ਬੁੱਧਵਾਰ 9 ਜੁਲਾਈ
‘ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਕਿਰਪਾ ਕਰ ਕੇ ਮੈਨੂੰ ਯਾਦ ਕਰ, ਮੈਨੂੰ ਜ਼ੋਰ ਬਖ਼ਸ਼ ਦੇ।’—ਨਿਆ. 16:28.
ਸਮਸੂਨ ਦਾ ਨਾਂ ਸੁਣ ਕੇ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਸ਼ਾਇਦ ਤੁਸੀਂ ਸੋਚੋ ਕਿ ਉਹ ਕਿੰਨਾ ਤਾਕਤਵਰ ਸੀ। ਪਰ ਸਮਸੂਨ ਨੇ ਇਕ ਗ਼ਲਤ ਫ਼ੈਸਲਾ ਕੀਤਾ ਜਿਸ ਕਰਕੇ ਉਸ ਨੂੰ ਬੁਰੇ ਨਤੀਜੇ ਭੁਗਤਣੇ ਪਏ। ਫਿਰ ਵੀ ਯਹੋਵਾਹ ਨੇ ਇਸ ਗੱਲ ਵੱਲ ਧਿਆਨ ਦਿੱਤਾ ਕਿ ਸਮਸੂਨ ਨੇ ਉਸ ਦੀ ਸੇਵਾ ਵਿਚ ਕਿੰਨਾ ਕੁਝ ਕੀਤਾ। ਇਸ ਕਰਕੇ ਪਰਮੇਸ਼ੁਰ ਨੇ ਸਾਡੇ ਫ਼ਾਇਦੇ ਲਈ ਸਮਸੂਨ ਦੀ ਵਫ਼ਾਦਾਰੀ ਦੀ ਮਿਸਾਲ ਆਪਣੇ ਬਚਨ ਵਿਚ ਦਰਜ ਕਰਵਾਈ। ਯਹੋਵਾਹ ਨੇ ਆਪਣੀ ਚੁਣੀ ਹੋਈ ਕੌਮ ਇਜ਼ਰਾਈਲ ਦੀ ਮਦਦ ਕਰਨ ਲਈ ਸਮਸੂਨ ਤੋਂ ਸ਼ਾਨਦਾਰ ਕੰਮ ਕਰਵਾਏ। ਸਮਸੂਨ ਦੀ ਮੌਤ ਤੋਂ ਸਦੀਆਂ ਬਾਅਦ ਯਹੋਵਾਹ ਨੇ ਪੌਲੁਸ ਰਸੂਲ ਨੂੰ ਪ੍ਰੇਰਿਤ ਕੀਤਾ ਕਿ ਉਹ ਉਨ੍ਹਾਂ ਆਦਮੀਆਂ ਦੇ ਨਾਵਾਂ ਦੀ ਸੂਚੀ ਵਿਚ ਸਮਸੂਨ ਦਾ ਨਾਂ ਵੀ ਦਰਜ ਕਰੇ ਜਿਨ੍ਹਾਂ ਨੇ ਕਮਾਲ ਦੀ ਨਿਹਚਾ ਦਿਖਾਈ ਸੀ। (ਇਬ. 11:32-34) ਸਮਸੂਨ ਦੀ ਮਿਸਾਲ ਤੋਂ ਅੱਜ ਸਾਨੂੰ ਹੌਸਲਾ ਮਿਲ ਸਕਦਾ ਹੈ। ਉਸ ਨੇ ਔਖੇ ਤੋਂ ਔਖੇ ਹਾਲਾਤਾਂ ਵਿਚ ਵੀ ਯਹੋਵਾਹ ʼਤੇ ਭਰੋਸਾ ਰੱਖਿਆ। ਅਸੀਂ ਸਮਸੂਨ ਤੋਂ ਸਿੱਖ ਸਕਦੇ ਹਾਂ ਅਤੇ ਉਸ ਦੀ ਮਿਸਾਲ ਤੋਂ ਸਾਨੂੰ ਹੌਸਲਾ ਮਿਲ ਸਕਦਾ ਹੈ। w23.09 2 ਪੈਰੇ 1-2
ਵੀਰਵਾਰ 10 ਜੁਲਾਈ
‘ਹਰ ਗੱਲ ਬਾਰੇ ਪਰਮੇਸ਼ੁਰ ਨੂੰ ਬੇਨਤੀ ਕਰੋ।’—ਫ਼ਿਲਿ. 4:6.
ਅਸੀਂ ਧੀਰਜ ਦਿਖਾਉਂਦੇ ਰਹਿ ਸਕਦੇ ਹਾਂ। ਪਰ ਕਿਵੇਂ? ਯਹੋਵਾਹ ਨੂੰ ਦਿਲੋਂ ਤੇ ਵਾਰ-ਵਾਰ ਆਪਣੀਆਂ ਚਿੰਤਾਵਾਂ ਦੱਸ ਕੇ। (1 ਥੱਸ. 5:17) ਹੋ ਸਕਦਾ ਹੈ ਕਿ ਤੁਸੀਂ ਹੁਣ ਕੋਈ ਸਖ਼ਤ ਅਜ਼ਮਾਇਸ਼ ਨਾ ਸਹਿ ਰਹੇ ਹੋਵੋ। ਪਰ ਕੀ ਤੁਸੀਂ ਉਦੋਂ ਵੀ ਯਹੋਵਾਹ ਦੀ ਸੇਧ ਲੈਂਦੇ ਹੋ ਜਦੋਂ ਤੁਸੀਂ ਉਦਾਸ-ਪਰੇਸ਼ਾਨ ਹੁੰਦੇ ਹੋ? ਜੇ ਤੁਸੀਂ ਹੁਣ ਤੋਂ ਹੀ ਰੋਜ਼ਮੱਰਾ ਦੀਆਂ ਮੁਸ਼ਕਲਾਂ ਬਾਰੇ ਯਹੋਵਾਹ ਤੋਂ ਬਾਕਾਇਦਾ ਸੇਧ ਲੈਂਦੇ ਹੋ, ਤਾਂ ਭਵਿੱਖ ਵਿਚ ਵੀ ਵੱਡੀਆਂ-ਵੱਡੀਆਂ ਮੁਸ਼ਕਲਾਂ ਆਉਣ ʼਤੇ ਤੁਸੀਂ ਇਸ ਤਰ੍ਹਾਂ ਕਰਨ ਤੋਂ ਨਹੀਂ ਝਿਜਕੋਗੇ। ਫਿਰ ਤੁਹਾਨੂੰ ਪੱਕਾ ਯਕੀਨ ਹੋਵੇਗਾ ਕਿ ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਨੇ ਕਦੋਂ ਤੇ ਕਿਵੇਂ ਤੁਹਾਡੀ ਮਦਦ ਕਰਨੀ ਹੈ। (ਜ਼ਬੂ. 27:1, 3) ਜੇ ਅਸੀਂ ਅੱਜ ਮੁਸ਼ਕਲਾਂ ਦੌਰਾਨ ਧੀਰਜ ਰੱਖਦੇ ਹਾਂ, ਤਾਂ ਭਵਿੱਖ ਵਿਚ ਮਹਾਂਕਸ਼ਟ ਦੌਰਾਨ ਵੀ ਇੱਦਾਂ ਜ਼ਰੂਰ ਕਰ ਸਕਾਂਗੇ। (ਰੋਮੀ. 5:3) ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ ਜਦੋਂ ਉਹ ਹਰ ਵਾਰ ਕਿਸੇ ਮੁਸ਼ਕਲ ਨੂੰ ਧੀਰਜ ਨਾਲ ਸਹਿੰਦੇ ਹਨ, ਤਾਂ ਉਹ ਆਉਣ ਵਾਲੀ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਤਿਆਰ ਹੁੰਦੇ ਹਨ। ਧੀਰਜ ਕਰਕੇ ਉਨ੍ਹਾਂ ਵਿਚ ਸੁਧਾਰ ਹੁੰਦਾ ਹੈ ਅਤੇ ਉਨ੍ਹਾਂ ਦੀ ਨਿਹਚਾ ਪੱਕੀ ਹੁੰਦੀ ਹੈ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਹੈ। ਨਾਲੇ ਯਹੋਵਾਹ ʼਤੇ ਨਿਹਚਾ ਹੋਣ ਕਰਕੇ ਉਹ ਆਉਣ ਵਾਲੀ ਕਿਸੇ ਵੀ ਅਜ਼ਮਾਇਸ਼ ਨੂੰ ਧੀਰਜ ਨਾਲ ਸਹਿ ਸਕਦੇ ਹਨ।—ਯਾਕੂ. 1:2-4. w23.07 3 ਪੈਰੇ 7-8
ਸ਼ੁੱਕਰਵਾਰ 11 ਜੁਲਾਈ
‘ਮੈਂ ਤੇਰਾ ਲਿਹਾਜ਼ ਕਰਾਂਗਾ।’—ਉਤ. 19:21.
ਯਹੋਵਾਹ ਨਿਮਰ ਅਤੇ ਹਮਦਰਦ ਹੈ। ਇਸ ਕਰਕੇ ਉਹ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹੈ। ਉਦਾਹਰਣ ਲਈ, ਯਹੋਵਾਹ ਨੇ ਸਦੂਮ ਦੇ ਦੁਸ਼ਟ ਲੋਕਾਂ ਦਾ ਨਾਸ਼ ਕਰਨ ਵੇਲੇ ਨਿਮਰਤਾ ਦਿਖਾਈ। ਉਸ ਨੇ ਆਪਣੇ ਦੂਤਾਂ ਰਾਹੀਂ ਲੂਤ ਨੂੰ ਪਹਾੜੀ ਇਲਾਕੇ ਵੱਲ ਭੱਜਣ ਦੀ ਹਿਦਾਇਤ ਦਿੱਤੀ। ਪਰ ਲੂਤ ਉੱਥੇ ਜਾਣ ਤੋਂ ਡਰਦਾ ਸੀ। ਇਸ ਕਰਕੇ ਉਸ ਨੇ ਪਰਮੇਸ਼ੁਰ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੋਆਰ ਜਾਣ ਦੀ ਇਜਾਜ਼ਤ ਦੇਵੇ। ਯਹੋਵਾਹ ਨੇ ਇਸ ਛੋਟੇ ਜਿਹੇ ਸ਼ਹਿਰ ਨੂੰ ਵੀ ਨਾਸ਼ ਕਰਨਾ ਸੀ। ਇਸ ਲਈ ਜੇ ਯਹੋਵਾਹ ਚਾਹੁੰਦਾ, ਤਾਂ ਉਹ ਲੂਤ ʼਤੇ ਆਪਣੀਆਂ ਹਿਦਾਇਤਾਂ ਮੰਨਣ ਦਾ ਜ਼ੋਰ ਪਾ ਸਕਦਾ ਸੀ। ਪਰ ਉਸ ਨੇ ਲੂਤ ਦੀ ਬੇਨਤੀ ਸਵੀਕਾਰ ਕਰ ਲਈ ਅਤੇ ਸੋਆਰ ਦਾ ਨਾਸ਼ ਨਹੀਂ ਕੀਤਾ। (ਉਤ. 19:18-22) ਸਦੀਆਂ ਬਾਅਦ ਯਹੋਵਾਹ ਨੇ ਨੀਨਵਾਹ ਦੇ ਲੋਕਾਂ ਲਈ ਵੀ ਹਮਦਰਦੀ ਦਿਖਾਈ। ਯਹੋਵਾਹ ਨੇ ਯੂਨਾਹ ਨਬੀ ਨੂੰ ਨੀਨਵਾਹ ਦੇ ਲੋਕਾਂ ਨੂੰ ਇਹ ਦੱਸਣ ਲਈ ਭੇਜਿਆ ਕਿ ਉਹ ਨੀਨਵਾਹ ਅਤੇ ਇਸ ਦੇ ਦੁਸ਼ਟ ਲੋਕਾਂ ਦਾ ਨਾਸ਼ ਕਰਨ ਵਾਲਾ ਸੀ। ਪਰ ਜਦੋਂ ਨੀਨਵਾਹ ਦੇ ਲੋਕਾਂ ਨੇ ਦਿਲੋਂ ਤੋਬਾ ਕੀਤੀ, ਤਾਂ ਯਹੋਵਾਹ ਨੂੰ ਉਨ੍ਹਾਂ ʼਤੇ ਤਰਸ ਆਇਆ ਅਤੇ ਉਸ ਨੇ ਸ਼ਹਿਰ ਦਾ ਨਾਸ਼ ਨਹੀਂ ਕੀਤਾ।—ਯੂਨਾ. 3:1, 10; 4:10, 11. w23.07 21 ਪੈਰਾ 5