ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੀ ਬਾਈਬਲ ਵਾਕਈ ਬਦਲ ਗਈ ਹੈ?
    ਪਹਿਰਾਬੁਰਜ: ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ
    • ਮੁੱਖ ਪੰਨੇ ਤੋਂ | ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ

      ਕੀ ਬਾਈਬਲ ਵਾਕਈ ਬਦਲ ਗਈ ਹੈ?

      ਇਕ ਆਦਮੀ ਨੇ ਬਾਈਬਲ ਫੜੀ ਹੋਈ ਹੈ ਅਤੇ ਉਹ ਸ਼ੱਕੀ ਨਜ਼ਰ ਨਾਲ ਦੇਖ ਰਿਹਾ ਹੈ

      ਬਾਈਬਲ ਬਾਕੀ ਸਾਰੀਆਂ ਧਾਰਮਿਕ ਕਿਤਾਬਾਂ ਤੋਂ ਬਿਲਕੁਲ ਵੱਖਰੀ ਹੈ। ਹੋਰ ਕਿਸੇ ਵੀ ਕਿਤਾਬ ਨੇ ਇੰਨੇ ਲੰਬੇ ਸਮੇਂ ਤਕ ਲੋਕਾਂ ਦੇ ਵਿਸ਼ਵਾਸਾਂ ʼਤੇ ਇੰਨਾ ਅਸਰ ਨਹੀਂ ਪਾਇਆ ਜਿੰਨਾ ਬਾਈਬਲ ਨੇ। ਪਰ ਇਹ ਵੀ ਸੱਚ ਹੈ ਕਿ ਹੋਰ ਕਿਤਾਬਾਂ ਦੇ ਮੁਕਾਬਲੇ ਬਾਈਬਲ ਦੀ ਸਭ ਤੋਂ ਜ਼ਿਆਦਾ ਜਾਂਚ-ਪੜਤਾਲ ਅਤੇ ਆਲੋਚਨਾ ਕੀਤੀ ਗਈ ਹੈ।

      ਮਿਸਾਲ ਲਈ, ਕੁਝ ਵਿਦਵਾਨ ਇਸ ਗੱਲ ʼਤੇ ਸ਼ੱਕ ਕਰਦੇ ਹਨ ਕਿ ਅੱਜ ਦੀਆਂ ਬਾਈਬਲਾਂ ਮੁਢਲੀਆਂ ਲਿਖਤਾਂ ਦੀ ਹੂ-ਬਹੂ ਨਕਲ ਹਨ। ਧਰਮਾਂ ਦਾ ਅਧਿਐਨ ਕਰਨ ਵਾਲੇ ਇਕ ਵਿਦਵਾਨ ਨੇ ਕਿਹਾ: “ਅਸੀਂ ਇਹ ਗੱਲ ਪੂਰੇ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਜੋ ਬਾਈਬਲ ਹੈ, ਉਹ ਪੁਰਾਣੀਆਂ ਹੱਥ-ਲਿਖਤਾਂ ਦੀ ਬਿਲਕੁਲ ਸਹੀ ਨਕਲ ਹੈ। ਅੱਜ ਸਾਡੇ ਕੋਲ ਜੋ ਨਕਲਾਂ ਹਨ, ਉਹ ਗ਼ਲਤੀਆਂ ਨਾਲ ਭਰੀਆਂ ਹੋਈਆਂ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਨਕਲਾਂ ਤਾਂ ਪ੍ਰਾਚੀਨ ਹੱਥ-ਲਿਖਤਾਂ ਤੋਂ ਕਈ ਸਦੀਆਂ ਬਾਅਦ ਤਿਆਰ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਵਿਚ ਹਜ਼ਾਰਾਂ ਹੀ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ।”

      ਕੁਝ ਲੋਕ ਆਪਣੇ ਧਾਰਮਿਕ ਪਿਛੋਕੜ ਕਰਕੇ ਬਾਈਬਲ ʼਤੇ ਸ਼ੱਕ ਕਰਦੇ ਹਨ। ਜ਼ਰਾ ਫੈਜ਼ਲ ਦੀ ਮਿਸਾਲ ʼਤੇ ਗੌਰ ਕਰੋ ਜਿਸ ਦਾ ਪਰਿਵਾਰ ਈਸਾਈ ਨਹੀਂ ਸੀ। ਉਸ ਨੂੰ ਬਚਪਨ ਤੋਂ ਹੀ ਸਿਖਾਇਆ ਗਿਆ ਸੀ ਕਿ ਬਾਈਬਲ ਇਕ ਪਵਿੱਤਰ ਕਿਤਾਬ ਤਾਂ ਹੈ, ਪਰ ਹੁਣ ਇਸ ਨੂੰ ਬਦਲ ਦਿੱਤਾ ਗਿਆ ਹੈ। ਉਹ ਦੱਸਦਾ ਹੈ: “ਇਸ ਲਈ ਜਦੋਂ ਵੀ ਕੋਈ ਮੇਰੇ ਨਾਲ ਬਾਈਬਲ ਤੋਂ ਗੱਲ ਕਰਦਾ ਸੀ, ਤਾਂ ਮੈਂ ਸ਼ੱਕ ਕਰਦਾ ਸੀ। ਮੈਂ ਸੋਚਦਾ ਸੀ ਕਿ ਇਨ੍ਹਾਂ ਕੋਲ ਅਸਲੀ ਬਾਈਬਲ ਤਾਂ ਹੈ ਹੀ ਨਹੀਂ। ਇਹ ਤਾਂ ਬਦਲ ਦਿੱਤੀ ਗਈ ਹੈ।”

      ਕੀ ਇਸ ਗੱਲ ਨਾਲ ਕੋਈ ਫ਼ਰਕ ਪੈਂਦਾ ਹੈ ਕਿ ਬਾਈਬਲ ਬਦਲ ਦਿੱਤੀ ਗਈ ਹੈ ਜਾਂ ਨਹੀਂ? ਇਸ ਬਾਰੇ ਆਓ ਆਪਾਂ ਕੁਝ ਸਵਾਲਾਂ ʼਤੇ ਗੌਰ ਕਰੀਏ। ਜੇ ਤੁਹਾਨੂੰ ਲੱਗਦਾ ਹੈ ਕਿ ਭਵਿੱਖ ਬਾਰੇ ਬਾਈਬਲ ਵਿਚ ਜੋ ਵਾਅਦੇ ਕੀਤੇ ਗਏ ਹਨ, ਉਹ ਮੁਢਲੀਆਂ ਹੱਥ-ਲਿਖਤਾਂ ਵਿਚ ਨਹੀਂ ਸਨ, ਤਾਂ ਕੀ ਤੁਸੀਂ ਉਨ੍ਹਾਂ ʼਤੇ ਯਕੀਨ ਕਰੋਗੇ? (ਰੋਮੀਆਂ 15:4) ਜੇ ਅੱਜ ਦੀਆਂ ਬਾਈਬਲਾਂ ਸਿਰਫ਼ ਗ਼ਲਤੀਆਂ ਨਾਲ ਭਰੀਆਂ ਹਨ, ਤਾਂ ਕੀ ਤੁਸੀਂ ਕੰਮ-ਕਾਰ, ਪਰਿਵਾਰ ਜਾਂ ਭਗਤੀ ਬਾਰੇ ਫ਼ੈਸਲੇ ਕਰਦਿਆਂ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰੋਗੇ?

      ਇਹ ਸੱਚ ਹੈ ਕਿ ਅੱਜ ਸਾਡੇ ਕੋਲ ਬਾਈਬਲ ਦੀਆਂ ਮੁਢਲੀਆਂ ਕਿਤਾਬਾਂ ਨਹੀਂ ਹਨ ਜੋ ਲਿਖਾਰੀਆਂ ਨੇ ਆਪਣੇ ਹੱਥੀਂ ਲਿਖੀਆਂ ਸਨ, ਪਰ ਅਸੀਂ ਇਨ੍ਹਾਂ ਦੀਆਂ ਬਹੁਤ ਸਾਰੀਆਂ ਨਕਲਾਂ ਅਤੇ ਹਜ਼ਾਰਾਂ ਹੱਥ-ਲਿਖਤਾਂ ਦੇਖ ਸਕਦੇ ਹਾਂ। ਪਰ ਸਵਾਲ ਇਹ ਉੱਠਦੇ ਹਨ ਕਿ ਇਹ ਹੱਥ-ਲਿਖਤਾਂ ਖ਼ਰਾਬ ਹੋਣ ਤੋਂ ਕਿੱਦਾਂ ਬਚ ਗਈਆਂ? ਬਾਈਬਲ ਨੂੰ ਲੋਕਾਂ ਦੀ ਪਹੁੰਚ ਤੋਂ ਬਾਹਰ ਰੱਖਣ ਲਈ ਕੀ ਕੀਤਾ ਗਿਆ ਤੇ ਇਸ ਵਿਚ ਲਿਖੀਆਂ ਗੱਲਾਂ ਨੂੰ ਬਦਲਣ ਦੀ ਕੋਸ਼ਿਸ਼ ਕਿੱਦਾਂ ਕੀਤੀ ਗਈ? ਜਦੋਂ ਤੁਸੀਂ ਜਾਣੋਗੇ ਕਿ ਬਾਈਬਲ ਦੀਆਂ ਹੱਥ-ਲਿਖਤਾਂ ਇੰਨੀਆਂ ਸਦੀਆਂ ਤਕ ਕਿੱਦਾਂ ਬਚੀਆਂ ਰਹੀਆਂ, ਤਾਂ ਤੁਹਾਡਾ ਇਸ ਗੱਲ ʼਤੇ ਯਕੀਨ ਵਧੇਗਾ ਕਿ ਤੁਹਾਡੇ ਕੋਲ ਅੱਜ ਜੋ ਬਾਈਬਲ ਹੈ ਉਹ ਬਦਲੀ ਨਹੀਂ ਹੈ। ਆਓ ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖਾਂ ਵਿਚ ਦੇਖੀਏ।

  • ਬਾਈਬਲ ਖ਼ਰਾਬ ਹੋਣ ਤੋਂ ਬਚੀ ਰਹੀ
    ਪਹਿਰਾਬੁਰਜ: ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ
    • ਮੁੱਖ ਪੰਨੇ ਤੋਂ | ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ

      ਬਾਈਬਲ ਖ਼ਰਾਬ ਹੋਣ ਤੋਂ ਬਚੀ ਰਹੀ

      ਖ਼ਤਰਾ: ਬਾਈਬਲ ਨੂੰ ਲਿਖਣ ਅਤੇ ਉਸ ਦੀ ਨਕਲ ਤਿਆਰ ਕਰਨ ਲਈ ਪਪਾਇਰਸ ਅਤੇ ਚੰਮ-ਪੱਤਰ ਵਰਤੇ ਜਾਂਦੇ ਸਨ।a (2 ਤਿਮੋਥਿਉਸ 4:13) ਪਰ ਇਨ੍ਹਾਂ ਚੀਜ਼ਾਂ ਨੂੰ ਵਰਤਣ ਕਰਕੇ ਬਾਈਬਲ ਨੂੰ ਕਿਹੜਾ ਖ਼ਤਰਾ ਸੀ?

      ਪਪਾਇਰਸ ਆਸਾਨੀ ਨਾਲ ਫਟ ਸਕਦਾ ਹੈ ਤੇ ਇਸ ਦਾ ਰੰਗ ਉੱਡ ਸਕਦਾ ਹੈ। ਮਿਸਰ ਦੇ ਖੰਡਰਾਂ ਦਾ ਅਧਿਐਨ ਕਰਨ ਵਾਲੇ ਰਿਚਰਡ ਪਾਰਕਿੰਸਨ ਅਤੇ ਸਟੀਵਨ ਕਵਰਕ ਨੇ ਕਿਹਾ: “ਇਹ ਕਾਗਜ਼ ਹੌਲੀ-ਹੌਲੀ ਭੁਰ ਕੇ ਧੂੜ ਬਣ ਜਾਂਦਾ ਹੈ। ਜੇ ਇਨ੍ਹਾਂ ਨੂੰ ਲਪੇਟ ਕੇ ਕਿਤੇ ਰੱਖਿਆ ਜਾਵੇ, ਤਾਂ ਇਨ੍ਹਾਂ ਨੂੰ ਉੱਲੀ ਲੱਗ ਸਕਦੀ ਹੈ ਜਾਂ ਇਹ ਸਿੱਲ੍ਹੀਆਂ ਹੋ ਸਕਦੀਆਂ ਹਨ। ਜੇ ਇਨ੍ਹਾਂ ਨੂੰ ਜ਼ਮੀਨ ਵਿਚ ਦੱਬਿਆ ਜਾਵੇ, ਤਾਂ ਇਨ੍ਹਾਂ ਨੂੰ ਚੂਹੇ ਖਾ ਸਕਦੇ ਹਨ ਜਾਂ ਕੀੜੇ-ਮਕੌੜੇ ਖਾ ਸਕਦੇ ਹਨ, ਖ਼ਾਸ ਕਰਕੇ ਚਿੱਟੀਆਂ ਕੀੜੀਆਂ।” ਕੁਝ ਹੱਥ-ਲਿਖਤਾਂ ਲੱਭਣ ਤੋਂ ਬਾਅਦ ਤੇਜ਼ ਰੌਸ਼ਨੀ ਜਾਂ ਨਮੀ ਕਰਕੇ ਖ਼ਰਾਬ ਹੋਣ ਲੱਗ ਪਈਆਂ।

      ਚੰਮ-ਪੱਤਰ ਪਪਾਇਰਸ ਨਾਲੋਂ ਜ਼ਿਆਦਾ ਨਰੋਏ ਹੁੰਦੇ ਹਨ। ਪਰ ਜੇ ਇਨ੍ਹਾਂ ਨੂੰ ਸੰਭਾਲ ਕੇ ਨਾ ਰੱਖਿਆ ਜਾਵੇ ਜਾਂ ਜ਼ਿਆਦਾ ਗਰਮੀ, ਨਮੀ ਜਾਂ ਤੇਜ਼ ਰੌਸ਼ਨੀ ਵਿਚ ਰੱਖਿਆ ਜਾਵੇ, ਤਾਂ ਇਹ ਵੀ ਖ਼ਰਾਬ ਹੋ ਜਾਂਦੇ ਹਨ।b ਚੰਮ-ਪੱਤਰਾਂ ਨੂੰ ਕੀੜੇ ਵੀ ਲੱਗ ਸਕਦੇ ਹਨ। ਇਕ ਕਿਤਾਬ ਦੱਸਦੀ ਹੈ: “ਅਜਿਹੀ ਹਾਲਤ ਵਿਚ ਪੁਰਾਣੀਆਂ ਹੱਥ-ਲਿਖਤਾਂ ਦੇ ਬਚਣ ਦੀ ਗੁੰਜਾਇਸ਼ ਘੱਟ ਹੀ ਹੁੰਦੀ ਹੈ।” (Everyday Writing in the Graeco-Roman East) ਜੇ ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਗਲ਼-ਸੜ ਜਾਂਦੀਆਂ, ਤਾਂ ਇਨ੍ਹਾਂ ਵਿਚ ਦੱਸਿਆ ਸੰਦੇਸ਼ ਵੀ ਇਨ੍ਹਾਂ ਦੇ ਨਾਲ ਹੀ ਖ਼ਤਮ ਹੋ ਜਾਣਾ ਸੀ।

      ਬਾਈਬਲ ਕਿਵੇਂ ਬਚੀ ਰਹੀ?: ਪਰਮੇਸ਼ੁਰ ਨੇ ਇਜ਼ਰਾਈਲ ਦੇ ਹਰ ਰਾਜੇ ਨੂੰ ਹੁਕਮ ਦਿੱਤਾ ਸੀ ਕਿ ਉਹ “ਕਾਨੂੰਨ ਨੂੰ ਆਪਣੇ ਹੱਥੀਂ ਇਕ ਪੱਤਰੀ ਵਿਚ ਲਿਖੇ” ਯਾਨੀ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ। (ਬਿਵਸਥਾ ਸਾਰ 17:18, ਫੁਟਨੋਟ) ਇਸ ਤੋਂ ਇਲਾਵਾ, ਮਾਹਰ ਨਕਲਨਵੀਸਾਂ ਨੇ ਇੰਨੀਆਂ ਸਾਰੀਆਂ ਹੱਥ-ਲਿਖਤਾਂ ਤਿਆਰ ਕਰ ਲਈਆਂ ਕਿ ਪਹਿਲੀ ਸਦੀ ਤਕ ਪੂਰੇ ਇਜ਼ਰਾਈਲ ਅਤੇ ਦੂਰ-ਦੁਰਾਡੇ ਮਕਦੂਨੀਆ ਦੇ ਸਭਾ-ਘਰਾਂ ਵਿਚ ਹੱਥ-ਲਿਖਤਾਂ ਮੌਜੂਦ ਸਨ! (ਲੂਕਾ 4:16, 17; ਰਸੂਲਾਂ ਦੇ ਕੰਮ 17:11) ਇਨ੍ਹਾਂ ਪੁਰਾਣੀਆਂ ਹੱਥ-ਲਿਖਤਾਂ ਵਿੱਚੋਂ ਕੁਝ ਸਾਡੇ ਜ਼ਮਾਨੇ ਤਕ ਕਿਵੇਂ ਬਚੀਆਂ ਰਹੀਆਂ?

      1. ਮਿੱਟੀ ਦਾ ਇਕ ਮਰਤਬਾਨ; 2. ਮ੍ਰਿਤ ਸਾਗਰ ਪੋਥੀਆਂ ਦਾ ਇਕ ਟੁਕੜਾ

      ਮ੍ਰਿਤ ਸਾਗਰ ਪੋਥੀਆਂ ਸਦੀਆਂ ਤੋਂ ਸੁਰੱਖਿਅਤ ਰਹੀਆਂ। ਇਹ ਪੋਥੀਆਂ ਮਿੱਟੀ ਦੇ ਮਰਤਬਾਨਾਂ ਵਿਚ ਪਾ ਕੇ ਖ਼ੁਸ਼ਕ ਇਲਾਕਿਆਂ ਵਿਚ ਗੁਫਾਵਾਂ ਵਿਚ ਰੱਖੀਆਂ ਗਈਆਂ ਸਨ

      ਇਕ ਗੁਫਾ ਜਿੱਥੋਂ ਬਾਈਬਲ ਦੀਆਂ ਕੁਝ ਹੱਥ-ਲਿਖਤਾਂ ਮਿਲੀਆਂ

      ਨਵੇਂ ਨੇਮ ਦਾ ਵਿਦਵਾਨ ਫਿਲਿਪ ਕਮਫਰਟ ਕਹਿੰਦਾ ਹੈ: “ਯਹੂਦੀ ਲੋਕ ਲਪੇਟਵੀਆਂ ਪੱਤਰੀਆਂ ਨੂੰ ਮਹਿਫੂਜ਼ ਰੱਖਣ ਲਈ ਘੜਿਆਂ ਜਾਂ ਮਿੱਟੀ ਦੇ ਮਰਤਬਾਨਾਂ ਵਿਚ ਰੱਖਦੇ ਸਨ।” ਜ਼ਾਹਰ ਹੈ ਕਿ ਮਸੀਹੀ ਵੀ ਇਸੇ ਤਰ੍ਹਾਂ ਕਰਦੇ ਰਹੇ। ਇਸ ਕਰਕੇ ਬਾਈਬਲ ਦੀਆਂ ਕੁਝ ਪੁਰਾਣੀਆਂ ਹੱਥ-ਲਿਖਤਾਂ ਮਿੱਟੀ ਦੇ ਮਰਤਬਾਨਾਂ ਵਿੱਚੋਂ ਮਿਲੀਆਂ। ਇਸ ਤੋਂ ਇਲਾਵਾ, ਇਹ ਖ਼ੁਸ਼ਕ ਇਲਾਕਿਆਂ, ਗੁਫਾਵਾਂ ਅਤੇ ਉਨ੍ਹਾਂ ਥਾਵਾਂ ਤੋਂ ਮਿਲੀਆਂ ਜਿੱਥੇ ਘੱਟ ਰੌਸ਼ਨੀ ਪੈਂਦੀ ਹੈ।

      ਨਤੀਜਾ: ਬਾਈਬਲ ਦੀਆਂ ਹੱਥ-ਲਿਖਤਾਂ ਦੇ ਹਜ਼ਾਰਾਂ ਹੀ ਟੁਕੜੇ, ਜਿਨ੍ਹਾਂ ਵਿੱਚੋਂ ਕੁਝ 2,000 ਤੋਂ ਵੀ ਜ਼ਿਆਦਾ ਸਾਲ ਪੁਰਾਣੇ ਹਨ, ਅੱਜ ਤਕ ਮੌਜੂਦ ਹਨ। ਹੋਰ ਕਿਸੇ ਵੀ ਪੁਰਾਣੀ ਕਿਤਾਬ ਦੀਆਂ ਇੰਨੀਆਂ ਹੱਥ-ਲਿਖਤਾਂ ਨਹੀਂ ਮਿਲੀਆਂ ਜਿੰਨੀਆਂ ਬਾਈਬਲ ਦੀਆਂ ਮਿਲੀਆਂ ਹਨ।

      a ਪਪਾਇਰਸ ਪਾਣੀ ਵਿਚ ਉੱਗਣ ਵਾਲਾ ਪੌਦਾ ਹੈ ਜਿਸ ਤੋਂ ਕਾਗਜ਼ ਬਣਾਇਆ ਜਾਂਦਾ ਹੈ। ਚੰਮ-ਪੱਤਰ ਜਾਨਵਰਾਂ ਦੀ ਚਮੜੀ ਤੋਂ ਬਣਾਇਆ ਜਾਂਦਾ ਹੈ।

      b ਮਿਸਾਲ ਲਈ, ਅਮਰੀਕਾ ਦੀ ਸੁਤੰਤਰਤਾ ਦਾ ਘੋਸ਼ਣਾ-ਪੱਤਰ ਚੰਮ-ਪੱਤਰ ਉੱਤੇ ਲਿਖਿਆ ਗਿਆ ਸੀ। ਹੁਣ ਲਗਭਗ 250 ਸਾਲਾਂ ਬਾਅਦ ਇਸ ਦਾ ਰੰਗ ਇੰਨਾ ਜ਼ਿਆਦਾ ਉੱਡ ਗਿਆ ਹੈ ਕਿ ਇਸ ਨੂੰ ਪੜ੍ਹਨਾ ਬਹੁਤ ਮੁਸ਼ਕਲ ਹੈ।

  • ਬਾਈਬਲ ਵਿਰੋਧ ਦੇ ਬਾਵਜੂਦ ਬਚੀ ਰਹੀ
    ਪਹਿਰਾਬੁਰਜ: ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ
    • ਮੁੱਖ ਪੰਨੇ ਤੋਂ | ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ

      ਬਾਈਬਲ ਵਿਰੋਧ ਦੇ ਬਾਵਜੂਦ ਬਚੀ ਰਹੀ

      ਖ਼ਤਰਾ: ਬਹੁਤ ਸਾਰੇ ਰਾਜਨੀਤਿਕ ਅਤੇ ਧਾਰਮਿਕ ਆਗੂ ਇਹ ਨਹੀਂ ਚਾਹੁੰਦੇ ਸਨ ਕਿ ਲੋਕਾਂ ਤਕ ਬਾਈਬਲ ਦਾ ਸੰਦੇਸ਼ ਪਹੁੰਚੇ। ਇਸ ਲਈ ਉਨ੍ਹਾਂ ਨੇ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਕਰ ਕੇ ਲੋਕਾਂ ਨੂੰ ਆਪਣੇ ਕੋਲ ਬਾਈਬਲ ਰੱਖਣ ਅਤੇ ਇਸ ਦਾ ਤਰਜਮਾ ਕਰਨ ਤੋਂ ਰੋਕਿਆ। ਇਸ ਦੀਆਂ ਦੋ ਮਿਸਾਲਾਂ ʼਤੇ ਗੌਰ ਕਰੋ:

      • ਤਕਰੀਬਨ 167 ਈਸਵੀ ਪੂਰਵ: ਸਿਲੂਕਸੀ ਰਾਜੇ ਐਂਟੀਓਕਸ ਅਪਿਫ਼ਨੀਜ਼ ਨੇ ਲੋਕਾਂ ਨੂੰ ਯੂਨਾਨੀ ਧਰਮ ਅਪਣਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਇਹ ਹੁਕਮ ਜਾਰੀ ਕੀਤਾ ਕਿ ਇਬਰਾਨੀ ਲਿਖਤਾਂ ਦੀਆਂ ਨਕਲਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ। ਇਤਿਹਾਸਕਾਰ ਹਾਇਨਰਿਖ਼ ਗ੍ਰੈਟਸ ਲਿਖਦਾ ਹੈ: “ਐਂਟੀਓਕਸ ਦੇ ਅਧਿਕਾਰੀਆਂ ਨੂੰ ਜਿੱਥੇ ਕਿਤੇ ਵੀ ਲਿਖਤਾਂ ਮਿਲਦੀਆਂ ਸਨ, ਉਹ ਉਨ੍ਹਾਂ ਨੂੰ ਪਾੜ ਕੇ ਅੱਗ ਲਾ ਦਿੰਦੇ ਸਨ ਅਤੇ ਜਿਹੜੇ ਲੋਕ ਹਿੰਮਤ ਅਤੇ ਤਸੱਲੀ ਪਾਉਣ ਲਈ ਇਹ ਲਿਖਤਾਂ ਪੜ੍ਹਦੇ ਹੁੰਦੇ ਸੀ, ਉਨ੍ਹਾਂ ਲੋਕਾਂ ਨੂੰ ਵੀ ਮਾਰ ਦਿੱਤਾ ਜਾਂਦਾ ਸੀ।”

      • ਤਕਰੀਬਨ 800 ਸਾਲ ਪਹਿਲਾਂ: ਕੈਥੋਲਿਕ ਧਰਮ ਦੇ ਆਗੂ ਚਰਚ ਦੇ ਉਨ੍ਹਾਂ ਮੈਂਬਰਾਂ ਤੋਂ ਬਹੁਤ ਗੁੱਸੇ ਸਨ ਜਿਹੜੇ ਚਰਚ ਦੀਆਂ ਸਿੱਖਿਆਵਾਂ ਦੀ ਬਜਾਇ ਬਾਈਬਲ ਦੀਆਂ ਸਿੱਖਿਆਵਾਂ ਦੇ ਰਹੇ ਸਨ। ਉਹ ਉਨ੍ਹਾਂ ਲੋਕਾਂ ਨੂੰ ਧਰਮ-ਧਰੋਹੀ ਕਰਾਰ ਦਿੰਦੇ ਸਨ ਜਿਨ੍ਹਾਂ ਕੋਲ ਲਾਤੀਨੀ ਭਾਸ਼ਾ ਵਿਚ ਜ਼ਬੂਰਾਂ ਤੋਂ ਇਲਾਵਾ ਕੋਈ ਹੋਰ ਕਿਤਾਬ ਹੁੰਦੀ ਸੀ। ਇਕ ਚਰਚ ਨੇ ਆਪਣੇ ਆਦਮੀਆਂ ਨੂੰ ਇਹ ਹੁਕਮ ਦਿੱਤਾ ਕਿ ‘ਧਰਮ-ਧਰੋਹੀਆਂ ਨੂੰ ਲੱਭਣ ਵਿਚ ਕੋਈ ਕਸਰ ਨਾ ਛੱਡੀ ਜਾਵੇ। ਜਿਨ੍ਹਾਂ ਘਰਾਂ ਵਿਚ ਉਨ੍ਹਾਂ ਨੂੰ ਬਾਈਬਲ ਦੇ ਹੋਣ ਦੀ ਖ਼ਬਰ ਮਿਲੇ, ਉਹ ਉਨ੍ਹਾਂ ਘਰਾਂ ਦੀ ਤਲਾਸ਼ੀ ਲੈਣ ਅਤੇ ਤਹਿਖ਼ਾਨਿਆਂ ਤਕ ਨੂੰ ਵੀ ਨਾ ਛੱਡਣ ਅਤੇ ਉਹ ਉਸ ਘਰ ਨੂੰ ਵੀ ਤਬਾਹ ਕਰ ਦੇਣ ਜਿੱਥੇ ਕੋਈ ਧਰਮ-ਧਰੋਹੀ ਹੋਵੇ।’

      ਜੇ ਬਾਈਬਲ ਦੇ ਵਿਰੋਧੀਆਂ ਨੇ ਇਸ ਨੂੰ ਖ਼ਤਮ ਕਰ ਦਿੱਤਾ ਹੁੰਦਾ, ਤਾਂ ਬਾਈਬਲ ਦਾ ਸੰਦੇਸ਼ ਵੀ ਇਸ ਦੇ ਨਾਲ ਹੀ ਖ਼ਤਮ ਹੋ ਜਾਣਾ ਸੀ।

      ਵਿਲਿਅਮ ਟਿੰਡੇਲ ਦੀ ਅੰਗ੍ਰੇਜ਼ੀ ਵਿਚ ਅਨੁਵਾਦ ਕੀਤੀ ਬਾਈਬਲ ਦਾ ਇਕ ਸਫ਼ਾ

      ਪਾਬੰਦੀ ਲੱਗਣ, ਬਾਈਬਲਾਂ ਨੂੰ ਸਾੜੇ ਜਾਣ ਅਤੇ 1536 ਵਿਚ ਵਿਲਿਅਮ ਟਿੰਡੇਲ ਨੂੰ ਮਾਰੇ ਜਾਣ ਦੇ ਬਾਵਜੂਦ ਉਸ ਦੀ ਅੰਗ੍ਰੇਜ਼ੀ ਵਿਚ ਅਨੁਵਾਦ ਕੀਤੀ ਗਈ ਬਾਈਬਲ ਬਚੀ ਰਹੀ

      ਬਾਈਬਲ ਕਿਵੇਂ ਬਚੀ ਰਹੀ: ਇਬਰਾਨੀ ਲਿਖਤਾਂ ਨੂੰ ਖ਼ਤਮ ਕਰਨ ਲਈ ਰਾਜਾ ਐਂਟੀਓਕਸ ਦੀ ਚਲਾਈ ਮੁਹਿੰਮ ਸਿਰਫ਼ ਇਜ਼ਰਾਈਲ ਦੇਸ਼ ਤਕ ਹੀ ਸੀਮਿਤ ਸੀ। ਉਸ ਸਮੇਂ ਤਕ ਯਹੂਦੀ ਦੂਸਰੇ ਦੇਸ਼ਾਂ ਵਿਚ ਜਾ ਕੇ ਵੱਸਣ ਲੱਗ ਪਏ ਸਨ। ਵਿਦਵਾਨਾਂ ਨੇ ਇਹ ਅੰਦਾਜ਼ਾ ਲਾਇਆ ਹੈ ਕਿ ਪਹਿਲੀ ਸਦੀ ਤਕ 60 ਪ੍ਰਤਿਸ਼ਤ ਤੋਂ ਜ਼ਿਆਦਾ ਯਹੂਦੀ ਇਜ਼ਰਾਈਲ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਰਹਿ ਰਹੇ ਸਨ। ਇਹ ਯਹੂਦੀ ਆਪਣੇ ਸਭਾ ਘਰਾਂ ਵਿਚ ਇਬਰਾਨੀ ਲਿਖਤਾਂ ਦੀਆਂ ਨਕਲਾਂ ਰੱਖਦੇ ਸਨ। ਇਹ ਉਹੀ ਨਕਲਾਂ ਸਨ ਜਿਨ੍ਹਾਂ ਨੂੰ ਸਦੀਆਂ ਬਾਅਦ ਮਸੀਹੀਆਂ ਨੇ ਇਸਤੇਮਾਲ ਕੀਤਾ।​—ਰਸੂਲਾਂ ਦੇ ਕੰਮ 15:21.

      ਬਾਈਬਲ ਨੂੰ ਪਿਆਰ ਕਰਨ ਵਾਲੇ ਲੋਕ ਅਤਿਆਚਾਰਾਂ ਦੇ ਬਾਵਜੂਦ ਇਸ ਦਾ ਅਨੁਵਾਦ ਕਰਦੇ ਰਹੇ ਅਤੇ ਇਸ ਦੀਆਂ ਨਕਲਾਂ ਤਿਆਰ ਕਰਦੇ ਰਹੇ। 15ਵੀਂ ਸਦੀ ਵਿਚ ਛਪਾਈ ਦੀ ਮਸ਼ੀਨ ਦੀ ਕਾਢ ਹੋਈ। ਪਰ ਇਸ ਤੋਂ ਪਹਿਲਾਂ ਵੀ ਬਾਈਬਲ ਦੇ ਕੁਝ ਹਿੱਸੇ ਲਗਭਗ 33 ਭਾਸ਼ਾਵਾਂ ਵਿਚ ਉਪਲਬਧ ਸਨ। ਇਸ ਤੋਂ ਬਾਅਦ ਬਾਈਬਲ ਦਾ ਅਨੁਵਾਦ ਅਤੇ ਛਪਾਈ ਹੋਰ ਤੇਜ਼ੀ ਨਾਲ ਹੋਣ ਲੱਗੀ।

      ਨਤੀਜਾ: ਤਾਕਤਵਰ ਰਾਜੇ ਅਤੇ ਪਾਦਰੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਾਈਬਲ ਨੂੰ ਲੋਕਾਂ ਤਕ ਪਹੁੰਚਣ ਤੋਂ ਨਹੀਂ ਰੋਕ ਸਕੇ। ਅੱਜ ਇਹ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਵੰਡੀ ਜਾਣ ਵਾਲੀ ਕਿਤਾਬ ਹੈ ਅਤੇ ਹੋਰ ਕਿਸੇ ਵੀ ਕਿਤਾਬ ਨਾਲੋਂ ਇਸ ਦਾ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਇਸ ਵਿਚ ਲਿਖੀਆਂ ਗੱਲਾਂ ਨੇ ਨਾ ਸਿਰਫ਼ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲਿਆ ਹੈ, ਸਗੋਂ ਕੁਝ ਦੇਸ਼ਾਂ ਦੇ ਕਾਨੂੰਨਾਂ ਅਤੇ ਉੱਥੋਂ ਦੀਆਂ ਭਾਸ਼ਾਵਾਂ ʼਤੇ ਵੀ ਬਹੁਤ ਅਸਰ ਪਾਇਆ ਹੈ।

  • ਬਾਈਬਲ ਬਚੀ ਰਹੀ ਜਦੋਂ ਇਸ ਦੇ ਸੰਦੇਸ਼ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ
    ਪਹਿਰਾਬੁਰਜ: ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ
    • ਇਕ ਨਕਲਨਵੀਸ ਨਕਲ ਤਿਆਰ ਕਰਦਾ ਹੋਇਆ

      ਯਹੂਦੀ ਗ੍ਰੰਥੀਆਂ ਯਾਨੀ ਮਸੋਰਾ ਦੇ ਲਿਖਾਰੀਆਂ ਨੇ ਧਿਆਨ ਨਾਲ ਲਿਖਤਾਂ ਦੀ ਨਕਲ ਤਿਆਰ ਕੀਤੀ

      ਮੁੱਖ ਪੰਨੇ ਤੋਂ | ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ

      ਬਾਈਬਲ ਬਚੀ ਰਹੀ ਜਦੋਂ ਇਸ ਦੇ ਸੰਦੇਸ਼ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ

      ਖ਼ਤਰਾ: ਭਾਵੇਂ ਬਾਈਬਲ ਦੀਆਂ ਹੱਥ-ਲਿਖਤਾਂ ਸਦੀਆਂ ਦੌਰਾਨ ਖ਼ਰਾਬ ਹੋਣ ਤੋਂ ਬਚੀਆਂ ਰਹੀਆਂ ਤੇ ਵਿਰੋਧੀਆਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਾਈਬਲ ਸਹੀ-ਸਲਾਮਤ ਰਹੀ, ਪਰ ਕੁਝ ਨਕਲਨਵੀਸਾਂ ਅਤੇ ਅਨੁਵਾਦਕਾਂ ਨੇ ਬਾਈਬਲ ਦੇ ਸੰਦੇਸ਼  ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਕਈ ਵਾਰ ਤਾਂ ਉਨ੍ਹਾਂ ਨੇ ਬਾਈਬਲ ਮੁਤਾਬਕ ਆਪਣੀਆਂ ਸਿੱਖਿਆਵਾਂ ਨੂੰ ਢਾਲ਼ਣ ਦੀ ਬਜਾਇ ਬਾਈਬਲ ਨੂੰ ਆਪਣੀਆਂ ਸਿੱਖਿਆਵਾਂ ਮੁਤਾਬਕ ਢਾਲ਼ਣ ਦੀ ਕੋਸ਼ਿਸ਼ ਕੀਤੀ। ਇਸ ਦੀਆਂ ਕੁਝ ਮਿਸਾਲਾਂ ʼਤੇ ਗੌਰ ਕਰੋ:

      • ਭਗਤੀ ਦੀ ਥਾਂ: ਚੌਥੀ ਅਤੇ ਦੂਜੀ ਸਦੀ ਈਸਵੀ ਪੂਰਵ ਦੌਰਾਨ ਸਾਮਰੀ ਤੌਰੇਤ ਦੇ ਲਿਖਾਰੀਆਂ ਨੇ ਕੂਚ 20:17 ਵਿਚ ਇਹ ਸ਼ਬਦ ਜੋੜ ਦਿੱਤੇ: “ਤੁਸੀਂ ਗਰਿੱਜ਼ੀਮ ਪਹਾੜ ʼਤੇ ਇਕ ਵੇਦੀ ਬਣਾਇਓ।” ਸਾਮਰੀਆਂ ਨੇ ਗਰਿੱਜ਼ੀਮ ਪਹਾੜ ਉੱਤੇ ਮੰਦਰ ਬਣਾਇਆ ਸੀ, ਇਸ ਲਈ ਉਨ੍ਹਾਂ ਨੇ ਆਇਤ ਵਿਚ ਇਹ ਸ਼ਬਦ ਜੋੜ ਦਿੱਤੇ ਤਾਂਕਿ ਲਿਖਤਾਂ ਇਸ ਗੱਲ ਦੀ ਹਾਮੀ ਭਰਨ।

      • ਤ੍ਰਿਏਕ ਦੀ ਸਿੱਖਿਆ: ਪੂਰੀ ਬਾਈਬਲ ਨੂੰ ਲਿਖਿਆਂ ਹਾਲੇ 300 ਸਾਲਾਂ ਤੋਂ ਘੱਟ ਹੀ ਸਮਾਂ ਹੋਇਆ ਸੀ ਕਿ ਤ੍ਰਿਏਕ ਦੀ ਸਿੱਖਿਆ ਨੂੰ ਸ਼ਹਿ ਦੇਣ ਵਾਲੇ ਇਕ ਲਿਖਾਰੀ ਨੇ 1 ਯੂਹੰਨਾ 5:7 ਵਿਚ ਇਹ ਸ਼ਬਦ ਜੋੜ ਦਿੱਤੇ: “ਸਵਰਗ ਵਿਚ ਪਿਤਾ, ਸ਼ਬਦ ਅਤੇ ਪਵਿੱਤਰ ਆਤਮਾ ਹਨ ਅਤੇ ਇਹ ਤਿੰਨੇ ਇਕ ਹਨ।” ਇਹ ਸ਼ਬਦ ਮੁਢਲੀਆਂ ਹੱਥ-ਲਿਖਤਾਂ ਵਿਚ ਨਹੀਂ ਪਾਏ ਜਾਂਦੇ। ਬਾਈਬਲ ਦਾ ਇਕ ਵਿਦਵਾਨ ਬਰੂਸ ਮੈਟਜ਼ਗਰ ਦੱਸਦਾ ਹੈ: “ਛੇਵੀਂ ਸਦੀ ਤੋਂ ਇਹ ਸ਼ਬਦ ਪੁਰਾਣੀ ਲਾਤੀਨੀ ਅਤੇ [ਲਾਤੀਨੀ] ਵਲਗੇਟ ਦੀਆਂ ਹੱਥ-ਲਿਖਤਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਨਜ਼ਰ ਆਉਣ ਲੱਗੇ।”

      • ਪਰਮੇਸ਼ੁਰ ਦਾ ਨਾਂ: ਬਾਈਬਲ ਦੇ ਬਹੁਤ ਸਾਰੇ ਅਨੁਵਾਦਕਾਂ ਨੇ ਯਹੂਦੀਆਂ ਦੀ ਰੀਤ ʼਤੇ ਚੱਲਦੇ ਹੋਏ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢ ਦਿੱਤਾ। ਉਨ੍ਹਾਂ ਨੇ ਇਹ ਨਾਂ ਵਰਤਣ ਦੀ ਬਜਾਇ “ਪਰਮੇਸ਼ੁਰ” ਜਾਂ “ਪ੍ਰਭੂ” ਵਰਗੀਆਂ ਉਪਾਧੀਆਂ ਇਸਤੇਮਾਲ ਕੀਤੀਆਂ। ਇਹ ਉਪਾਧੀਆਂ ਬਾਈਬਲ ਵਿਚ ਨਾ ਸਿਰਫ਼ ਸਿਰਜਣਹਾਰ ਲਈ, ਸਗੋਂ ਇਨਸਾਨਾਂ, ਝੂਠੀ ਭਗਤੀ ਨਾਲ ਜੁੜੀਆਂ ਚੀਜ਼ਾਂ ਅਤੇ ਸ਼ੈਤਾਨ ਲਈ ਵੀ ਵਰਤੀਆਂ ਗਈਆਂ ਹਨ।—ਯੂਹੰਨਾ 10:34, 35; 1 ਕੁਰਿੰਥੀਆਂ 8:5, 6; 2 ਕੁਰਿੰਥੀਆਂ 4:4.a

      ਬਾਈਬਲ ਕਿਵੇਂ ਬਚੀ ਰਹੀ: ਇਸ ਦੇ ਦੋ ਕਾਰਨ ਹਨ। ਪਹਿਲਾ, ਭਾਵੇਂ ਬਾਈਬਲ ਦੇ ਕੁਝ ਨਕਲਨਵੀਸਾਂ ਨੇ ਬਾਈਬਲ ਦੀ ਨਕਲ ਤਿਆਰ ਕਰਦਿਆਂ ਲਾਪਰਵਾਹੀ ਤੇ ਬੇਈਮਾਨੀ ਕੀਤੀ, ਪਰ ਕਈਆਂ ਨੇ ਬੜੀ ਕੁਸ਼ਲਤਾ ਅਤੇ ਈਮਾਨਦਾਰੀ ਨਾਲ ਇਹ ਕੰਮ ਕੀਤਾ। ਛੇਵੀਂ ਅਤੇ ਦਸਵੀਂ ਸਦੀ ਦੌਰਾਨ ਯਹੂਦੀ ਗ੍ਰੰਥੀ, ਜਿਨ੍ਹਾਂ ਨੂੰ ਮਸੋਰਾ ਦੇ ਲਿਖਾਰੀ ਵੀ ਕਿਹਾ ਜਾਂਦਾ ਹੈ, ਨੇ ਇਬਰਾਨੀ ਲਿਖਤਾਂ ਦੀਆਂ ਨਕਲਾਂ ਤਿਆਰ ਕੀਤੀਆਂ ਜਿਨ੍ਹਾਂ ਨੂੰ ਮਸੋਰਾ ਲਿਖਤਾਂ ਕਿਹਾ ਜਾਂਦਾ ਹੈ। ਉਨ੍ਹਾਂ ਨੇ ਨਕਲ ਉਤਾਰਦਿਆਂ ਇਕ-ਇਕ ਸ਼ਬਦ ਤੇ ਅੱਖਰ ਗਿਣਿਆ ਤਾਂਕਿ ਗ਼ਲਤੀ ਦੀ ਕੋਈ ਗੁੰਜਾਇਸ਼ ਹੀ ਨਾ ਰਹੇ। ਜਿਸ ਮੂਲ-ਪਾਠ ਤੋਂ ਉਹ ਨਕਲ ਤਿਆਰ ਕਰ ਰਹੇ ਹੁੰਦੇ ਸਨ, ਉਸ ਵਿਚ ਜੇ ਉਨ੍ਹਾਂ ਨੂੰ ਕੋਈ ਗ਼ਲਤੀ ਨਜ਼ਰ ਆਉਂਦੀ ਸੀ, ਤਾਂ ਉਹ ਨਕਲ ਦੀ ਕਾਪੀ ਉੱਤੇ ਛੋਟਾ ਜਿਹਾ ਨੋਟ ਲਿਖ ਦਿੰਦੇ ਸਨ। ਇਨ੍ਹਾਂ ਲਿਖਾਰੀਆਂ ਨੇ ਬਾਈਬਲ ਵਿਚ ਮਾੜਾ-ਮੋਟਾ ਵੀ ਫੇਰ-ਬਦਲ ਨਹੀਂ ਕੀਤਾ। ਇਸ ਬਾਰੇ ਪ੍ਰੋਫ਼ੈਸਰ ਮੋਸ਼ੇ ਗੋਸ਼ਨ-ਗੋਟਸਟਾਈਨ ਨੇ ਲਿਖਿਆ: “ਉਨ੍ਹਾਂ ਦੀ ਨਜ਼ਰ ਵਿਚ ਜਾਣ-ਬੁੱਝ ਕੇ ਬਾਈਬਲ ਵਿਚ ਕੋਈ ਫੇਰ-ਬਦਲ ਕਰਨਾ ਸਭ ਤੋਂ ਗੰਭੀਰ ਜੁਰਮ ਹੋਣਾ ਸੀ।”

      ਦੂਜਾ ਕਾਰਨ, ਅੱਜ ਬਾਈਬਲ ਦੀਆਂ ਇੰਨੀਆਂ ਸਾਰੀਆਂ ਹੱਥ-ਲਿਖਤਾਂ ਮੌਜੂਦ ਹਨ ਕਿ ਜੇ ਕਿਸੇ ਹੱਥ-ਲਿਖਤ ਵਿਚ ਕੋਈ ਗ਼ਲਤੀ ਹੋਵੇ ਵੀ, ਤਾਂ ਬਾਈਬਲ ਦੇ ਵਿਦਵਾਨ ਇਸ ਨੂੰ ਸੌਖਿਆਂ ਹੀ ਲੱਭ ਲੈਂਦੇ ਹਨ। ਇਕ ਮਿਸਾਲ ʼਤੇ ਗੌਰ ਕਰੋ। ਕਈ ਸਦੀਆਂ ਤੋਂ ਧਾਰਮਿਕ ਆਗੂਆਂ ਨੇ ਲੋਕਾਂ ਨੂੰ ਸਿਖਾਇਆ ਕਿ ਲਾਤੀਨੀ ਤਰਜਮਾ ਬਾਈਬਲ ਦਾ ਬਿਲਕੁਲ ਸਹੀ ਤਰਜਮਾ ਹੈ। ਪਰ ਇਸ ਤਰਜਮੇ ਵਿਚ 1 ਯੂਹੰਨਾ 5:7 ਵਿਚ ਵੀ ਉਹੀ ਸ਼ਬਦ ਪਾਏ ਗਏ ਜਿਨ੍ਹਾਂ ਬਾਰੇ ਅਸੀਂ ਇਸ ਲੇਖ ਦੇ ਸ਼ੁਰੂ ਵਿਚ ਗੱਲ ਕੀਤੀ ਸੀ। ਬਾਅਦ ਵਿਚ ਇਹੀ ਗ਼ਲਤੀ ਅੰਗ੍ਰੇਜ਼ੀ ਦੇ ਕਿੰਗ ਜੇਮਜ਼ ਵਰਯਨ  ਵਿਚ ਵੀ ਕੀਤੀ ਗਈ। ਪਰ ਬਾਅਦ ਵਿਚ ਜਦੋਂ ਹੋਰ ਹੱਥ-ਲਿਖਤਾਂ ਲੱਭੀਆਂ, ਤਾਂ ਕੀ ਪਤਾ ਲੱਗਾ? ਬਰੂਸ ਮੈਟਜ਼ਗਰ ਨੇ ਲਿਖਿਆ: “1 ਯੂਹੰਨਾ 5:7 ਵਿਚ ਪਾਏ ਜਾਂਦੇ ਸ਼ਬਦ ਲਾਤੀਨੀ ਅਨੁਵਾਦ ਤੋਂ ਇਲਾਵਾ ਹੋਰ ਕਿਸੇ ਵੀ ਪੁਰਾਣੇ ਅਨੁਵਾਦ (ਸੀਰੀਆਈ, ਕਬਤੀ, ਆਰਮੀਨੀ, ਇਥੋਪੀਆਈ, ਅਰਬੀ, ਸਲਾਵਾਨੀ) ਦੀਆਂ ਹੱਥ-ਲਿਖਤਾਂ ਵਿਚ ਨਹੀਂ ਪਾਏ ਜਾਂਦੇ।” ਨਤੀਜੇ ਵਜੋਂ, ਕਿੰਗ ਜੇਮਜ਼ ਵਰਯਨ  ਅਤੇ ਹੋਰ ਬਾਈਬਲਾਂ ਦੇ ਨਵੇਂ ਸੰਸਕਰਣਾਂ ਵਿੱਚੋਂ ਇਹ ਸ਼ਬਦ ਕੱਢ ਦਿੱਤੇ ਗਏ।

      ਚੈੱਸਟਰ ਬੀਟੀ P46 ਯਾਨੀ ਬਾਈਬਲ ਦੀ ਪਪਾਇਰੀ ਹੱਥ-ਲਿਖਤ ਜੋ ਲਗਭਗ 200 ਈਸਵੀ ਸਦੀ ਦੀ ਹੈ

      ਚੈੱਸਟਰ ਬੀਟੀ P46 ਯਾਨੀ ਬਾਈਬਲ ਦੀ ਪਪਾਇਰੀ ਹੱਥ-ਲਿਖਤ ਜੋ ਲਗਭਗ 200 ਸਦੀ ਈਸਵੀ ਦੀ ਹੈ

      ਕੀ ਸਦੀਆਂ ਪੁਰਾਣੀਆਂ ਹੱਥ-ਲਿਖਤਾਂ ਤੋਂ ਇਹ ਸਬੂਤ ਮਿਲਦਾ ਹੈ ਕਿ ਬਾਈਬਲ ਦਾ ਸੰਦੇਸ਼ ਬਦਲਿਆ ਨਹੀਂ ਹੈ? ਜਦੋਂ 1947 ਵਿਚ ਮ੍ਰਿਤ ਸਾਗਰ ਪੋਥੀਆਂ ਮਿਲੀਆਂ, ਤਾਂ ਵਿਦਵਾਨਾਂ ਨੇ ਇਨ੍ਹਾਂ ਦੀ ਤੁਲਨਾ ਇਬਰਾਨੀ ਮਸੋਰਾ ਲਿਖਤਾਂ ਨਾਲ ਕੀਤੀ ਜੋ ਇਨ੍ਹਾਂ ਪੋਥੀਆਂ ਤੋਂ ਹਜ਼ਾਰ ਤੋਂ ਵੀ ਵੱਧ ਸਾਲ ਬਾਅਦ ਲਿਖੀਆਂ ਗਈਆਂ ਸਨ। ਮ੍ਰਿਤ ਸਾਗਰ ਪੋਥੀਆਂ ਦੇ ਇਕ ਵਿਦਵਾਨ ਨੇ ਸਿੱਟਾ ਕੱਢਿਆ ਕਿ ਸਿਰਫ਼ ਇਕ ਪੋਥੀ ਤੋਂ ਹੀ “ਇਸ ਗੱਲ ਦਾ ਠੋਸ ਸਬੂਤ ਮਿਲ ਜਾਂਦਾ ਹੈ ਕਿ ਹਜ਼ਾਰ ਤੋਂ ਵੀ ਜ਼ਿਆਦਾ ਸਾਲਾਂ ਦੇ ਸਮੇਂ ਦੌਰਾਨ ਯਹੂਦੀ ਨਕਲਨਵੀਸਾਂ ਨੇ ਬਾਈਬਲ ਦੀ ਨਕਲ ਬੜੇ ਧਿਆਨ ਤੇ ਈਮਾਨਦਾਰੀ ਨਾਲ ਕੀਤੀ।”

      ਆਇਰਲੈਂਡ ਦੇ ਡਬਲਿਨ ਸ਼ਹਿਰ ਦੀ ਚੈੱਸਟਰ ਬੀਟੀ ਲਾਇਬ੍ਰੇਰੀ ਵਿਚ ਪਪਾਇਰੀ ਹੱਥ-ਲਿਖਤਾਂ ਪਈਆਂ ਹਨ ਜਿਨ੍ਹਾਂ ਵਿਚ ਮਸੀਹੀ ਯੂਨਾਨੀ ਲਿਖਤਾਂ ਦੀ ਲਗਭਗ ਹਰ ਕਿਤਾਬ ਮੌਜੂਦ ਹੈ। ਇਨ੍ਹਾਂ ਵਿੱਚੋਂ ਕੁਝ ਹੱਥ-ਲਿਖਤਾਂ ਦੂਜੀ ਸਦੀ ਵਿਚ ਲਿਖੀਆਂ ਗਈਆਂ ਸਨ ਯਾਨੀ ਪੂਰੀ ਬਾਈਬਲ ਲਿਖੇ ਜਾਣ ਤੋਂ ਸਿਰਫ਼ 100 ਕੁ ਸਾਲ ਬਾਅਦ। ਦੀ ਐਂਕਰ ਬਾਈਬਲ ਡਿਕਸ਼ਨਰੀ ਕਹਿੰਦੀ ਹੈ: “ਭਾਵੇਂ ਇਨ੍ਹਾਂ ਪਪਾਇਰੀ ਹੱਥ-ਲਿਖਤਾਂ ਤੋਂ ਬਹੁਤ ਸਾਰੀ ਨਵੀਂ ਜਾਣਕਾਰੀ ਮਿਲਦੀ ਹੈ, ਪਰ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਇਤਿਹਾਸ ਦੌਰਾਨ ਬਾਈਬਲ ਦੇ ਮੂਲ-ਪਾਠ ਵਿਚ ਕੋਈ ਫੇਰ-ਬਦਲ ਨਹੀਂ ਕੀਤਾ ਗਿਆ।”

      “ਅਸੀਂ ਪੂਰੇ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅਜਿਹੀ ਕੋਈ ਹੋਰ ਪ੍ਰਾਚੀਨ ਕਿਤਾਬ ਨਹੀਂ ਜਿਹੜੀ ਬਿਨਾਂ ਕਿਸੇ ਫੇਰ-ਬਦਲ ਦੇ ਸਾਡੇ ਕੋਲ ਪਹੁੰਚੀ ਹੋਵੇ”

      ਨਤੀਜਾ: ਅੱਜ ਬਾਈਬਲ ਦੀਆਂ ਬਹੁਤ ਸਾਰੀਆਂ ਅਤੇ ਬਹੁਤ ਪੁਰਾਣੀਆਂ ਹੱਥ-ਲਿਖਤਾਂ ਮੌਜੂਦ ਹਨ, ਇਸ ਲਈ ਬਾਈਬਲ ਵਿਚ ਗ਼ਲਤੀਆਂ ਦੀ ਬਹੁਤ ਘੱਟ ਗੁੰਜਾਇਸ਼ ਹੈ। ਸਰ ਫ੍ਰੈਡਰਿਕ ਕੈਨਿਅਨ ਨੇ ਮਸੀਹੀ ਯੂਨਾਨੀ ਲਿਖਤਾਂ ਬਾਰੇ ਲਿਖਿਆ: “ਹੋਰ ਕਿਸੇ ਵੀ ਪੁਰਾਣੀ ਕਿਤਾਬ ਦੇ ਸਹੀ ਹੋਣ ਦੇ ਇੰਨੇ ਜ਼ਿਆਦਾ ਸਬੂਤ ਨਹੀਂ ਮਿਲਦੇ ਜਿੰਨੇ ਬਾਈਬਲ ਦੇ ਮਿਲਦੇ ਹਨ ਅਤੇ ਕੋਈ ਵੀ ਈਮਾਨਦਾਰ ਵਿਦਵਾਨ ਇਸ ਗੱਲ ਤੋਂ ਇਨਕਾਰ ਨਹੀਂ ਕਰੇਗਾ ਕਿ ਸਾਡੇ ਕੋਲ ਜੋ ਬਾਈਬਲ ਹੈ, ਉਸ ਦੇ ਸੰਦੇਸ਼ ਵਿਚ ਕੋਈ ਫੇਰ-ਬਦਲ ਨਹੀਂ ਕੀਤਾ ਗਿਆ।” ਨਾਲੇ ਵਿਲੀਅਮ ਹੈਨਰੀ ਗ੍ਰੀਨ ਨਾਂ ਦੇ ਵਿਦਵਾਨ ਨੇ ਇਬਰਾਨੀ ਲਿਖਤਾਂ ਬਾਰੇ ਕਿਹਾ: “ਅਸੀਂ ਪੂਰੇ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅਜਿਹੀ ਕੋਈ ਹੋਰ ਪ੍ਰਾਚੀਨ ਕਿਤਾਬ ਨਹੀਂ ਜਿਹੜੀ ਬਿਨਾਂ ਕਿਸੇ ਫੇਰ-ਬਦਲ ਦੇ ਸਾਡੇ ਕੋਲ ਪਹੁੰਚੀ ਹੋਵੇ।”

      a ਹੋਰ ਜਾਣਕਾਰੀ ਲਈ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਵਿਚ ਵਧੇਰੇ ਜਾਣਕਾਰੀ 1.4 ਅਤੇ 1.5 ਦੇਖੋ। ਇਹ ਸਾਡੀ ਵੈੱਬਸਾਈਟ www.jw.org/pa ʼਤੇ ਵੀ ਉਪਲਬਧ ਹੈ।

  • ਬਾਈਬਲ ਹੁਣ ਤਕ ਕਿਉਂ ਬਚੀ ਰਹੀ?
    ਪਹਿਰਾਬੁਰਜ: ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ
    • ਇਕ ਆਦਮੀ ਬਾਈਬਲ ਪੜ੍ਹ ਰਿਹਾ ਹੈ

      ਮੁੱਖ ਪੰਨੇ ਤੋਂ | ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ

      ਬਾਈਬਲ ਹੁਣ ਤਕ ਕਿਉਂ ਬਚੀ ਰਹੀ?

      ਬਾਈਬਲ ਅੱਜ ਵੀ ਸਹੀ-ਸਲਾਮਤ ਹੈ। ਇਸ ਲਈ ਤੁਸੀਂ ਇਸ ਨੂੰ ਲੈ ਸਕਦੇ ਹੋ ਅਤੇ ਪੜ੍ਹ ਸਕਦੇ ਹੋ। ਜੇ ਤੁਸੀਂ ਇਸ ਦਾ ਇਕ ਵਧੀਆ ਅਨੁਵਾਦ ਪੜ੍ਹਨ ਲਈ ਚੁਣਦੇ ਹੋ, ਤਾਂ ਤੁਸੀਂ ਯਕੀਨ ਕਰ ਸਕਦੇ ਹੋ ਕਿ ਇਹ ਮੁਢਲੀਆਂ ਲਿਖਤਾਂ ਦੇ ਮੁਤਾਬਕ ਹੈ।a ਪਰ ਬਾਈਬਲ ਇੰਨੀਆਂ ਸਦੀਆਂ ਤਕ ਖ਼ਰਾਬ ਹੋਣ ਤੋਂ ਕਿਉਂ ਬਚ ਗਈ? ਵਿਰੋਧੀਆਂ ਦੀਆਂ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਸਾਡੇ ਕੋਲ ਕਿਉਂ ਪਹੁੰਚੀ? ਨਾਲੇ ਇਹ ਉਦੋਂ ਵੀ ਕਿਉਂ ਨਹੀਂ ਬਦਲੀ ਜਦੋਂ ਲੋਕਾਂ ਨੇ ਇਸ ਵਿਚ ਫੇਰ-ਬਦਲ ਕਰਨ ਦੀ ਕੋਸ਼ਿਸ਼ ਕੀਤੀ? ਇਹ ਕਿਤਾਬ ਇੰਨੀ ਖ਼ਾਸ ਕਿਉਂ ਹੈ?

      “ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਮੇਰੇ ਕੋਲ ਜਿਹੜੀ ਬਾਈਬਲ ਹੈ, ਉਹ ਰੱਬ ਵੱਲੋਂ ਇਕ ਤੋਹਫ਼ਾ ਹੈ”

      ਬਾਈਬਲ ਅਧਿਐਨ ਕਰਨ ਵਾਲੇ ਅੱਜ ਬਹੁਤ ਸਾਰੇ ਲੋਕ ਯਿਸੂ ਦੇ ਚੇਲੇ ਪੌਲੁਸ ਰਸੂਲ ਵਾਂਗ ਇਸ ਨਤੀਜੇ ʼਤੇ ਪਹੁੰਚੇ ਹਨ ਕਿ “ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ।” (2 ਤਿਮੋਥਿਉਸ 3:16) ਉਹ ਇਹ ਗੱਲ ਮੰਨਦੇ ਹਨ ਕਿ ਬਾਈਬਲ ਅੱਜ ਤਕ ਇਸ ਲਈ ਸਹੀ-ਸਲਾਮਤ ਹੈ ਕਿਉਂਕਿ ਇਹ ਰੱਬ ਦਾ ਬਚਨ ਹੈ ਤੇ ਰੱਬ ਨੇ ਇਸ ਨੂੰ ਅੱਜ ਤਕ ਮਹਿਫੂਜ਼ ਰੱਖਿਆ ਹੈ। ਫੈਜ਼ਲ ਨੇ, ਜਿਸ ਦਾ ਜ਼ਿਕਰ ਪਹਿਲੇ ਲੇਖ ਵਿਚ ਕੀਤਾ ਗਿਆ ਸੀ, ਇਹ ਫ਼ੈਸਲਾ ਕੀਤਾ ਕਿ ਉਹ ਆਪ ਬਾਈਬਲ ਦਾ ਅਧਿਐਨ ਕਰ ਕੇ ਦੇਖੇਗਾ ਕਿ ਜਿਹੜੀਆਂ ਗੱਲਾਂ ਉਸ ਨੇ ਬਾਈਬਲ ਬਾਰੇ ਸੁਣੀਆਂ ਹਨ, ਉਹ ਸਹੀ ਹਨ ਜਾਂ ਨਹੀਂ। ਅਧਿਐਨ ਕਰ ਕੇ ਉਸ ਨੂੰ ਜੋ ਪਤਾ ਲੱਗਾ, ਉਸ ਤੋਂ ਉਹ ਹੈਰਾਨ ਰਹਿ ਗਿਆ। ਉਸ ਨੇ ਇਹ ਵੀ ਦੇਖਿਆ ਕਿ ਚਰਚ ਵਿਚ ਸਿਖਾਈਆਂ ਜਾਂਦੀਆਂ ਬਹੁਤ ਸਾਰੀਆਂ ਗੱਲਾਂ ਬਾਈਬਲ ਵਿਚ ਹੈ ਹੀ ਨਹੀਂ। ਉਸ ਨੂੰ ਬਾਈਬਲ ਵਿੱਚੋਂ ਇਹ ਗੱਲ ਪੜ੍ਹ ਕੇ ਵੀ ਬਹੁਤ ਚੰਗਾ ਲੱਗਾ ਕਿ ਰੱਬ ਨੇ ਧਰਤੀ ਲਈ ਕਿੰਨਾ ਵਧੀਆ ਮਕਸਦ ਰੱਖਿਆ ਹੈ।

      ਫੈਜ਼ਲ ਨੇ ਕਿਹਾ: “ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਮੇਰੇ ਕੋਲ ਜਿਹੜੀ ਬਾਈਬਲ ਹੈ, ਉਹ ਰੱਬ ਵੱਲੋਂ ਇਕ ਤੋਹਫ਼ਾ ਹੈ। ਸੋਚਣ ਵਾਲੀ ਗੱਲ ਹੈ ਕਿ ਜਿਸ ਰੱਬ ਨੇ ਪੂਰੀ ਕਾਇਨਾਤ ਨੂੰ ਬਣਾਇਆ ਹੈ, ਉਸ ਕੋਲ ਇੰਨੀ ਤਾਕਤ ਨਹੀਂ ਹੋਵੇਗੀ ਕਿ ਉਹ ਸਾਨੂੰ ਇਕ ਕਿਤਾਬ ਦੇ ਸਕੇ ਤੇ ਉਸ ਨੂੰ ਸਦੀਆਂ ਤਕ ਮਹਿਫੂਜ਼ ਰੱਖ ਸਕੇ। ਜੇ ਅਸੀਂ ਇਹ ਗੱਲ ਨਾ ਮੰਨੀਏ, ਤਾਂ ਅਸੀਂ ਇਹ ਕਹਿ ਰਹੇ ਹੋਵਾਂਗੇ ਕਿ ਉਸ ਕੋਲ ਇੰਨੀ ਤਾਕਤ ਨਹੀਂ ਹੈ। ਨਾਲੇ ਮੈਂ ਕੌਣ ਹੁੰਦਾ ਪੂਰੀ ਕਾਇਨਾਤ ਦੇ ਮਾਲਕ ʼਤੇ ਸ਼ੱਕ ਕਰਨ ਵਾਲਾ?”​—ਯਸਾਯਾਹ 40:8.

      a 1 ਮਈ 2008 ਦੇ ਪਹਿਰਾਬੁਰਜ ਵਿਚ “ਤੁਸੀਂ ਬਾਈਬਲ ਦਾ ਸਹੀ ਅਨੁਵਾਦ ਕਿਵੇਂ ਚੁਣ ਸਕਦੇ ਹੋ?” (ਅੰਗ੍ਰੇਜ਼ੀ) ਨਾਂ ਦਾ ਲੇਖ ਦੇਖੋ।

      ਸਾਨੂੰ ਕਿਵੇਂ ਪਤਾ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਸੱਚੀਆਂ ਹਨ?

      ਲੇਖਾਂ ਦੀ ਇਸ ਲੜੀ ਵਿਚ ਸਮਝਾਇਆ ਗਿਆ ਹੈ ਕਿ ਸਦੀਆਂ ਦੌਰਾਨ ਬਾਈਬਲ ਕਿੱਦਾਂ ਬਚੀ ਰਹੀ। ਪਰ ਤੁਸੀਂ ਕਿਵੇਂ ਯਕੀਨ ਰੱਖ ਸਕਦੇ ਹੋ ਕਿ ਬਾਈਬਲ ਕਥਾ-ਕਹਾਣੀਆਂ ਦੀ ਕਿਤਾਬ ਨਹੀਂ, ਸਗੋਂ ਸੱਚ-ਮੁੱਚ “ਪਰਮੇਸ਼ੁਰ ਦਾ ਬਚਨ” ਹੈ? (1 ਥੱਸਲੁਨੀਕੀਆਂ 2:13) www.jw.org/pa ʼਤੇ ਕੀ ਬਾਈਬਲ ਸੱਚੀ ਹੈ? ਵੀਡੀਓ ਦੇਖੋ। (ਲੱਭੋ ਬਟਨ ਕਲਿੱਕ ਕਰੋ ਅਤੇ ਵੀਡੀਓ ਦਾ ਨਾਂ ਭਰੋ)

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ