ਬੁੱਧਵਾਰ 16 ਜੁਲਾਈ
ਯਹੋਵਾਹ ਜਾਣਦਾ ਹੈ ਕਿ ਬੁੱਧੀਮਾਨਾਂ ਦੀਆਂ ਦਲੀਲਾਂ ਵਿਅਰਥ ਹਨ।—1 ਕੁਰਿੰ. 3:20.
ਸਾਨੂੰ ਇਨਸਾਨੀ ਸੋਚ ਮੁਤਾਬਕ ਚੱਲਣ ਤੋਂ ਬਚਣਾ ਚਾਹੀਦਾ ਹੈ। ਜੇ ਅਸੀਂ ਮਾਮਲਿਆਂ ਨੂੰ ਇਨਸਾਨੀ ਨਜ਼ਰੀਏ ਤੋਂ ਦੇਖਦੇ ਹਾਂ, ਤਾਂ ਹੋ ਸਕਦਾ ਹੈ ਕਿ ਅਸੀਂ ਯਹੋਵਾਹ ਅਤੇ ਉਸ ਦੇ ਮਿਆਰਾਂ ਨੂੰ ਅਣਗੌਲਿਆ ਕਰਨ ਲੱਗ ਪਈਏ। (1 ਕੁਰਿੰ. 3:19) “ਇਸ ਦੁਨੀਆਂ ਦੀ ਬੁੱਧ” ਦੇ ਅਸਰ ਹੇਠ ਲੋਕ ਅਕਸਰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਨੂੰ ਪਹਿਲ ਦਿੰਦੇ ਹਨ। ਪਰਗਮੁਮ ਅਤੇ ਥੂਆਤੀਰਾ ਦੇ ਲੋਕ ਮੂਰਤੀ-ਪੂਜਾ ਅਤੇ ਬਦਚਲਣੀ ਭਰੇ ਕੰਮ ਕਰਦੇ ਸਨ। ਇਨ੍ਹਾਂ ਦਾ ਅਸਰ ਉੱਥੇ ਦੇ ਕੁਝ ਮਸੀਹੀਆਂ ʼਤੇ ਵੀ ਪਿਆ। ਯਿਸੂ ਨੇ ਇਨ੍ਹਾਂ ਦੋਹਾਂ ਮੰਡਲੀਆਂ ਨੂੰ ਸਖ਼ਤ ਸਲਾਹ ਦਿੱਤੀ ਕਿਉਂਕਿ ਇਹ ਹਰਾਮਕਾਰੀ ਨੂੰ ਬਰਦਾਸ਼ਤ ਕਰ ਰਹੀਆਂ ਸਨ। (ਪ੍ਰਕਾ. 2:14, 20) ਅੱਜ ਲੋਕ ਸਾਡੇ ʼਤੇ ਵੀ ਗ਼ਲਤ ਸੋਚ ਅਪਣਾਉਣ ਦਾ ਦਬਾਅ ਪਾਉਂਦੇ ਹਨ। ਸਾਡੇ ਘਰਦੇ ਅਤੇ ਜਾਣ-ਪਛਾਣ ਵਾਲੇ ਸ਼ਾਇਦ ਸਾਨੂੰ ਭਾਵੁਕ ਕਰਨ ਅਤੇ ਸਾਡੇ ʼਤੇ ਯਹੋਵਾਹ ਦੇ ਕਾਨੂੰਨਾਂ ਨਾਲ ਸਮਝੌਤਾ ਕਰਨ ਦਾ ਦਬਾਅ ਪਾਉਣ। ਉਦਾਹਰਣ ਲਈ, ਉਹ ਦਾਅਵਾ ਕਰਨ ਕਿ ਗ਼ਲਤ ਇੱਛਾਵਾਂ ਪੂਰੀਆਂ ਕਰਨ ਵਿਚ ਕੋਈ ਖ਼ਰਾਬੀ ਨਹੀਂ ਹੈ ਅਤੇ ਬਾਈਬਲ ਦੇ ਨੈਤਿਕ ਮਿਆਰ ਪੁਰਾਣੇ ਹੋ ਚੁੱਕੇ ਹਨ। ਕਦੇ-ਕਦਾਈਂ ਸਾਨੂੰ ਲੱਗ ਸਕਦਾ ਹੈ ਕਿ ਯਹੋਵਾਹ ਸਾਨੂੰ ਜੋ ਹਿਦਾਇਤਾਂ ਦਿੰਦਾ ਹੈ, ਉਹ ਕਾਫ਼ੀ ਨਹੀਂ ਹਨ। ਪਰਮੇਸ਼ੁਰ ਦੇ ਬਚਨ ਵਿਚ “ਜੋ ਲਿਖਿਆ ਗਿਆ ਹੈ,” ਅਸੀਂ ਸ਼ਾਇਦ ਉਸ ਤੋਂ ਵਾਧੂ ਕੁਝ ਕਰਨ ਲਈ ਭਰਮਾਏ ਜਾਈਏ।—1 ਕੁਰਿੰ. 4:6. w23.07 16 ਪੈਰੇ 10-11
ਵੀਰਵਾਰ 17 ਜੁਲਾਈ
ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।—ਕਹਾ. 17:17.
ਯਿਸੂ ਦੀ ਮਾਤਾ ਮਰੀਅਮ ਨੂੰ ਹਿੰਮਤ ਤੇ ਤਾਕਤ ਦੀ ਲੋੜ ਸੀ। ਉਸ ਵੇਲੇ ਤਕ ਤਾਂ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਉਸ ਨੂੰ ਬੱਚਿਆਂ ਦੀ ਪਰਵਰਿਸ਼ ਕਰਨ ਦਾ ਕੋਈ ਤਜਰਬਾ ਨਹੀਂ ਸੀ, ਪਰ ਉਸ ਨੇ ਉਸ ਮੁੰਡੇ ਦੀ ਦੇਖ-ਭਾਲ ਕਰਨੀ ਸੀ ਜਿਸ ਨੇ ਅੱਗੇ ਜਾ ਕੇ ਮਸੀਹ ਬਣਨਾ ਸੀ। ਉਸ ਨੇ ਕਦੇ ਕਿਸੇ ਨਾਲ ਸਰੀਰਕ ਸੰਬੰਧ ਨਹੀਂ ਬਣਾਏ ਸਨ। ਪਰ ਉਸ ਨੂੰ ਆਪਣੇ ਮੰਗੇਤਰ ਯੂਸੁਫ਼ ਨੂੰ ਦੱਸਣਾ ਪੈਣਾ ਸੀ ਕਿ ਉਹ ਗਰਭਵਤੀ ਹੈ। ਮਰੀਅਮ ਲਈ ਯੂਸੁਫ਼ ਨੂੰ ਇਹ ਗੱਲ ਦੱਸਣੀ ਕਿੰਨੀ ਔਖੀ ਰਹੀ ਹੋਣੀ। (ਲੂਕਾ 1:26-33) ਮਰੀਅਮ ਨੇ ਤਾਕਤ ਕਿਵੇਂ ਹਾਸਲ ਕੀਤੀ? ਉਸ ਨੇ ਦੂਜਿਆਂ ਤੋਂ ਮਦਦ ਲਈ। ਉਦਾਹਰਣ ਲਈ, ਉਸ ਨੇ ਜਿਬਰਾਏਲ ਦੂਤ ਤੋਂ ਆਪਣੀ ਜ਼ਿੰਮੇਵਾਰੀ ਬਾਰੇ ਹੋਰ ਜਾਣਕਾਰੀ ਮੰਗੀ। (ਲੂਕਾ 1:34) ਫਿਰ ਥੋੜ੍ਹੇ ਸਮੇਂ ਬਾਅਦ ਉਹ ਲੰਬਾ ਸਫ਼ਰ ਕਰ ਕੇ “ਪਹਾੜੀ ਇਲਾਕੇ” ਰਾਹੀਂ ਯਹੂਦਾਹ ਦੇ ਇਕ ਸ਼ਹਿਰ ਵਿਚ ਆਪਣੀ ਰਿਸ਼ਤੇਦਾਰ ਇਲੀਸਬਤ ਨੂੰ ਮਿਲਣ ਗਈ। ਇਲੀਸਬਤ ਨੇ ਮਰੀਅਮ ਦੀ ਤਾਰੀਫ਼ ਕੀਤੀ ਅਤੇ ਉਸ ਨੇ ਮਰੀਅਮ ਦੇ ਅਣਜੰਮੇ ਬੱਚੇ ਬਾਰੇ ਯਹੋਵਾਹ ਦੀ ਪ੍ਰੇਰਣਾ ਅਧੀਨ ਇਕ ਹੌਸਲਾ ਦੇਣ ਵਾਲੀ ਭਵਿੱਖਬਾਣੀ ਕੀਤੀ। (ਲੂਕਾ 1:39-45) ਮਰੀਅਮ ਨੇ ਕਿਹਾ ਕਿ ਯਹੋਵਾਹ ਨੇ “ਆਪਣੀ ਬਾਂਹ ਦੇ ਜ਼ੋਰ ਨਾਲ ਵੱਡੇ-ਵੱਡੇ ਕੰਮ ਕੀਤੇ।” (ਲੂਕਾ 1:46-51) ਜਿਬਰਾਏਲ ਅਤੇ ਇਲੀਸਬਤ ਰਾਹੀਂ ਯਹੋਵਾਹ ਨੇ ਮਰੀਅਮ ਨੂੰ ਤਾਕਤ ਦਿੱਤੀ। w23.10 14-15 ਪੈਰੇ 10-12
ਸ਼ੁੱਕਰਵਾਰ 18 ਜੁਲਾਈ
ਉਸ ਨੇ ਸਾਨੂੰ ਰਾਜੇ ਅਤੇ ਪੁਜਾਰੀ ਬਣਾਇਆ ਹੈ ਤਾਂਕਿ ਅਸੀਂ ਉਸ ਦੇ ਪਿਤਾ ਪਰਮੇਸ਼ੁਰ ਦੀ ਸੇਵਾ ਕਰੀਏ।—ਪ੍ਰਕਾ. 1:6.
ਮਸੀਹ ਦੇ ਕੁਝ ਚੇਲਿਆਂ ਨੂੰ ਪਵਿੱਤਰ ਸ਼ਕਤੀ ਰਾਹੀਂ ਚੁਣਿਆ ਗਿਆ ਹੈ ਅਤੇ ਉਨ੍ਹਾਂ ਦਾ ਯਹੋਵਾਹ ਨਾਲ ਇਕ ਖ਼ਾਸ ਰਿਸ਼ਤਾ ਹੈ। ਇਹ 1,44,000 ਚੁਣੇ ਹੋਏ ਮਸੀਹੀ ਸਵਰਗ ਵਿਚ ਯਿਸੂ ਨਾਲ ਮਿਲ ਕੇ ਪੁਜਾਰੀਆਂ ਵਜੋਂ ਸੇਵਾ ਕਰਨਗੇ। (ਪ੍ਰਕਾ. 14:1) ਜਦੋਂ ਉਹ ਹਾਲੇ ਧਰਤੀ ʼਤੇ ਹੀ ਹੁੰਦੇ ਹਨ, ਉਦੋਂ ਹੀ ਪਰਮੇਸ਼ੁਰ ਪਵਿੱਤਰ ਸ਼ਕਤੀ ਨਾਲ ਉਨ੍ਹਾਂ ਨੂੰ ਚੁਣ ਕੇ ਆਪਣੇ ਪੁੱਤਰਾਂ ਵਜੋਂ ਗੋਦ ਲੈਂਦਾ ਹੈ। ਡੇਰੇ ਦਾ ਪਵਿੱਤਰ ਕਮਰਾ ਪਰਮੇਸ਼ੁਰ ਨਾਲ ਉਨ੍ਹਾਂ ਦੇ ਇਸ ਖ਼ਾਸ ਰਿਸ਼ਤੇ ਨੂੰ ਦਰਸਾਉਂਦਾ ਹੈ। (ਰੋਮੀ. 8:15-17) ਡੇਰੇ ਦਾ ਅੱਤ ਪਵਿੱਤਰ ਕਮਰਾ ਸਵਰਗ ਨੂੰ ਦਰਸਾਉਂਦਾ ਹੈ ਜਿੱਥੇ ਯਹੋਵਾਹ ਵੱਸਦਾ ਹੈ। ਪਵਿੱਤਰ ਅਤੇ ਅੱਤ ਪਵਿੱਤਰ ਕਮਰੇ ਵਿਚ ਜੋ “ਪਰਦਾ” ਹੈ, ਉਹ ਯਿਸੂ ਦੇ ਇਨਸਾਨੀ ਸਰੀਰ ਨੂੰ ਦਰਸਾਉਂਦਾ ਹੈ। ਉਹ ਆਪਣੇ ਇਨਸਾਨੀ ਸਰੀਰ ਵਿਚ ਸਵਰਗ ਵਾਪਸ ਨਹੀਂ ਜਾ ਸਕਦਾ ਸੀ ਅਤੇ ਮਹਾਨ ਮੰਦਰ ਵਿਚ ਉੱਤਮ ਮਹਾਂ ਪੁਜਾਰੀ ਵਜੋਂ ਸੇਵਾ ਨਹੀਂ ਸੀ ਕਰ ਸਕਦਾ। ਜਦੋਂ ਯਿਸੂ ਨੇ ਆਪਣਾ ਸਰੀਰ ਇਨਸਾਨਾਂ ਲਈ ਕੁਰਬਾਨ ਕਰ ਦਿੱਤਾ, ਤਾਂ ਉਸ ਨੇ ਸਾਰੇ ਚੁਣੇ ਹੋਏ ਮਸੀਹੀਆਂ ਲਈ ਸਵਰਗ ਜਾਣ ਦਾ ਰਾਹ ਖੋਲ੍ਹ ਦਿੱਤਾ। ਇਨ੍ਹਾਂ ਮਸੀਹੀਆਂ ਨੂੰ ਵੀ ਸਵਰਗ ਵਿਚ ਆਪਣਾ ਇਨਾਮ ਪਾਉਣ ਲਈ ਆਪਣਾ ਇਨਸਾਨੀ ਸਰੀਰ ਛੱਡਣਾ ਪੈਣਾ।—ਇਬ. 10:19, 20; 1 ਕੁਰਿੰ. 15:50. w23.10 28 ਪੈਰਾ 13