ਸ਼ਨੀਵਾਰ 12 ਜੁਲਾਈ
‘ਉਨ੍ਹਾਂ ਨੇ ਯਹੋਆਸ਼ ਦਾ ਕਤਲ ਕਰ ਦਿੱਤਾ, ਪਰ ਉਨ੍ਹਾਂ ਨੇ ਉਸ ਨੂੰ ਰਾਜਿਆਂ ਦੀਆਂ ਕਬਰਾਂ ਵਿਚ ਨਹੀਂ ਦਫ਼ਨਾਇਆ।’—2 ਇਤਿ. 24:25.
ਅਸੀਂ ਯਹੋਆਸ਼ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਉਹ ਡੰਡੇ ਦੇ ਸਹਾਰੇ ਖੜ੍ਹੇ ਉਸ ਦਰਖ਼ਤ ਵਰਗਾ ਸੀ ਜਿਸ ਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਹਨ। ਤੇਜ਼ ਹਵਾ ਵਗਣ ʼਤੇ ਇੱਦਾਂ ਦਾ ਦਰਖ਼ਤ ਡਿਗ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਯਹੋਆਸ਼ ਦਾ ਸਹਾਰਾ ਯਾਨੀ ਯਹੋਯਾਦਾ ਦੀ ਮੌਤ ਹੋ ਗਈ ਅਤੇ ਧਰਮ-ਤਿਆਗੀਆਂ ਦੀ ਹਵਾ ਵਗੀ, ਤਾਂ ਉਹ ਡਿਗ ਗਿਆ ਯਾਨੀ ਉਹ ਯਹੋਵਾਹ ਦਾ ਵਫ਼ਾਦਾਰ ਨਹੀਂ ਰਿਹਾ। ਇਸ ਜ਼ਬਰਦਸਤ ਮਿਸਾਲ ਤੋਂ ਅਸੀਂ ਇਕ ਸਬਕ ਸਿੱਖ ਸਕਦੇ ਹਾਂ। ਸਾਨੂੰ ਸਿਰਫ਼ ਇਸ ਲਈ ਹੀ ਪਰਮੇਸ਼ੁਰ ਦਾ ਡਰ ਨਹੀਂ ਮੰਨਣਾ ਚਾਹੀਦਾ ਕਿ ਸਾਡੇ ਘਰਦੇ ਅਤੇ ਮੰਡਲੀ ਦੇ ਭੈਣ-ਭਰਾ ਇੱਦਾਂ ਕਰਦੇ ਹਨ। ਇਸ ਦੀ ਬਜਾਇ, ਸਾਨੂੰ ਖ਼ੁਦ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਬਣਾਈ ਰੱਖਣਾ ਚਾਹੀਦਾ ਹੈ ਅਤੇ ਉਸ ਦਾ ਡਰ ਰੱਖਣਾ ਚਾਹੀਦਾ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਬਾਕਾਇਦਾ ਅਧਿਐਨ ਕਰ ਕੇ, ਸੋਚ-ਵਿਚਾਰ ਕਰ ਕੇ ਅਤੇ ਪ੍ਰਾਰਥਨਾ ਕਰ ਕੇ। (ਯਿਰ. 17:7, 8; ਕੁਲੁ. 2:6, 7) ਯਹੋਵਾਹ ਸਾਡੇ ਤੋਂ ਬਹੁਤ ਜ਼ਿਆਦਾ ਦੀ ਮੰਗ ਨਹੀਂ ਕਰਦਾ। ਉਹ ਸਾਡੇ ਤੋਂ ਜੋ ਮੰਗਦਾ ਹੈ, ਉਸ ਬਾਰੇ ਉਪਦੇਸ਼ਕ ਦੀ ਕਿਤਾਬ 12:13 ਵਿਚ ਲਿਖਿਆ ਹੈ: “ਸੱਚੇ ਪਰਮੇਸ਼ੁਰ ਦਾ ਡਰ ਰੱਖ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰ ਕਿਉਂਕਿ ਇਨਸਾਨ ਦਾ ਇਹੀ ਫ਼ਰਜ਼ ਹੈ।” ਪਰਮੇਸ਼ੁਰ ਦਾ ਡਰ ਰੱਖਣ ਕਰਕੇ ਅਸੀਂ ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਡਟ ਕੇ ਸਾਮ੍ਹਣਾ ਕਰ ਸਕਾਂਗੇ। ਨਾਲੇ ਅਸੀਂ ਕਿਸੇ ਵੀ ਚੀਜ਼ ਨੂੰ ਯਹੋਵਾਹ ਨਾਲ ਆਪਣੀ ਦੋਸਤੀ ਤੋੜਨ ਨਹੀਂ ਦੇਵਾਂਗੇ। w23.06 19 ਪੈਰੇ 17-19
ਐਤਵਾਰ 13 ਜੁਲਾਈ
ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।—ਪ੍ਰਕਾ. 21:5.
ਆਇਤ 5 ਵਿਚ ਪਰਮੇਸ਼ੁਰ ਨੇ ਜੋ ਗਾਰੰਟੀ ਦਿੱਤੀ ਹੈ, ਉਹ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ: “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਨੇ ਕਿਹਾ।” (ਪ੍ਰਕਾ. 21:5ੳ) ਇਹ ਸ਼ਬਦ ਮਾਅਨੇ ਰੱਖਦੇ ਹਨ ਕਿਉਂਕਿ ਪ੍ਰਕਾਸ਼ ਦੀ ਕਿਤਾਬ ਵਿਚ ਦਰਜ ਦਰਸ਼ਣਾਂ ਵਿਚ ਯਹੋਵਾਹ ਨੇ ਤਿੰਨ ਮੌਕਿਆਂ ʼਤੇ ਆਪ ਗੱਲ ਕੀਤੀ ਅਤੇ ਇਹ ਉਨ੍ਹਾਂ ਵਿੱਚੋਂ ਇਕ ਹੈ। ਇਹ ਗਾਰੰਟੀ ਨਾ ਤਾਂ ਕਿਸੇ ਤਾਕਤਵਰ ਦੂਤ ਨੇ ਅਤੇ ਨਾ ਹੀ ਸਵਰਗ ਜਾਣ ਤੋਂ ਬਾਅਦ ਯਿਸੂ ਨੇ ਦਿੱਤੀ, ਸਗੋਂ ਖ਼ੁਦ ਯਹੋਵਾਹ ਨੇ ਦਿੱਤੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਉਸ ਨੇ ਅੱਗੇ ਜੋ ਗੱਲਾਂ ਕਹੀਆਂ, ਅਸੀਂ ਉਸ ʼਤੇ ਵੀ ਪੂਰਾ ਭਰੋਸਾ ਰੱਖ ਸਕਦੇ ਹਾਂ। ਕਿਉਂ? ਕਿਉਂਕਿ ਯਹੋਵਾਹ “ਕਦੀ ਝੂਠ ਨਹੀਂ ਬੋਲ ਸਕਦਾ।” (ਤੀਤੁ. 1:2) ਇਸ ਲਈ ਪ੍ਰਕਾਸ਼ ਦੀ ਕਿਤਾਬ 21:5, 6 ਵਿਚ ਲਿਖੀ ਗੱਲ ਪੂਰੀ ਤਰ੍ਹਾਂ ਭਰੋਸੇ ਦੇ ਲਾਇਕ ਹੈ। ਜ਼ਰਾ ਇਕ ਸ਼ਬਦ ʼਤੇ ਗੌਰ ਕਰੋ, “ਦੇਖ!” ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਦੇਖ!” ਕੀਤਾ ਗਿਆ ਹੈ, ਉਹ ਪ੍ਰਕਾਸ਼ ਦੀ ਕਿਤਾਬ ਵਿਚ ਵਾਰ-ਵਾਰ ਵਰਤਿਆ ਗਿਆ ਹੈ। ਸੋ ਅੱਗੇ ਕੀ ਦੱਸਿਆ ਗਿਆ ਹੈ? ਪਰਮੇਸ਼ੁਰ ਨੇ ਕਿਹਾ: “ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।” ਇਹ ਸੱਚ ਹੈ ਕਿ ਯਹੋਵਾਹ ਇੱਥੇ ਭਵਿੱਖ ਬਾਰੇ ਗੱਲ ਕਰ ਰਿਹਾ ਹੈ, ਪਰ ਉਸ ਲਈ ਇਹ ਵਾਅਦਾ ਇੰਨਾ ਪੱਕਾ ਹੈ ਕਿ ਉਹ ਇਸ ਬਾਰੇ ਇੱਦਾਂ ਗੱਲ ਕਰਦਾ ਹੈ ਜਿਵੇਂ ਇਹ ਹੁਣ ਤੋਂ ਹੀ ਪੂਰਾ ਹੋਣਾ ਸ਼ੁਰੂ ਹੋ ਗਿਆ ਹੋਵੇ।—ਯਸਾ. 46:10. w23.11 3-4 ਪੈਰੇ 7-8
ਸੋਮਵਾਰ 14 ਜੁਲਾਈ
ਉਹ ਬਾਹਰ ਜਾ ਕੇ ਭੁੱਬਾਂ ਮਾਰ-ਮਾਰ ਰੋਇਆ।—ਮੱਤੀ 26:75.
ਪਤਰਸ ਰਸੂਲ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪਿਆ। ਜ਼ਰਾ ਕੁਝ ਉਦਾਹਰਣਾਂ ʼਤੇ ਗੌਰ ਕਰੋ। ਜਦੋਂ ਯਿਸੂ ਨੇ ਦੱਸਿਆ ਕਿ ਪਰਮੇਸ਼ੁਰ ਦੇ ਬਚਨ ਵਿਚ ਕੀਤੀਆਂ ਭਵਿੱਖਬਾਣੀਆਂ ਮੁਤਾਬਕ ਉਸ ਨੂੰ ਕਿਵੇਂ ਦੁੱਖ ਝੱਲਣੇ ਪੈਣਗੇ ਅਤੇ ਮਰਨਾ ਪਵੇਗਾ, ਤਾਂ ਪਤਰਸ ਨੇ ਯਿਸੂ ਨੂੰ ਕਿਹਾ ਕਿ ਉਸ ਨਾਲ ਇੱਦਾਂ ਨਾ ਹੋਵੇ। (ਮਰ. 8:31-33) ਪਤਰਸ ਅਤੇ ਦੂਜੇ ਰਸੂਲ ਵਾਰ-ਵਾਰ ਇਸ ਗੱਲ ʼਤੇ ਝਗੜਦੇ ਰਹੇ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ। (ਮਰ. 9:33, 34) ਯਿਸੂ ਦੀ ਮੌਤ ਤੋਂ ਇਕ ਰਾਤ ਪਹਿਲਾਂ ਪਤਰਸ ਨੇ ਬਿਨਾਂ ਸੋਚੇ-ਸਮਝੇ ਇਕ ਆਦਮੀ ਦਾ ਕੰਨ ਵੱਢ ਸੁੱਟਿਆ। (ਯੂਹੰ. 18:10) ਉਸੇ ਰਾਤ ਪਤਰਸ ਇੰਨਾ ਜ਼ਿਆਦਾ ਡਰ ਗਿਆ ਕਿ ਉਸ ਨੇ ਆਪਣੇ ਦੋਸਤ ਯਿਸੂ ਨੂੰ ਪਛਾਣਨ ਤੋਂ ਤਿੰਨ ਵਾਰ ਇਨਕਾਰ ਕੀਤਾ। (ਮਰ. 14:66-72) ਇਸ ਕਰਕੇ ਪਤਰਸ ਭੁੱਬਾਂ ਮਾਰ-ਮਾਰ ਰੋਇਆ। ਪਤਰਸ ਰਸੂਲ ਬਹੁਤ ਜ਼ਿਆਦਾ ਨਿਰਾਸ਼ ਸੀ, ਪਰ ਯਿਸੂ ਨੇ ਉਸ ਨੂੰ ਛੱਡਿਆ ਨਹੀਂ। ਦੁਬਾਰਾ ਜੀ ਉੱਠਣ ਤੋਂ ਬਾਅਦ ਯਿਸੂ ਨੇ ਪਤਰਸ ਨੂੰ ਮੌਕਾ ਦਿੱਤਾ ਕਿ ਉਹ ਉਸ ਲਈ ਆਪਣਾ ਪਿਆਰ ਸਾਬਤ ਕਰੇ। ਯਿਸੂ ਨੇ ਪਤਰਸ ਨੂੰ ਚਰਵਾਹੇ ਵਜੋਂ ਨਿਮਰਤਾ ਨਾਲ ਉਸ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ। (ਯੂਹੰ. 21:15-17) ਪਤਰਸ ਨੇ ਇਸ ਜ਼ਿੰਮੇਵਾਰੀ ਨੂੰ ਕਬੂਲ ਕੀਤਾ। ਉਹ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿਚ ਸੀ ਅਤੇ ਜਿਨ੍ਹਾਂ ਨੂੰ ਪਹਿਲੀ ਵਾਰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਸੀ, ਉਨ੍ਹਾਂ ਵਿਚ ਪਤਰਸ ਵੀ ਸੀ। w23.09 22 ਪੈਰੇ 6-7