ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ | ਯੋਨਾਥਾਨ
“ਯਹੋਵਾਹ ਨੂੰ ਕੋਈ ਨਹੀਂ ਰੋਕ ਸਕਦਾ”
ਕਲਪਨਾ ਕਰੋ ਕਿ ਬੰਜਰ ਅਤੇ ਪਥਰੀਲੀ ਜ਼ਮੀਨ ਉੱਤੇ ਫ਼ੌਜ ਦੀ ਇਕ ਚੌਂਕੀ ਹੈ। ਉੱਥੇ ਖੜ੍ਹੇ ਫਲਿਸਤੀ ਯੋਧਿਆਂ ਨੂੰ ਕੁਝ ਦਿਲਚਸਪ ਦਿਖਾਈ ਦਿੰਦਾ ਹੈ: ਦੋ ਇਜ਼ਰਾਈਲੀ ਆਦਮੀ ਪਹਾੜ ਦੀ ਖੱਡ ਦੇ ਦੂਜੇ ਪਾਸੇ ਖੜ੍ਹੇ ਹਨ। ਫ਼ੌਜੀ ਹੱਸਦੇ ਹਨ ਅਤੇ ਉਨ੍ਹਾਂ ਨੂੰ ਕੋਈ ਖ਼ਤਰਾ ਨਜ਼ਰ ਨਹੀਂ ਆਉਂਦਾ। ਫਲਿਸਤੀਆਂ ਨੇ ਕਾਫ਼ੀ ਲੰਬੇ ਸਮੇਂ ਤੋਂ ਇਜ਼ਰਾਈਲੀਆਂ ʼਤੇ ਰਾਜ ਕੀਤਾ। ਇਜ਼ਰਾਈਲੀਆਂ ਨੂੰ ਆਪਣੇ ਸੰਦ ਵੀ ਫਲਿਸਤੀਆਂ ਤੋਂ ਤਿੱਖੇ ਕਰਾਉਣੇ ਪੈਂਦੇ ਸਨ। ਇਸ ਲਈ ਇਜ਼ਰਾਈਲੀ ਫ਼ੌਜੀਆਂ ਕੋਲ ਹਥਿਆਰ ਵੀ ਥੋੜ੍ਹੇ ਹੀ ਸੀ। ਇਸ ਤੋਂ ਇਲਾਵਾ, ਉਹ ਸਿਰਫ਼ ਦੋ ਹੀ ਆਦਮੀ ਸਨ। ਚਾਹੇ ਉਨ੍ਹਾਂ ਕੋਲ ਬਹੁਤ ਸਾਰੇ ਹਥਿਆਰ ਵੀ ਹੁੰਦੇ, ਤਾਂ ਵੀ ਉਹ ਫਲਿਸਤੀਆਂ ਦਾ ਕਿੰਨਾ ਕੁ ਨੁਕਸਾਨ ਕਰ ਸਕਦੇ ਸਨ? ਫਲਿਸਤੀ ਤਾਅਨਾ ਮਾਰਦੇ ਹੋਏ ਕਹਿੰਦੇ ਹਨ: “ਸਾਡੇ ਕੋਲ ਚੜ੍ਹ ਆਓ ਤਾਂ ਅਸੀਂ ਤੁਹਾਨੂੰ ਇੱਕ ਗੱਲ ਦੱਸਾਂਗੇ।”—1 ਸਮੂਏਲ 13:19-23; 14:11, 12.
ਦਰਅਸਲ, ਇਕ ਸਬਕ ਸਿਖਾਇਆ ਜਾਣਾ ਸੀ। ਪਰ ਸਬਕ ਫਲਿਸਤੀਆਂ ਨੇ ਨਹੀਂ ਸਿਖਾਉਣਾ ਸੀ। ਇਹ ਦੋ ਇਜ਼ਰਾਈਲੀ ਦੌੜ ਕੇ ਖੱਡ ਨੂੰ ਪਾਰ ਕਰ ਕੇ ਪਹਾੜ ʼਤੇ ਚੜ੍ਹਨ ਲੱਗੇ। ਪਹਾੜ ਦੀ ਢਲਾਨ ਬਹੁਤ ਸਿੱਧੀ ਸੀ ਜਿਸ ਕਰਕੇ ਉਨ੍ਹਾਂ ਨੂੰ ਆਪਣੇ ਹੱਥਾਂ-ਪੈਰਾਂ ਦੇ ਸਹਾਰੇ ਚੜ੍ਹਨਾ ਪੈਣਾ ਸੀ। ਪਰ ਉਹ ਉੱਚੀਆਂ-ਨੀਵੀਆਂ ਚਟਾਨਾਂ ʼਤੇ ਚੜ੍ਹਦੇ ਹੋਏ ਸਿੱਧੇ ਚੌਂਕੀ ਵੱਲ ਵਧਦੇ ਗਏ। (1 ਸਮੂਏਲ 14:13) ਫਲਿਸਤੀ ਹੁਣ ਦੇਖ ਸਕਦੇ ਸਨ ਕਿ ਜਿਹੜਾ ਆਦਮੀ ਉਨ੍ਹਾਂ ਵੱਲ ਵਧ ਰਿਹਾ ਸੀ ਉਸ ਦੇ ਕੋਲ ਹਥਿਆਰ ਸਨ ਅਤੇ ਉਸ ਦੇ ਹਥਿਆਰ ਚੁੱਕਣ ਵਾਲਾ ਉਸ ਦੇ ਪਿੱਛੇ-ਪਿੱਛੇ ਆ ਰਿਹਾ ਸੀ। ਪਰ ਕੀ ਉਹ ਇਕੱਲਾ ਆਦਮੀ ਗਿਲਗਾਲ ਦੀ ਫ਼ੌਜ ʼਤੇ ਹਮਲਾ ਕਰਨ ਦੀ ਅਗਵਾਈ ਕਰ ਰਿਹਾ ਸੀ? ਕੀ ਉਹ ਪਾਗਲ ਸੀ?
ਉਹ ਪਾਗਲ ਨਹੀਂ ਸੀ, ਸਗੋਂ ਉਹ ਪਰਮੇਸ਼ੁਰ ʼਤੇ ਪੱਕੀ ਨਿਹਚਾ ਰੱਖਣ ਵਾਲਾ ਆਦਮੀ ਸੀ। ਉਸ ਦਾ ਨਾਂ ਯੋਨਾਥਾਨ ਸੀ। ਉਸ ਦੀ ਕਹਾਣੀ ਅੱਜ ਦੇ ਮਸੀਹੀਆਂ ਲਈ ਜੀਉਂਦੀ-ਜਾਗਦੀ ਮਿਸਾਲ ਹੈ। ਚਾਹੇ ਅਸੀਂ ਅੱਜ ਕੋਈ ਸੱਚ-ਮੁੱਚ ਦਾ ਯੁੱਧ ਨਹੀਂ ਲੜਦੇ, ਪਰ ਅਸੀਂ ਯੋਨਾਥਾਨ ਦੀ ਮਿਸਾਲ ਤੋਂ ਦਲੇਰੀ, ਵਫ਼ਾਦਾਰੀ ਅਤੇ ਨਿਰਸੁਆਰਥ ਬਣਨਾ ਸਿੱਖ ਸਕਦੇ ਹਾਂ। ਇਹ ਗੁਣ ਸੱਚੀ ਨਿਹਚਾ ਪੈਦਾ ਕਰਨ ਲਈ ਜ਼ਰੂਰੀ ਹਨ।—ਯਸਾਯਾਹ 2:4; ਮੱਤੀ 26:51, 52.
ਵਫ਼ਾਦਾਰ ਪੁੱਤਰ ਅਤੇ ਬਹਾਦਰ ਯੋਧਾ
ਯੋਨਾਥਾਨ ਨੇ ਉਸ ਚੌਂਕੀ ਦੇ ਵਿਰੁੱਧ ਚੜ੍ਹਾਈ ਕਿਉਂ ਕੀਤੀ? ਇਸ ਸਵਾਲ ਦਾ ਜਵਾਬ ਲੈਣ ਲਈ ਸਾਨੂੰ ਸ਼ੁਰੂਆਤ ਤੋਂ ਜਾਣਨ ਦੀ ਲੋੜ ਹੈ। ਯੋਨਾਥਾਨ ਸ਼ਾਊਲ ਦਾ ਸਭ ਤੋਂ ਵੱਡਾ ਮੁੰਡਾ ਸੀ ਜੋ ਇਜ਼ਰਾਈਲ ਦਾ ਪਹਿਲਾ ਰਾਜਾ ਸੀ। ਜਦੋਂ ਸ਼ਾਊਲ ਨੂੰ ਰਾਜਾ ਚੁਣਿਆ ਗਿਆ, ਤਾਂ ਯੋਨਾਥਾਨ ਦੀ ਉਮਰ 20 ਸਾਲ ਦੀ ਜਾਂ ਇਸ ਤੋਂ ਜ਼ਿਆਦਾ ਸੀ। ਲੱਗਦਾ ਹੈ ਕਿ ਯੋਨਾਥਾਨ ਆਪਣੇ ਪਿਤਾ ਦੇ ਬਹੁਤ ਨੇੜੇ ਸੀ ਜੋ ਉਸ ਨਾਲ ਆਪਣੀ ਸਾਰੀ ਗੱਲ ਕਰਦਾ ਸੀ। ਉਨ੍ਹਾਂ ਦਿਨਾਂ ਵਿਚ ਯੋਨਾਥਾਨ ਆਪਣੇ ਪਿਤਾ ਬਾਰੇ ਸਿਰਫ਼ ਇਹੀ ਨਹੀਂ ਜਾਣਦਾ ਸੀ ਕਿ ਉਹ ਲੰਬਾ, ਸੋਹਣਾ-ਸੁਨੱਖਾ ਆਦਮੀ ਅਤੇ ਦਲੇਰ ਯੋਧਾ ਸੀ, ਸਗੋਂ ਉਹ ਇਹ ਵੀ ਜਾਣਦਾ ਸੀ ਕਿ ਉਹ ਨਿਹਚਾ ਕਰਨ ਵਾਲਾ ਅਤੇ ਨਿਮਰ ਇਨਸਾਨ ਸੀ। ਯੋਨਾਥਾਨ ਦੇਖ ਸਕਦਾ ਸੀ ਕਿ ਯਹੋਵਾਹ ਨੇ ਸ਼ਾਊਲ ਨੂੰ ਰਾਜੇ ਵਜੋਂ ਕਿਉਂ ਚੁਣਿਆ ਸੀ। ਇੱਥੋਂ ਤਕ ਕਿ ਨਬੀ ਸਮੂਏਲ ਨੇ ਵੀ ਕਿਹਾ ਕਿ ਸ਼ਾਊਲ ਵਰਗਾ ਕੋਈ ਨਹੀਂ ਸੀ।—1 ਸਮੂਏਲ 9:1, 2, 21; 10:20-24; 20:2.
ਯੋਨਾਥਾਨ ਮਾਣ ਮਹਿਸੂਸ ਕਰਦਾ ਹੋਣਾ ਜਦੋਂ ਉਹ ਆਪਣੇ ਪਿਤਾ ਦੀ ਅਗਵਾਈ ਵਿਚ ਯਹੋਵਾਹ ਦੇ ਲੋਕਾਂ ਦੀਆਂ ਦੁਸ਼ਮਣ ਫ਼ੌਜਾਂ ਦਾ ਮੁਕਾਬਲਾ ਕਰਦਾ ਸੀ। ਇਹ ਯੁੱਧ ਅੱਜ ਵਾਂਗ ਦੇਸ਼ ਲਈ ਨਹੀਂ ਲੜੇ ਜਾਂਦੇ ਸਨ। ਉਸ ਸਮੇਂ ਯਹੋਵਾਹ ਨੇ ਇਜ਼ਰਾਈਲ ਨੂੰ ਆਪਣੀ ਕੌਮ ਵਜੋਂ ਚੁਣਿਆ ਸੀ ਅਤੇ ਉਸ ʼਤੇ ਲਗਾਤਾਰ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਵਾਲੀਆਂ ਕੌਮਾਂ ਹਮਲਾ ਕਰਦੀਆਂ ਸਨ। ਝੂਠੇ ਦੇਵਤੇ ਦਾਗੋਨ ਦੀ ਭਗਤੀ ਕਰਨ ਵਾਲੇ ਫਲਿਸਤੀ ਅਕਸਰ ਯਹੋਵਾਹ ਦੇ ਚੁਣੇ ਲੋਕਾਂ ਨੂੰ ਦਬਾਉਣ, ਇੱਥੋਂ ਤਕ ਕਿ ਉਨ੍ਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਸਨ।
ਉਸ ਸਮੇਂ ਯੋਨਾਥਾਨ ਵਰਗੀ ਸੋਚ ਰੱਖਣ ਵਾਲੇ ਆਦਮੀਆਂ ਲਈ ਯੁੱਧ ਵਿਚ ਲੜਨਾ ਯਹੋਵਾਹ ਪਰਮੇਸ਼ੁਰ ਦੀ ਸੱਚੀ ਭਗਤੀ ਕਰਨ ਦੇ ਬਰਾਬਰ ਸੀ। ਯਹੋਵਾਹ ਨੇ ਯੋਨਾਥਾਨ ਦੇ ਜਤਨਾਂ ʼਤੇ ਬਰਕਤ ਪਾਈ। ਰਾਜਾ ਬਣਨ ਤੋਂ ਜਲਦੀ ਬਾਅਦ ਸ਼ਾਊਲ ਨੇ ਆਪਣੇ ਪੁੱਤਰ ਨੂੰ ਹਜ਼ਾਰ ਯੋਧਿਆਂ ਦਾ ਮੁਖੀ ਬਣਾਇਆ ਅਤੇ ਯੋਨਾਥਾਨ ਨੇ ਉਨ੍ਹਾਂ ਦੀ ਗਿਬਆਹ ਵਿਚ ਫਲਿਸਤੀਆਂ ʼਤੇ ਹਮਲਾ ਕਰਨ ਵਿਚ ਅਗਵਾਈ ਕੀਤੀ। ਚਾਹੇ ਉਨ੍ਹਾਂ ਕੋਲ ਬਹੁਤ ਘੱਟ ਹਥਿਆਰ ਸਨ, ਪਰ ਉਸ ਦਿਨ ਉਨ੍ਹਾਂ ਨੇ ਯਹੋਵਾਹ ਦੀ ਮਦਦ ਨਾਲ ਜਿੱਤ ਹਾਸਲ ਕੀਤੀ। ਪਰ ਫਲਿਸਤੀਆਂ ਨੇ ਇਕ ਵੱਡੀ ਫ਼ੌਜ ਇਕੱਠੀ ਕੀਤੀ। ਸ਼ਾਊਲ ਦੇ ਬਹੁਤ ਸਾਰੇ ਫ਼ੌਜੀ ਡਰ ਗਏ। ਕੁਝ ਜਣੇ ਭੱਜ ਗਏ ਅਤੇ ਲੁਕ ਗਏ ਅਤੇ ਕੁਝ ਕੁ ਜਣੇ ਤਾਂ ਫਲਿਸਤੀਆਂ ਵੱਲ ਹੋ ਗਏ। ਪਰ ਯੋਨਾਥਾਨ ਨੇ ਹੌਸਲਾ ਨਹੀਂ ਹਾਰਿਆ।—1 ਸਮੂਏਲ 13:2-7; 14:21.
ਜਿਵੇਂ ਸ਼ੁਰੂ ਵਿਚ ਦੱਸਿਆ ਗਿਆ ਸੀ ਕਿ ਇਕ ਦਿਨ ਯੋਨਾਥਾਨ ਚੁੱਪ-ਚਾਪ ਆਪਣੇ ਹਥਿਆਰ ਚੁੱਕਣ ਵਾਲੇ ਨੂੰ ਲੈ ਕੇ ਨਿਕਲ ਗਿਆ। ਜਦੋਂ ਉਹ ਮਿਕਮਾਸ਼ ਵਿਚ ਫਲਿਸਤੀਆਂ ਦੀ ਚੌਂਕੀ ਵੱਲ ਜਾ ਰਹੇ ਸਨ, ਤਾਂ ਯੋਨਾਥਾਨ ਨੇ ਆਪਣੇ ਹਥਿਆਰ ਚੁੱਕਣ ਵਾਲੇ ਨੂੰ ਆਪਣੀ ਯੋਜਨਾ ਬਾਰੇ ਦੱਸਿਆ। ਉਹ ਸਿਰਫ਼ ਫਲਿਸਤੀ ਫ਼ੌਜੀਆਂ ਸਾਮ੍ਹਣੇ ਆਉਣਗੇ। ਜੇ ਫਲਿਸਤੀ ਉਨ੍ਹਾਂ ਨੂੰ ਉੱਪਰ ਆ ਕੇ ਲੜਨ ਦੀ ਚੁਣੌਤੀ ਦੇਣਗੇ, ਤਾਂ ਇਹ ਯਹੋਵਾਹ ਵੱਲੋਂ ਆਪਣੇ ਸੇਵਕਾਂ ਲਈ ਇਕ ਨਿਸ਼ਾਨੀ ਹੋਣੀ ਸੀ ਕਿ ਯਹੋਵਾਹ ਲੜਾਈ ਵਿਚ ਉਨ੍ਹਾਂ ਦੀ ਮਦਦ ਕਰੇਗਾ। ਹਥਿਆਰ ਚੁੱਕਣ ਵਾਲੇ ਨੇ ਸ਼ਾਇਦ ਯੋਨਾਥਾਨ ਦੇ ਇਨ੍ਹਾਂ ਜ਼ਬਰਦਸਤ ਸ਼ਬਦਾਂ ਕਰਕੇ ਉਸ ਦੀ ਗੱਲ ਝੱਟ ਮੰਨ ਲਈ: “ਯਹੋਵਾਹ ਅੱਗੇ ਕੁਝ ਔਖ ਨਹੀਂ ਜੋ ਬਹੁਤਿਆਂ ਨਾਲ ਛੁਟਕਾਰਾ ਕਰੇ ਯਾ ਥੋੜਿਆਂ ਨਾਲ।” (1 ਸਮੂਏਲ 14:6-10) ਇਸ ਦਾ ਕੀ ਮਤਲਬ ਸੀ?
ਯੋਨਾਥਾਨ ਆਪਣੇ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਬਿਨਾਂ ਸ਼ੱਕ, ਉਹ ਜਾਣਦਾ ਸੀ ਕਿ ਪੁਰਾਣੇ ਸਮੇਂ ਵਿਚ ਯਹੋਵਾਹ ਨੇ ਦੁਸ਼ਮਣਾਂ ʼਤੇ ਜਿੱਤ ਹਾਸਲ ਕਰਨ ਵਿਚ ਆਪਣੇ ਲੋਕਾਂ ਦੀ ਮਦਦ ਕੀਤੀ ਸੀ ਚਾਹੇ ਦੁਸ਼ਮਣ ਫ਼ੌਜ ਗਿਣਤੀ ਵਿਚ ਬਹੁਤ ਜ਼ਿਆਦਾ ਸੀ। ਕਈ ਵਾਰ ਤਾਂ ਉਸ ਨੇ ਇੱਕੋ ਇਨਸਾਨ ਰਾਹੀਂ ਜਿੱਤ ਦੁਆਈ। (ਨਿਆਈਆਂ 3:31; 4:1-23; 16:23-30) ਇਸ ਲਈ ਯੋਨਾਥਾਨ ਜਾਣਦਾ ਸੀ ਕਿ ਪਰਮੇਸ਼ੁਰ ਦੇ ਸੇਵਕਾਂ ਦੀ ਗਿਣਤੀ, ਤਾਕਤ ਅਤੇ ਹਥਿਆਰ ਮਾਅਨੇ ਨਹੀਂ ਰੱਖਦੇ, ਸਗੋਂ ਉਨ੍ਹਾਂ ਦੀ ਨਿਹਚਾ ਮਾਅਨੇ ਰੱਖਦੀ ਸੀ। ਨਿਹਚਾ ਕਰਕੇ ਯੋਨਾਥਾਨ ਨੇ ਯਹੋਵਾਹ ਨੂੰ ਫ਼ੈਸਲਾ ਕਰਨ ਦਿੱਤਾ ਕਿ ਉਹ ਅਤੇ ਉਸ ਦਾ ਹਥਿਆਰ ਚੁੱਕਣ ਵਾਲਾ ਦੁਸ਼ਮਣਾਂ ਦੀ ਚੌਂਕੀ ʼਤੇ ਹਮਲਾ ਕਰਨ ਜਾਂ ਨਾ। ਉਸ ਨੇ ਯਹੋਵਾਹ ਦੀ ਮਨਜ਼ੂਰੀ ਜਾਣਨ ਲਈ ਨਿਸ਼ਾਨੀ ਮੰਗੀ। ਨਿਸ਼ਾਨੀ ਮਿਲਣ ʼਤੇ ਯੋਨਾਥਾਨ ਨਿਡਰ ਹੋ ਕੇ ਅੱਗੇ ਵਧਿਆ।
ਯੋਨਾਥਾਨ ਦੀ ਨਿਹਚਾ ਦੇ ਦੋ ਪਹਿਲੂਆਂ ʼਤੇ ਗੌਰ ਕਰੋ। ਪਹਿਲਾ, ਉਹ ਆਪਣੇ ਪਰਮੇਸ਼ੁਰ ਯਹੋਵਾਹ ਲਈ ਗਹਿਰੀ ਸ਼ਰਧਾ ਰੱਖਦਾ ਸੀ। ਉਹ ਜਾਣਦਾ ਸੀ ਕਿ ਸਰਬਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਨੂੰ ਆਪਣੇ ਮਕਸਦ ਪੂਰੇ ਕਰਨ ਲਈ ਇਨਸਾਨਾਂ ਦੀ ਤਾਕਤ ਦੀ ਲੋੜ ਨਹੀਂ, ਪਰ ਉਸ ਨੂੰ ਆਪਣੇ ਵਫ਼ਾਦਾਰ ਸੇਵਕਾਂ ਨੂੰ ਬਰਕਤਾਂ ਦੇ ਕੇ ਖ਼ੁਸ਼ੀ ਹੁੰਦੀ ਹੈ। (2 ਇਤਿਹਾਸ 16:9) ਦੂਜਾ, ਯੋਨਾਥਾਨ ਨੇ ਕਦਮ ਚੁੱਕਣ ਤੋਂ ਪਹਿਲਾਂ ਯਹੋਵਾਹ ਦੀ ਮਨਜ਼ੂਰੀ ਲਈ ਨਿਸ਼ਾਨੀ ਮੰਗੀ। ਅੱਜ ਅਸੀਂ ਪਰਮੇਸ਼ੁਰ ਵੱਲੋਂ ਚਮਤਕਾਰੀ ਨਿਸ਼ਾਨੀਆਂ ਨਹੀਂ ਮੰਗਦੇ ਕਿ ਉਸ ਨੂੰ ਸਾਡਾ ਕੰਮ ਮਨਜ਼ੂਰ ਹੈ ਜਾਂ ਨਹੀਂ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਲਿਖੇ ਉਸ ਦੇ ਬਚਨ ਦੀ ਮਦਦ ਨਾਲ ਸਾਨੂੰ ਹਰ ਕੰਮ ਵਿਚ ਉਸ ਦੀ ਇੱਛਾ ਜਾਣਨ ਦੀ ਲੋੜ ਹੈ। (2 ਤਿਮੋਥਿਉਸ 3:16, 17) ਕੀ ਅਸੀਂ ਫ਼ੈਸਲਾ ਲੈਣ ਤੋਂ ਪਹਿਲਾਂ ਬਾਈਬਲ ਵਿੱਚੋਂ ਸਲਾਹ ਲੈਂਦੇ ਹਾਂ? ਜੇ ਹਾਂ, ਤਾਂ ਅਸੀਂ ਯੋਨਾਥਾਨ ਵਾਂਗ ਦਿਖਾਉਂਦੇ ਹਾਂ ਕਿ ਸਾਨੂੰ ਆਪਣੀ ਮਰਜ਼ੀ ਨਾਲੋਂ ਜ਼ਿਆਦਾ ਪਰਮੇਸ਼ੁਰ ਦੀ ਮਰਜ਼ੀ ਦੀ ਪਰਵਾਹ ਹੈ।
ਇਸ ਲਈ ਇਹ ਦੋ ਆਦਮੀ, ਯੋਧਾ ਅਤੇ ਉਸ ਦੇ ਹਥਿਆਰ ਚੁੱਕਣ ਵਾਲਾ, ਸਿੱਧੀ ਢਲਾਨ ਵਾਲੀ ਚਟਾਨ ਉੱਤੇ ਬਣੀ ਚੌਂਕੀ ਵੱਲ ਛੇਤੀ ਨਾਲ ਚੜ੍ਹ ਗਏ। ਅਖ਼ੀਰ ਫਲਿਸਤੀਆਂ ਨੂੰ ਅਹਿਸਾਸ ਹੋ ਗਿਆ ਕਿ ਉਨ੍ਹਾਂ ʼਤੇ ਹਮਲਾ ਹੋ ਗਿਆ ਸੀ। ਇਸ ਕਰਕੇ ਉਨ੍ਹਾਂ ਨੇ ਇਨ੍ਹਾਂ ਦੋ ਯੋਧਿਆਂ ਖ਼ਿਲਾਫ਼ ਆਦਮੀ ਲੜਨ ਲਈ ਭੇਜੇ। ਫਲਿਸਤੀ ਗਿਣਤੀ ਵਿਚ ਹੀ ਜ਼ਿਆਦਾ ਨਹੀਂ ਸਨ, ਸਗੋਂ ਉਹ ਉੱਚੀ ਥਾਂ ʼਤੇ ਵੀ ਖੜ੍ਹੇ ਸਨ ਜਿਸ ਕਰਕੇ ਉਹ ਸੌਖਿਆਂ ਹੀ ਆਪਣੇ ਦੁਸ਼ਮਣਾਂ ਨੂੰ ਮਾਰ ਸਕਦੇ ਸਨ। ਪਰ ਯੋਨਾਥਾਨ ਇਕ ਤੋਂ ਬਾਅਦ ਇਕ ਫ਼ੌਜੀ ਨੂੰ ਮਾਰਦਾ ਗਿਆ। ਉਸ ਦੇ ਪਿੱਛੇ-ਪਿੱਛੇ ਹਥਿਆਰ ਚੁੱਕਣ ਵਾਲਾ ਬਚੇ ਹੋਇਆਂ ਨੂੰ ਮੌਤ ਦੇ ਘਾਟ ਉਤਾਰਦਾ ਗਿਆ। ਉਨ੍ਹਾਂ ਦੋਵਾਂ ਆਦਮੀਆਂ ਨੇ ਥੋੜ੍ਹੇ ਜਿਹੇ ਫ਼ਾਸਲੇ ਵਿਚ ਹੀ 20 ਦੁਸ਼ਮਣ ਫ਼ੌਜੀਆਂ ਨੂੰ ਮਾਰ ਮੁਕਾਇਆ। ਯਹੋਵਾਹ ਨੇ ਕੁਝ ਹੋਰ ਵੀ ਕੀਤਾ। ਅਸੀਂ ਪੜ੍ਹਦੇ ਹਾਂ: “ਤਦ ਡੇਰੇ ਅਤੇ ਰੜੇ ਅਤੇ ਸਾਰਿਆਂ ਲੋਕਾਂ ਵਿੱਚ ਕੰਬਣੀ ਛਿੜ ਪਈ ਅਤੇ ਉਹ ਚੌਂਕੀ ਅਤੇ ਲੁਟੇਰੇ ਵੀ ਕੰਬੇ ਅਤੇ ਧਰਤੀ ਵਿੱਚ ਭੁੰਚਾਲ ਆਇਆ ਅਤੇ ਇਹ ਜਾਣੋ ਪਰਮੇਸ਼ੁਰ ਵੱਲੋਂ ਕੰਬਣੀ ਸੀ।”—1 ਸਮੂਏਲ 14:15.
ਯੋਨਾਥਾਨ ਨੇ ਸਿਰਫ਼ ਇਕ ਆਦਮੀ ਦੀ ਮਦਦ ਨਾਲ ਹਥਿਆਰਬੰਦ ਦੁਸ਼ਮਣਾਂ ਦੀ ਚੌਂਕੀ ʼਤੇ ਹਮਲਾ ਕੀਤਾ
ਕੁਝ ਦੂਰੀ ਤੋਂ ਸ਼ਾਊਲ ਤੇ ਉਸ ਦੇ ਆਦਮੀਆਂ ਨੇ ਦੇਖਿਆ ਕਿ ਫਲਿਸਤੀਆਂ ਵਿਚ ਦੌੜ-ਭੱਜ ਅਤੇ ਚੀਕ-ਚਿਹਾੜਾ ਮਚਿਆ ਹੋਇਆ ਸੀ ਜਿਨ੍ਹਾਂ ਨੇ ਆਪਸ ਵਿਚ ਹੀ ਲੜਨਾ ਸ਼ੁਰੂ ਕਰ ਦਿੱਤਾ। (1 ਸਮੂਏਲ 14:16, 20) ਇਜ਼ਰਾਈਲੀਆਂ ਨੂੰ ਹੌਸਲਾ ਮਿਲਿਆ ਅਤੇ ਉਨ੍ਹਾਂ ਨੇ ਹਮਲਾ ਕੀਤਾ। ਸ਼ਾਇਦ ਉਨ੍ਹਾਂ ਨੇ ਲੜਾਈ ਵਿਚ ਮਾਰੇ ਗਏ ਫਲਿਸਤੀਆਂ ਦੇ ਹਥਿਆਰ ਚੁੱਕ ਲਏ। ਉਸ ਦਿਨ ਯਹੋਵਾਹ ਨੇ ਆਪਣੇ ਲੋਕਾਂ ਨੂੰ ਵੱਡੀ ਜਿੱਤ ਦੁਆਈ। ਪਰਮੇਸ਼ੁਰ ਉਸ ਸਮੇਂ ਤੋਂ ਲੈ ਕੇ ਹੁਣ ਤਕ ਬਦਲਿਆ ਨਹੀਂ ਹੈ। ਜੇ ਅੱਜ ਅਸੀਂ ਉਸ ʼਤੇ ਨਿਹਚਾ ਰੱਖਦੇ ਹਾਂ, ਤਾਂ ਸਾਨੂੰ ਯੋਨਾਥਾਨ ਅਤੇ ਉਸ ਦੇ ਹਥਿਆਰ ਚੁੱਕਣ ਵਾਲੇ ਵਾਂਗ ਆਪਣੇ ਫ਼ੈਸਲਿਆਂ ʼਤੇ ਕਦੀ ਪਛਤਾਵਾ ਨਹੀਂ ਹੋਵੇਗਾ।—ਮਲਾਕੀ 3:6; ਰੋਮੀਆਂ 10:11.
“ਉਹ ਨੇ ਅੱਜ ਪਰਮੇਸ਼ੁਰ ਦੇ ਨਾਲ ਕੰਮ ਕੀਤਾ”
ਯਹੋਵਾਹ ਦੀ ਬਰਕਤ ਕਰਕੇ ਯੋਨਾਥਾਨ ਜਿੱਤਿਆ ਸੀ। ਪਰ ਸ਼ਾਊਲ ਨਾਲ ਕੁਝ ਅਲੱਗ ਹੋਇਆ। ਸ਼ਾਊਲ ਨੇ ਬਹੁਤ ਗੰਭੀਰ ਗ਼ਲਤੀਆਂ ਕੀਤੀਆਂ। ਉਸ ਨੇ ਉਹ ਬਲੀਦਾਨ ਚੜ੍ਹਾਇਆ ਜੋ ਲੇਵੀ ਦੇ ਗੋਤ ਵਿੱਚੋਂ ਇਕ ਨਬੀ ਚੜ੍ਹਾਉਂਦਾ ਸੀ। ਇੱਦਾਂ ਕਰ ਕੇ ਉਸ ਨੇ ਯਹੋਵਾਹ ਦੇ ਚੁਣੇ ਨਬੀ ਸਮੂਏਲ ਦਾ ਕਹਿਣਾ ਨਹੀਂ ਮੰਨਿਆ। ਜਦੋਂ ਸਮੂਏਲ ਉੱਥੇ ਪਹੁੰਚਿਆ, ਤਾਂ ਉਸ ਨੇ ਸ਼ਾਊਲ ਨੂੰ ਕਿਹਾ ਕਿ ਉਸ ਦੀ ਅਣਆਗਿਆਕਾਰੀ ਕਰਕੇ ਉਸ ਦਾ ਰਾਜ ਖ਼ਤਮ ਹੋ ਜਾਵੇਗਾ। ਫਿਰ ਆਪਣੇ ਆਦਮੀਆਂ ਨੂੰ ਲੜਾਈ ʼਤੇ ਭੇਜਣ ਤੋਂ ਪਹਿਲਾਂ ਸ਼ਾਊਲ ਨੇ ਉਨ੍ਹਾਂ ਨੂੰ ਬਿਨਾਂ ਕਿਸੇ ਮਤਲਬ ਦੇ ਇਹ ਸਹੁੰ ਚੁਕਾਈ: “ਜਿਹੜਾ ਅੱਜ ਤਕਾਲਾਂ ਤੋੜੀ ਭੋਜਨ ਚੱਖੇ ਉਹ ਦੇ ਉੱਤੇ ਸਰਾਪ ਹੋਊ ਏਸ ਕਰਕੇ ਜੋ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂ।”—1 ਸਮੂਏਲ 13:10-14; 14:24.
ਸ਼ਾਊਲ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਚੰਗਾ ਰਵੱਈਆ ਬਦਲ ਗਿਆ ਸੀ। ਕੀ ਨਿਮਰ ਅਤੇ ਪਰਮੇਸ਼ੁਰ ਨੂੰ ਮੰਨਣ ਵਾਲਾ ਇਨਸਾਨ ਘਮੰਡੀ ਤੇ ਸੁਆਰਥੀ ਬਣ ਰਿਹਾ ਸੀ? ਯਹੋਵਾਹ ਨੇ ਕਦੇ ਵੀ ਨਹੀਂ ਕਿਹਾ ਸੀ ਕਿ ਬਹਾਦਰ ਅਤੇ ਮਿਹਨਤੀ ਫ਼ੌਜੀਆਂ ʼਤੇ ਅਜਿਹੀ ਕੋਈ ਪਾਬੰਦੀ ਲਾਈ ਜਾਵੇ। ਸ਼ਾਊਲ ਦੇ ਕਹੇ ਇਨ੍ਹਾਂ ਸ਼ਬਦਾਂ ਬਾਰੇ ਕੀ, ਜਦ ਤਕ ‘ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂ?’ ਕੀ ਇਨ੍ਹਾਂ ਸ਼ਬਦਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਸ਼ਾਊਲ ਸੋਚਦਾ ਸੀ ਕਿ ਇਹ ਲੜਾਈ ਉਸ ਦੀ ਸੀ? ਕੀ ਸ਼ਾਊਲ ਭੁੱਲ ਰਿਹਾ ਸੀ ਕਿ ਯਹੋਵਾਹ ਦਾ ਨਿਆਂ ਮਾਅਨੇ ਰੱਖਦਾ ਸੀ, ਨਾ ਕਿ ਸ਼ਾਊਲ ਦਾ ਬਦਲਾ, ਸ਼ੌਹਰਤ ਜਾਂ ਜਿੱਤ?
ਯੋਨਾਥਾਨ ਨੂੰ ਆਪਣੇ ਪਿਤਾ ਦੀ ਇਸ ਬੇਤੁਕੀ ਸਹੁੰ ਬਾਰੇ ਨਹੀਂ ਪਤਾ ਸੀ। ਘਮਸਾਣ ਯੁੱਧ ਲੜਨ ਤੋਂ ਬਾਅਦ ਉਹ ਬਹੁਤ ਥੱਕ ਗਿਆ ਸੀ। ਇਸ ਲਈ ਯੋਨਾਥਾਨ ਨੇ ਆਪਣੇ ਡੰਡੇ ਨੂੰ ਸ਼ਹਿਦ ਦੇ ਛੱਤੇ ਵਿਚ ਖੋਭਿਆ ਅਤੇ ਸ਼ਹਿਦ ਖਾਧਾ ਜਿਸ ਕਰਕੇ ਉਸ ਵਿਚ ਫਿਰ ਤਾਕਤ ਆ ਗਈ। ਫਿਰ ਉਸ ਦੇ ਇਕ ਆਦਮੀ ਨੇ ਉਸ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਕਿਸੇ ਨੂੰ ਵੀ ਕੁਝ ਖਾਣ ਤੋਂ ਮਨ੍ਹਾ ਕੀਤਾ ਸੀ। ਯੋਨਾਥਾਨ ਨੇ ਜਵਾਬ ਦਿੱਤਾ: “ਮੇਰੇ ਪਿਉ ਨੇ ਦੇਸ ਨੂੰ ਦੁਖ ਦਿੱਤਾ। ਵੇਖੋ, ਮੈਂ ਰਤਾਕੁ ਸ਼ਹਿਤ ਚੱਖਿਆ ਤਾਂ ਮੇਰੀਆਂ ਅੱਖੀਆਂ ਉੱਘੜ ਆਈਆਂ ਹਨ। ਜੇ ਕਦੀ ਸਾਰੇ ਲੋਕ ਵੈਰੀਆਂ ਦੀ ਲੁੱਟ ਵਿੱਚੋਂ ਜੋ ਓਹਨਾਂ ਨੇ ਪਾਈ ਸੀ ਰੱਜ ਕੇ ਖਾਂਦੇ ਤਾਂ ਕਿਹੋ ਜੇਹਾ ਵਧੀਕ ਚੰਗਾ ਹੁੰਦਾ। ਭਲਾ, ਅਜਿਹਾ ਨਹੀਂ ਹੁੰਦਾ ਜੋ ਇਸ ਵੇਲੇ ਫਲਿਸਤੀਆਂ ਦੀ ਇਸ ਨਾਲੋਂ ਵੀ ਹੋਰ ਵਧੀਕ ਵਾਢ ਹੁੰਦੀ?” (1 ਸਮੂਏਲ 14:25-30) ਉਹ ਨੇ ਸਹੀ ਕਿਹਾ ਸੀ। ਯੋਨਾਥਾਨ ਆਪਣੇ ਪਿਤਾ ਦਾ ਵਫ਼ਾਦਾਰ ਪੁੱਤਰ ਸੀ, ਪਰ ਉਹ ਅੱਖਾਂ ਬੰਦ ਕਰ ਕੇ ਵਫ਼ਾਦਾਰੀ ਨਹੀਂ ਦਿਖਾਉਂਦਾ ਸੀ। ਉਹ ਬਿਨਾਂ ਸੋਚੇ-ਸਮਝੇ ਆਪਣੀ ਪਿਤਾ ਦੀ ਕਿਸੇ ਵੀ ਗੱਲ ਜਾਂ ਕੰਮ ਨਾਲ ਸਹਿਮਤ ਨਹੀਂ ਸੀ ਹੁੰਦਾ। ਇਸ ਨਜ਼ਰੀਏ ਕਰਕੇ ਉਸ ਨੇ ਦੂਜਿਆਂ ਦੀਆਂ ਨਜ਼ਰਾਂ ਵਿਚ ਇੱਜ਼ਤ ਖੱਟੀ।
ਜਦੋਂ ਸ਼ਾਊਲ ਨੂੰ ਪਤਾ ਲੱਗਾ ਕਿ ਮਨਾਹੀ ਦੇ ਬਾਵਜੂਦ ਯੋਨਾਥਾਨ ਨੇ ਖਾਧਾ, ਤਾਂ ਵੀ ਉਸ ਨੂੰ ਪਤਾ ਨਹੀਂ ਲੱਗਾ ਕਿ ਉਸ ਨੇ ਬੇਕਾਰ ਦਾ ਹੁਕਮ ਦਿੱਤਾ ਸੀ। ਇਸ ਦੀ ਬਜਾਇ, ਉਸ ਨੇ ਸੋਚਿਆ ਕਿ ਉਸ ਦੇ ਪੁੱਤਰ ਨੂੰ ਮਾਰ ਦੇਣਾ ਚਾਹੀਦਾ ਹੈ। ਯੋਨਾਥਾਨ ਨੇ ਬਹਿਸ ਨਹੀਂ ਕੀਤੀ ਜਾਂ ਦਇਆ ਲਈ ਭੀਖ ਨਹੀਂ ਮੰਗੀ। ਉਸ ਦੁਆਰਾ ਦਿੱਤੇ ਵਧੀਆ ਜਵਾਬ ʼਤੇ ਗੌਰ ਕਰੋ। ਉਸ ਨੇ ਆਪਣੀ ਪਰਵਾਹ ਕੀਤੇ ਬਿਨਾਂ ਕਿਹਾ: “ਵੇਖੋ, ਮੈਨੂੰ ਹੁਣ ਮਰਨਾ” ਮਨਜ਼ੂਰ ਹੈ। ਪਰ ਇਜ਼ਰਾਈਲੀ ਬੋਲੇ: “ਭਲਾ, ਯੋਨਾਥਾਨ ਮਰ ਜਾਊ ਜਿਸ ਨੇ ਇਸਰਾਏਲ ਦੇ ਲਈ ਅਜਿਹਾ ਵੱਡਾ ਛੁਟਕਾਰਾ ਕੀਤਾ ਹੈ? ਪਰਮੇਸ਼ੁਰ ਨਾ ਕਰੇ! ਜੀਉਂਦੇ ਪਰਮੇਸ਼ੁਰ ਦੀ ਸੌਂਹ, ਉਹ ਦਾ ਇੱਕ ਵਾਲ ਵੀ ਧਰਤੀ ਉੱਤੇ ਨਾ ਡਿੱਗੇਗਾ ਕਿਉਂ ਜੋ ਉਹ ਨੇ ਅੱਜ ਪਰਮੇਸ਼ੁਰ ਦੇ ਨਾਲ ਕੰਮ ਕੀਤਾ ਹੈ।” ਇਸ ਦਾ ਕੀ ਨਤੀਜਾ ਨਿਕਲਿਆ? ਸ਼ਾਊਲ ਨੇ ਲੋਕਾਂ ਦੀ ਗੱਲ ਮੰਨ ਲਈ। ਬਿਰਤਾਂਤ ਦੱਸਦਾ ਹੈ: “ਸੋ ਲੋਕਾਂ ਨੇ ਯੋਨਾਥਾਨ ਨੂੰ ਬਚਾਇਆ ਜੋ ਉਹ ਮਾਰਿਆ ਨਾ ਗਿਆ।”—1 ਸਮੂਏਲ 14:43-45.
“ਵੇਖੋ, ਮੈਨੂੰ ਹੁਣ ਮਰਨਾ” ਮਨਜ਼ੂਰ ਹੈ।
ਆਪਣੇ ਹੌਸਲੇ, ਸਖ਼ਤ ਮਿਹਨਤ ਅਤੇ ਨਿਰਸੁਆਰਥ ਰਵੱਈਏ ਕਰਕੇ ਯੋਨਾਥਾਨ ਨੇ ਨੇਕਨਾਮੀ ਖੱਟੀ। ਖ਼ਤਰੇ ਵਿਚ ਹੁੰਦਿਆਂ ਉਸ ਦੀ ਨੇਕਨਾਮੀ ਕਰਕੇ ਉਸ ਦਾ ਬਚਾਅ ਹੋਇਆ। ਸਾਨੂੰ ਸੋਚਣਾ ਚਾਹੀਦਾ ਹੈ ਕਿ ਦਿਨ ਪ੍ਰਤੀ ਦਿਨ ਅਸੀਂ ਆਪਣੇ ਲਈ ਕਿਸ ਤਰ੍ਹਾਂ ਦਾ ਨਾਂ ਕਮਾ ਰਹੇ ਹਾਂ। ਬਾਈਬਲ ਦੱਸਦੀ ਹੈ ਕਿ ਨੇਕਨਾਮੀ ਅਨਮੋਲ ਹੈ। (ਉਪਦੇਸ਼ਕ ਦੀ ਪੋਥੀ 7:1) ਜੇ ਅਸੀਂ ਯੋਨਾਥਾਨ ਵਾਂਗ ਯਹੋਵਾਹ ਦੀਆਂ ਨਜ਼ਰਾਂ ਵਿਚ ਚੰਗਾ ਨਾਂ ਕਮਾਵਾਂਗੇ, ਤਾਂ ਸਾਡੀ ਨੇਕਨਾਮੀ ਬੇਸ਼ਕੀਮਤੀ ਖ਼ਜ਼ਾਨੇ ਵਾਂਗ ਹੋਵੇਗੀ।
ਬੁਰਾਈ ਵਧਣ ਲੱਗੀ
ਸ਼ਾਊਲ ਦੀਆਂ ਗ਼ਲਤੀਆਂ ਦੇ ਬਾਵਜੂਦ ਵੀ ਯੋਨਾਥਾਨ ਕਈ ਸਾਲਾਂ ਤਕ ਆਪਣੇ ਪਿਤਾ ਵੱਲੋਂ ਵਫ਼ਾਦਾਰੀ ਨਾਲ ਕਈ ਲੜਾਈਆਂ ਲੜਦਾ ਰਿਹਾ। ਅਸੀਂ ਸਿਰਫ਼ ਕਲਪਨਾ ਹੀ ਕਰ ਸਕਦੇ ਹਾਂ ਕਿ ਆਪਣੇ ਪਿਤਾ ਦੀ ਅਣਆਗਿਆਕਾਰੀ ਅਤੇ ਘਮੰਡੀ ਰਵੱਈਏ ਨੂੰ ਦੇਖ ਕੇ ਉਹ ਕਿੰਨਾ ਨਿਰਾਸ਼ ਹੋਇਆ ਹੋਣਾ। ਉਸ ਦੇ ਪਿਤਾ ਵਿਚ ਬੁਰਾਈ ਵਧ ਰਹੀ ਸੀ ਅਤੇ ਯੋਨਾਥਾਨ ਇਸ ਨੂੰ ਰੋਕਣ ਲਈ ਕੁਝ ਨਹੀਂ ਸੀ ਕਰ ਸਕਦਾ।
ਮੁਸ਼ਕਲ ਉਦੋਂ ਬਹੁਤ ਵਧ ਗਈ ਜਦੋਂ ਯਹੋਵਾਹ ਨੇ ਸ਼ਾਊਲ ਨੂੰ ਅਮਾਲੇਕੀਆਂ ਖ਼ਿਲਾਫ਼ ਯੁੱਧ ਕਰਨ ਲਈ ਕਿਹਾ। ਅਮਾਲੇਕੀ ਮੂਸਾ ਦੇ ਦਿਨਾਂ ਤੋਂ ਹੀ ਬਹੁਤ ਹੀ ਦੁਸ਼ਟ ਸਨ ਜਿਨ੍ਹਾਂ ਦੇ ਨਾਸ਼ ਬਾਰੇ ਯਹੋਵਾਹ ਨੇ ਪਹਿਲਾਂ ਹੀ ਦੱਸ ਦਿੱਤਾ ਸੀ। (ਕੂਚ 17:14) ਸ਼ਾਊਲ ਨੂੰ ਕਿਹਾ ਗਿਆ ਸੀ ਕਿ ਉਹ ਦੁਸ਼ਮਣਾਂ ਦੇ ਸਾਰੇ ਜਾਨਵਰਾਂ ਅਤੇ ਰਾਜਾ ਅਗਾਗ ਨੂੰ ਮਾਰ ਦੇਵੇ। ਸ਼ਾਊਲ ਯੁੱਧ ਜਿੱਤ ਗਿਆ। ਬਿਨਾਂ ਸ਼ੱਕ, ਯੋਨਾਥਾਨ ਇਸ ਵਾਰ ਵੀ ਆਪਣੇ ਪਿਤਾ ਦੀ ਅਗਵਾਈ ਵਿਚ ਦਲੇਰੀ ਨਾਲ ਲੜਿਆ ਹੋਣਾ। ਪਰ ਸ਼ਾਊਲ ਨੇ ਢੀਠ ਹੋ ਕੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਉਸ ਨੇ ਰਾਜਾ ਅਗਾਗ ਦੀ ਜਾਨ ਬਖ਼ਸ਼ ਦਿੱਤੀ ਅਤੇ ਲੁੱਟੀਆਂ ਹੋਈਆਂ ਚੰਗੀਆਂ ਚੀਜ਼ਾਂ ਅਤੇ ਪਸ਼ੂ ਰੱਖ ਲਏ। ਨਬੀ ਸਮੂਏਲ ਨੇ ਰਾਜਾ ਸ਼ਾਊਲ ਨੂੰ ਯਹੋਵਾਹ ਵੱਲੋਂ ਮਿਲਣ ਵਾਲੀ ਸਜ਼ਾ ਬਾਰੇ ਦੱਸਿਆ: “ਸੋ ਜਿਹਾ ਤੈਂ ਯਹੋਵਾਹ ਦੇ ਬਚਨ ਨੂੰ ਰੱਦਿਆ ਹੈ, ਤਿਹਾ ਹੀ ਉਸ ਨੇ ਪਾਤਸ਼ਾਹ ਰਹਿਣ ਤੋਂ ਤੈਨੂੰ ਰੱਦਿਆ ਹੈ।”—1 ਸਮੂਏਲ 15:2, 3, 9, 10, 23.
ਇਸ ਤੋਂ ਜਲਦੀ ਬਾਅਦ ਹੀ ਯਹੋਵਾਹ ਨੇ ਸ਼ਾਊਲ ਤੋਂ ਆਪਣੀ ਪਵਿੱਤਰ ਸ਼ਕਤੀ ਹਟਾ ਲਈ। ਇਸ ਕਰਕੇ ਸ਼ਾਊਲ ਕਦੇ ਬਹੁਤ ਗੁੱਸੇ ਵਿਚ ਆ ਜਾਂਦਾ ਸੀ ਅਤੇ ਕਦੇ-ਕਦੇ ਉਹ ਡਰਨ ਲੱਗ ਪੈਂਦਾ ਸੀ। ਇਹ ਇੱਦਾਂ ਸੀ ਜਿਵੇਂ ਪਰਮੇਸ਼ੁਰ ਨੇ ਉਸ ʼਤੇ ਚੰਗੀ ਸੋਚ ਦੀ ਬਜਾਇ ਬੁਰੀ ਸੋਚ ਹਾਵੀ ਹੋਣ ਦਿੱਤੀ ਸੀ। (1 ਸਮੂਏਲ 16:14; 18:10-12) ਯੋਨਾਥਾਨ ਨੂੰ ਇਹ ਦੇਖ ਕੇ ਕਿੰਨਾ ਦੁੱਖ ਲੱਗਦਾ ਹੋਣਾ ਕਿ ਉਸ ਦਾ ਪਿਤਾ ਹੁਣ ਕਿੰਨਾ ਬਦਲ ਗਿਆ ਸੀ ਜੋ ਇਕ ਸਮੇਂ ʼਤੇ ਇੰਨਾ ਚੰਗਾ ਹੁੰਦਾ ਸੀ। ਪਰ ਯੋਨਾਥਾਨ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ। ਉਸ ਨੇ ਆਪਣੇ ਪਿਤਾ ਦਾ ਪੂਰਾ ਸਾਥ ਦੇਣ ਦੀ ਕੋਸ਼ਿਸ਼ ਕੀਤੀ, ਚਾਹੇ ਕਈ ਵਾਰੀ ਉਸ ਨੂੰ ਆਪਣੇ ਪਿਤਾ ਨਾਲ-ਨਾਲ ਸਾਫ਼-ਸਾਫ਼ ਗੱਲ ਕਿਉਂ ਨਹੀਂ ਕਰਨੀ ਪਈ। ਪਰ ਉਸ ਨੇ ਆਪਣਾ ਧਿਆਨ ਕਦੇ ਨਾ ਬਦਲਣ ਵਾਲੇ ਪਰਮੇਸ਼ੁਰ ਅਤੇ ਪਿਤਾ ਯਹੋਵਾਹ ʼਤੇ ਲਾਈ ਰੱਖਿਆ।—1 ਸਮੂਏਲ 19:4, 5.
ਕੀ ਤੁਸੀਂ ਕਦੇ ਆਪਣੇ ਕਿਸੇ ਪਿਆਰੇ, ਸ਼ਾਇਦ ਪਰਿਵਾਰ ਦੇ ਕਿਸੇ ਮੈਂਬਰ ਨੂੰ, ਬਹੁਤ ਬੁਰਾ ਬਣਦਿਆਂ ਦੇਖਿਆ ਹੈ? ਇਸ ਤਰ੍ਹਾਂ ਹੁੰਦੇ ਦੇਖਣਾ ਬਹੁਤ ਦੁਖਦਾਈ ਹੋ ਸਕਦਾ ਹੈ। ਯੋਨਾਥਾਨ ਦੀ ਮਿਸਾਲ ਸਾਨੂੰ ਬਾਅਦ ਵਿਚ ਲਿਖੇ ਗਏ ਜ਼ਬੂਰ ਦੇ ਲਿਖਾਰੀ ਦੇ ਇਹ ਸ਼ਬਦ ਯਾਦ ਕਰਾਉਂਦੀ ਹੈ: “ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।” (ਜ਼ਬੂਰਾਂ ਦੀ ਪੋਥੀ 27:10) ਯਹੋਵਾਹ ਵਫ਼ਾਦਾਰ ਹੈ। ਉਹ ਤੁਹਾਨੂੰ ਵੀ ਸੰਭਾਲੇਗਾ ਅਤੇ ਤੁਹਾਡਾ ਸਭ ਤੋਂ ਵਧੀਆ ਪਿਤਾ ਬਣੇਗਾ, ਚਾਹੇ ਪਾਪੀ ਇਨਸਾਨਾਂ ਨੇ ਤੁਹਾਨੂੰ ਜਿੰਨਾ ਮਰਜ਼ੀ ਨਿਰਾਸ਼ ਕੀਤਾ ਹੋਵੇ ਜਾਂ ਤੁਹਾਨੂੰ ਧੋਖਾ ਦਿੱਤਾ ਹੋਵੇ।
ਯੋਨਾਥਾਨ ਨੂੰ ਸ਼ਾਇਦ ਪਤਾ ਲੱਗ ਗਿਆ ਸੀ ਕਿ ਯਹੋਵਾਹ ਨੇ ਸ਼ਾਊਲ ਤੋਂ ਰਾਜ ਲੈ ਲੈਣਾ ਸੀ। ਯੋਨਾਥਾਨ ਕਿਵੇਂ ਪੇਸ਼ ਆਇਆ? ਕੀ ਉਸ ਨੇ ਕਦੇ ਸੋਚਿਆ ਸੀ ਕਿ ਉਹ ਕਿਸ ਤਰ੍ਹਾਂ ਦਾ ਰਾਜਾ ਸਾਬਤ ਹੋਵੇਗਾ? ਕੀ ਉਸ ਨੇ ਕਦੇ ਸੋਚਿਆ ਸੀ ਕਿ ਉਹ ਆਪਣੇ ਪਿਤਾ ਵੱਲੋਂ ਕੀਤੀਆਂ ਕੁਝ ਗ਼ਲਤੀਆਂ ਨੂੰ ਸੁਧਾਰੇਗਾ ਅਤੇ ਉਹ ਵਫ਼ਾਦਾਰ ਅਤੇ ਆਗਿਆਕਾਰ ਰਾਜੇ ਵਜੋਂ ਵਧੀਆ ਮਿਸਾਲ ਕਾਇਮ ਕਰੇਗਾ? ਅਸੀਂ ਨਹੀਂ ਜਾਣਦੇ ਕਿ ਉਹ ਕੀ ਸੋਚਦਾ ਸੀ, ਪਰ ਅਸੀਂ ਸਿਰਫ਼ ਇਹ ਜਾਣਦੇ ਹਾਂ ਇਸ ਤਰ੍ਹਾਂ ਦੀਆਂ ਸੋਚਾਂ ਕਦੇ ਪੂਰੀਆਂ ਨਹੀਂ ਹੋਣੀਆਂ ਸਨ। ਕੀ ਇਸ ਦਾ ਇਹ ਮਤਲਬ ਸੀ ਕਿ ਪਰਮੇਸ਼ੁਰ ਨੇ ਉਸ ਵਫ਼ਾਦਾਰ ਆਦਮੀ ਨੂੰ ਛੱਡ ਦਿੱਤਾ ਸੀ? ਇਸ ਤੋਂ ਉਲਟ, ਪਰਮੇਸ਼ੁਰ ਨੇ ਬਾਈਬਲ ਵਿਚ ਯੋਨਾਥਾਨ ਦੀ ਮਿਸਾਲ ਦਰਜ ਕਰਵਾਈ ਜੋ ਵਫ਼ਾਦਾਰ ਦੋਸਤ ਦੀ ਸਭ ਤੋਂ ਵਧੀਆ ਮਿਸਾਲਾਂ ਵਿੱਚੋਂ ਇਕ ਹੈ। ਯੋਨਾਥਾਨ ਦੀ ਦੋਸਤੀ ਦੀ ਮਿਸਾਲ ਬਾਰੇ ਅਸੀਂ ਅਗਲੇ ਲੇਖ ਵਿਚ ਦੇਖਾਂਗੇ।