ਸੋਮਵਾਰ 21 ਜੁਲਾਈ
ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ।—1 ਥੱਸ. 4:18.
ਦਿਲਾਸਾ ਦੇਣਾ ਪਿਆਰ ਦਿਖਾਉਣ ਦਾ ਇਕ ਅਹਿਮ ਤਰੀਕਾ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਇਕ ਕਿਤਾਬ ਵਿਚ ਬਾਈਬਲ ਦੀ ਇਸ ਆਇਤ ਬਾਰੇ ਦੱਸਿਆ ਗਿਆ ਹੈ ਕਿ ਜਿਸ ਸ਼ਬਦ ਦਾ ਅਨੁਵਾਦ “ਦਿਲਾਸਾ” ਦੇਣਾ ਕੀਤਾ ਗਿਆ ਹੈ, ਉਸ ਦਾ ਮਤਲਬ ਹੈ, “ਇਕ ਵਿਅਕਤੀ ਦੇ ਨਾਲ ਖੜ੍ਹੇ ਹੋ ਕੇ ਉਸ ਨੂੰ ਹੌਸਲਾ ਦੇਣਾ ਜੋ ਕਿਸੇ ਮੁਸ਼ਕਲ ਵਿੱਚੋਂ ਗੁਜ਼ਰ ਰਿਹਾ ਹੈ।” ਸੋ ਜਦੋਂ ਅਸੀਂ ਕਿਸੇ ਨਿਰਾਸ਼ ਭੈਣ-ਭਰਾ ਨੂੰ ਦਿਲਾਸਾ ਦਿੰਦੇ ਹਾਂ, ਤਾਂ ਅਸੀਂ ਉਸ ਦੀ ਮਦਦ ਕਰ ਰਹੇ ਹੁੰਦੇ ਹਾਂ ਕਿ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਹੇ। ਹਰ ਵਾਰ ਜਦੋਂ ਅਸੀਂ ਕਿਸੇ ਨਿਰਾਸ਼ ਭੈਣ ਜਾਂ ਭਰਾ ਦੀ ਗੱਲ ਸੁਣਨ ਲਈ ਹਾਜ਼ਰ ਹੁੰਦੇ ਹਾਂ ਅਤੇ ਉਸ ਨੂੰ ਆਪਣਾ ਦਿਲ ਖੋਲ੍ਹਣ ਦਾ ਮੌਕਾ ਦਿੰਦੇ ਹਾਂ, ਤਾਂ ਦਰਅਸਲ ਅਸੀਂ ਉਸ ਨੂੰ ਪਿਆਰ ਦਿਖਾ ਰਹੇ ਹੁੰਦੇ ਹਾਂ। (2 ਕੁਰਿੰ. 7:6, 7, 13) ਹਮਦਰਦੀ ਰੱਖਣ ਅਤੇ ਦੂਜਿਆਂ ਨੂੰ ਦਿਲਾਸਾ ਦੇਣ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਕਿੱਦਾਂ? ਇਕ ਹਮਦਰਦ ਇਨਸਾਨ ਦੂਜਿਆਂ ਦੇ ਦਰਦ ਨੂੰ ਸਮਝਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜੇ ਸਾਡੇ ਦਿਲ ਵਿਚ ਦੂਜਿਆਂ ਲਈ ਹਮਦਰਦੀ ਹੋਵੇਗੀ, ਤਾਂ ਹੀ ਅਸੀਂ ਉਨ੍ਹਾਂ ਨੂੰ ਦਿਲਾਸਾ ਦੇਵਾਂਗੇ। ਇੱਥੇ ਪੌਲੁਸ ਨੇ ਸਮਝਾਇਆ ਕਿ ਲੋਕਾਂ ਨਾਲ ਹਮਦਰਦੀ ਹੋਣ ਕਰਕੇ ਯਹੋਵਾਹ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ। ਉਸ ਨੇ ਕਿਹਾ ਕਿ ਯਹੋਵਾਹ “ਦਇਆ ਕਰਨ ਵਾਲਾ ਪਿਤਾ ਹੈ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।”—2 ਕੁਰਿੰ. 1:3. w23.11 9-10 ਪੈਰੇ 8-10
ਮੰਗਲਵਾਰ 22 ਜੁਲਾਈ
‘ਮੁਸੀਬਤਾਂ ਸਹਿੰਦੇ ਹੋਏ ਵੀ ਖ਼ੁਸ਼ੀ ਮਨਾਓ।’—ਰੋਮੀ. 5:3.
ਸਾਰੇ ਮਸੀਹੀਆਂ ʼਤੇ ਮੁਸੀਬਤਾਂ ਆ ਸਕਦੀਆਂ ਹਨ। ਪੌਲੁਸ ਰਸੂਲ ਵੀ ਇਹ ਗੱਲ ਜਾਣਦਾ ਸੀ। ਇਸ ਲਈ ਉਸ ਨੇ ਥੱਸਲੁਨੀਕੇ ਦੇ ਮਸੀਹੀਆਂ ਨੂੰ ਲਿਖਿਆ: “ਤੁਹਾਡੇ ਨਾਲ ਹੁੰਦਿਆਂ ਅਸੀਂ ਤੁਹਾਨੂੰ ਦੱਸਦੇ ਹੁੰਦੇ ਸੀ ਕਿ ਅਸੀਂ ਮੁਸੀਬਤਾਂ ਦਾ ਸਾਮ੍ਹਣਾ ਕਰਾਂਗੇ। . . . ਹੁਣ ਇਸੇ ਤਰ੍ਹਾਂ ਹੋ ਰਿਹਾ ਹੈ।” (1 ਥੱਸ. 3:4) ਨਾਲੇ ਉਸ ਨੇ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਵੀ ਲਿਖਿਆ: ‘ਭਰਾਵੋ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਿੰਨੀਆਂ ਮੁਸੀਬਤਾਂ ਝੱਲੀਆਂ ਸਨ। ਸਾਡੇ ਬਚਣ ਦੀ ਕੋਈ ਉਮੀਦ ਨਹੀਂ ਸੀ।’ (2 ਕੁਰਿੰ. 1:8; 11:23-27) ਅੱਜ ਵੀ ਮਸੀਹੀਆਂ ਨੂੰ ਕਿਸੇ-ਨਾ-ਕਿਸੇ ਤਰ੍ਹਾਂ ਦੀ ਮੁਸੀਬਤ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। (2 ਤਿਮੋ. 3:12) ਯਿਸੂ ʼਤੇ ਨਿਹਚਾ ਕਰਨ ਕਰਕੇ ਸ਼ਾਇਦ ਤੁਹਾਡੇ ਦੋਸਤ ਅਤੇ ਰਿਸ਼ਤੇਦਾਰ ਤੁਹਾਡੇ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਣ। ਕੀ ਈਮਾਨਦਾਰ ਰਹਿਣ ਕਰਕੇ ਤੁਹਾਨੂੰ ਕੰਮ ਦੀ ਥਾਂ ʼਤੇ ਸਤਾਇਆ ਗਿਆ ਹੈ? (ਇਬ. 13:18) ਕੀ ਦੂਜਿਆਂ ਨੂੰ ਆਪਣੀ ਉਮੀਦ ਬਾਰੇ ਦੱਸਣ ਕਰਕੇ ਸਰਕਾਰੀ ਅਧਿਕਾਰੀਆਂ ਨੇ ਤੁਹਾਡਾ ਵਿਰੋਧ ਕੀਤਾ ਹੈ? ਪੌਲੁਸ ਨੇ ਕਿਹਾ ਸੀ ਕਿ ਚਾਹੇ ਸਾਡੇ ʼਤੇ ਜਿੱਦਾਂ ਦੀਆਂ ਮਰਜ਼ੀ ਮੁਸ਼ਕਲਾਂ ਆਉਣ, ਪਰ ਸਾਨੂੰ ਖ਼ੁਸ਼ ਰਹਿਣਾ ਚਾਹੀਦਾ ਹੈ। w23.12 10-11 ਪੈਰੇ 9-10
ਬੁੱਧਵਾਰ 23 ਜੁਲਾਈ
ਤੁਸੀਂ ਮੈਨੂੰ ਬਹੁਤ ਵੱਡੀ ਮੁਸੀਬਤ ਵਿਚ ਪਾ ਦਿੱਤਾ ਹੈ।—ਉਤ. 34:30.
ਯਾਕੂਬ ਨੂੰ ਕਈ ਮੁਸ਼ਕਲਾਂ ਸਹਿਣੀਆਂ ਪਈਆਂ। ਯਾਕੂਬ ਦੇ ਦੋ ਮੁੰਡਿਆਂ ਸ਼ਿਮਓਨ ਅਤੇ ਲੇਵੀ ਨੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਮਿੱਟੀ ਵਿਚ ਰੋਲ਼ ਦਿੱਤਾ ਅਤੇ ਯਹੋਵਾਹ ਦੇ ਨਾਂ ਨੂੰ ਵੀ ਬਦਨਾਮ ਕੀਤਾ। ਇਸ ਤੋਂ ਇਲਾਵਾ, ਯਾਕੂਬ ਦੀ ਪਿਆਰੀ ਪਤਨੀ ਰਾਕੇਲ ਆਪਣੇ ਦੂਜੇ ਬੱਚੇ ਨੂੰ ਜਨਮ ਦਿੰਦੇ ਸਮੇਂ ਮਰ ਗਈ। ਨਾਲੇ ਇਕ ਭਿਆਨਕ ਕਾਲ਼ ਕਰਕੇ ਯਾਕੂਬ ਨੂੰ ਬੁਢਾਪੇ ਵਿਚ ਮਜਬੂਰਨ ਮਿਸਰ ਜਾ ਕੇ ਵੱਸਣਾ ਪਿਆ। (ਉਤ. 35:16-19; 37:28; 45:9-11, 28) ਯਾਕੂਬ ਨੇ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਯਹੋਵਾਹ ਅਤੇ ਉਸ ਦੇ ਵਾਅਦਿਆਂ ʼਤੇ ਭਰੋਸਾ ਕਰਨਾ ਨਹੀਂ ਛੱਡਿਆ। ਨਾਲੇ ਯਹੋਵਾਹ ਨੇ ਵੀ ਹਮੇਸ਼ਾ ਯਾਕੂਬ ʼਤੇ ਮਿਹਰ ਕੀਤੀ। ਉਦਾਹਰਣ ਲਈ, ਯਹੋਵਾਹ ਨੇ ਯਾਕੂਬ ਨੂੰ ਕਾਫ਼ੀ ਕੁਝ ਦਿੱਤਾ। ਇਸ ਤੋਂ ਇਲਾਵਾ, ਯਾਕੂਬ ਨੂੰ ਲੱਗਦਾ ਸੀ ਕਿ ਉਸ ਦਾ ਪੁੱਤਰ ਯੂਸੁਫ਼ ਮਰ ਚੁੱਕਾ ਸੀ। ਪਰ ਜ਼ਰਾ ਸੋਚੋ ਜਦੋਂ ਯਾਕੂਬ ਕਈ ਸਾਲਾਂ ਬਾਅਦ ਯੂਸੁਫ਼ ਨੂੰ ਦੁਬਾਰਾ ਮਿਲਿਆ ਹੋਣਾ, ਤਾਂ ਉਹ ਯਹੋਵਾਹ ਦਾ ਕਿੰਨਾ ਸ਼ੁਕਰਗੁਜ਼ਾਰ ਹੋਇਆ ਹੋਣਾ! ਯਾਕੂਬ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਸੀ ਜਿਸ ਕਰਕੇ ਉਹ ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਝੱਲ ਸਕਿਆ। (ਉਤ. 30:43; 32:9, 10; 46:28-30) ਜਦੋਂ ਅਸੀਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਈ ਰੱਖਦੇ ਹਾਂ, ਤਾਂ ਅਸੀਂ ਵੀ ਅਚਾਨਕ ਆਈਆਂ ਮੁਸ਼ਕਲਾਂ ਦਾ ਡਟ ਕੇ ਮੁਕਾਬਲਾ ਕਰ ਸਕਾਂਗੇ। w23.04 15 ਪੈਰੇ 6-7