ਸੋਮਵਾਰ 7 ਜੁਲਾਈ
ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰੋ। ਜੈ-ਜੈ ਕਾਰ ਕਰਦੇ ਹੋਏ ਉਸ ਦੀ ਹਜ਼ੂਰੀ ਵਿਚ ਆਓ।—ਜ਼ਬੂ. 100:2.
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ੀ-ਖ਼ੁਸ਼ੀ ਅਤੇ ਆਪਣੀ ਇੱਛਾ ਨਾਲ ਉਸ ਦੀ ਸੇਵਾ ਕਰੀਏ। (2 ਕੁਰਿੰ. 9:7) ਤਾਂ ਫਿਰ ਜਦੋਂ ਸਾਡੇ ਵਿਚ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਇੱਛਾ ਨਹੀਂ ਹੁੰਦੀ, ਤਾਂ ਕੀ ਸਾਨੂੰ ਉਦੋਂ ਵੀ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ? ਜ਼ਰਾ ਪੌਲੁਸ ਰਸੂਲ ਦੀ ਮਿਸਾਲ ʼਤੇ ਗੌਰ ਕਰੋ। ਉਸ ਨੇ ਕਿਹਾ: “ਮੈਂ ਆਪਣੇ ਸਰੀਰ ਨੂੰ ਮਾਰ-ਕੁੱਟ ਕੇ ਇਸ ਨੂੰ ਆਪਣਾ ਗ਼ੁਲਾਮ ਬਣਾਉਂਦਾ ਹਾਂ।” (1 ਕੁਰਿੰ. 9:25-27, ਫੁਟਨੋਟ) ਇਸ ਦਾ ਮਤਲਬ ਹੈ ਕਿ ਜਦੋਂ ਪੌਲੁਸ ਵਿਚ ਸਹੀ ਕੰਮ ਕਰਨ ਦੀ ਇੱਛਾ ਨਹੀਂ ਹੁੰਦੀ ਸੀ, ਤਾਂ ਵੀ ਉਹ ਆਪਣੇ ਨਾਲ ਸਖ਼ਤੀ ਵਰਤਦਾ ਸੀ ਅਤੇ ਉਹ ਕੰਮ ਕਰਦਾ ਸੀ। ਕੀ ਯਹੋਵਾਹ ਪੌਲੁਸ ਦੀ ਸੇਵਾ ਤੋਂ ਖ਼ੁਸ਼ ਸੀ? ਬਿਲਕੁਲ। ਯਹੋਵਾਹ ਨੇ ਉਸ ਨੂੰ ਉਸ ਦੀ ਮਿਹਨਤ ਦਾ ਇਨਾਮ ਦਿੱਤਾ। (2 ਤਿਮੋ. 4:7, 8) ਇਸੇ ਤਰ੍ਹਾਂ ਜਦੋਂ ਅਸੀਂ ਇੱਛਾ ਨਾ ਹੋਣ ʼਤੇ ਵੀ ਟੀਚਾ ਹਾਸਲ ਕਰਨ ਲਈ ਮਿਹਨਤ ਕਰਦੇ ਹਾਂ, ਤਾਂ ਯਹੋਵਾਹ ਸਾਡੇ ਤੋਂ ਵੀ ਖ਼ੁਸ਼ ਹੁੰਦਾ ਹੈ। ਯਹੋਵਾਹ ਜਾਣਦਾ ਹੈ ਕਿ ਭਾਵੇਂ ਸਾਨੂੰ ਕੋਈ ਕੰਮ ਕਰਨਾ ਹਮੇਸ਼ਾ ਵਧੀਆ ਨਹੀਂ ਲੱਗਦਾ, ਫਿਰ ਵੀ ਉਸ ਨਾਲ ਪਿਆਰ ਹੋਣ ਕਰਕੇ ਅਸੀਂ ਉਹ ਕੰਮ ਕਰਦੇ ਹਾਂ। ਇਸ ਕਰਕੇ ਉਹ ਸਾਡੇ ਤੋਂ ਖ਼ੁਸ਼ ਹੁੰਦਾ ਹੈ ਅਤੇ ਪੌਲੁਸ ਵਾਂਗ ਸਾਨੂੰ ਵੀ ਬਰਕਤਾਂ ਦਿੰਦਾ ਹੈ। (ਜ਼ਬੂ. 126:5) ਨਾਲੇ ਜਦੋਂ ਅਸੀਂ ਦੇਖਦੇ ਹਾਂ ਕਿ ਯਹੋਵਾਹ ਸਾਡੀ ਮਿਹਨਤ ʼਤੇ ਬਰਕਤ ਪਾਉਂਦਾ ਹੈ, ਤਾਂ ਸ਼ਾਇਦ ਸਾਡੇ ਵਿਚ ਟੀਚਾ ਹਾਸਲ ਕਰਨ ਦੀ ਇੱਛਾ ਪੈਦਾ ਹੋ ਜਾਵੇ। w23.05 29 ਪੈਰੇ 9-10
ਮੰਗਲਵਾਰ 8 ਜੁਲਾਈ
‘ਯਹੋਵਾਹ ਦਾ ਦਿਨ ਆਵੇਗਾ।’—1 ਥੱਸ. 5:2.
ਪੌਲੁਸ ਰਸੂਲ ਨੇ ਉਨ੍ਹਾਂ ਲੋਕਾਂ ਦੀ ਤੁਲਨਾ ਸੁੱਤੇ ਪਏ ਲੋਕਾਂ ਨਾਲ ਕੀਤੀ ਜਿਹੜੇ ਯਹੋਵਾਹ ਦੇ ਦਿਨ ਵਿੱਚੋਂ ਨਹੀਂ ਬਚਣਗੇ। ਜਿਹੜੇ ਲੋਕ ਸੁੱਤੇ ਪਏ ਹੁੰਦੇ ਹਨ, ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ ਜਾਂ ਕਿੰਨਾ ਸਮਾਂ ਹੋ ਗਿਆ ਹੈ। ਇਸ ਕਰਕੇ ਉਨ੍ਹਾਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਕਿਹੜੀਆਂ ਜ਼ਰੂਰੀ ਗੱਲਾਂ ਹੋ ਰਹੀਆਂ ਹਨ ਜਾਂ ਉਨ੍ਹਾਂ ਨੇ ਕੀ ਕਰਨਾ ਹੈ। ਅੱਜ ਜ਼ਿਆਦਾਤਰ ਲੋਕ ਇਕ ਤਰੀਕੇ ਨਾਲ ਸੁੱਤੇ ਪਏ ਹਨ। ਉਹ ਪਰਮੇਸ਼ੁਰੀ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੰਦੇ। (ਰੋਮੀ. 11:8) ਉਹ ਉਨ੍ਹਾਂ ਸਬੂਤਾਂ ਵੱਲ ਕੋਈ ਧਿਆਨ ਨਹੀਂ ਦਿੰਦੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ ਅਤੇ ਛੇਤੀ ਹੀ ਮਹਾਂਕਸ਼ਟ ਆਉਣ ਵਾਲਾ ਹੈ। (2 ਪਤ. 3:3, 4) ਪਰ ਸਾਨੂੰ ਪਤਾ ਹੈ ਕਿ ਜਿੱਦਾਂ-ਜਿੱਦਾਂ ਹਰ ਦਿਨ ਬੀਤਦਾ ਜਾ ਰਿਹਾ ਹੈ, ਉੱਦਾਂ-ਉੱਦਾਂ ਸਾਨੂੰ ਜਾਗਦੇ ਰਹਿਣ ਦੀ ਸਲਾਹ ਨੂੰ ਹੋਰ ਜ਼ਿਆਦਾ ਮੰਨਣ ਦੀ ਲੋੜ ਹੈ। (1 ਥੱਸ. 5:6) ਬਾਈਬਲ ਦੇ ਇਕ ਵਿਦਵਾਨ ਨੇ ਹੋਸ਼ ਵਿਚ ਰਹਿਣ ਬਾਰੇ ਕਿਹਾ: ‘ਠੰਢੇ ਦਿਮਾਗ਼ ਨਾਲ ਹਰ ਗੱਲ ਨੂੰ ਪਰਖਣਾ ਤਾਂਕਿ ਅਸੀਂ ਸਹੀ ਫ਼ੈਸਲੇ ਕਰ ਸਕੀਏ।’ ਇਸ ਲਈ ਸਾਨੂੰ ਠੰਢੇ ਦਿਮਾਗ਼ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਹੋਸ਼ ਵਿਚ ਰਹਿਣਾ ਚਾਹੀਦਾ ਹੈ। ਕਿਉਂ? ਕਿਉਂਕਿ ਅਸੀਂ ਅੱਜ ਦੇ ਰਾਜਨੀਤਿਕ ਅਤੇ ਸਮਾਜਕ ਮਾਮਲਿਆਂ ਤੋਂ ਦੂਰ ਰਹਿਣਾ ਚਾਹੁੰਦੇ ਹਾਂ। ਜਿੱਦਾਂ-ਜਿੱਦਾਂ ਯਹੋਵਾਹ ਦਾ ਦਿਨ ਨੇੜੇ ਆਉਂਦਾ ਜਾ ਰਿਹਾ ਹੈ, ਸਾਡੇ ʼਤੇ ਇਨ੍ਹਾਂ ਮਾਮਲਿਆਂ ਵਿਚ ਪੱਖ ਲੈਣ ਦਾ ਦਬਾਅ ਵਧਦਾ ਜਾਵੇਗਾ। ਪਰ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਅਸੀਂ ਕੀ ਕਰਾਂਗੇ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸ਼ਾਂਤ ਰਹਿਣ, ਸਹੀ ਤਰੀਕੇ ਨਾਲ ਸੋਚਣ ਅਤੇ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰੇਗੀ।—ਲੂਕਾ 12:11, 12. w23.06 10 ਪੈਰੇ 6-7
ਬੁੱਧਵਾਰ 9 ਜੁਲਾਈ
‘ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਕਿਰਪਾ ਕਰ ਕੇ ਮੈਨੂੰ ਯਾਦ ਕਰ, ਮੈਨੂੰ ਜ਼ੋਰ ਬਖ਼ਸ਼ ਦੇ।’—ਨਿਆ. 16:28.
ਸਮਸੂਨ ਦਾ ਨਾਂ ਸੁਣ ਕੇ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਸ਼ਾਇਦ ਤੁਸੀਂ ਸੋਚੋ ਕਿ ਉਹ ਕਿੰਨਾ ਤਾਕਤਵਰ ਸੀ। ਪਰ ਸਮਸੂਨ ਨੇ ਇਕ ਗ਼ਲਤ ਫ਼ੈਸਲਾ ਕੀਤਾ ਜਿਸ ਕਰਕੇ ਉਸ ਨੂੰ ਬੁਰੇ ਨਤੀਜੇ ਭੁਗਤਣੇ ਪਏ। ਫਿਰ ਵੀ ਯਹੋਵਾਹ ਨੇ ਇਸ ਗੱਲ ਵੱਲ ਧਿਆਨ ਦਿੱਤਾ ਕਿ ਸਮਸੂਨ ਨੇ ਉਸ ਦੀ ਸੇਵਾ ਵਿਚ ਕਿੰਨਾ ਕੁਝ ਕੀਤਾ। ਇਸ ਕਰਕੇ ਪਰਮੇਸ਼ੁਰ ਨੇ ਸਾਡੇ ਫ਼ਾਇਦੇ ਲਈ ਸਮਸੂਨ ਦੀ ਵਫ਼ਾਦਾਰੀ ਦੀ ਮਿਸਾਲ ਆਪਣੇ ਬਚਨ ਵਿਚ ਦਰਜ ਕਰਵਾਈ। ਯਹੋਵਾਹ ਨੇ ਆਪਣੀ ਚੁਣੀ ਹੋਈ ਕੌਮ ਇਜ਼ਰਾਈਲ ਦੀ ਮਦਦ ਕਰਨ ਲਈ ਸਮਸੂਨ ਤੋਂ ਸ਼ਾਨਦਾਰ ਕੰਮ ਕਰਵਾਏ। ਸਮਸੂਨ ਦੀ ਮੌਤ ਤੋਂ ਸਦੀਆਂ ਬਾਅਦ ਯਹੋਵਾਹ ਨੇ ਪੌਲੁਸ ਰਸੂਲ ਨੂੰ ਪ੍ਰੇਰਿਤ ਕੀਤਾ ਕਿ ਉਹ ਉਨ੍ਹਾਂ ਆਦਮੀਆਂ ਦੇ ਨਾਵਾਂ ਦੀ ਸੂਚੀ ਵਿਚ ਸਮਸੂਨ ਦਾ ਨਾਂ ਵੀ ਦਰਜ ਕਰੇ ਜਿਨ੍ਹਾਂ ਨੇ ਕਮਾਲ ਦੀ ਨਿਹਚਾ ਦਿਖਾਈ ਸੀ। (ਇਬ. 11:32-34) ਸਮਸੂਨ ਦੀ ਮਿਸਾਲ ਤੋਂ ਅੱਜ ਸਾਨੂੰ ਹੌਸਲਾ ਮਿਲ ਸਕਦਾ ਹੈ। ਉਸ ਨੇ ਔਖੇ ਤੋਂ ਔਖੇ ਹਾਲਾਤਾਂ ਵਿਚ ਵੀ ਯਹੋਵਾਹ ʼਤੇ ਭਰੋਸਾ ਰੱਖਿਆ। ਅਸੀਂ ਸਮਸੂਨ ਤੋਂ ਸਿੱਖ ਸਕਦੇ ਹਾਂ ਅਤੇ ਉਸ ਦੀ ਮਿਸਾਲ ਤੋਂ ਸਾਨੂੰ ਹੌਸਲਾ ਮਿਲ ਸਕਦਾ ਹੈ। w23.09 2 ਪੈਰੇ 1-2