ਬੁੱਧਵਾਰ 15 ਅਕਤੂਬਰ
ਮੈਂ ਐਲਫਾ ਅਤੇ ਓਮੇਗਾ ਹਾਂ।—ਪ੍ਰਕਾ. 1:8, ਫੁਟਨੋਟ।
“ਐਲਫਾ” ਯੂਨਾਨੀ ਵਰਣਮਾਲਾ ਦਾ ਪਹਿਲਾ ਅਤੇ “ਓਮੇਗਾ” ਆਖ਼ਰੀ ਅੱਖਰ ਹੈ। ਤਾਂ ਫਿਰ ਜਦੋਂ ਯਹੋਵਾਹ ਨੇ ਇਹ ਕਿਹਾ ਕਿ “ਮੈਂ ਹੀ ‘ਐਲਫਾ ਅਤੇ ਓਮੇਗਾ’ ਹਾਂ,” ਤਾਂ ਇਸ ਦਾ ਕੀ ਮਤਲਬ ਸੀ? ਇਸ ਦਾ ਮਤਲਬ ਸੀ ਕਿ ਯਹੋਵਾਹ ਜਦੋਂ ਵੀ ਕੋਈ ਕੰਮ ਸ਼ੁਰੂ ਕਰਦਾ ਹੈ, ਉਹ ਉਸ ਨੂੰ ਹਰ ਹਾਲ ਵਿਚ ਪੂਰਾ ਵੀ ਕਰਦਾ ਹੈ। ਆਦਮ ਅਤੇ ਹੱਵਾਹ ਨੂੰ ਬਣਾਉਣ ਤੋਂ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ ਅਤੇ ਇਸ ʼਤੇ ਅਧਿਕਾਰ ਰੱਖੋ।” (ਉਤ. 1:28) ਇਸ ਤਰ੍ਹਾਂ ਜਦੋਂ ਯਹੋਵਾਹ ਨੇ ਆਪਣਾ ਮਕਸਦ ਦੱਸਿਆ, ਤਾਂ ਉਹ ਇਕ ਸ਼ੁਰੂਆਤ ਸੀ। ਉਸ ਵੇਲੇ ਯਹੋਵਾਹ ਨੇ ਇਕ ਤਰ੍ਹਾਂ ਨਾਲ ਕਿਹਾ, “ਐਲਫਾ।” ਆਉਣ ਵਾਲੇ ਸਮੇਂ ਵਿਚ ਆਦਮ ਤੇ ਹੱਵਾਹ ਦੇ ਮੁਕੰਮਲ ਤੇ ਆਗਿਆਕਾਰ ਬੱਚੇ ਧਰਤੀ ਨੂੰ ਭਰ ਦੇਣਗੇ ਅਤੇ ਇਸ ਨੂੰ ਬਾਗ਼ ਵਰਗੀ ਸੋਹਣੀ ਬਣਾ ਦੇਣਗੇ। ਸੋ ਜਦੋਂ ਭਵਿੱਖ ਵਿਚ ਯਹੋਵਾਹ ਦਾ ਮਕਸਦ ਪੂਰਾ ਹੋਵੇਗਾ, ਤਾਂ ਉਹ ਇਕ ਤਰ੍ਹਾਂ ਨਾਲ ਕਹੇਗਾ, “ਓਮੇਗਾ।” ਯਹੋਵਾਹ ਨੇ “ਆਕਾਸ਼ ਅਤੇ ਧਰਤੀ ਅਤੇ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ” ਬਣਾਉਣ ਤੋਂ ਬਾਅਦ ਇਕ ਗਾਰੰਟੀ ਦਿੱਤੀ। ਉਸ ਨੇ ਗਾਰੰਟੀ ਦਿੱਤੀ ਕਿ ਇਨਸਾਨਾਂ ਤੇ ਧਰਤੀ ਲਈ ਰੱਖਿਆ ਉਸ ਦਾ ਮਕਸਦ ਪੂਰਾ ਕਰਨ ਵਿਚ ਕੋਈ ਵੀ ਚੀਜ਼ ਉਸ ਨੂੰ ਰੋਕ ਨਹੀਂ ਸਕਦੀ। ਨਾਲੇ ਸੱਤਵੇਂ ਦਿਨ ਦੇ ਅਖ਼ੀਰ ਵਿਚ ਉਹ ਆਪਣਾ ਮਕਸਦ ਹਰ ਹਾਲ ਵਿਚ ਪੂਰਾ ਕਰੇਗਾ।—ਉਤ. 2:1-3. w23.11 5 ਪੈਰੇ 13-14
ਵੀਰਵਾਰ 16 ਅਕਤੂਬਰ
ਯਹੋਵਾਹ ਦਾ ਰਸਤਾ ਪੱਧਰਾ ਕਰੋ! ਸਾਡੇ ਪਰਮੇਸ਼ੁਰ ਲਈ ਰੇਗਿਸਤਾਨ ਥਾਣੀਂ ਇਕ ਸਿੱਧਾ ਰਾਜਮਾਰਗ ਬਣਾਓ।—ਯਸਾ. 40:3.
ਬਾਬਲ ਤੋਂ ਇਜ਼ਰਾਈਲ ਤਕ ਦਾ ਔਖਾ ਸਫ਼ਰ ਤੈਅ ਕਰਨ ਵਿਚ ਲਗਭਗ ਚਾਰ ਮਹੀਨੇ ਲੱਗ ਸਕਦੇ ਸਨ। ਪਰ ਯਹੋਵਾਹ ਨੇ ਯਹੂਦੀਆਂ ਨਾਲ ਵਾਅਦਾ ਕੀਤਾ ਕਿ ਉਹ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਕੇ ਉਨ੍ਹਾਂ ਦੇ ਰਾਹ ਨੂੰ ਪੱਧਰਾ ਕਰ ਦੇਵੇਗਾ। ਵਫ਼ਾਦਾਰ ਯਹੂਦੀ ਜਾਣਦੇ ਸਨ ਕਿ ਇਜ਼ਰਾਈਲ ਜਾਣ ਲਈ ਉਹ ਜੋ ਵੀ ਕੁਰਬਾਨੀਆਂ ਕਰਨਗੇ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਉਨ੍ਹਾਂ ਨੂੰ ਬਰਕਤਾਂ ਮਿਲਣਗੀਆਂ। ਸਭ ਤੋਂ ਵੱਡੀ ਬਰਕਤ ਉਨ੍ਹਾਂ ਨੂੰ ਇਹ ਮਿਲਣੀ ਸੀ ਕਿ ਉੱਥੇ ਜਾ ਕੇ ਉਹ ਯਹੋਵਾਹ ਦੀ ਭਗਤੀ ਕਰ ਸਕਦੇ ਸਨ। ਬਾਬਲ ਵਿਚ ਯਹੋਵਾਹ ਦਾ ਇਕ ਵੀ ਮੰਦਰ ਨਹੀਂ ਸੀ। ਉੱਥੇ ਯਹੋਵਾਹ ਦੀ ਇਕ ਵੀ ਵੇਦੀ ਨਹੀਂ ਸੀ ਜਿੱਥੇ ਇਜ਼ਰਾਈਲੀ ਮੂਸਾ ਦੇ ਕਾਨੂੰਨ ਮੁਤਾਬਕ ਬਲ਼ੀਆਂ ਚੜ੍ਹਾ ਸਕਦੇ ਸਨ। ਨਾਲੇ ਬਲ਼ੀਆਂ ਚੜ੍ਹਾਉਣ ਲਈ ਪੁਜਾਰੀ ਦਲ ਦਾ ਵੀ ਪ੍ਰਬੰਧ ਨਹੀਂ ਸੀ। ਇਸ ਤੋਂ ਇਲਾਵਾ, ਯਹੋਵਾਹ ਦੇ ਲੋਕ ਝੂਠੀ ਭਗਤੀ ਕਰਨ ਵਾਲੇ ਲੋਕਾਂ ਨਾਲ ਘਿਰੇ ਹੋਏ ਸਨ ਜੋ ਨਾ ਤਾਂ ਯਹੋਵਾਹ ਦਾ ਤੇ ਨਾ ਹੀ ਉਸ ਦੇ ਮਿਆਰਾਂ ਦਾ ਕੋਈ ਆਦਰ ਕਰਦੇ ਸਨ। ਇਸ ਲਈ ਪਰਮੇਸ਼ੁਰ ਤੋਂ ਡਰਨ ਵਾਲੇ ਹਜ਼ਾਰਾਂ ਹੀ ਯਹੂਦੀ ਬੇਸਬਰੀ ਨਾਲ ਆਪਣੇ ਦੇਸ਼ ਜਾਣ ਦੀ ਉਡੀਕ ਕਰ ਰਹੇ ਸਨ ਜਿੱਥੇ ਜਾ ਕੇ ਉਹ ਦੁਬਾਰਾ ਸ਼ੁੱਧ ਭਗਤੀ ਕਰ ਸਕਦੇ ਸਨ। w23.05 14-15 ਪੈਰੇ 3-4
ਸ਼ੁੱਕਰਵਾਰ 17 ਅਕਤੂਬਰ
ਚਾਨਣ ਦੇ ਬੱਚਿਆਂ ਵਜੋਂ ਚੱਲਦੇ ਰਹੋ।—ਅਫ਼. 5:8.
ਹਮੇਸ਼ਾ “ਚਾਨਣ ਦੇ ਬੱਚਿਆਂ ਵਜੋਂ ਚੱਲਦੇ” ਰਹਿਣ ਲਈ ਸਾਨੂੰ ਪਵਿੱਤਰ ਸ਼ਕਤੀ ਦੀ ਲੋੜ ਹੈ। ਪਰ ਕਿਉਂ? ਕਿਉਂਕਿ ਇਹ ਦੁਨੀਆਂ ਅਨੈਤਿਕ ਲੋਕਾਂ ਨਾਲ ਭਰੀ ਹੋਈ ਹੈ ਅਤੇ ਇਸ ਵਿਚ ਆਪਣੇ ਆਪ ਨੂੰ ਸ਼ੁੱਧ ਬਣਾਈ ਰੱਖਣਾ ਸੌਖਾ ਨਹੀਂ ਹੈ। (1 ਥੱਸ. 4:3-5, 7, 8) ਪਰ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਦੁਨੀਆਂ ਦੀ ਸੋਚ ਅਤੇ ਫ਼ਲਸਫ਼ਿਆਂ ਨੂੰ ਠੁਕਰਾ ਸਕਾਂਗੇ। ਅਸੀਂ ਇੱਦਾਂ ਦੀ ਸੋਚ ਅਤੇ ਰਵੱਈਏ ਨੂੰ ਖ਼ੁਦ ʼਤੇ ਹਾਵੀ ਨਹੀਂ ਹੋਣ ਦੇਵਾਂਗੇ ਜੋ ਪਰਮੇਸ਼ੁਰ ਦੀ ਸੋਚ ਨਾਲ ਮੇਲ ਨਹੀਂ ਖਾਂਦਾ। ਇਸ ਤੋਂ ਇਲਾਵਾ, ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ‘ਹਰ ਤਰ੍ਹਾਂ ਦਾ ਭਲਾ ਕੰਮ ਕਰ ਸਕਾਂਗੇ ਅਤੇ ਧਰਮੀ ਅਸੂਲਾਂ ਮੁਤਾਬਕ ਜ਼ਿੰਦਗੀ ਜੀ’ ਸਕਾਂਗੇ। (ਅਫ਼. 5:9) ਪਵਿੱਤਰ ਸ਼ਕਤੀ ਪਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਇਸ ਲਈ ਪ੍ਰਾਰਥਨਾ ਕਰੀਏ। ਯਿਸੂ ਨੇ ਕਿਹਾ ਸੀ ਕਿ ਯਹੋਵਾਹ ਉਨ੍ਹਾਂ ਨੂੰ “ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ ਜੋ ਉਸ ਤੋਂ ਮੰਗਦੇ ਹਨ!” (ਲੂਕਾ 11:13) ਨਾਲੇ ਸਭਾਵਾਂ ਵਿਚ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਨਾਲ ਵੀ ਸਾਨੂੰ ਪਵਿੱਤਰ ਸ਼ਕਤੀ ਮਿਲਦੀ ਹੈ। (ਅਫ਼. 5:19, 20) ਜਦੋਂ ਪਵਿੱਤਰ ਸ਼ਕਤੀ ਸਾਡੇ ʼਤੇ ਕੰਮ ਕਰੇਗੀ, ਤਾਂ ਅਸੀਂ ਇੱਦਾਂ ਦੀ ਜ਼ਿੰਦਗੀ ਜੀ ਸਕਾਂਗੇ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। w24.03 23-24 ਪੈਰੇ 13-15