ਕੀ ਜੂਆ ਖੇਡਣਾ ਪਾਪ ਹੈ?
ਬਾਈਬਲ ਕਹਿੰਦੀ ਹੈ
ਭਾਵੇਂ ਕਿ ਬਾਈਬਲ ਵਿਚ ਜੂਏ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਗਈ, ਪਰ ਅਸੀਂ ਬਾਈਬਲ ਦੇ ਅਸੂਲਾਂ ਤੋਂ ਸਮਝ ਸਕਦੇ ਹਾਂ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਜੂਆ ਖੇਡਣਾ ਪਾਪ ਹੈ।—ਅਫ਼ਸੀਆਂ 5:17.a
ਜੂਆ ਲਾਲਚ ਹੋਣ ਕਰਕੇ ਖੇਡਿਆ ਜਾਂਦਾ ਹੈ ਅਤੇ ਪਰਮੇਸ਼ੁਰ ਲਾਲਚ ਤੋਂ ਨਫ਼ਰਤ ਕਰਦਾ ਹੈ। (1 ਕੁਰਿੰਥੀਆਂ 6:9, 10; ਅਫ਼ਸੀਆਂ 5:3, 5) ਜੁਆਰੀ ਉਮੀਦ ਕਰਦੇ ਹਨ ਕਿ ਦੂਜੇ ਪੈਸੇ ਹਾਰ ਜਾਣ ਅਤੇ ਉਹ ਪੈਸੇ ਉਹ ਜਿੱਤ ਲੈਣ। ਪਰ ਬਾਈਬਲ ਦੱਸਦੀ ਹੈ ਕਿ ਸਾਨੂੰ ਦੂਜਿਆਂ ਦੀਆਂ ਚੀਜ਼ਾਂ ਤੇ ਧਨ-ਦੌਲਤ ਦਾ ਲਾਲਚ ਨਹੀਂ ਕਰਨਾ ਚਾਹੀਦਾ।—ਕੂਚ 20:17; ਰੋਮੀਆਂ 7:7; 13:9, 10.
ਜੂਏ ਕਰਕੇ ਦਿਲ ਵਿਚ ਪੈਸੇ ਲਈ ਪਿਆਰ ਪੈਦਾ ਹੋ ਸਕਦਾ ਹੈ ਜੋ ਖ਼ਤਰਨਾਕ ਸਾਬਤ ਹੁੰਦਾ ਹੈ, ਫਿਰ ਭਾਵੇਂ ਜੂਆ ਥੋੜ੍ਹੇ ਜਿਹੇ ਪੈਸਿਆਂ ਲਈ ਹੀ ਕਿਉਂ ਨਾ ਖੇਡਿਆ ਜਾਵੇ।—1 ਤਿਮੋਥਿਉਸ 6:9, 10.
ਜੁਆਰੀ ਜ਼ਿਆਦਾਤਰ ਅੰਧਵਿਸ਼ਵਾਸ ਜਾਂ ਕਿਸਮਤ ʼਤੇ ਬੜਾ ਭਰੋਸਾ ਕਰਦੇ ਹਨ। ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਮੂਰਤੀ-ਪੂਜਾ ਹੈ ਜੋ ਉਸ ਦੀ ਭਗਤੀ ਦੇ ਮਿਆਰਾਂ ਖ਼ਿਲਾਫ਼ ਹੈ।—ਯਸਾਯਾਹ 65:11.
ਬਾਈਬਲ ਇਹ ਹੱਲਾਸ਼ੇਰੀ ਨਹੀਂ ਦਿੰਦੀ ਕਿ ਅਸੀਂ ਬਿਨਾਂ ਕੋਈ ਕੰਮ ਕੀਤਿਆਂ ਕੋਈ ਚੀਜ਼ ਹਾਸਲ ਕਰਨ ਦੀ ਕੋਸ਼ਿਸ਼ ਕਰੀਏ, ਸਗੋਂ ਇਹ ਸਾਨੂੰ ਸਖ਼ਤ ਮਿਹਨਤ ਕਰਨ ਦੀ ਸਲਾਹ ਦਿੰਦੀ ਹੈ। (ਉਪਦੇਸ਼ਕ ਦੀ ਕਿਤਾਬ 2:24; ਅਫ਼ਸੀਆਂ 4:28) ਬਾਈਬਲ ਦੀ ਇਹ ਸਲਾਹ ਮੰਨਣ ਵਾਲੇ “ਆਪਣੇ ਹੱਥੀਂ ਕੰਮ ਕਰ ਕੇ ਰੋਟੀ” ਖਾ ਸਕਦੇ ਹਨ।—2 ਥੱਸਲੁਨੀਕੀਆਂ 3:10, 12.
ਜੂਆ ਖੇਡਣ ਕਰਕੇ ਮੁਕਾਬਲੇਬਾਜ਼ੀ ਦੀ ਬੁਰੀ ਭਾਵਨਾ ਪੈਦਾ ਹੋ ਸਕਦੀ ਹੈ ਜਿਸ ਦੀ ਬਾਈਬਲ ਵਿਚ ਨਿੰਦਿਆ ਕੀਤੀ ਗਈ ਹੈ।—ਗਲਾਤੀਆਂ 5:26.
a ਬਾਈਬਲ ਵਿਚ ਜੂਏ ਦਾ ਜ਼ਿਕਰ ਸਿਰਫ਼ ਉਦੋਂ ਆਉਂਦਾ ਹੈ ਜਦੋਂ ਰੋਮੀ ਫ਼ੌਜੀਆਂ ਨੇ ਮਨ ਵਿਚ ਲਾਲਚ ਹੋਣ ਕਰਕੇ ਯਿਸੂ ਦੇ ਕੱਪੜਿਆਂ ʼਤੇ ‘ਗੁਣੇ ਪਾਏ ਸਨ।’—ਮੱਤੀ 27:35; ਯੂਹੰਨਾ 19:23, 24.