ਵੀਰਵਾਰ 24 ਜੁਲਾਈ
ਯਹੋਵਾਹ ਮੇਰਾ ਚਰਵਾਹਾ ਹੈ। ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ।—ਜ਼ਬੂ. 23:1.
ਜ਼ਬੂਰ 23 ਵਿਚ ਦਾਊਦ ਨੇ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ਦੀ ਪਰਵਾਹ ਕਰਦਾ ਹੈ। ਯਹੋਵਾਹ ਨੂੰ ਚਰਵਾਹਾ ਕਹਿ ਕੇ ਉਸ ਨੇ ਜ਼ਾਹਰ ਕੀਤਾ ਕਿ ਉਸ ਦਾ ਅਤੇ ਯਹੋਵਾਹ ਦਾ ਰਿਸ਼ਤਾ ਕਿੰਨਾ ਗੂੜ੍ਹਾ ਹੈ। ਯਹੋਵਾਹ ਦੇ ਦੱਸੇ ਰਾਹ ʼਤੇ ਚੱਲ ਕੇ ਦਾਊਦ ਸੁਰੱਖਿਅਤ ਮਹਿਸੂਸ ਕਰਦਾ ਸੀ। ਨਾਲੇ ਉਹ ਪੂਰੀ ਤਰ੍ਹਾਂ ਯਹੋਵਾਹ ʼਤੇ ਨਿਰਭਰ ਰਹਿੰਦਾ ਸੀ। ਦਾਊਦ ਜਾਣਦਾ ਸੀ ਕਿ ਯਹੋਵਾਹ ਜ਼ਿੰਦਗੀ ਭਰ ਉਸ ਨਾਲ ਅਟੱਲ ਪਿਆਰ ਕਰਦਾ ਰਹੇਗਾ। ਦਾਊਦ ਨੂੰ ਕਿਉਂ ਇੰਨਾ ਯਕੀਨ ਸੀ? ਦਾਊਦ ਨੇ ਮਹਿਸੂਸ ਕੀਤਾ ਕਿ ਯਹੋਵਾਹ ਉਸ ਦਾ ਖ਼ਿਆਲ ਰੱਖ ਰਿਹਾ ਸੀ ਕਿਉਂਕਿ ਯਹੋਵਾਹ ਨੇ ਹਮੇਸ਼ਾ ਉਸ ਦੀਆਂ ਲੋੜਾਂ ਪੂਰੀਆਂ ਕੀਤੀਆਂ ਸਨ। ਉਹ ਇਹ ਵੀ ਜਾਣਦਾ ਸੀ ਕਿ ਯਹੋਵਾਹ ਉਸ ਦਾ ਦੋਸਤ ਹੈ ਅਤੇ ਉਸ ਤੋਂ ਖ਼ੁਸ਼ ਹੈ। ਇਸ ਲਈ ਉਸ ਨੂੰ ਪੂਰਾ ਯਕੀਨ ਸੀ ਕਿ ਕੱਲ੍ਹ ਨੂੰ ਚਾਹੇ ਜੋ ਮਰਜ਼ੀ ਹੋ ਜਾਵੇ, ਯਹੋਵਾਹ ਉਸ ਨੂੰ ਸੰਭਾਲੇਗਾ। ਦਾਊਦ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਹ ਹਮੇਸ਼ਾ ਉਸ ਦਾ ਖ਼ਿਆਲ ਰੱਖੇਗਾ। ਇਸ ਲਈ ਉਹ ਚਿੰਤਾਵਾਂ ਦੇ ਬਾਵਜੂਦ ਵੀ ਖ਼ੁਸ਼ ਰਹਿ ਸਕਿਆ।—ਜ਼ਬੂ. 16:11. w24.01 29 ਪੈਰੇ 12-13
ਸ਼ੁੱਕਰਵਾਰ 25 ਜੁਲਾਈ
ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।—ਮੱਤੀ 28:20.
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯਹੋਵਾਹ ਦੇ ਲੋਕ ਬਹੁਤ ਸਾਰੇ ਦੇਸ਼ਾਂ ਵਿਚ ਸ਼ਾਂਤੀ ਨਾਲ ਤੇ ਬਿਨਾਂ ਰੋਕ-ਟੋਕ ਤੋਂ ਪ੍ਰਚਾਰ ਕਰ ਰਹੇ ਹਨ। ਪਰਮੇਸ਼ੁਰ ਦੇ ਸੇਵਕ ਦੁਨੀਆਂ ਭਰ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਰਹੇ ਹਨ ਅਤੇ ਬਹੁਤ ਸਾਰੇ ਲੋਕ ਯਹੋਵਾਹ ਨੂੰ ਜਾਣ ਰਹੇ ਹਨ। ਅੱਜ ਪ੍ਰਬੰਧਕ ਸਭਾ ਦੇ ਭਰਾ ਹਰ ਮਾਮਲੇ ਵਿਚ ਮਸੀਹ ਦੀ ਅਗਵਾਈ ਭਾਲਦੇ ਹਨ। ਉਹ ਚਾਹੁੰਦੇ ਹਨ ਕਿ ਉਹ ਭੈਣਾਂ-ਭਰਾਵਾਂ ਨੂੰ ਜੋ ਵੀ ਹਿਦਾਇਤਾਂ ਦਿੰਦੇ ਹਨ, ਉਨ੍ਹਾਂ ਤੋਂ ਯਹੋਵਾਹ ਅਤੇ ਯਿਸੂ ਦੀ ਸੋਚ ਜ਼ਾਹਰ ਹੋਵੇ। ਉਹ ਇਹ ਹਿਦਾਇਤਾਂ ਸਰਕਟ ਓਵਰਸੀਅਰਾਂ ਅਤੇ ਬਜ਼ੁਰਗਾਂ ਰਾਹੀਂ ਮੰਡਲੀਆਂ ਤਕ ਪਹੁੰਚਾਉਂਦੇ ਹਨ। ਚੁਣੇ ਹੋਏ ਬਜ਼ੁਰਗ ਅਤੇ ਮੰਡਲੀ ਦੇ ਬਾਕੀ ਬਜ਼ੁਰਗ ਮਸੀਹ ਦੇ “ਸੱਜੇ ਹੱਥ” ਵਿਚ ਹਨ। (ਪ੍ਰਕਾ. 2:1) ਇਹ ਸੱਚ ਹੈ ਕਿ ਇਹ ਸਾਰੇ ਬਜ਼ੁਰਗ ਨਾਮੁਕੰਮਲ ਹਨ ਅਤੇ ਉਨ੍ਹਾਂ ਤੋਂ ਗ਼ਲਤੀਆਂ ਹੁੰਦੀਆਂ ਹਨ, ਬਿਲਕੁਲ ਜਿੱਦਾਂ ਮੂਸਾ, ਯਹੋਸ਼ੁਆ ਅਤੇ ਰਸੂਲਾਂ ਤੋਂ ਵੀ ਹੋਈਆਂ ਸਨ। (ਗਿਣ. 20:12; ਯਹੋ. 9:14, 15; ਰੋਮੀ. 3:23) ਪਰ ਫਿਰ ਵੀ ਇਸ ਗੱਲ ਦੇ ਸਾਫ਼ ਸਬੂਤ ਮਿਲਦੇ ਹਨ ਕਿ ਯਿਸੂ ਬਹੁਤ ਹੀ ਸਮਝਦਾਰੀ ਨਾਲ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਤੇ ਬਜ਼ੁਰਗਾਂ ਰਾਹੀਂ ਸਾਨੂੰ ਸੇਧ ਦੇ ਰਿਹਾ ਹੈ। ਉਹ ਇੱਦਾਂ ਕਰਦਾ ਰਹੇਗਾ। ਇਸ ਲਈ ਬਜ਼ੁਰਗਾਂ ਵੱਲੋਂ ਮਿਲਣ ਵਾਲੀਆਂ ਹਿਦਾਇਤਾਂ ʼਤੇ ਅਸੀਂ ਪੂਰਾ ਭਰੋਸਾ ਕਰ ਸਕਦੇ ਹਾਂ ਜਿਨ੍ਹਾਂ ਰਾਹੀਂ ਯਿਸੂ ਆਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ। w24.02 23-24 ਪੈਰੇ 13-14
ਸ਼ਨੀਵਾਰ 26 ਜੁਲਾਈ
ਤੁਸੀਂ ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ।—ਅਫ਼. 5:1.
ਅੱਜ ਅਸੀਂ ਯਹੋਵਾਹ ਦਾ ਦਿਲ ਕਿਵੇਂ ਖ਼ੁਸ਼ ਕਰ ਸਕਦੇ ਹਾਂ? ਅਸੀਂ ਉਸ ਬਾਰੇ ਲੋਕਾਂ ਨਾਲ ਇਸ ਤਰੀਕੇ ਨਾਲ ਗੱਲ ਕਰ ਸਕਦੇ ਹਾਂ ਜਿਸ ਤੋਂ ਜ਼ਾਹਰ ਹੋਵੇ ਕਿ ਅਸੀਂ ਉਸ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਦਿਲੋਂ ਉਸ ਦੇ ਅਹਿਸਾਨਮੰਦ ਹਾਂ। ਪ੍ਰਚਾਰ ਕਰਦਿਆਂ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਲੋਕ ਯਹੋਵਾਹ ਨੂੰ ਜਾਣਨ, ਉਸ ਨੂੰ ਪਿਆਰ ਕਰਨ ਅਤੇ ਉਸ ਦੇ ਨੇੜੇ ਆਉਣ। (ਯਾਕੂ. 4:8) ਲੋਕਾਂ ਨੂੰ ਬਾਈਬਲ ਤੋਂ ਯਹੋਵਾਹ ਦੇ ਗੁਣਾਂ ਬਾਰੇ ਦੱਸਣਾ ਵੀ ਸਾਨੂੰ ਬਹੁਤ ਵਧੀਆ ਲੱਗਦਾ ਹੈ, ਜਿਵੇਂ ਉਸ ਦੇ ਪਿਆਰ, ਨਿਆਂ, ਬੁੱਧ, ਤਾਕਤ ਅਤੇ ਅਜਿਹੇ ਹੋਰ ਗੁਣਾਂ ਬਾਰੇ। ਜਦੋਂ ਅਸੀਂ ਯਹੋਵਾਹ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਉਦੋਂ ਵੀ ਉਸ ਦੀ ਮਹਿਮਾ ਕਰਦੇ ਹਾਂ ਤੇ ਉਸ ਦਾ ਦਿਲ ਖ਼ੁਸ਼ ਕਰਦੇ ਹਾਂ। ਇੱਦਾਂ ਕਰਨ ਕਰਕੇ ਸ਼ਾਇਦ ਲੋਕ ਧਿਆਨ ਦੇਣ ਕਿ ਅਸੀਂ ਦੁਨੀਆਂ ਦੇ ਲੋਕਾਂ ਨਾਲੋਂ ਕਿੰਨੇ ਵੱਖਰੇ ਹਾਂ। ਰੋਜ਼ਮੱਰਾ ਦੇ ਕੰਮ ਕਰਦਿਆਂ ਸ਼ਾਇਦ ਸਾਨੂੰ ਉਨ੍ਹਾਂ ਲੋਕਾਂ ਨੂੰ ਇਹ ਦੱਸਣ ਦਾ ਮੌਕਾ ਮਿਲੇ ਕਿ ਅਸੀਂ ਕਿਉਂ ਦੁਨੀਆਂ ਦੇ ਬਾਕੀ ਲੋਕਾਂ ਵਰਗੇ ਨਹੀਂ ਹਾਂ। (ਮੱਤੀ 5:14-16) ਨਤੀਜੇ ਵਜੋਂ, ਚੰਗੇ ਦਿਲ ਦੇ ਲੋਕ ਯਹੋਵਾਹ ਵੱਲ ਖਿੱਚੇ ਚਲੇ ਆਉਂਦੇ ਹਨ। ਜਦੋਂ ਅਸੀਂ ਇਨ੍ਹਾਂ ਸਾਰੇ ਤਰੀਕਿਆਂ ਨਾਲ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਹਾਂ, ਤਾਂ ਉਸ ਦਾ ਦਿਲ ਖ਼ੁਸ਼ ਹੁੰਦਾ ਹੈ।—1 ਤਿਮੋ. 2:3, 4. w24.02 10 ਪੈਰਾ 7