ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
“ਧਰਤੀ ਦੇ ਕੋਨੇ-ਕੋਨੇ ਵਿਚ” ਮਿਸ਼ਨਰੀ
1 ਜੂਨ 2021
ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਤੁਸੀਂ “ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।” (ਰਸੂ 1:8) ਅੱਜ ਯਹੋਵਾਹ ਦੇ ਗਵਾਹ ਪੂਰੇ ਜੋਸ਼ ਨਾਲ ਇਹ ਕੰਮ ਕਰ ਰਹੇ ਹਨ। ਪਰ ਧਰਤੀ ਦੇ ਕੁਝ ਵੱਡੇ ਤੇ ਸੰਘਣੀ ਆਬਾਦੀ ਵਾਲੇ ਹਿੱਸਿਆਂ ਵਿਚ ਹਾਲੇ ਵੀ ਚੰਗੀ ਤਰ੍ਹਾਂ ਗਵਾਹੀ ਨਹੀਂ ਦਿੱਤੀ ਗਈ ਹੈ। ਨਾਲੇ ਕੁਝ ਦੇਸ਼ਾਂ ਵਿਚ ਹੋਰ ਦੇਸ਼ਾਂ ਦੇ ਮੁਕਾਬਲੇ ਬਹੁਤ ਹੀ ਘੱਟ ਗਵਾਹ ਹਨ। (ਮੱਤੀ 9:37, 38) ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਣ ਲਈ ਕੀ ਕੁਝ ਕਰ ਰਹੇ ਹਾਂ?
ਯਿਸੂ ਦੇ ਇਸ ਹੁਕਮ ਨੂੰ ਮੰਨਣ ਲਈ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੀ ਪ੍ਰਚਾਰ ਸੇਵਾ ਕਮੇਟੀ ਦੁਨੀਆਂ ਭਰ ਵਿਚ ਜਿੱਥੇ ਵੀ ਲੋੜ ਹੈ, ਉੱਥੇ ਮਿਸ਼ਨਰੀਆਂ ਨੂੰ ਭੇਜਦੀ ਹੈ। ਹੁਣ ਦੁਨੀਆਂ ਭਰ ਵਿਚ 3,090 ਮਿਸ਼ਨਰੀ ਹਨ।a ਇਨ੍ਹਾਂ ਵਿੱਚੋਂ ਜ਼ਿਆਦਾਤਰ ਮਿਸ਼ਨਰੀਆਂ ਨੂੰ ਬਾਈਬਲ ਸਕੂਲਾਂ ਤੋਂ ਸਿਖਲਾਈ ਮਿਲੀ ਹੈ, ਜਿਵੇਂ ਕਿ ਰਾਜ ਦੇ ਪ੍ਰਚਾਰਕਾਂ ਲਈ ਸਕੂਲ। ਇਹ ਮਿਸ਼ਨਰੀ ਭੈਣ-ਭਰਾ ਆਪਣਾ ਘਰ ਛੱਡਣ ਅਤੇ ਕਿਸੇ ਹੋਰ ਦੇਸ਼ ਵਿਚ ਜਾ ਕੇ ਸੇਵਾ ਕਰਨ ਲਈ ਤਿਆਰ ਹਨ। ਸਮਝਦਾਰ, ਤਜਰਬੇਕਾਰ ਅਤੇ ਸਿੱਖੇ ਹੋਏ ਹੋਣ ਕਰਕੇ ਇਹ ਵਫ਼ਾਦਾਰ ਮਿਸ਼ਨਰੀ ਭੈਣ-ਭਰਾ ਖ਼ੁਸ਼-ਖ਼ਬਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਾ ਰਹੇ ਹਨ। ਨਾਲੇ ਇਨ੍ਹਾਂ ਭੈਣਾਂ-ਭਰਾਵਾਂ ਨੇ ਨਵੇਂ ਚੇਲਿਆਂ ਲਈ ਵੀ ਬਹੁਤ ਵਧੀਆ ਮਿਸਾਲ ਰੱਖੀ ਹੈ।
ਮਿਸ਼ਨਰੀ ਉਨ੍ਹਾਂ ਇਲਾਕਿਆਂ ਵਿਚ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕਰਦੇ ਹਨ ਜਿੱਥੇ ਗਵਾਹਾਂ ਦੀ ਬਹੁਤ ਜ਼ਿਆਦਾ ਲੋੜ ਹੈ
ਅਸੀਂ ਮਿਸ਼ਨਰੀਆਂ ਦੀ ਮਦਦ ਕਰ ਕੇ ਦੂਜਿਆਂ ਦੀ ਮਦਦ ਕਰਦੇ ਹਾਂ
ਹਰ ਬ੍ਰਾਂਚ ਆਫ਼ਿਸ ਵਿਚ ਸੇਵਾ ਵਿਭਾਗ ਦਾ ਫੀਲਡ ਮਨਿਸਟਰਜ਼ ਡੈਸਕ ਹੁੰਦਾ ਹੈ। ਇਹ ਡੈਸਕ ਬ੍ਰਾਂਚ ਕਮੇਟੀ ਨਾਲ ਮਿਲ ਕੇ ਮਿਸ਼ਨਰੀਆਂ ਦੀਆਂ ਲੋੜਾਂ ਦਾ ਧਿਆਨ ਰੱਖਦਾ ਹੈ, ਜਿਵੇਂ ਕਿ ਉਨ੍ਹਾਂ ਲਈ ਘਰ ਲੱਭਣਾ, ਇਲਾਜ ਕਰਾਉਣ ਵਿਚ ਮਦਦ ਕਰਨੀ ਅਤੇ ਲੋੜਾਂ ਪੂਰੀਆਂ ਕਰਨ ਲਈ ਖ਼ਰਚਾ ਦੇਣਾ। 2020 ਦੇ ਸੇਵਾ ਸਾਲ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਮਿਸ਼ਨਰੀਆਂ ਦੀ ਦੇਖ-ਭਾਲ ਕਰਨ ਲਈ ਲਗਭਗ 1,93,56,90,000 ਰੁਪਏ (2 ਕਰੋੜ 70 ਲੱਖ ਅਮਰੀਕੀ ਡਾਲਰ) ਖ਼ਰਚ ਕੀਤੇ। ਇਨ੍ਹਾਂ ਸਾਰੇ ਪ੍ਰਬੰਧਾਂ ਕਰਕੇ ਮਿਸ਼ਨਰੀ ਭੈਣ-ਭਰਾ ਆਪਣਾ ਸਾਰਾ ਧਿਆਨ ਅਤੇ ਤਾਕਤ ਪ੍ਰਚਾਰ ਕਰਨ ਦੇ ਨਾਲ-ਨਾਲ ਸਥਾਨਕ ਮੰਡਲੀਆਂ ਨੂੰ ਮਜ਼ਬੂਤ ਕਰਨ ʼਤੇ ਲਾ ਪਾਉਂਦੇ ਹਨ।
ਮਿਸ਼ਨਰੀ ਮੰਡਲੀਆਂ ਨੂੰ ਮਜ਼ਬੂਤ ਕਰਦੇ ਹਨ
ਮਿਸ਼ਨਰੀ ਪ੍ਰਚਾਰ ਕੰਮ ਕਰਨ ਵਿਚ ਕਿਵੇਂ ਯੋਗਦਾਨ ਪਾ ਰਹੇ ਹਨ? ਮਲਾਵੀ ਦੀ ਬ੍ਰਾਂਚ ਕਮੇਟੀ ਦਾ ਮੈਂਬਰ ਫ੍ਰਾਂਕ ਮੇਸਨ ਦੱਸਦਾ ਹੈ: “ਮਿਸ਼ਨਰੀ ਬਹੁਤ ਦਲੇਰ ਹੁੰਦੇ ਹਨ ਅਤੇ ਉਹ ਆਪਣੇ ਹੁਨਰ ਵਰਤ ਕੇ ਮੰਡਲੀਆਂ ਦੀ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਸ਼ੁਰੂ ਕਰਨ ਵਿਚ ਮਦਦ ਕਰਦੇ ਹਨ ਜਿੱਥੇ ਪ੍ਰਚਾਰ ਕਰਨਾ ਬਹੁਤ ਔਖਾ ਹੈ, ਜਿਵੇਂ ਕਿ ਉਹ ਇਲਾਕੇ ਜਿੱਥੇ ਬਿਨਾਂ ਇਜਾਜ਼ਤ ਤੋਂ ਜਾਣਾ ਮਨ੍ਹਾ ਹੈ ਜਾਂ ਉਹ ਇਲਾਕੇ ਜਿੱਥੇ ਸਥਾਨਕ ਭਾਸ਼ਾ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲੀ ਜਾਂਦੀ ਹੈ। ਜਦੋਂ ਦੂਜੇ ਦੇਖਦੇ ਹਨ ਕਿ ਮਿਸ਼ਨਰੀ ਸਥਾਨਕ ਭਾਸ਼ਾ ਅਤੇ ਸਭਿਆਚਾਰ ਬਾਰੇ ਸਿੱਖਣ ਲਈ ਕਿੰਨੀ ਮਿਹਨਤ ਕਰਦੇ ਹਨ, ਤਾਂ ਉਨ੍ਹਾਂ ʼਤੇ ਇਸ ਦਾ ਚੰਗਾ ਅਸਰ ਪੈਂਦਾ ਹੈ। ਨਾਲੇ ਉਨ੍ਹਾਂ ਦੀ ਮਿਸਾਲ ਤੋਂ ਨੌਜਵਾਨਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਉਹ ਵੀ ਪੂਰੇ ਸਮੇਂ ਦੀ ਸੇਵਾ ਕਰਨ। ਅਸੀਂ ਮਿਸ਼ਨਰੀਆਂ ਲਈ ਯਹੋਵਾਹ ਦਾ ਧੰਨਵਾਦ ਕਰਦੇ ਹਾਂ।”
ਕਿਸੇ ਹੋਰ ਦੇਸ਼ ਦੀ ਬ੍ਰਾਂਚ ਕਮੇਟੀ ਦਾ ਇਕ ਮੈਂਬਰ ਕਹਿੰਦਾ ਹੈ: “ਮਿਸ਼ਨਰੀ ਇਸ ਗੱਲ ਦੀ ਜੀਉਂਦੀ-ਜਾਗਦੀ ਮਿਸਾਲ ਹਨ ਕਿ ਦੁਨੀਆਂ ਭਰ ਵਿਚ ਯਹੋਵਾਹ ਦੇ ਸੇਵਕਾਂ ਵਿਚ ਕਿੰਨੀ ਏਕਤਾ ਹੈ। ਇੱਥੋਂ ਤਕ ਕਿ ਜੋ ਲੋਕ ਗਵਾਹ ਨਹੀਂ ਹਨ, ਉਹ ਵੀ ਇਹ ਗੱਲ ਸਾਫ਼-ਸਾਫ਼ ਦੇਖ ਸਕਦੇ ਹਨ ਕਿ ਚਾਹੇ ਅਸੀਂ ਵੱਖੋ-ਵੱਖਰੇ ਸਭਿਆਚਾਰਾਂ ਤੋਂ ਹਾਂ, ਫਿਰ ਵੀ ਬਾਈਬਲ ਦੀਆਂ ਸਿੱਖਿਆਵਾਂ ਕਰਕੇ ਸਾਡੇ ਵਿਚ ਵਿਸ਼ਵ-ਵਿਆਪੀ ਭਾਈਚਾਰਾ ਹੈ।”
ਮਿਸ਼ਨਰੀ ਸਥਾਨਕ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰਦੇ ਹਨ? ਟਿਮੋਰ-ਲੇਸਤ ਦਾ ਰਹਿਣ ਵਾਲਾ ਭਰਾ ਪੌਲੋ ਆਪਣੀ ਮੰਡਲੀ ਦੇ ਮਿਸ਼ਨਰੀਆਂ ਲਈ ਦਿਲੋਂ ਸ਼ੁਕਰਗੁਜ਼ਾਰ ਹੈ। ਉਹ ਦੱਸਦਾ ਹੈ: “ਸਾਡੇ ਇਲਾਕੇ ਵਿਚ ਬਹੁਤ ਹੀ ਜ਼ਿਆਦਾ ਗਰਮੀ ਹੈ। ਚਾਹੇ ਮਿਸ਼ਨਰੀ ਠੰਢੇ ਇਲਾਕਿਆਂ ਤੋਂ ਆਉਂਦੇ ਹਨ, ਫਿਰ ਵੀ ਉਹ ਮੌਸਮ ਕਰਕੇ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਦੇ। ਉਹ ਹਰ ਸਵੇਰ ਪ੍ਰਚਾਰ ਲਈ ਰੱਖੀ ਮੀਟਿੰਗ ਵਿਚ ਹਾਜ਼ਰ ਹੁੰਦੇ ਹਨ। ਮੈਂ ਅਕਸਰ ਉਨ੍ਹਾਂ ਨੂੰ ਸਿਖਰ ਦੁਪਹਿਰੇ ਅਤੇ ਸ਼ਾਮ ਨੂੰ ਦਿਲਚਸਪੀ ਦਿਖਾਉਣ ਵਾਲੇ ਲੋਕਾਂ ਨੂੰ ਦੁਬਾਰਾ ਮਿਲਣ ਜਾਂਦੇ ਹੋਏ ਦੇਖਦਾ ਹਾਂ। ਉਨ੍ਹਾਂ ਨੇ ਮੇਰੀ ਅਤੇ ਬਹੁਤ ਸਾਰੇ ਲੋਕਾਂ ਦੀ ਸੱਚਾਈ ਸਿੱਖਣ ਵਿਚ ਮਦਦ ਕੀਤੀ ਹੈ। ਉਹ ਪੂਰੇ ਜੋਸ਼ ਨਾਲ ਆਪਣੀ ਸਾਰੀ ਜ਼ਿੰਦਗੀ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹਨ। ਨਾਲੇ ਇਸ ਕਰਕੇ ਪੂਰੀ ਮੰਡਲੀ ਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਉਹ ਵੀ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ।”
ਮਲਾਵੀ ਵਿਚ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰਦੀ ਭੈਣ ਕੇਟੀ ਦੱਸਦੀ ਹੈ ਕਿ ਕਿਵੇਂ ਇਕ ਮਿਸ਼ਨਰੀ ਜੋੜੇ ਨੇ ਉਸ ਦੇ ਪਰਿਵਾਰ ਦੀ ਮਦਦ ਕੀਤੀ: “ਜਦੋਂ ਇਕ ਮਿਸ਼ਨਰੀ ਜੋੜੇ ਨੂੰ ਸਾਡੀ ਮੰਡਲੀ ਵਿਚ ਭੇਜਿਆ ਗਿਆ, ਤਾਂ ਉਸ ਵੇਲੇ ਆਪਣੇ ਪਰਿਵਾਰ ਵਿੱਚੋਂ ਸਿਰਫ਼ ਮੈਂ ਹੀ ਗਵਾਹ ਸੀ। ਪਰ ਇਸ ਜੋੜੇ ਨੇ ਮੇਰੀ ਬਹੁਤ ਮਦਦ ਕੀਤੀ ਅਤੇ ਹੌਲੀ-ਹੌਲੀ ਉਨ੍ਹਾਂ ਦਾ ਮੇਰੇ ਪਰਿਵਾਰ ਨਾਲ ਵੀ ਵਧੀਆ ਰਿਸ਼ਤਾ ਬਣ ਗਿਆ। ਉਨ੍ਹਾਂ ਦੀ ਚੰਗੀ ਮਿਸਾਲ ਕਰਕੇ ਮੇਰੇ ਬੱਚਿਆਂ ਨੇ ਸਿੱਖਿਆ ਕਿ ਯਹੋਵਾਹ ਦੀ ਸੇਵਾ ਕਰਕੇ ਸਾਡੀ ਜ਼ਿੰਦਗੀ ਕਿੰਨੀ ਖ਼ੁਸ਼ੀਆਂ ਭਰੀ ਅਤੇ ਸੰਤੁਸ਼ਟ ਹੁੰਦੀ ਹੈ। ਮਿਸ਼ਨਰੀਆਂ ਦੇ ਚੰਗੇ ਅਸਰ ਕਰਕੇ ਮੇਰੀਆਂ ਤਿੰਨੇ ਕੁੜੀਆਂ ਰੈਗੂਲਰ ਪਾਇਨੀਅਰਿੰਗ ਕਰਨ ਲੱਗ ਪਈਆਂ ਅਤੇ ਮੇਰੇ ਪਤੀ ਨੇ ਵੀ ਮੀਟਿੰਗਾਂ ਤੇ ਜਾਣਾ ਸ਼ੁਰੂ ਕਰ ਦਿੱਤਾ।”
ਮਿਸ਼ਨਰੀਆਂ ਦਾ ਖ਼ਰਚਾ ਕਿਵੇਂ ਚਲਾਇਆ ਜਾਂਦਾ ਹੈ? ਸਾਡੇ ਭੈਣ-ਭਰਾ donate.jw.org ਵਿਚ ਦੱਸੇ ਅਲੱਗ-ਅਲੱਗ ਤਰੀਕਿਆਂ ਦੇ ਜ਼ਰੀਏ ਦੁਨੀਆਂ ਭਰ ਵਿਚ ਹੁੰਦੇ ਕੰਮ ਲਈ ਜੋ ਦਾਨ ਦਿੰਦੇ ਹਨ, ਉਸ ਨਾਲ ਇਹ ਖ਼ਰਚਾ ਪੂਰਾ ਕੀਤਾ ਜਾਂਦਾ ਹੈ। ਤੁਹਾਡੇ ਦਿਲੋਂ ਦਿੱਤੇ ਦਾਨ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ।
a ਇਨ੍ਹਾਂ ਮਿਸ਼ਨਰੀਆਂ ਨੂੰ ਉਨ੍ਹਾਂ ਮੰਡਲੀਆਂ ਵਿਚ ਭੇਜਿਆ ਜਾਂਦਾ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਇਨ੍ਹਾਂ ਤੋਂ ਇਲਾਵਾ, 1,001 ਹੋਰ ਮਿਸ਼ਨਰੀ ਹਨ ਜੋ ਸਰਕਟ ਓਵਰਸੀਅਰ ਵਜੋਂ ਸੇਵਾ ਕਰਦੇ ਹਨ।