ਸੋਮਵਾਰ 11 ਅਗਸਤ
ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ ਦਿਓ।—ਫ਼ਿਲਿ. 4:5.
ਯਹੋਵਾਹ ਦੀ ਰੀਸ ਕਰਦਿਆਂ ਯਿਸੂ ਵੀ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਸੀ। ਉਸ ਨੂੰ ਧਰਤੀ ਉੱਤੇ “ਇਜ਼ਰਾਈਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ” ਨੂੰ ਪ੍ਰਚਾਰ ਕਰਨ ਲਈ ਭੇਜਿਆ ਗਿਆ ਸੀ। ਪਰ ਉਸ ਨੇ ਇਹ ਜ਼ਿੰਮੇਵਾਰੀ ਪੂਰੀ ਕਰਦਿਆਂ ਦਿਖਾਇਆ ਕਿ ਉਹ ਆਪਣੀ ਗੱਲ ʼਤੇ ਅੜਿਆ ਨਹੀਂ ਰਹਿੰਦਾ। ਇਕ ਮੌਕੇ ʼਤੇ ਇਕ ਗ਼ੈਰ-ਇਜ਼ਰਾਈਲੀ ਔਰਤ ਉਸ ਅੱਗੇ ਤਰਲੇ ਕਰਨ ਲੱਗੀ ਕਿ ਉਹ ਉਸ ਦੀ ਧੀ ਨੂੰ ਠੀਕ ਕਰ ਦੇਵੇ। ਉਸ ਦੀ ਧੀ ਨੂੰ “ਦੁਸ਼ਟ ਦੂਤ ਚਿੰਬੜਿਆ ਹੋਇਆ” ਸੀ। ਯਿਸੂ ਨੇ ਹਮਦਰਦੀ ਦਿਖਾਉਂਦਿਆਂ ਉਸ ਔਰਤ ਦੀ ਧੀ ਨੂੰ ਠੀਕ ਕਰ ਦਿੱਤਾ। (ਮੱਤੀ 15:21-28) ਇਕ ਹੋਰ ਉਦਾਹਰਣ ʼਤੇ ਗੌਰ ਕਰੋ। ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਕੁਝ ਸਮੇਂ ਬਾਅਦ ਯਿਸੂ ਨੇ ਕਿਹਾ ਸੀ: ‘ਜੋ ਮੈਨੂੰ ਕਬੂਲ ਨਹੀਂ ਕਰਦਾ, ਮੈਂ ਵੀ ਉਸ ਨੂੰ ਕਬੂਲ ਨਹੀਂ ਕਰਾਂਗਾ।’ (ਮੱਤੀ 10:33) ਜ਼ਰਾ ਸੋਚੋ ਕਿ ਪਤਰਸ ਨੇ ਤਾਂ ਯਿਸੂ ਨੂੰ ਪਛਾਣਨ ਤੋਂ ਤਿੰਨ ਵਾਰ ਇਨਕਾਰ ਕੀਤਾ ਸੀ, ਪਰ ਕੀ ਯਿਸੂ ਨੇ ਉਸ ਨੂੰ ਤਿਆਗ ਦਿੱਤਾ ਸੀ? ਨਹੀਂ। ਯਿਸੂ ਜਾਣਦਾ ਸੀ ਕਿ ਪਤਰਸ ਨੇ ਦਿਲੋਂ ਤੋਬਾ ਕੀਤੀ ਸੀ ਅਤੇ ਉਹ ਵਫ਼ਾਦਾਰ ਆਦਮੀ ਸੀ। ਯਿਸੂ ਜੀਉਂਦਾ ਹੋਣ ਤੋਂ ਬਾਅਦ ਪਤਰਸ ਅੱਗੇ ਪ੍ਰਗਟ ਹੋਇਆ। ਯਿਸੂ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਨੇ ਪਤਰਸ ਨੂੰ ਮਾਫ਼ ਕਰ ਦਿੱਤਾ ਸੀ ਅਤੇ ਉਹ ਉਸ ਨੂੰ ਅਜੇ ਵੀ ਪਿਆਰ ਕਰਦਾ ਸੀ। (ਲੂਕਾ 24:33, 34) ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਫੇਰ-ਬਦਲ ਕਰਨ ਲਈ ਤਿਆਰ ਰਹਿੰਦੇ ਹਨ। ਸਾਡੇ ਬਾਰੇ ਕੀ? ਯਹੋਵਾਹ ਚਾਹੁੰਦਾ ਹੈ ਕਿ ਅਸੀਂ ਵੀ ਸਮਝਦਾਰੀ ਦਿਖਾਉਂਦੇ ਹੋਏ ਫੇਰ-ਬਦਲ ਕਰਨ ਲਈ ਤਿਆਰ ਰਹੀਏ। w23.07 21 ਪੈਰੇ 6-7
ਮੰਗਲਵਾਰ 12 ਅਗਸਤ
ਮੌਤ ਨਹੀਂ ਰਹੇਗੀ।—ਪ੍ਰਕਾ. 21:4.
ਜੋ ਲੋਕ ਇਸ ਗੱਲ ʼਤੇ ਸ਼ੱਕ ਕਰਦੇ ਹਨ, ਅਸੀਂ ਉਨ੍ਹਾਂ ਨੂੰ ਕਿਵੇਂ ਯਕੀਨ ਦਿਵਾ ਸਕਦੇ ਹਾਂ ਕਿ ਯਹੋਵਾਹ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ? ਅਸੀਂ ਉਨ੍ਹਾਂ ਨੂੰ ਤਿੰਨ ਗੱਲਾਂ ਕਹਿ ਸਕਦੇ ਹਾਂ। ਪਹਿਲੀ, ਯਹੋਵਾਹ ਨੇ ਆਪ ਇਹ ਵਾਅਦਾ ਕੀਤਾ ਹੈ। ਪ੍ਰਕਾਸ਼ ਦੀ ਕਿਤਾਬ ਕਹਿੰਦੀ ਹੈ: “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਨੇ ਕਿਹਾ: ‘ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।’” ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਯਹੋਵਾਹ ਕੋਲ ਬੁੱਧ ਅਤੇ ਤਾਕਤ ਹੈ। ਨਾਲੇ ਉਹ ਆਪਣਾ ਵਾਅਦਾ ਪੂਰਾ ਕਰਨਾ ਵੀ ਚਾਹੁੰਦਾ ਹੈ। ਦੂਜੀ, ਯਹੋਵਾਹ ਲਈ ਇਹ ਵਾਅਦਾ ਇੰਨਾ ਪੱਕਾ ਹੈ ਕਿ ਉਸ ਲਈ ਇਹ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਇਸ ਲਈ ਉਸ ਨੇ ਕਿਹਾ: “ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ। . . . ਇਹ ਗੱਲਾਂ ਪੂਰੀਆਂ ਹੋ ਗਈਆਂ ਹਨ!” ਤੀਜੀ, ਯਹੋਵਾਹ ਜੋ ਵੀ ਕੰਮ ਸ਼ੁਰੂ ਕਰਦਾ ਹੈ, ਉਹ ਉਸ ਨੂੰ ਹਰ ਹਾਲ ਵਿਚ ਪੂਰਾ ਵੀ ਕਰਦਾ ਹੈ। ਇਸੇ ਕਰਕੇ ਉਸ ਨੇ ਕਿਹਾ: “ਮੈਂ ‘ਐਲਫਾ ਅਤੇ ਓਮੇਗਾ’ ਹਾਂ।” (ਪ੍ਰਕਾ. 21:6) ਯਹੋਵਾਹ ਸਾਬਤ ਕਰੇਗਾ ਕਿ ਸ਼ੈਤਾਨ ਝੂਠਾ ਹੈ ਅਤੇ ਉਸ ਦੀਆਂ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੀਆਂ। ਇਸ ਲਈ ਜਦੋਂ ਕੋਈ ਤੁਹਾਨੂੰ ਕਹੇ, “ਇਹ ਤਾਂ ਸਿਰਫ਼ ਕਹਿਣ ਦੀਆਂ ਗੱਲਾਂ ਹਨ, ਇੱਦਾਂ ਕਦੇ ਨਹੀਂ ਹੋਣਾ,” ਤਾਂ ਫਿਰ ਤੁਸੀਂ ਕੀ ਕਹਿ ਸਕਦੇ ਹੋ? ਕਿਉਂ ਨਾ ਤੁਸੀਂ ਉਸ ਨੂੰ ਆਇਤਾਂ 5 ਅਤੇ 6 ਪੜ੍ਹ ਕੇ ਸਮਝਾਓ। ਉਸ ਨੂੰ ਦੱਸੋ ਕਿ ਯਹੋਵਾਹ ਨੇ ਆਪਣਾ ਵਾਅਦਾ ਪੂਰਾ ਕਰਨ ਦੀ ਗਾਰੰਟੀ ਦਿੱਤੀ ਹੈ ਅਤੇ ਉਸ ਵਾਅਦੇ ਹੇਠਾਂ ਇਕ ਤਰ੍ਹਾਂ ਨਾਲ ਉਸ ਨੇ ਆਪਣੇ ਸਾਈਨ ਕੀਤੇ ਹਨ।—ਯਸਾ. 65:16. w23.11 7 ਪੈਰੇ 18-19
ਬੁੱਧਵਾਰ 13 ਅਗਸਤ
ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ।—ਉਤ. 12:2.
ਯਹੋਵਾਹ ਨੇ ਅਬਰਾਹਾਮ ਨਾਲ ਇਹ ਵਾਅਦਾ ਕੀਤਾ ਸੀ। ਉਸ ਵੇਲੇ ਅਬਰਾਹਾਮ 75 ਸਾਲਾਂ ਦਾ ਸੀ ਤੇ ਉਸ ਦੇ ਕੋਈ ਔਲਾਦ ਨਹੀਂ ਸੀ। ਕੀ ਅਬਰਾਹਾਮ ਨੇ ਇਹ ਵਾਅਦਾ ਪੂਰਾ ਹੁੰਦਾ ਦੇਖਿਆ? ਜੀ ਹਾਂ, ਪਰ ਪੂਰੀ ਤਰ੍ਹਾਂ ਨਹੀਂ। ਫ਼ਰਾਤ ਦਰਿਆ ਪਾਰ ਕਰ ਕੇ ਉਸ ਨੇ 25 ਸਾਲ ਇੰਤਜ਼ਾਰ ਕੀਤਾ। ਫਿਰ ਯਹੋਵਾਹ ਨੇ ਚਮਤਕਾਰ ਕੀਤਾ ਤੇ ਅਬਰਾਹਾਮ ਦੇ ਇਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਂ ਇਸਹਾਕ ਸੀ। ਫਿਰ 60 ਸਾਲ ਬਾਅਦ ਉਸ ਦੇ ਦੋ ਪੋਤੇ ਹੋਏ, ਏਸਾਓ ਅਤੇ ਯਾਕੂਬ। (ਇਬ. 6:15) ਪਰ ਅਬਰਾਹਾਮ ਨੇ ਕਦੇ ਵੀ ਆਪਣੀ ਪੀੜ੍ਹੀ ਨੂੰ ਇਕ ਵੱਡੀ ਕੌਮ ਬਣਦਿਆਂ ਅਤੇ ਵਾਅਦਾ ਕੀਤੇ ਹੋਏ ਦੇਸ਼ ਦੇ ਵਾਰਸ ਬਣਦਿਆਂ ਨਹੀਂ ਦੇਖਿਆ। ਪਰ ਉਹ ਵਫ਼ਾਦਾਰ ਸੀ ਜਿਸ ਕਰਕੇ ਯਹੋਵਾਹ ਨਾਲ ਉਸ ਦੀ ਗੂੜ੍ਹੀ ਦੋਸਤੀ ਸੀ। (ਯਾਕੂ. 2:23) ਨਾਲੇ ਜਦੋਂ ਅਬਰਾਹਾਮ ਨੂੰ ਧਰਤੀ ʼਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਸ ਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੋਵੇਗੀ ਕਿ ਉਸ ਦੀ ਨਿਹਚਾ ਅਤੇ ਧੀਰਜ ਕਰਕੇ ਸਾਰੀਆਂ ਕੌਮਾਂ ਨੂੰ ਬਰਕਤਾਂ ਮਿਲੀਆਂ। (ਉਤ. 22:18) ਅਸੀਂ ਅਬਰਾਹਾਮ ਤੋਂ ਕੀ ਸਿੱਖਦੇ ਹਾਂ? ਸ਼ਾਇਦ ਅਸੀਂ ਹੁਣ ਆਪਣੀਆਂ ਅੱਖਾਂ ਨਾਲ ਯਹੋਵਾਹ ਦੇ ਸਾਰੇ ਵਾਅਦੇ ਪੂਰੇ ਹੁੰਦੇ ਨਾ ਦੇਖ ਸਕੀਏ। ਪਰ ਜੇ ਅਸੀਂ ਅਬਰਾਹਾਮ ਵਾਂਗ ਧੀਰਜ ਰੱਖੀਏ, ਤਾਂ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਨਾ ਸਿਰਫ਼ ਹੁਣ ਸਾਨੂੰ ਇਨਾਮ ਦੇਵੇਗਾ, ਸਗੋਂ ਨਵੀਂ ਦੁਨੀਆਂ ਵਿਚ ਵੀ ਬੇਸ਼ੁਮਾਰ ਬਰਕਤਾਂ ਦੇਵੇਗਾ।—ਮਰ. 10:29, 30. w23.08 24 ਪੈਰਾ 14