ਬੁੱਧਵਾਰ 27 ਅਗਸਤ
ਮੈਂ ਆਪਣੇ ਸਰੀਰ ਵਿਚ ਇਕ ਹੋਰ ਕਾਨੂੰਨ ਦੇਖਦਾ ਹਾਂ ਜੋ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ। ਇਹ ਮੈਨੂੰ ਪਾਪ ਦੇ ਕਾਨੂੰਨ ਦਾ ਗ਼ੁਲਾਮ ਬਣਾ ਕੇ ਰੱਖਦਾ ਹੈ ਜੋ ਮੇਰੇ ਸਰੀਰ ਵਿਚ ਹੈ।—ਰੋਮੀ. 7:23.
ਜੇ ਤੁਸੀਂ ਵੀ ਆਪਣੇ ਪਾਪੀ ਝੁਕਾਅ ਕਰਕੇ ਨਿਰਾਸ਼ ਹੋ ਜਾਂਦੇ ਹੋ, ਤਾਂ ਸਮਰਪਣ ਦੇ ਵਾਅਦੇ ਨੂੰ ਯਾਦ ਰੱਖਣ ਕਰਕੇ ਤੁਸੀਂ ਇਸ ਨਾਲ ਲੜ ਸਕਦੇ ਹੋ, ਫਿਰ ਚਾਹੇ ਤੁਹਾਡੇ ʼਤੇ ਜਿਹੜੀਆਂ ਮਰਜ਼ੀ ਮੁਸ਼ਕਲਾਂ ਆਉਣ। ਕਿਵੇਂ? ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹੋ, ਤਾਂ ਤੁਸੀਂ ਆਪਣੇ ਆਪ ਦਾ ਤਿਆਗ ਕਰਦੇ ਹੋ। ਇਸ ਦਾ ਮਤਲਬ ਹੈ ਕਿ ਤੁਸੀਂ ਉਨ੍ਹਾਂ ਇੱਛਾਵਾਂ ਅਤੇ ਟੀਚਿਆਂ ਨੂੰ ਤਿਆਗ ਦਿੰਦੇ ਹੋ ਜੋ ਯਹੋਵਾਹ ਦੀ ਇੱਛਾ ਦੇ ਖ਼ਿਲਾਫ਼ ਹਨ। (ਮੱਤੀ 16:24) ਇਸ ਲਈ ਜਦੋਂ ਤੁਹਾਡੇ ʼਤੇ ਕੋਈ ਪਰੀਖਿਆ ਆਉਂਦੀ ਹੈ, ਤਾਂ ਤੁਹਾਨੂੰ ਇਹ ਨਹੀਂ ਸੋਚਣਾ ਪਵੇਗਾ ਕਿ ਤੁਸੀਂ ਕੀ ਕਰਨਾ ਹੈ ਤੇ ਕੀ ਨਹੀਂ। ਕਿਉਂ? ਕਿਉਂਕਿ ਤੁਸੀਂ ਪਹਿਲਾਂ ਤੋਂ ਹੀ ਸੋਚਿਆ ਹੁੰਦਾ ਹੈ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਤੁਸੀਂ ਯਹੋਵਾਹ ਦੇ ਹੀ ਵਫ਼ਾਦਾਰ ਰਹੋਗੇ। ਤੁਸੀਂ ਉਹੀ ਕਰੋਗੇ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਇੱਦਾਂ ਕਰ ਕੇ ਤੁਸੀਂ ਅੱਯੂਬ ਵਰਗਾ ਰਵੱਈਆ ਦਿਖਾ ਰਹੇ ਹੋਵੋਗੇ। ਉਸ ਨੇ ਬਹੁਤ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ, ਪਰ ਫਿਰ ਵੀ ਉਸ ਨੇ ਕਿਹਾ: “ਮਰਦੇ ਦਮ ਤਕ ਮੈਂ ਆਪਣੀ ਵਫ਼ਾਦਾਰੀ ਨਹੀਂ ਛੱਡਾਂਗਾ!”—ਅੱਯੂ. 27:5. w24.03 9 ਪੈਰੇ 6-7
ਵੀਰਵਾਰ 28 ਅਗਸਤ
ਯਹੋਵਾਹ ਉਨ੍ਹਾਂ ਸਾਰਿਆਂ ਦੇ ਨੇੜੇ ਹੈ ਜੋ ਉਸ ਨੂੰ ਪੁਕਾਰਦੇ ਹਨ, ਹਾਂ, ਜੋ ਸੱਚੇ ਦਿਲੋਂ ਉਸ ਨੂੰ ਪੁਕਾਰਦੇ ਹਨ।—ਜ਼ਬੂ. 145:18.
‘ਪਿਆਰ ਦਾ ਪਰਮੇਸ਼ੁਰ’ ਯਹੋਵਾਹ ਹਮੇਸ਼ਾ ਸਾਡੇ ਨਾਲ ਹੈ। (2 ਕੁਰਿੰ. 13:11) ਉਹ ਸਾਡੇ ਵਿੱਚੋਂ ਹਰੇਕ ʼਤੇ ਧਿਆਨ ਦਿੰਦਾ ਹੈ। ਸਾਨੂੰ ਪੂਰਾ ਯਕੀਨ ਹੈ ਕਿ ਅਸੀਂ “ਉਸ ਦੇ ਅਟੱਲ ਪਿਆਰ ਦੀ ਬੁੱਕਲ ਵਿਚ ਰਹਿੰਦੇ” ਹਾਂ। (ਜ਼ਬੂ. 32:10) ਜਿੰਨਾ ਜ਼ਿਆਦਾ ਅਸੀਂ ਇਸ ਬਾਰੇ ਸੋਚਾਂਗੇ ਕਿ ਯਹੋਵਾਹ ਨੇ ਸਾਨੂੰ ਕਿਵੇਂ ਪਿਆਰ ਦਿਖਾਇਆ ਹੈ, ਉੱਨਾ ਜ਼ਿਆਦਾ ਉਹ ਸਾਡੇ ਲਈ ਅਸਲੀ ਹੁੰਦਾ ਜਾਵੇਗਾ ਅਤੇ ਅਸੀਂ ਉਸ ਦੇ ਹੋਰ ਵੀ ਨੇੜੇ ਮਹਿਸੂਸ ਕਰਾਂਗੇ। ਅਸੀਂ ਬੇਝਿਜਕ ਉਸ ਨੂੰ ਪ੍ਰਾਰਥਨਾ ਕਰ ਪਾਵਾਂਗੇ ਅਤੇ ਉਸ ਨੂੰ ਦੱਸ ਸਕਾਂਗੇ ਕਿ ਅਸੀਂ ਉਸ ਦੇ ਪਿਆਰ ਤੋਂ ਬਿਨਾਂ ਨਹੀਂ ਰਹਿ ਸਕਦੇ। ਅਸੀਂ ਉਸ ਨੂੰ ਆਪਣੀ ਹਰ ਚਿੰਤਾ, ਪਰੇਸ਼ਾਨੀ ਦੱਸ ਸਕਾਂਗੇ ਅਤੇ ਯਕੀਨ ਰੱਖ ਸਕਾਂਗੇ ਕਿ ਉਹ ਸਾਨੂੰ ਸਮਝਦਾ ਹੈ ਅਤੇ ਸਾਡੀ ਮਦਦ ਕਰਨ ਲਈ ਬੇਤਾਬ ਹੈ। (ਜ਼ਬੂ. 145:19) ਠੰਢ ਵਿਚ ਜੇ ਕਿਤੇ ਅੱਗ ਬਲ਼ਦੀ ਹੋਵੇ, ਤਾਂ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। ਯਹੋਵਾਹ ਦਾ ਪਿਆਰ ਵੀ ਇਸ ਬਰਫ਼ੀਲੀ ਦੁਨੀਆਂ ਵਿਚ ਅੱਗ ਵਾਂਗ ਹੈ ਜਿਸ ਦੀ ਗਰਮਾਹਟ ਕਰਕੇ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। ਇਸ ਪਿਆਰ ਵਿਚ ਜ਼ਬਰਦਸਤ ਤਾਕਤ ਵੀ ਹੈ, ਪਰ ਇਹ ਬਹੁਤ ਕੋਮਲ ਵੀ ਹੈ। ਸੱਚ-ਮੁੱਚ, ਯਹੋਵਾਹ ਸਾਨੂੰ ਬਹੁਤ-ਬਹੁਤ ਪਿਆਰ ਕਰਦਾ ਹੈ। ਆਓ ਆਪਾਂ ਵੀ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹੀਏ ਅਤੇ ਕਹੀਏ: “ਮੈਂ ਯਹੋਵਾਹ ਨੂੰ ਪਿਆਰ ਕਰਦਾ ਹਾਂ।”—ਜ਼ਬੂ. 116:1. w24.01 31 ਪੈਰੇ 19-20
ਸ਼ੁੱਕਰਵਾਰ 29 ਅਗਸਤ
ਮੈਂ ਤੇਰੇ ਨਾਂ ਬਾਰੇ ਦੱਸਿਆ ਹੈ।—ਯੂਹੰ. 17:26.
ਯਿਸੂ ਨੇ ਲੋਕਾਂ ਨੂੰ ਸਿਰਫ਼ ਇਹੀ ਨਹੀ ਦੱਸਿਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਦਰਅਸਲ, ਉਹ ਜਿਨ੍ਹਾਂ ਯਹੂਦੀਆਂ ਨੂੰ ਸਿਖਾਉਂਦਾ ਸੀ, ਉਹ ਤਾਂ ਪਹਿਲਾਂ ਤੋਂ ਹੀ ਪਰਮੇਸ਼ੁਰ ਦਾ ਨਾਂ ਜਾਣਦੇ ਸਨ। ਉਸ ਨੇ ਉਨ੍ਹਾਂ ਨੂੰ “ਪਿਤਾ” ਬਾਰੇ ਚੰਗੀ ਤਰ੍ਹਾਂ “ਸਮਝਾਇਆ।” (ਯੂਹੰ. 1:17, 18) ਜਿਵੇਂ ਇਬਰਾਨੀ ਲਿਖਤਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦਇਆਵਾਨ ਅਤੇ ਰਹਿਮਦਿਲ ਪਰਮੇਸ਼ੁਰ ਹੈ। (ਕੂਚ 34:5-7) ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਾਉਣ ਲਈ ਯਿਸੂ ਨੇ ਇਕ ਪਿਤਾ ਅਤੇ ਉਸ ਦੇ ਗੁਆਚੇ ਹੋਏ ਪੁੱਤਰ ਦੀ ਮਿਸਾਲ ਦਿੱਤੀ। ਬਾਈਬਲ ਵਿਚ ਅਸੀਂ ਪੜ੍ਹਦੇ ਹਾਂ ਕਿ ਪੁੱਤਰ ਤੋਬਾ ਕਰਦਾ ਹੈ ਅਤੇ ਆਪਣੇ ਪਿਤਾ ਦੇ ਘਰ ਵਾਪਸ ਆ ਜਾਂਦਾ ਹੈ। ਪਰ ਜਦੋਂ ਪੁੱਤਰ ਅਜੇ “ਦੂਰ ਹੀ ਸੀ,” ਤਾਂ ਪਿਤਾ ਦੀ ਨਜ਼ਰ ਉਸ ਉੱਤੇ ਪੈਂਦੀ ਹੈ। ਉਹ ਭੱਜ ਕੇ ਉਸ ਕੋਲ ਜਾਂਦਾ ਹੈ ਤੇ ਆਪਣੇ ਪੁੱਤਰ ਨੂੰ ਗਲ਼ੇ ਲਾ ਲੈਂਦਾ ਹੈ। ਪਿਤਾ ਦਿਲੋਂ ਉਸ ਨੂੰ ਮਾਫ਼ ਕਰ ਦਿੰਦਾ ਹੈ। ਇੱਦਾਂ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਕਿੰਨਾ ਦਇਆਵਾਨ ਅਤੇ ਰਹਿਮਦਿਲ ਹੈ। (ਲੂਕਾ 15:11-32) ਯਿਸੂ ਨੇ ਆਪਣੇ ਪਿਤਾ ਦੀ ਬਿਲਕੁਲ ਉਸੇ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਜਿੱਦਾਂ ਦਾ ਉਹ ਅਸਲ ਵਿਚ ਹੈ। w24.02 10 ਪੈਰੇ 8-9