ਅਧਿਐਨ ਲੇਖ 42
ਗੀਤ 44 ਦੁਖਿਆਰੇ ਦੀ ਦੁਆ
ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕਰੋ
“ ਹੇ ਯਹੋਵਾਹ, ਮੈਂ ਦਿਲੋਂ ਤੈਨੂੰ ਪੁਕਾਰਦਾ ਹਾਂ। ਮੈਨੂੰ ਜਵਾਬ ਦੇ।”—ਜ਼ਬੂ. 119:145.
ਕੀ ਸਿੱਖਾਂਗੇ?
ਬਾਈਬਲ ਵਿਚ ਦਰਜ ਯਹੋਵਾਹ ਦੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
1-2. (ੳ) ਅਸੀਂ ਸ਼ਾਇਦ ਕਿਹੜੀਆਂ ਗੱਲਾਂ ਕਰਕੇ ਯਹੋਵਾਹ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਨਾ ਕਰ ਸਕੀਏ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਧਿਆਨ ਨਾਲ ਸੁਣਦਾ ਹੈ?
ਕੀ ਤੁਹਾਨੂੰ ਕਦੇ ਇੱਦਾਂ ਲੱਗਾ ਹੈ ਕਿ ਤੁਸੀਂ ਪ੍ਰਾਰਥਨਾ ਵਿਚ ਵਾਰ-ਵਾਰ ਇੱਕੋ ਗੱਲ ਕਰਦੇ ਰਹਿੰਦੇ ਹੋ ਜਾਂ ਤੁਸੀਂ ਦਿਲੋਂ ਪ੍ਰਾਰਥਨਾ ਨਹੀਂ ਕਰਦੇ? ਜੇ ਹਾਂ, ਤਾਂ ਤੁਸੀਂ ਇਕੱਲੇ ਅਜਿਹੇ ਨਹੀਂ ਹੋ। ਅੱਜ ਸਾਡੇ ਸਾਰਿਆਂ ਦੀ ਜ਼ਿੰਦਗੀ ਵਿਚ ਭੱਜ-ਦੌੜ ਹੈ ਜਿਸ ਕਰਕੇ ਸ਼ਾਇਦ ਅਸੀਂ ਪ੍ਰਾਰਥਨਾ ਵਿਚ ਜ਼ਿਆਦਾ ਸਮਾਂ ਨਾ ਲਾ ਸਕੀਏ। ਜਾਂ ਸ਼ਾਇਦ ਕਿਸੇ ਗੱਲ ਕਰਕੇ ਅਸੀਂ ਖ਼ੁਦ ਨੂੰ ਪ੍ਰਾਰਥਨਾ ਕਰਨ ਦੇ ਲਾਇਕ ਨਾ ਸਮਝੀਏ ਜਿਸ ਕਰਕੇ ਸਾਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕਰਨੀ ਔਖੀ ਲੱਗੇ।
2 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਇਹ ਨਹੀਂ ਦੇਖਦਾ ਕਿ ਸਾਡੀ ਪ੍ਰਾਰਥਨਾ ਕਿੰਨੀ ਲੰਬੀ-ਚੌੜੀ ਹੈ, ਸਗੋਂ ਉਹ ਇਹ ਦੇਖਦਾ ਹੈ ਕਿ ਅਸੀਂ ਕਿੰਨੇ ਦਿਲੋਂ ਉਸ ਨੂੰ ਪ੍ਰਾਰਥਨਾ ਕਰਦੇ ਹਾਂ। ਬਾਈਬਲ ਵਿਚ ਲਿਖਿਆ ਹੈ ਕਿ ਉਹ “ਹਲੀਮ ਲੋਕਾਂ ਦੀ ਫ਼ਰਿਆਦ” ਸੁਣਦਾ ਹੈ। (ਜ਼ਬੂ. 10:17) ਯਹੋਵਾਹ ਸਾਡੀ ਬਹੁਤ ਪਰਵਾਹ ਕਰਦਾ ਹੈ। ਇਸ ਲਈ ਜਦੋਂ ਅਸੀਂ ਉਸ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਸਾਡੀ ਇਕ-ਇਕ ਗੱਲ ਬਹੁਤ ਧਿਆਨ ਨਾਲ ਸੁਣਦਾ ਹੈ।—ਜ਼ਬੂ. 139:1-3.
3. ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ?
3 ਅਸੀਂ ਸ਼ਾਇਦ ਸੋਚੀਏ: ਅਸੀਂ ਯਹੋਵਾਹ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕਿਉਂ ਕਰ ਸਕਦੇ ਹਾਂ? ਦਿਲ ਖੋਲ੍ਹ ਕੇ ਪ੍ਰਾਰਥਨਾ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ? ਬਾਈਬਲ ਵਿਚ ਦਰਜ ਪ੍ਰਾਰਥਨਾਵਾਂ ʼਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਕਿਵੇਂ ਮਦਦ ਮਿਲ ਸਕਦੀ ਹੈ? ਜਦੋਂ ਅਸੀਂ ਪਰੇਸ਼ਾਨ ਹੁੰਦੇ ਹਾਂ ਅਤੇ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਪ੍ਰਾਰਥਨਾ ਵਿਚ ਕੀ ਕਹੀਏ, ਤਾਂ ਅਸੀਂ ਕੀ ਕਰ ਸਕਦੇ ਹਾਂ? ਆਓ ਆਪਾਂ ਇਨ੍ਹਾਂ ਚਾਰ ਸਵਾਲਾਂ ਦੇ ਜਵਾਬ ਜਾਣੀਏ।
ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਨਾ ਝਿਜਕੋ
4. ਅਸੀਂ ਕਿਹੜੀ ਗੱਲ ਸਮਝਣ ਨਾਲ ਪ੍ਰਾਰਥਨਾ ਕਰਨ ਤੋਂ ਨਹੀਂ ਝਿਜਕਾਂਗੇ? (ਜ਼ਬੂਰ 119:145)
4 ਜਦੋਂ ਅਸੀਂ ਇਹ ਗੱਲ ਸਮਝਦੇ ਹਾਂ ਕਿ ਯਹੋਵਾਹ ਸਾਡਾ ਵਫ਼ਾਦਾਰ ਦੋਸਤ ਹੈ ਅਤੇ ਸਾਡਾ ਭਲਾ ਚਾਹੁੰਦਾ ਹੈ, ਤਾਂ ਅਸੀਂ ਉਸ ਨੂੰ ਪ੍ਰਾਰਥਨਾ ਕਰਨ ਤੋਂ ਨਹੀਂ ਝਿਜਕਾਂਗੇ। ਜ਼ਬੂਰ 119 ਦੇ ਲਿਖਾਰੀ ਨੇ ਇੱਦਾਂ ਹੀ ਕੀਤਾ ਸੀ। ਉਸ ਦੀ ਜ਼ਿੰਦਗੀ ਵਿਚ ਇਕ ਤੋਂ ਬਾਅਦ ਇਕ ਕਈ ਮੁਸ਼ਕਲਾਂ ਆਈਆਂ। ਕੁਝ ਆਦਮੀਆਂ ਨੇ ਉਸ ਬਾਰੇ ਝੂਠੀਆਂ ਗੱਲਾਂ ਕਹੀਆਂ। (ਜ਼ਬੂ. 119:23, 69, 78) ਉਸ ਨੇ ਕੁਝ ਅਜਿਹੀਆਂ ਗ਼ਲਤੀਆਂ ਵੀ ਕੀਤੀਆਂ ਜਿਸ ਕਰਕੇ ਉਹ ਬਹੁਤ ਨਿਰਾਸ਼ ਹੋ ਗਿਆ। (ਜ਼ਬੂ. 119:67) ਪਰ ਫਿਰ ਵੀ ਉਸ ਨੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਿਆ।—ਜ਼ਬੂਰ 119:145 ਪੜ੍ਹੋ।
5. ਜਦੋਂ ਅਸੀਂ ਗ਼ਲਤੀ ਹੋਣ ਤੇ ਨਿਕੰਮਾ ਮਹਿਸੂਸ ਕਰਦੇ ਹਾਂ, ਉਦੋਂ ਵੀ ਸਾਨੂੰ ਪ੍ਰਾਰਥਨਾ ਕਰਨ ਤੋਂ ਕਿਉਂ ਨਹੀਂ ਝਿਜਕਣਾ ਚਾਹੀਦਾ? ਇਕ ਮਿਸਾਲ ਦਿਓ।
5 ਯਹੋਵਾਹ ਚਾਹੁੰਦਾ ਹੈ ਕਿ ਉਹ ਲੋਕ ਵੀ ਉਸ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕਰਨ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਗ਼ਲਤੀਆਂ ਕੀਤੀਆਂ ਹਨ। (ਯਸਾ. 55:6, 7) ਇਸ ਲਈ ਸਾਨੂੰ ਇਹ ਸੋਚ ਕੇ ਪ੍ਰਾਰਥਨਾ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ ਕਿ ਅਸੀਂ ਨਿਕੰਮੇ ਹਾਂ। ਇਹ ਸਮਝਣ ਲਈ ਇਕ ਮਿਸਾਲ ʼਤੇ ਗੌਰ ਕਰੋ। ਇਕ ਹਵਾਈ ਜਹਾਜ਼ ਦਾ ਪਾਇਲਟ ਜਾਣਦਾ ਹੈ ਕਿ ਲੋੜ ਪੈਣ ਤੇ ਉਹ ਕਦੀ ਵੀ ਏਅਰਪੋਰਟ ਕੰਟ੍ਰੋਲ ਰੂਮ ਨੂੰ ਫ਼ੋਨ ਕਰ ਸਕਦਾ ਹੈ ਅਤੇ ਉਨ੍ਹਾਂ ਤੋਂ ਮਦਦ ਲੈ ਸਕਦਾ ਹੈ। ਮੰਨ ਲਓ, ਉਸ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ ਜਾਂ ਉਹ ਰਾਹ ਭਟਕ ਜਾਂਦਾ ਹੈ। ਕੀ ਇਸ ਕਰਕੇ ਉਹ ਮਦਦ ਲੈਣ ਤੋਂ ਝਿਜਕੇਗਾ? ਬਿਲਕੁਲ ਨਹੀਂ! ਉਸੇ ਤਰ੍ਹਾਂ ਜੇ ਸਾਡੇ ਤੋਂ ਵੀ ਕੋਈ ਗ਼ਲਤੀ ਹੋ ਜਾਵੇ ਜਾਂ ਸਾਨੂੰ ਸਮਝ ਨਾ ਆਵੇ ਕਿ ਅਸੀਂ ਕੀ ਕਰੀਏ, ਤਾਂ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਨਹੀਂ ਝਿਜਕਣਾ ਚਾਹੀਦਾ।—ਜ਼ਬੂ. 119:25, 176.
ਦਿਲ ਖੋਲ੍ਹ ਕੇ ਪ੍ਰਾਰਥਨਾ ਕਰਨ ਲਈ ਕੀ ਕਰੀਏ?
6-7. ਯਹੋਵਾਹ ਨਾਲ ਦਿਲ ਖੋਲ੍ਹ ਕੇ ਗੱਲ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਇਕ ਮਿਸਾਲ ਦਿਓ। (ਫੁਟਨੋਟ ਵੀ ਦੇਖੋ।)
6 ਜਦੋਂ ਅਸੀਂ ਖੁੱਲ੍ਹ ਕੇ ਯਹੋਵਾਹ ਨੂੰ ਦੱਸਦੇ ਹਾਂ ਕਿ ਅਸੀਂ ਕਿਵੇਂ ਮਹਿਸੂਸ ਕਰ ਰਹੇ ਹਾਂ ਅਤੇ ਕੀ ਸੋਚ ਰਹੇ ਹਾਂ, ਤਾਂ ਅਸੀਂ ਯਹੋਵਾਹ ਦੇ ਹੋਰ ਵੀ ਨੇੜੇ ਆਉਂਦੇ ਹਾਂ। ਤਾਂ ਫਿਰ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?
7 ਯਹੋਵਾਹ ਦੇ ਗੁਣਾਂ ਬਾਰੇ ਗਹਿਰਾਈ ਨਾਲ ਸੋਚੋ।a ਅਸੀਂ ਯਹੋਵਾਹ ਦੇ ਗੁਣਾਂ ਬਾਰੇ ਜਿੰਨਾ ਜ਼ਿਆਦਾ ਗਹਿਰਾਈ ਨਾਲ ਸੋਚਾਂਗੇ, ਅਸੀਂ ਉੱਨਾ ਜ਼ਿਆਦਾ ਉਸ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕਰ ਸਕਾਂਗੇ। (ਜ਼ਬੂ. 145:8, 9, 18) ਜ਼ਰਾ ਭੈਣ ਕ੍ਰਿਸਟੀਨ ਦੀ ਮਿਸਾਲ ʼਤੇ ਗੌਰ ਕਰੋ ਜਿਸ ਦਾ ਪਿਤਾ ਬਹੁਤ ਗੁੱਸੇਖ਼ੋਰ ਤੇ ਹਿੰਸਕ ਸੀ। ਕ੍ਰਿਸਟੀਨ ਦੱਸਦੀ ਹੈ: “ਯਹੋਵਾਹ ਨੂੰ ਆਪਣਾ ਪਿਤਾ ਮੰਨਣਾ ਅਤੇ ਉਸ ਨੂੰ ਪ੍ਰਾਰਥਨਾ ਕਰਨੀ ਮੇਰੇ ਲਈ ਸੌਖੀ ਨਹੀਂ ਸੀ। ਮੈਨੂੰ ਲੱਗਦਾ ਸੀ ਕਿ ਮੇਰੀਆਂ ਕਮੀਆਂ-ਕਮਜ਼ੋਰੀਆਂ ਕਰਕੇ ਯਹੋਵਾਹ ਮੈਨੂੰ ਪਿਆਰ ਨਹੀਂ ਕਰੇਗਾ।” ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ? ਉਹ ਦੱਸਦੀ ਹੈ: “ਮੈਂ ਯਹੋਵਾਹ ਦੇ ਅਟੱਲ ਪਿਆਰ ਬਾਰੇ ਸੋਚਿਆ। ਇਸ ਤੋਂ ਮੈਨੂੰ ਯਕੀਨ ਹੋ ਗਿਆ ਕਿ ਯਹੋਵਾਹ ਮੈਨੂੰ ਪਿਆਰ ਕਰਦਾ ਹੈ। ਮੈਂ ਜਾਣਦੀ ਹਾਂ ਕਿ ਯਹੋਵਾਹ ਮੇਰਾ ਹੱਥ ਕਦੇ ਵੀ ਨਹੀਂ ਛੱਡੇਗਾ। ਜੇ ਮੈਂ ਕਦੀ ਡਿਗ ਵੀ ਜਾਵਾਂ ਯਾਨੀ ਜੇ ਮੇਰੇ ਤੋਂ ਕੋਈ ਗ਼ਲਤੀ ਹੋ ਜਾਵੇ, ਤਾਂ ਵੀ ਉਹ ਮੈਨੂੰ ਪਿਆਰ ਨਾਲ ਚੁੱਕ ਲਵੇਗਾ। ਹੁਣ ਮੇਰੇ ਲਈ ਯਹੋਵਾਹ ਨਾਲ ਗੱਲ ਕਰਨੀ ਸੌਖੀ ਹੋ ਗਈ ਹੈ। ਮੈਂ ਆਪਣਾ ਦੁੱਖ-ਸੁੱਖ ਉਸ ਨੂੰ ਖੁੱਲ੍ਹ ਕੇ ਦੱਸਦੀ ਹਾਂ।”
8-9. ਜਦੋਂ ਅਸੀਂ ਪ੍ਰਾਰਥਨਾ ਕਰਨ ਤੋਂ ਪਹਿਲਾਂ ਸੋਚਦੇ ਹਾਂ ਕਿ ਅਸੀਂ ਕੀ ਕਹਾਂਗੇ, ਤਾਂ ਇਸ ਦੇ ਕਿਹੜੇ ਕੁਝ ਫ਼ਾਇਦੇ ਹੁੰਦੇ ਹਨ? ਇਕ ਮਿਸਾਲ ਦਿਓ।
8 ਸੋਚੋ ਕਿ ਤੁਸੀਂ ਪ੍ਰਾਰਥਨਾ ਵਿਚ ਕੀ ਕਹੋਗੇ। ਪ੍ਰਾਰਥਨਾ ਕਰਨ ਤੋਂ ਪਹਿਲਾਂ ਤੁਸੀਂ ਖ਼ੁਦ ਤੋਂ ਕੁਝ ਅਜਿਹੇ ਸਵਾਲ ਪੁੱਛ ਸਕਦੇ ਹੋ, ‘ਮੈਂ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਹਾਂ? ਕੀ ਕੋਈ ਹੈ ਜਿਸ ਨੂੰ ਮੈਂ ਮਾਫ਼ ਕਰਨਾ ਹੈ? ਕੀ ਕੁਝ ਅਜਿਹੇ ਹਾਲਾਤ ਖੜ੍ਹੇ ਹੋਏ ਹਨ ਜਿਨ੍ਹਾਂ ਵਿਚ ਮੈਨੂੰ ਯਹੋਵਾਹ ਦੀ ਮਦਦ ਚਾਹੀਦੀ ਹੈ?’ (2 ਰਾਜ. 19:15-19) ਅਸੀਂ ਉਨ੍ਹਾਂ ਗੱਲਾਂ ਬਾਰੇ ਵੀ ਸੋਚ ਸਕਦੇ ਹਾਂ ਜਿਨ੍ਹਾਂ ਬਾਰੇ ਯਿਸੂ ਨੇ ਪ੍ਰਾਰਥਨਾ ਕਰਨੀ ਸਿਖਾਈ ਸੀ। ਮਿਸਾਲ ਲਈ, ਅਸੀਂ ਸੋਚ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਨਾਂ, ਉਸ ਦੇ ਰਾਜ ਅਤੇ ਉਸ ਦੀ ਇੱਛਾ ਬਾਰੇ ਪ੍ਰਾਰਥਨਾ ਵਿਚ ਕੀ ਕਹਾਂਗੇ।—ਮੱਤੀ 6:9, 10.
9 ਜ਼ਰਾ ਭੈਣ ਅਲੀਸਕਾ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦੇ ਦਿਮਾਗ਼ ਵਿਚ ਕੈਂਸਰ ਹੈ ਅਤੇ ਉਹ ਜ਼ਿਆਦਾ ਸਮੇਂ ਲਈ ਨਹੀਂ ਜੀ ਸਕੇਗਾ, ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਸ ਕਰਕੇ ਉਹ ਪ੍ਰਾਰਥਨਾ ਵੀ ਨਹੀਂ ਕਰ ਪਾ ਰਹੀ ਸੀ। ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਉਹ ਦੱਸਦੀ ਹੈ: “ਮੈਂ ਇੰਨੀ ਪਰੇਸ਼ਾਨ ਸੀ ਕਿ ਮੇਰਾ ਦਿਮਾਗ਼ ਨਹੀਂ ਸੀ ਕੰਮ ਕਰ ਰਿਹਾ। ਜਦੋਂ ਮੈਂ ਪ੍ਰਾਰਥਨਾ ਕਰਨ ਬੈਠਦੀ ਸੀ, ਤਾਂ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਂ ਕੀ ਕਹਾਂ।” ਫਿਰ ਭੈਣ ਅਲੀਸਕਾ ਨੇ ਕੀ ਕੀਤਾ? ਉਹ ਦੱਸਦੀ ਹੈ: “ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਹਮੇਸ਼ਾ ਆਪਣੇ ਬਾਰੇ ਅਤੇ ਆਪਣੇ ਪਤੀ ਬਾਰੇ ਹੀ ਪ੍ਰਾਰਥਨਾ ਕਰਦੀ ਰਹਾਂ। ਇਸ ਲਈ ਪ੍ਰਾਰਥਨਾ ਕਰਨ ਤੋਂ ਪਹਿਲਾਂ ਮੈਂ ਸੋਚਣ ਲੱਗੀ ਕਿ ਮੈਂ ਯਹੋਵਾਹ ਨੂੰ ਕੀ ਕਹਾਂਗੀ। ਇੱਦਾਂ ਕਰਨ ਕਰਕੇ ਮੇਰਾ ਮਨ ਸ਼ਾਂਤ ਹੋ ਜਾਂਦਾ ਸੀ ਤੇ ਮੈਂ ਹੋਰ ਗੱਲਾਂ ਬਾਰੇ ਵੀ ਪ੍ਰਾਰਥਨਾ ਕਰ ਪਾਉਂਦੀ ਸੀ।”
10. ਫਟਾਫਟ ਪ੍ਰਾਰਥਨਾ ਕਰਨ ਦੀ ਬਜਾਇ ਸਾਨੂੰ ਆਰਾਮ ਨਾਲ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ? (ਤਸਵੀਰਾਂ ਵੀ ਦੇਖੋ।)
10 ਫਟਾਫਟ ਪ੍ਰਾਰਥਨਾ ਕਰਨ ਦੀ ਬਜਾਇ ਆਰਾਮ ਨਾਲ ਪ੍ਰਾਰਥਨਾ ਕਰੋ। ਛੋਟੀ ਪ੍ਰਾਰਥਨਾ ਕਰਨ ਨਾਲ ਵੀ ਅਸੀਂ ਯਹੋਵਾਹ ਦੇ ਨੇੜੇ ਆ ਸਕਦੇ ਹਾਂ। ਪਰ ਜੇ ਅਸੀਂ ਫਟਾਫਟ ਪ੍ਰਾਰਥਨਾ ਕਰਨ ਦੀ ਬਜਾਇ ਆਰਾਮ ਨਾਲ ਪ੍ਰਾਰਥਨਾ ਕਰੀਏ, ਤਾਂ ਅਸੀਂ ਯਹੋਵਾਹ ਨੂੰ ਆਪਣੇ ਦਿਲ ਦੀਆਂ ਗੱਲਾਂ ਖੁੱਲ੍ਹ ਕੇ ਦੱਸ ਸਕਾਂਗੇ।b ਭੈਣ ਅਲੀਸਕਾ ਦਾ ਪਤੀ ਅਲਾਈਜ਼ਾ ਦੱਸਦਾ ਹੈ: “ਮੈਂ ਦਿਨ ਵਿਚ ਕਈ ਵਾਰ ਯਹੋਵਾਹ ਨਾਲ ਗੱਲ ਕਰਦਾ ਹਾਂ ਅਤੇ ਆਰਾਮ ਨਾਲ ਪ੍ਰਾਰਥਨਾ ਕਰਦਾ ਹਾਂ। ਇਸ ਕਰਕੇ ਮੈਂ ਉਸ ਦੇ ਹੋਰ ਨੇੜੇ ਆ ਸਕਿਆ ਹਾਂ। ਯਹੋਵਾਹ ਨੂੰ ਕਦੀ ਕਾਹਲੀ ਨਹੀਂ ਹੁੰਦੀ, ਸਗੋਂ ਉਹ ਸਾਡੀ ਗੱਲ ਆਰਾਮ ਨਾਲ ਸੁਣਦਾ ਹੈ। ਇਸ ਲਈ ਅਸੀਂ ਜਿੰਨੀ ਦੇਰ ਚਾਹੀਏ, ਉਸ ਨਾਲ ਗੱਲ ਕਰ ਸਕਦੇ ਹਾਂ।” ਇਸ ਭਰਾ ਵਾਂਗ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਕੋਈ ਅਜਿਹੀ ਜਗ੍ਹਾ ਅਤੇ ਅਜਿਹਾ ਸਮਾਂ ਚੁਣ ਸਕਦੇ ਹੋ ਜਦੋਂ ਤੁਹਾਡਾ ਧਿਆਨ ਨਾ ਭਟਕੇ ਤੇ ਤੁਸੀਂ ਆਰਾਮ ਨਾਲ ਯਹੋਵਾਹ ਨਾਲ ਗੱਲ ਕਰ ਸਕੋ। ਤੁਸੀਂ ਉੱਚੀ ਆਵਾਜ਼ ਵਿਚ ਵੀ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹੋ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਤੁਹਾਡੀ ਆਦਤ ਬਣ ਜਾਵੇਗੀ।
ਕੋਈ ਅਜਿਹੀ ਜਗ੍ਹਾ ਜਾਂ ਸਮਾਂ ਚੁਣੋ ਜਦੋਂ ਤੁਹਾਡਾ ਧਿਆਨ ਨਾ ਭਟਕੇ ਅਤੇ ਤੁਸੀਂ ਆਰਾਮ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰ ਸਕੋ (ਪੈਰਾ 10 ਦੇਖੋ)
ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਤੋਂ ਸਿੱਖੋ
11. ਬਾਈਬਲ ਵਿਚ ਦਰਜ ਪ੍ਰਾਰਥਨਾਵਾਂ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰਨ ਨਾਲ ਅਸੀਂ ਕੀ ਸਿੱਖ ਸਕਦੇ ਹਾਂ? (“ਕੀ ਤੁਸੀਂ ਵੀ ਉਨ੍ਹਾਂ ਵਾਂਗ ਮਹਿਸੂਸ ਕਰਦੇ ਹੋ?” ਨਾਂ ਦੀ ਡੱਬੀ ਵੀ ਦੇਖੋ।)
11 ਬਾਈਬਲ ਵਿਚ ਯਹੋਵਾਹ ਦੇ ਬਹੁਤ ਸਾਰੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਦਰਜ ਹਨ। ਕੁਝ ਪ੍ਰਾਰਥਨਾਵਾਂ ਗੀਤ ਜਾਂ ਜ਼ਬੂਰ ਵਜੋਂ ਲਿਖੀਆਂ ਗਈਆਂ ਹਨ। ਅਸੀਂ ਇਨ੍ਹਾਂ ਪ੍ਰਾਰਥਨਾਵਾਂ ਨੂੰ ਪੜ੍ਹ ਕੇ ਅਤੇ ਇਨ੍ਹਾਂ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰ ਕੇ ਬਹੁਤ ਕੁਝ ਸਿੱਖ ਸਕਦੇ ਹਾਂ। ਮਿਸਾਲ ਲਈ, ਅਸੀਂ ਸਿੱਖ ਸਕਦੇ ਹਾਂ ਕਿ ਅਸੀਂ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕਿਵੇਂ ਕਰ ਸਕਦੇ ਹਾਂ ਅਤੇ ਕਿਹੜੇ ਮਨਭਾਉਂਦੇ ਸ਼ਬਦ ਵਰਤ ਕੇ ਯਹੋਵਾਹ ਦੀ ਵਡਿਆਈ ਕਰ ਸਕਦੇ ਹਾਂ। ਨਾਲੇ ਸਾਨੂੰ ਕੁਝ ਅਜਿਹੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਵੀ ਮਿਲ ਸਕਦੀਆਂ ਹਨ ਜਿਨ੍ਹਾਂ ਦੇ ਹਾਲਾਤ ਸਾਡੇ ਵਰਗੇ ਸਨ।
12. ਬਾਈਬਲ ਵਿਚ ਦਰਜ ਕਿਸੇ ਪ੍ਰਾਰਥਨਾ ʼਤੇ ਸੋਚ-ਵਿਚਾਰ ਕਰਦਿਆਂ ਤੁਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹੋ?
12 ਬਾਈਬਲ ਵਿਚ ਦਰਜ ਕਿਸੇ ਪ੍ਰਾਰਥਨਾ ʼਤੇ ਸੋਚ-ਵਿਚਾਰ ਕਰਦਿਆਂ ਆਪਣੇ ਆਪ ਤੋਂ ਇਹ ਸਵਾਲ ਪੁੱਛੋ, ‘ਇਹ ਪ੍ਰਾਰਥਨਾ ਕਿਸ ਨੇ ਕੀਤੀ ਅਤੇ ਕਿਸ ਹਾਲਾਤ ਵਿਚ ਕੀਤੀ? ਕੀ ਮੈਂ ਵੀ ਉਸ ਵਾਂਗ ਹੀ ਮਹਿਸੂਸ ਕਰਦਾ ਹਾਂ? ਮੈਂ ਇਸ ਪ੍ਰਾਰਥਨਾ ਤੋਂ ਕੀ ਸਿੱਖ ਸਕਦਾ ਹਾਂ?’ ਹੋ ਸਕਦਾ ਹੈ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਤੁਹਾਨੂੰ ਥੋੜ੍ਹੀ ਖੋਜਬੀਨ ਕਰਨੀ ਪਵੇ। ਪਰ ਯਕੀਨ ਰੱਖੋ ਕਿ ਤੁਹਾਡੀ ਮਿਹਨਤ ਬੇਕਾਰ ਨਹੀਂ ਜਾਵੇਗੀ। ਹੁਣ ਆਓ ਆਪਾਂ ਯਹੋਵਾਹ ਦੇ ਚਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ʼਤੇ ਗੌਰ ਕਰੀਏ।
13. ਅਸੀਂ ਹੰਨਾਹ ਤੋਂ ਪ੍ਰਾਰਥਨਾ ਬਾਰੇ ਕੀ ਸਿੱਖ ਸਕਦੇ ਹਾਂ? (1 ਸਮੂਏਲ 1:10, 11) (ਤਸਵੀਰ ਵੀ ਦੇਖੋ।)
13 ਪਹਿਲਾ ਸਮੂਏਲ 1:10, 11 ਪੜ੍ਹੋ। ਜਦੋਂ ਹੰਨਾਹ ਨੇ ਇਹ ਪ੍ਰਾਰਥਨਾ ਕੀਤੀ, ਤਾਂ ਉਹ ਦੋ ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੀ ਸੀ। ਪਹਿਲੀ, ਉਹ ਬਾਂਝ ਸੀ ਅਤੇ ਦੂਜੀ, ਉਸ ਦੀ ਸੌਂਕਣ ਨੇ ਉਸ ਦਾ ਜੀਉਣਾ ਔਖਾ ਕੀਤਾ ਹੋਇਆ ਸੀ। (1 ਸਮੂ. 1:4-7) ਕੀ ਤੁਸੀਂ ਵੀ ਕਿਸੇ ਅਜਿਹੀ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹੋ ਜੋ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ? ਜ਼ਰਾ ਗੌਰ ਕਰੋ ਕਿ ਅਜਿਹੇ ਹਾਲਾਤਾਂ ਵਿਚ ਹੰਨਾਹ ਨੇ ਕੀ ਕੀਤਾ। ਉਸ ਨੇ ਕਾਹਲੀ-ਕਾਹਲੀ ਪ੍ਰਾਰਥਨਾ ਕਰਨ ਦੀ ਬਜਾਇ ਆਰਾਮ ਨਾਲ ਯਹੋਵਾਹ ਸਾਮ੍ਹਣੇ ਆਪਣਾ ਦਿਲ ਖੋਲ੍ਹਿਆ। ਇਸ ਤੋਂ ਉਸ ਨੂੰ ਬਹੁਤ ਰਾਹਤ ਮਿਲੀ। (1 ਸਮੂ. 1:12, 18) ਜਦੋਂ ਤੁਸੀਂ ਵੀ “ਆਪਣਾ ਸਾਰਾ ਬੋਝ ਯਹੋਵਾਹ ʼਤੇ ਸੁੱਟ” ਦਿੰਦੇ ਹੋ ਯਾਨੀ ਉਸ ਨੂੰ ਦੱਸਦੇ ਹੋ ਕਿ ਤੁਹਾਡੇ ʼਤੇ ਕੀ ਬੀਤ ਰਹੀ ਹੈ ਅਤੇ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ, ਤਾਂ ਤੁਹਾਨੂੰ ਸਕੂਨ ਮਿਲੇਗਾ।—ਜ਼ਬੂ. 55:22.
ਹੰਨਾਹ ਬਾਂਝ ਸੀ ਅਤੇ ਉਸ ਦੀ ਸੌਂਕਣ ਹਰ ਵੇਲੇ ਉਸ ਨੂੰ ਤਾਅਨੇ ਮਾਰਦੀ ਸੀ। ਇੱਦਾਂ ਦੇ ਹਾਲਾਤਾਂ ਵਿਚ ਹੰਨਾਹ ਨੇ ਯਹੋਵਾਹ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀ (ਪੈਰਾ 13 ਦੇਖੋ)
14. (ੳ) ਅਸੀਂ ਹੰਨਾਹ ਤੋਂ ਕੀ ਸਿੱਖ ਸਕਦੇ ਹਾਂ? (ਅ) ਬਾਈਬਲ ਪੜ੍ਹ ਕੇ ਅਤੇ ਇਸ ʼਤੇ ਸੋਚ-ਵਿਚਾਰ ਕਰ ਕੇ ਅਸੀਂ ਦਿਲ ਖੋਲ੍ਹ ਕੇ ਪ੍ਰਾਰਥਨਾ ਕਿਵੇਂ ਕਰ ਸਕਦੇ ਹਾਂ? (ਫੁਟਨੋਟ ਦੇਖੋ।)
14 ਕੁਝ ਸਾਲਾਂ ਬਾਅਦ ਹੰਨਾਹ ਦੇ ਇਕ ਮੁੰਡਾ ਹੋਇਆ। ਉਸ ਦਾ ਨਾਂ ਸਮੂਏਲ ਸੀ। ਜਦੋਂ ਉਹ ਥੋੜ੍ਹਾ ਵੱਡਾ ਹੋਇਆ, ਤਾਂ ਹੰਨਾਹ ਉਸ ਨੂੰ ਮਹਾਂ ਪੁਜਾਰੀ ਏਲੀ ਕੋਲ ਲੈ ਗਈ। (1 ਸਮੂ. 1:24-28) ਫਿਰ ਹੰਨਾਹ ਨੇ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀ ਅਤੇ ਪੂਰੇ ਭਰੋਸੇ ਨਾਲ ਕਿਹਾ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦੀ ਹਿਫਾਜ਼ਤ ਕਰਦਾ ਹੈ ਅਤੇ ਉਨ੍ਹਾਂ ਦਾ ਖ਼ਿਆਲ ਰੱਖਦਾ ਹੈ।c (1 ਸਮੂ. 2:1, 8, 9) ਦੇਖਿਆ ਜਾਵੇ ਤਾਂ ਹੰਨਾਹ ਦੇ ਘਰ ਦੇ ਹਾਲਾਤ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਸਨ, ਪਰ ਉਸ ਨੇ ਆਪਣੀਆਂ ਤਕਲੀਫ਼ਾਂ ਬਾਰੇ ਸੋਚਣ ਦੀ ਬਜਾਇ ਆਪਣਾ ਧਿਆਨ ਯਹੋਵਾਹ ਤੋਂ ਮਿਲੀਆਂ ਬਰਕਤਾਂ ʼਤੇ ਲਾਈ ਰੱਖਿਆ। ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਸ਼ਾਇਦ ਅਸੀਂ ਕਿਸੇ ਅਜਿਹੀ ਮੁਸ਼ਕਲ ਵਿੱਚੋਂ ਲੰਘ ਰਹੇ ਹਾਂ ਜੋ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਇੱਦਾਂ ਦੇ ਹਾਲਾਤਾਂ ਵਿਚ ਸਾਨੂੰ ਉਸ ਮੁਸ਼ਕਲ ਬਾਰੇ ਸੋਚਦੇ ਰਹਿਣ ਦੀ ਬਜਾਇ ਇਹ ਸੋਚਣਾ ਚਾਹੀਦਾ ਹੈ ਕਿ ਹੁਣ ਤਕ ਯਹੋਵਾਹ ਨੇ ਸਾਨੂੰ ਕਿੱਦਾਂ ਸੰਭਾਲਿਆ ਹੈ।
15. ਅਸੀਂ ਯਿਰਮਿਯਾਹ ਦੀ ਪ੍ਰਾਰਥਨਾ ਤੋਂ ਕੀ ਸਿੱਖ ਸਕਦੇ ਹਾਂ? (ਯਿਰਮਿਯਾਹ 12:1)
15 ਯਿਰਮਿਯਾਹ 12:1 ਪੜ੍ਹੋ। ਯਿਰਮਿਯਾਹ ਨਬੀ ਦੇ ਜ਼ਮਾਨੇ ਵਿਚ ਦੁਸ਼ਟ ਲੋਕ ਵੱਧ-ਫੁੱਲ ਰਹੇ ਸਨ। ਇਹ ਦੇਖ ਕੇ ਉਹ ਬਹੁਤ ਨਿਰਾਸ਼ ਹੋ ਗਿਆ। ਇੰਨਾ ਹੀ ਨਹੀਂ, ਉਸ ਦੇ ਨਾਲ ਦੇ ਇਜ਼ਰਾਈਲੀ ਵੀ ਉਸ ਨੂੰ ਬੁਰਾ-ਭਲਾ ਕਹਿ ਰਹੇ ਸਨ ਅਤੇ ਉਸ ਦਾ ਮਜ਼ਾਕ ਉਡਾ ਰਹੇ ਸਨ। (ਯਿਰ. 20:7, 8) ਅੱਜ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਯਿਰਮਿਯਾਹ ʼਤੇ ਕੀ ਬੀਤ ਰਹੀ ਹੋਣੀ। ਕਿਉਂ? ਕਿਉਂਕਿ ਅੱਜ ਵੀ ਹਰ ਪਾਸੇ ਦੁਸ਼ਟਤਾ ਦਾ ਬੋਲਬਾਲਾ ਹੈ ਅਤੇ ਲੋਕ ਸਾਡਾ ਵੀ ਮਜ਼ਾਕ ਉਡਾਉਂਦੇ ਹਨ। ਪਰ ਬੁਰੇ ਹਾਲਾਤਾਂ ਵਿਚ ਵੀ ਯਿਰਮਿਯਾਹ ਨੇ ਕਦੇ ਯਹੋਵਾਹ ਦੇ ਨਿਆਂ ʼਤੇ ਸ਼ੱਕ ਨਹੀਂ ਕੀਤਾ। ਨਾਲੇ ਜਦੋਂ ਉਸ ਨੇ ਦੇਖਿਆ ਕਿ ਯਹੋਵਾਹ ਨੇ ਬਾਗ਼ੀ ਇਜ਼ਰਾਈਲੀਆਂ ਨੂੰ ਸਜ਼ਾ ਦਿੱਤੀ, ਤਾਂ ਉਸ ਦਾ ਭਰੋਸਾ ਜ਼ਰੂਰ ਵਧਿਆ ਹੋਣਾ ਕਿ ਯਹੋਵਾਹ ਹਮੇਸ਼ਾ ਨਿਆਂ ਕਰਦਾ ਹੈ। (ਯਿਰ. 32:19) ਅਸੀਂ ਯਿਰਮਿਯਾਹ ਤੋਂ ਕੀ ਸਿੱਖ ਸਕਦੇ ਹਾਂ? ਉਸ ਵਾਂਗ ਅਸੀਂ ਵੀ ਖੁੱਲ੍ਹ ਕੇ ਯਹੋਵਾਹ ਨੂੰ ਦੱਸ ਸਕਦੇ ਹਾਂ ਕਿ ਦੁਨੀਆਂ ਵਿਚ ਜੋ ਅਨਿਆਂ ਹੋ ਰਿਹਾ ਹੈ, ਉਸ ਨੂੰ ਦੇਖ ਕੇ ਸਾਨੂੰ ਕਿੰਨਾ ਦੁੱਖ ਲੱਗਦਾ ਹੈ। ਨਾਲੇ ਅਸੀਂ ਇਹ ਵੀ ਭਰੋਸਾ ਰੱਖ ਸਕਦੇ ਹਾਂ ਕਿ ਸਮਾਂ ਆਉਣ ਤੇ ਯਹੋਵਾਹ ਹਰ ਤਰ੍ਹਾਂ ਦੇ ਅਨਿਆਂ ਨੂੰ ਜੜ੍ਹੋਂ ਖ਼ਤਮ ਕਰ ਦੇਵੇਗਾ।
16. ਅਸੀਂ ਗ਼ੁਲਾਮ ਲੇਵੀ ਦੀ ਪ੍ਰਾਰਥਨਾ ਤੋਂ ਕੀ ਸਿੱਖ ਸਕਦੇ ਹਾਂ? (ਜ਼ਬੂਰ 42:1-4) (ਤਸਵੀਰਾਂ ਵੀ ਦੇਖੋ।)
16 ਜ਼ਬੂਰ 42:1-4 ਪੜ੍ਹੋ। ਇਹ ਗੀਤ ਇਕ ਲੇਵੀ ਨੇ ਲਿਖਿਆ ਸੀ ਜੋ ਇਕ ਗ਼ੁਲਾਮ ਸੀ ਅਤੇ ਆਪਣੇ ਲੋਕਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਨਹੀਂ ਕਰ ਸਕਦਾ ਸੀ। ਉਸ ਦੇ ਇਸ ਜ਼ਬੂਰ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਕਿਵੇਂ ਮਹਿਸੂਸ ਕਰ ਰਿਹਾ ਸੀ। ਜੇ ਤੁਸੀਂ ਬੀਮਾਰ ਹੋਣ ਕਰਕੇ ਆਪਣੇ ਘਰੋਂ ਬਾਹਰ ਨਹੀਂ ਜਾ ਸਕਦੇ ਜਾਂ ਆਪਣੀ ਨਿਹਚਾ ਕਰਕੇ ਤੁਸੀਂ ਜੇਲ੍ਹ ਵਿਚ ਹੋ, ਤਾਂ ਸ਼ਾਇਦ ਤੁਸੀਂ ਵੀ ਇਸ ਲੇਵੀ ਵਾਂਗ ਹੀ ਮਹਿਸੂਸ ਕਰੋ। ਹੋ ਸਕਦਾ ਹੈ ਕਿ ਤੁਸੀਂ ਕਿਸੇ ਦਿਨ ਖ਼ੁਸ਼ ਹੋਵੋ ਅਤੇ ਕਿਸੇ ਦਿਨ ਉਦਾਸ। ਇਸ ਦੌਰਾਨ ਤੁਸੀਂ ਖੁੱਲ੍ਹ ਕੇ ਯਹੋਵਾਹ ਨੂੰ ਆਪਣੀਆਂ ਭਾਵਨਾਵਾਂ ਬਾਰੇ ਦੱਸੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਵਧੀਆ ਢੰਗ ਨਾਲ ਸਮਝ ਸਕੋਗੇ। ਤੁਸੀਂ ਜਾਣ ਸਕੋਗੇ ਕਿ ਤੁਸੀਂ ਜੋ ਸੋਚ ਰਹੇ ਹੋ, ਉਹ ਸਹੀ ਹੈ ਵੀ ਜਾਂ ਨਹੀਂ ਅਤੇ ਆਪਣੇ ਨਜ਼ਰੀਏ ਨੂੰ ਠੀਕ ਕਰ ਸਕੋਗੇ। ਮਿਸਾਲ ਲਈ, ਉਸ ਲੇਵੀ ਨੂੰ ਅਹਿਸਾਸ ਹੋਇਆ ਕਿ ਉਹ ਗ਼ੁਲਾਮੀ ਵਿਚ ਵੀ ਕਈ ਹੋਰ ਤਰੀਕਿਆਂ ਨਾਲ ਯਹੋਵਾਹ ਦੀ ਵਡਿਆਈ ਕਰ ਸਕਦਾ ਸੀ। (ਜ਼ਬੂ. 42:5) ਉਸ ਨੇ ਇਸ ਬਾਰੇ ਵੀ ਸੋਚਿਆ ਕਿ ਯਹੋਵਾਹ ਕਿਵੇਂ ਉਸ ਦਾ ਖ਼ਿਆਲ ਰੱਖ ਰਿਹਾ ਸੀ। (ਜ਼ਬੂ. 42:8) ਤਾਂ ਫਿਰ ਜਦੋਂ ਅਸੀਂ ਯਹੋਵਾਹ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕਰਦੇ ਹਾਂ, ਉਦੋਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਪਾਉਂਦੇ ਹਾਂ, ਸਹੀ ਸੋਚ ਰੱਖ ਪਾਉਂਦੇ ਹਾਂ ਅਤੇ ਸਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਹਿੰਮਤ ਮਿਲਦੀ ਹੈ।
ਜ਼ਬੂਰ 42 ਦੇ ਲਿਖਾਰੀ ਨੇ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਜੇ ਅਸੀਂ ਵੀ ਇੱਦਾਂ ਹੀ ਕਰਾਂਗੇ, ਤਾਂ ਅਸੀਂ ਸਹੀ ਸੋਚ ਬਣਾਈ ਰੱਖ ਸਕਾਂਗੇ (ਪੈਰਾ 16 ਦੇਖੋ)
17. (ੳ) ਅਸੀਂ ਯੂਨਾਹ ਨਬੀ ਦੀ ਪ੍ਰਾਰਥਨਾ ਤੋਂ ਕੀ ਸਿੱਖਦੇ ਹਾਂ? (ਯੂਨਾਹ 2:1, 2) (ਅ) ਸਾਨੂੰ ਮੁਸ਼ਕਲ ਹਾਲਾਤਾਂ ਦੌਰਾਨ ਜ਼ਬੂਰਾਂ ਵਿਚ ਲਿਖੀਆਂ ਗੱਲਾਂ ਤੋਂ ਹਿੰਮਤ ਕਿਵੇਂ ਮਿਲ ਸਕਦੀ ਹੈ? (ਫੁਟਨੋਟ ਦੇਖੋ।)
17 ਯੂਨਾਹ 2:1, 2 ਪੜ੍ਹੋ। ਇਹ ਪ੍ਰਾਰਥਨਾ ਯੂਨਾਹ ਨਬੀ ਨੇ ਉਦੋਂ ਕੀਤੀ ਸੀ ਜਦੋਂ ਉਹ ਇਕ ਵੱਡੀ ਮੱਛੀ ਦੇ ਢਿੱਡ ਵਿਚ ਸੀ। ਭਾਵੇਂ ਕਿ ਉਸ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਸੀ, ਫਿਰ ਵੀ ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਸ ਦੀ ਫ਼ਰਿਆਦ ਜ਼ਰੂਰ ਸੁਣੇਗਾ। ਆਪਣੀ ਪ੍ਰਾਰਥਨਾ ਵਿਚ ਉਸ ਨੇ ਅਜਿਹੀਆਂ ਕਈ ਗੱਲਾਂ ਕਹੀਆਂ ਜੋ ਜ਼ਬੂਰ ਦੀ ਕਿਤਾਬ ਵਿੱਚੋਂ ਸਨ।d ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਜ਼ਬੂਰਾਂ ਵਿਚ ਲਿਖੀਆਂ ਗੱਲਾਂ ਯਾਦ ਸਨ। ਨਾਲੇ ਜਦੋਂ ਉਸ ਨੇ ਉਨ੍ਹਾਂ ਗੱਲਾਂ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕੀਤਾ, ਤਾਂ ਉਸ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਜ਼ਰੂਰ ਉਸ ਦੀ ਮਦਦ ਕਰੇਗਾ। ਅਸੀਂ ਯੂਨਾਹ ਤੋਂ ਕੀ ਸਿੱਖ ਸਕਦੇ ਹਾਂ? ਜੇ ਅਸੀਂ ਵੀ ਬਾਈਬਲ ਦੀਆਂ ਕੁਝ ਆਇਤਾਂ ਪਹਿਲਾਂ ਤੋਂ ਹੀ ਯਾਦ ਕਰੀਏ, ਤਾਂ ਮੁਸ਼ਕਲ ਹਾਲਾਤ ਆਉਣ ਤੇ ਯਹੋਵਾਹ ਨੂੰ ਪ੍ਰਾਰਥਨਾ ਕਰਦਿਆਂ ਹੋ ਸਕਦਾ ਹੈ ਕਿ ਸਾਨੂੰ ਉਹ ਆਇਤਾਂ ਯਾਦ ਆਉਣ ਅਤੇ ਸਾਨੂੰ ਉਨ੍ਹਾਂ ਤੋਂ ਹਿੰਮਤ ਮਿਲੇ।
ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਉਸ ਦੇ ਹੋਰ ਨੇੜੇ ਆਓ
18-19. ਸਾਨੂੰ ਰੋਮੀਆਂ 8:26, 27 ਵਿਚ ਲਿਖੀ ਗੱਲ ਤੋਂ ਦਿਲਾਸਾ ਕਿਵੇਂ ਮਿਲਦਾ ਹੈ? ਇਕ ਮਿਸਾਲ ਦਿਓ।
18 ਰੋਮੀਆਂ 8:26, 27 ਪੜ੍ਹੋ। ਕਈ ਵਾਰ ਚਿੰਤਾਵਾਂ ਸਾਡੇ ʼਤੇ ਇੰਨੀਆਂ ਹਾਵੀ ਹੋ ਜਾਂਦੀਆਂ ਹਨ ਕਿ ਅਸੀਂ ਯਹੋਵਾਹ ਨੂੰ ਸ਼ਬਦਾਂ ਵਿਚ ਦੱਸ ਹੀ ਨਹੀਂ ਪਾਉਂਦੇ ਕਿ ਅਸੀਂ ਕਿਵੇਂ ਮਹਿਸੂਸ ਕਰ ਰਹੇ ਹਾਂ। ਪਰ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਇੱਦਾਂ ਦੇ ਸਮੇਂ ਵਿਚ ਪਵਿੱਤਰ ਸ਼ਕਤੀ ਸਾਡੇ ਵੱਲੋਂ ਯਹੋਵਾਹ ਨੂੰ “ਬੇਨਤੀ” ਕਰਦੀ ਹੈ। ਕਿਵੇਂ? ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਆਪਣੇ ਬਚਨ ਬਾਈਬਲ ਵਿਚ ਕਈ ਪ੍ਰਾਰਥਨਾਵਾਂ ਦਰਜ ਕਰਾਈਆਂ ਹਨ। ਇਸ ਲਈ ਜਦੋਂ ਅਸੀਂ ਆਪਣੀ ਗੱਲ ਯਹੋਵਾਹ ਨੂੰ ਸਾਫ਼-ਸਾਫ਼ ਨਹੀਂ ਕਹਿ ਪਾਉਂਦੇ, ਤਾਂ ਯਹੋਵਾਹ ਉਨ੍ਹਾਂ ਪ੍ਰਾਰਥਨਾਵਾਂ ਵਿਚ ਲਿਖੀਆਂ ਗੱਲਾਂ ਨੂੰ ਸਾਡੀ ਪ੍ਰਾਰਥਨਾ ਮੰਨ ਕੇ ਕਬੂਲ ਕਰ ਸਕਦਾ ਹੈ ਅਤੇ ਉਨ੍ਹਾਂ ਦਾ ਜਵਾਬ ਦੇ ਸਕਦਾ ਹੈ।
19 ਇਸ ਗੱਲ ਤੋਂ ਰੂਸ ਵਿਚ ਰਹਿਣ ਵਾਲੀ ਭੈਣ ਯੇਲੀਨਾ ਨੂੰ ਬੜੀ ਹਿੰਮਤ ਮਿਲੀ। ਉਸ ਨੂੰ ਬਾਈਬਲ ਪੜ੍ਹਨ ਅਤੇ ਪ੍ਰਾਰਥਨਾ ਕਰਨ ਕਰਕੇ ਗਿਰਫ਼ਤਾਰ ਕਰ ਲਿਆ ਗਿਆ ਸੀ। ਉਹ ਇੰਨੇ ਤਣਾਅ ਵਿਚ ਸੀ ਕਿ ਪ੍ਰਾਰਥਨਾ ਵੀ ਨਹੀਂ ਕਰ ਪਾ ਰਹੀ ਸੀ। ਉਹ ਦੱਸਦੀ ਹੈ, ‘ਉਸ ਵੇਲੇ ਮੈਨੂੰ ਯਾਦ ਆਇਆ ਕਿ ਜਦੋਂ ਮੈਨੂੰ ਬਹੁਤ ਜ਼ਿਆਦਾ ਚਿੰਤਾ ਹੁੰਦੀ ਹੈ ਅਤੇ ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਪ੍ਰਾਰਥਨਾ ਕਰਨੀ ਹੈ, ਤਾਂ ਅਜਿਹੇ ਹਾਲਾਤਾਂ ਵਿਚ ਯਹੋਵਾਹ ਬਾਈਬਲ ਵਿਚ ਲਿਖੀਆਂ ਆਪਣੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਨੂੰ ਮੇਰੀਆਂ ਪ੍ਰਾਰਥਨਾਵਾਂ ਸਮਝ ਕੇ ਕਬੂਲ ਕਰੇਗਾ। ਮੈਂ ਦੱਸ ਨਹੀਂ ਸਕਦੀ ਕਿ ਇਸ ਗੱਲ ਤੋਂ ਮੈਨੂੰ ਉਸ ਔਖੇ ਸਮੇਂ ਦੌਰਾਨ ਕਿੰਨਾ ਦਿਲਾਸਾ ਮਿਲਿਆ!’
20. ਜਦੋਂ ਅਸੀਂ ਬਹੁਤ ਜ਼ਿਆਦਾ ਤਣਾਅ ਵਿਚ ਹੁੰਦੇ ਹਾਂ, ਤਾਂ ਅਸੀਂ ਪ੍ਰਾਰਥਨਾ ਕਰਨ ਲਈ ਆਪਣਾ ਮਨ ਕਿਵੇਂ ਤਿਆਰ ਕਰ ਸਕਦੇ ਹਾਂ?
20 ਜਦੋਂ ਅਸੀਂ ਬਹੁਤ ਜ਼ਿਆਦਾ ਤਣਾਅ ਵਿਚ ਹੁੰਦੇ ਹਾਂ, ਤਾਂ ਹੋ ਸਕਦਾ ਹੈ ਕਿ ਪ੍ਰਾਰਥਨਾ ਕਰਦਿਆਂ ਸਾਡਾ ਧਿਆਨ ਭਟਕਣ ਲੱਗ ਪਵੇ। ਇੱਦਾਂ ਹੋਣ ਤੇ ਅਸੀਂ ਕੀ ਕਰ ਸਕਦੇ ਹੈ? ਅਸੀਂ ਆਪਣਾ ਮਨ ਤਿਆਰ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਲਈ ਅਸੀਂ ਜ਼ਬੂਰ ਦੀ ਕਿਤਾਬ ਦੀ ਆਡੀਓ ਰਿਕਾਰਡਿੰਗ ਸੁਣ ਸਕਦੇ ਹਾਂ। ਨਾਲੇ ਰਾਜਾ ਦਾਊਦ ਵਾਂਗ ਆਪਣੀਆਂ ਭਾਵਨਾਵਾਂ ਨੂੰ ਲਿਖਣ ਦੀ ਵੀ ਕੋਸ਼ਿਸ਼ ਕਰ ਸਕਦੇ ਹਾਂ। (ਜ਼ਬੂ. 18, 34, 142; ਸਿਰਲੇਖ।) ਆਪਣਾ ਮਨ ਤਿਆਰ ਕਰਨ ਲਈ ਅਸੀਂ ਕੋਈ ਵੀ ਤਰੀਕਾ ਅਪਣਾ ਸਕਦੇ ਹਾਂ। ਇੱਦਾਂ ਕਰਨ ਲਈ ਕੋਈ ਨਿਯਮ ਨਹੀਂ ਹੈ। (ਜ਼ਬੂ. 141:2) ਜ਼ਰੂਰੀ ਇਹ ਹੈ ਕਿ ਅਸੀਂ ਆਪਣਾ ਮਨ ਤਿਆਰ ਕਰੀਏ।
21. ਅਸੀਂ ਦਿਲ ਖੋਲ੍ਹ ਕੇ ਯਹੋਵਾਹ ਨਾਲ ਗੱਲ ਕਿਉਂ ਕਰ ਸਕਦੇ ਹਾਂ?
21 ਇਹ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਸਾਡੇ ਕੁਝ ਕਹਿਣ ਤੋਂ ਪਹਿਲਾਂ ਹੀ ਯਹੋਵਾਹ ਸਾਡੇ ਦਿਲ ਦਾ ਹਾਲ ਜਾਣਦਾ ਹੈ। (ਜ਼ਬੂ. 139:4) ਫਿਰ ਵੀ ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਦੱਸੀਏ ਕਿ ਅਸੀਂ ਕਿੱਦਾਂ ਮਹਿਸੂਸ ਕਰ ਰਹੇ ਹਾਂ ਅਤੇ ਸਾਨੂੰ ਉਸ ʼਤੇ ਕਿੰਨਾ ਭਰੋਸਾ ਹੈ। ਇਸ ਲਈ ਕਦੇ ਵੀ ਆਪਣੇ ਪਿਆਰੇ ਪਿਤਾ ਨਾਲ ਗੱਲ ਕਰਨ ਤੋਂ ਨਾ ਝਿਜਕੋ। ਬਾਈਬਲ ਵਿਚ ਲਿਖੀਆਂ ਪ੍ਰਾਰਥਨਾਵਾਂ ʼਤੇ ਸੋਚ-ਵਿਚਾਰ ਕਰੋ ਅਤੇ ਉਨ੍ਹਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰੋ। ਦਿਲ ਖੋਲ੍ਹ ਕੇ ਯਹੋਵਾਹ ਨਾਲ ਗੱਲ ਕਰੋ। ਉਸ ਨੂੰ ਖੁੱਲ੍ਹ ਕੇ ਆਪਣਾ ਦੁੱਖ-ਸੁੱਖ ਦੱਸੋ। ਯਾਦ ਰੱਖੋ ਕਿ ਤੁਹਾਡਾ ਸੱਚਾ ਦੋਸਤ ਯਹੋਵਾਹ ਹਮੇਸ਼ਾ ਤੁਹਾਡੇ ਨਾਲ ਰਹੇਗਾ!
ਗੀਤ 45 ਮੇਰੇ ਮਨ ਦੇ ਖ਼ਿਆਲ
a ਮਸੀਹੀ ਜ਼ਿੰਦਗੀ ਲਈ ਬਾਈਬਲ ਦੇ ਅਸੂਲ ਕਿਤਾਬ ਵਿਚ ਵਿਸ਼ੇ “ਯਹੋਵਾਹ” ਉੱਤੇ ਜਾਓ ਅਤੇ ਉਸ ਵਿਚ “ਯਹੋਵਾਹ ਦੇ ਕੁਝ ਸ਼ਾਨਦਾਰ ਗੁਣ” ਨਾਂ ਦੇ ਸਿਰਲੇਖ ਹੇਠਾਂ ਦਿੱਤੀ ਜਾਣਕਾਰੀ ਪੜ੍ਹੋ।
b ਸਭਾਵਾਂ ਵਿਚ ਕੀਤੀਆਂ ਜਾਂਦੀਆਂ ਪ੍ਰਾਰਥਨਾਵਾਂ ਅਕਸਰ ਛੋਟੀਆਂ ਹੁੰਦੀਆਂ ਹਨ।
c ਹੰਨਾਹ ਨੇ ਆਪਣੀ ਪ੍ਰਾਰਥਨਾ ਵਿਚ ਜੋ ਕਿਹਾ, ਉਸ ਵਿਚ ਕਈ ਗੱਲਾਂ ਮੂਸਾ ਦੀ ਲਿਖੀ ਇਕ ਕਿਤਾਬ ਵਿਚ ਦਰਜ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਉਨ੍ਹਾਂ ਲਿਖਤਾਂ ਦੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢਦੀ ਸੀ। (ਬਿਵ. 4:35; 8:18; 32:4, 39; 1 ਸਮੂ. 2:2, 6, 7) ਨਾਲੇ ਸਦੀਆਂ ਬਾਅਦ ਯਿਸੂ ਦੀ ਮਾਤਾ ਮਰੀਅਮ ਨੇ ਯਹੋਵਾਹ ਦੀ ਮਹਿਮਾ ਵਿਚ ਜੋ ਸ਼ਬਦ ਕਹੇ, ਉਹ ਹੰਨਾਹ ਦੀ ਪ੍ਰਾਰਥਨਾ ਨਾਲ ਕਾਫ਼ੀ ਮਿਲਦੇ-ਜੁਲਦੇ ਸਨ।—ਲੂਕਾ 1:46-55.
d ਮਿਸਾਲ ਲਈ, ਯੂਨਾਹ 2:3-9 ਅਤੇ ਜ਼ਬੂਰ 69:1; 16:10; 30:3; 142:2, 3; 143:4, 5; 18:6; ਅਤੇ 3:8 ਵਿਚ ਨੁਕਤਾ ਦੇਖੋ। ਜ਼ਬੂਰਾਂ ਦੀਆਂ ਇਹ ਆਇਤਾਂ ਉਸੇ ਤਰਤੀਬ ਵਿਚ ਦਿੱਤੀਆਂ ਗਈਆਂ ਹਨ ਜਿਸ ਤਰਤੀਬ ਵਿਚ ਯੂਨਾਹ ਨੇ ਇਨ੍ਹਾਂ ਨੂੰ ਆਪਣੀ ਪ੍ਰਾਰਥਨਾ ਵਿਚ ਕਿਹਾ ਸੀ।