ਸ਼ੁੱਕਰਵਾਰ 18 ਜੁਲਾਈ
ਉਸ ਨੇ ਸਾਨੂੰ ਰਾਜੇ ਅਤੇ ਪੁਜਾਰੀ ਬਣਾਇਆ ਹੈ ਤਾਂਕਿ ਅਸੀਂ ਉਸ ਦੇ ਪਿਤਾ ਪਰਮੇਸ਼ੁਰ ਦੀ ਸੇਵਾ ਕਰੀਏ।—ਪ੍ਰਕਾ. 1:6.
ਮਸੀਹ ਦੇ ਕੁਝ ਚੇਲਿਆਂ ਨੂੰ ਪਵਿੱਤਰ ਸ਼ਕਤੀ ਰਾਹੀਂ ਚੁਣਿਆ ਗਿਆ ਹੈ ਅਤੇ ਉਨ੍ਹਾਂ ਦਾ ਯਹੋਵਾਹ ਨਾਲ ਇਕ ਖ਼ਾਸ ਰਿਸ਼ਤਾ ਹੈ। ਇਹ 1,44,000 ਚੁਣੇ ਹੋਏ ਮਸੀਹੀ ਸਵਰਗ ਵਿਚ ਯਿਸੂ ਨਾਲ ਮਿਲ ਕੇ ਪੁਜਾਰੀਆਂ ਵਜੋਂ ਸੇਵਾ ਕਰਨਗੇ। (ਪ੍ਰਕਾ. 14:1) ਜਦੋਂ ਉਹ ਹਾਲੇ ਧਰਤੀ ʼਤੇ ਹੀ ਹੁੰਦੇ ਹਨ, ਉਦੋਂ ਹੀ ਪਰਮੇਸ਼ੁਰ ਪਵਿੱਤਰ ਸ਼ਕਤੀ ਨਾਲ ਉਨ੍ਹਾਂ ਨੂੰ ਚੁਣ ਕੇ ਆਪਣੇ ਪੁੱਤਰਾਂ ਵਜੋਂ ਗੋਦ ਲੈਂਦਾ ਹੈ। ਡੇਰੇ ਦਾ ਪਵਿੱਤਰ ਕਮਰਾ ਪਰਮੇਸ਼ੁਰ ਨਾਲ ਉਨ੍ਹਾਂ ਦੇ ਇਸ ਖ਼ਾਸ ਰਿਸ਼ਤੇ ਨੂੰ ਦਰਸਾਉਂਦਾ ਹੈ। (ਰੋਮੀ. 8:15-17) ਡੇਰੇ ਦਾ ਅੱਤ ਪਵਿੱਤਰ ਕਮਰਾ ਸਵਰਗ ਨੂੰ ਦਰਸਾਉਂਦਾ ਹੈ ਜਿੱਥੇ ਯਹੋਵਾਹ ਵੱਸਦਾ ਹੈ। ਪਵਿੱਤਰ ਅਤੇ ਅੱਤ ਪਵਿੱਤਰ ਕਮਰੇ ਵਿਚ ਜੋ “ਪਰਦਾ” ਹੈ, ਉਹ ਯਿਸੂ ਦੇ ਇਨਸਾਨੀ ਸਰੀਰ ਨੂੰ ਦਰਸਾਉਂਦਾ ਹੈ। ਉਹ ਆਪਣੇ ਇਨਸਾਨੀ ਸਰੀਰ ਵਿਚ ਸਵਰਗ ਵਾਪਸ ਨਹੀਂ ਜਾ ਸਕਦਾ ਸੀ ਅਤੇ ਮਹਾਨ ਮੰਦਰ ਵਿਚ ਉੱਤਮ ਮਹਾਂ ਪੁਜਾਰੀ ਵਜੋਂ ਸੇਵਾ ਨਹੀਂ ਸੀ ਕਰ ਸਕਦਾ। ਜਦੋਂ ਯਿਸੂ ਨੇ ਆਪਣਾ ਸਰੀਰ ਇਨਸਾਨਾਂ ਲਈ ਕੁਰਬਾਨ ਕਰ ਦਿੱਤਾ, ਤਾਂ ਉਸ ਨੇ ਸਾਰੇ ਚੁਣੇ ਹੋਏ ਮਸੀਹੀਆਂ ਲਈ ਸਵਰਗ ਜਾਣ ਦਾ ਰਾਹ ਖੋਲ੍ਹ ਦਿੱਤਾ। ਇਨ੍ਹਾਂ ਮਸੀਹੀਆਂ ਨੂੰ ਵੀ ਸਵਰਗ ਵਿਚ ਆਪਣਾ ਇਨਾਮ ਪਾਉਣ ਲਈ ਆਪਣਾ ਇਨਸਾਨੀ ਸਰੀਰ ਛੱਡਣਾ ਪੈਣਾ।—ਇਬ. 10:19, 20; 1 ਕੁਰਿੰ. 15:50. w23.10 28 ਪੈਰਾ 13
ਸ਼ਨੀਵਾਰ 19 ਜੁਲਾਈ
‘ਜੇ ਮੈਂ ਗਿਦਾਊਨ ਬਾਰੇ ਗੱਲ ਕਰਾਂ, ਤਾਂ ਸਮਾਂ ਘੱਟ ਪੈ ਜਾਵੇਗਾ।’—ਇਬ. 11:32.
ਜਦੋਂ ਇਫ਼ਰਾਈਮੀ ਆਦਮੀ ਗਿਦਾਊਨ ਦੀ ਨੁਕਤਾਚੀਨੀ ਕਰਨ ਲੱਗੇ, ਤਾਂ ਉਨ੍ਹਾਂ ʼਤੇ ਗੁੱਸੇ ਵਿਚ ਭੜਕਣ ਦੀ ਬਜਾਇ ਉਹ ਸ਼ਾਂਤ ਰਿਹਾ। (ਨਿਆ. 8:1-3) ਉਸ ਨੇ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣੀ ਅਤੇ ਨਰਮਾਈ ਨਾਲ ਜਵਾਬ ਦਿੱਤਾ। ਇਸ ਕਰਕੇ ਉਨ੍ਹਾਂ ਆਦਮੀਆਂ ਦਾ ਗੁੱਸਾ ਸ਼ਾਂਤ ਹੋ ਗਿਆ। ਗਿਦਾਊਨ ਦੇ ਰਵੱਈਏ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਨਿਮਰ ਸੀ। ਬਜ਼ੁਰਗ ਗਿਦਾਊਨ ਦੀ ਰੀਸ ਕਰ ਸਕਦੇ ਹਨ। ਜਦੋਂ ਉਨ੍ਹਾਂ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ, ਤਾਂ ਉਹ ਸਮਝਦਾਰੀ ਦਿਖਾਉਂਦਿਆਂ ਧਿਆਨ ਨਾਲ ਗੱਲ ਸੁਣ ਸਕਦੇ ਹਨ ਅਤੇ ਨਰਮਾਈ ਨਾਲ ਜਵਾਬ ਦੇ ਸਕਦੇ ਹਨ। (ਯਾਕੂ. 3:13) ਇਸ ਤਰ੍ਹਾਂ ਉਹ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਦੇ ਹਨ। ਜਦੋਂ ਮਿਦਿਆਨੀਆਂ ʼਤੇ ਜਿੱਤ ਹਾਸਲ ਕਰਨ ਕਰਕੇ ਦੂਜਿਆਂ ਨੇ ਗਿਦਾਊਨ ਦੀ ਤਾਰੀਫ਼ ਕੀਤੀ, ਤਾਂ ਉਸ ਨੇ ਸਾਰੀ ਮਹਿਮਾ ਯਹੋਵਾਹ ਨੂੰ ਦਿੱਤੀ। (ਨਿਆ. 8:22, 23) ਜ਼ਿੰਮੇਵਾਰ ਭਰਾ ਗਿਦਾਊਨ ਦੀ ਰੀਸ ਕਿਵੇਂ ਕਰ ਸਕਦੇ ਹਨ? ਉਹ ਜੋ ਵੀ ਕਰਦੇ ਹਨ, ਉਹ ਉਸ ਦਾ ਸਿਹਰਾ ਯਹੋਵਾਹ ਨੂੰ ਦੇ ਸਕਦੇ ਹਨ। (1 ਕੁਰਿੰ. 4:6, 7) ਉਦਾਹਰਣ ਲਈ, ਜੇ ਵਧੀਆ ਢੰਗ ਨਾਲ ਸਿਖਾਉਣ ਕਰਕੇ ਕਿਸੇ ਬਜ਼ੁਰਗ ਦੀ ਤਾਰੀਫ਼ ਕੀਤੀ ਜਾਂਦੀ ਹੈ, ਤਾਂ ਉਹ ਕਹਿ ਸਕਦਾ ਹੈ ਕਿ ਇਹ ਸਾਰੀ ਜਾਣਕਾਰੀ ਪਰਮੇਸ਼ੁਰ ਦੇ ਬਚਨ ਤੋਂ ਹੈ ਅਤੇ ਅਸੀਂ ਸਾਰੇ ਹੀ ਯਹੋਵਾਹ ਦੇ ਸੰਗਠਨ ਤੋਂ ਸਿੱਖਦੇ ਹਾਂ। ਸਮੇਂ-ਸਮੇਂ ʼਤੇ ਬਜ਼ੁਰਗ ਇਸ ਗੱਲ ʼਤੇ ਸੋਚ-ਵਿਚਾਰ ਕਰ ਸਕਦੇ ਹਨ ਕਿ ਉਹ ਭੈਣਾਂ-ਭਰਾਵਾਂ ਦਾ ਧਿਆਨ ਕਿਤੇ ਆਪਣੇ ਵੱਲ ਤਾਂ ਨਹੀਂ ਖਿੱਚ ਰਹੇ। w23.06 4 ਪੈਰੇ 7-8
ਐਤਵਾਰ 20 ਜੁਲਾਈ
‘ਮੇਰੇ ਵਿਚਾਰ ਤੁਹਾਡੇ ਵਿਚਾਰ ਨਹੀਂ ਹਨ।’—ਯਸਾ. 55:8.
ਹੋ ਸਕਦਾ ਹੈ ਕਿ ਅਸੀਂ ਕਿਸੇ ਗੱਲ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਹੋਵੇ, ਪਰ ਅਜੇ ਤਕ ਸਾਨੂੰ ਉਸ ਦਾ ਜਵਾਬ ਨਹੀਂ ਮਿਲਿਆ। ਇਨ੍ਹਾਂ ਹਾਲਾਤਾਂ ਵਿਚ ਅਸੀਂ ਖ਼ੁਦ ਤੋਂ ਪੁੱਛ ਸਕਦੇ ਹਾਂ, ‘ਕੀ ਮੈਂ ਸਹੀ ਚੀਜ਼ ਲਈ ਪ੍ਰਾਰਥਨਾ ਕਰ ਰਿਹਾ ਹਾਂ?’ ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਨੂੰ ਪਤਾ ਹੈ ਕਿ ਸਾਡੇ ਲਈ ਸਭ ਤੋਂ ਵਧੀਆ ਕੀ ਹੈ। ਪਰ ਹੋ ਸਕਦਾ ਹੈ ਕਿ ਸਾਨੂੰ ਲੰਬੇ ਸਮੇਂ ਲਈ ਉਸ ਦਾ ਫ਼ਾਇਦਾ ਨਾ ਹੋਵੇ। ਹੋ ਸਕਦਾ ਹੈ ਕਿ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਹੀਏ ਕਿ ਉਹ ਸਾਡੀ ਸਮੱਸਿਆ ਦਾ ਹੱਲ ਸਾਡੇ ਦੱਸੇ ਤਰੀਕੇ ਨਾਲ ਕਰੇ। ਪਰ ਸ਼ਾਇਦ ਯਹੋਵਾਹ ਕੋਲ ਉਸ ਤੋਂ ਵੀ ਵਧੀਆ ਹੱਲ ਹੋਵੇ। ਨਾਲੇ ਇਹ ਵੀ ਹੋ ਸਕਦਾ ਹੈ ਕਿ ਅਸੀਂ ਜਿਸ ਚੀਜ਼ ਲਈ ਪ੍ਰਾਰਥਨਾ ਕਰ ਰਹੇ ਹਾਂ, ਉਹ ਉਸ ਦੀ ਮਰਜ਼ੀ ਮੁਤਾਬਕ ਨਾ ਹੋਵੇ। (1 ਯੂਹੰ. 5:14) ਆਓ ਇਕ ਜੋੜੇ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਨੇ ਪ੍ਰਾਰਥਨਾ ਕੀਤੀ ਸੀ ਕਿ ਉਨ੍ਹਾਂ ਦਾ ਬੱਚਾ ਯਹੋਵਾਹ ਦੀ ਸੇਵਾ ਕਰਦਾ ਰਹੇ। ਵੈਸੇ ਤਾਂ ਇੱਦਾਂ ਦੀ ਪ੍ਰਾਰਥਨਾ ਕਰਨੀ ਗ਼ਲਤ ਨਹੀਂ ਹੈ, ਪਰ ਦੇਖਿਆ ਜਾਵੇ ਤਾਂ ਯਹੋਵਾਹ ਕਿਸੇ ਤੋਂ ਵੀ ਜ਼ਬਰਦਸਤੀ ਆਪਣੀ ਸੇਵਾ ਨਹੀਂ ਕਰਵਾਉਂਦਾ। ਉਹ ਚਾਹੁੰਦਾ ਹੈ ਕਿ ਅਸੀਂ ਅਤੇ ਸਾਡੇ ਬੱਚੇ ਆਪਣੀ ਮਰਜ਼ੀ ਨਾਲ ਉਸ ਦੀ ਸੇਵਾ ਕਰਨ। (ਬਿਵ. 10:12, 13; 30:19, 20) ਤਾਂ ਫਿਰ ਉਹ ਜੋੜਾ ਪ੍ਰਾਰਥਨਾ ਵਿਚ ਇਹ ਕਹਿ ਸਕਦਾ ਹੈ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰੇ ਕਿ ਉਹ ਆਪਣੇ ਬੱਚੇ ਦੇ ਦਿਲ ਤਕ ਪਹੁੰਚ ਸਕਣ ਤਾਂਕਿ ਉਨ੍ਹਾਂ ਦਾ ਬੱਚਾ ਖ਼ੁਦ ਯਹੋਵਾਹ ਨੂੰ ਪਿਆਰ ਕਰੇ ਅਤੇ ਉਸ ਦਾ ਦੋਸਤ ਬਣੇ।—ਕਹਾ. 22:6; ਅਫ਼. 6:4. w23.11 21 ਪੈਰਾ 5; 23 ਪੈਰਾ 12