ਸੋਮਵਾਰ 14 ਜੁਲਾਈ
ਉਹ ਬਾਹਰ ਜਾ ਕੇ ਭੁੱਬਾਂ ਮਾਰ-ਮਾਰ ਰੋਇਆ।—ਮੱਤੀ 26:75.
ਪਤਰਸ ਰਸੂਲ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪਿਆ। ਜ਼ਰਾ ਕੁਝ ਉਦਾਹਰਣਾਂ ʼਤੇ ਗੌਰ ਕਰੋ। ਜਦੋਂ ਯਿਸੂ ਨੇ ਦੱਸਿਆ ਕਿ ਪਰਮੇਸ਼ੁਰ ਦੇ ਬਚਨ ਵਿਚ ਕੀਤੀਆਂ ਭਵਿੱਖਬਾਣੀਆਂ ਮੁਤਾਬਕ ਉਸ ਨੂੰ ਕਿਵੇਂ ਦੁੱਖ ਝੱਲਣੇ ਪੈਣਗੇ ਅਤੇ ਮਰਨਾ ਪਵੇਗਾ, ਤਾਂ ਪਤਰਸ ਨੇ ਯਿਸੂ ਨੂੰ ਕਿਹਾ ਕਿ ਉਸ ਨਾਲ ਇੱਦਾਂ ਨਾ ਹੋਵੇ। (ਮਰ. 8:31-33) ਪਤਰਸ ਅਤੇ ਦੂਜੇ ਰਸੂਲ ਵਾਰ-ਵਾਰ ਇਸ ਗੱਲ ʼਤੇ ਝਗੜਦੇ ਰਹੇ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ। (ਮਰ. 9:33, 34) ਯਿਸੂ ਦੀ ਮੌਤ ਤੋਂ ਇਕ ਰਾਤ ਪਹਿਲਾਂ ਪਤਰਸ ਨੇ ਬਿਨਾਂ ਸੋਚੇ-ਸਮਝੇ ਇਕ ਆਦਮੀ ਦਾ ਕੰਨ ਵੱਢ ਸੁੱਟਿਆ। (ਯੂਹੰ. 18:10) ਉਸੇ ਰਾਤ ਪਤਰਸ ਇੰਨਾ ਜ਼ਿਆਦਾ ਡਰ ਗਿਆ ਕਿ ਉਸ ਨੇ ਆਪਣੇ ਦੋਸਤ ਯਿਸੂ ਨੂੰ ਪਛਾਣਨ ਤੋਂ ਤਿੰਨ ਵਾਰ ਇਨਕਾਰ ਕੀਤਾ। (ਮਰ. 14:66-72) ਇਸ ਕਰਕੇ ਪਤਰਸ ਭੁੱਬਾਂ ਮਾਰ-ਮਾਰ ਰੋਇਆ। ਪਤਰਸ ਰਸੂਲ ਬਹੁਤ ਜ਼ਿਆਦਾ ਨਿਰਾਸ਼ ਸੀ, ਪਰ ਯਿਸੂ ਨੇ ਉਸ ਨੂੰ ਛੱਡਿਆ ਨਹੀਂ। ਦੁਬਾਰਾ ਜੀ ਉੱਠਣ ਤੋਂ ਬਾਅਦ ਯਿਸੂ ਨੇ ਪਤਰਸ ਨੂੰ ਮੌਕਾ ਦਿੱਤਾ ਕਿ ਉਹ ਉਸ ਲਈ ਆਪਣਾ ਪਿਆਰ ਸਾਬਤ ਕਰੇ। ਯਿਸੂ ਨੇ ਪਤਰਸ ਨੂੰ ਚਰਵਾਹੇ ਵਜੋਂ ਨਿਮਰਤਾ ਨਾਲ ਉਸ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ। (ਯੂਹੰ. 21:15-17) ਪਤਰਸ ਨੇ ਇਸ ਜ਼ਿੰਮੇਵਾਰੀ ਨੂੰ ਕਬੂਲ ਕੀਤਾ। ਉਹ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿਚ ਸੀ ਅਤੇ ਜਿਨ੍ਹਾਂ ਨੂੰ ਪਹਿਲੀ ਵਾਰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਸੀ, ਉਨ੍ਹਾਂ ਵਿਚ ਪਤਰਸ ਵੀ ਸੀ। w23.09 22 ਪੈਰੇ 6-7
ਮੰਗਲਵਾਰ 15 ਜੁਲਾਈ
ਚਰਵਾਹੇ ਵਾਂਗ ਮੇਰੇ ਲੇਲਿਆਂ ਦੀ ਦੇਖ-ਭਾਲ ਕਰ।—ਯੂਹੰ. 21:16.
ਪਤਰਸ ਰਸੂਲ ਵੀ ਇਕ ਬਜ਼ੁਰਗ ਸੀ ਅਤੇ ਉਸ ਨੇ ਹੋਰ ਬਜ਼ੁਰਗਾਂ ਨੂੰ ਗੁਜ਼ਾਰਸ਼ ਕੀਤੀ: “ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰੋ।” (1 ਪਤ. 5:1-4) ਜੇ ਤੁਸੀਂ ਇਕ ਬਜ਼ੁਰਗ ਹੋ, ਤਾਂ ਅਸੀਂ ਇਹ ਜਾਣਦੇ ਹਾਂ ਕਿ ਤੁਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹੋ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨੀ ਚਾਹੁੰਦੇ ਹੋ। ਪਰ ਸ਼ਾਇਦ ਕਦੇ-ਕਦਾਈਂ ਤੁਹਾਨੂੰ ਲੱਗੇ ਕਿ ਤੁਹਾਡੇ ਕੋਲ ਬਹੁਤ ਸਾਰੇ ਕੰਮ ਹਨ ਜਾਂ ਤੁਸੀਂ ਇੰਨੇ ਥੱਕ ਗਏ ਹੋ ਕਿ ਤੁਸੀਂ ਇਸ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰ ਸਕੋਗੇ। ਫਿਰ ਤੁਸੀਂ ਕੀ ਕਰ ਸਕਦੇ ਹੋ? ਯਹੋਵਾਹ ਅੱਗੇ ਆਪਣੇ ਦਿਲ ਦਾ ਹਾਲ ਬਿਆਨ ਕਰੋ। ਪਤਰਸ ਨੇ ਲਿਖਿਆ: “ਜੇ ਕੋਈ ਸੇਵਾ ਕਰਦਾ ਹੈ, ਤਾਂ ਉਹ ਪਰਮੇਸ਼ੁਰ ਦੀ ਤਾਕਤ ਦਾ ਸਹਾਰਾ ਲੈ ਕੇ ਸੇਵਾ ਕਰੇ।” (1 ਪਤ. 4:11) ਤੁਹਾਡੇ ਭੈਣ-ਭਰਾ ਸ਼ਾਇਦ ਅਜਿਹੀਆਂ ਮੁਸ਼ਕਲਾਂ ਝੱਲ ਰਹੇ ਹਨ ਜਿਨ੍ਹਾਂ ਨੂੰ ਇਸ ਦੁਨੀਆਂ ਵਿਚ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ। ਪਰ ਯਾਦ ਰੱਖੋ ਕਿ ਤੁਸੀਂ ਜਿੰਨਾ ਆਪਣੇ ਭੈਣਾਂ-ਭਰਾਵਾਂ ਲਈ ਕਰ ਸਕਦੇ ਹੋ, ਉਸ ਤੋਂ ਕਿਤੇ ਜ਼ਿਆਦਾ “ਮੁੱਖ ਚਰਵਾਹਾ” ਯਿਸੂ ਮਸੀਹ ਉਨ੍ਹਾਂ ਲਈ ਕਰ ਸਕਦਾ ਹੈ। ਉਹ ਅੱਜ ਤੇ ਨਵੀਂ ਦੁਨੀਆਂ ਵਿਚ ਇੱਦਾਂ ਜ਼ਰੂਰ ਕਰੇਗਾ। ਨਾਲੇ ਇਹੀ ਵੀ ਯਾਦ ਰੱਖੋ ਕਿ ਪਰਮੇਸ਼ੁਰ ਬਜ਼ੁਰਗਾਂ ਤੋਂ ਸਿਰਫ਼ ਇਹੀ ਚਾਹੁੰਦਾ ਹੈ ਕਿ ਉਹ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰਨ, ਉਨ੍ਹਾਂ ਦੀ ਦੇਖ-ਭਾਲ ਕਰਨ ਅਤੇ ‘ਭੇਡਾਂ ਲਈ ਮਿਸਾਲ ਬਣਨ।’ w23.09 29-30 ਪੈਰੇ 13-14
ਬੁੱਧਵਾਰ 16 ਜੁਲਾਈ
ਯਹੋਵਾਹ ਜਾਣਦਾ ਹੈ ਕਿ ਬੁੱਧੀਮਾਨਾਂ ਦੀਆਂ ਦਲੀਲਾਂ ਵਿਅਰਥ ਹਨ।—1 ਕੁਰਿੰ. 3:20.
ਸਾਨੂੰ ਇਨਸਾਨੀ ਸੋਚ ਮੁਤਾਬਕ ਚੱਲਣ ਤੋਂ ਬਚਣਾ ਚਾਹੀਦਾ ਹੈ। ਜੇ ਅਸੀਂ ਮਾਮਲਿਆਂ ਨੂੰ ਇਨਸਾਨੀ ਨਜ਼ਰੀਏ ਤੋਂ ਦੇਖਦੇ ਹਾਂ, ਤਾਂ ਹੋ ਸਕਦਾ ਹੈ ਕਿ ਅਸੀਂ ਯਹੋਵਾਹ ਅਤੇ ਉਸ ਦੇ ਮਿਆਰਾਂ ਨੂੰ ਅਣਗੌਲਿਆ ਕਰਨ ਲੱਗ ਪਈਏ। (1 ਕੁਰਿੰ. 3:19) “ਇਸ ਦੁਨੀਆਂ ਦੀ ਬੁੱਧ” ਦੇ ਅਸਰ ਹੇਠ ਲੋਕ ਅਕਸਰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਨੂੰ ਪਹਿਲ ਦਿੰਦੇ ਹਨ। ਪਰਗਮੁਮ ਅਤੇ ਥੂਆਤੀਰਾ ਦੇ ਲੋਕ ਮੂਰਤੀ-ਪੂਜਾ ਅਤੇ ਬਦਚਲਣੀ ਭਰੇ ਕੰਮ ਕਰਦੇ ਸਨ। ਇਨ੍ਹਾਂ ਦਾ ਅਸਰ ਉੱਥੇ ਦੇ ਕੁਝ ਮਸੀਹੀਆਂ ʼਤੇ ਵੀ ਪਿਆ। ਯਿਸੂ ਨੇ ਇਨ੍ਹਾਂ ਦੋਹਾਂ ਮੰਡਲੀਆਂ ਨੂੰ ਸਖ਼ਤ ਸਲਾਹ ਦਿੱਤੀ ਕਿਉਂਕਿ ਇਹ ਹਰਾਮਕਾਰੀ ਨੂੰ ਬਰਦਾਸ਼ਤ ਕਰ ਰਹੀਆਂ ਸਨ। (ਪ੍ਰਕਾ. 2:14, 20) ਅੱਜ ਲੋਕ ਸਾਡੇ ʼਤੇ ਵੀ ਗ਼ਲਤ ਸੋਚ ਅਪਣਾਉਣ ਦਾ ਦਬਾਅ ਪਾਉਂਦੇ ਹਨ। ਸਾਡੇ ਘਰਦੇ ਅਤੇ ਜਾਣ-ਪਛਾਣ ਵਾਲੇ ਸ਼ਾਇਦ ਸਾਨੂੰ ਭਾਵੁਕ ਕਰਨ ਅਤੇ ਸਾਡੇ ʼਤੇ ਯਹੋਵਾਹ ਦੇ ਕਾਨੂੰਨਾਂ ਨਾਲ ਸਮਝੌਤਾ ਕਰਨ ਦਾ ਦਬਾਅ ਪਾਉਣ। ਉਦਾਹਰਣ ਲਈ, ਉਹ ਦਾਅਵਾ ਕਰਨ ਕਿ ਗ਼ਲਤ ਇੱਛਾਵਾਂ ਪੂਰੀਆਂ ਕਰਨ ਵਿਚ ਕੋਈ ਖ਼ਰਾਬੀ ਨਹੀਂ ਹੈ ਅਤੇ ਬਾਈਬਲ ਦੇ ਨੈਤਿਕ ਮਿਆਰ ਪੁਰਾਣੇ ਹੋ ਚੁੱਕੇ ਹਨ। ਕਦੇ-ਕਦਾਈਂ ਸਾਨੂੰ ਲੱਗ ਸਕਦਾ ਹੈ ਕਿ ਯਹੋਵਾਹ ਸਾਨੂੰ ਜੋ ਹਿਦਾਇਤਾਂ ਦਿੰਦਾ ਹੈ, ਉਹ ਕਾਫ਼ੀ ਨਹੀਂ ਹਨ। ਪਰਮੇਸ਼ੁਰ ਦੇ ਬਚਨ ਵਿਚ “ਜੋ ਲਿਖਿਆ ਗਿਆ ਹੈ,” ਅਸੀਂ ਸ਼ਾਇਦ ਉਸ ਤੋਂ ਵਾਧੂ ਕੁਝ ਕਰਨ ਲਈ ਭਰਮਾਏ ਜਾਈਏ।—1 ਕੁਰਿੰ. 4:6. w23.07 16 ਪੈਰੇ 10-11