ਸ਼ਨੀਵਾਰ 2 ਅਗਸਤ
‘ਉੱਚ ਅਧਿਕਾਰੀਆਂ ਦੇ ਅਧੀਨ ਰਹੋ।’—ਰੋਮੀ. 13:1.
ਅਸੀਂ ਮਰੀਅਮ ਅਤੇ ਯੂਸੁਫ਼ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਨ੍ਹਾਂ ਨੇ ਉਦੋਂ ਵੀ ਉੱਚ ਅਧਿਕਾਰੀਆਂ ਦਾ ਕਹਿਣਾ ਮੰਨਿਆ ਜਦੋਂ ਉਨ੍ਹਾਂ ਲਈ ਇੱਦਾਂ ਕਰਨਾ ਸੌਖਾ ਨਹੀਂ ਸੀ। (ਲੂਕਾ 2:1-6) ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮਰੀਅਮ ਦੇ ਗਰਭ ਦਾ ਲਗਭਗ ਨੌਵਾਂ ਮਹੀਨਾ ਚੱਲ ਰਿਹਾ ਸੀ। ਰੋਮੀ ਸਮਰਾਟ ਅਗਸਤੁਸ ਨੇ ਇਕ ਫ਼ਰਮਾਨ ਜਾਰੀ ਕੀਤਾ ਕਿ ਸਾਰੇ ਲੋਕ ਆਪਣਾ ਨਾਂ ਦਰਜ ਕਰਾਉਣ ਲਈ ਆਪਣੇ ਜੱਦੀ ਸ਼ਹਿਰ ਜਾਣ। ਮਰੀਅਮ ਅਤੇ ਯੂਸੁਫ਼ ਲਈ ਸਰਕਾਰ ਦੀ ਇਹ ਗੱਲ ਮੰਨਣੀ ਬਹੁਤ ਔਖੀ ਰਹੀ ਹੋਣੀ। ਕਿਉਂ? ਕਿਉਂਕਿ ਉਨ੍ਹਾਂ ਨੂੰ 150 ਕਿਲੋਮੀਟਰ (93 ਮੀਲ) ਦੂਰ ਬੈਤਲਹਮ ਤਕ ਸਫ਼ਰ ਕਰਨਾ ਪੈਣਾ ਸੀ, ਉਹ ਵੀ ਪਹਾੜੀ ਇਲਾਕਿਆਂ ਵਿੱਚੋਂ ਦੀ। ਇਹ ਸਫ਼ਰ ਖ਼ਾਸ ਕਰਕੇ ਮਰੀਅਮ ਲਈ ਬਹੁਤ ਔਖਾ ਹੋਣਾ ਸੀ। ਉਸ ਸਮੇਂ ਮਰੀਅਮ ਦੀ ਹਾਲਤ ਬਹੁਤ ਨਾਜ਼ੁਕ ਸੀ ਅਤੇ ਉਨ੍ਹਾਂ ਨੂੰ ਮਰੀਅਮ ਦੀ ਕੁੱਖ ਵਿਚ ਪਲ਼ ਰਹੇ ਬੱਚੇ ਦੀ ਵੀ ਚਿੰਤਾ ਹੋ ਰਹੀ ਹੋਣੀ। ਸ਼ਾਇਦ ਉਨ੍ਹਾਂ ਨੇ ਸੋਚਿਆ ਹੋਣਾ ਕਿ ਜੇ ਉਸ ਨੂੰ ਰਾਹ ਵਿਚ ਹੀ ਜਣਨ ਪੀੜਾਂ ਸ਼ੁਰੂ ਹੋ ਗਈਆਂ, ਤਾਂ ਉਹ ਕੀ ਕਰਨਗੇ। ਨਾਲੇ ਉਸ ਦੀ ਕੁੱਖ ਵਿਚ ਪਲ਼ ਰਹੇ ਬੱਚੇ ਨੇ ਅੱਗੇ ਜਾ ਕੇ ਮਸੀਹ ਬਣਨਾ ਸੀ। ਕੀ ਇਹ ਸਾਰਾ ਕੁਝ ਸੋਚ ਕੇ ਉਨ੍ਹਾਂ ਨੇ ਸਰਕਾਰ ਦਾ ਕਹਿਣਾ ਨਾ ਮੰਨਣ ਦੇ ਬਹਾਨੇ ਬਣਾਏ? ਨਹੀਂ, ਉਨ੍ਹਾਂ ਨੇ ਸਰਕਾਰ ਦਾ ਕਾਨੂੰਨ ਮੰਨਿਆ ਚਾਹੇ ਕਿ ਉਹ ਕਈ ਕਾਰਨਾਂ ਕਰਕੇ ਪਰੇਸ਼ਾਨ ਸਨ। ਯਹੋਵਾਹ ਨੇ ਉਨ੍ਹਾਂ ਦੀ ਆਗਿਆਕਾਰੀ ਦਾ ਇਨਾਮ ਦਿੱਤਾ। ਮਰੀਅਮ ਸੁਰੱਖਿਅਤ ਬੈਤਲਹਮ ਪਹੁੰਚ ਗਈ, ਉਸ ਨੇ ਇਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ ਅਤੇ ਇਸ ਤਰ੍ਹਾਂ ਬਾਈਬਲ ਦੀ ਇਕ ਅਹਿਮ ਭਵਿੱਖਬਾਣੀ ਵੀ ਪੂਰੀ ਹੋਈ!—ਮੀਕਾ. 5:2. w23.10 8 ਪੈਰਾ 9; 9 ਪੈਰੇ 11-12
ਐਤਵਾਰ 3 ਅਗਸਤ
‘ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੋ।’—ਇਬ. 10:25.
ਹੋ ਸਕਦਾ ਹੈ ਕਿ ਤੁਹਾਨੂੰ ਮੀਟਿੰਗਾਂ ਵਿਚ ਜਵਾਬ ਦੇਣ ਦੇ ਖ਼ਿਆਲ ਤੋਂ ਹੀ ਘਬਰਾਹਟ ਹੋਵੇ। ਇਸ ਤਰ੍ਹਾਂ ਹੋਣ ʼਤੇ ਤੁਸੀਂ ਕੀ ਕਰ ਸਕਦੇ ਹੋ? ਇਕ ਸੁਝਾਅ ਹੈ: ਚੰਗੀ ਤਰ੍ਹਾਂ ਤਿਆਰੀ ਕਰੋ। (ਕਹਾ. 21:5) ਜਿੰਨੀ ਚੰਗੀ ਤਰ੍ਹਾਂ ਤੁਸੀਂ ਜਾਣਕਾਰੀ ਤੋਂ ਵਾਕਫ਼ ਹੋਵੋਗੇ, ਤੁਹਾਡੇ ਲਈ ਜਵਾਬ ਦੇਣਾ ਉੱਨਾ ਹੀ ਸੌਖਾ ਹੋਵੇਗਾ। ਇਕ ਹੋਰ ਸੁਝਾਅ ਹੈ: ਛੋਟੇ ਜਵਾਬ ਦਿਓ। (ਕਹਾ. 15:23; 17:27) ਤੁਹਾਡਾ ਜਵਾਬ ਜਿੰਨਾ ਛੋਟਾ ਹੋਵੇਗਾ, ਤੁਹਾਡੀ ਘਬਰਾਹਟ ਉੱਨੀ ਹੀ ਘਟੇਗੀ। ਇਸ ਲਈ ਆਪਣੇ ਸ਼ਬਦਾਂ ਵਿਚ ਛੋਟਾ ਜਿਹਾ ਜਵਾਬ ਦਿਓ। ਇਸ ਤੋਂ ਪਤਾ ਲੱਗੇਗਾ ਕਿ ਤੁਸੀਂ ਵਧੀਆ ਤਿਆਰੀ ਕੀਤੀ ਹੈ ਅਤੇ ਤੁਹਾਨੂੰ ਜਾਣਕਾਰੀ ਦੀ ਵੀ ਚੰਗੀ ਸਮਝ ਹੈ। ਹੋ ਸਕਦਾ ਹੈ ਕਿ ਤੁਸੀਂ ਇਨ੍ਹਾਂ ਵਿੱਚੋਂ ਕੁਝ ਸੁਝਾਅ ਲਾਗੂ ਕੀਤੇ ਹੋਣ। ਫਿਰ ਵੀ ਤੁਸੀਂ ਇਕ ਜਾਂ ਦੋ ਤੋਂ ਜ਼ਿਆਦਾ ਵਾਰ ਜਵਾਬ ਦਿੰਦੇ ਵੇਲੇ ਘਬਰਾ ਜਾਂਦੇ ਹੋ। ਇਸ ਤਰ੍ਹਾਂ ਹੋਣ ʼਤੇ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਜਵਾਬ ਦੇਣ ਲਈ ਤੁਸੀਂ ਜੋ ਮਿਹਨਤ ਕਰਦੇ ਹੋ, ਯਹੋਵਾਹ ਉਸ ਦੀ ਬਹੁਤ ਕਦਰ ਕਰਦਾ ਹੈ। (ਲੂਕਾ 21:1-4) ਪਰ ਮਿਹਨਤ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਉਹ ਕਰਨ ਦੀ ਕੋਸ਼ਿਸ਼ ਕਰੋ ਜੋ ਤੁਸੀਂ ਕਰ ਹੀ ਨਹੀਂ ਸਕਦੇ। (ਫ਼ਿਲਿ. 4:5) ਇਸ ਲਈ ਸੋਚੋ ਕਿ ਤੁਸੀਂ ਕੀ ਕਰ ਸਕਦੇ ਹੋ, ਫਿਰ ਉਸ ਮੁਤਾਬਕ ਟੀਚਾ ਰੱਖੋ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਤੁਹਾਨੂੰ ਘਬਰਾਹਟ ਨਾ ਹੋਵੇ। ਸ਼ੁਰੂ-ਸ਼ੁਰੂ ਵਿਚ ਸ਼ਾਇਦ ਤੁਸੀਂ ਇਕ ਛੋਟਾ ਜਿਹਾ ਜਵਾਬ ਦੇਣ ਦਾ ਟੀਚਾ ਰੱਖ ਸਕਦੇ ਹੋ। w23.04 21 ਪੈਰੇ 6-8
ਸੋਮਵਾਰ 4 ਅਗਸਤ
‘ਸੀਨਾਬੰਦ ਅਤੇ ਟੋਪ ਪਾਓ।’—1 ਥੱਸ. 5:8.
ਪੌਲੁਸ ਰਸੂਲ ਨੇ ਸਾਡੀ ਤੁਲਨਾ ਫ਼ੌਜੀਆਂ ਨਾਲ ਕੀਤੀ ਜੋ ਹਮੇਸ਼ਾ ਚੁਕੰਨੇ ਅਤੇ ਯੁੱਧ ਲਈ ਤਿਆਰ ਰਹਿੰਦੇ ਹਨ। ਇਕ ਫ਼ੌਜੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਰ ਵੇਲੇ ਯੁੱਧ ਲਈ ਤਿਆਰ ਰਹੇ। ਇਸੇ ਤਰ੍ਹਾਂ ਸਾਨੂੰ ਵੀ ਯਹੋਵਾਹ ਦੇ ਦਿਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਅਸੀਂ ਨਿਹਚਾ ਤੇ ਪਿਆਰ ਦਾ ਸੀਨਾਬੰਦ ਅਤੇ ਉਮੀਦ ਦਾ ਟੋਪ ਪਾ ਕੇ ਇਸ ਤਰ੍ਹਾਂ ਕਰ ਸਕਦੇ ਹਾਂ। ਸੀਨਾਬੰਦ ਕਰਕੇ ਫ਼ੌਜੀ ਦੇ ਦਿਲ ਦੀ ਰਾਖੀ ਹੁੰਦੀ ਹੈ। ਨਿਹਚਾ ਅਤੇ ਪਿਆਰ ਕਰਕੇ ਸਾਡੇ ਅੰਦਰਲੇ ਇਨਸਾਨ ਦੀ ਰਾਖੀ ਹੁੰਦੀ ਹੈ। ਇਹ ਗੁਣ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਅਤੇ ਯਿਸੂ ਦੀ ਰੀਸ ਕਰਨ ਵਿਚ ਸਾਡੀ ਮਦਦ ਕਰਨਗੇ। ਨਿਹਚਾ ਹੋਣ ਕਰਕੇ ਸਾਨੂੰ ਯਕੀਨ ਹੁੰਦਾ ਹੈ ਕਿ ਪੂਰੇ ਦਿਲ ਨਾਲ ਯਹੋਵਾਹ ਦੀ ਇੱਛਾ ਪੂਰੀ ਕਰਨ ਕਰਕੇ ਉਹ ਸਾਨੂੰ ਇਨਾਮ ਜ਼ਰੂਰ ਦੇਵੇਗਾ। (ਇਬ. 11:6) ਨਿਹਚਾ ਕਰਕੇ ਅਸੀਂ ਆਪਣੇ ਆਗੂ ਯਿਸੂ ਦੇ ਵਫ਼ਾਦਾਰ ਰਹਿਣ ਲਈ ਪ੍ਰੇਰਿਤ ਹੋਵਾਂਗੇ, ਫਿਰ ਚਾਹੇ ਸਾਨੂੰ ਦੁੱਖ-ਤਕਲੀਫ਼ਾਂ ਹੀ ਕਿਉਂ ਨਾ ਝੱਲਣੀਆਂ ਪੈਣ। ਅਸੀਂ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਤਾਂਕਿ ਅਸੀਂ ਡਟ ਕੇ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੀਏ? ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ʼਤੇ ਗੌਰ ਕਰ ਸਕਦੇ ਹਾਂ ਜਿਨ੍ਹਾਂ ਨੇ ਜ਼ੁਲਮ ਅਤੇ ਪੈਸੇ ਦੀ ਤੰਗੀ ਝੱਲਦਿਆਂ ਵਫ਼ਾਦਾਰੀ ਬਣਾਈ ਰੱਖੀ ਹੈ। ਇਸ ਤੋਂ ਇਲਾਵਾ, ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਰੀਸ ਕਰ ਸਕਦੇ ਹਾਂ ਜਿਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਲਈ ਆਪਣੀ ਜ਼ਿੰਦਗੀ ਸਾਦੀ ਕੀਤੀ ਹੈ। ਇਸ ਤਰ੍ਹਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਅਤੇ ਚੀਜ਼ਾਂ ਇਕੱਠੀਆਂ ਕਰਨ ਦੇ ਫੰਦੇ ਵਿਚ ਫਸਣ ਤੋਂ ਬਚ ਸਕਦੇ ਹਾਂ। w23.06 10 ਪੈਰੇ 8-9