ਵੀਰਵਾਰ 14 ਅਗਸਤ
ਜਦੋਂ ਤਕ ਉਹ ਯਹੋਵਾਹ ਦੀ ਭਾਲ ਕਰਦਾ ਰਿਹਾ, ਸੱਚੇ ਪਰਮੇਸ਼ੁਰ ਨੇ ਉਸ ਨੂੰ ਖ਼ੁਸ਼ਹਾਲ ਬਣਾਇਆ।—2 ਇਤਿ. 26:5.
ਉਜ਼ੀਯਾਹ ਵਾਂਗ ਸਹੀ ਫ਼ੈਸਲੇ ਕਰੋ। ਨੌਜਵਾਨ ਹੁੰਦਿਆਂ ਰਾਜਾ ਉਜ਼ੀਯਾਹ ਨਿਮਰ ਸੀ। ਉਸ ਨੇ “ਸੱਚੇ ਪਰਮੇਸ਼ੁਰ ਦਾ ਡਰ” ਰੱਖਣਾ ਸਿੱਖਿਆ। ਉਹ ਲਗਭਗ 68 ਸਾਲ ਜੀਉਂਦਾ ਰਿਹਾ ਅਤੇ ਜ਼ਿੰਦਗੀ ਦੇ ਜ਼ਿਆਦਾਤਰ ਸਾਲਾਂ ਦੌਰਾਨ ਉਸ ਉੱਤੇ ਯਹੋਵਾਹ ਦੀ ਬਰਕਤ ਰਹੀ। (2 ਇਤਿ. 26:1-4) ਉਜ਼ੀਯਾਹ ਨੇ ਬਹੁਤ ਸਾਰੀਆਂ ਦੁਸ਼ਮਣ ਕੌਮਾਂ ਨੂੰ ਹਰਾਇਆ ਅਤੇ ਯਰੂਸ਼ਲਮ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਵੀ ਕੁਝ ਕਦਮ ਚੁੱਕੇ। (2 ਇਤਿ. 26:6-15) ਪਰਮੇਸ਼ੁਰ ਦੀ ਮਦਦ ਨਾਲ ਉਜ਼ੀਯਾਹ ਜੋ ਵੀ ਕਰ ਸਕਿਆ, ਉਸ ਕਰਕੇ ਉਸ ਨੂੰ ਜ਼ਰੂਰ ਖ਼ੁਸ਼ੀ ਮਿਲੀ ਹੋਣੀ। (ਉਪ. 3:12, 13) ਰਾਜਾ ਉਜ਼ੀਯਾਹ ਨੂੰ ਦੂਸਰਿਆਂ ਨੂੰ ਹਿਦਾਇਤਾਂ ਦੇਣ ਦੀ ਆਦਤ ਪੈ ਗਈ ਸੀ। ਇਸ ਕਰਕੇ ਸ਼ਾਇਦ ਉਹ ਇੱਦਾਂ ਸੋਚਣ ਲੱਗ ਪਿਆ ਸੀ ਕਿ ਉਹ ਕੁਝ ਵੀ ਕਰ ਸਕਦਾ ਹੈ। ਇਕ ਦਿਨ ਉਜ਼ੀਯਾਹ ਯਹੋਵਾਹ ਦੇ ਮੰਦਰ ਵਿਚ ਗਿਆ ਅਤੇ ਘਮੰਡ ਵਿਚ ਆ ਕੇ ਉਸ ਨੇ ਵੇਦੀ ʼਤੇ ਧੂਪ ਧੁਖਾਉਣ ਦੀ ਕੋਸ਼ਿਸ਼ ਕੀਤੀ। ਇਹ ਰਾਜਿਆਂ ਦਾ ਕੰਮ ਨਹੀਂ ਸੀ। (2 ਇਤਿ. 26:16-18) ਮਹਾਂ ਪੁਜਾਰੀ ਅਜ਼ਰਯਾਹ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਜ਼ੀਯਾਹ ਉਸ ʼਤੇ ਗੁੱਸੇ ਵਿਚ ਭੜਕ ਉੱਠਿਆ। ਇਸ ਕਰਕੇ ਯਹੋਵਾਹ ਨੇ ਉਸ ਨੂੰ ਕੋੜ੍ਹ ਦੀ ਬੀਮਾਰੀ ਲਾ ਦਿੱਤੀ। (2 ਇਤਿ. 26:19-21) ਦੁੱਖ ਦੀ ਗੱਲ ਹੈ ਕਿ ਉਜ਼ੀਯਾਹ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਜੋ ਚੰਗਾ ਨਾਂ ਕਮਾਇਆ ਸੀ, ਉਹ ਉਸ ਨੇ ਪਲਾਂ ਵਿਚ ਹੀ ਮਿੱਟੀ ਵਿਚ ਰੋਲ਼ ਦਿੱਤਾ। ਉਸ ਦੀ ਜ਼ਿੰਦਗੀ ਕਿੰਨੀ ਹੀ ਵੱਖਰੀ ਹੋਣੀ ਸੀ ਜੇ ਉਹ ਹਮੇਸ਼ਾ ਨਿਮਰ ਰਹਿੰਦਾ! w23.09 10 ਪੈਰੇ 9-10
ਸ਼ੁੱਕਰਵਾਰ 15 ਅਗਸਤ
‘ਉਹ ਉਨ੍ਹਾਂ ਤੋਂ ਡਰ ਕੇ ਗ਼ੈਰ-ਯਹੂਦੀਆਂ ਤੋਂ ਦੂਰ-ਦੂਰ ਰਹਿਣ ਲੱਗਾ।’—ਗਲਾ. 2:12.
ਪਵਿੱਤਰ ਸ਼ਕਤੀ ਨਾਲ ਚੁਣੇ ਜਾਣ ਤੋਂ ਬਾਅਦ ਵੀ ਪਤਰਸ ਰਸੂਲ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪਿਆ। 36 ਈਸਵੀ ਵਿਚ ਪਰਮੇਸ਼ੁਰ ਨੇ ਪਤਰਸ ਨੂੰ ਕੁਰਨੇਲੀਅਸ ਕੋਲ ਭੇਜਿਆ ਜੋ ਕਿ ਇਕ ਗ਼ੈਰ-ਯਹੂਦੀ ਸੀ। ਉੱਥੇ ਪਰਮੇਸ਼ੁਰ ਨੇ ਪਵਿੱਤਰ ਸ਼ਕਤੀ ਨਾਲ ਕੁਰਨੇਲੀਅਸ ਨੂੰ ਚੁਣਿਆ। ਇਸ ਤੋਂ ਇਹ ਗੱਲ ਸਾਫ਼ ਸੀ ਕਿ “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ” ਅਤੇ ਗ਼ੈਰ-ਯਹੂਦੀ ਵੀ ਮਸੀਹੀ ਮੰਡਲੀ ਦਾ ਹਿੱਸਾ ਬਣ ਸਕਦੇ ਹਨ। (ਰਸੂ. 10:34, 44, 45) ਇਸ ਤੋਂ ਬਾਅਦ ਪਤਰਸ ਗ਼ੈਰ-ਯਹੂਦੀਆਂ ਨਾਲ ਉੱਠਣ-ਬੈਠਣ ਅਤੇ ਉਨ੍ਹਾਂ ਨਾਲ ਖਾਣ-ਪੀਣ ਲੱਗਾ। ਸ਼ਾਇਦ ਉਸ ਨੇ ਪਹਿਲਾਂ ਇੱਦਾਂ ਕਦੇ ਵੀ ਨਹੀਂ ਕੀਤਾ ਹੋਣਾ। ਪਰ ਕੁਝ ਯਹੂਦੀ ਮਸੀਹੀਆਂ ਨੂੰ ਲੱਗਦਾ ਸੀ ਕਿ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਨੂੰ ਮਿਲ ਕੇ ਖਾਣਾ-ਪੀਣਾ ਨਹੀਂ ਚਾਹੀਦਾ। ਜਦੋਂ ਅਜਿਹੀ ਸੋਚ ਰੱਖਣ ਵਾਲੇ ਯਹੂਦੀ ਮਸੀਹੀ ਅੰਤਾਕੀਆ ਆਏ, ਤਾਂ ਉਨ੍ਹਾਂ ਨੂੰ ਨਾਰਾਜ਼ ਕਰਨ ਦੇ ਡਰੋਂ ਪਤਰਸ ਨੇ ਆਪਣੇ ਗ਼ੈਰ-ਯਹੂਦੀ ਭਰਾਵਾਂ ਨਾਲ ਮਿਲ ਕੇ ਖਾਣਾ-ਪੀਣਾ ਛੱਡ ਦਿੱਤਾ। ਪੌਲੁਸ ਰਸੂਲ ਨੇ ਇਸ ਪਖੰਡ ਨੂੰ ਦੇਖਿਆ ਅਤੇ ਉਸ ਨੇ ਸਾਰਿਆਂ ਸਾਮ੍ਹਣੇ ਪਤਰਸ ਨੂੰ ਝਿੜਕਿਆ। (ਗਲਾ. 2:13, 14) ਇਸ ਗ਼ਲਤੀ ਦੇ ਬਾਵਜੂਦ ਵੀ ਪਤਰਸ ਯਹੋਵਾਹ ਦੀ ਸੇਵਾ ਵਿਚ ਲੱਗਾ ਰਿਹਾ। w23.09 22 ਪੈਰਾ 8
ਸ਼ਨੀਵਾਰ 16 ਅਗਸਤ
‘ਉਹ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ।’—1 ਪਤ. 5:10.
ਖ਼ੁਦ ਦੀ ਜਾਂਚ ਕਰ ਕੇ ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਨੂੰ ਆਪਣੇ ਵਿਚ ਕੁਝ ਸੁਧਾਰ ਕਰਨ ਦੀ ਲੋੜ ਹੈ। ਪਰ ਹਾਰ ਨਾ ਮੰਨੋ। ਕਿਉਂ? ਕਿਉਂਕਿ “ਪ੍ਰਭੂ ਦਿਆਲੂ ਹੈ” ਅਤੇ ਉਹ ਸੁਧਾਰ ਕਰਨ ਵਿਚ ਤੁਹਾਡੀ ਜ਼ਰੂਰ ਮਦਦ ਕਰੇਗਾ। (1 ਪਤ. 2:3) ਪਤਰਸ ਰਸੂਲ ਨੇ ਸਾਨੂੰ ਭਰੋਸਾ ਦਿਵਾਇਆ: “ਪਰਮੇਸ਼ੁਰ . . . ਆਪ ਤੁਹਾਡੀ ਸਿਖਲਾਈ ਪੂਰੀ ਕਰੇਗਾ। ਉਹ ਤੁਹਾਨੂੰ ਮਜ਼ਬੂਤ ਕਰੇਗਾ।” ਇਕ ਮੌਕੇ ʼਤੇ ਪਤਰਸ ਨੂੰ ਲੱਗਾ ਕਿ ਉਹ ਪਰਮੇਸ਼ੁਰ ਦੇ ਪੁੱਤਰ ਕੋਲ ਖੜ੍ਹੇ ਰਹਿਣ ਦੇ ਵੀ ਲਾਇਕ ਨਹੀਂ ਹੈ। (ਲੂਕਾ 5:8) ਪਰ ਉਸ ਨੇ ਹਾਰ ਨਹੀਂ ਮੰਨੀ। ਇਸ ਦੀ ਬਜਾਇ, ਯਹੋਵਾਹ ਅਤੇ ਯਿਸੂ ਦੀ ਮਦਦ ਨਾਲ ਉਹ ਵਫ਼ਾਦਾਰੀ ਨਾਲ ਸੇਵਾ ਕਰਦਾ ਰਿਹਾ। ਇਸ ਕਰਕੇ ਯਹੋਵਾਹ ਨੇ ਪਤਰਸ ਨੂੰ ‘ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਹਮੇਸ਼ਾ ਕਾਇਮ ਰਹਿਣ ਵਾਲੇ ਰਾਜ ਵਿਚ ਜਾਣ ਦਾ ਮਾਣ ਬਖ਼ਸ਼ਿਆ।’ (2 ਪਤ. 1:11) ਯਹੋਵਾਹ ਨੇ ਉਸ ਨੂੰ ਕਿੰਨਾ ਹੀ ਵੱਡਾ ਸਨਮਾਨ ਦਿੱਤਾ! ਜੇ ਤੁਸੀਂ ਵੀ ਪਤਰਸ ਵਾਂਗ ਹਾਰ ਨਾ ਮੰਨੋ, ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੋ ਅਤੇ ਉਸ ਤੋਂ ਸਿਖਲਾਈ ਲੈਂਦੇ ਰਹੋ, ਤਾਂ ਉਹ ਤੁਹਾਨੂੰ ਵੀ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। “ਤੁਹਾਨੂੰ ਆਪਣੀ ਨਿਹਚਾ ਕਰਕੇ ਮੁਕਤੀ ਮਿਲੇਗੀ।”—1 ਪਤ. 1:9. w23.09 31 ਪੈਰੇ 16-17