ਅਧਿਐਨ ਲੇਖ 43
ਗੀਤ 41 ਮੇਰੀ ਪ੍ਰਾਰਥਨਾ ਸੁਣ
ਦੂਜਿਆਂ ਲਈ ਪ੍ਰਾਰਥਨਾ ਕਰਨੀ ਨਾ ਭੁੱਲੋ
“ ਇਕ-ਦੂਜੇ ਲਈ ਪ੍ਰਾਰਥਨਾ ਕਰੋ . . . ਧਰਮੀ ਇਨਸਾਨ ਦੀ ਫ਼ਰਿਆਦ ਵਿਚ ਬੜਾ ਦਮ ਹੁੰਦਾ ਹੈ।”—ਯਾਕੂ. 5:16.
ਕੀ ਸਿੱਖਾਂਗੇ?
ਦੂਜਿਆਂ ਲਈ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?
1. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਲਈ ਸਾਡੀਆਂ ਪ੍ਰਾਰਥਨਾਵਾਂ ਬਹੁਤ ਮਾਅਨੇ ਰੱਖਦੀਆਂ ਹਨ?
ਸਾਡੇ ਲਈ ਪ੍ਰਾਰਥਨਾ ਕਰਨੀ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ! ਜ਼ਰਾ ਸੋਚੋ: ਯਹੋਵਾਹ ਨੇ ਕੁਝ ਜ਼ਿੰਮੇਵਾਰੀਆਂ ਦੂਤਾਂ ਨੂੰ ਦਿੱਤੀਆਂ ਹਨ। (ਜ਼ਬੂ. 91:11) ਉਸ ਨੇ ਆਪਣੇ ਪੁੱਤਰ ਨੂੰ ਵੀ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ। (ਮੱਤੀ 28:18) ਪਰ ਕੀ ਉਸ ਨੇ ਪ੍ਰਾਰਥਨਾਵਾਂ ਸੁਣਨ ਦੀ ਜ਼ਿੰਮੇਵਾਰੀ ਕਿਸੇ ਨੂੰ ਦਿੱਤੀ ਹੈ? ਨਹੀਂ, ਯਹੋਵਾਹ ਖ਼ੁਦ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। ਤਾਂ ਹੀ ਬਾਈਬਲ ਵਿਚ ਉਸ ਨੂੰ ‘ਪ੍ਰਾਰਥਨਾ ਦਾ ਸੁਣਨ ਵਾਲਾ’ ਕਿਹਾ ਗਿਆ ਹੈ।—ਜ਼ਬੂ. 65:2.
2. ਅਸੀਂ ਪੌਲੁਸ ਰਸੂਲ ਤੋਂ ਦੂਜਿਆਂ ਲਈ ਪ੍ਰਾਰਥਨਾ ਕਰਨ ਬਾਰੇ ਕੀ ਸਿੱਖ ਸਕਦੇ ਹਾਂ?
2 ਭਾਵੇਂ ਕਿ ਅਸੀਂ ਆਪਣੀਆਂ ਮੁਸ਼ਕਲਾਂ ਬਾਰੇ ਯਹੋਵਾਹ ਨੂੰ ਕਦੇ ਵੀ ਖੁੱਲ੍ਹ ਕੇ ਦੱਸ ਸਕਦੇ ਹਾਂ, ਪਰ ਸਾਨੂੰ ਦੂਜਿਆਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪੌਲੁਸ ਰਸੂਲ ਨੇ ਇੱਦਾਂ ਹੀ ਕੀਤਾ। ਮਿਸਾਲ ਲਈ, ਉਸ ਨੇ ਅਫ਼ਸੁਸ ਦੀ ਮੰਡਲੀ ਨੂੰ ਲਿਖਿਆ: “ਮੈਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ।” (ਅਫ਼. 1:16) ਨਾਲੇ ਉਹ ਭੈਣਾਂ-ਭਰਾਵਾਂ ਦੇ ਨਾਂ ਲੈ ਕੇ ਵੀ ਪ੍ਰਾਰਥਨਾ ਕਰਦਾ ਸੀ। ਮਿਸਾਲ ਲਈ, ਪੌਲੁਸ ਨੇ ਤਿਮੋਥਿਉਸ ਨੂੰ ਕਿਹਾ, ‘ਮੈਂ ਪਰਮੇਸ਼ੁਰ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਦਿਨ-ਰਾਤ ਫ਼ਰਿਆਦਾਂ ਕਰਦੇ ਹੋਏ ਕਦੀ ਵੀ ਤੇਰਾ ਜ਼ਿਕਰ ਕਰਨਾ ਨਹੀਂ ਭੁੱਲਦਾ।’ (2 ਤਿਮੋ. 1:3) ਪੌਲੁਸ ਆਪਣੀਆਂ ਮੁਸ਼ਕਲਾਂ ਬਾਰੇ ਪ੍ਰਾਰਥਨਾ ਕਰਦਾ ਸੀ। (2 ਕੁਰਿੰ. 11:23; 12:7, 8) ਪਰ ਉਹ ਸਮਾਂ ਕੱਢ ਕੇ ਦੂਜਿਆਂ ਲਈ ਵੀ ਪ੍ਰਾਰਥਨਾ ਕਰਦਾ ਸੀ।
3. ਅਸੀਂ ਸ਼ਾਇਦ ਦੂਜਿਆਂ ਲਈ ਪ੍ਰਾਰਥਨਾ ਕਰਨੀ ਕਿਉਂ ਭੁੱਲ ਜਾਈਏ?
3 ਕਦੀ-ਕਦਾਈਂ ਅਸੀਂ ਸ਼ਾਇਦ ਦੂਜਿਆਂ ਲਈ ਪ੍ਰਾਰਥਨਾ ਕਰਨੀ ਭੁੱਲ ਜਾਈਏ। ਕਿਉਂ? ਭੈਣ ਸਬਰੀਨਾa ਇਸ ਦਾ ਇਕ ਕਾਰਨ ਦੱਸਦੀ ਹੈ। ਉਹ ਕਹਿੰਦੀ ਹੈ: “ਅੱਜ-ਕੱਲ੍ਹ ਸਾਡੀ ਜ਼ਿੰਦਗੀ ਇੰਨੀ ਰੁਝੇਵਿਆਂ ਭਰੀ ਹੈ ਕਿ ਸਾਡੇ ਕੋਲ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਹੁੰਦੀ। ਨਾਲੇ ਇੰਨੀਆਂ ਸਾਰੀਆਂ ਮੁਸ਼ਕਲਾਂ ਹੋਣ ਕਰਕੇ ਅਸੀਂ ਸ਼ਾਇਦ ਉਨ੍ਹਾਂ ਵਿਚ ਹੀ ਉਲਝੇ ਰਹੀਏ ਅਤੇ ਬੱਸ ਆਪਣੇ ਲਈ ਹੀ ਪ੍ਰਾਰਥਨਾ ਕਰੀਏ।” ਕੀ ਤੁਹਾਡੇ ਨਾਲ ਵੀ ਇੱਦਾਂ ਹੁੰਦਾ ਹੈ? ਜੇ ਹਾਂ, ਤਾਂ ਇਸ ਲੇਖ ਤੋਂ ਤੁਹਾਨੂੰ ਕਾਫ਼ੀ ਮਦਦ ਮਿਲ ਸਕਦੀ ਹੈ। ਇਸ ਤੋਂ ਅਸੀਂ ਜਾਣਾਂਗੇ ਕਿ (1) ਦੂਜਿਆਂ ਲਈ ਪ੍ਰਾਰਥਨਾ ਕਰਨੀ ਕਿਉਂ ਬਹੁਤ ਜ਼ਰੂਰੀ ਹੈ ਅਤੇ (2) ਅਸੀਂ ਇਹ ਕਿਵੇਂ ਕਰ ਸਕਦੇ ਹਾਂ।
ਸਾਨੂੰ ਦੂਜਿਆਂ ਲਈ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
4-5. ਦੂਜਿਆਂ ਲਈ ਕੀਤੀਆਂ ਪ੍ਰਾਰਥਨਾਵਾਂ ਵਿਚ “ਬੜਾ ਦਮ” ਕਿਵੇਂ ਹੋ ਸਕਦਾ ਹੈ? (ਯਾਕੂਬ 5:16)
4 ਕਿਉਂਕਿ ਪ੍ਰਾਰਥਨਾ ਵਿਚ “ਬੜਾ ਦਮ ਹੁੰਦਾ ਹੈ।” (ਯਾਕੂਬ 5:16 ਪੜ੍ਹੋ।) ਕੀ ਦੂਜਿਆਂ ਲਈ ਪ੍ਰਾਰਥਨਾ ਕਰਨ ਨਾਲ ਸੱਚ-ਮੁੱਚ ਉਨ੍ਹਾਂ ਦੇ ਹਾਲਾਤ ਬਦਲ ਸਕਦੇ ਹਨ? ਹਾਂ, ਬਿਲਕੁਲ। ਯਿਸੂ ਜਾਣਦਾ ਸੀ ਕਿ ਪਤਰਸ ਰਸੂਲ ਛੇਤੀ ਹੀ ਉਸ ਨੂੰ ਪਛਾਣਨ ਤੋਂ ਇਨਕਾਰ ਕਰਨ ਵਾਲਾ ਸੀ, ਫਿਰ ਵੀ ਯਿਸੂ ਨੇ ਕਿਹਾ: “ਮੈਂ ਤੇਰੇ ਲਈ ਅਰਦਾਸ ਕੀਤੀ ਹੈ ਕਿ ਤੂੰ ਨਿਹਚਾ ਕਰਨੀ ਨਾ ਛੱਡੇਂ।” (ਲੂਕਾ 22:32) ਪੌਲੁਸ ਵੀ ਜਾਣਦਾ ਸੀ ਕਿ ਦੂਜਿਆਂ ਲਈ ਪ੍ਰਾਰਥਨਾ ਕਰਨ ਨਾਲ ਉਨ੍ਹਾਂ ਦੇ ਹਾਲਾਤ ਬਦਲ ਸਕਦੇ ਸਨ। ਜਦੋਂ ਉਹ ਇਕ ਵਾਰ ਰੋਮ ਵਿਚ ਕੈਦ ਸੀ, ਤਾਂ ਉਸ ਨੇ ਫਿਲੇਮੋਨ ਨੂੰ ਲਿਖਿਆ: “ਮੈਨੂੰ ਉਮੀਦ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਸਦਕਾ ਮੈਂ ਕੈਦ ਤੋਂ ਛੁੱਟ ਕੇ ਤੁਹਾਨੂੰ ਮਿਲਣ ਆਵਾਂਗਾ।” (ਫਿਲੇ. 22)b ਨਾਲੇ ਇੱਦਾਂ ਹੋਇਆ ਵੀ। ਥੋੜ੍ਹੇ ਸਮੇਂ ਬਾਅਦ ਪੌਲੁਸ ਨੂੰ ਕੈਦ ਵਿੱਚੋਂ ਰਿਹਾ ਕਰ ਦਿੱਤਾ ਗਿਆ ਅਤੇ ਉਹ ਫਿਰ ਤੋਂ ਪ੍ਰਚਾਰ ਕਰਨ ਲੱਗ ਪਿਆ।
5 ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਪ੍ਰਾਰਥਨਾ ਕਰ ਕੇ ਅਸੀਂ ਯਹੋਵਾਹ ਨੂੰ ਕੋਈ ਕਦਮ ਚੁੱਕਣ ਲਈ ਮਜਬੂਰ ਕਰ ਸਕਦੇ ਹਾਂ। ਇਸ ਦੀ ਬਜਾਇ, ਜਦੋਂ ਅਸੀਂ ਦੂਜਿਆਂ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਇਸ ਗੱਲ ʼਤੇ ਗੌਰ ਕਰਦਾ ਹੈ ਕਿ ਸਾਨੂੰ ਉਨ੍ਹਾਂ ਦੀ ਕਿੰਨੀ ਪਰਵਾਹ ਹੈ। ਨਾਲੇ ਕਈ ਵਾਰ ਤਾਂ ਉਹ ਸਾਡੀਆਂ ਪ੍ਰਾਰਥਨਾਵਾਂ ਕਰਕੇ ਕਦਮ ਵੀ ਚੁੱਕਦਾ ਹੈ। ਇਹ ਗੱਲ ਜਾਣ ਕੇ ਸਾਡਾ ਮਨ ਕਰੇਗਾ ਕਿ ਅਸੀਂ ਕਿਸੇ ਮਾਮਲੇ ਬਾਰੇ ਹੋਰ ਵੀ ਦਿਲੋਂ ਪ੍ਰਾਰਥਨਾ ਕਰੀਏ ਅਤੇ ਸਾਰਾ ਕੁਝ ਯਹੋਵਾਹ ʼਤੇ ਛੱਡ ਦੇਈਏ।—ਜ਼ਬੂ. 37:5; 2 ਕੁਰਿੰ. 1:11.
6. ਦੂਜਿਆਂ ਲਈ ਪ੍ਰਾਰਥਨਾ ਕਰਨ ਦੇ ਕਿਹੜੇ ਫ਼ਾਇਦੇ ਹੁੰਦੇ ਹਨ? (1 ਪਤਰਸ 3:8)
6 ਕਿਉਂਕਿ ਅਸੀਂ ਦੂਜਿਆਂ ਲਈ “ਹਮਦਰਦੀ” ਪੈਦਾ ਕਰ ਸਕਦੇ ਹਾਂ। (1 ਪਤਰਸ 3:8 ਪੜ੍ਹੋ।) ਦੂਜਿਆਂ ਨਾਲ ਹਮਦਰਦੀ ਰੱਖਣ ਵਾਲਾ ਵਿਅਕਤੀ ਇਸ ਗੱਲ ʼਤੇ ਧਿਆਨ ਦਿੰਦਾ ਹੈ ਕਿ ਸਾਮ੍ਹਣੇ ਵਾਲਾ ਇਨਸਾਨ ਕਿਹੜੇ ਦਰਦ ਵਿੱਚੋਂ ਲੰਘ ਰਿਹਾ ਹੈ ਅਤੇ ਉਸ ਵਿਅਕਤੀ ਦਾ ਮਨ ਕਰਦਾ ਹੈ ਕਿ ਉਹ ਉਸ ਦੀ ਮਦਦ ਕਰੇ। (ਮਰ. 1:40, 41) ਜ਼ਰਾ ਗੌਰ ਕਰੋ ਕਿ ਮਾਈਕਲ ਨਾਂ ਦੇ ਇਕ ਬਜ਼ੁਰਗ ਨੇ ਇਸ ਬਾਰੇ ਕੀ ਕਿਹਾ: “ਜਦੋਂ ਅਸੀਂ ਦੂਜਿਆਂ ਦੀਆਂ ਲੋੜਾਂ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਇਹ ਗੱਲ ਹੋਰ ਵੀ ਚੰਗੀ ਤਰ੍ਹਾਂ ਸਮਝ ਪਾਉਂਦੇ ਹਾਂ ਕਿ ਉਹ ਕਿਹੜੇ ਦਰਦ ਵਿੱਚੋਂ ਲੰਘ ਰਹੇ ਹਨ। ਨਾਲੇ ਸਾਡੇ ਦਿਲ ਵਿਚ ਉਨ੍ਹਾਂ ਲਈ ਪਿਆਰ ਹੋਰ ਵੀ ਵਧ ਜਾਂਦਾ ਹੈ। ਅਸੀਂ ਉਨ੍ਹਾਂ ਦੇ ਨੇੜੇ ਮਹਿਸੂਸ ਕਰਦੇ ਹਾਂ, ਫਿਰ ਚਾਹੇ ਉਹ ਇਹ ਗੱਲ ਨਾ ਵੀ ਜਾਣਦੇ ਹੋਣ।” ਰਿਚਰਡ ਨਾਂ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਦੂਜਿਆਂ ਲਈ ਪ੍ਰਾਰਥਨਾ ਕਰਨ ਦਾ ਇਕ ਹੋਰ ਫ਼ਾਇਦਾ ਕੀ ਹੈ। ਉਸ ਨੇ ਕਿਹਾ: “ਜਦੋਂ ਅਸੀਂ ਕਿਸੇ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਸਾਡਾ ਉਨ੍ਹਾਂ ਲਈ ਕੁਝ ਕਰਨ ਦਾ ਹੋਰ ਵੀ ਮਨ ਕਰਦਾ ਹੈ। ਫਿਰ ਜਦੋਂ ਅਸੀਂ ਉਨ੍ਹਾਂ ਦੀ ਮਦਦ ਕਰਦੇ ਹਾਂ, ਤਾਂ ਯਹੋਵਾਹ ਇਕ ਤਰ੍ਹਾਂ ਨਾਲ ਸਾਡੇ ਰਾਹੀਂ ਸਾਡੀ ਪ੍ਰਾਰਥਨਾ ਦਾ ਜਵਾਬ ਦੇ ਰਿਹਾ ਹੁੰਦਾ ਹੈ।”
7. ਦੂਜਿਆਂ ਲਈ ਪ੍ਰਾਰਥਨਾ ਕਰਨ ਨਾਲ ਅਸੀਂ ਆਪਣੀਆਂ ਮੁਸ਼ਕਲਾਂ ਬਾਰੇ ਸਹੀ ਨਜ਼ਰੀਆ ਕਿਵੇਂ ਰੱਖ ਪਾਉਂਦੇ ਹਾਂ? (ਫ਼ਿਲਿੱਪੀਆਂ 2:3, 4) (ਤਸਵੀਰਾਂ ਵੀ ਦੇਖੋ।)
7 ਕਿਉਂਕਿ ਅਸੀਂ ਆਪਣੀਆਂ ਮੁਸ਼ਕਲਾਂ ਬਾਰੇ ਸਹੀ ਨਜ਼ਰੀਆ ਰੱਖ ਪਾਉਂਦੇ ਹਾਂ। (ਫ਼ਿਲਿੱਪੀਆਂ 2:3, 4 ਪੜ੍ਹੋ।) ਸ਼ੈਤਾਨ ਦੀ ਇਸ ਦੁਨੀਆਂ ਵਿਚ ਸਾਡੇ ਸਾਰਿਆਂ ʼਤੇ ਕੋਈ-ਨਾ-ਕੋਈ ਮੁਸ਼ਕਲ ਆਉਂਦੀ ਹੈ। (1 ਯੂਹੰ. 5:19; ਪ੍ਰਕਾ. 12:12) ਇਸ ਲਈ ਜਦੋਂ ਅਸੀਂ ਦੂਜਿਆਂ ਲਈ ਪ੍ਰਾਰਥਨਾ ਕਰਨ ਦੀ ਆਦਤ ਬਣਾ ਲੈਂਦੇ ਹਾਂ, ਤਾਂ ਸਾਨੂੰ ਯਾਦ ਰਹਿੰਦਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ ਜਿਨ੍ਹਾਂ ʼਤੇ ਮੁਸ਼ਕਲਾਂ ਆਉਂਦੀਆਂ ਹਨ, ਸਗੋਂ “ਦੁਨੀਆਂ ਭਰ ਵਿਚ [ਸਾਡੇ] ਸਾਰੇ ਭਰਾ ਇਹੋ ਜਿਹੇ ਦੁੱਖ ਝੱਲ ਰਹੇ ਹਨ।” (1 ਪਤ. 5:9) ਕੈਥਰੀਨ ਨਾਂ ਦੀ ਪਾਇਨੀਅਰ ਭੈਣ ਕਹਿੰਦੀ ਹੈ: “ਦੂਜਿਆਂ ਲਈ ਪ੍ਰਾਰਥਨਾ ਕਰਨ ਨਾਲ ਮੈਨੂੰ ਯਾਦ ਰਹਿੰਦਾ ਹੈ ਕਿ ਉਹ ਵੀ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਨ। ਇਸ ਕਰਕੇ ਮੈਂ ਬੱਸ ਆਪਣੀਆਂ ਹੀ ਮੁਸ਼ਕਲਾਂ ਬਾਰੇ ਨਹੀਂ ਸੋਚਦੀ ਰਹਿੰਦੀ।”
ਦੂਜਿਆਂ ਲਈ ਪ੍ਰਾਰਥਨਾ ਕਰਨ ਕਰਕੇ ਅਸੀਂ ਬੱਸ ਆਪਣੀਆਂ ਹੀ ਮੁਸ਼ਕਲਾਂ ਬਾਰੇ ਨਹੀਂ ਸੋਚਦੇ ਰਹਿੰਦੇ (ਪੈਰਾ 7 ਦੇਖੋ)e
ਉਨ੍ਹਾਂ ਨੂੰ ਸਾਡੀਆਂ ਪ੍ਰਾਰਥਨਾਵਾਂ ਦੀ ਬਹੁਤ ਲੋੜ ਹੈ
8. ਅਸੀਂ ਕਿਨ੍ਹਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ?
8 ਅਸੀਂ ਕਿਨ੍ਹਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ? ਅਸੀਂ ਬੀਮਾਰ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ। ਨਾਲੇ ਅਸੀਂ ਉਨ੍ਹਾਂ ਨੌਜਵਾਨਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ ਜਿਨ੍ਹਾਂ ਦਾ ਸਕੂਲ ਵਿਚ ਮਜ਼ਾਕ ਉਡਾਇਆ ਜਾਂਦਾ ਹੈ ਜਾਂ ਜਿਨ੍ਹਾਂ ʼਤੇ ਗ਼ਲਤ ਕੰਮ ਕਰਨ ਦਾ ਦਬਾਅ ਪਾਇਆ ਜਾਂਦਾ ਹੈ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਵੀ ਆਪਣੀਆਂ ਪ੍ਰਾਰਥਨਾਵਾਂ ਵਿਚ ਯਾਦ ਕਰ ਸਕਦੇ ਹਾਂ ਜੋ ਸਿਆਣੀ ਉਮਰ ਕਰਕੇ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਸਾਡੇ ਕਈ ਭੈਣਾਂ-ਭਰਾਵਾਂ ਦੇ ਘਰਦੇ ਜਾਂ ਸਰਕਾਰਾਂ ਉਨ੍ਹਾਂ ਦਾ ਵਿਰੋਧ ਕਰਦੀਆਂ ਹਨ। (ਮੱਤੀ 10:18, 36; ਰਸੂ. 12:5) ਕੁਝ ਭੈਣਾਂ-ਭਰਾਵਾਂ ਨੂੰ ਰਾਜਨੀਤਿਕ ਉਥਲ-ਪੁਥਲ ਕਰਕੇ ਆਪਣਾ ਘਰ-ਬਾਰ ਛੱਡਣਾ ਪਿਆ ਹੈ ਅਤੇ ਕੁਝ ਕੁਦਰਤੀ ਆਫ਼ਤਾਂ ਦੀ ਮਾਰ ਝੱਲ ਰਹੇ ਹਨ। ਅਸੀਂ ਇਨ੍ਹਾਂ ਸਾਰੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ, ਫਿਰ ਚਾਹੇ ਅਸੀਂ ਉਨ੍ਹਾਂ ਨੂੰ ਨਾ ਵੀ ਜਾਣਦੇ ਹੋਈਏ। ਇੱਦਾਂ ਕਰ ਕੇ ਅਸੀਂ ਯਿਸੂ ਦਾ ਇਹ ਹੁਕਮ ਮੰਨ ਰਹੇ ਹੁੰਦੇ ਹਾਂ: “ਇਕ-ਦੂਜੇ ਨਾਲ ਪਿਆਰ ਕਰੋ।”—ਯੂਹੰ. 13:34.
9. ਸਾਨੂੰ ਸੰਗਠਨ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਲਈ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
9 ਅਸੀਂ ਯਹੋਵਾਹ ਦੇ ਸੰਗਠਨ ਵਿਚ ਅਗਵਾਈ ਲੈਣ ਵਾਲੇ ਭਰਾਵਾਂ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ। ਮਿਸਾਲ ਲਈ, ਪ੍ਰਬੰਧਕ ਸਭਾ ਤੇ ਉਨ੍ਹਾਂ ਦੇ ਸਹਾਇਕਾਂ ਲਈ, ਬ੍ਰਾਂਚ ਕਮੇਟੀ ਦੇ ਮੈਂਬਰਾਂ ਤੇ ਬ੍ਰਾਂਚ ਵਿਚ ਅਲੱਗ-ਅਲੱਗ ਵਿਭਾਗਾਂ ਦੀ ਅਗਵਾਈ ਕਰਨ ਵਾਲੇ ਭਰਾਵਾਂ ਅਤੇ ਸਰਕਟ ਓਵਰਸੀਅਰਾਂ ਲਈ। ਅਸੀਂ ਮੰਡਲੀ ਦੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ। ਇਨ੍ਹਾਂ ਵਿੱਚੋਂ ਕਈ ਭਰਾਵਾਂ ਨੂੰ ਆਪਣੀਆਂ ਚਿੰਤਾਵਾਂ ਅਤੇ ਮੁਸ਼ਕਲਾਂ ਹੁੰਦੀਆਂ ਹਨ। ਫਿਰ ਵੀ ਉਹ ਸਾਡੀ ਖ਼ਾਤਰ ਸਖ਼ਤ ਮਿਹਨਤ ਕਰਦੇ ਹਨ (2 ਕੁਰਿੰ. 12:15) ਜ਼ਰਾ ਮਾਰਕ ਨਾਂ ਦੇ ਸਰਕਟ ਓਵਰਸੀਅਰ ʼਤੇ ਗੌਰ ਕਰੋ। ਉਹ ਦੱਸਦਾ ਹੈ: “ਮੈਂ ਜਿੱਥੇ ਸੇਵਾ ਕਰਦਾ ਹਾਂ, ਉੱਥੋਂ ਮੇਰੇ ਮੰਮੀ-ਡੈਡੀ ਬਹੁਤ ਦੂਰ ਰਹਿੰਦੇ ਹਨ ਅਤੇ ਸਿਆਣੀ ਉਮਰ ਕਰਕੇ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ। ਚਾਹੇ ਕਿ ਮੇਰੀ ਦੀਦੀ ਅਤੇ ਜੀਜਾ ਜੀ ਉਨ੍ਹਾਂ ਦੀ ਦੇਖ-ਭਾਲ ਕਰਦੇ ਹਨ, ਫਿਰ ਵੀ ਮੈਨੂੰ ਇਹ ਸੋਚ ਕੇ ਬਹੁਤ ਦੁੱਖ ਹੁੰਦਾ ਹੈ ਕਿ ਮੈਂ ਆਪਣੇ ਮਾਪਿਆਂ ਲਈ ਜ਼ਿਆਦਾ ਕੁਝ ਨਹੀਂ ਕਰ ਪਾਉਂਦਾ।” ਚਾਹੇ ਸਾਨੂੰ ਇਨ੍ਹਾਂ ਮਿਹਨਤੀ ਭਰਾਵਾਂ ਦੀਆਂ ਮੁਸ਼ਕਲਾਂ ਬਾਰੇ ਪਤਾ ਹੋਵੇ ਜਾਂ ਨਾ, ਪਰ ਫਿਰ ਵੀ ਸਾਨੂੰ ਇਨ੍ਹਾਂ ਲਈ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ। (1 ਥੱਸ. 5:12, 13) ਅਸੀਂ ਇਨ੍ਹਾਂ ਭਰਾਵਾਂ ਦੀਆਂ ਪਤਨੀਆਂ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ ਕਿਉਂਕਿ ਉਹ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਪੂਰਾ ਕਰਦੇ ਰਹਿਣ ਵਿਚ ਆਪਣੇ ਪਤੀਆਂ ਦਾ ਵਫ਼ਾਦਾਰੀ ਨਾਲ ਸਾਥ ਦਿੰਦੀਆਂ ਹਨ।
10-11. ਜਦੋਂ ਅਸੀਂ ਇੱਕੋ ਵਾਰੀ ਬਹੁਤ ਸਾਰੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਕੀ ਯਹੋਵਾਹ ਇਸ ਤੋਂ ਖ਼ੁਸ਼ ਹੁੰਦਾ ਹੈ? ਸਮਝਾਓ।
10 ਅਸੀਂ ਦੇਖਿਆ ਕਿ ਕਈ ਵਾਰ ਅਸੀਂ ਇੱਕੋ ਵਾਰ ਬਹੁਤ ਸਾਰੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਦੇ ਹਾਂ। ਮਿਸਾਲ ਲਈ, ਅਸੀਂ ਸ਼ਾਇਦ ਕਿਸੇ ਇਕ ਭੈਣ ਜਾਂ ਭਰਾ ਲਈ ਪ੍ਰਾਰਥਨਾ ਨਾ ਕਰੀਏ, ਸਗੋਂ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਲਈ ਪ੍ਰਾਰਥਨਾ ਕਰੀਏ ਜੋ ਜੇਲ੍ਹਾਂ ਵਿਚ ਹਨ ਜਾਂ ਅਸੀਂ ਪ੍ਰਾਰਥਨਾ ਕਰੀਏ ਕਿ ਯਹੋਵਾਹ ਉਨ੍ਹਾਂ ਨੂੰ ਦਿਲਾਸਾ ਦੇਵੇ ਜਿਨ੍ਹਾਂ ਦੇ ਅਜ਼ੀਜ਼ਾਂ ਦੀ ਮੌਤ ਹੋ ਗਈ ਹੈ। ਡੌਨਲਡ ਨਾਂ ਦਾ ਇਕ ਬਜ਼ੁਰਗ ਕਹਿੰਦਾ ਹੈ: “ਅੱਜ-ਕੱਲ੍ਹ ਸਾਡੇ ਬਹੁਤ ਸਾਰੇ ਭੈਣ-ਭਰਾ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਅਸੀਂ ਕਈ ਵਾਰ ਇੱਕੋ ਵਾਰੀ ਉਨ੍ਹਾਂ ਸਾਰੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਯਹੋਵਾਹ ਨੂੰ ਕਹਿੰਦੇ ਹਾਂ ਕਿ ਉਹ ਉਨ੍ਹਾਂ ਸਾਰਿਆਂ ਦੀ ਮਦਦ ਕਰੇ।”
11 ਕੀ ਯਹੋਵਾਹ ਅਜਿਹੀਆਂ ਪ੍ਰਾਰਥਨਾਵਾਂ ਤੋਂ ਖ਼ੁਸ਼ ਹੁੰਦਾ ਹੈ? ਬਿਲਕੁਲ! ਅਸੀਂ ਸਾਰੇ ਭੈਣਾਂ-ਭਰਾਵਾਂ ਦੀਆਂ ਚਿੰਤਾਵਾਂ ਜਾਂ ਲੋੜਾਂ ਨਹੀਂ ਜਾਣਦੇ। ਇਸ ਲਈ ਬਹੁਤ ਸਾਰੇ ਭੈਣਾਂ-ਭਰਾਵਾਂ ਲਈ ਇੱਕੋ ਵਾਰੀ ਪ੍ਰਾਰਥਨਾ ਕਰਨੀ ਗ਼ਲਤ ਨਹੀਂ ਹੈ। (ਯੂਹੰ. 17:20; ਅਫ਼. 6:18) ਇਨ੍ਹਾਂ ਪ੍ਰਾਰਥਨਾਵਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ‘ਆਪਣੇ ਸਾਰੇ ਭੈਣਾਂ-ਭਰਾਵਾਂ ਨਾਲ ਪਿਆਰ’ ਕਰਦੇ ਹਾਂ।—1 ਪਤ. 2:17.
ਕਿਸੇ ਭੈਣ ਜਾਂ ਭਰਾ ਲਈ ਪ੍ਰਾਰਥਨਾ ਕਰਦੇ ਵੇਲੇ ਕੀ ਕਰੀਏ?
12. ਅਸੀਂ ਭੈਣਾਂ-ਭਰਾਵਾਂ ʼਤੇ ਧਿਆਨ ਦੇ ਕੇ ਉਨ੍ਹਾਂ ਲਈ ਹੋਰ ਵੀ ਚੰਗੀ ਤਰ੍ਹਾਂ ਪ੍ਰਾਰਥਨਾ ਕਿਵੇਂ ਕਰ ਸਕਦੇ ਹਾਂ?
12 ਭੈਣਾਂ-ਭਰਾਵਾਂ ʼਤੇ ਧਿਆਨ ਦਿਓ। ਇੱਕੋ ਵਾਰੀ ਬਹੁਤ ਸਾਰੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਨ ਤੋਂ ਇਲਾਵਾ ਅਸੀਂ ਭੈਣਾਂ-ਭਰਾਵਾਂ ਦਾ ਨਾਂ ਲੈ ਕੇ ਵੀ ਪ੍ਰਾਰਥਨਾ ਕਰ ਸਕਦੇ ਹਾਂ। ਕੀ ਤੁਹਾਡੀ ਮੰਡਲੀ ਵਿਚ ਕੋਈ ਅਜਿਹੀ ਭੈਣ ਜਾਂ ਭਰਾ ਹੈ ਜੋ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਹੈ? ਜਾਂ ਕੋਈ ਨੌਜਵਾਨ ਬਹੁਤ ਨਿਰਾਸ਼ ਹੈ ਕਿਉਂਕਿ ਸ਼ਾਇਦ ਸਕੂਲ ਵਿਚ ਬੱਚੇ ਉਸ ʼਤੇ ਗ਼ਲਤ ਕੰਮ ਕਰਨ ਦਾ ਦਬਾਅ ਪਾਉਂਦੇ ਹੋਣ? ਜਾਂ ਫਿਰ ਕੋਈ ਇਕੱਲੀ ਮਾਂ ਜਾਂ ਇਕੱਲਾ ਪਿਤਾ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ “ਯਹੋਵਾਹ ਦਾ ਅਨੁਸ਼ਾਸਨ ਅਤੇ ਸਿੱਖਿਆ” ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ? (ਅਫ਼. 6:4) ਜਦੋਂ ਅਸੀਂ ਅਜਿਹੇ ਭੈਣਾਂ-ਭਰਾਵਾਂ ʼਤੇ ਧਿਆਨ ਦੇਵਾਂਗੇ, ਤਾਂ ਅਸੀਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਸਕਾਂਗੇ ਅਤੇ ਸਾਡੇ ਦਿਲ ਵਿਚ ਉਨ੍ਹਾਂ ਲਈ ਪਿਆਰ ਵਧੇਗਾ। ਇਸ ਕਰਕੇ ਸਾਡਾ ਹੋਰ ਵੀ ਦਿਲ ਕਰੇਗਾ ਕਿ ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰੀਏ।c—ਰੋਮੀ. 12:15.
13. ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਕਦੇ ਮਿਲੇ ਨਹੀਂ?
13 ਦੂਜਿਆਂ ਦਾ ਨਾਂ ਲੈ ਕੇ ਪ੍ਰਾਰਥਨਾ ਕਰੋ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੇ ਵੀ ਨਾਂ ਲੈ ਕੇ ਪ੍ਰਾਰਥਨਾ ਕਰ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਕਦੇ ਮਿਲੇ ਵੀ ਨਹੀਂ। ਮਿਸਾਲ ਲਈ, ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਸੋਚੋ ਜੋ ਕ੍ਰੀਮੀਆ, ਐਰੀਟ੍ਰੀਆ, ਰੂਸ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਕੈਦ ਹਨ। ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਦੇ ਨਾਂ jw.org ʼਤੇ ਮਿਲ ਸਕਦੇ ਹਨ।d ਬ੍ਰਾਈਅਨ ਨਾਂ ਦੇ ਇਕ ਸਰਕਟ ਓਵਰਸੀਅਰ ਨੇ ਕਿਹਾ: “ਮੈਂ ਦੇਖਿਆ ਹੈ ਕਿ ਜਦੋਂ ਮੈਂ ਜੇਲ੍ਹਾਂ ਵਿਚ ਕੈਦ ਭੈਣਾਂ-ਭਰਾਵਾਂ ਦੇ ਨਾਂ ਲਿਖ ਲੈਂਦਾ ਹਾਂ ਅਤੇ ਫਿਰ ਉਨ੍ਹਾਂ ਨੂੰ ਉੱਚੀ ਆਵਾਜ਼ ਵਿਚ ਬੋਲਦਾ ਹਾਂ, ਤਾਂ ਮੈਨੂੰ ਉਨ੍ਹਾਂ ਦੇ ਨਾਂ ਯਾਦ ਰਹਿੰਦੇ ਹਨ। ਇਸ ਕਰਕੇ ਇਕੱਲਿਆਂ ਪ੍ਰਾਰਥਨਾ ਕਰਦਿਆਂ ਮੈਂ ਉਨ੍ਹਾਂ ਨਾਵਾਂ ਦਾ ਜ਼ਿਕਰ ਕਰ ਪਾਉਂਦਾ ਹਾਂ।”
14-15. ਅਸੀਂ ਭੈਣਾਂ-ਭਰਾਵਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਕਿਵੇਂ ਪ੍ਰਾਰਥਨਾ ਕਰ ਸਕਦੇ ਹਾਂ?
14 ਭੈਣਾਂ-ਭਰਾਵਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਪ੍ਰਾਰਥਨਾ ਕਰੋ। ਭਰਾ ਮਾਈਕਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦਾ ਹੈ: “ਜਦੋਂ ਮੈਂ jw.org ʼਤੇ ਜੇਲ੍ਹ ਵਿਚ ਕੈਦ ਭਰਾਵਾਂ ਬਾਰੇ ਪੜ੍ਹਦਾ ਹਾਂ, ਤਾਂ ਮੈਂ ਇਹ ਸੋਚਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜੇ ਮੈਂ ਉਨ੍ਹਾਂ ਦੀ ਜਗ੍ਹਾ ਹੁੰਦਾ, ਤਾਂ ਮੈਨੂੰ ਕਿੱਦਾਂ ਲੱਗਦਾ। ਮੈਂ ਜਾਣਦਾ ਹਾਂ ਕਿ ਮੈਨੂੰ ਆਪਣੀ ਪਤਨੀ ਦੀ ਚਿੰਤਾ ਹੁੰਦੀ ਅਤੇ ਮੈਂ ਚਾਹੁੰਦਾ ਕਿ ਉਸ ਨੂੰ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ। ਇਸ ਤਰ੍ਹਾਂ ਸੋਚਣ ਨਾਲ ਮੈਂ ਜੇਲ੍ਹ ਵਿਚ ਕੈਦ ਉਨ੍ਹਾਂ ਭਰਾਵਾਂ ਦੀਆਂ ਲੋੜਾਂ ਬਾਰੇ ਖ਼ਾਸ ਤੌਰ ਤੇ ਪ੍ਰਾਰਥਨਾ ਕਰ ਪਾਉਂਦਾ ਹਾਂ ਜੋ ਵਿਆਹੇ ਹਨ।”—ਇਬ. 13:3, ਫੁਟਨੋਟ।
15 ਜਦੋਂ ਅਸੀਂ ਇਸ ਬਾਰੇ ਸੋਚਾਂਗੇ ਕਿ ਜੇਲ੍ਹ ਵਿਚ ਕੈਦ ਭੈਣਾਂ-ਭਰਾਵਾਂ ਦਾ ਹਰ ਦਿਨ ਕਿਵੇਂ ਬੀਤਦਾ ਹੈ, ਤਾਂ ਅਸੀਂ ਕੁਝ ਹੋਰ ਗੱਲਾਂ ਲਈ ਵੀ ਪ੍ਰਾਰਥਨਾ ਕਰ ਸਕਾਂਗੇ। ਮਿਸਾਲ ਲਈ, ਅਸੀਂ ਇਹ ਪ੍ਰਾਰਥਨਾ ਕਰ ਸਕਦੇ ਹਾਂ ਕਿ ਜੇਲ੍ਹ ਦੇ ਗਾਰਡ ਉਨ੍ਹਾਂ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਣ ਅਤੇ ਅਧਿਕਾਰੀ ਉਨ੍ਹਾਂ ਨੂੰ ਭਗਤੀ ਕਰਨ ਦੀ ਖੁੱਲ੍ਹ ਦੇਣ। (1 ਤਿਮੋ. 2:1, 2) ਜੇਲ੍ਹ ਵਿਚ ਕੈਦ ਕੋਈ ਭਰਾ ਜਿਸ ਮੰਡਲੀ ਤੋਂ ਹੈ, ਅਸੀਂ ਉਸ ਮੰਡਲੀ ਦੇ ਭੈਣਾਂ-ਭਰਾਵਾਂ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਸ ਭਰਾ ਦੀ ਵਧੀਆ ਮਿਸਾਲ ਤੋਂ ਸਾਰਿਆਂ ਦਾ ਹੌਸਲਾ ਵਧੇ। ਜਾਂ ਅਸੀਂ ਇਹ ਵੀ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਸ ਭਰਾ ਦਾ ਚੰਗਾ ਚਾਲ-ਚਲਣ ਦੇਖ ਕੇ ਲੋਕ ਸਾਡਾ ਸੰਦੇਸ਼ ਸੁਣਨ ਲਈ ਤਿਆਰ ਹੋ ਜਾਣ। (1 ਪਤ. 2:12) ਬਿਲਕੁਲ ਇਸੇ ਤਰ੍ਹਾਂ ਜੇ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਵੀ ਇਹ ਸੋਚਾਂਗੇ ਜੋ ਦੂਸਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ, ਤਾਂ ਅਸੀਂ ਉਨ੍ਹਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਪ੍ਰਾਰਥਨਾ ਕਰ ਸਕਾਂਗੇ। ਤਾਂ ਫਿਰ ਜਦੋਂ ਅਸੀਂ ਭੈਣਾਂ-ਭਰਾਵਾਂ ਵੱਲ ਧਿਆਨ ਦਿੰਦੇ ਹਾਂ, ਉਨ੍ਹਾਂ ਦਾ ਨਾਂ ਲੈ ਕੇ ਅਤੇ ਉਨ੍ਹਾਂ ਦੀਆਂ ਲੋੜਾਂ ਬਾਰੇ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਦਿਖਾ ਰਹੇ ਹੁੰਦੇ ਹਾਂ ਕਿ ਸਾਡੇ ਦਿਲ ਵਿਚ ‘ਇਕ-ਦੂਜੇ ਲਈ ਪਿਆਰ ਵਧਦਾ ਜਾ ਰਿਹਾ ਹੈ।’—1 ਥੱਸ. 3:12.
ਪ੍ਰਾਰਥਨਾ ਬਾਰੇ ਸਹੀ ਨਜ਼ਰੀਆ ਰੱਖੋ
16. ਸਾਨੂੰ ਪ੍ਰਾਰਥਨਾ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ? (ਮੱਤੀ 6:8)
16 ਜਿੱਦਾਂ ਅਸੀਂ ਹੁਣ ਤਕ ਦੇਖਿਆ, ਜਦੋਂ ਅਸੀਂ ਕਿਸੇ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਸ਼ਾਇਦ ਇਸ ਨਾਲ ਉਸ ਦੇ ਹਾਲਾਤ ਬਦਲ ਸਕਦੇ ਹਨ। ਪਰ ਸਾਨੂੰ ਪ੍ਰਾਰਥਨਾ ਬਾਰੇ ਸਹੀ ਨਜ਼ਰੀਆ ਰੱਖਣਾ ਚਾਹੀਦਾ ਹੈ। ਜਦੋਂ ਅਸੀਂ ਕਿਸੇ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਯਹੋਵਾਹ ਨੂੰ ਕੁਝ ਅਜਿਹਾ ਦੱਸ ਰਹੇ ਹਾਂ ਜੋ ਉਸ ਨੂੰ ਪਹਿਲਾਂ ਪਤਾ ਨਹੀਂ ਹੈ ਅਤੇ ਨਾ ਹੀ ਸਾਨੂੰ ਉਸ ਨੂੰ ਸਲਾਹ ਦੇਣੀ ਚਾਹੀਦੀ ਕਿ ਉਹ ਕਿਵੇਂ ਮਾਮਲੇ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਸੁਲਝਾ ਸਕਦਾ ਹੈ। ਯਹੋਵਾਹ ਪਹਿਲਾਂ ਤੋਂ ਹੀ ਜਾਣਦਾ ਹੈ ਕਿ ਉਸ ਦੇ ਸੇਵਕਾਂ ਦੀਆਂ ਕੀ ਲੋੜਾਂ ਹਨ, ਇੱਥੋਂ ਤਕ ਕਿ ਉਨ੍ਹਾਂ ਤੋਂ ਜਾਂ ਸਾਡੇ ਤੋਂ ਵੀ ਪਹਿਲਾਂ। (ਮੱਤੀ 6:8 ਪੜ੍ਹੋ।) ਤਾਂ ਫਿਰ ਸਾਨੂੰ ਦੂਜਿਆਂ ਲਈ ਪ੍ਰਾਰਥਨਾ ਕਰਨ ਦੀ ਕੀ ਲੋੜ ਹੈ? ਅਸੀਂ ਇਸ ਲੇਖ ਵਿਚ ਇਸ ਦੇ ਕਈ ਕਾਰਨ ਦੇਖੇ। ਇਸ ਤੋਂ ਇਲਾਵਾ, ਜਦੋਂ ਅਸੀਂ ਦੂਜਿਆਂ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸੱਚ-ਮੁੱਚ ਉਨ੍ਹਾਂ ਦੀ ਪਰਵਾਹ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ, ਇਸ ਲਈ ਉਨ੍ਹਾਂ ਵਾਸਤੇ ਪ੍ਰਾਰਥਨਾ ਕਰਦੇ ਹਾਂ। ਪਰ ਜਦੋਂ ਯਹੋਵਾਹ ਦੇਖਦਾ ਹੈ ਕਿ ਅਸੀਂ ਉਸ ਵਾਂਗ ਦੂਜਿਆਂ ਨੂੰ ਪਿਆਰ ਕਰਦੇ ਹਾਂ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।
17-18. ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਿਉਂ ਕਰਦੇ ਹਾਂ ਅਤੇ ਇਹ ਦੇਖ ਕੇ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ? ਸਮਝਾਓ।
17 ਸ਼ਾਇਦ ਸਾਨੂੰ ਲੱਗੇ ਕਿ ਅਸੀਂ ਜਿਨ੍ਹਾਂ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਰਹੇ ਹਾਂ, ਉਨ੍ਹਾਂ ਦੇ ਹਾਲਾਤਾਂ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ। ਪਰ ਅਸੀਂ ਯਾਦ ਰੱਖ ਸਕਦੇ ਹਾਂ ਕਿ ਸਾਡੀਆਂ ਪ੍ਰਾਰਥਨਾਵਾਂ ਤੋਂ ਉਨ੍ਹਾਂ ਲਈ ਸਾਡਾ ਪਿਆਰ ਜ਼ਾਹਰ ਹੁੰਦਾ ਹੈ ਅਤੇ ਯਹੋਵਾਹ ਇਸ ਗੱਲ ʼਤੇ ਧਿਆਨ ਦਿੰਦਾ ਹੈ। ਇਸ ਨੂੰ ਸਮਝਣ ਲਈ ਜ਼ਰਾ ਇਕ ਮਿਸਾਲ ʼਤੇ ਗੌਰ ਕਰੋ। ਇਕ ਪਰਿਵਾਰ ਵਿਚ ਦੋ ਛੋਟੇ ਬੱਚੇ ਹਨ, ਇਕ ਮੁੰਡਾ ਤੇ ਇਕ ਕੁੜੀ। ਇਕ ਵਾਰ ਮੁੰਡਾ ਬਹੁਤ ਬੀਮਾਰ ਹੋ ਜਾਂਦਾ ਹੈ ਤੇ ਕੁੜੀ ਆਪਣੇ ਡੈਡੀ ਨੂੰ ਕਹਿੰਦੀ ਹੈ: “ਡੈਡੀ ਜੀ, ਭਾਜੀ ਬਹੁਤ ਬੀਮਾਰ ਹੈ। ਪਲੀਜ਼, ਉਸ ਨੂੰ ਠੀਕ ਕਰ ਦਿਓ।” ਇੱਦਾਂ ਨਹੀਂ ਹੈ ਕਿ ਉਸ ਦੇ ਡੈਡੀ ਨੂੰ ਪਤਾ ਨਹੀਂ ਹੈ ਕਿ ਉਸ ਦਾ ਮੁੰਡਾ ਬਹੁਤ ਬੀਮਾਰ ਹੈ। ਉਹ ਆਪਣੇ ਮੁੰਡੇ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਰਿਹਾ ਹੈ। ਪਰ ਜਦੋਂ ਉਹ ਦੇਖਦਾ ਹੈ ਕਿ ਉਸ ਦੀ ਕੁੜੀ ਆਪਣੇ ਭਰਾ ਦੀ ਕਿੰਨੀ ਪਰਵਾਹ ਕਰਦੀ ਹੈ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।
18 ਇਸੇ ਤਰ੍ਹਾਂ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਕ-ਦੂਜੇ ਦੀ ਪਰਵਾਹ ਕਰੀਏ ਅਤੇ ਇਕ-ਦੂਜੇ ਲਈ ਪ੍ਰਾਰਥਨਾ ਕਰੀਏ। ਇੱਦਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸਿਰਫ਼ ਆਪਣੇ ਬਾਰੇ ਹੀ ਨਹੀਂ ਸੋਚਦੇ, ਸਗੋਂ ਦੂਜਿਆਂ ਦੀ ਵੀ ਦਿਲੋਂ ਪਰਵਾਹ ਕਰਦੇ ਹਾਂ। ਯਹੋਵਾਹ ਇਸ ਗੱਲ ʼਤੇ ਧਿਆਨ ਦਿੰਦਾ ਹੈ। (2 ਥੱਸ. 1:3; ਇਬ. 6:10) ਨਾਲੇ ਅਸੀਂ ਦੇਖਿਆ ਕਿ ਸਾਡੀਆਂ ਪ੍ਰਾਰਥਨਾਵਾਂ ਕਰਕੇ ਕਈ ਵਾਰ ਦੂਜਿਆਂ ਦੇ ਹਾਲਾਤ ਬਦਲ ਸਕਦੇ ਹਨ। ਤਾਂ ਫਿਰ ਆਓ ਆਪਾਂ ਇਕ-ਦੂਜੇ ਲਈ ਪ੍ਰਾਰਥਨਾ ਕਰਨੀ ਕਦੀ ਨਾ ਭੁੱਲੀਏ।
ਗੀਤ 101 ਏਕਤਾ ਬਣਾਈ ਰੱਖੋ
a ਕੁਝ ਨਾਂ ਬਦਲੇ ਗਏ ਹਨ।
b ਇਸ ਆਇਤ ਵਿਚ ਪੌਲੁਸ ਨੇ ਜਦੋਂ “ਤੁਹਾਡੀਆਂ” ਸ਼ਬਦ ਕਿਹਾ, ਤਾਂ ਸ਼ਾਇਦ ਉਹ ਉਸ ਮੰਡਲੀ ਦੇ ਭੈਣਾਂ-ਭਰਾਵਾਂ ਦੀਆਂ ਪ੍ਰਾਰਥਨਾਵਾਂ ਦੀ ਗੱਲ ਕਰ ਰਿਹਾ ਸੀ ਜੋ ਫਿਲੇਮੋਨ ਦੇ ਘਰ ਮਿਲਦੇ ਹੁੰਦੇ ਸਨ। ਉਸ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਸ ਦਾ ਮੰਨਣਾ ਸੀ ਕਿ ਅਜਿਹੀਆਂ ਪ੍ਰਾਰਥਨਾਵਾਂ ਦਾ ਕਾਫ਼ੀ ਵਧੀਆ ਨਤੀਜਾ ਨਿਕਲ ਸਕਦਾ ਹੈ। ਉਸ ਨੂੰ ਰੋਮ ਦੀ ਕੈਦ ਤੋਂ ਰਿਹਾ ਕੀਤਾ ਜਾ ਸਕਦਾ ਹੈ। ਪੌਲੁਸ ਇਕ ਤਰ੍ਹਾਂ ਨਾਲ ਕਹਿ ਰਿਹਾ ਸੀ ਕਿ ਵਫ਼ਾਦਾਰ ਮਸੀਹੀਆਂ ਦੀਆਂ ਪ੍ਰਾਰਥਨਾਵਾਂ ਕਰਕੇ ਯਹੋਵਾਹ ਪਰਮੇਸ਼ੁਰ ਸ਼ਾਇਦ ਛੇਤੀ ਕੋਈ ਕਦਮ ਚੁੱਕੇ ਜਾਂ ਅਜਿਹਾ ਕੁਝ ਕਰੇ ਜੋ ਸ਼ਾਇਦ ਉਸ ਨੇ ਕਰਨ ਬਾਰੇ ਸੋਚਿਆ ਵੀ ਨਾ ਹੋਵੇ।—ਇਬ. 13:19.
c jw.org/pa ʼਤੇ ਤਾਕੇਸ਼ੀ ਸ਼ਿਮੀਜ਼ੂ: ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ ਨਾਂ ਦੀ ਵੀਡੀਓ ਦੇਖੋ।
d ਤੁਸੀਂ ਜੇਲ੍ਹ ਵਿਚ ਬੰਦ ਭੈਣਾਂ-ਭਰਾਵਾਂ ਦੇ ਨਾਂ jw.org ਵੈੱਬਸਾਈਟ ʼਤੇ “NEWS” ਦੇ ਹੇਠਾਂ “Jehovah’s Witnesses Imprisoned for Their Faith—By Location” ਉੱਤੇ ਕਲਿੱਕ ਕਰ ਕੇ ਦੇਖ ਸਕਦੇ ਹੋ।
e ਤਸਵੀਰਾਂ ਬਾਰੇ ਜਾਣਕਾਰੀ: ਖ਼ੁਦ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਭੈਣ-ਭਰਾ ਦੂਜਿਆਂ ਲਈ ਪ੍ਰਾਰਥਨਾ ਕਰ ਰਹੇ ਹਨ।