ਮੰਗਲਵਾਰ 14 ਅਕਤੂਬਰ
‘ਉਨ੍ਹਾਂ ਨੇ ਯਹੋਵਾਹ ਦੇ ਭਵਨ ਨੂੰ ਤਿਆਗ ਦਿੱਤਾ।’—2 ਇਤਿ. 24:18.
ਇਕ ਸਬਕ ਜੋ ਅਸੀਂ ਰਾਜਾ ਯਹੋਆਸ਼ ਦੇ ਬੁਰੇ ਫ਼ੈਸਲੇ ਤੋਂ ਸਿੱਖ ਸਕਦੇ ਹਾਂ, ਉਹ ਹੈ ਕਿ ਸਾਨੂੰ ਸਿਰਫ਼ ਉਹੀ ਦੋਸਤ ਬਣਾਉਣੇ ਚਾਹੀਦੇ ਹਨ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਇਹ ਦੋਸਤ ਚੰਗੇ ਕੰਮ ਕਰਨ ਵਿਚ ਸਾਡੀ ਮਦਦ ਕਰਨਗੇ। ਨਾਲੇ ਸਾਨੂੰ ਸਿਰਫ਼ ਆਪਣੀ ਉਮਰ ਦੇ ਲੋਕਾਂ ਨਾਲ ਹੀ ਦੋਸਤੀ ਨਹੀਂ ਕਰਨੀ ਚਾਹੀਦੀ। ਯਾਦ ਰੱਖੋ, ਯਹੋਆਸ਼ ਆਪਣੇ ਦੋਸਤ ਯਹੋਯਾਦਾ ਤੋਂ ਬਹੁਤ ਛੋਟਾ ਸੀ। ਦੋਸਤਾਂ ਦੀ ਚੋਣ ਦੇ ਮਾਮਲੇ ਵਿਚ ਆਪਣੇ ਆਪ ਤੋਂ ਪੁੱਛੋ: ‘ਕੀ ਮੇਰੇ ਦੋਸਤ ਮੇਰੀ ਮਦਦ ਕਰਦੇ ਹਨ ਕਿ ਮੈਂ ਯਹੋਵਾਹ ʼਤੇ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕਾਂ? ਕੀ ਉਹ ਮੈਨੂੰ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਣ ਦੀ ਹੱਲਾਸ਼ੇਰੀ ਦਿੰਦੇ ਹਨ? ਕੀ ਉਹ ਯਹੋਵਾਹ ਅਤੇ ਉਸ ਦੀਆਂ ਅਨਮੋਲ ਸੱਚਾਈਆਂ ਬਾਰੇ ਗੱਲ ਕਰਦੇ ਹਨ? ਕੀ ਉਹ ਯਹੋਵਾਹ ਦੇ ਮਿਆਰਾਂ ਦਾ ਆਦਰ ਕਰਦੇ ਹਨ? ਕੀ ਉਹ ਮੈਨੂੰ ਸਿਰਫ਼ ਉਹੀ ਗੱਲਾਂ ਕਹਿੰਦੇ ਹਨ ਜੋ ਮੈਂ ਸੁਣਨੀਆਂ ਚਾਹੁੰਦਾ ਹਾਂ? ਜਾਂ ਉਹ ਹਿੰਮਤ ਕਰਕੇ ਮੈਨੂੰ ਸੁਧਾਰਦੇ ਹਨ ਜਦੋਂ ਮੇਰੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ?’ (ਕਹਾ. 27:5, 6, 17) ਸੱਚ ਤਾਂ ਇਹ ਹੈ ਕਿ ਜੇ ਤੁਹਾਡੇ ਦੋਸਤ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਤਾਂ ਤੁਹਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਪਰ ਜੇ ਤੁਹਾਡੇ ਦੋਸਤ ਯਹੋਵਾਹ ਨੂੰ ਪਿਆਰ ਕਰਦੇ ਹਨ, ਤਾਂ ਉਨ੍ਹਾਂ ਨਾਲ ਦੋਸਤੀ ਬਣਾਈ ਰੱਖੋ। ਉਹ ਹਮੇਸ਼ਾ ਤੁਹਾਡੀ ਮਦਦ ਕਰਨਗੇ।—ਕਹਾ. 13:20. w23.09 9-10 ਪੈਰੇ 6-7
ਬੁੱਧਵਾਰ 15 ਅਕਤੂਬਰ
ਮੈਂ ਐਲਫਾ ਅਤੇ ਓਮੇਗਾ ਹਾਂ।—ਪ੍ਰਕਾ. 1:8, ਫੁਟਨੋਟ।
“ਐਲਫਾ” ਯੂਨਾਨੀ ਵਰਣਮਾਲਾ ਦਾ ਪਹਿਲਾ ਅਤੇ “ਓਮੇਗਾ” ਆਖ਼ਰੀ ਅੱਖਰ ਹੈ। ਤਾਂ ਫਿਰ ਜਦੋਂ ਯਹੋਵਾਹ ਨੇ ਇਹ ਕਿਹਾ ਕਿ “ਮੈਂ ਹੀ ‘ਐਲਫਾ ਅਤੇ ਓਮੇਗਾ’ ਹਾਂ,” ਤਾਂ ਇਸ ਦਾ ਕੀ ਮਤਲਬ ਸੀ? ਇਸ ਦਾ ਮਤਲਬ ਸੀ ਕਿ ਯਹੋਵਾਹ ਜਦੋਂ ਵੀ ਕੋਈ ਕੰਮ ਸ਼ੁਰੂ ਕਰਦਾ ਹੈ, ਉਹ ਉਸ ਨੂੰ ਹਰ ਹਾਲ ਵਿਚ ਪੂਰਾ ਵੀ ਕਰਦਾ ਹੈ। ਆਦਮ ਅਤੇ ਹੱਵਾਹ ਨੂੰ ਬਣਾਉਣ ਤੋਂ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ ਅਤੇ ਇਸ ʼਤੇ ਅਧਿਕਾਰ ਰੱਖੋ।” (ਉਤ. 1:28) ਇਸ ਤਰ੍ਹਾਂ ਜਦੋਂ ਯਹੋਵਾਹ ਨੇ ਆਪਣਾ ਮਕਸਦ ਦੱਸਿਆ, ਤਾਂ ਉਹ ਇਕ ਸ਼ੁਰੂਆਤ ਸੀ। ਉਸ ਵੇਲੇ ਯਹੋਵਾਹ ਨੇ ਇਕ ਤਰ੍ਹਾਂ ਨਾਲ ਕਿਹਾ, “ਐਲਫਾ।” ਆਉਣ ਵਾਲੇ ਸਮੇਂ ਵਿਚ ਆਦਮ ਤੇ ਹੱਵਾਹ ਦੇ ਮੁਕੰਮਲ ਤੇ ਆਗਿਆਕਾਰ ਬੱਚੇ ਧਰਤੀ ਨੂੰ ਭਰ ਦੇਣਗੇ ਅਤੇ ਇਸ ਨੂੰ ਬਾਗ਼ ਵਰਗੀ ਸੋਹਣੀ ਬਣਾ ਦੇਣਗੇ। ਸੋ ਜਦੋਂ ਭਵਿੱਖ ਵਿਚ ਯਹੋਵਾਹ ਦਾ ਮਕਸਦ ਪੂਰਾ ਹੋਵੇਗਾ, ਤਾਂ ਉਹ ਇਕ ਤਰ੍ਹਾਂ ਨਾਲ ਕਹੇਗਾ, “ਓਮੇਗਾ।” ਯਹੋਵਾਹ ਨੇ “ਆਕਾਸ਼ ਅਤੇ ਧਰਤੀ ਅਤੇ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ” ਬਣਾਉਣ ਤੋਂ ਬਾਅਦ ਇਕ ਗਾਰੰਟੀ ਦਿੱਤੀ। ਉਸ ਨੇ ਗਾਰੰਟੀ ਦਿੱਤੀ ਕਿ ਇਨਸਾਨਾਂ ਤੇ ਧਰਤੀ ਲਈ ਰੱਖਿਆ ਉਸ ਦਾ ਮਕਸਦ ਪੂਰਾ ਕਰਨ ਵਿਚ ਕੋਈ ਵੀ ਚੀਜ਼ ਉਸ ਨੂੰ ਰੋਕ ਨਹੀਂ ਸਕਦੀ। ਨਾਲੇ ਸੱਤਵੇਂ ਦਿਨ ਦੇ ਅਖ਼ੀਰ ਵਿਚ ਉਹ ਆਪਣਾ ਮਕਸਦ ਹਰ ਹਾਲ ਵਿਚ ਪੂਰਾ ਕਰੇਗਾ।—ਉਤ. 2:1-3. w23.11 5 ਪੈਰੇ 13-14
ਵੀਰਵਾਰ 16 ਅਕਤੂਬਰ
ਯਹੋਵਾਹ ਦਾ ਰਸਤਾ ਪੱਧਰਾ ਕਰੋ! ਸਾਡੇ ਪਰਮੇਸ਼ੁਰ ਲਈ ਰੇਗਿਸਤਾਨ ਥਾਣੀਂ ਇਕ ਸਿੱਧਾ ਰਾਜਮਾਰਗ ਬਣਾਓ।—ਯਸਾ. 40:3.
ਬਾਬਲ ਤੋਂ ਇਜ਼ਰਾਈਲ ਤਕ ਦਾ ਔਖਾ ਸਫ਼ਰ ਤੈਅ ਕਰਨ ਵਿਚ ਲਗਭਗ ਚਾਰ ਮਹੀਨੇ ਲੱਗ ਸਕਦੇ ਸਨ। ਪਰ ਯਹੋਵਾਹ ਨੇ ਯਹੂਦੀਆਂ ਨਾਲ ਵਾਅਦਾ ਕੀਤਾ ਕਿ ਉਹ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਕੇ ਉਨ੍ਹਾਂ ਦੇ ਰਾਹ ਨੂੰ ਪੱਧਰਾ ਕਰ ਦੇਵੇਗਾ। ਵਫ਼ਾਦਾਰ ਯਹੂਦੀ ਜਾਣਦੇ ਸਨ ਕਿ ਇਜ਼ਰਾਈਲ ਜਾਣ ਲਈ ਉਹ ਜੋ ਵੀ ਕੁਰਬਾਨੀਆਂ ਕਰਨਗੇ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਉਨ੍ਹਾਂ ਨੂੰ ਬਰਕਤਾਂ ਮਿਲਣਗੀਆਂ। ਸਭ ਤੋਂ ਵੱਡੀ ਬਰਕਤ ਉਨ੍ਹਾਂ ਨੂੰ ਇਹ ਮਿਲਣੀ ਸੀ ਕਿ ਉੱਥੇ ਜਾ ਕੇ ਉਹ ਯਹੋਵਾਹ ਦੀ ਭਗਤੀ ਕਰ ਸਕਦੇ ਸਨ। ਬਾਬਲ ਵਿਚ ਯਹੋਵਾਹ ਦਾ ਇਕ ਵੀ ਮੰਦਰ ਨਹੀਂ ਸੀ। ਉੱਥੇ ਯਹੋਵਾਹ ਦੀ ਇਕ ਵੀ ਵੇਦੀ ਨਹੀਂ ਸੀ ਜਿੱਥੇ ਇਜ਼ਰਾਈਲੀ ਮੂਸਾ ਦੇ ਕਾਨੂੰਨ ਮੁਤਾਬਕ ਬਲ਼ੀਆਂ ਚੜ੍ਹਾ ਸਕਦੇ ਸਨ। ਨਾਲੇ ਬਲ਼ੀਆਂ ਚੜ੍ਹਾਉਣ ਲਈ ਪੁਜਾਰੀ ਦਲ ਦਾ ਵੀ ਪ੍ਰਬੰਧ ਨਹੀਂ ਸੀ। ਇਸ ਤੋਂ ਇਲਾਵਾ, ਯਹੋਵਾਹ ਦੇ ਲੋਕ ਝੂਠੀ ਭਗਤੀ ਕਰਨ ਵਾਲੇ ਲੋਕਾਂ ਨਾਲ ਘਿਰੇ ਹੋਏ ਸਨ ਜੋ ਨਾ ਤਾਂ ਯਹੋਵਾਹ ਦਾ ਤੇ ਨਾ ਹੀ ਉਸ ਦੇ ਮਿਆਰਾਂ ਦਾ ਕੋਈ ਆਦਰ ਕਰਦੇ ਸਨ। ਇਸ ਲਈ ਪਰਮੇਸ਼ੁਰ ਤੋਂ ਡਰਨ ਵਾਲੇ ਹਜ਼ਾਰਾਂ ਹੀ ਯਹੂਦੀ ਬੇਸਬਰੀ ਨਾਲ ਆਪਣੇ ਦੇਸ਼ ਜਾਣ ਦੀ ਉਡੀਕ ਕਰ ਰਹੇ ਸਨ ਜਿੱਥੇ ਜਾ ਕੇ ਉਹ ਦੁਬਾਰਾ ਸ਼ੁੱਧ ਭਗਤੀ ਕਰ ਸਕਦੇ ਸਨ। w23.05 14-15 ਪੈਰੇ 3-4