ਸ਼ੁੱਕਰਵਾਰ 1 ਅਗਸਤ
ਧਰਮੀ ʼਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਹਨ, ਪਰ ਯਹੋਵਾਹ ਉਸ ਨੂੰ ਸਾਰੀਆਂ ਮੁਸੀਬਤਾਂ ਵਿੱਚੋਂ ਕੱਢਦਾ ਹੈ।—ਜ਼ਬੂ. 34:19.
ਜ਼ਬੂਰ ਦੀ ਇਸ ਆਇਤ ਵਿਚ ਖ਼ਾਸ ਤੌਰ ʼਤੇ ਦੋ ਗੱਲਾਂ ਬਾਰੇ ਦੱਸਿਆ ਗਿਆ ਹੈ: (1) ਧਰਮੀ ਲੋਕਾਂ ʼਤੇ ਮੁਸੀਬਤਾਂ ਆਉਂਦੀਆਂ ਹਨ। (2) ਯਹੋਵਾਹ ਸਾਨੂੰ ਮੁਸੀਬਤਾਂ ਵਿੱਚੋਂ ਕੱਢਦਾ ਹੈ। ਉਹ ਇਹ ਕਿਵੇਂ ਕਰਦਾ ਹੈ? ਉਸ ਨੇ ਸਾਨੂੰ ਦੱਸਿਆ ਹੈ ਕਿ ਇਸ ਦੁਨੀਆਂ ਵਿਚ ਸਾਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਸਾਡੇ ਨਾਲ ਹਮੇਸ਼ਾ ਚੰਗਾ ਹੀ ਹੋਵੇਗਾ। ਉਹ ਸਾਡੇ ਨਾਲ ਇਹ ਵਾਅਦਾ ਕਰਦਾ ਹੈ ਕਿ ਉਸ ਦੀ ਸੇਵਾ ਕਰ ਕੇ ਸਾਨੂੰ ਖ਼ੁਸ਼ੀ ਮਿਲੇਗੀ, ਪਰ ਉਹ ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਕਿ ਸਾਡੇ ʼਤੇ ਕਦੇ ਕੋਈ ਮੁਸ਼ਕਲ ਨਹੀਂ ਆਵੇਗੀ। (ਯਸਾ. 66:14) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਭਵਿੱਖ ਬਾਰੇ ਸੋਚੀਏ ਯਾਨੀ ਉਸ ਸਮੇਂ ਬਾਰੇ ਜਦੋਂ ਉਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਅਤੇ ਅਸੀਂ ਹਮੇਸ਼ਾ ਲਈ ਖ਼ੁਸ਼ ਰਹਾਂਗੇ। (2 ਕੁਰਿੰ. 4:16-18) ਪਰ ਉਹ ਸਮਾਂ ਆਉਣ ਤਕ ਪਰਮੇਸ਼ੁਰ ਹਰ ਰੋਜ਼ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਹਿੰਮਤ ਨਾ ਹਾਰੀਏ ਅਤੇ ਉਸ ਦੀ ਸੇਵਾ ਕਰਦੇ ਰਹੀਏ। (ਵਿਰ. 3:22-24) ਅਸੀਂ ਬਾਈਬਲ ਦੇ ਜ਼ਮਾਨੇ ਅਤੇ ਅੱਜ ਦੇ ਜ਼ਮਾਨੇ ਦੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਕਈ ਵਾਰ ਸਾਡੇ ʼਤੇ ਅਚਾਨਕ ਕੋਈ ਮੁਸ਼ਕਲ ਆ ਸਕਦੀ ਹੈ। ਪਰ ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਾਂਗੇ, ਤਾਂ ਉਹ ਹਮੇਸ਼ਾ ਸਾਨੂੰ ਸੰਭਾਲੇਗਾ।—ਜ਼ਬੂ. 55:22. w23.04 14-15 ਪੈਰੇ 3-4
ਸ਼ਨੀਵਾਰ 2 ਅਗਸਤ
‘ਉੱਚ ਅਧਿਕਾਰੀਆਂ ਦੇ ਅਧੀਨ ਰਹੋ।’—ਰੋਮੀ. 13:1.
ਅਸੀਂ ਮਰੀਅਮ ਅਤੇ ਯੂਸੁਫ਼ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਨ੍ਹਾਂ ਨੇ ਉਦੋਂ ਵੀ ਉੱਚ ਅਧਿਕਾਰੀਆਂ ਦਾ ਕਹਿਣਾ ਮੰਨਿਆ ਜਦੋਂ ਉਨ੍ਹਾਂ ਲਈ ਇੱਦਾਂ ਕਰਨਾ ਸੌਖਾ ਨਹੀਂ ਸੀ। (ਲੂਕਾ 2:1-6) ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮਰੀਅਮ ਦੇ ਗਰਭ ਦਾ ਲਗਭਗ ਨੌਵਾਂ ਮਹੀਨਾ ਚੱਲ ਰਿਹਾ ਸੀ। ਰੋਮੀ ਸਮਰਾਟ ਅਗਸਤੁਸ ਨੇ ਇਕ ਫ਼ਰਮਾਨ ਜਾਰੀ ਕੀਤਾ ਕਿ ਸਾਰੇ ਲੋਕ ਆਪਣਾ ਨਾਂ ਦਰਜ ਕਰਾਉਣ ਲਈ ਆਪਣੇ ਜੱਦੀ ਸ਼ਹਿਰ ਜਾਣ। ਮਰੀਅਮ ਅਤੇ ਯੂਸੁਫ਼ ਲਈ ਸਰਕਾਰ ਦੀ ਇਹ ਗੱਲ ਮੰਨਣੀ ਬਹੁਤ ਔਖੀ ਰਹੀ ਹੋਣੀ। ਕਿਉਂ? ਕਿਉਂਕਿ ਉਨ੍ਹਾਂ ਨੂੰ 150 ਕਿਲੋਮੀਟਰ (93 ਮੀਲ) ਦੂਰ ਬੈਤਲਹਮ ਤਕ ਸਫ਼ਰ ਕਰਨਾ ਪੈਣਾ ਸੀ, ਉਹ ਵੀ ਪਹਾੜੀ ਇਲਾਕਿਆਂ ਵਿੱਚੋਂ ਦੀ। ਇਹ ਸਫ਼ਰ ਖ਼ਾਸ ਕਰਕੇ ਮਰੀਅਮ ਲਈ ਬਹੁਤ ਔਖਾ ਹੋਣਾ ਸੀ। ਉਸ ਸਮੇਂ ਮਰੀਅਮ ਦੀ ਹਾਲਤ ਬਹੁਤ ਨਾਜ਼ੁਕ ਸੀ ਅਤੇ ਉਨ੍ਹਾਂ ਨੂੰ ਮਰੀਅਮ ਦੀ ਕੁੱਖ ਵਿਚ ਪਲ਼ ਰਹੇ ਬੱਚੇ ਦੀ ਵੀ ਚਿੰਤਾ ਹੋ ਰਹੀ ਹੋਣੀ। ਸ਼ਾਇਦ ਉਨ੍ਹਾਂ ਨੇ ਸੋਚਿਆ ਹੋਣਾ ਕਿ ਜੇ ਉਸ ਨੂੰ ਰਾਹ ਵਿਚ ਹੀ ਜਣਨ ਪੀੜਾਂ ਸ਼ੁਰੂ ਹੋ ਗਈਆਂ, ਤਾਂ ਉਹ ਕੀ ਕਰਨਗੇ। ਨਾਲੇ ਉਸ ਦੀ ਕੁੱਖ ਵਿਚ ਪਲ਼ ਰਹੇ ਬੱਚੇ ਨੇ ਅੱਗੇ ਜਾ ਕੇ ਮਸੀਹ ਬਣਨਾ ਸੀ। ਕੀ ਇਹ ਸਾਰਾ ਕੁਝ ਸੋਚ ਕੇ ਉਨ੍ਹਾਂ ਨੇ ਸਰਕਾਰ ਦਾ ਕਹਿਣਾ ਨਾ ਮੰਨਣ ਦੇ ਬਹਾਨੇ ਬਣਾਏ? ਨਹੀਂ, ਉਨ੍ਹਾਂ ਨੇ ਸਰਕਾਰ ਦਾ ਕਾਨੂੰਨ ਮੰਨਿਆ ਚਾਹੇ ਕਿ ਉਹ ਕਈ ਕਾਰਨਾਂ ਕਰਕੇ ਪਰੇਸ਼ਾਨ ਸਨ। ਯਹੋਵਾਹ ਨੇ ਉਨ੍ਹਾਂ ਦੀ ਆਗਿਆਕਾਰੀ ਦਾ ਇਨਾਮ ਦਿੱਤਾ। ਮਰੀਅਮ ਸੁਰੱਖਿਅਤ ਬੈਤਲਹਮ ਪਹੁੰਚ ਗਈ, ਉਸ ਨੇ ਇਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ ਅਤੇ ਇਸ ਤਰ੍ਹਾਂ ਬਾਈਬਲ ਦੀ ਇਕ ਅਹਿਮ ਭਵਿੱਖਬਾਣੀ ਵੀ ਪੂਰੀ ਹੋਈ!—ਮੀਕਾ. 5:2. w23.10 8 ਪੈਰਾ 9; 9 ਪੈਰੇ 11-12
ਐਤਵਾਰ 3 ਅਗਸਤ
‘ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੋ।’—ਇਬ. 10:25.
ਹੋ ਸਕਦਾ ਹੈ ਕਿ ਤੁਹਾਨੂੰ ਮੀਟਿੰਗਾਂ ਵਿਚ ਜਵਾਬ ਦੇਣ ਦੇ ਖ਼ਿਆਲ ਤੋਂ ਹੀ ਘਬਰਾਹਟ ਹੋਵੇ। ਇਸ ਤਰ੍ਹਾਂ ਹੋਣ ʼਤੇ ਤੁਸੀਂ ਕੀ ਕਰ ਸਕਦੇ ਹੋ? ਇਕ ਸੁਝਾਅ ਹੈ: ਚੰਗੀ ਤਰ੍ਹਾਂ ਤਿਆਰੀ ਕਰੋ। (ਕਹਾ. 21:5) ਜਿੰਨੀ ਚੰਗੀ ਤਰ੍ਹਾਂ ਤੁਸੀਂ ਜਾਣਕਾਰੀ ਤੋਂ ਵਾਕਫ਼ ਹੋਵੋਗੇ, ਤੁਹਾਡੇ ਲਈ ਜਵਾਬ ਦੇਣਾ ਉੱਨਾ ਹੀ ਸੌਖਾ ਹੋਵੇਗਾ। ਇਕ ਹੋਰ ਸੁਝਾਅ ਹੈ: ਛੋਟੇ ਜਵਾਬ ਦਿਓ। (ਕਹਾ. 15:23; 17:27) ਤੁਹਾਡਾ ਜਵਾਬ ਜਿੰਨਾ ਛੋਟਾ ਹੋਵੇਗਾ, ਤੁਹਾਡੀ ਘਬਰਾਹਟ ਉੱਨੀ ਹੀ ਘਟੇਗੀ। ਇਸ ਲਈ ਆਪਣੇ ਸ਼ਬਦਾਂ ਵਿਚ ਛੋਟਾ ਜਿਹਾ ਜਵਾਬ ਦਿਓ। ਇਸ ਤੋਂ ਪਤਾ ਲੱਗੇਗਾ ਕਿ ਤੁਸੀਂ ਵਧੀਆ ਤਿਆਰੀ ਕੀਤੀ ਹੈ ਅਤੇ ਤੁਹਾਨੂੰ ਜਾਣਕਾਰੀ ਦੀ ਵੀ ਚੰਗੀ ਸਮਝ ਹੈ। ਹੋ ਸਕਦਾ ਹੈ ਕਿ ਤੁਸੀਂ ਇਨ੍ਹਾਂ ਵਿੱਚੋਂ ਕੁਝ ਸੁਝਾਅ ਲਾਗੂ ਕੀਤੇ ਹੋਣ। ਫਿਰ ਵੀ ਤੁਸੀਂ ਇਕ ਜਾਂ ਦੋ ਤੋਂ ਜ਼ਿਆਦਾ ਵਾਰ ਜਵਾਬ ਦਿੰਦੇ ਵੇਲੇ ਘਬਰਾ ਜਾਂਦੇ ਹੋ। ਇਸ ਤਰ੍ਹਾਂ ਹੋਣ ʼਤੇ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਜਵਾਬ ਦੇਣ ਲਈ ਤੁਸੀਂ ਜੋ ਮਿਹਨਤ ਕਰਦੇ ਹੋ, ਯਹੋਵਾਹ ਉਸ ਦੀ ਬਹੁਤ ਕਦਰ ਕਰਦਾ ਹੈ। (ਲੂਕਾ 21:1-4) ਪਰ ਮਿਹਨਤ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਉਹ ਕਰਨ ਦੀ ਕੋਸ਼ਿਸ਼ ਕਰੋ ਜੋ ਤੁਸੀਂ ਕਰ ਹੀ ਨਹੀਂ ਸਕਦੇ। (ਫ਼ਿਲਿ. 4:5) ਇਸ ਲਈ ਸੋਚੋ ਕਿ ਤੁਸੀਂ ਕੀ ਕਰ ਸਕਦੇ ਹੋ, ਫਿਰ ਉਸ ਮੁਤਾਬਕ ਟੀਚਾ ਰੱਖੋ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਤੁਹਾਨੂੰ ਘਬਰਾਹਟ ਨਾ ਹੋਵੇ। ਸ਼ੁਰੂ-ਸ਼ੁਰੂ ਵਿਚ ਸ਼ਾਇਦ ਤੁਸੀਂ ਇਕ ਛੋਟਾ ਜਿਹਾ ਜਵਾਬ ਦੇਣ ਦਾ ਟੀਚਾ ਰੱਖ ਸਕਦੇ ਹੋ। w23.04 21 ਪੈਰੇ 6-8