ਦਿੱਤਾ ਅਤੇ ਹੋਰ ਕਈ ਤਰੀਕਿਆਂ ਨਾਲ ਉਸ ਦੀ ਮਦਦ ਕੀਤੀ। (ਫ਼ਿਲਿ. 2:25, 29, 30; ਕੁਲੁ. 4:10, 11) ਅੱਜ ਸ਼ਾਇਦ ਅਸੀਂ ਵੀ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹੋਈਏ। ਜਦੋਂ ਸਾਨੂੰ ਮਦਦ ਦੀ ਲੋੜ ਹੁੰਦੀ ਹੈ, ਤਾਂ ਸਾਡੇ ਭੈਣ-ਭਰਾ ਸਾਡਾ ਸਾਥ ਦਿੰਦੇ ਹਨ। ਨਾਲੇ ਜਦੋਂ ਉਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ, ਤਾਂ ਅਸੀਂ ਉਨ੍ਹਾਂ ਦਾ ਸਾਥ ਦਿੰਦੇ ਹਾਂ।—2 ਕੁਰਿੰਥੀਆਂ 1:3, 4 ਪੜ੍ਹੋ।
13. ਭੈਣ ਮੀਆ ਧੀਰਜ ਕਿਉਂ ਰੱਖ ਸਕੀ?
13 ਜ਼ਰਾ ਰੂਸ ਦੀ ਰਹਿਣ ਵਾਲੀ ਭੈਣ ਮੀਆ ਦੀ ਮਿਸਾਲ ʼਤੇ ਗੌਰ ਕਰੋ। ਉਸ ਨੂੰ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਤੋਂ ਬਹੁਤ ਜ਼ਿਆਦਾ ਹੌਸਲਾ ਮਿਲਿਆ। ਸਾਲ 2020 ਵਿਚ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਬਾਅਦ ਵਿਚ ਉਸ ʼਤੇ ਮੁਕੱਦਮਾ ਚਲਾਇਆ ਗਿਆ। ਕਿਉਂ? ਕਿਉਂਕਿ ਉਹ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਸੀ। ਭੈਣ ਮੀਆ ਦੱਸਦੀ ਹੈ: “ਉਸ ਸਮੇਂ ਦੌਰਾਨ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ। ਭੈਣਾਂ-ਭਰਾਵਾਂ ਨੇ ਮੈਨੂੰ ਫ਼ੋਨ ਕਰ ਕੇ ਅਤੇ ਚਿੱਠੀਆਂ ਲਿਖ ਕੇ ਆਪਣੇ ਪਿਆਰ ਦਾ ਅਹਿਸਾਸ ਕਰਾਇਆ। ਮੈਨੂੰ ਹਮੇਸ਼ਾ ਤੋਂ ਪਤਾ ਸੀ ਕਿ ਮੇਰਾ ਵੱਡਾ ਤੇ ਪਿਆਰਾ ਮਸੀਹੀ ਪਰਿਵਾਰ ਹੈ, ਪਰ 2020 ਤੋਂ ਮੈਨੂੰ ਖ਼ਾਸ ਕਰਕੇ ਇਸ ਗੱਲ ਦਾ ਹੋਰ ਵੀ ਜ਼ਿਆਦਾ ਯਕੀਨ ਹੋ ਗਿਆ।”
14. ਭੈਣਾਂ-ਭਰਾਵਾਂ ਦੀ ਮਦਦ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣ ਲਈ ਤੁਸੀਂ ਕੀ ਕਰ ਸਕਦੇ ਹੋ? (ਤਸਵੀਰ ਵੀ ਦੇਖੋ।)
14 ਤੁਸੀਂ ਕੀ ਕਰ ਸਕਦੇ ਹੋ? ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਆਪਣੇ ਮਸੀਹੀ ਭੈਣਾਂ-ਭਰਾਵਾਂ ਦੇ ਨੇੜੇ ਰਹੋ। ਬਜ਼ੁਰਗਾਂ ਤੋਂ ਮਦਦ ਲੈਣ ਤੋਂ ਨਾ ਝਿਜਕੋ। ਉਹ ਤੁਹਾਡੇ ਲਈ ‘ਹਨੇਰੀ ਤੋਂ ਲੁਕਣ ਦੀ ਥਾਂ ਅਤੇ ਵਾਛੜ ਤੋਂ ਬਚਣ ਦੀ ਜਗ੍ਹਾ’ ਬਣ ਸਕਦੇ ਹਨ। (ਯਸਾ. 32:2) ਨਾਲੇ ਇਹ ਵੀ ਯਾਦ ਰੱਖੋ ਕਿ ਤੁਹਾਡੇ ਭੈਣ-ਭਰਾ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਜਦੋਂ ਤੁਸੀਂ ਕਿਸੇ ਲੋੜਵੰਦ ਭੈਣ-ਭਰਾ ਦੀ ਮਦਦ ਕਰੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ ਅਤੇ ਇਸ ਕਰਕੇ ਤੁਸੀਂ ਆਪਣੀਆਂ ਮੁਸ਼ਕਲਾਂ ਦੌਰਾਨ ਸਹੀ ਨਜ਼ਰੀਆ ਅਤੇ ਧੀਰਜ ਰੱਖ ਸਕੋਗੇ।—ਰਸੂ. 20:35.
ਆਪਣੇ ਮਸੀਹੀ ਭੈਣਾਂ-ਭਰਾਵਾਂ ਦੇ ਨੇੜੇ ਰਹੋ (ਪੈਰਾ 14 ਦੇਖੋ)c
ਸਾਡੀ ਉਮੀਦ
15. ਆਪਣੀ ਉਮੀਦ ਕਰਕੇ ਯਿਸੂ ਕੀ ਕਰ ਸਕਿਆ ਅਤੇ ਅਸੀਂ ਆਪਣੀ ਉਮੀਦ ਕਰਕੇ ਕੀ ਕਰ ਸਕਦੇ ਹਾਂ? (ਇਬਰਾਨੀਆਂ 12:2)
15 ਯਹੋਵਾਹ ਨੇ ਸਾਨੂੰ ਪੱਕੀ ਉਮੀਦ ਦਿੱਤੀ ਹੈ ਜਿਸ ਦੀ ਮਦਦ ਨਾਲ ਅਸੀਂ ਧੀਰਜ ਰੱਖ ਸਕਦੇ ਹਾਂ। (ਰੋਮੀ. 15:13) ਜ਼ਰਾ ਯਾਦ ਕਰੋ ਕਿ ਯਿਸੂ ਨੂੰ ਆਪਣੀ ਮੌਤ ਦੇ ਦਿਨ ਕਿੰਨੀਆਂ ਮੁਸ਼ਕਲਾਂ ਸਹਿਣੀਆਂ ਪਈਆਂ, ਪਰ ਆਪਣੀ ਉਮੀਦ ਕਰਕੇ ਉਹ ਉਨ੍ਹਾਂ ਨੂੰ ਸਹਿ ਸਕਿਆ। (ਇਬਰਾਨੀਆਂ 12:2 ਪੜ੍ਹੋ।) ਯਿਸੂ ਜਾਣਦਾ ਸੀ ਕਿ ਜੇ ਉਹ ਵਫ਼ਾਦਾਰ ਰਹੇਗਾ, ਤਾਂ ਉਹ ਯਹੋਵਾਹ ਦੇ ਨਾਂ ʼਤੇ ਲੱਗੇ ਦੋਸ਼ਾਂ ਨੂੰ ਝੂਠਾ ਸਾਬਤ ਕਰ ਸਕੇਗਾ। ਉਸ ਨੂੰ ਇਹ ਵੀ ਉਮੀਦ ਸੀ ਕਿ ਉਹ ਦੁਬਾਰਾ ਆਪਣੇ ਪਿਤਾ ਕੋਲ ਜਾਵੇਗਾ ਅਤੇ ਸਮਾਂ ਆਉਣ ਤੇ ਉਹ ਆਪਣੇ ਭਰਾਵਾਂ ਨਾਲ ਮਿਲ ਕੇ ਸਵਰਗੋਂ ਰਾਜ ਕਰੇਗਾ। ਇਸੇ ਤਰ੍ਹਾਂ ਸਾਡੇ ਕੋਲ ਵੀ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹਮੇਸ਼ਾ-ਹਮੇਸ਼ਾ ਤਕ ਜੀਉਂਦੇ ਰਹਿਣ ਦੀ ਉਮੀਦ ਹੈ। ਇਸ ਉਮੀਦ ਕਰਕੇ ਅਸੀਂ ਸ਼ੈਤਾਨ ਦੀ ਦੁਨੀਆਂ ਵਿਚ ਆਉਂਦੀ ਕਿਸੇ ਵੀ ਮੁਸ਼ਕਲ ਨੂੰ ਧੀਰਜ ਨਾਲ ਸਹਿ ਸਕਦੇ ਹਾਂ।
16. ਇਕ ਭੈਣ ਨੂੰ ਆਪਣੀ ਉਮੀਦ ਤੋਂ ਮਦਦ ਕਿਵੇਂ ਮਿਲੀ ਅਤੇ ਅਸੀਂ ਉਸ ਤੋਂ ਕੀ ਸਿੱਖਦੇ ਹਾਂ?
16 ਜ਼ਰਾ ਗੌਰ ਕਰੋ ਕਿ ਪਰਮੇਸ਼ੁਰ ਦੇ ਰਾਜ ਦੀ ਉਮੀਦ ਕਰਕੇ ਰੂਸ ਵਿਚ ਰਹਿਣ ਵਾਲੀ ਭੈਣ ਐਨਾ ਦੀ ਕਿਵੇਂ ਮਦਦ ਹੋਈ। ਭੈਣ ਐਨਾ ਦੇ ਪਤੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ ਦੇ ਮੁਕੱਦਮੇ ਦੀ ਸੁਣਵਾਈ ਹੋਣ ਤਕ ਉਸ ਨੂੰ ਹਿਰਾਸਤ ਵਿਚ ਰੱਖਿਆ ਗਿਆ। ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ, ਤਾਂ ਭੈਣ ਐਨਾ ਨੇ ਕਿਹਾ: “ਮੈਂ ਆਪਣੀ ਉਮੀਦ ਬਾਰੇ ਪ੍ਰਾਰਥਨਾ ਕਰਦੀ ਰਹੀ ਅਤੇ ਉਸ ʼਤੇ ਸੋਚ-ਵਿਚਾਰ ਕਰਦੀ ਰਹੀ। ਇਸ ਕਰਕੇ ਮੈਂ ਹੱਦੋਂ ਵੱਧ ਨਿਰਾਸ਼ ਨਹੀਂ ਹੋਈ। ਮੈਂ ਜਾਣਦੀ ਹਾਂ ਕਿ ਇਹ ਸਾਰੀਆਂ ਮੁਸ਼ਕਲਾਂ ਹਮੇਸ਼ਾ ਤਕ ਨਹੀਂ ਰਹਿਣਗੀਆਂ। ਯਹੋਵਾਹ ਆਪਣੇ ਦੁਸ਼ਮਣਾਂ ʼਤੇ ਜਿੱਤ ਹਾਸਲ ਕਰੇਗਾ ਅਤੇ ਸਾਨੂੰ ਸਾਰਿਆਂ ਨੂੰ ਇਨਾਮ ਦੇਵੇਗਾ।”
17. ਤੁਸੀਂ ਇਹ ਕਿੱਦਾਂ ਦਿਖਾ ਸਕਦੇ ਹੋ ਕਿ ਯਹੋਵਾਹ ਨੇ ਤੁਹਾਨੂੰ ਜੋ ਉਮੀਦ ਦਿੱਤੀ ਹੈ, ਤੁਸੀਂ ਉਸ ਦੀ ਬਹੁਤ ਕਦਰ ਕਰਦੇ ਹੋ? (ਤਸਵੀਰ ਵੀ ਦੇਖੋ।)
17 ਤੁਸੀਂ ਕੀ ਕਰ ਸਕਦੇ ਹੋ? ਪਰਮੇਸ਼ੁਰ ਨੇ ਤੁਹਾਨੂੰ ਜੋ ਸ਼ਾਨਦਾਰ ਭਵਿੱਖ ਦੇਣ ਦਾ ਵਾਅਦਾ ਕੀਤਾ ਹੈ, ਉਸ ʼਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢੋ। ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਆਪਣੇ ਦੋਸਤਾਂ ਤੇ ਘਰਦਿਆਂ ਨਾਲ ਹੋ ਅਤੇ ਤੁਸੀਂ ਸਾਰੇ ਜਣੇ ਉੱਥੇ ਕਿੰਨੇ ਖ਼ੁਸ਼ ਹੋ! ਜਦੋਂ ਤੁਸੀਂ ਇਸ ਤਰ੍ਹਾਂ ਸੋਚੋਗੇ, ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਹੁਣ ਜਿਹੜੀਆਂ ਮੁਸ਼ਕਲਾਂ ਸਹਿ ਰਹੇ ਹੋ, ਉਹ “ਥੋੜ੍ਹੇ ਸਮੇਂ ਲਈ ਅਤੇ ਮਾਮੂਲੀ ਹਨ।” (2 ਕੁਰਿੰ. 4:17) ਇਸ ਤੋਂ ਇਲਾਵਾ, ਤੁਸੀਂ ਦੂਸਰਿਆਂ ਨੂੰ ਵੀ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਦੱਸ ਸਕਦੇ ਹੋ। ਜ਼ਰਾ ਸੋਚੋ, ਸ਼ੈਤਾਨ ਦੀ ਇਸ ਦੁਨੀਆਂ ਵਿਚ ਲੋਕ ਕਿੰਨੀਆਂ ਮੁਸ਼ਕਲਾਂ ਝੱਲ ਰਹੇ ਹਨ ਅਤੇ ਉਹ ਇਸ ਗੱਲੋਂ ਅਣਜਾਣ ਹਨ ਕਿ ਪਰਮੇਸ਼ੁਰ ਨੇ ਸ਼ਾਨਦਾਰ ਭਵਿੱਖ ਦੀ ਉਮੀਦ ਦਿੱਤੀ ਹੈ। ਤਾਂ ਫਿਰ ਕਿਉਂ ਨਾ ਆਪਾਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਉਮੀਦ ਬਾਰੇ ਦੱਸੀਏ। ਕੀ ਪਤਾ ਕਿ ਉਹ ਇਸ ਬਾਰੇ ਹੋਰ ਵੀ ਜਾਣਨਾ ਚਾਹੁਣ?
ਪਰਮੇਸ਼ੁਰ ਨੇ ਤੁਹਾਨੂੰ ਜੋ ਸ਼ਾਨਦਾਰ ਭਵਿੱਖ ਦੇਣ ਦਾ ਵਾਅਦਾ ਕੀਤਾ ਹੈ, ਉਸ ʼਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢੋ (ਪੈਰਾ 17 ਦੇਖੋ)d
18. ਅਸੀਂ ਯਹੋਵਾਹ ਦੇ ਵਾਅਦਿਆਂ ʼਤੇ ਭਰੋਸਾ ਕਿਉਂ ਕਰ ਸਕਦੇ ਹਾਂ?
18 ਅੱਯੂਬ ਨੇ ਧੀਰਜ ਨਾਲ ਕਈ ਮੁਸ਼ਕਲਾਂ ਸਹਿਣ ਤੋਂ ਬਾਅਦ ਯਹੋਵਾਹ ਨੂੰ ਕਿਹਾ: “ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਸਭ ਕੁਝ ਕਰ ਸਕਦਾ ਹੈਂ, ਤੂੰ ਜੋ ਵੀ ਕਰਨ ਦੀ ਸੋਚਦਾ ਹੈਂ, ਉਹ ਤੇਰੇ ਲਈ ਕਰਨਾ ਨਾਮੁਮਕਿਨ ਨਹੀਂ।” (ਅੱਯੂ. 42:2) ਅੱਯੂਬ ਇਹ ਗੱਲ ਜਾਣ ਗਿਆ ਸੀ ਕਿ ਕੋਈ ਵੀ ਯਹੋਵਾਹ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਰੋਕ ਨਹੀਂ ਸਕਦਾ। ਇਹ ਗੱਲ ਯਾਦ ਰੱਖਣ ਨਾਲ ਸਾਨੂੰ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਦੀ ਤਾਕਤ ਮਿਲ ਸਕਦੀ ਹੈ। ਇਸ ਗੱਲ ਨੂੰ ਸਮਝਣ ਲਈ ਆਓ ਆਪਾਂ ਇਕ ਉਦਾਹਰਣ ʼਤੇ ਗੌਰ ਕਰੀਏ। ਮੰਨ ਲਓ, ਇਕ ਬੀਮਾਰ ਔਰਤ ਹੈ ਜੋ ਬਹੁਤ ਜ਼ਿਆਦਾ ਨਿਰਾਸ਼ ਹੈ। ਉਸ ਨੇ ਕਈ ਡਾਕਟਰਾਂ ਤੋਂ ਇਲਾਜ ਕਰਾਇਆ, ਫਿਰ ਵੀ ਉਸ ਦੀ ਬੀਮਾਰੀ ਠੀਕ ਨਹੀਂ ਹੋਈ। ਪਰ ਇਕ ਤਜਰਬੇਕਾਰ ਅਤੇ ਭਰੋਸੇਯੋਗ ਡਾਕਟਰ ਇਹ ਪਛਾਣ ਲੈਂਦਾ ਹੈ ਕਿ ਉਸ ਔਰਤ ਨੂੰ ਕਿਹੜੀ ਬੀਮਾਰੀ ਹੈ ਅਤੇ ਉਹ ਉਸ ਨੂੰ ਸਮਝਾਉਂਦਾ ਹੈ ਕਿ ਉਹ ਉਸ ਦਾ ਇਲਾਜ ਕਿਵੇਂ ਕਰੇਗਾ, ਇਹ ਸੁਣ ਕੇ ਉਸ ਔਰਤ ਨੂੰ ਸੁੱਖ ਦਾ ਸਾਹ ਆਉਂਦਾ ਹੈ। ਚਾਹੇ ਕਿ ਉਸ ਦੀ ਬੀਮਾਰੀ ਨੂੰ ਠੀਕ ਹੋਣ ਵਿਚ ਹਾਲੇ ਸਮਾਂ ਲੱਗੇਗਾ, ਪਰ ਉਸ ਨੂੰ ਉਮੀਦ ਹੈ ਕਿ ਉਹ ਇਕ ਦਿਨ ਜ਼ਰੂਰ ਠੀਕ ਹੋ ਜਾਵੇਗੀ। ਇਸ ਕਰਕੇ ਹੁਣ ਉਹ ਆਪਣੀ ਤਕਲੀਫ਼ ਨੂੰ ਸੌਖਿਆਂ ਹੀ ਸਹਿ ਸਕਦੀ ਹੈ। ਇਸੇ ਤਰ੍ਹਾਂ ਸ਼ਾਨਦਾਰ ਭਵਿੱਖ ਦੀ ਉਮੀਦ ʼਤੇ ਭਰੋਸਾ ਹੋਣ ਕਰਕੇ ਅਸੀਂ ਆਪਣੀਆਂ ਮੁਸ਼ਕਲਾਂ ਸਹਿ ਸਕਦੇ ਹਾਂ।
19. ਮੁਸ਼ਕਲਾਂ ਦੌਰਾਨ ਧੀਰਜ ਰੱਖਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
19 ਇਸ ਲੇਖ ਵਿਚ ਅਸੀਂ ਯਹੋਵਾਹ ਦੇ ਚਾਰ ਪ੍ਰਬੰਧਾਂ ʼਤੇ ਗੌਰ ਕੀਤਾ ਜਿਨ੍ਹਾਂ ਦੀ ਮਦਦ ਨਾਲ ਅਸੀਂ ਮੁਸ਼ਕਲਾਂ ਦੌਰਾਨ ਧੀਰਜ ਰੱਖ ਸਕਦੇ ਹਾਂ। ਉਸ ਨੇ ਇਹ ਚਾਰ ਪ੍ਰਬੰਧ ਕੀਤੇ ਹਨ: ਪ੍ਰਾਰਥਨਾ, ਉਸ ਦਾ ਬਚਨ, ਸਾਡੇ ਮਸੀਹੀ ਭੈਣ-ਭਰਾ ਅਤੇ ਸਾਡੀ ਉਮੀਦ। ਜੇ ਅਸੀਂ ਇਨ੍ਹਾਂ ਪ੍ਰਬੰਧਾਂ ਤੋਂ ਪੂਰਾ-ਪੂਰਾ ਫ਼ਾਇਦਾ ਲਈਏ, ਤਾਂ ਯਹੋਵਾਹ ਉਦੋਂ ਤਕ ਹਰ ਮੁਸ਼ਕਲ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਰਹੇਗਾ ਜਦੋਂ ਤਕ ਉਹ ਸ਼ੈਤਾਨ ਦੀ ਦੁਨੀਆਂ ਦਾ ਅੰਤ ਨਹੀਂ ਕਰ ਦਿੰਦਾ।—ਫ਼ਿਲਿ. 4:13.
ਗੀਤ 33 ਆਪਣਾ ਬੋਝ ਯਹੋਵਾਹ ʼਤੇ ਸੁੱਟੋ
a ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।
b ਤਸਵੀਰ ਬਾਰੇ ਜਾਣਕਾਰੀ: ਇੱਥੇ ਦਿਖਾਇਆ ਗਿਆ ਹੈ ਕਿ ਵੱਖੋ-ਵੱਖਰੇ ਮੌਸਮ ਆਏ ਤੇ ਚਲੇ ਗਏ, ਪਰ ਇਕ ਸਿਆਣੀ ਉਮਰ ਦਾ ਭਰਾ ਧੀਰਜ ਰੱਖ ਕੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ।
c ਤਸਵੀਰ ਬਾਰੇ ਜਾਣਕਾਰੀ: ਇੱਥੇ ਦਿਖਾਇਆ ਗਿਆ ਹੈ ਕਿ ਵੱਖੋ-ਵੱਖਰੇ ਮੌਸਮ ਆਏ ਤੇ ਚਲੇ ਗਏ, ਪਰ ਇਕ ਸਿਆਣੀ ਉਮਰ ਦਾ ਭਰਾ ਧੀਰਜ ਰੱਖ ਕੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ।
d ਤਸਵੀਰ ਬਾਰੇ ਜਾਣਕਾਰੀ: ਇੱਥੇ ਦਿਖਾਇਆ ਗਿਆ ਹੈ ਕਿ ਵੱਖੋ-ਵੱਖਰੇ ਮੌਸਮ ਆਏ ਤੇ ਚਲੇ ਗਏ, ਪਰ ਇਕ ਸਿਆਣੀ ਉਮਰ ਦਾ ਭਰਾ ਧੀਰਜ ਰੱਖ ਕੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ।