ਐਤਵਾਰ 10 ਅਗਸਤ
ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।—ਕਹਾ. 17:17.
ਜਦੋਂ ਯਹੂਦਿਯਾ ਵਿਚ ਇਕ ਵੱਡਾ ਕਾਲ਼ ਪਿਆ, ਤਾਂ ਅੰਤਾਕੀਆ ਦੇ ਭੈਣਾਂ-ਭਰਾਵਾਂ ਨੇ “ਫ਼ੈਸਲਾ ਕੀਤਾ ਕਿ ਹਰੇਕ ਜਣਾ ਆਪਣੀ ਹੈਸੀਅਤ ਅਨੁਸਾਰ ਯਹੂਦਿਯਾ ਦੇ ਲੋੜਵੰਦ ਭਰਾਵਾਂ ਲਈ ਚੀਜ਼ਾਂ ਘੱਲੇ।” (ਰਸੂ. 11:27-30) ਭਾਵੇਂ ਕਿ ਉਹ ਯਹੂਦਿਯਾ ਦੇ ਮਸੀਹੀਆਂ ਤੋਂ ਬਹੁਤ ਦੂਰ ਰਹਿੰਦੇ ਸਨ, ਫਿਰ ਵੀ ਉਹ ਉਨ੍ਹਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟੇ। (1 ਯੂਹੰ. 3:17, 18) ਅੱਜ ਅਸੀਂ ਵੀ ਹਮਦਰਦੀ ਦਿਖਾ ਸਕਦੇ ਹਾਂ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਭੈਣਾਂ-ਭਰਾਵਾਂ ʼਤੇ ਕੋਈ ਆਫ਼ਤ ਆਈ ਹੈ। ਅਸੀਂ ਝੱਟ ਕਦਮ ਚੁੱਕਦੇ ਹਾਂ, ਜਿਵੇਂ ਕਿ ਸ਼ਾਇਦ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਨ ਬਾਰੇ ਬਜ਼ੁਰਗਾਂ ਨੂੰ ਪੁੱਛ ਸਕਦੇ ਹਾਂ, ਪੂਰੀ ਦੁਨੀਆਂ ਵਿਚ ਹੋ ਰਹੇ ਕੰਮਾਂ ਲਈ ਦਾਨ ਦੇ ਸਕਦੇ ਹਾਂ ਅਤੇ ਆਫ਼ਤ ਵਾਲੇ ਇਲਾਕਿਆਂ ਵਿਚ ਰਹਿਣ ਵਾਲੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ। ਸ਼ਾਇਦ ਸਾਡੇ ਭੈਣਾਂ-ਭਰਾਵਾਂ ਨੂੰ ਰੋਜ਼ਮੱਰਾ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਸਾਡੀ ਮਦਦ ਦੀ ਲੋੜ ਪਵੇ। ਹਮਦਰਦੀ ਹੋਣ ਕਰਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਾਂਗੇ। ਫਿਰ ਜਦੋਂ ਸਾਡਾ ਰਾਜਾ ਯਿਸੂ ਮਸੀਹ ਇਸ ਦੁਨੀਆਂ ਦਾ ਨਿਆਂ ਕਰਨ ਆਵੇਗਾ ਅਤੇ ਸਾਨੂੰ ਹਮਦਰਦੀ ਕਰਦਿਆਂ ਦੇਖੇਗਾ, ਤਾਂ ਉਹ ਸਾਨੂੰ “ਰਾਜ ਨੂੰ ਕਬੂਲ” ਕਰਨ ਦਾ ਸੱਦਾ ਦੇਵੇਗਾ।—ਮੱਤੀ 25:34-40. w23.07 4 ਪੈਰੇ 9-10; 6 ਪੈਰਾ 12
ਸੋਮਵਾਰ 11 ਅਗਸਤ
ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ ਦਿਓ।—ਫ਼ਿਲਿ. 4:5.
ਯਹੋਵਾਹ ਦੀ ਰੀਸ ਕਰਦਿਆਂ ਯਿਸੂ ਵੀ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਸੀ। ਉਸ ਨੂੰ ਧਰਤੀ ਉੱਤੇ “ਇਜ਼ਰਾਈਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ” ਨੂੰ ਪ੍ਰਚਾਰ ਕਰਨ ਲਈ ਭੇਜਿਆ ਗਿਆ ਸੀ। ਪਰ ਉਸ ਨੇ ਇਹ ਜ਼ਿੰਮੇਵਾਰੀ ਪੂਰੀ ਕਰਦਿਆਂ ਦਿਖਾਇਆ ਕਿ ਉਹ ਆਪਣੀ ਗੱਲ ʼਤੇ ਅੜਿਆ ਨਹੀਂ ਰਹਿੰਦਾ। ਇਕ ਮੌਕੇ ʼਤੇ ਇਕ ਗ਼ੈਰ-ਇਜ਼ਰਾਈਲੀ ਔਰਤ ਉਸ ਅੱਗੇ ਤਰਲੇ ਕਰਨ ਲੱਗੀ ਕਿ ਉਹ ਉਸ ਦੀ ਧੀ ਨੂੰ ਠੀਕ ਕਰ ਦੇਵੇ। ਉਸ ਦੀ ਧੀ ਨੂੰ “ਦੁਸ਼ਟ ਦੂਤ ਚਿੰਬੜਿਆ ਹੋਇਆ” ਸੀ। ਯਿਸੂ ਨੇ ਹਮਦਰਦੀ ਦਿਖਾਉਂਦਿਆਂ ਉਸ ਔਰਤ ਦੀ ਧੀ ਨੂੰ ਠੀਕ ਕਰ ਦਿੱਤਾ। (ਮੱਤੀ 15:21-28) ਇਕ ਹੋਰ ਉਦਾਹਰਣ ʼਤੇ ਗੌਰ ਕਰੋ। ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਕੁਝ ਸਮੇਂ ਬਾਅਦ ਯਿਸੂ ਨੇ ਕਿਹਾ ਸੀ: ‘ਜੋ ਮੈਨੂੰ ਕਬੂਲ ਨਹੀਂ ਕਰਦਾ, ਮੈਂ ਵੀ ਉਸ ਨੂੰ ਕਬੂਲ ਨਹੀਂ ਕਰਾਂਗਾ।’ (ਮੱਤੀ 10:33) ਜ਼ਰਾ ਸੋਚੋ ਕਿ ਪਤਰਸ ਨੇ ਤਾਂ ਯਿਸੂ ਨੂੰ ਪਛਾਣਨ ਤੋਂ ਤਿੰਨ ਵਾਰ ਇਨਕਾਰ ਕੀਤਾ ਸੀ, ਪਰ ਕੀ ਯਿਸੂ ਨੇ ਉਸ ਨੂੰ ਤਿਆਗ ਦਿੱਤਾ ਸੀ? ਨਹੀਂ। ਯਿਸੂ ਜਾਣਦਾ ਸੀ ਕਿ ਪਤਰਸ ਨੇ ਦਿਲੋਂ ਤੋਬਾ ਕੀਤੀ ਸੀ ਅਤੇ ਉਹ ਵਫ਼ਾਦਾਰ ਆਦਮੀ ਸੀ। ਯਿਸੂ ਜੀਉਂਦਾ ਹੋਣ ਤੋਂ ਬਾਅਦ ਪਤਰਸ ਅੱਗੇ ਪ੍ਰਗਟ ਹੋਇਆ। ਯਿਸੂ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਨੇ ਪਤਰਸ ਨੂੰ ਮਾਫ਼ ਕਰ ਦਿੱਤਾ ਸੀ ਅਤੇ ਉਹ ਉਸ ਨੂੰ ਅਜੇ ਵੀ ਪਿਆਰ ਕਰਦਾ ਸੀ। (ਲੂਕਾ 24:33, 34) ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਫੇਰ-ਬਦਲ ਕਰਨ ਲਈ ਤਿਆਰ ਰਹਿੰਦੇ ਹਨ। ਸਾਡੇ ਬਾਰੇ ਕੀ? ਯਹੋਵਾਹ ਚਾਹੁੰਦਾ ਹੈ ਕਿ ਅਸੀਂ ਵੀ ਸਮਝਦਾਰੀ ਦਿਖਾਉਂਦੇ ਹੋਏ ਫੇਰ-ਬਦਲ ਕਰਨ ਲਈ ਤਿਆਰ ਰਹੀਏ। w23.07 21 ਪੈਰੇ 6-7
ਮੰਗਲਵਾਰ 12 ਅਗਸਤ
ਮੌਤ ਨਹੀਂ ਰਹੇਗੀ।—ਪ੍ਰਕਾ. 21:4.
ਜੋ ਲੋਕ ਇਸ ਗੱਲ ʼਤੇ ਸ਼ੱਕ ਕਰਦੇ ਹਨ, ਅਸੀਂ ਉਨ੍ਹਾਂ ਨੂੰ ਕਿਵੇਂ ਯਕੀਨ ਦਿਵਾ ਸਕਦੇ ਹਾਂ ਕਿ ਯਹੋਵਾਹ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ? ਅਸੀਂ ਉਨ੍ਹਾਂ ਨੂੰ ਤਿੰਨ ਗੱਲਾਂ ਕਹਿ ਸਕਦੇ ਹਾਂ। ਪਹਿਲੀ, ਯਹੋਵਾਹ ਨੇ ਆਪ ਇਹ ਵਾਅਦਾ ਕੀਤਾ ਹੈ। ਪ੍ਰਕਾਸ਼ ਦੀ ਕਿਤਾਬ ਕਹਿੰਦੀ ਹੈ: “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਨੇ ਕਿਹਾ: ‘ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।’” ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਯਹੋਵਾਹ ਕੋਲ ਬੁੱਧ ਅਤੇ ਤਾਕਤ ਹੈ। ਨਾਲੇ ਉਹ ਆਪਣਾ ਵਾਅਦਾ ਪੂਰਾ ਕਰਨਾ ਵੀ ਚਾਹੁੰਦਾ ਹੈ। ਦੂਜੀ, ਯਹੋਵਾਹ ਲਈ ਇਹ ਵਾਅਦਾ ਇੰਨਾ ਪੱਕਾ ਹੈ ਕਿ ਉਸ ਲਈ ਇਹ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਇਸ ਲਈ ਉਸ ਨੇ ਕਿਹਾ: “ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ। . . . ਇਹ ਗੱਲਾਂ ਪੂਰੀਆਂ ਹੋ ਗਈਆਂ ਹਨ!” ਤੀਜੀ, ਯਹੋਵਾਹ ਜੋ ਵੀ ਕੰਮ ਸ਼ੁਰੂ ਕਰਦਾ ਹੈ, ਉਹ ਉਸ ਨੂੰ ਹਰ ਹਾਲ ਵਿਚ ਪੂਰਾ ਵੀ ਕਰਦਾ ਹੈ। ਇਸੇ ਕਰਕੇ ਉਸ ਨੇ ਕਿਹਾ: “ਮੈਂ ‘ਐਲਫਾ ਅਤੇ ਓਮੇਗਾ’ ਹਾਂ।” (ਪ੍ਰਕਾ. 21:6) ਯਹੋਵਾਹ ਸਾਬਤ ਕਰੇਗਾ ਕਿ ਸ਼ੈਤਾਨ ਝੂਠਾ ਹੈ ਅਤੇ ਉਸ ਦੀਆਂ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੀਆਂ। ਇਸ ਲਈ ਜਦੋਂ ਕੋਈ ਤੁਹਾਨੂੰ ਕਹੇ, “ਇਹ ਤਾਂ ਸਿਰਫ਼ ਕਹਿਣ ਦੀਆਂ ਗੱਲਾਂ ਹਨ, ਇੱਦਾਂ ਕਦੇ ਨਹੀਂ ਹੋਣਾ,” ਤਾਂ ਫਿਰ ਤੁਸੀਂ ਕੀ ਕਹਿ ਸਕਦੇ ਹੋ? ਕਿਉਂ ਨਾ ਤੁਸੀਂ ਉਸ ਨੂੰ ਆਇਤਾਂ 5 ਅਤੇ 6 ਪੜ੍ਹ ਕੇ ਸਮਝਾਓ। ਉਸ ਨੂੰ ਦੱਸੋ ਕਿ ਯਹੋਵਾਹ ਨੇ ਆਪਣਾ ਵਾਅਦਾ ਪੂਰਾ ਕਰਨ ਦੀ ਗਾਰੰਟੀ ਦਿੱਤੀ ਹੈ ਅਤੇ ਉਸ ਵਾਅਦੇ ਹੇਠਾਂ ਇਕ ਤਰ੍ਹਾਂ ਨਾਲ ਉਸ ਨੇ ਆਪਣੇ ਸਾਈਨ ਕੀਤੇ ਹਨ।—ਯਸਾ. 65:16. w23.11 7 ਪੈਰੇ 18-19