ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ”
    ਯਹੋਵਾਹ ਦੇ ਨੇੜੇ ਰਹੋ
    • ਯੂਸੁਫ਼ ਹੋਰ ਕੈਦੀਆਂ ਨਾਲ ਕੈਦਖ਼ਾਨੇ ਵਿਚ ਬੰਦ

      ਗਿਆਰ੍ਹਵਾਂ ਅਧਿਆਇ

      “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ”

      1, 2. (ੳ) ਯੂਸੁਫ਼ ਨਾਲ ਕਿਹੜਾ ਵੱਡਾ ਅਨਿਆਂ ਹੋਇਆ ਸੀ? (ਅ) ਯਹੋਵਾਹ ਨੇ ਉਸ ਨੂੰ ਨਿਆਂ ਕਿਵੇਂ ਦਿਵਾਇਆ ਸੀ?

      ਯੂਸੁਫ਼ ਨਾਲ ਇਕ ਵੱਡਾ ਅਨਿਆਂ ਹੋਇਆ ਸੀ। ਇਸ ਸੋਹਣੇ-ਸੁਨੱਖੇ ਗੱਭਰੂ ਨੇ ਭਾਵੇਂ ਕੋਈ ਅਪਰਾਧ ਨਹੀਂ ਕੀਤਾ ਸੀ, ਫਿਰ ਵੀ ਉਸ ਨੂੰ ਬਲਾਤਕਾਰ ਦੀ ਕੋਸ਼ਿਸ਼ ਦੇ ਝੂਠੇ ਇਲਜ਼ਾਮ ਵਿਚ ਕੈਦਖ਼ਾਨੇ ਵਿਚ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਯੂਸੁਫ਼ ਬੇਇਨਸਾਫ਼ੀ ਦਾ ਸਾਮ੍ਹਣਾ ਕਰ ਚੁੱਕਾ ਸੀ। ਕਈ ਸਾਲ ਪਹਿਲਾਂ ਜਦ ਉਹ ਸਿਰਫ਼ 17 ਸਾਲਾਂ ਦਾ ਸੀ, ਤਾਂ ਉਸ ਦੇ ਭਰਾਵਾਂ ਨੇ ਉਸ ਨੂੰ ਧੋਖਾ ਦਿੱਤਾ ਸੀ। ਉਹ ਉਸ ਦਾ ਕਤਲ ਕਰਨ ਲੱਗੇ ਸਨ। ਪਰ ਇਸ ਦੀ ਬਜਾਇ ਉਨ੍ਹਾਂ ਨੇ ਉਸ ਨੂੰ ਪਰਦੇਸੀਆਂ ਦੇ ਹੱਥ ਇਕ ਗ਼ੁਲਾਮ ਵਜੋਂ ਵੇਚ ਦਿੱਤਾ ਸੀ। ਉੱਥੇ ਉਸ ਨੇ ਆਪਣੇ ਮਾਲਕ ਦੀ ਘਰਵਾਲੀ ਨੂੰ ਗ਼ਲਤ ਹਰਕਤਾਂ ਕਰਨ ਤੋਂ ਰੋਕਿਆ। ਉਸ ਨੀਚ ਔਰਤ ਨੇ ਗੁੱਸੇ ਵਿਚ ਆ ਕੇ ਉਸ ਉੱਤੇ ਝੂਠਾ ਇਲਜ਼ਾਮ ਲਾਇਆ, ਜਿਸ ਕਰਕੇ ਉਸ ਨੂੰ ਕੈਦਖ਼ਾਨੇ ਵਿਚ ਬੰਦ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਜਾਪਦਾ ਸੀ ਕਿ ਯੂਸੁਫ਼ ਦੀ ਸਿਫਾਰਸ਼ ਕਰਨ ਲਈ ਕੋਈ ਨਹੀਂ ਸੀ।

      ਯੂਸੁਫ਼ ਨੂੰ ਕੈਦਖ਼ਾਨੇ ਵਿਚ ਅਨਿਆਂ ਸਹਿਣਾ ਪਿਆ ਸੀ

      2 ਪਰ ‘ਧਰਮ ਅਤੇ ਨਿਆਉਂ ਨਾਲ ਪ੍ਰੀਤ ਰੱਖਣ ਵਾਲਾ’ ਪਰਮੇਸ਼ੁਰ ਇਹ ਸਭ ਕੁਝ ਦੇਖ ਰਿਹਾ ਸੀ। (ਜ਼ਬੂਰਾਂ ਦੀ ਪੋਥੀ 33:5) ਉਸ ਨੂੰ ਨਿਆਂ ਦਿਵਾਉਣ ਲਈ ਯਹੋਵਾਹ ਨੇ ਕਦਮ ਚੁੱਕੇ ਅਤੇ ਹਾਲਾਤ ਇਸ ਤਰ੍ਹਾਂ ਬਦਲੇ ਕਿ ਅਖ਼ੀਰ ਵਿਚ ਯੂਸੁਫ਼ ਰਿਹਾ ਹੋ ਗਿਆ। ਇਸ ਤੋਂ ਇਲਾਵਾ ਯੂਸੁਫ਼ ਨੂੰ ਜੋ ਕਦੇ ਕੈਦਖ਼ਾਨੇ ਵਿਚ ਬੰਦ ਬੈਠਾ ਸੀ, ਦੇਸ਼ ਦੇ ਹਾਕਮ ਵਜੋਂ ਥਾਪਿਆ ਗਿਆ ਅਤੇ ਲੋਕਾਂ ਵਿਚ ਉਸ ਦੀ ਇੱਜ਼ਤ ਬਹੁਤ ਵਧ ਗਈ। (ਉਤਪਤ 40:15; 41:41-43; ਜ਼ਬੂਰਾਂ ਦੀ ਪੋਥੀ 105:17, 18) ਸਮੇਂ ਦੇ ਬੀਤਣ ਨਾਲ ਯੂਸੁਫ਼ ਦੀ ਬਦਨਾਮੀ ਮਿਟ ਗਈ ਅਤੇ ਉਸ ਨੇ ਆਪਣੀ ਉੱਚੀ ਪਦਵੀ ਨੂੰ ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਲਈ ਵਰਤਿਆ।​—ਉਤਪਤ 45:5-8.

      3. ਇਹ ਹੈਰਾਨ ਹੋਣ ਵਾਲੀ ਗੱਲ ਕਿਉਂ ਨਹੀਂ ਕਿ ਅਸੀਂ ਸਾਰੇ ਇਨਸਾਫ਼ ਚਾਹੁੰਦੇ ਹਾਂ?

      3 ਕੀ ਇਸ ਤਰ੍ਹਾਂ ਦੇ ਅਨਿਆਂ ਬਾਰੇ ਪੜ੍ਹ ਕੇ ਸਾਡੇ ਦਿਲ ਵਿਚ ਹਮਦਰਦੀ ਪੈਦਾ ਨਹੀਂ ਹੁੰਦੀ? ਸਾਡੇ ਵਿੱਚੋਂ ਹਰੇਕ ਨੇ ਅਨਿਆਂ ਹੁੰਦਾ ਦੇਖਿਆ ਹੈ ਜਾਂ ਸਹਿਆ ਹੈ। ਦਰਅਸਲ ਸਾਡੇ ਵਿੱਚੋਂ ਕੋਈ ਨਹੀਂ ਚਾਹੁੰਦਾ ਕਿ ਉਸ ਨਾਲ ਪੱਖਪਾਤ ਕੀਤਾ ਜਾਵੇ। ਸਗੋਂ ਅਸੀਂ ਸਾਰੇ ਜਣੇ ਇਹੋ ਚਾਹੁੰਦੇ ਹਾਂ ਕਿ ਸਾਡੇ ਨਾਲ ਇਨਸਾਫ਼ ਕੀਤਾ ਜਾਵੇ। ਇਸ ਤਰ੍ਹਾਂ ਕਿਉਂ ਹੈ? ਕਿਉਂਕਿ ਯਹੋਵਾਹ ਨੇ ਸਾਨੂੰ ਆਪਣੇ ਸਰੂਪ ਉੱਤੇ ਉਤਪੰਨ ਕੀਤਾ ਹੈ ਅਤੇ ਇਨਸਾਫ਼ ਉਸ ਦਾ ਇਕ ਮੁੱਖ ਗੁਣ ਹੈ। (ਉਤਪਤ 1:27) ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਮਝੀਏ ਕਿ ਉਸ ਦੀ ਨਜ਼ਰ ਵਿਚ ਇਨਸਾਫ਼ ਦਾ ਮਤਲਬ ਕੀ ਹੈ। ਇਸ ਤਰ੍ਹਾਂ ਅਸੀਂ ਇਨਸਾਫ਼ ਕਰਨ ਦੇ ਉਸ ਦੇ ਸ਼ਾਨਦਾਰ ਤਰੀਕਿਆਂ ਨੂੰ ਚੰਗੀ ਤਰ੍ਹਾਂ ਸਮਝਾਂਗੇ ਅਤੇ ਉਸ ਦੇ ਹੋਰ ਨੇੜੇ ਰਹਿਣਾ ਚਾਹਾਂਗੇ।

      ਇਨਸਾਫ਼ ਕੀ ਹੈ?

      4. ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਇਨਸਾਫ਼ ਕਰਨ ਦਾ ਕੀ ਮਤਲਬ ਹੈ?

      4 ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਇਨਸਾਫ਼ ਕਰਨ ਦਾ ਮਤਲਬ ਹੈ ਸਿਰਫ਼ ਕਾਨੂੰਨ ਨੂੰ ਲਾਗੂ ਕਰਨਾ। ਕਾਨੂੰਨ ਉੱਤੇ ਲਿਖੀ ਗਈ ਇਕ ਕਿਤਾਬ ਕਹਿੰਦੀ ਹੈ ਕਿ “ਨਿਆਂ ਦਾ ਸੰਬੰਧ ਕਾਨੂੰਨ, ਜ਼ਿੰਮੇਵਾਰੀ, ਹੱਕ ਅਤੇ ਫ਼ਰਜ਼ਾਂ ਨਾਲ ਹੈ। ਨਿਆਂ ਕਾਰਨ ਅਦਾਲਤ ਵਿਚ ਫ਼ੈਸਲਾ ਕਰਨ ਵੇਲੇ ਸਮਾਨਤਾ ਜਾਂ ਯੋਗਤਾ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ।” ਪਰ ਯਹੋਵਾਹ ਸਿਰਫ਼ ਇਸ ਕਰਕੇ ਇਨਸਾਫ਼ ਨਹੀਂ ਕਰਦਾ ਕਿ ਇਹ ਉਸ ਦਾ ਫ਼ਰਜ਼ ਬਣਦਾ ਹੈ ਜਾਂ ਉਹ ਕਾਨੂੰਨ ਨੂੰ ਲਾਗੂ ਕਰਨਾ ਚਾਹੁੰਦਾ ਹੈ।

      5, 6. (ੳ) ਜਿਨ੍ਹਾਂ ਮੁਢਲੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਤਰਜਮਾ “ਇਨਸਾਫ਼, ਨਿਆਉਂ ਜਾਂ ਧਰਮ” ਕੀਤਾ ਗਿਆ ਹੈ, ਉਨ੍ਹਾਂ ਦਾ ਕੀ ਮਤਲਬ ਹੈ? (ਅ) ਪਰਮੇਸ਼ੁਰ ਨੂੰ ਨਿਆਂਕਾਰ ਸੱਦਣ ਦਾ ਕੀ ਮਤਲਬ ਹੈ?

      5 ਜੇ ਅਸੀਂ ਬਾਈਬਲ ਦੀਆਂ ਮੁਢਲੀਆਂ ਭਾਸ਼ਾਵਾਂ ਦੇ ਸ਼ਬਦਾਂ ਵੱਲ ਧਿਆਨ ਦੇਈਏ, ਤਾਂ ਅਸੀਂ ਪਰਮੇਸ਼ੁਰ ਦੇ ਇਨਸਾਫ਼ ਦੀ ਵਿਸ਼ਾਲਤਾ ਨੂੰ ਚੰਗੀ ਤਰ੍ਹਾਂ ਜਾਣ ਸਕਾਂਗੇ। ਇਬਰਾਨੀ ਭਾਸ਼ਾ ਵਿਚ ਤਿੰਨ ਸ਼ਬਦ ਵਰਤੇ ਗਏ ਹਨ। ਇਕ ਸ਼ਬਦ ਦਾ ਤਰਜਮਾ ਅਕਸਰ “ਇਨਸਾਫ਼” ਕੀਤਾ ਜਾਂਦਾ ਹੈ ਅਤੇ ਉਸ ਦਾ ਮਤਲਬ “ਭਲਾ” ਕਰਨਾ ਵੀ ਹੋ ਸਕਦਾ ਹੈ। (ਉਤਪਤ 18:25, ਪਵਿੱਤਰ ਬਾਈਬਲ ਨਵਾਂ ਅਨੁਵਾਦ) ਦੂਸਰੇ ਦੋ ਇਬਰਾਨੀ ਸ਼ਬਦਾਂ ਦਾ ਤਰਜਮਾ ਆਮ ਤੌਰ ਤੇ “ਧਰਮ ਜਾਂ ਧਾਰਮਿਕਤਾ” ਕੀਤਾ ਜਾਂਦਾ ਹੈ। ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਧਰਮ ਜਾਂ ਧਾਰਮਿਕਤਾ” ਕੀਤਾ ਜਾਂਦਾ ਹੈ, ਉਸ ਦਾ ਮਤਲਬ “ਸੱਚਾ ਜਾਂ ਨਿਰਪੱਖ ਹੋਣਾ” ਵੀ ਹੋ ਸਕਦਾ ਹੈ। ਤਾਂ ਫਿਰ, ਇਸ ਤੋਂ ਜ਼ਾਹਰ ਹੁੰਦਾ ਹੈ ਕਿ ਇਨਸਾਫ਼ ਅਤੇ ਧਰਮ ਵਿਚ ਕੋਈ ਫ਼ਰਕ ਨਹੀਂ ਹੈ।​—ਆਮੋਸ 5:24.

      6 ਇਸ ਲਈ ਜਦ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨਿਆਂਕਾਰ ਹੈ, ਇਸ ਦਾ ਮਤਲਬ ਹੈ ਕਿ ਉਹ ਹਮੇਸ਼ਾ ਨਿਰਪੱਖਤਾ ਨਾਲ ਪੂਰਾ-ਪੂਰਾ ਇਨਸਾਫ਼ ਕਰਦਾ ਹੈ। (ਰੋਮੀਆਂ 2:11) ਦਰਅਸਲ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਕਿ ਉਹ ਬੁਰਾਈ ਕਰ ਸਕਦਾ ਹੈ। ਵਫ਼ਾਦਾਰ ਬੰਦੇ ਅਲੀਹੂ ਨੇ ਕਿਹਾ ਸੀ ਕਿ “ਨਾ ਤਾਂ ਪਰਮੇਸ਼ੁਰ ਦੁਸ਼ਟਪੁਣਾ ਕਰੂ, ਨਾ ਹੀ ਸਰਬ ਸ਼ਕਤੀਮਾਨ ਪੁੱਠੇ ਨਿਆਉਂ ਕਰੂ।” (ਅੱਯੂਬ 34:12) ਯਕੀਨਨ ਯਹੋਵਾਹ ਪਰਮੇਸ਼ੁਰ ਅਨਿਆਂ ਕਰ ਹੀ ਨਹੀਂ ਸਕਦਾ। ਕਿਉਂ ਨਹੀਂ? ਇਸ ਦੇ ਦੋ ਕਾਰਨ ਹਨ।

      7, 8. (ੳ) ਯਹੋਵਾਹ ਬੇਇਨਸਾਫ਼ੀ ਕਿਉਂ ਨਹੀਂ ਕਰ ਸਕਦਾ? (ਅ) ਯਹੋਵਾਹ ਦੂਸਰਿਆਂ ਨਾਲ ਹਮੇਸ਼ਾ ਇਨਸਾਫ਼ ਕਿਉਂ ਕਰਦਾ ਹੈ?

      7 ਪਹਿਲਾ ਕਾਰਨ ਇਹ ਹੈ ਕਿ ਉਹ ਪਵਿੱਤਰ ਹੈ। ਜਿਵੇਂ ਅਸੀਂ ਇਸ ਕਿਤਾਬ ਦੇ ਤੀਜੇ ਅਧਿਆਇ ਵਿਚ ਦੇਖਿਆ ਸੀ, ਯਹੋਵਾਹ ਜਿੰਨਾ ਸ਼ੁੱਧ ਅਤੇ ਸੁੱਚਾ ਹੋਰ ਕੋਈ ਨਹੀਂ ਹੈ। ਇਸ ਕਰਕੇ ਉਹ ਅਨਿਆਂ ਤੇ ਬੁਰਾਈ ਕਰ ਹੀ ਨਹੀਂ ਸਕਦਾ। ਇਸ ਗੱਲ ਦੇ ਮਤਲਬ ਉੱਤੇ ਗੌਰ ਕਰੋ। ਸਾਡੇ ਸਵਰਗੀ ਪਿਤਾ ਦੀ ਪਵਿੱਤਰਤਾ ਕਰਕੇ ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਉਹ ਆਪਣੇ ਬੱਚਿਆਂ ਨਾਲ ਭੈੜਾ ਸਲੂਕ ਕਦੇ ਨਹੀਂ ਕਰੇਗਾ। ਯਿਸੂ ਨੂੰ ਇਸ ਅਸਲੀਅਤ ਉੱਤੇ ਭਰੋਸਾ ਸੀ। ਧਰਤੀ ਉੱਤੇ ਆਪਣੀ ਆਖ਼ਰੀ ਰਾਤ ਨੂੰ ਉਸ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਵਿਚ ਕਿਹਾ: “ਹੇ ਪਵਿੱਤ੍ਰ ਪਿਤਾ ਆਪਣੇ ਹੀ ਉਸ ਨਾਮ ਨਾਲ . . . [ਚੇਲਿਆਂ] ਦੀ ਰੱਛਿਆ ਕਰ।” (ਯੂਹੰਨਾ 17:11) ਬਾਈਬਲ ਵਿਚ ਸਿਰਫ਼ ਯਹੋਵਾਹ ਨੂੰ ਹੀ “ਪਵਿੱਤ੍ਰ ਪਿਤਾ” ਸੱਦਿਆ ਗਿਆ ਹੈ। ਉਸ ਨੂੰ ਪਵਿੱਤਰ ਸੱਦਣਾ ਠੀਕ ਹੈ ਕਿਉਂਕਿ ਕੋਈ ਵੀ ਇਨਸਾਨੀ ਪਿਤਾ ਉਸ ਵਾਂਗ ਪਵਿੱਤਰ ਨਹੀਂ ਹੈ। ਯਿਸੂ ਨੂੰ ਪੂਰਾ ਯਕੀਨ ਸੀ ਕਿ ਉਸ ਦੇ ਚੇਲੇ ਉਸ ਦੇ ਪਿਤਾ ਦੇ ਹੱਥਾਂ ਵਿਚ ਸਹੀ-ਸਲਾਮਤ ਰਹਿਣਗੇ ਕਿਉਂਕਿ ਯਹੋਵਾਹ ਪਵਿੱਤਰ ਤੇ ਸ਼ੁੱਧ ਹੈ ਅਤੇ ਪਾਪ ਤੋਂ ਬਿਲਕੁਲ ਦੂਰ ਹੈ।​—ਮੱਤੀ 23:9.

      8 ਦੂਜਾ ਕਾਰਨ ਇਹ ਹੈ ਕਿ ਪਿਆਰ ਪਰਮੇਸ਼ੁਰ ਦਾ ਸੁਭਾਵਕ ਗੁਣ ਹੈ। ਇਸ ਪਿਆਰ ਕਰਕੇ ਉਹ ਦੂਸਰਿਆਂ ਨਾਲ ਹਮੇਸ਼ਾ ਇਨਸਾਫ਼ ਕਰਦਾ ਹੈ। ਜਾਤ-ਪਾਤ, ਊਚ-ਨੀਚ ਅਤੇ ਪੱਖਪਾਤ ਵਰਗੇ ਅਨਿਆਂ ਅਕਸਰ ਲੋਭ ਅਤੇ ਖ਼ੁਦਗਰਜ਼ੀ ਤੋਂ ਪੈਦਾ ਹੁੰਦੇ ਹਨ ਅਤੇ ਇਹ ਗੁਣ ਪਿਆਰ ਤੋਂ ਉਲਟ ਹਨ। ਬਾਈਬਲ ਸਾਨੂੰ ਪਿਆਰ ਕਰਨ ਵਾਲੇ ਪਰਮੇਸ਼ੁਰ ਬਾਰੇ ਇਸ ਤਰ੍ਹਾਂ ਭਰੋਸਾ ਦਿੰਦੀ ਹੈ: “ਯਹੋਵਾਹ ਧਰਮੀ ਹੈ, ਉਹ ਧਰਮ ਨਾਲ ਪ੍ਰੀਤ ਰੱਖਦਾ ਹੈ।” (ਜ਼ਬੂਰਾਂ ਦੀ ਪੋਥੀ 11:7) ਯਹੋਵਾਹ ਆਪਣੇ ਆਪ ਬਾਰੇ ਕਹਿੰਦਾ ਹੈ: “ਮੈਂ ਯਹੋਵਾਹ ਇਨਸਾਫ਼ ਨੂੰ ਤਾਂ ਪਿਆਰ ਕਰਦਾ ਹਾਂ।” (ਯਸਾਯਾਹ 61:8) ਕੀ ਇਹ ਜਾਣ ਕੇ ਸਾਨੂੰ ਦਿਲਾਸਾ ਨਹੀਂ ਮਿਲਦਾ ਕਿ ਸਾਡਾ ਪਰਮੇਸ਼ੁਰ ਇਨਸਾਫ਼ ਜਾਂ ਭਲਾ ਕਰ ਕੇ ਖ਼ੁਸ਼ ਹੁੰਦਾ ਹੈ?​—ਯਿਰਮਿਯਾਹ 9:24.

      ਯਹੋਵਾਹ ਦਾ ਮੁਕੰਮਲ ਇਨਸਾਫ਼ ਅਤੇ ਦਇਆ

      9-11. (ੳ) ਯਹੋਵਾਹ ਦੇ ਇਨਸਾਫ਼ ਦਾ ਉਸ ਦੀ ਦਇਆ ਨਾਲ ਕੀ ਸੰਬੰਧ ਹੈ? (ਅ) ਪਸ਼ਚਾਤਾਪੀ ਪਾਪੀਆਂ ਨਾਲ ਯਹੋਵਾਹ ਦੇ ਸਲੂਕ ਤੋਂ ਉਸ ਦਾ ਇਨਸਾਫ਼ ਅਤੇ ਉਸ ਦੀ ਦਇਆ ਕਿਸ ਤਰ੍ਹਾਂ ਜ਼ਾਹਰ ਹੁੰਦੇ ਹਨ?

      9 ਯਹੋਵਾਹ ਦੀ ਸ਼ਖ਼ਸੀਅਤ ਦੇ ਦੂਸਰੇ ਪਹਿਲੂਆਂ ਵਾਂਗ ਉਸ ਦਾ ਇਨਸਾਫ਼ ਵੀ ਮੁਕੰਮਲ ਹੈ ਯਾਨੀ ਇਸ ਵਿਚ ਕੋਈ ਘਾਟ ਨਹੀਂ ਹੈ। ਯਹੋਵਾਹ ਦੀ ਵਡਿਆਈ ਕਰਦੇ ਹੋਏ ਮੂਸਾ ਨੇ ਲਿਖਿਆ: “ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 32:3, 4) ਯਹੋਵਾਹ ਦਾ ਇਨਸਾਫ਼ ਹਰ ਵਾਰ ਬਿਲਕੁਲ ਸਹੀ ਹੁੰਦਾ ਹੈ। ਉਹ ਨਾ ਹੀ ਬਹੁਤ ਹਲਕੀ ਸਜ਼ਾ ਦਿੰਦਾ ਹੈ ਤੇ ਨਾ ਹੀ ਬਹੁਤ ਸਖ਼ਤ।

      10 ਯਹੋਵਾਹ ਦੇ ਇਨਸਾਫ਼ ਦਾ ਉਸ ਦੀ ਦਇਆ ਨਾਲ ਗੂੜ੍ਹਾ ਸੰਬੰਧ ਹੈ। ਜ਼ਬੂਰਾਂ ਦੀ ਪੋਥੀ 116:5 ਵਿਚ ਲਿਖਿਆ ਹੈ: “ਯਹੋਵਾਹ ਦਯਾਵਾਨ ਤੇ ਧਰਮੀ [ਯਾਨੀ ਨਿਆਂਕਾਰ] ਹੈ, ਸਾਡਾ ਪਰਮੇਸ਼ੁਰ ਰਹੀਮ ਹੈ।” ਜੀ ਹਾਂ, ਯਹੋਵਾਹ ਇਨਸਾਫ਼ ਤੇ ਦਇਆ ਦੋਵੇਂ ਕਰਦਾ ਹੈ। ਇਨ੍ਹਾਂ ਦੋਹਾਂ ਗੁਣਾਂ ਵਿਚ ਅਸਹਿਮਤੀ ਨਹੀਂ ਹੈ। ਦਇਆ ਕਰਨ ਨਾਲ ਯਹੋਵਾਹ ਦਾ ਇਨਸਾਫ਼ ਘੱਟਦਾ ਨਹੀਂ। ਉਸ ਦਾ ਇਨਸਾਫ਼ ਇੰਨਾ ਸਖ਼ਤ ਹੁੰਦਾ ਹੀ ਨਹੀਂ ਕਿ ਦਇਆ ਦੀ ਲੋੜ ਹੋਵੇ। ਇਸ ਦੀ ਬਜਾਇ ਉਹ ਇਹ ਦੋਵੇਂ ਗੁਣ ਅਕਸਰ ਇਕੱਠੇ ਇਸਤੇਮਾਲ ਕਰਦਾ ਹੈ। ਇਸ ਦੀ ਇਕ ਮਿਸਾਲ ਉੱਤੇ ਗੌਰ ਕਰੋ।

      11 ਸਾਰੇ ਇਨਸਾਨ ਆਦਮ ਦੇ ਪਾਪ ਕਰਕੇ ਪਾਪੀ ਪੈਦਾ ਹੋਏ ਹਨ ਅਤੇ ਇਸ ਕਰਕੇ ਉਹ ਪਾਪ ਦੀ ਸਜ਼ਾ ਯਾਨੀ ਮੌਤ ਦੇ ਲਾਇਕ ਹਨ। (ਰੋਮੀਆਂ 5:12) ਪਰ ਪਾਪੀਆਂ ਦੀ ਮੌਤ ਤੋਂ ਯਹੋਵਾਹ ਦਾ ਜੀ ਪ੍ਰਸੰਨ ਨਹੀਂ ਹੁੰਦਾ। ਉਹ ‘ਖਿਮਾ ਕਰਨ ਵਾਲਾ, ਦਿਆਲੂ ਤੇ ਕਿਰਪਾਲੂ ਪਰਮੇਸ਼ੁਰ ਹੈ।’ (ਨਹਮਯਾਹ 9:17) ਫਿਰ ਵੀ ਪਵਿੱਤਰ ਹੋਣ ਦੇ ਕਾਰਨ ਉਹ ਬੁਰਾਈ ਤੇ ਪਾਪ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਤਾਂ ਫਿਰ, ਉਹ ਪਾਪ ਵਿਚ ਪੈਦਾ ਹੋਏ ਇਨਸਾਨਾਂ ਉੱਤੇ ਦਇਆ ਕਿਸ ਤਰ੍ਹਾਂ ਕਰ ਸਕਦਾ ਹੈ? ਇਸ ਸਵਾਲ ਦਾ ਜਵਾਬ ਬਾਈਬਲ ਦੀ ਇਕ ਬਹੁਮੁੱਲੀ ਸਿੱਖਿਆ ਤੋਂ ਮਿਲਦਾ ਹੈ ਯਾਨੀ ਇਨਸਾਨਜਾਤ ਨੂੰ ਰਿਹਾ ਕਰਨ ਦਾ ਪ੍ਰਬੰਧ। ਇਸ ਪ੍ਰਬੰਧ ਵਿਚ ਯਹੋਵਾਹ ਦਾ ਨਿਆਂ ਅਤੇ ਦਇਆ ਦੋਵੇਂ ਦਿਖਾਈ ਦਿੰਦੇ ਹਨ। ਇਸ ਦੇ ਜ਼ਰੀਏ ਯਹੋਵਾਹ ਪਸ਼ਚਾਤਾਪੀ ਪਾਪੀਆਂ ਨਾਲ ਦਇਆ ਕਰਦੇ ਹੋਏ ਆਪਣੇ ਮੁਕੰਮਲ ਇਨਸਾਫ਼ ਦੇ ਮਿਆਰ ਵੀ ਕਾਇਮ ਰੱਖਦਾ ਹੈ। ਇਸ ਕਿਤਾਬ ਦੇ 14ਵੇਂ ਅਧਿਆਇ ਵਿਚ ਆਪਾਂ ਇਸ ਪਿਆਰ-ਭਰੇ ਪ੍ਰਬੰਧ ਬਾਰੇ ਹੋਰ ਸਿੱਖਾਂਗੇ।​—ਰੋਮੀਆਂ 3:21-26.

      ਯਹੋਵਾਹ ਦਾ ਇਨਸਾਫ਼ ਜੀ ਨੂੰ ਖ਼ੁਸ਼ ਕਰਦਾ ਹੈ

      12, 13. (ੳ) ਯਹੋਵਾਹ ਦਾ ਇਨਸਾਫ਼ ਸਾਨੂੰ ਉਸ ਵੱਲ ਕਿਉਂ ਖਿੱਚਦਾ ਹੈ? (ਅ) ਦਾਊਦ ਨੇ ਯਹੋਵਾਹ ਦੇ ਇਨਸਾਫ਼ ਬਾਰੇ ਕੀ ਸਿੱਟਾ ਕੱਢਿਆ ਸੀ ਅਤੇ ਇਸ ਤੋਂ ਸਾਨੂੰ ਤਸੱਲੀ ਕਿਉਂ ਮਿਲਦੀ ਹੈ?

      12 ਯਹੋਵਾਹ ਦੇ ਇਨਸਾਫ਼ ਵਿਚ ਬੇਦਰਦੀ ਲਈ ਕੋਈ ਥਾਂ ਨਹੀਂ ਹੈ। ਉਸ ਦਾ ਇਹ ਗੁਣ ਸਾਨੂੰ ਉਸ ਤੋਂ ਦੂਰ ਕਰਨ ਦੀ ਬਜਾਇ ਉਸ ਵੱਲ ਖਿੱਚਦਾ ਹੈ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਯਹੋਵਾਹ ਦਇਆ ਨਾਲ ਇਨਸਾਫ਼ ਕਰਦਾ ਹੈ। ਆਓ ਆਪਾਂ ਦੇਖੀਏ ਕਿ ਯਹੋਵਾਹ ਕਿਨ੍ਹਾਂ ਸ਼ਾਨਦਾਰ ਤਰੀਕਿਆਂ ਨਾਲ ਇਨਸਾਫ਼ ਕਰਦਾ ਹੈ।

      13 ਯਹੋਵਾਹ ਆਪਣੇ ਮੁਕੰਮਲ ਇਨਸਾਫ਼ ਕਰਕੇ ਆਪਣੇ ਸੇਵਕਾਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਖ਼ੁਦ ਯਹੋਵਾਹ ਦੇ ਇਨਸਾਫ਼ ਦਾ ਇਹ ਪਹਿਲੂ ਅਨੁਭਵ ਕੀਤਾ ਸੀ। ਦਾਊਦ ਨੇ ਆਪਣੇ ਤਜਰਬੇ ਅਤੇ ਯਹੋਵਾਹ ਦੇ ਕੰਮ ਕਰਨ ਦੇ ਤਰੀਕੇ ਤੋਂ ਕੀ ਸਿੱਟਾ ਕੱਢਿਆ ਸੀ? ਉਸ ਨੇ ਕਿਹਾ: “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੋੜੀ ਰੱਛਿਆ ਹੁੰਦੀ ਹੈ।” (ਜ਼ਬੂਰ ਦੀ ਪੋਥੀ 37:28) ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ! ਸਾਡਾ ਪਰਮੇਸ਼ੁਰ ਇਕ ਪਲ ਲਈ ਵੀ ਉਨ੍ਹਾਂ ਨੂੰ ਨਹੀਂ ਤਿਆਗੇਗਾ ਜੋ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਇਸ ਕਰਕੇ ਅਸੀਂ ਉਸ ਉੱਤੇ ਅਤੇ ਉਸ ਦੀ ਨਿਗਰਾਨੀ ਉੱਤੇ ਇਤਬਾਰ ਕਰ ਸਕਦੇ ਹਾਂ। ਉਸ ਦਾ ਇਨਸਾਫ਼ ਇਸ ਦੀ ਗਾਰੰਟੀ ਦਿੰਦਾ ਹੈ!​—ਕਹਾਉਤਾਂ 2:7, 8.

      14. ਇਸਰਾਏਲ ਨੂੰ ਦਿੱਤੀ ਗਈ ਬਿਵਸਥਾ ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਬੇਸਹਾਰਿਆਂ ਦੀ ਚਿੰਤਾ ਸੀ?

      14 ਪਰਮੇਸ਼ੁਰ ਦਾ ਇਨਸਾਫ਼ ਦੁਖੀ ਲੋਕਾਂ ਦੀਆਂ ਜ਼ਰੂਰਤਾਂ ਵੀ ਸਮਝਦਾ ਹੈ। ਇਸਰਾਏਲ ਨੂੰ ਦਿੱਤੀ ਗਈ ਬਿਵਸਥਾ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਨੂੰ ਬੇਸਹਾਰਿਆਂ ਦੀ ਕਿੰਨੀ ਚਿੰਤਾ ਸੀ। ਮਿਸਾਲ ਲਈ ਬਿਵਸਥਾ ਵਿਚ ਯਤੀਮਾਂ ਤੇ ਵਿਧਵਾਵਾਂ ਦੀ ਦੇਖ-ਭਾਲ ਕਰਨ ਵਾਸਤੇ ਖ਼ਾਸ ਪ੍ਰਬੰਧ ਕੀਤੇ ਗਏ ਸਨ। (ਬਿਵਸਥਾ ਸਾਰ 24:17-21) ਯਹੋਵਾਹ ਜਾਣਦਾ ਸੀ ਕਿ ਇਹੋ ਜਿਹੇ ਪਰਿਵਾਰਾਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਸਕਦੀ ਸੀ ਇਸ ਲਈ ਉਹ ਖ਼ੁਦ ਉਨ੍ਹਾਂ ਦਾ ਰਾਖਾ ਅਤੇ ਜੱਜ ਬਣਿਆ। ਬਾਈਬਲ ਦੱਸਦੀ ਹੈ ਕਿ “ਉਹ ਯਤੀਮ ਅਤੇ ਵਿਧਵਾ ਦਾ ਨਿਆਉਂ” ਕਰਨ ਵਾਲਾ ਹੈ। (ਬਿਵਸਥਾ ਸਾਰ 10:18; ਜ਼ਬੂਰਾਂ ਦੀ ਪੋਥੀ 68:5) ਯਹੋਵਾਹ ਉਨ੍ਹਾਂ ਬੇਸਹਾਰਿਆਂ ਦੀ ਦੁਹਾਈ ਸੁਣਦਾ ਸੀ। ਇਸੇ ਲਈ ਉਸ ਨੇ ਇਸਰਾਏਲੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਬੇਸਹਾਰਾ ਔਰਤਾਂ ਤੇ ਬੱਚਿਆਂ ਨੂੰ ਤੰਗ ਕੀਤਾ, ਤਾਂ ‘ਉਸ ਦਾ ਕਰੋਧ ਭੜਕ ਉੱਠੇਗਾ।’ (ਕੂਚ 22:22-24) ਭਾਵੇਂ ਕ੍ਰੋਧ ਯਹੋਵਾਹ ਦਾ ਮੁੱਖ ਗੁਣ ਨਹੀਂ ਹੈ, ਫਿਰ ਵੀ ਉਸ ਨੂੰ ਜਾਣ-ਬੁੱਝ ਕੇ ਕੀਤੀ ਗਈ ਬੇਇਨਸਾਫ਼ੀ ਦੇ ਕਾਰਨ ਗੁੱਸਾ ਚੜ੍ਹਦਾ ਹੈ, ਖ਼ਾਸ ਕਰਕੇ ਜੇ ਅਨਿਆਂ ਮਾਸੂਮ ਲੋਕਾਂ ਨਾਲ ਕੀਤਾ ਜਾਵੇ।​—ਜ਼ਬੂਰਾਂ ਦੀ ਪੋਥੀ 103:6.

      15, 16. ਉਸ ਦੀ ਨਿਰਪੱਖਤਾ ਦਾ ਇਕ ਵਧੀਆ ਸਬੂਤ ਕੀ ਹੈ?

      15 ਯਹੋਵਾਹ ਸਾਨੂੰ ਇਸ ਗੱਲ ਦੀ ਵੀ ਤਸੱਲੀ ਦਿੰਦਾ ਹੈ ਕਿ ਉਹ “ਕਿਸੇ ਦਾ ਪੱਖ ਨਹੀਂ ਕਰਦਾ, ਨਾ ਕਿਸੇ ਤੋਂ ਵੱਢੀ ਲੈਂਦਾ ਹੈ।” (ਬਿਵਸਥਾ ਸਾਰ 10:17) ਕਈ ਸ਼ਕਤੀਸ਼ਾਲੀ ਇਨਸਾਨ ਕਿਸੇ ਦੀ ਅਮੀਰੀ ਜਾਂ ਸ਼ਾਨ-ਸ਼ੌਕਤ ਦੇਖ ਕੇ ਹੀ ਉਸ ਦਾ ਪੱਖ ਲੈ ਲੈਂਦੇ ਹਨ, ਪਰ ਯਹੋਵਾਹ ਇਸ ਤਰ੍ਹਾਂ ਨਹੀਂ ਕਰਦਾ। ਉਹ ਪੱਖਪਾਤ ਕਰ ਹੀ ਨਹੀਂ ਸਕਦਾ। ਉਸ ਦੀ ਨਿਰਪੱਖਤਾ ਦੇ ਇਕ ਸਬੂਤ ਉੱਤੇ ਗੌਰ ਕਰੋ। ਉਸ ਦੇ ਸੇਵਕ ਬਣਨ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦੇ ਮੌਕੇ ਸਿਰਫ਼ ਕੁਝ ਗਿਣੇ-ਚੁਣੇ ਲੋਕਾਂ ਲਈ ਹੀ ਨਹੀਂ ਹਨ। ਇਹ ਸ਼ਾਨਦਾਰ ਭਵਿੱਖ ਸਾਰਿਆਂ ਦਾ ਹੋ ਸਕਦਾ ਹੈ ਭਾਵੇਂ ਉਹ ਕਿਸੇ ਵੀ ਦੇਸ਼ ਦੇ ਹੋਣ, ਅਮੀਰ ਹੋਣ ਜਾਂ ਗ਼ਰੀਬ, ਪੜ੍ਹੇ-ਲਿਖੇ ਜਾਂ ਅਨਪੜ੍ਹ, ਗੋਰੇ ਜਾਂ ਕਾਲੇ। “ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਕੀ ਅਸੀਂ ਇਸ ਨੂੰ ਸੱਚਾ ਇਨਸਾਫ਼ ਨਹੀਂ ਸੱਦਾਂਗੇ?

      16 ਯਹੋਵਾਹ ਦੇ ਮੁਕੰਮਲ ਇਨਸਾਫ਼ ਦਾ ਇਕ ਹੋਰ ਪਹਿਲੂ ਵੀ ਹੈ ਕਿ ਉਹ ਆਪਣੇ ਧਰਮੀ ਮਿਆਰਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦਾ ਹੈ। ਇਸ ਜ਼ਰੂਰੀ ਪਹਿਲੂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ।

      ਯਹੋਵਾਹ ਸਜ਼ਾ ਮਾਫ਼ ਨਹੀਂ ਕਰਦਾ

      17. ਇਸ ਸੰਸਾਰ ਵਿਚ ਹੋ ਰਹੀ ਬੇਇਨਸਾਫ਼ੀ ਕਾਰਨ ਯਹੋਵਾਹ ਉੱਤੇ ਦੋਸ਼ ਕਿਉਂ ਨਹੀਂ ਲਾਇਆ ਜਾ ਸਕਦਾ?

      17 ਕੁਝ ਲੋਕ ਸ਼ਾਇਦ ਸੋਚਣ: ‘ਜਦ ਯਹੋਵਾਹ ਬੁਰਾਈ ਨੂੰ ਬਖ਼ਸ਼ਦਾ ਨਹੀਂ, ਤਾਂ ਫਿਰ ਅੱਜ-ਕੱਲ੍ਹ ਦੁਨੀਆਂ ਵਿਚ ਇੰਨਾ ਅਨਿਆਂ ਤੇ ਬੁਰਾਈ ਕਿਉਂ ਹੋ ਰਹੇ ਹਨ?’ ਲੋਕਾਂ ਦੀ ਬੇਇਨਸਾਫ਼ੀ ਕਾਰਨ ਯਹੋਵਾਹ ਦੇ ਇਨਸਾਫ਼ ਕਰਨ ਦੇ ਤਰੀਕੇ ਉੱਤੇ ਦੋਸ਼ ਨਹੀਂ ਲਾਇਆ ਜਾ ਸਕਦਾ। ਇਸ ਦੁਸ਼ਟ ਸੰਸਾਰ ਵਿਚ ਬਹੁਤ ਸਾਰਾ ਅਨਿਆਂ ਇਨਸਾਨਾਂ ਨੂੰ ਆਦਮ ਤੋਂ ਮਿਲੇ ਪਾਪ ਕਰਕੇ ਹੁੰਦਾ ਹੈ। ਇਸ ਸੰਸਾਰ ਵਿਚ, ਜਿੱਥੇ ਪਾਪੀ ਇਨਸਾਨ ਆਪਣੀ ਮਰਜ਼ੀ ਕਰਨੀ ਚਾਹੁੰਦੇ ਹਨ, ਅਨਿਆਂ ਦੀ ਬਹੁਤਾਤ ਹੈ, ਪਰ ਲੰਮੇ ਸਮੇਂ ਲਈ ਨਹੀਂ।​—ਬਿਵਸਥਾ ਸਾਰ 32:5.

      18, 19. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਹਮੇਸ਼ਾ ਲਈ ਬਰਦਾਸ਼ਤ ਨਹੀਂ ਕਰੇਗਾ ਜੋ ਉਸ ਦੇ ਧਰਮੀ ਹੁਕਮਾਂ ਦੀ ਜਾਣ-ਬੁੱਝ ਕੇ ਉਲੰਘਣਾ ਕਰਦੇ ਹਨ?

      18 ਯਹੋਵਾਹ ਉਨ੍ਹਾਂ ਲੋਕਾਂ ਨਾਲ ਦਇਆ ਕਰਦਾ ਹੈ, ਜੋ ਉਸ ਦੇ ਨੇੜੇ ਆਉਂਦੇ ਹਨ। ਪਰ ਉਹ ਬਹੁਤੀ ਦੇਰ ਉਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਜੋ ਉਸ ਦੇ ਪਵਿੱਤਰ ਨਾਂ ਦੀ ਬਦਨਾਮੀ ਕਰਦੇ ਹਨ। (ਜ਼ਬੂਰ ਦੀ ਪੋਥੀ 74:10, 22, 23) ਇਨਸਾਫ਼ ਦੇ ਪਰਮੇਸ਼ੁਰ ਨੂੰ ਕੋਈ ਮੂਰਖ ਨਹੀਂ ਬਣਾ ਸਕਦਾ; ਉਹ ਜਾਣ-ਬੁੱਝ ਕੇ ਪਾਪ ਕਰਨ ਵਾਲਿਆਂ ਨੂੰ ਸਜ਼ਾ ਤੋਂ ਨਹੀਂ ਬਚਾਵੇਗਾ। ਯਹੋਵਾਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ। ਅਤੇ . . . ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।” (ਕੂਚ 34:6, 7) ਇਨ੍ਹਾਂ ਸ਼ਬਦਾਂ ਅਨੁਸਾਰ ਯਹੋਵਾਹ ਨੂੰ ਸਮੇਂ-ਸਮੇਂ ਤੇ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣੀ ਪਈ ਹੈ, ਜਿਨ੍ਹਾਂ ਨੇ ਜਾਣ-ਬੁੱਝ ਕੇ ਉਸ ਦੇ ਧਰਮੀ ਹੁਕਮਾਂ ਦੀ ਉਲੰਘਣਾ ਕੀਤੀ ਹੈ।

      19 ਉਦਾਹਰਣ ਲਈ ਪ੍ਰਾਚੀਨ ਇਸਰਾਏਲ ਨਾਲ ਪਰਮੇਸ਼ੁਰ ਦੇ ਵਰਤਾਉ ਉੱਤੇ ਗੌਰ ਕਰੋ। ਵਾਅਦਾ ਕੀਤੇ ਗਏ ਦੇਸ਼ ਵਿਚ ਵਸਣ ਤੋਂ ਬਾਅਦ ਵੀ ਇਸਰਾਏਲੀਆਂ ਨੇ ਵਾਰ-ਵਾਰ ਯਹੋਵਾਹ ਨਾਲ ਬੇਵਫ਼ਾਈ ਕੀਤੀ। ਭਾਵੇਂ ਉਨ੍ਹਾਂ ਦੇ ਬੁਰੇ ਕੰਮਾਂ ਨੇ ਯਹੋਵਾਹ ਨੂੰ “ਉਦਾਸ ਕੀਤਾ,” ਪਰ ਉਸ ਨੇ ਉਨ੍ਹਾਂ ਨੂੰ ਇਕਦਮ ਆਪਣੇ ਆਪ ਤੋਂ ਦੂਰ ਨਹੀਂ ਕੀਤਾ ਸੀ। (ਜ਼ਬੂਰਾਂ ਦੀ ਪੋਥੀ 78:38-41) ਇਸ ਦੀ ਬਜਾਇ ਉਸ ਨੇ ਦਇਆ ਨਾਲ ਉਨ੍ਹਾਂ ਨੂੰ ਆਪਣੇ ਰਾਹ ਬਦਲਣ ਦੇ ਮੌਕੇ ਦਿੱਤੇ। ਉਸ ਨੇ ਉਨ੍ਹਾਂ ਨੂੰ ਕਿਹਾ: “ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖ਼ੁਸ਼ੀ ਨਹੀਂ, ਸਗੋਂ ਇਸ ਵਿੱਚ ਹੈ, ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ, ਅਤੇ ਜੀਉਂਦਾ ਰਹੇ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਮੁੜੋ। ਤੁਸੀਂ ਆਪਣੇ ਭੈੜੇ ਰਾਹ ਤੋਂ ਮੁੜੋ! ਤੁਸੀਂ ਕਿਉਂ ਮਰੋਗੇ।” (ਹਿਜ਼ਕੀਏਲ 33:11) ਯਹੋਵਾਹ ਜ਼ਿੰਦਗੀ ਨੂੰ ਕੀਮਤੀ ਸਮਝਦਾ ਹੈ, ਇਸ ਲਈ ਉਸ ਨੇ ਵਾਰ-ਵਾਰ ਇਸਰਾਏਲੀਆਂ ਕੋਲ ਆਪਣੇ ਨਬੀ ਭੇਜੇ ਤਾਂਕਿ ਉਹ ਆਪਣੇ ਪੁੱਠੇ ਰਾਹ ਤੋਂ ਮੁੜਨ। ਪਰ ਆਮ ਤੌਰ ਤੇ ਉਨ੍ਹਾਂ ਪੱਥਰ-ਦਿਲ ਲੋਕਾਂ ਨੇ ਨਾ ਤਾਂ ਉਸ ਦੀ ਗੱਲ ਸੁਣੀ ਅਤੇ ਨਾ ਹੀ ਤੋਬਾ ਕੀਤੀ। ਅਖ਼ੀਰ ਵਿਚ ਯਹੋਵਾਹ ਨੇ ਆਪਣੇ ਪਵਿੱਤਰ ਨਾਂ ਦੀ ਖ਼ਾਤਰ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿੱਤਾ।​—ਨਹਮਯਾਹ 9:26-30.

      20. (ੳ) ਇਸਰਾਏਲ ਨਾਲ ਯਹੋਵਾਹ ਦੇ ਵਰਤਾਉ ਤੋਂ ਅਸੀਂ ਉਸ ਬਾਰੇ ਕੀ ਸਿੱਖਦੇ ਹਾਂ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਸ਼ੇਰ ਯਹੋਵਾਹ ਦੇ ਇਨਸਾਫ਼ ਨੂੰ ਵਧੀਆ ਤਰੀਕੇ ਨਾਲ ਦਰਸਾਉਂਦਾ ਹੈ?

      20 ਇਸਰਾਏਲ ਨਾਲ ਯਹੋਵਾਹ ਦੇ ਵਰਤਾਉ ਤੋਂ ਅਸੀਂ ਉਸ ਬਾਰੇ ਬਹੁਤ ਕੁਝ ਸਿੱਖਦੇ ਹਾਂ। ਅਸੀਂ ਸਿੱਖਦੇ ਹਾਂ ਕਿ ਉਸ ਦੀਆਂ ਅੱਖਾਂ ਸਾਰੀ ਬੁਰਾਈ ਦੇਖਦੀਆਂ ਹਨ ਅਤੇ ਉਹ ਸਭ ਕੁਝ ਦੇਖ ਕੇ ਬਹੁਤ ਪਰੇਸ਼ਾਨ ਹੁੰਦਾ ਹੈ। (ਕਹਾਉਤਾਂ 15:3) ਇਹ ਗੱਲ ਜਾਣ ਕੇ ਵੀ ਸਾਨੂੰ ਤਸੱਲੀ ਮਿਲਦੀ ਹੈ ਕਿ ਉਹ ਦਇਆ ਕਰਨ ਦੇ ਮੌਕੇ ਭਾਲਦਾ ਹੈ। ਇਸ ਤੋਂ ਇਲਾਵਾ ਅਸੀਂ ਸਿੱਖਦੇ ਹਾਂ ਕਿ ਉਹ ਕਾਹਲੀ ਵਿਚ ਇਨਸਾਫ਼ ਨਹੀਂ ਕਰਦਾ। ਯਹੋਵਾਹ ਦੇ ਧੀਰਜ ਕਰਕੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਦੁਸ਼ਟ ਲੋਕਾਂ ਨੂੰ ਕਦੇ ਸਜ਼ਾ ਨਹੀਂ ਦੇਵੇਗਾ। ਪਰ ਇਹ ਗੱਲ ਸੱਚ ਨਹੀਂ ਹੈ ਕਿਉਂਕਿ ਇਸਰਾਏਲ ਦੇ ਇਤਿਹਾਸ ਤੋਂ ਅਸੀਂ ਸਿੱਖਿਆ ਹੈ ਕਿ ਪਰਮੇਸ਼ੁਰ ਦੇ ਧੀਰਜ ਦੀ ਵੀ ਇਕ ਹੱਦ ਹੈ। ਯਹੋਵਾਹ ਇਨਸਾਨਾਂ ਵਰਗਾ ਨਹੀਂ ਹੈ ਜੋ ਸਜ਼ਾ ਦੇਣ ਤੋਂ ਝਿਜਕਦੇ ਹਨ। ਉਹ ਸਹੀ ਕੰਮ ਕਰਨ ਲਈ ਕਦੇ ਹਿੰਮਤ ਨਹੀਂ ਹਾਰਦਾ, ਪਰ ਆਪਣੇ ਇਨਸਾਫ਼ ਉੱਤੇ ਪੱਕਾ ਰਹਿੰਦਾ ਹੈ। ਇਸ ਕਰਕੇ ਉਚਿਤ ਹੈ ਕਿ ਬਾਈਬਲ ਵਿਚ ਹਿੰਮਤੀ ਇਨਸਾਫ਼ ਇਕ ਸ਼ੇਰ ਦੁਆਰਾ ਦਰਸਾਇਆ ਗਿਆ ਹੈ ਅਤੇ ਸ਼ੇਰ ਦਾ ਸੰਬੰਧ ਪਰਮੇਸ਼ੁਰ ਦੀ ਮੌਜੂਦਗੀ ਅਤੇ ਉਸ ਦੇ ਸਿੰਘਾਸਣ ਨਾਲ ਜੋੜਿਆ ਗਿਆ ਹੈ।a (ਹਿਜ਼ਕੀਏਲ 1:10; ਪਰਕਾਸ਼ ਦੀ ਪੋਥੀ 4:7) ਅਸੀਂ ਯਕੀਨ ਕਰ ਸਕਦੇ ਹਾਂ ਕਿ ਉਹ ਇਸ ਧਰਤੀ ਤੋਂ ਅਨਿਆਂ ਮਿਟਾ ਦੇਵੇਗਾ। ਜੀ ਹਾਂ, ਉਸ ਦੇ ਇਨਸਾਫ਼ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਜ਼ਰੂਰਤ ਪੈਣ ਤੇ ਯਹੋਵਾਹ ਆਪਣੇ ਇਨਸਾਫ਼ ਦਾ ਪੱਕਾ ਹੈ ਅਤੇ ਜ਼ਰੂਰਤ ਪੈਣ ਤੇ ਉਹ ਦਇਆ ਕਰਦਾ ਹੈ।​—2 ਪਤਰਸ 3:9.

      ਇਨਸਾਫ਼ ਦੇ ਪਰਮੇਸ਼ੁਰ ਦੇ ਨੇੜੇ ਰਹਿਣਾ

      21. ਜਦ ਅਸੀਂ ਯਹੋਵਾਹ ਦੇ ਇਨਸਾਫ਼ ਉੱਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਉਸ ਬਾਰੇ ਕਿਸ ਤਰ੍ਹਾਂ ਸੋਚਣਾ ਚਾਹੀਦਾ ਹੈ ਅਤੇ ਕਿਉਂ?

      21 ਜਦ ਅਸੀਂ ਯਹੋਵਾਹ ਦੇ ਇਨਸਾਫ਼ ਉੱਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਉਸ ਨੂੰ ਨਿਰਦਈ ਅਤੇ ਕਠੋਰ ਜੱਜ ਨਹੀਂ ਸਮਝਣਾ ਚਾਹੀਦਾ ਜਿਸ ਨੂੰ ਪਾਪੀਆਂ ਨੂੰ ਸਜ਼ਾ ਦੇਣ ਤੋਂ ਸਿਵਾਇ ਹੋਰ ਕੋਈ ਕੰਮ ਨਹੀਂ ਹੈ। ਇਸ ਦੀ ਬਜਾਇ ਸਾਨੂੰ ਉਸ ਨੂੰ ਅਜਿਹੇ ਪਿਤਾ ਵਜੋਂ ਵਿਚਾਰਨਾ ਚਾਹੀਦਾ ਹੈ ਜੋ ਆਪਣੇ ਬੱਚਿਆਂ ਨਾਲ ਹਮੇਸ਼ਾ ਸਭ ਤੋਂ ਵਧੀਆ ਤਰੀਕੇ ਨਾਲ ਪੇਸ਼ ਆਉਂਦਾ ਹੈ। ਇਕ ਨਿਆਂਕਾਰ ਤੇ ਧਰਮੀ ਪਿਤਾ ਹੋਣ ਦੇ ਨਾਤੇ ਯਹੋਵਾਹ ਸਹੀ ਕੰਮ ਤਾਂ ਕਰਦਾ ਹੀ ਹੈ, ਪਰ ਇਸ ਦੇ ਨਾਲ-ਨਾਲ ਉਹ ਇਹ ਵੀ ਧਿਆਨ ਰੱਖਦਾ ਹੈ ਕਿ ਉਹ ਆਪਣੇ ਇਨਸਾਨੀ ਬੱਚਿਆਂ ਨਾਲ ਦਇਆ ਕਰੇ ਜਿਨ੍ਹਾਂ ਨੂੰ ਉਸ ਦੀ ਸਹਾਇਤਾ ਅਤੇ ਮਾਫ਼ੀ ਦੀ ਜ਼ਰੂਰਤ ਹੈ।​—ਜ਼ਬੂਰਾਂ ਦੀ ਪੋਥੀ 103:10, 13.

      22. ਆਪਣੇ ਇਨਸਾਫ਼ ਦੇ ਕਾਰਨ ਯਹੋਵਾਹ ਨੇ ਸਾਡੇ ਸਾਮ੍ਹਣੇ ਕਿਹੜੀ ਸ਼ਾਨਦਾਰ ਉਮੀਦ ਰੱਖੀ ਹੈ ਅਤੇ ਉਹ ਸਾਡੇ ਨਾਲ ਇਸ ਤਰ੍ਹਾਂ ਕਿਉਂ ਪੇਸ਼ ਆਉਂਦਾ ਹੈ?

      22 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ੁਰ ਦੇ ਇਨਸਾਫ਼ ਦਾ ਮਤਲਬ ਇਹੀ ਨਹੀਂ ਕਿ ਉਹ ਪਾਪੀਆਂ ਨੂੰ ਸਜ਼ਾ ਦੇਵੇ! ਆਪਣੇ ਇਨਸਾਫ਼ ਦੇ ਕਾਰਨ ਯਹੋਵਾਹ ਨੇ ਸਾਡੇ ਸਾਮ੍ਹਣੇ ਇਹ ਸ਼ਾਨਦਾਰ ਉਮੀਦ ਰੱਖੀ ਹੈ ਕਿ ਅਸੀਂ ਅਜਿਹੀ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਬਤੀਤ ਕਰੀਏ ਜਿੱਥੇ “ਧਰਮ ਵੱਸਦਾ ਹੈ।” (2 ਪਤਰਸ 3:13) ਸਾਡਾ ਪਰਮੇਸ਼ੁਰ ਸਾਡੇ ਨਾਲ ਇਸ ਕਰਕੇ ਇਸ ਤਰ੍ਹਾਂ ਪੇਸ਼ ਆਉਂਦਾ ਹੈ ਕਿਉਂਕਿ ਉਹ ਸਾਨੂੰ ਸਜ਼ਾ ਦੇਣ ਦੀ ਬਜਾਇ ਬਚਾਉਣਾ ਚਾਹੁੰਦਾ ਹੈ। ਇਹ ਬਿਲਕੁਲ ਸੱਚ ਹੈ ਕਿ ਜਦ ਅਸੀਂ ਯਹੋਵਾਹ ਦੇ ਇਨਸਾਫ਼ ਨੂੰ ਚੰਗੀ ਤਰ੍ਹਾਂ ਸਮਝਾਂਗੇ, ਤਾਂ ਅਸੀਂ ਉਸ ਵੱਲ ਖਿੱਚੇ ਜਾਵਾਂਗੇ! ਇਸ ਕਿਤਾਬ ਦੇ ਅਗਲਿਆਂ ਅਧਿਆਵਾਂ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਆਪਣਾ ਇਹ ਸਦਗੁਣ ਕਿਸ ਤਰ੍ਹਾਂ ਲਾਗੂ ਕਰਦਾ ਹੈ।

      a ਦਿਲਚਸਪੀ ਦੀ ਗੱਲ ਹੈ ਕਿ ਜਦ ਯਹੋਵਾਹ ਨੇ ਬੇਵਫ਼ਾ ਇਸਰਾਏਲ ਨੂੰ ਸਜ਼ਾ ਦਿੱਤੀ ਸੀ, ਤਾਂ ਉਸ ਨੇ ਆਪਣੀ ਤੁਲਨਾ ਇਕ ਸ਼ੇਰ ਨਾਲ ਕੀਤੀ ਸੀ।​—ਯਿਰਮਿਯਾਹ 25:38; ਹੋਸ਼ੇਆ 5:14.

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • ਯਿਰਮਿਯਾਹ 18:1-11 ਯਹੋਵਾਹ ਨੇ ਯਿਰਮਿਯਾਹ ਨੂੰ ਕਿਸ ਤਰ੍ਹਾਂ ਸਿਖਾਇਆ ਸੀ ਕਿ ਉਹ ਸਜ਼ਾ ਦੇਣ ਵਿਚ ਕਾਹਲੀ ਨਹੀਂ ਕਰਦਾ?

      • ਹਬੱਕੂਕ 1:1-4, 13; 2:2-4 ਯਹੋਵਾਹ ਨੇ ਹਬੱਕੂਕ ਨੂੰ ਤਸੱਲੀ ਕਿਵੇਂ ਦਿੱਤੀ ਸੀ ਕਿ ਉਹ ਹਮੇਸ਼ਾ ਲਈ ਅਨਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ?

      • ਜ਼ਕਰਯਾਹ 7:8-14 ਜਦੋਂ ਕਿਸੇ ਨਾਲ ਅਨਿਆਂ ਕੀਤਾ ਜਾਂਦਾ ਹੈ, ਤਾਂ ਇਸ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ?

      • ਰੋਮੀਆਂ 2:3-11 ਯਹੋਵਾਹ ਲੋਕਾਂ ਅਤੇ ਕੌਮਾਂ ਦਾ ਇਨਸਾਫ਼ ਕਿਸ ਆਧਾਰ ਤੇ ਕਰਦਾ ਹੈ?

  • ‘ਭਲਾ, ਪਰਮੇਸ਼ੁਰ ਕੋਲੋਂ ਅਨਿਆਂ ਹੁੰਦਾ ਹੈ?’
    ਯਹੋਵਾਹ ਦੇ ਨੇੜੇ ਰਹੋ
    • ਲੂਤ ਤੇ ਉਸ ਦੀਆਂ ਧੀਆਂ ਸੋਆਰ ਨਗਰ ਸਹੀ-ਸਲਾਮਤ ਪਹੁੰਚਦੀਆਂ ਹਨ। ਸਵਰਗ ਤੋਂ ਆਈ ਅੱਗ ਸਦੂਮ ਤੇ ਅਮੂਰਾਹ ਨੂੰ ਨਾਸ਼ ਕਰਦੀ ਹੈ।

      ਬਾਰ੍ਹਵਾਂ ਅਧਿਆਇ

      ‘ਭਲਾ, ਪਰਮੇਸ਼ੁਰ ਕੋਲੋਂ ਅਨਿਆਂ ਹੁੰਦਾ ਹੈ?’

      1. ਅਨਿਆਂ ਦਾ ਸਾਡੇ ਉੱਤੇ ਕੀ ਅਸਰ ਹੋ ਸਕਦਾ ਹੈ?

      ਇਕ ਬੁੱਢੀ ਮਾਈ ਦਾ ਪੈਸਾ-ਪੈਸਾ ਬਚਾ ਕੇ ਜੋੜਿਆ ਧਨ ਠੱਗ ਲਿਆ ਜਾਂਦਾ ਹੈ। ਇਕ ਨਿਰਦਈ ਮਾਂ ਆਪਣੇ ਨਵੇਂ ਜੰਮੇ ਬੱਚੇ ਨੂੰ ਛੱਡ ਕੇ ਚਲੀ ਜਾਂਦੀ ਹੈ। ਇਕ ਬੇਕਸੂਰ ਆਦਮੀ ਕੈਦ ਕੀਤਾ ਜਾਂਦਾ ਹੈ। ਕੀ ਅਜਿਹੀਆਂ ਖ਼ਬਰਾਂ ਸੁਣ ਕੇ ਤੁਸੀਂ ਪਰੇਸ਼ਾਨ ਨਹੀਂ ਹੁੰਦੇ? ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਬੁਰੀਆਂ ਕਿਉਂ ਲੱਗਦੀਆਂ ਹਨ? ਕਿਉਂਕਿ ਸਾਡਾ ਦਿਲ ਤੇ ਦਿਮਾਗ਼ ਸਾਨੂੰ ਦੱਸਦਾ ਹੈ ਕਿ ਕੀ ਸਹੀ ਹੈ ਤੇ ਕੀ ਗ਼ਲਤ। ਜਦੋਂ ਕਿਸੇ ਨਾਲ ਅਨਿਆਂ ਹੁੰਦਾ ਹੈ, ਤਾਂ ਸਾਨੂੰ ਗੁੱਸਾ ਆਉਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਇਨਸਾਫ਼ ਕੀਤਾ ਜਾਵੇ ਅਤੇ ਜਿਸ ਨੇ ਅਨਿਆਂ ਕੀਤਾ ਹੈ, ਉਸ ਨੂੰ ਸਜ਼ਾ ਦਿੱਤੀ ਜਾਵੇ। ਜੇ ਇਸ ਤਰ੍ਹਾਂ ਨਹੀਂ ਹੁੰਦਾ, ਤਾਂ ਸਾਡੇ ਮਨ ਵਿਚ ਅਜਿਹੇ ਸਵਾਲ ਉੱਠ ਸਕਦੇ ਹਨ: ‘ਕੀ ਪਰਮੇਸ਼ੁਰ ਇਸ ਨੂੰ ਨਹੀਂ ਦੇਖਦਾ? ਉਹ ਕਿਉਂ ਨਹੀਂ ਕੁਝ ਕਰਦਾ?’

      2. ਹਬੱਕੂਕ ਨਬੀ ਨੇ ਬੇਇਨਸਾਫ਼ੀ ਬਾਰੇ ਕਿਹੜੇ ਸਵਾਲ ਪੁੱਛੇ ਸਨ ਅਤੇ ਯਹੋਵਾਹ ਨੇ ਉਸ ਦੀ ਨਿਖੇਧੀ ਕਿਉਂ ਨਹੀਂ ਕੀਤੀ ਸੀ?

      2 ਇਤਿਹਾਸ ਦੌਰਾਨ ਯਹੋਵਾਹ ਦੇ ਵਫ਼ਾਦਾਰ ਸੇਵਕ ਇਹੋ ਜਿਹੇ ਸਵਾਲ ਪੁੱਛਦੇ ਆਏ ਹਨ। ਮਿਸਾਲ ਲਈ ਹਬੱਕੂਕ ਨਬੀ ਨੇ ਹਰ ਪਾਸੇ ਫੈਲੀ ਹੋਈ ਬੇਇਨਸਾਫ਼ੀ ਬਾਰੇ ਪ੍ਰਾਰਥਨਾ ਵਿਚ ਪੁੱਛਿਆ: “ਤੂੰ ਮੈਨੂੰ ਬਦੀ ਕਿਉਂ ਵਿਖਾਉਂਦਾ ਹੈਂ, ਅਤੇ ਕਸ਼ਟ ਉੱਤੇ ਮੇਰਾ ਧਿਆਨ ਲਾਉਂਦਾ ਹੈਂ? ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ, ਝਗੜੇ ਹੁੰਦੇ ਹਨ ਅਤੇ ਵਖਾਧ ਉੱਠਦੀ ਹੈ।” (ਹਬੱਕੂਕ 1:3) ਯਹੋਵਾਹ ਨੇ ਹਬੱਕੂਕ ਦੇ ਸਵਾਲਾਂ ਦੀ ਨਿਖੇਧੀ ਨਹੀਂ ਕੀਤੀ ਸੀ ਕਿਉਂਕਿ ਉਸ ਨੇ ਹੀ ਇਨਸਾਨਾਂ ਵਿਚ ਇਨਸਾਫ਼ ਦੀ ਧਾਰਣਾ ਪਾਈ ਹੈ। ਜੀ ਹਾਂ, ਯਹੋਵਾਹ ਨੇ ਸਾਨੂੰ ਇਨਸਾਫ਼ ਕਰਨ ਦੀਆਂ ਭਾਵਨਾਵਾਂ ਨਾਲ ਬਣਾਇਆ ਹੈ।

      ਯਹੋਵਾਹ ਅਨਿਆਂ ਨਾਲ ਨਫ਼ਰਤ ਕਰਦਾ ਹੈ

      3. ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਬੇਇਨਸਾਫ਼ੀ ਨਾਲ ਸਾਡੇ ਤੋਂ ਜ਼ਿਆਦਾ ਵਾਕਫ਼ ਹੈ?

      3 ਯਹੋਵਾਹ ਜਾਣਦਾ ਹੈ ਕਿ ਦੁਨੀਆਂ ਵਿਚ ਬਹੁਤ ਅਨਿਆਂ ਹੋ ਰਿਹਾ ਹੈ। ਉਹ ਸਭ ਕੁਝ ਦੇਖ ਸਕਦਾ ਹੈ। ਬਾਈਬਲ ਸਾਨੂੰ ਨੂਹ ਦੇ ਜ਼ਮਾਨੇ ਬਾਰੇ ਦੱਸਦੀ ਹੈ ਕਿ “ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ।” (ਉਤਪਤ 6:5) ਜ਼ਰਾ ਇਸ ਗੱਲ ਦਾ ਮਤਲਬ ਸਮਝੋ। ਅਨਿਆਂ ਬਾਰੇ ਜਿਸ ਤਰ੍ਹਾਂ ਅਸੀਂ ਅਕਸਰ ਮਹਿਸੂਸ ਕਰਦੇ ਹਾਂ, ਉਹ ਸਿਰਫ਼ ਕੁਝ ਹੀ ਘਟਨਾਵਾਂ ਦੇ ਆਧਾਰ ਤੇ ਹੁੰਦਾ ਹੈ, ਚਾਹੇ ਉਨ੍ਹਾਂ ਦਾ ਸਾਨੂੰ ਖ਼ੁਦ ਤਜਰਬਾ ਹੋਵੇ ਜਾਂ ਉਨ੍ਹਾਂ ਬਾਰੇ ਸਿਰਫ਼ ਅਸੀਂ ਸੁਣਿਆ ਹੀ ਹੋਵੇ। ਸਾਡੇ ਤੋਂ ਉਲਟ ਯਹੋਵਾਹ ਸਾਰੇ ਸੰਸਾਰ ਵਿਚ ਹੋ ਰਹੇ ਅਨਿਆਂ ਬਾਰੇ ਜਾਣਦਾ ਹੈ। ਉਹ ਸਭ ਕੁਝ ਦੇਖ ਰਿਹਾ ਹੈ! ਇਸ ਤੋਂ ਇਲਾਵਾ ਉਹ ਤਾਂ ਹਰ ਦਿਲ ਦੀ ਹਰ ਗੱਲ ਜਾਣਦਾ ਹੈ ਯਾਨੀ ਹਰ ਬੁਰੇ ਕੰਮ ਦੇ ਪਿੱਛੇ ਉਸ ਦਾ ਕਾਰਨ ਜਾਣਦਾ ਹੈ।—ਯਿਰਮਿਯਾਹ 17:10.

      4, 5. (ੳ) ਬਾਈਬਲ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਦੀ ਪਰਵਾਹ ਕਰਦਾ ਹੈ ਜਿਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਜਾਂਦੀ ਹੈ? (ਅ) ਯਹੋਵਾਹ ਆਪ ਅਨਿਆਂ ਕਿਵੇਂ ਸਹਿੰਦਾ ਆਇਆ ਹੈ?

      4 ਪਰ ਯਹੋਵਾਹ ਅਨਿਆਂ ਬਾਰੇ ਸਿਰਫ਼ ਜਾਣਦਾ ਹੀ ਨਹੀਂ ਹੈ। ਉਸ ਨੂੰ ਉਨ੍ਹਾਂ ਲੋਕਾਂ ਦੀ ਪਰਵਾਹ ਵੀ ਹੈ ਜਿਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਜਾਂਦੀ ਹੈ। ਜਦੋਂ ਉਸ ਦੇ ਲੋਕ ਦੁਸ਼ਮਣ ਕੌਮਾਂ ਦੇ ਹੱਥੋਂ ਦੁੱਖ ਸਹਿ ਰਹੇ ਸਨ, ਤਾਂ ਯਹੋਵਾਹ “ਉਨ੍ਹਾਂ ਦੀ ਦੁਹਾਈ ਤੋਂ ਜੋ ਓਹ ਆਪਣੇ ਦੁਖਦਾਈ ਅਤੇ ਲੁਟੇਰਿਆਂ ਦੇ ਕਾਰਨ ਦਿੰਦੇ ਸਨ,” ਪਰੇਸ਼ਾਨ ਹੋਇਆ ਸੀ। (ਨਿਆਈਆਂ 2:18) ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਲੋਕ ਜਿੰਨਾ ਜ਼ਿਆਦਾ ਅਨਿਆਂ ਦੇਖਦੇ ਹਨ, ਉੱਨੀ ਹੀ ਉਨ੍ਹਾਂ ਵਿਚ ਹਮਦਰਦੀ ਘੱਟਦੀ ਜਾਂਦੀ ਹੈ। ਉਹ ਸਖ਼ਤ ਬਣ ਜਾਂਦੇ ਹਨ। ਯਹੋਵਾਹ ਨਾਲ ਇਸ ਤਰ੍ਹਾਂ ਨਹੀਂ ਹੁੰਦਾ! ਉਸ ਨੇ ਤਕਰੀਬਨ 6,000 ਸਾਲਾਂ ਤੋਂ ਹਰ ਤਰ੍ਹਾਂ ਦਾ ਅਨਿਆਂ ਹੁੰਦਾ ਦੇਖਿਆ ਹੈ, ਪਰ ਉਹ ਅਜੇ ਵੀ ਅਨਿਆਂ ਨਾਲ ਨਫ਼ਰਤ ਕਰਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਉਸ ਨੂੰ ਕਿਹੋ ਜਿਹੀਆਂ ਚੀਜ਼ਾਂ ਘਿਣਾਉਣੀਆਂ ਲੱਗਦੀਆਂ ਹਨ ਯਾਨੀ “ਝੂਠੀ ਜੀਭ,” “ਬੇਦੋਸ਼ੇ ਦਾ ਖ਼ੂਨ ਕਰਨ ਵਾਲੇ ਹੱਥ” ਅਤੇ ‘ਝੂਠਾ ਗਵਾਹ ਜਿਹੜਾ ਝੂਠ ਮਾਰ ਕੇ ਭਾਈਆਂ ਵਿੱਚ ਝਗੜਾ ਪਾਉਂਦਾ ਹੈ।’—ਕਹਾਉਤਾਂ 6:16-19.

      5 ਯਹੋਵਾਹ ਨੇ ਇਸਰਾਏਲ ਦੇ ਬੇਈਮਾਨ ਆਗੂਆਂ ਦੀ ਵੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਕੀਤਾ ਸੀ। ਇਸ ਲਈ ਯਹੋਵਾਹ ਨੇ ਆਪਣੇ ਇਕ ਨਬੀ ਨੂੰ ਪ੍ਰੇਰਿਆ ਕਿ ਉਹ ਉਨ੍ਹਾਂ ਨੂੰ ਇਹ ਸਵਾਲ ਪੁੱਛੇ: “ਤੁਹਾਨੂੰ ਇਨਸਾਫ਼ ਨਹੀਂ ਜਾਣਨਾ ਚਾਹੀਦਾ?” ਅਨਿਆਂ ਬਾਰੇ ਪੂਰੀ ਤਰ੍ਹਾਂ ਦੱਸਣ ਤੋਂ ਬਾਅਦ ਯਹੋਵਾਹ ਨੇ ਦੱਸਿਆ ਕਿ ਇਨ੍ਹਾਂ ਨਿਕੰਮੇ ਆਦਮੀਆਂ ਨਾਲ ਕੀ ਹੋਵੇਗਾ: “ਓਹ ਯਹੋਵਾਹ ਅੱਗੇ ਦੁਹਾਈ ਦੇਣਗੇ, ਪਰ ਉਹ ਓਹਨਾਂ ਨੂੰ ਉੱਤਰ ਨਾ ਦੇਵੇਗਾ, ਅਤੇ ਉਸ ਸਮੇਂ ਉਹ ਆਪਣਾ ਮੂੰਹ ਓਹਨਾਂ ਤੋਂ ਲੁਕਾ ਲਵੇਗਾ, ਜਿਵੇਂ ਓਹਨਾਂ ਨੇ ਭੈੜੇ ਕੰਮ ਕੀਤੇ ਹਨ।” (ਮੀਕਾਹ 3:1-4) ਯਹੋਵਾਹ ਨੂੰ ਅਨਿਆਂ ਨਾਲ ਕਿੰਨੀ ਨਫ਼ਰਤ ਹੈ! ਉਹ ਖ਼ੁਦ ਅਨਿਆਂ ਸਹਿੰਦਾ ਆਇਆ ਹੈ! ਹਜ਼ਾਰਾਂ ਸਾਲਾਂ ਤੋਂ ਸ਼ਤਾਨ ਉਸ ਨੂੰ ਮੇਹਣੇ ਮਾਰਦਾ ਆਇਆ ਹੈ। (ਕਹਾਉਤਾਂ 27:11) ਇਸ ਤੋਂ ਇਲਾਵਾ ਯਹੋਵਾਹ ਨਾਲ ਇਕ ਹੋਰ ਬਹੁਤ ਵੱਡਾ ਅਨਿਆਂ ਹੋਇਆ ਜਦੋਂ ਉਸ ਦੇ ਪੁੱਤਰ ਨੂੰ ਇਕ ਮੁਜਰਮ ਵਜੋਂ ਸੂਲੀ ਤੇ ਟੰਗ ਦਿੱਤਾ ਗਿਆ ਸੀ, ਭਾਵੇਂ ਉਸ ਨੇ “ਕੋਈ ਪਾਪ ਨਹੀਂ ਕੀਤਾ” ਸੀ। (1 ਪਤਰਸ 2:22; ਯਸਾਯਾਹ 53:9) ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਬਾਰੇ ਜਾਣਦਾ ਹੈ ਤੇ ਉਨ੍ਹਾਂ ਦੀ ਪਰਵਾਹ ਵੀ ਕਰਦਾ ਹੈ ਜਿਨ੍ਹਾਂ ਨਾਲ ਅਨਿਆਂ ਕੀਤਾ ਜਾਂਦਾ ਹੈ।

      6. ਜਦੋਂ ਅਸੀਂ ਅਨਿਆਂ ਹੁੰਦਾ ਦੇਖਦੇ ਹਾਂ, ਤਾਂ ਅਸੀਂ ਸ਼ਾਇਦ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ ਅਤੇ ਕਿਉਂ?

      6 ਪਰ ਜਦ ਅਸੀਂ ਖ਼ੁਦ ਅਨਿਆਂ ਦੇਖਦੇ ਹਾਂ ਜਾਂ ਉਸ ਦੇ ਸ਼ਿਕਾਰ ਬਣਦੇ ਹਾਂ, ਤਾਂ ਇਹ ਸੁਭਾਵਕ ਹੈ ਕਿ ਅਸੀਂ ਗੁੱਸੇ ਵਿਚ ਲਾਲ-ਪੀਲ਼ੇ ਹੋਈਏ। ਅਸੀਂ ਪਰਮੇਸ਼ੁਰ ਦੇ ਰੂਪ ਤੇ ਬਣਾਏ ਗਏ ਹਾਂ ਅਤੇ ਅਨਿਆਂ ਪਰਮੇਸ਼ੁਰ ਦੇ ਵਿਚ ਬਿਲਕੁਲ ਹੈ ਹੀ ਨਹੀਂ। (ਉਤਪਤ 1:27) ਤਾਂ ਫਿਰ ਪਰਮੇਸ਼ੁਰ ਬੇਇਨਸਾਫ਼ੀ ਕਿਉਂ ਹੋਣ ਦਿੰਦਾ ਹੈ?

      ਕੀ ਪਰਮੇਸ਼ੁਰ ਨੂੰ ਰਾਜ ਕਰਨਾ ਚਾਹੀਦਾ ਹੈ?

      7. ਪਰਮੇਸ਼ੁਰ ਦੀ ਹਕੂਮਤ ਬਾਰੇ ਸਵਾਲ ਕਿਸ ਤਰ੍ਹਾਂ ਪੈਦਾ ਕੀਤੇ ਗਏ ਸਨ?

      7 ਪਰਮੇਸ਼ੁਰ ਬੇਇਨਸਾਫ਼ੀ ਕਿਉਂ ਹੋਣ ਦਿੰਦਾ ਹੈ? ਇਸ ਸਵਾਲ ਦਾ ਜਵਾਬ ਇਕ ਹੋਰ ਸਵਾਲ ਨਾਲ ਜੁੜਿਆ ਹੋਇਆ ਹੈ। ਆਓ ਆਪਾਂ ਦੇਖੀਏ। ਅਸੀਂ ਪਹਿਲਾਂ ਦੇਖ ਚੁੱਕੇ ਹਾਂ ਕਿ ਸਾਡੇ ਸ੍ਰਿਸ਼ਟੀਕਰਤਾ ਕੋਲ ਇਸ ਧਰਤੀ ਅਤੇ ਇਸ ਦੇ ਸਾਰੇ ਵਾਸੀਆਂ ਉੱਤੇ ਰਾਜ ਕਰਨ ਦਾ ਹੱਕ ਹੈ। (ਜ਼ਬੂਰਾਂ ਦੀ ਪੋਥੀ 24:1; ਪਰਕਾਸ਼ ਦੀ ਪੋਥੀ 4:11) ਪਰ ਮਾਨਵੀ ਇਤਿਹਾਸ ਦੇ ਮੁੱਢ ਵਿਚ ਇਹ ਸਵਾਲ ਖੜ੍ਹਾ ਹੋਇਆ ਕਿ ਕੀ ਪਰਮੇਸ਼ੁਰ ਨੂੰ ਰਾਜ ਕਰਨਾ ਚਾਹੀਦਾ ਹੈ? ਇਹ ਸਵਾਲ ਕਿਸ ਤਰ੍ਹਾਂ ਪੈਦਾ ਹੋਇਆ ਸੀ? ਅਦਨ ਦੇ ਬਾਗ਼ ਵਿਚ ਇਕ ਖ਼ਾਸ ਦਰਖ਼ਤ ਸੀ ਜਿਸ ਤੋਂ ਯਹੋਵਾਹ ਨੇ ਪਹਿਲੇ ਆਦਮੀ ਨੂੰ ਫਲ ਖਾਣ ਤੋਂ ਮਨ੍ਹਾ ਕੀਤਾ ਸੀ। ਅਤੇ ਜੇ ਉਸ ਨੇ ਉਸ ਦੀ ਗੱਲ ਨਾ ਮੰਨੀ, ਤਾਂ ਫਿਰ ਕੀ ਹੋਣਾ ਸੀ? ਪਰਮੇਸ਼ੁਰ ਨੇ ਉਸ ਨੂੰ ਦੱਸਿਆ: “ਤੂੰ ਜ਼ਰੂਰ ਮਰੇਂਗਾ।” (ਉਤਪਤ 2:17) ਆਦਮ ਤੇ ਉਸ ਦੀ ਬੀਵੀ ਹੱਵਾਹ ਵਾਸਤੇ ਇਹ ਗੱਲ ਮੰਨਣੀ ਮੁਸ਼ਕਲ ਨਹੀਂ ਸੀ। ਪਰ ਸ਼ਤਾਨ ਨੇ ਹੱਵਾਹ ਨੂੰ ਮਨਾ ਲਿਆ ਕਿ ਪਰਮੇਸ਼ੁਰ ਉਨ੍ਹਾਂ ਉੱਤੇ ਨਾਜਾਇਜ਼ ਬੰਦਸ਼ ਲਾ ਰਿਹਾ ਸੀ। ਦਰਖ਼ਤ ਦਾ ਫਲ ਖਾਣ ਨਾਲ ਉਨ੍ਹਾਂ ਨੂੰ ਕੀ ਹੋਣਾ ਸੀ? ਸ਼ਤਾਨ ਨੇ ਉਸ ਨਾਲ ਕੋਰਾ ਝੂਠ ਬੋਲਿਆ: ‘ਤੁਸੀਂ ਕਦੀ ਨਾ ਮਰੋਗੇ। ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।’—ਉਤਪਤ 3:1-5.

      8. (ੳ) ਸ਼ਤਾਨ ਹੱਵਾਹ ਨਾਲ ਗੱਲ ਕਰ ਕੇ ਉਸ ਨੂੰ ਅਸਲ ਵਿਚ ਕੀ ਕਹਿ ਰਿਹਾ ਸੀ? (ਅ) ਸ਼ਤਾਨ ਨੇ ਪਰਮੇਸ਼ੁਰ ਦੇ ਰਾਜ ਕਰਨ ਦੇ ਤਰੀਕੇ ਬਾਰੇ ਕਿਹੜਾ ਸਵਾਲ ਖੜ੍ਹਾ ਕੀਤਾ ਸੀ?

      8 ਸ਼ਤਾਨ ਦਾ ਕਹਿਣ ਦਾ ਮਤਲਬ ਸੀ ਕਿ ਯਹੋਵਾਹ ਨੇ ਹੱਵਾਹ ਤੋਂ ਕੋਈ ਜ਼ਰੂਰੀ ਗੱਲ ਹੀ ਨਹੀਂ ਲੁਕੋ ਕੇ ਰੱਖੀ ਸੀ, ਪਰ ਯਹੋਵਾਹ ਨੇ ਉਸ ਨਾਲ ਝੂਠ ਬੋਲਿਆ ਸੀ। ਮਿਸਾਲ ਲਈ ਇਕ ਵਿਗੜਿਆ ਪੁੱਤਰ ਆਪਣੇ ਪਿਤਾ ਨੂੰ ਇਹ ਨਹੀਂ ਕਹੇਗਾ ਕਿ ‘ਤੂੰ ਮੇਰਾ ਪਿਉ ਨਹੀਂ’ ਸਗੋਂ ਉਹ ਕਹੇਗਾ ਕਿ ‘ਤੂੰ ਮੈਨੂੰ ਰੋਕਣ-ਟੋਕਣ ਵਾਲਾ ਕੌਣ ਹੁੰਦਾ ਹੈਂ।’ ਇਸੇ ਤਰ੍ਹਾਂ ਸ਼ਤਾਨ ਨੇ ਇਹ ਨਹੀਂ ਸੀ ਕਿਹਾ ਕਿ ਪਰਮੇਸ਼ੁਰ ਰਾਜਾ ਨਹੀਂ ਹੈ। ਪਰ ਉਸ ਨੇ ਚਲਾਕੀ ਨਾਲ ਉਸ ਦੇ ਰਾਜ ਕਰਨ ਦੇ ਤਰੀਕੇ ਅਤੇ ਉਸ ਦੀ ਧਾਰਮਿਕਤਾ ਬਾਰੇ ਸਵਾਲ ਖੜ੍ਹੇ ਕੀਤੇ ਸਨ। ਦੂਸਰੇ ਸ਼ਬਦਾਂ ਵਿਚ ਉਹ ਕਹਿ ਰਿਹਾ ਸੀ ਕਿ ਯਹੋਵਾਹ ਧਰਮੀ ਤਰੀਕੇ ਨਾਲ ਰਾਜ ਨਹੀਂ ਕਰ ਰਿਹਾ ਸੀ ਅਤੇ ਉਸ ਨੂੰ ਆਪਣੇ ਲੋਕਾਂ ਦੀ ਭਲਾਈ ਦੀ ਕੋਈ ਚਿੰਤਾ ਨਹੀਂ ਸੀ।

      9. (ੳ) ਆਦਮ ਤੇ ਹੱਵਾਹ ਦੀ ਅਣਆਗਿਆਕਾਰੀ ਦਾ ਕੀ ਨਤੀਜਾ ਨਿਕਲਿਆ ਅਤੇ ਸ਼ਤਾਨ ਦੇ ਝੂਠ ਨੇ ਕਿਹੜੇ ਸਵਾਲ ਖੜ੍ਹੇ ਕੀਤੇ ਸਨ? (ਅ) ਯਹੋਵਾਹ ਨੇ ਇਨ੍ਹਾਂ ਵਿਰੋਧੀਆਂ ਦਾ ਉਸੇ ਵੇਲੇ ਨਾਸ਼ ਕਿਉਂ ਨਹੀਂ ਕੀਤਾ ਸੀ?

      9 ਇਸ ਤੋਂ ਬਾਅਦ ਆਦਮ ਤੇ ਹੱਵਾਹ ਦੋਹਾਂ ਨੇ ਯਹੋਵਾਹ ਦਾ ਕਿਹਾ ਨਾ ਮਨ ਕੇ ਉਸ ਦਰਖ਼ਤ ਦਾ ਫਲ ਖਾ ਲਿਆ। ਉਨ੍ਹਾਂ ਦੀ ਅਣਆਗਿਆਕਾਰੀ ਕਰਕੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਕਹੇ ਅਨੁਸਾਰ ਮੌਤ ਦੀ ਸਜ਼ਾ ਮਿਲੀ। ਸ਼ਤਾਨ ਦੇ ਝੂਠ ਕਰਕੇ ਕੁਝ ਜ਼ਰੂਰੀ ਸਵਾਲ ਪੈਦਾ ਹੋਏ ਸਨ। ਕੀ ਯਹੋਵਾਹ ਨੂੰ ਸੱਚ-ਮੁੱਚ ਇਨਸਾਨਜਾਤ ਉੱਤੇ ਰਾਜ ਕਰਨਾ ਚਾਹੀਦਾ ਹੈ, ਜਾਂ ਕੀ ਲੋਕਾਂ ਨੂੰ ਖ਼ੁਦ ਰਾਜ ਕਰਨਾ ਚਾਹੀਦਾ ਹੈ? ਕੀ ਯਹੋਵਾਹ ਆਪਣੀ ਹਕੂਮਤ ਸਹੀ ਤਰੀਕੇ ਨਾਲ ਚਲਾਉਂਦਾ ਹੈ ਜਿਸ ਤੋਂ ਲੋਕਾਂ ਦੀ ਭਲਾਈ ਹੁੰਦੀ ਹੈ? ਯਹੋਵਾਹ ਆਪਣੀ ਮਹਾਨ ਤਾਕਤ ਨਾਲ ਉਨ੍ਹਾਂ ਵਿਰੋਧੀਆਂ ਨੂੰ ਉਸੇ ਵੇਲੇ ਖ਼ਤਮ ਕਰ ਸਕਦਾ ਸੀ। ਪਰ ਸਵਾਲ ਪਰਮੇਸ਼ੁਰ ਦੀ ਤਾਕਤ ਬਾਰੇ ਨਹੀਂ ਉਠਾਏ ਗਏ ਸਨ, ਸਗੋਂ ਉਸ ਦੀ ਹਕੂਮਤ ਬਾਰੇ ਸਨ। ਸ਼ਤਾਨ, ਆਦਮ ਤੇ ਹੱਵਾਹ ਦਾ ਨਾਸ਼ ਹੋਣ ਨਾਲ ਪਰਮੇਸ਼ੁਰ ਦੀ ਹਕੂਮਤ ਬਾਰੇ ਪੈਦਾ ਹੋਏ ਸਵਾਲਾਂ ਦੇ ਜਵਾਬ ਨਹੀਂ ਮਿਲਣੇ ਸਨ। ਇਸ ਤੋਂ ਉਲਟ ਇਸ ਤਰ੍ਹਾਂ ਕਰਨ ਨਾਲ ਸ਼ਾਇਦ ਹੋਰ ਵੀ ਸਵਾਲ ਪੈਦਾ ਹੋ ਜਾਣੇ ਸਨ। ਤਾਂ ਫਿਰ ਸਭ ਤੋਂ ਵਧੀਆ ਤਰੀਕਾ ਕੀ ਸੀ ਜਿਸ ਨਾਲ ਇਹ ਫ਼ੈਸਲਾ ਕੀਤਾ ਜਾ ਸਕੇ ਕਿ ਲੋਕ ਪਰਮੇਸ਼ੁਰ ਦੀ ਮਦਦ ਤੋਂ ਬਿਨਾਂ ਖ਼ੁਦ ਆਪਣੇ ਉੱਤੇ ਕਾਮਯਾਬੀ ਨਾਲ ਰਾਜ ਕਰ ਸਕਦੇ ਹਨ ਕਿ ਨਹੀਂ? ਉਨ੍ਹਾਂ ਨੂੰ ਸਮਾਂ ਦਿੱਤਾ ਜਾਵੇ ਤਾਂਕਿ ਉਹ ਸਮੇਂ ਦੇ ਬੀਤਣ ਨਾਲ ਇਸ ਦੇ ਨਤੀਜੇ ਦੇਖ ਸਕਣ।

      10. ਸਮੇਂ ਦੇ ਬੀਤਣ ਨਾਲ ਇਨਸਾਨੀ ਹਕੂਮਤਾਂ ਬਾਰੇ ਕੀ ਜ਼ਾਹਰ ਹੋਇਆ ਹੈ?

      10 ਸਮੇਂ ਦੇ ਬੀਤਣ ਨਾਲ ਕੀ ਸਾਬਤ ਹੋਇਆ ਹੈ? ਇਤਿਹਾਸ ਦੌਰਾਨ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਸਰਕਾਰਾਂ ਅਜ਼ਮਾ ਕੇ ਦੇਖੀਆਂ ਹਨ ਜਿਵੇਂ ਕਿ ਲੋਕਰਾਜ, ਸਮਾਜਵਾਦ ਤੇ ਸਾਮਵਾਦ। ਇਨ੍ਹਾਂ ਸਾਰੀਆਂ ਹਕੂਮਤਾਂ ਦਾ ਸਾਰ ਬਾਈਬਲ ਵਿਚ ਇਸ ਤਰ੍ਹਾਂ ਦਿੱਤਾ ਗਿਆ ਹੈ: ‘ਲੋਕ ਦੂਜੇ ਸ਼ਕਤੀਸ਼ਾਲੀ ਲੋਕਾਂ ਦਾ ਅਤਿਆਚਾਰ ਸਹਿ ਰਹੇ ਹਨ।’ (ਉਪਦੇਸ਼ਕ 8:9, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸੇ ਕਰਕੇ ਯਿਰਮਿਯਾਹ ਨਬੀ ਨੇ ਕਿਹਾ ਸੀ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰਮਿਯਾਹ 10:23.

      11. ਯਹੋਵਾਹ ਨੇ ਇਨਸਾਨਜਾਤ ਨੂੰ ਦੁੱਖ-ਤਕਲੀਫ਼ ਕਿਉਂ ਝੱਲਣ ਦਿੱਤੀ ਹੈ?

      11 ਯਹੋਵਾਹ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਇਨਸਾਨਾਂ ਲਈ ਉਸ ਤੋਂ ਆਜ਼ਾਦ ਹੋਣ ਦੇ ਅਤੇ ਆਪਣੀ ਹਕੂਮਤ ਖ਼ੁਦ ਚਲਾਉਣ ਦੇ ਨਤੀਜੇ ਬੁਰੇ ਨਿਕਲਣਗੇ। ਤਾਂ ਫਿਰ ਕੀ ਪਰਮੇਸ਼ੁਰ ਨੇ ਲੋਕਾਂ ਨੂੰ ਇਹ ਅਜ਼ਾਦੀ ਦੇ ਕੇ ਅਨਿਆਂ ਕੀਤਾ ਹੈ? ਬਿਲਕੁਲ ਨਹੀਂ! ਉਦਾਹਰਣ ਲਈ ਜੇ ਤੁਹਾਡੇ ਕਿਸੇ ਬੱਚੇ ਦੀ ਜਾਨ ਬਚਾਉਣ ਲਈ ਉਸ ਦਾ ਓਪਰੇਸ਼ਨ ਕਰਨ ਦੀ ਜ਼ਰੂਰਤ ਹੈ। ਤੁਸੀਂ ਜਾਣਦੇ ਹੋ ਕਿ ਓਪਰੇਸ਼ਨ ਨਾਲ ਤੁਹਾਡੇ ਬੱਚੇ ਨੂੰ ਬਹੁਤ ਤਕਲੀਫ਼ ਹੋਵੇਗੀ ਅਤੇ ਇਸ ਤੋਂ ਤੁਹਾਨੂੰ ਦੁੱਖ ਜ਼ਰੂਰ ਹੁੰਦਾ ਹੈ। ਪਰ ਤੁਸੀਂ ਇਹ ਵੀ ਜਾਣਦੇ ਹੋ ਕਿ ਓਪਰੇਸ਼ਨ ਦੇ ਮਗਰੋਂ ਤੁਹਾਡੇ ਬੱਚੇ ਦੀ ਸਿਹਤ ਠੀਕ ਹੋ ਜਾਵੇਗੀ ਅਤੇ ਉਹ ਲੰਬੀ ਉਮਰ ਜੀ ਸਕੇਗਾ। ਇਸੇ ਤਰ੍ਹਾਂ ਪਰਮੇਸ਼ੁਰ ਵੀ ਜਾਣਦਾ ਸੀ ਅਤੇ ਉਸ ਨੇ ਸਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਉਸ ਤੋਂ ਅਜ਼ਾਦ ਹੋ ਕੇ ਇਨਸਾਨਾਂ ਨੂੰ ਕਾਫ਼ੀ ਦੁੱਖ-ਤਕਲੀਫ਼ ਝੱਲਣੀ ਪਵੇਗੀ। (ਉਤਪਤ 3:16-19) ਪਰ ਉਹ ਇਹ ਵੀ ਜਾਣਦਾ ਸੀ ਕਿ ਜਦ ਤਕ ਸਾਰੇ ਲੋਕ ਉਸ ਦਾ ਵਿਰੋਧ ਕਰਨ ਦੇ ਬੁਰੇ ਨਤੀਜੇ ਨਹੀਂ ਦੇਖ ਲੈਂਦੇ, ਤਦ ਤਕ ਉਹ ਸੱਚਾ ਸੁੱਖ-ਚੈਨ ਨਹੀਂ ਪਾ ਸਕਣਗੇ। ਇਸ ਤਰ੍ਹਾਂ ਪਰਮੇਸ਼ੁਰ ਦੀ ਹਕੂਮਤ ਬਾਰੇ ਸਵਾਲ ਫਿਰ ਤੋਂ ਕਦੇ ਨਹੀਂ ਖੜ੍ਹੇ ਹੋਣਗੇ, ਉਹ ਹਮੇਸ਼ਾ ਲਈ ਸੁਲਝ ਜਾਣਗੇ।

      ਕੀ ਇਨਸਾਨ ਪਰਮੇਸ਼ੁਰ ਦੀ ਹਕੂਮਤ ਅਧੀਨ ਵਫ਼ਾਦਾਰ ਰਹਿ ਸਕਦੇ ਹਨ?

      12. ਅੱਯੂਬ ਦੀ ਉਦਾਹਰਣ ਦੇ ਕੇ ਦੱਸੋ ਕਿ ਸ਼ਤਾਨ ਨੇ ਇਨਸਾਨਾਂ ਉੱਤੇ ਕੀ ਦੋਸ਼ ਲਾਇਆ ਹੈ।

      12 ਸ਼ਤਾਨ ਦੇ ਦਾਅਵੇ ਦਾ ਇਕ ਹੋਰ ਪਹਿਲੂ ਵੀ ਹੈ। ਪਰਮੇਸ਼ੁਰ ਦੀ ਹਕੂਮਤ ਅਤੇ ਉਸ ਦੀ ਧਾਰਮਿਕਤਾ ਬਾਰੇ ਸਵਾਲ ਖੜ੍ਹੇ ਕਰ ਕੇ ਸ਼ਤਾਨ ਨੇ ਯਹੋਵਾਹ ਨੂੰ ਹੀ ਬਦਨਾਮ ਨਹੀਂ ਕੀਤਾ, ਪਰ ਉਸ ਨੇ ਪਰਮੇਸ਼ੁਰ ਦੇ ਸੇਵਕਾਂ ਨੂੰ ਵੀ ਬਦਨਾਮ ਕੀਤਾ ਸੀ। ਨੋਟ ਕਰੋ ਕਿ ਸ਼ਤਾਨ ਨੇ ਧਰਮੀ ਬੰਦੇ ਅੱਯੂਬ ਬਾਰੇ ਯਹੋਵਾਹ ਨੂੰ ਕੀ ਕਿਹਾ ਸੀ: “ਕੀ ਤੈਂ ਉਸ ਦੇ ਅਤੇ ਉਸ ਦੇ ਘਰ ਦੇ ਅਤੇ ਉਸ ਦੇ ਸਭ ਕਾਸੇ ਦੇ ਦੁਆਲੇ ਵਾੜ ਨਹੀਂ ਲਾ ਛੱਡੀ? ਤੈਂ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦੇ ਛੱਡੀ ਹੈ ਸੋ ਉਸ ਦਾ ਮਾਲ ਧਰਤੀ ਵਿੱਚ ਵਧ ਗਿਆ ਹੈ। ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੋਹ। ਉਹ ਤੇਰੇ ਮੂੰਹ ਉੱਤੇ ਫਿਟਕਾਰਾਂ ਪਾਊਗਾ!”—ਅੱਯੂਬ 1:10, 11.

      13. ਸ਼ਤਾਨ ਨੇ ਅੱਯੂਬ ਉੱਤੇ ਦੋਸ਼ ਲਾ ਕੇ ਅਸਲ ਵਿਚ ਕੀ ਕਿਹਾ ਸੀ ਅਤੇ ਇਸ ਦਾ ਸਾਰੇ ਇਨਸਾਨਾਂ ਲਈ ਕੀ ਮਤਲਬ ਹੈ?

      13 ਸ਼ਤਾਨ ਦਾ ਕਹਿਣਾ ਸੀ ਕਿ ਯਹੋਵਾਹ ਅੱਯੂਬ ਦੀ ਰਾਖੀ ਕਰਨ ਦੇ ਬਦਲੇ ਵਿਚ ਉਸ ਤੋਂ ਆਪਣੀ ਭਗਤੀ ਕਰਵਾ ਰਿਹਾ ਸੀ। ਦੂਜੇ ਪਾਸੇ ਉਹ ਇਹ ਵੀ ਕਹਿ ਰਿਹਾ ਸੀ ਕਿ ਅੱਯੂਬ ਦੀ ਭਗਤੀ ਸਿਰਫ਼ ਇਕ ਪਖੰਡ ਹੀ ਸੀ। ਉਹ ਪਰਮੇਸ਼ੁਰ ਦੀ ਭਗਤੀ ਸਿਰਫ਼ ਆਪਣੇ ਹੀ ਫ਼ਾਇਦੇ ਲਈ ਕਰ ਰਿਹਾ ਸੀ। ਸ਼ਤਾਨ ਨੇ ਦਾਅਵਾ ਕੀਤਾ ਸੀ ਕਿ ਜੇ ਅੱਯੂਬ ਨੂੰ ਪਰਮੇਸ਼ੁਰ ਤੋਂ ਬਰਕਤਾਂ ਨਾ ਮਿਲਣ, ਤਾਂ ਉਹ ਆਪਣੇ ਕਰਤਾਰ ਨੂੰ ਫਿਟਕਾਰੇਗਾ। ਸ਼ਤਾਨ ਜਾਣਦਾ ਸੀ ਕਿ ਅੱਯੂਬ ਇਕ ਬਹੁਤ ਹੀ ‘ਖਰਾ ਤੇ ਨੇਕ ਮਨੁੱਖ ਸੀ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਸੀ।’a ਜੇ ਸ਼ਤਾਨ ਅੱਯੂਬ ਦੀ ਵਫ਼ਾਦਾਰੀ ਤੋੜ ਦਿੰਦਾ, ਤਾਂ ਸੰਭਵ ਹੈ ਕਿ ਉਹ ਬਾਕੀ ਸਾਰੇ ਇਨਸਾਨਾਂ ਦੀ ਵਫ਼ਾਦਾਰੀ ਵੀ ਆਸਾਨੀ ਨਾਲ ਤੋੜ ਸਕਦਾ ਸੀ। ਇਸ ਤਰ੍ਹਾਂ ਸ਼ਤਾਨ ਪਰਮੇਸ਼ੁਰ ਦੇ ਸਾਰੇ ਸੇਵਕਾਂ ਦੀ ਵਫ਼ਾਦਾਰੀ ਬਾਰੇ ਸਵਾਲ ਖੜ੍ਹੇ ਕਰ ਰਿਹਾ ਸੀ। ਸ਼ਤਾਨ ਨੇ ਗੱਲ ਨੂੰ ਅੱਗੇ ਵਧਾ ਕੇ ਯਹੋਵਾਹ ਨੂੰ ਕਿਹਾ ਕਿ ਅੱਯੂਬ ਹੀ ਨਹੀਂ ਪਰ ਸਾਰੇ ‘ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਣਗੇ।’—ਅੱਯੂਬ 1:8; 2:4.

      14. ਸਮੇਂ ਦੇ ਬੀਤਣ ਨਾਲ ਇਨਸਾਨਾਂ ਖ਼ਿਲਾਫ਼ ਸ਼ਤਾਨ ਦੇ ਇਲਜ਼ਾਮਾਂ ਬਾਰੇ ਕੀ ਜ਼ਾਹਰ ਹੋਇਆ ਹੈ?

      14 ਸ਼ਤਾਨ ਨੇ ਦਾਅਵਾ ਕੀਤਾ ਸੀ ਕਿ ਜੇ ਪਰਮੇਸ਼ੁਰ ਦੇ ਸੇਵਕਾਂ ਨੂੰ ਦੁੱਖ-ਤਕਲੀਫ਼ ਝੱਲਣੀ ਪਈ, ਤਾਂ ਉਹ ਪਰਮੇਸ਼ੁਰ ਦੀ ਭਗਤੀ ਕਰਨੀ ਛੱਡ ਦੇਣਗੇ। ਸਮੇਂ ਦੇ ਬੀਤਣ ਨਾਲ ਜ਼ਾਹਰ ਹੋਇਆ ਹੈ ਕਿ ਅੱਯੂਬ ਵਾਂਗ ਕਈਆਂ ਨੇ ਸ਼ਤਾਨ ਦੇ ਦਾਅਵੇ ਤੋਂ ਉਲਟ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਕਾਇਮ ਰੱਖੀ ਹੈ। ਇਨਸਾਨਾਂ ਨੇ ਸਹੀ ਰਾਹ ਤੇ ਚੱਲ ਕੇ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕੀਤਾ ਹੈ ਅਤੇ ਇਸ ਕਰਕੇ ਯਹੋਵਾਹ ਸ਼ਤਾਨ ਦੇ ਮੇਹਣੇ ਦਾ ਉੱਤਰ ਦੇ ਸਕਿਆ ਹੈ। (ਇਬਰਾਨੀਆਂ 11:4-38) ਜੀ ਹਾਂ, ਨੇਕਦਿਲ ਲੋਕਾਂ ਨੇ ਪਰਮੇਸ਼ੁਰ ਪ੍ਰਤੀ ਬੇਵਫ਼ਾ ਬਣਨ ਤੋਂ ਇਨਕਾਰ ਕੀਤਾ ਹੈ। ਭਾਵੇਂ ਉਨ੍ਹਾਂ ਨੂੰ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੈ, ਫਿਰ ਵੀ ਉਨ੍ਹਾਂ ਨੇ ਯਹੋਵਾਹ ਉੱਤੇ ਪੱਕਾ ਭਰੋਸਾ ਰੱਖਿਆ ਹੈ ਕਿ ਉਹ ਉਨ੍ਹਾਂ ਨੂੰ ਮੁਸ਼ਕਲਾਂ ਸਹਿਣ ਦੀ ਸ਼ਕਤੀ ਦੇਵੇਗਾ।—2 ਕੁਰਿੰਥੀਆਂ 4:7-10.

      15. ਯਹੋਵਾਹ ਪਿੱਛੇ ਜੋ ਫ਼ੈਸਲੇ ਕਰ ਚੁੱਕਾ ਹੈ ਅਤੇ ਜੋ ਉਸ ਨੇ ਅਜੇ ਕਰਨੇ ਹਨ, ਉਨ੍ਹਾਂ ਬਾਰੇ ਕਿਹੜਾ ਸਵਾਲ ਉੱਠਦਾ ਹੈ?

      15 ਅਸੀਂ ਦੇਖਿਆ ਹੈ ਕਿ ਯਹੋਵਾਹ ਨੇ ਆਪਣੀ ਹਕੂਮਤ ਅਤੇ ਇਨਸਾਨਾਂ ਦੀ ਵਫ਼ਾਦਾਰੀ ਬਾਰੇ ਪੈਦਾ ਕੀਤੇ ਸਵਾਲਾਂ ਦੇ ਜਵਾਬ ਦੇਣ ਵਿਚ ਇਨਸਾਫ਼ ਕੀਤਾ ਹੈ। ਪਰ ਅਸੀਂ ਹੋਰ ਵੀ ਕਈ ਚੀਜ਼ਾਂ ਤੋਂ ਉਸ ਦੇ ਇਨਸਾਫ਼ ਬਾਰੇ ਸਿੱਖਦੇ ਹਾਂ। ਉਹ ਕਿਹੜੀਆਂ ਹਨ? ਬਾਈਬਲ ਵਿਚ ਅਸੀਂ ਪੜ੍ਹ ਸਕਦੇ ਹਾਂ ਕਿ ਯਹੋਵਾਹ ਨੇ ਇਨਸਾਨਾਂ ਅਤੇ ਪੂਰੀਆਂ ਕੌਮਾਂ ਦਾ ਨਿਆਂ ਕਿਸ ਤਰ੍ਹਾਂ ਕੀਤਾ ਸੀ। ਉਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਉਹ ਭਵਿੱਖ ਵਿਚ ਕੀ ਕਰੇਗਾ। ਅਸੀਂ ਯਕੀਨ ਕਿਉਂ ਕਰ ਸਕਦੇ ਹਾਂ ਕਿ ਯਹੋਵਾਹ ਨੇ ਸਹੀ ਫ਼ੈਸਲੇ ਕੀਤੇ ਸਨ ਅਤੇ ਕਰੇਗਾ?

      ਯਹੋਵਾਹ ਦਾ ਇਨਸਾਫ਼ ਉੱਤਮ ਕਿਉਂ ਹੈ?

      ਲੂਤ ਦੀ ਪਤਨੀ ਲੂਣ ਦਾ ਥੰਮ੍ਹ ਬਣ ਗਈ। ਲੂਤ ਤੇ ਉਸ ਦੀਆਂ ਧੀਆਂ ਸੋਆਰ ਨਗਰ ਸਹੀ-ਸਲਾਮਤ ਪਹੁੰਚਦੀਆਂ ਹਨ। ਸਵਰਗ ਤੋਂ ਆਈ ਅੱਗ ਸਦੂਮ ਤੇ ਅਮੂਰਾਹ ਨੂੰ ਨਾਸ਼ ਕਰਦੀ ਹੈ।

      ਯਹੋਵਾਹ ‘ਧਰਮੀ ਨੂੰ ਕੁਧਰਮੀ ਨਾਲ ਕਦੇ ਵੀ ਨਹੀਂ ਨਾਸ ਕਰੇਗਾ’

      16, 17. ਕਿਹੜੀਆਂ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਇਨਸਾਨ ਸਭ ਗੱਲਾਂ ਨਾ ਜਾਣਨ ਕਰਕੇ ਸਹੀ ਇਨਸਾਫ਼ ਨਹੀਂ ਕਰ ਸਕਦੇ?

      16 ਯਹੋਵਾਹ ਬਾਰੇ ਸਹੀ-ਸਹੀ ਕਿਹਾ ਜਾ ਸਕਦਾ ਹੈ ਕਿ “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ।” (ਬਿਵਸਥਾ ਸਾਰ 32:4) ਸਾਡੇ ਵਿੱਚੋਂ ਕੋਈ ਵੀ ਆਪਣੇ ਬਾਰੇ ਇਸ ਤਰ੍ਹਾਂ ਨਹੀਂ ਕਹਿ ਸਕਦਾ ਕਿਉਂਕਿ ਅਸੀਂ ਸਭ ਗੱਲਾਂ ਨਹੀਂ ਜਾਣ ਸਕਦੇ, ਜਿਸ ਕਰਕੇ ਸਾਡੇ ਲਈ ਸਹੀ ਤੇ ਗ਼ਲਤ ਦੀ ਪਛਾਣ ਕਰਨੀ ਅਕਸਰ ਮੁਸ਼ਕਲ ਹੁੰਦੀ ਹੈ। ਅਬਰਾਹਾਮ ਦੀ ਉਦਾਹਰਣ ਉੱਤੇ ਗੌਰ ਕਰੋ। ਉਸ ਨੂੰ ਸਦੂਮ ਦੀ ਦੁਸ਼ਟਤਾ ਦੇ ਬਾਵਜੂਦ ਸਦੂਮ ਦੇ ਨਾਸ਼ ਬਾਰੇ ਚਿੰਤਾ ਸੀ। ਉਸ ਨੇ ਯਹੋਵਾਹ ਨੂੰ ਬੇਨਤੀ ਕੀਤੀ: “ਕੀ ਤੂੰ ਧਰਮੀ ਨੂੰ ਕੁਧਰਮੀ ਨਾਲ ਨਾਸ ਕਰੇਂਗਾ?” (ਉਤਪਤ 18:23-33) ਨਹੀਂ, ਯਹੋਵਾਹ ਨੇ ਇਸ ਤਰ੍ਹਾਂ ਨਹੀਂ ਕਰਨਾ ਸੀ। ਜਦੋਂ ਧਰਮੀ ਬੰਦਾ ਲੂਤ ਤੇ ਉਸ ਦੀਆਂ ਧੀਆਂ ਸੋਆਰ ਨਗਰ ਸਹੀ-ਸਲਾਮਤ ਆ ਪਹੁੰਚੀਆਂ ਸਨ, ਤਾਂ ਯਹੋਵਾਹ ਨੇ ਸਦੂਮ ਉੱਤੇ ‘ਗੰਧਕ ਅਰ ਅੱਗ ਬਰਸਾਈ ਸੀ।’ (ਉਤਪਤ 19:22-24) ਦੂਜੇ ਹੱਥ ਨੀਨਵਾਹ ਸ਼ਹਿਰ ਦੇ ਲੋਕਾਂ ਉੱਤੇ ਯਹੋਵਾਹ ਦੀ ਦਇਆ ਦੇਖ ਕੇ ਯੂਨਾਹ ਦਾ ਗੁੱਸਾ “ਭਬਕ ਉੱਠਿਆ” ਸੀ। ਯੂਨਾਹ ਉਨ੍ਹਾਂ ਦੇ ਨਾਸ਼ ਦਾ ਐਲਾਨ ਕਰ ਚੁੱਕਾ ਸੀ, ਇਸ ਕਰਕੇ ਉਨ੍ਹਾਂ ਦੇ ਤੋਬਾ ਕਰਨ ਤੇ ਵੀ ਉਹ ਨਹੀਂ ਚਾਹੁੰਦਾ ਸੀ ਕਿ ਉਹ ਬਚ ਜਾਣ।—ਯੂਨਾਹ 3:10–4:1.

      17 ਯਹੋਵਾਹ ਨੇ ਅਬਰਾਹਾਮ ਨੂੰ ਭਰੋਸਾ ਦਿੱਤਾ ਕਿ ਜਦੋਂ ਉਹ ਇਨਸਾਫ਼ ਕਰਦਾ ਹੈ, ਤਾਂ ਉਹ ਸਿਰਫ਼ ਦੁਸ਼ਟਾਂ ਦਾ ਨਾਸ਼ ਹੀ ਨਹੀਂ ਕਰਦਾ ਸਗੋਂ ਧਰਮੀ ਲੋਕਾਂ ਨੂੰ ਵੀ ਬਚਾਉਂਦਾ ਹੈ। ਪਰ ਯੂਨਾਹ ਨੂੰ ਸਿੱਖਣਾ ਪਿਆ ਸੀ ਕਿ ਯਹੋਵਾਹ ਦਇਆਵਾਨ ਹੈ। ਜੇਕਰ ਦੁਸ਼ਟ ਲੋਕ ਸਹੀ ਰਾਹ ਪੈਣ, ਤਾਂ ਉਹ ਉਨ੍ਹਾਂ ਨੂੰ ‘ਖਿਮਾ ਕਰਨ’ ਲਈ ਤਿਆਰ ਹੈ। (ਮੀਕਾਹ 7:18) ਯਹੋਵਾਹ ਇਨਸਾਨਾਂ ਵਰਗਾ ਨਹੀਂ ਹੈ ਜੋ ਆਪਣੀ ਤਾਕਤ ਦਿਖਾਉਣ ਵਾਸਤੇ ਦੂਸਰਿਆਂ ਉੱਤੇ ਰੋਹਬ ਪਾਉਂਦੇ ਹਨ। ਅਤੇ ਨਾ ਹੀ ਉਹ ਇਸ ਡਰ ਕਾਰਨ ਕਿ ਦੂਸਰੇ ਉਸ ਨੂੰ ਕਮਜ਼ੋਰ ਸਮਝਣਗੇ, ਦਇਆ ਕਰਨ ਤੋਂ ਰੁਕਦਾ ਹੈ। ਜਦੋਂ ਵੀ ਉਸ ਨੂੰ ਦਇਆ ਕਰਨ ਦਾ ਮੌਕਾ ਮਿਲਦਾ ਹੈ, ਉਹ ਦਇਆ ਕਰਦਾ ਹੈ।—ਯਸਾਯਾਹ 55:7; ਹਿਜ਼ਕੀਏਲ 18:23.

      18. ਬਾਈਬਲ ਤੋਂ ਦਿਖਾਓ ਕਿ ਯਹੋਵਾਹ ਭਾਵੁਕ ਹੋ ਕੇ ਅੰਨ੍ਹੇਵਾਹ ਫ਼ੈਸਲੇ ਨਹੀਂ ਕਰਦਾ।

      18 ਪਰ ਯਹੋਵਾਹ ਭਾਵੁਕ ਹੋ ਕੇ ਅੰਨ੍ਹੇਵਾਹ ਫ਼ੈਸਲੇ ਨਹੀਂ ਕਰਦਾ। ਜਦੋਂ ਉਸ ਦੇ ਲੋਕ ਮੂਰਤੀ ਪੂਜਾ ਕਰਨ ਲੱਗ ਪਏ ਸਨ, ਉਸ ਨੇ ਉਨ੍ਹਾਂ ਨੂੰ ਕਿਹਾ ਕਿ ਮੈਂ ‘ਤੁਹਾਡੇ ਮਾਰਗਾਂ ਦੇ ਅਨੁਸਾਰ ਤੁਹਾਡਾ ਨਿਆਉਂ ਕਰਾਂਗਾ ਅਤੇ ਤੁਹਾਡੇ ਸਾਰੇ ਘਿਣਾਉਣੇ ਕੰਮਾਂ ਨੂੰ ਤੁਹਾਡੇ ਉੱਤੇ ਫੇਰ ਲਿਆਵਾਂਗਾ। ਮੇਰੀ ਅੱਖ ਤੁਹਾਡਾ ਲਿਹਾਜ਼ ਨਾ ਕਰੇਗੀ ਅਤੇ ਮੈਂ ਤੁਹਾਡੇ ਉੱਤੇ ਤਰਸ ਨਹੀਂ ਕਰਾਂਗਾ ਸਗੋਂ ਮੈਂ ਤੁਹਾਡੇ ਮਾਰਗਾਂ ਨੂੰ ਤੁਹਾਡੇ ਉੱਤੇ ਲਿਆਵਾਂਗਾ।’ (ਹਿਜ਼ਕੀਏਲ 7:3, 4) ਸੋ ਜਦੋਂ ਲੋਕ ਆਪਣੇ ਪੁੱਠੇ ਰਾਹ ਤੋਂ ਨਹੀਂ ਹਟਦੇ, ਤਾਂ ਯਹੋਵਾਹ ਉਨ੍ਹਾਂ ਦੇ ਕੰਮਾਂ ਅਨੁਸਾਰ ਉਨ੍ਹਾਂ ਦਾ ਇਨਸਾਫ਼ ਕਰਦਾ ਹੈ। ਪਰ ਉਸ ਦਾ ਫ਼ੈਸਲਾ ਪੱਕੇ ਸਬੂਤ ਦੇ ਆਧਾਰ ਤੇ ਹੁੰਦਾ ਹੈ। ਜਦੋਂ ਯਹੋਵਾਹ ਦੇ ਕੰਨੀ ਸਦੂਮ ਤੇ ਅਮੂਰਾਹ ਦੇ ਵਿਰੁੱਧ ਪੁਕਾਰ ਪਈ, ਤਾਂ ਉਸ ਨੇ ਕਿਹਾ: “ਮੈਂ ਉਥੇ ਇਹ ਸਭ ਆਪ ਦੇਖਣ ਜਾ ਰਿਹਾ ਹਾਂ ਕਿ ਇਹ ਸਭ ਸੱਚ ਹੈ, ਜਾਂ ਨਹੀਂ।” (ਉਤਪਤ 18:20, 21, ਨਵਾਂ ਅਨੁਵਾਦ) ਅਸੀਂ ਕਿੰਨੇ ਖ਼ੁਸ਼ ਹੋ ਸਕਦੇ ਹਾਂ ਕਿ ਯਹੋਵਾਹ ਇਨਸਾਨਾਂ ਵਰਗਾ ਨਹੀਂ ਹੈ ਜੋ ਪੂਰੀ ਗੱਲ ਜਾਣਨ ਤੋਂ ਬਗੈਰ ਹੀ ਫ਼ੈਸਲਾ ਕਰ ਲੈਂਦੇ ਹਨ! ਯਕੀਨਨ, ਯਹੋਵਾਹ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਬਾਈਬਲ ਵਿਚ ਉਸ ਬਾਰੇ ਦੱਸਿਆ ਗਿਆ ਹੈ ਕਿ “ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ।”—ਬਿਵਸਥਾ ਸਾਰ 32:4.

      ਯਹੋਵਾਹ ਦੇ ਇਨਸਾਫ਼ ਉੱਤੇ ਭਰੋਸਾ ਰੱਖੋ

      19. ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਸਾਡੇ ਲਈ ਯਹੋਵਾਹ ਦੀ ਕੋਈ ਗੱਲ ਸਮਝਣੀ ਔਖੀ ਹੁੰਦੀ ਹੈ?

      19 ਬਾਈਬਲ ਯਹੋਵਾਹ ਦੀਆਂ ਸਾਰੀਆਂ ਪਿੱਛਲੀਆਂ ਕਰਨੀਆਂ ਦੇ ਪੂਰੇ ਵੇਰਵੇ ਨਹੀਂ ਦਿੰਦੀ ਅਤੇ ਨਾ ਹੀ ਉਹ ਸਭ ਕੁਝ ਦੱਸਦੀ ਹੈ ਕਿ ਉਹ ਭਵਿੱਖ ਵਿਚ ਲੋਕਾਂ ਜਾਂ ਕੌਮਾਂ ਨਾਲ ਕੀ-ਕੀ ਕਰੇਗਾ। ਜਦੋਂ ਸਾਡੇ ਲਈ ਬਾਈਬਲ ਦੀ ਕੋਈ ਭਵਿੱਖਬਾਣੀ ਸਮਝਣੀ ਔਖੀ ਹੁੰਦੀ ਹੈ ਕਿਉਂਕਿ ਉਸ ਬਾਰੇ ਸਭ ਕੁਝ ਨਹੀਂ ਦੱਸਿਆ ਗਿਆ ਹੁੰਦਾ, ਤਾਂ ਸਾਨੂੰ ਮੀਕਾਹ ਨਬੀ ਵਰਗੀ ਵਫ਼ਾਦਾਰੀ ਰੱਖਣੀ ਚਾਹੀਦੀ ਹੈ। ਉਸ ਨੇ ਲਿਖਿਆ: “ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।”—ਮੀਕਾਹ 7:7.

      20, 21. ਅਸੀਂ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਹਮੇਸ਼ਾ ਉਹ ਕਰੇਗਾ ਜੋ ਸਹੀ ਹੈ?

      20 ਭਾਵੇਂ ਸਾਨੂੰ ਲੱਗਦਾ ਹੈ ਕਿ ਅਨਿਆਂ ਬਾਰੇ ਦੁਨੀਆਂ ਵਿਚ ਕੁਝ ਨਹੀਂ ਕੀਤਾ ਜਾ ਰਿਹਾ, ਪਰ ਯਹੋਵਾਹ ਵਾਅਦਾ ਕਰਦਾ ਹੈ: “ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।” (ਰੋਮੀਆਂ 12:19) ਇਸ ਸਮੇਂ ਦੀ ਉਡੀਕ ਕਰਦੇ ਹੋਏ ਅਸੀਂ ਪੌਲੁਸ ਰਸੂਲ ਵਾਂਗ ਪੱਕੇ ਯਕੀਨ ਨਾਲ ਕਹਿ ਸਕਦੇ ਹਾਂ: ‘ਭਲਾ, ਪਰਮੇਸ਼ੁਰ ਕੋਲੋਂ ਅਨਿਆਂ ਹੁੰਦਾ ਹੈ? ਕਦੇ ਨਹੀਂ!’ (ਰੋਮੀਆਂ 9:14) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਹਰ ਹਾਲਤ ਵਿਚ ਯਹੋਵਾਹ ਉਹੋ ਕਰੇਗਾ ਜੋ ਸਹੀ ਹੈ।

      21 ਅੱਜ-ਕੱਲ੍ਹ ਅਸੀਂ “ਭੈੜੇ ਸਮੇਂ” ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਅਨਿਆਂ ਤੇ “ਅਤਿਆਚਾਰ” ਤੋਂ ਲੋਕ ਬਹੁਤ ਦੁਖੀ ਹਨ। (ਉਪਦੇਸ਼ਕ 4:1, ਨਵਾਂ ਅਨੁਵਾਦ) ਪਰ ਯਹੋਵਾਹ ਬਦਲਿਆ ਨਹੀਂ ਹੈ। ਉਹ ਅਜੇ ਵੀ ਅਨਿਆਂ ਨਾਲ ਨਫ਼ਰਤ ਕਰਦਾ ਹੈ ਅਤੇ ਜਿਨ੍ਹਾਂ ਨਾਲ ਅਨਿਆਂ ਹੋਇਆ ਹੈ, ਉਨ੍ਹਾਂ ਨਾਲ ਹਮਦਰਦੀ ਕਰਦਾ ਹੈ। ਜੇ ਅਸੀਂ ਯਹੋਵਾਹ ਅਤੇ ਉਸ ਦੀ ਹਕੂਮਤ ਦੇ ਅਧੀਨ ਰਹਾਂਗੇ, ਤਾਂ ਉਹ ਸਾਨੂੰ ਉਸ ਸਮੇਂ ਤਕ ਮੁਸ਼ਕਲਾਂ ਸਹਿਣ ਦੀ ਸ਼ਕਤੀ ਦੇਵੇਗਾ ਜਦੋਂ ਪਰਮੇਸ਼ੁਰ ਦੇ ਰਾਜ ਵਿਚ ਹਰ ਤਰ੍ਹਾਂ ਦਾ ਅਨਿਆਂ ਖ਼ਤਮ ਕੀਤਾ ਜਾਵੇਗਾ।—1 ਪਤਰਸ 5:6, 7.

      a ਯਹੋਵਾਹ ਨੇ ਅੱਯੂਬ ਬਾਰੇ ਕਿਹਾ ਕਿ “ਪਿਰਥਵੀ ਵਿੱਚ ਉਹ ਦੇ ਜਿਹਾ ਕੋਈ ਨਹੀਂ।” (ਅੱਯੂਬ 1:8) ਇਸ ਤੋਂ ਜ਼ਾਹਰ ਹੁੰਦਾ ਹੈ ਕਿ ਅੱਯੂਬ ਯੂਸੁਫ਼ ਦੀ ਮੌਤ ਤੋਂ ਬਾਅਦ ਅਤੇ ਮੂਸਾ ਦੇ ਇਸਰਾਏਲ ਦਾ ਮੁਖੀਆ ਬਣਨ ਤੋਂ ਪਹਿਲਾਂ ਰਹਿੰਦਾ ਸੀ। ਇਸ ਕਰਕੇ ਕਿਹਾ ਜਾ ਸਕਦਾ ਸੀ ਕਿ ਉਸ ਸਮੇਂ ਅੱਯੂਬ ਵਰਗਾ ਹੋਰ ਕੋਈ ਵਫ਼ਾਦਾਰ ਬੰਦਾ ਨਹੀਂ ਸੀ।

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • ਬਿਵਸਥਾ ਸਾਰ 10:17-19 ਅਸੀਂ ਯਕੀਨ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਪੱਖਪਾਤ ਨਹੀਂ ਕਰਦਾ?

      • ਅੱਯੂਬ 34:1-12 ਜਦੋਂ ਤੁਸੀਂ ਅਨਿਆਂ ਹੁੰਦਾ ਦੇਖਦੇ ਹੋ, ਤਾਂ ਅਲੀਹੂ ਦੇ ਸ਼ਬਦ ਪਰਮੇਸ਼ੁਰ ਦੀ ਧਾਰਮਿਕਤਾ ਵਿਚ ਤੁਹਾਡਾ ਯਕੀਨ ਪੱਕਾ ਕਿਸ ਤਰ੍ਹਾਂ ਕਰ ਸਕਦੇ ਹਨ?

      • ਜ਼ਬੂਰਾਂ ਦੀ ਪੋਥੀ 1:1-6 ਇਸ ਤੋਂ ਸਾਨੂੰ ਭਰੋਸਾ ਕਿਉਂ ਮਿਲਦਾ ਹੈ ਕਿ ਯਹੋਵਾਹ ਧਰਮੀ ਅਤੇ ਦੁਸ਼ਟ ਲੋਕਾਂ ਦੇ ਕੰਮ ਦੇਖਦਾ ਹੈ?

      • ਮਲਾਕੀ 2:13-16 ਯਹੋਵਾਹ ਦਾ ਉਨ੍ਹਾਂ ਬੰਦਿਆਂ ਬਾਰੇ ਕੀ ਖ਼ਿਆਲ ਸੀ ਜੋ ਆਪਣੀਆਂ ਘਰਵਾਲੀਆਂ ਨੂੰ ਬਿਨਾਂ ਵਜ੍ਹਾ ਤਲਾਕ ਦੇ ਰਹੇ ਸਨ?

  • “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ”
    ਯਹੋਵਾਹ ਦੇ ਨੇੜੇ ਰਹੋ
    • ਮੂਸਾ ਨੇ ਪੱਥਰ ਦੀਆਂ ਦੋ ਫੱਟੀਆਂ ਫੜੀਆਂ ਹੋਈਆਂ ਜਿਨ੍ਹਾਂ ਉੱਤੇ ਦਸ ਹੁਕਮ ਸਨ

      ਤੇਰ੍ਹਵਾਂ ਅਧਿਆਇ

      “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ”

      1, 2. ਆਮ ਕਰਕੇ ਕਈ ਲੋਕ ਅਦਾਲਤੀ ਕਾਨੂੰਨ ਦਾ ਵਿਰੋਧ ਕਿਉਂ ਕਰਦੇ ਹਨ, ਪਰ ਅਸੀਂ ਸ਼ਾਇਦ ਪਰਮੇਸ਼ੁਰ ਦੇ ਕਾਨੂੰਨਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਾਂਗੇ?

      “ਮੁਕੱਦਮੇਬਾਜ਼ੀ ਦਾ ਖੂਹ ਬੜਾ ਡੂੰਘਾ ਹੈ, . . . ਇਸ ਵਿਚ ਹਰ ਚੀਜ਼ ਡੁੱਬ ਜਾਂਦੀ ਹੈ।” ਮੁਕੱਦਮਿਆਂ ਬਾਰੇ ਇਹ ਸ਼ਬਦ 1712 ਵਿਚ ਛਾਪੀ ਗਈ ਇਕ ਕਿਤਾਬ ਵਿਚ ਲਿਖੇ ਗਏ ਸਨ। ਇਸ ਕਿਤਾਬ ਦੇ ਲਿਖਾਰੀ ਨੇ ਅਜਿਹੇ ਕਾਨੂੰਨੀ ਪ੍ਰਬੰਧ ਦੀ ਨਿਖੇਧੀ ਕੀਤੀ ਸੀ ਜਿਸ ਵਿਚ ਮੁਕੱਦਮੇ ਕਈ ਸਾਲਾਂ ਤਕ ਚੱਲਦੇ ਰਹਿਣ ਕਰਕੇ ਇਨਸਾਫ਼ ਭਾਲਣ ਵਾਲੇ ਲੋਕਾਂ ਦੀ ਜੇਬ ਖਾਲੀ ਕੀਤੀ ਜਾਂਦੀ ਸੀ। ਕਈਆਂ ਦੇਸ਼ਾਂ ਵਿਚ ਅਦਾਲਤੀ ਕਾਨੂੰਨ ਬਹੁਤ ਗੁੰਝਲਦਾਰ ਹਨ ਅਤੇ ਇਕ-ਦੂਜੇ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਵਿਚ ਇੰਨਾ ਅਨਿਆਂ ਤੇ ਪੱਖਪਾਤ ਹੁੰਦਾ ਹੈ ਕਿ ਆਮ ਕਰਕੇ ਲੋਕ ਅਜਿਹੀ ਵਿਵਸਥਾ ਨੂੰ ਪਸੰਦ ਕਰਨ ਦੀ ਬਜਾਇ ਉਸ ਨਾਲ ਨਫ਼ਰਤ ਕਰਦੇ ਹਨ।

      2 ਇਸ ਤੋਂ ਉਲਟ ਇਨ੍ਹਾਂ ਸ਼ਬਦਾਂ ਬਾਰੇ ਸੋਚੋ ਜੋ ਅੱਜ ਤੋਂ 2,700 ਸਾਲ ਪਹਿਲਾਂ ਲਿਖੇ ਗਏ ਸਨ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ।” (ਜ਼ਬੂਰਾਂ ਦੀ ਪੋਥੀ 119:97) ਜ਼ਬੂਰਾਂ ਦੇ ਇਸ ਲਿਖਾਰੀ ਨੂੰ ਬਿਵਸਥਾ ਨਾਲ ਇੰਨਾ ਪਿਆਰ ਕਿਉਂ ਸੀ? ਕਿਉਂਕਿ ਜਿਸ ਬਿਵਸਥਾ ਦੀ ਉਹ ਗੱਲ ਕਰ ਰਿਹਾ ਸੀ ਉਹ ਕਿਸੇ ਇਨਸਾਨੀ ਸਰਕਾਰ ਨੇ ਨਹੀਂ, ਸਗੋਂ ਯਹੋਵਾਹ ਪਰਮੇਸ਼ੁਰ ਨੇ ਦਿੱਤੀ ਸੀ। ਯਹੋਵਾਹ ਦੇ ਕਾਨੂੰਨਾਂ ਦੀ ਪੜ੍ਹਾਈ ਕਰਦੇ ਰਹਿਣ ਨਾਲ ਤੁਸੀਂ ਵੀ ਸ਼ਾਇਦ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰੋਗੇ ਅਤੇ ਇਨ੍ਹਾਂ ਨੂੰ ਬਣਾਉਣ ਵਾਲੇ ਦੇ ਉੱਤਮ ਮਨ ਨੂੰ ਕੁਝ ਹੱਦ ਤਕ ਸਮਝਣ ਲੱਗ ਪਵੋਗੇ।

      ਕਾਨੂੰਨਾਂ ਦਾ ਜਨਮਦਾਤਾ

      3, 4. ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਕਾਨੂੰਨਾਂ ਦਾ ਜਨਮਦਾਤਾ ਬਣਿਆ ਹੈ?

      3 ਬਾਈਬਲ ਸਾਨੂੰ ਦੱਸਦੀ ਹੈ ਕਿ “ਸ਼ਰਾ ਦਾ ਦੇਣ ਵਾਲਾ ਅਤੇ ਨਿਆਈ ਇੱਕੋ ਹੈ।” (ਯਾਕੂਬ 4:12) ਆਕਾਸ਼ੀ ਪਿੰਡ ਵੀ “ਅਕਾਸ਼ ਦੀਆਂ ਬਿਧੀਆਂ” ਅਨੁਸਾਰ ਘੁੰਮਦੇ ਹਨ। (ਅੱਯੂਬ 38:33) ਯਹੋਵਾਹ ਦੇ ਬੇਸ਼ੁਮਾਰ ਦੂਤ ਵੀ ਪਰਮੇਸ਼ੁਰ ਦੇ ਕਾਨੂੰਨਾਂ ਅਧੀਨ ਚੱਲਦੇ ਹਨ। ਉਨ੍ਹਾਂ ਨੂੰ ਆਪੋ-ਆਪਣਾ ਰੁਤਬਾ ਦਿੱਤਾ ਗਿਆ ਹੈ ਅਤੇ ਉਹ ਪਰਮੇਸ਼ੁਰ ਦੇ ਸੇਵਾਦਾਰਾਂ ਵਜੋਂ ਕੰਮ ਕਰਦੇ ਹਨ।—ਇਬਰਾਨੀਆਂ 1:7, 14.

      4 ਯਹੋਵਾਹ ਨੇ ਇਨਸਾਨਜਾਤ ਨੂੰ ਵੀ ਕਾਨੂੰਨ ਦਿੱਤੇ ਹਨ। ਸਾਡੇ ਸਾਰਿਆਂ ਦੀ ਜ਼ਮੀਰ ਹੈ ਜੋ ਸਾਡੇ ਅੰਦਰ ਕਾਨੂੰਨ ਵਾਂਗ ਕੰਮ ਕਰਦੀ ਹੈ ਅਤੇ ਸਾਨੂੰ ਸਹੀ ਤੇ ਗ਼ਲਤ ਦਾ ਭੇਦ ਦੱਸਦੀ ਹੈ। ਇਸ ਤੋਂ ਯਹੋਵਾਹ ਦਾ ਇਨਸਾਫ਼ ਜ਼ਾਹਰ ਹੁੰਦਾ ਹੈ। (ਰੋਮੀਆਂ 2:14) ਸਾਡੇ ਪਹਿਲੇ ਮਾਂ-ਬਾਪ ਮੁਕੰਮਲ ਜ਼ਮੀਰ ਨਾਲ ਸ੍ਰਿਸ਼ਟ ਕੀਤੇ ਗਏ ਸਨ ਇਸ ਲਈ ਉਨ੍ਹਾਂ ਨੂੰ ਬਹੁਤੇ ਕਾਨੂੰਨਾਂ ਦੀ ਲੋੜ ਨਹੀਂ ਸੀ। (ਉਤਪਤ 2:15-17) ਪਰ ਅਪੂਰਣ ਇਨਸਾਨਾਂ ਨੂੰ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਕਿਤੇ ਜ਼ਿਆਦਾ ਕਾਨੂੰਨਾਂ ਦੀ ਜ਼ਰੂਰਤ ਹੈ। ਯਹੋਵਾਹ ਨੇ ਨੂਹ, ਅਬਰਾਹਾਮ ਅਤੇ ਯਾਕੂਬ ਵਰਗੇ ਘਰ ਦੇ ਮੁਖੀਆਂ ਨੂੰ ਕਾਨੂੰਨ ਦਿੱਤੇ ਸਨ ਜੋ ਉਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਕੰਨੀ ਵੀ ਪਾਏ ਸਨ। (ਉਤਪਤ 6:22; 9:3-6; 18:19; 26:4, 5) ਯਹੋਵਾਹ ਇਸਰਾਏਲ ਕੌਮ ਦੇ ਕਾਨੂੰਨਾਂ ਦਾ ਵੀ ਜਨਮਦਾਤਾ ਸੀ। ਉਸ ਨੇ ਉਨ੍ਹਾਂ ਨੂੰ ਮੂਸਾ ਦੇ ਜ਼ਰੀਏ ਕਾਨੂੰਨ ਦਿੱਤੇ ਜਿਸ ਨੂੰ ਬਿਵਸਥਾ ਸੱਦਿਆ ਗਿਆ ਸੀ। ਇਨ੍ਹਾਂ ਕਾਨੂੰਨਾਂ ਦੇ ਰਾਹੀਂ ਅਸੀਂ ਯਹੋਵਾਹ ਦੇ ਇਨਸਾਫ਼ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹਾਂ।

      ਮੂਸਾ ਦੀ ਬਿਵਸਥਾ ਦਾ ਸਾਰ

      5. ਕੀ ਮੂਸਾ ਦੀ ਬਿਵਸਥਾ ਕਾਨੂੰਨਾਂ ਦੀ ਅਜਿਹੀ ਗੁੰਝਲਦਾਰ ਲਿਸਟ ਸੀ ਜੋ ਲੋਕਾਂ ਉੱਤੇ ਬੋਝ ਸੀ ਅਤੇ ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ?

      5 ਕਈ ਲੋਕ ਮੰਨਦੇ ਹਨ ਕਿ ਮੂਸਾ ਦੀ ਬਿਵਸਥਾ ਦੇ ਇੰਨੇ ਸਾਰੇ ਕਾਨੂੰਨ ਲੋਕਾਂ ਉੱਤੇ ਬੋਝ ਸਨ। ਪਰ ਇਸ ਗੱਲ ਵਿਚ ਕੋਈ ਸੱਚਾਈ ਨਹੀਂ ਹੈ। ਪੂਰੀ ਬਿਵਸਥਾ ਵਿਚ 600 ਤੋਂ ਜ਼ਿਆਦਾ ਕਾਨੂੰਨ ਜਾਂ ਹੁਕਮ ਹਨ। ਸਾਨੂੰ ਸ਼ਾਇਦ ਲੱਗੇ ਕਿ ਇਹ ਬਹੁਤ ਹਨ, ਪਰ ਜ਼ਰਾ ਸੋਚੋ: 20ਵੀਂ ਸਦੀ ਦੇ ਅਖ਼ੀਰ ਤਕ ਅਮਰੀਕਾ ਦੇ ਫੈਡਰਲ ਕਾਨੂੰਨਾਂ ਨਾਲ ਕਾਨੂੰਨੀ ਕਿਤਾਬਾਂ ਦੇ 1,50,000 ਸਫ਼ੇ ਭਰੇ ਹੋਏ ਸਨ। ਹਰ ਦੋ ਸਾਲ ਬਾਅਦ 600 ਹੋਰ ਕਾਨੂੰਨ ਸ਼ਾਮਲ ਕੀਤੇ ਜਾਂਦੇ ਹਨ! ਇਨਸਾਨੀ ਕਾਨੂੰਨਾਂ ਦੇ ਪਹਾੜ ਸਾਮ੍ਹਣੇ ਮੂਸਾ ਦੀ ਬਿਵਸਥਾ ਦੇ ਕਾਨੂੰਨ ਤਾਂ ਬਹੁਤ ਥੋੜ੍ਹੇ ਹਨ। ਇਸ ਦੇ ਬਾਵਜੂਦ ਪਰਮੇਸ਼ੁਰ ਦੇ ਕਾਨੂੰਨ ਇਸਰਾਏਲੀਆਂ ਦੀ ਜ਼ਿੰਦਗੀ ਦੇ ਹਰ ਪਹਿਲੂ ਲਈ ਸਨ। ਮੂਸਾ ਦੀ ਬਿਵਸਥਾ ਦੀ ਤੁਲਨਾ ਵਿਚ ਆਧੁਨਿਕ ਕਾਨੂੰਨ ਤਾਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਗੱਲ ਵੀ ਨਹੀਂ ਕਰਦੇ। ਆਓ ਆਪਾਂ ਸੰਖੇਪ ਵਿਚ ਦੇਖੀਏ।

      6, 7. (ੳ) ਮੂਸਾ ਦੀ ਬਿਵਸਥਾ ਅਤੇ ਹੋਰ ਕਿਸੇ ਕਾਨੂੰਨੀ ਪ੍ਰਬੰਧ ਵਿਚ ਕੀ ਫ਼ਰਕ ਹੈ ਅਤੇ ਸਭ ਤੋਂ ਮਹਾਨ ਕਾਨੂੰਨ ਕਿਹੜਾ ਹੈ? (ਅ) ਇਸਰਾਏਲੀ ਕਿਸ ਤਰ੍ਹਾਂ ਜ਼ਾਹਰ ਕਰ ਸਕਦੇ ਸਨ ਕਿ ਉਹ ਯਹੋਵਾਹ ਦੀ ਹਕੂਮਤ ਦੇ ਅਧੀਨ ਸਨ?

      6 ਮੂਸਾ ਦੀ ਬਿਵਸਥਾ ਦੁਆਰਾ ਯਹੋਵਾਹ ਦੀ ਹਕੂਮਤ ਦੀ ਵਡਿਆਈ ਹੁੰਦੀ ਸੀ। ਇਸ ਤਰ੍ਹਾਂ ਇਹ ਹੋਰ ਕਿਸੇ ਵੀ ਕਾਨੂੰਨੀ ਪ੍ਰਬੰਧ ਦੀ ਤੁਲਨਾ ਵਿਚ ਲਾਜਵਾਬ ਹੈ। ਸਭ ਤੋਂ ਮਹਾਨ ਕਾਨੂੰਨ ਇਹ ਸੀ: “ਹੇ ਇਸਰਾਏਲ, ਸੁਣੋ! ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ।” ਪਰਮੇਸ਼ੁਰ ਦੇ ਲੋਕਾਂ ਨੇ ਉਸ ਲਈ ਆਪਣਾ ਪਿਆਰ ਕਿਸ ਤਰ੍ਹਾਂ ਜ਼ਾਹਰ ਕਰਨਾ ਸੀ? ਉਨ੍ਹਾਂ ਨੇ ਉਸ ਦੀ ਸੇਵਾ ਕਰਨੀ ਸੀ ਅਤੇ ਉਸ ਦੀ ਹਕੂਮਤ ਦੇ ਅਧੀਨ ਹੋਣਾ ਸੀ।—ਬਿਵਸਥਾ ਸਾਰ 6:4, 5; 11:13.

      7 ਪਰਮੇਸ਼ੁਰ ਨੇ ਮਾਪਿਆਂ, ਪ੍ਰਧਾਨਾਂ, ਨਿਆਂਕਾਰਾਂ, ਜਾਜਕਾਂ ਅਤੇ ਰਾਜਿਆਂ ਨੂੰ ਅਧਿਕਾਰ ਦਿੱਤਾ ਸੀ। ਜੇ ਕੋਈ ਵਿਅਕਤੀ ਕਿਸੇ ਅਧਿਕਾਰ ਰੱਖਣ ਵਾਲੇ ਦੇ ਖ਼ਿਲਾਫ਼ ਜਾਂਦਾ ਸੀ, ਤਾਂ ਯਹੋਵਾਹ ਦੀ ਨਜ਼ਰ ਵਿਚ ਇਹ ਯਹੋਵਾਹ ਦੇ ਖ਼ਿਲਾਫ਼ ਜਾਣ ਦੇ ਸਾਮਾਨ ਸੀ। ਹਰੇਕ ਇਸਰਾਏਲੀ ਉਨ੍ਹਾਂ ਲੋਕਾਂ ਦੇ ਅਧੀਨ ਹੋ ਕੇ ਜਿਨ੍ਹਾਂ ਨੂੰ ਅਧਿਕਾਰ ਸੌਂਪਿਆ ਗਿਆ ਸੀ, ਜ਼ਾਹਰ ਕਰਦਾ ਸੀ ਕਿ ਉਹ ਯਹੋਵਾਹ ਦੀ ਹਕੂਮਤ ਦੇ ਅਧੀਨ ਸੀ। ਦੂਜੇ ਹੱਥ, ਜੇ ਕੋਈ ਅਧਿਕਾਰ ਰੱਖਣ ਵਾਲਾ ਆਪਣੇ ਅਧਿਕਾਰ ਨੂੰ ਗ਼ਲਤ ਤਰੀਕੇ ਨਾਲ ਵਰਤ ਕੇ ਯਹੋਵਾਹ ਦੇ ਲੋਕਾਂ ਨਾਲ ਅਨਿਆਂ ਕਰਦਾ ਸੀ ਜਾਂ ਉਨ੍ਹਾਂ ਉੱਤੇ ਰੋਹਬ ਜਮਾਉਂਦਾ ਸੀ, ਤਾਂ ਉਸ ਨੂੰ ਯਹੋਵਾਹ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪੈਂਦਾ ਸੀ। (ਕੂਚ 20:12; 22:28; ਬਿਵਸਥਾ ਸਾਰ 1:16, 17; 17:8-20; 19:16, 17) ਇਸ ਤਰ੍ਹਾਂ ਪਰਮੇਸ਼ੁਰ ਦੀ ਹਕੂਮਤ ਦੇ ਅਧੀਨ ਰਹਿਣ ਦੀ ਜ਼ਿੰਮੇਵਾਰੀ ਸਾਰਿਆਂ ਦੇ ਸਿਰ ਤੇ ਸੀ, ਭਾਵੇਂ ਉਨ੍ਹਾਂ ਨੂੰ ਦੂਸਰਿਆਂ ਉੱਤੇ ਅਧਿਕਾਰ ਸੌਂਪਿਆ ਗਿਆ ਸੀ ਜਾਂ ਉਹ ਕਿਸੇ ਦੇ ਅਧਿਕਾਰ ਅਧੀਨ ਸਨ।

      8. ਯਹੋਵਾਹ ਵੱਲੋਂ ਪਵਿੱਤਰ ਰਹਿਣ ਸੰਬੰਧੀ ਦਿੱਤੇ ਗਏ ਮਿਆਰਾਂ ਨੂੰ ਮੂਸਾ ਦੀ ਬਿਵਸਥਾ ਕਿਵੇਂ ਕਾਇਮ ਰੱਖਦੀ ਸੀ।

      8 ਮੂਸਾ ਦੀ ਬਿਵਸਥਾ ਯਹੋਵਾਹ ਵੱਲੋਂ ਪਵਿੱਤਰ ਰਹਿਣ ਸੰਬੰਧੀ ਮਿਆਰਾਂ ਨੂੰ ਕਾਇਮ ਰੱਖਦੀ ਸੀ। ਇਸ ਬਿਵਸਥਾ ਵਿਚ 280 ਵਾਰ ਉਹ ਸ਼ਬਦ ਪਾਏ ਜਾਂਦੇ ਹਨ ਜਿਨ੍ਹਾਂ ਦਾ ਤਰਜਮਾ ਪਵਿੱਤਰ ਜਾਂ ਪਵਿੱਤਰਤਾ ਕੀਤਾ ਗਿਆ ਹੈ। ਇਸ ਨਾਲ ਪਰਮੇਸ਼ੁਰ ਦੇ ਲੋਕ ਜਾਣ ਸਕਦੇ ਸਨ ਕਿ ਕੀ ਸਾਫ਼ ਹੈ ਤੇ ਕੀ ਗੰਦਾ, ਕੀ ਸ਼ੁੱਧ ਹੈ ਤੇ ਕੀ ਅਸ਼ੁੱਧ। ਬਿਵਸਥਾ ਵਿਚ ਕੁਝ 70 ਚੀਜ਼ਾਂ ਦੱਸੀਆਂ ਗਈਆਂ ਸਨ ਜਿਨ੍ਹਾਂ ਨਾਲ ਇਕ ਇਸਰਾਏਲੀ ਆਪਣੇ ਆਪ ਨੂੰ ਅਪਵਿੱਤਰ ਕਰ ਸਕਦਾ ਸੀ। ਇਨ੍ਹਾਂ ਕਾਨੂੰਨਾਂ ਵਿਚ ਨਹਾਉਣ-ਧੋਣ, ਖਾਣ-ਪੀਣ ਅਤੇ ਗੰਦ-ਮੰਦ ਸੁੱਟਣ ਬਾਰੇ ਵੀ ਦੱਸਿਆ ਗਿਆ ਸੀ। ਇਨ੍ਹਾਂ ਦੀ ਪਾਲਣਾ ਕਰਨ ਨਾਲ ਉਨ੍ਹਾਂ ਦੀ ਸਿਹਤ ਨੂੰ ਕਾਫ਼ੀ ਫ਼ਾਇਦਾ ਹੋਇਆ ਸੀ।a ਪਰ ਇਨ੍ਹਾਂ ਦਾ ਮਕਸਦ ਲੋਕਾਂ ਨੂੰ ਸਿਰਫ਼ ਸਿਹਤਮੰਦ ਰੱਖਣਾ ਹੀ ਨਹੀਂ ਸੀ। ਇਨ੍ਹਾਂ ਉੱਤੇ ਚੱਲਣ ਨਾਲ ਉਨ੍ਹਾਂ ਉੱਤੇ ਪਰਮੇਸ਼ੁਰ ਦੀ ਕਿਰਪਾ ਰਹਿੰਦੀ ਸੀ ਅਤੇ ਇਹ ਕਾਨੂੰਨ ਉਨ੍ਹਾਂ ਨੂੰ ਆਲੇ-ਦੁਆਲੇ ਦੇ ਦੇਸ਼ਾਂ ਦੀਆਂ ਘਟੀਆ ਅਤੇ ਅਪਵਿੱਤਰ ਰੀਤਾਂ ਤੋਂ ਅਲੱਗ ਰੱਖਦੇ ਸਨ। ਇਸ ਦੀ ਇਕ ਉਦਾਹਰਣ ਉੱਤੇ ਗੌਰ ਕਰੋ।

      9, 10. ਬਿਵਸਥਾ ਨੇਮ ਦੇ ਕਾਨੂੰਨਾਂ ਵਿਚ ਸਰੀਰਕ ਸੰਬੰਧ ਤੇ ਜਣੇਪੇ ਬਾਰੇ ਕੀ ਹੁਕਮ ਸਨ ਅਤੇ ਇਨ੍ਹਾਂ ਤੋਂ ਕਿਹੜੇ ਫ਼ਾਇਦੇ ਹੁੰਦੇ ਸਨ?

      9 ਬਿਵਸਥਾ ਨੇਮ ਦੇ ਕਾਨੂੰਨਾਂ ਅਨੁਸਾਰ ਭਾਵੇਂ ਕੋਈ ਸ਼ਾਦੀ-ਸ਼ੁਦਾ ਹੋਵੇ, ਉਹ ਵੀ ਜਿਨਸੀ ਸੰਬੰਧਾਂ ਤੇ ਜਣੇਪੇ ਕਰਕੇ ਅਪਵਿੱਤਰ ਹੋ ਜਾਂਦਾ ਸੀ। (ਲੇਵੀਆਂ 12:2-4; 15:16-18) ਪਰ ਅਜਿਹੇ ਕਾਨੂੰਨ ਇਨ੍ਹਾਂ ਕੁਦਰਤੀ ਦਾਤਾਂ ਨੂੰ ਘਟੀਆ ਨਹੀਂ ਬਣਾਉਂਦੇ ਸਨ। (ਉਤਪਤ 1:28; 2:18-25) ਇਸ ਦੀ ਬਜਾਇ ਇਹ ਹੁਕਮ ਯਹੋਵਾਹ ਦੇ ਪਵਿੱਤਰ ਮਿਆਰਾਂ ਨੂੰ ਕਾਇਮ ਰੱਖਦੇ ਸਨ ਅਤੇ ਉਸ ਦੇ ਉਪਾਸਕਾਂ ਨੂੰ ਮਲੀਨ ਹੋਣ ਤੋਂ ਬਚਾਉਂਦੇ ਸਨ। ਇਕ ਗੱਲ ਨੋਟ ਕਰਨ ਦੇ ਯੋਗ ਹੈ ਕਿ ਇਸਰਾਏਲ ਦੇ ਆਲੇ-ਦੁਆਲੇ ਦੀਆਂ ਕੌਮਾਂ ਲਿੰਗ ਪੂਜਾ ਸੰਬੰਧੀ ਰਸਮਾਂ ਨਿਭਾਉਂਦੀਆਂ ਸਨ। ਕਨਾਨੀ ਆਪਣੇ ਮੰਦਰਾਂ ਵਿਚ ਆਦਮੀਆਂ ਤੇ ਤੀਵੀਆਂ ਦੋਹਾਂ ਨੂੰ ਵੇਸਵਾਵਾਂ ਵਜੋਂ ਰੱਖਦੇ ਸਨ। ਨਤੀਜੇ ਵਜੋਂ ਉਨ੍ਹਾਂ ਦਾ ਗੰਦਾ ਮਾਹੌਲ ਵਿਗੜਦਾ ਅਤੇ ਫੈਲਦਾ ਗਿਆ। ਇਨ੍ਹਾਂ ਕੌਮਾਂ ਦੀ ਤੁਲਨਾ ਵਿਚ ਮੂਸਾ ਦੀ ਬਿਵਸਥਾ ਨੇ ਯਹੋਵਾਹ ਦੀ ਭਗਤੀ ਨੂੰ ਜਿਨਸੀ ਸੰਬੰਧਾਂ ਤੋਂ ਬਿਲਕੁਲ ਅਲੱਗ ਰੱਖਿਆ।b

      10 ਇਸ ਦੇ ਹੋਰ ਫ਼ਾਇਦੇ ਵੀ ਸਨ। ਇਹ ਕਾਨੂੰਨ ਇਕ ਜ਼ਰੂਰੀ ਸੱਚਾਈ ਸਿਖਾਉਂਦੇ ਸਨ।c ਜ਼ਰਾ ਸੋਚੋ, ਆਦਮ ਦਾ ਪਾਪ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਕਿਸ ਤਰ੍ਹਾਂ ਫੈਲਦਾ ਹੈ? ਕੀ ਇਹ ਸਰੀਰਕ ਸੰਬੰਧ ਤੇ ਜਣੇਪੇ ਰਾਹੀਂ ਨਹੀਂ ਹੈ? (ਰੋਮੀਆਂ 5:12) ਜੀ ਹਾਂ, ਪਰਮੇਸ਼ੁਰ ਦੀ ਬਿਵਸਥਾ ਉਸ ਦੇ ਲੋਕਾਂ ਨੂੰ ਯਾਦ ਕਰਾਉਂਦੀ ਸੀ ਕਿ ਉਹ ਪਾਪੀ ਸਨ। ਦਰਅਸਲ ਅਸੀਂ ਸਾਰੇ ਪਾਪੀ ਪੈਦਾ ਹੁੰਦੇ ਹਾਂ। (ਜ਼ਬੂਰਾਂ ਦੀ ਪੋਥੀ 51:5) ਆਪਣੇ ਪਵਿੱਤਰ ਪਰਮੇਸ਼ੁਰ ਦੇ ਨੇੜੇ ਹੋਣ ਤੋਂ ਪਹਿਲਾਂ ਸਾਨੂੰ ਇਸ ਪਾਪ ਤੋਂ ਮਾਫ਼ ਤੇ ਮੁਕਤ ਕੀਤੇ ਜਾਣ ਦੀ ਜ਼ਰੂਰਤ ਹੈ।

      11, 12. (ੳ) ਬਿਵਸਥਾ ਨਿਆਂ ਦੇ ਕਿਸ ਜ਼ਰੂਰੀ ਸਿਧਾਂਤ ਨਾਲ ਹਾਮੀ ਭਰਦੀ ਸੀ? (ਅ) ਬਿਵਸਥਾ ਵਿਚ ਅਨਿਆਂ ਨੂੰ ਰੋਕਣ ਲਈ ਕਿਹੋ ਜਿਹੇ ਕਾਨੂੰਨ ਸਨ?

      11 ਮੂਸਾ ਦੀ ਬਿਵਸਥਾ ਪਰਮੇਸ਼ੁਰ ਦੇ ਮੁਕੰਮਲ ਇਨਸਾਫ਼ ਦੇ ਆਧਾਰ ਤੇ ਬਣਾਈ ਗਈ ਸੀ। ਇਹ ਬਿਵਸਥਾ ਨਿਆਂ ਦੇ ਮਾਮਲਿਆਂ ਵਿਚ ਬਰਾਬਰੀ ਦੇ ਸਿਧਾਂਤ ਨਾਲ ਹਾਮੀ ਭਰਦੀ ਸੀ। ਇਸ ਕਰਕੇ ਇਸ ਵਿਚ ਲਿਖਿਆ ਸੀ: “ਜਾਨ ਦੇ ਵੱਟੇ ਜਾਨ, ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਹੱਥ ਅਤੇ ਪੈਰ ਦੇ ਵੱਟੇ ਪੈਰ।” (ਬਿਵਸਥਾ ਸਾਰ 19:21) ਜਦੋਂ ਕੋਈ ਅਪਰਾਧ ਕਰਦਾ ਸੀ, ਤਾਂ ਗੁਨਾਹਗਾਰ ਨੂੰ ਉਸ ਦੇ ਗੁਨਾਹ ਦੇ ਬਰਾਬਰ ਦੀ ਸਜ਼ਾ ਦਿੱਤੀ ਜਾਂਦੀ ਸੀ। ਪਰਮੇਸ਼ੁਰ ਦੇ ਇਨਸਾਫ਼ ਦੀ ਇਹ ਖ਼ਾਸੀਅਤ ਸਾਰੀ ਬਿਵਸਥਾ ਵਿਚ ਦੇਖੀ ਜਾਂਦੀ ਹੈ ਅਤੇ ਯਿਸੂ ਮਸੀਹ ਦੇ ਬਲੀਦਾਨ ਨੂੰ ਸਮਝਣ ਵਿਚ ਸਾਡੀ ਮਦਦ ਕਰਦੀ ਹੈ, ਜਿਸ ਬਾਰੇ ਅਸੀਂ ਇਸ ਕਿਤਾਬ ਦੇ ਅਗਲੇ ਅਧਿਆਇ ਵਿਚ ਪੜ੍ਹਾਂਗੇ।—1 ਤਿਮੋਥਿਉਸ 2:5, 6.

      12 ਬਿਵਸਥਾ ਵਿਚ ਅਜਿਹੇ ਕਾਨੂੰਨ ਵੀ ਸਨ ਜੋ ਅਨਿਆਂ ਨੂੰ ਰੋਕਦੇ ਸਨ। ਉਦਾਹਰਣ ਲਈ, ਕਿਸੇ ਇਲਜ਼ਾਮ ਨੂੰ ਸਾਬਤ ਕਰਨ ਲਈ ਘੱਟੋ-ਘੱਟ ਦੋ ਗਵਾਹਾਂ ਦੀ ਲੋੜ ਹੁੰਦੀ ਸੀ। ਝੂਠੀ ਗਵਾਹੀ ਦੇਣ ਦੀ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ। (ਬਿਵਸਥਾ ਸਾਰ 19:15, 18, 19) ਭ੍ਰਿਸ਼ਟਾਚਾਰ ਕਰਨਾ ਤੇ ਵੱਢੀ ਲੈਣੀ ਜਾਂ ਦੇਣੀ ਸਖ਼ਤ ਮਨ੍ਹਾ ਸੀ। (ਕੂਚ 23:8; ਬਿਵਸਥਾ ਸਾਰ 27:25) ਕੰਮ-ਧੰਦਾ ਕਰਦੇ ਹੋਏ ਵੀ ਯਹੋਵਾਹ ਦੇ ਲੋਕਾਂ ਨੂੰ ਉਸ ਦੇ ਇਨਸਾਫ਼ ਦੇ ਉੱਚੇ ਮਿਆਰਾਂ ਦਾ ਧਿਆਨ ਰੱਖਣਾ ਪੈਂਦਾ ਸੀ। (ਲੇਵੀਆਂ 19:35, 36; ਬਿਵਸਥਾ ਸਾਰ 23:19, 20) ਇਸਰਾਏਲ ਵਾਸਤੇ ਇਹ ਸ਼ਾਨਦਾਰ ਤੇ ਨਿਆਂਪੂਰਣ ਬਿਵਸਥਾ ਇਕ ਵੱਡੀ ਬਰਕਤ ਸੀ!

      ਦਇਆ ਤੇ ਇਨਸਾਫ਼ ਨਾਲ ਭਰਪੂਰ ਕਾਨੂੰਨ

      13, 14. ਬਿਵਸਥਾ ਵਿਚ ਚੋਰੀ ਕਰਨ ਵਾਲੇ ਅਤੇ ਚੋਰੀ ਦਾ ਨੁਕਸਾਨ ਸਹਿਣ ਵਾਲੇ ਦਾ ਨਿਆਂ ਕਿਸ ਤਰ੍ਹਾਂ ਕੀਤਾ ਜਾਂਦਾ ਸੀ?

      13 ਕੀ ਮੂਸਾ ਦੀ ਬਿਵਸਥਾ ਬੇਰਹਿਮ ਤੇ ਕਠੋਰ ਕਾਨੂੰਨਾਂ ਦੀ ਬਣੀ ਹੋਈ ਸੀ? ਬਿਲਕੁਲ ਨਹੀਂ! ਦਾਊਦ ਬਾਦਸ਼ਾਹ ਨੇ ਲਿਖਿਆ ਸੀ: “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ।” (ਜ਼ਬੂਰਾਂ ਦੀ ਪੋਥੀ 19:7) ਉਹ ਖ਼ੁਦ ਜਾਣਦਾ ਸੀ ਕਿ ਬਿਵਸਥਾ ਨਿਆਂ ਤੇ ਦਇਆ ਨਾਲ ਭਰਪੂਰ ਸੀ। ਆਓ ਆਪਾਂ ਦੇਖੀਏ ਕਿਸ ਤਰ੍ਹਾਂ।

      14 ਅੱਜ ਕਈਆਂ ਦੇਸ਼ਾਂ ਵਿਚ ਅਪਰਾਧੀ ਨਾਲ ਨਰਮਾਈ ਵਰਤੀ ਜਾਂਦੀ ਹੈ ਜਾਂ ਉਸ ਦੀ ਤਰਫ਼ਦਾਰੀ ਕੀਤੀ ਜਾਂਦੀ ਹੈ, ਜਦ ਕਿ ਬੇਕਸੂਰ ਦੁੱਖ ਝੱਲਦੇ ਰਹਿੰਦੇ ਹਨ। ਉਦਾਹਰਣ ਲਈ: ਚੋਰ ਸ਼ਾਇਦ ਕੈਦ ਵਿਚ ਕੁਝ ਸਮਾਂ ਕੱਟੇ। ਪਰ ਜਿਸ ਦੀ ਚੀਜ਼ ਉਸ ਨੇ ਚੋਰੀ ਕੀਤੀ ਹੈ, ਉਸ ਨੂੰ ਆਪਣਾ ਘਾਟਾ ਜਰਦੇ ਹੋਏ ਟੈਕਸ ਭਰਨੇ ਪੈਂਦੇ ਹਨ। ਇਸ ਟੈਕਸ ਨਾਲ ਉਸ ਕੈਦ ਦਾ ਖ਼ਰਚਾ ਤੋਰਿਆ ਜਾਂਦਾ ਹੈ ਜਿਸ ਵਿਚ ਉਹ ਕੈਦੀ ਰਹਿੰਦਾ ਤੇ ਖਾਂਦਾ-ਪੀਂਦਾ ਹੈ। ਪ੍ਰਾਚੀਨ ਇਸਰਾਏਲ ਵਿਚ ਇਸ ਤਰ੍ਹਾਂ ਦੇ ਕੈਦਖ਼ਾਨੇ ਨਹੀਂ ਹੁੰਦੇ ਸਨ। ਬਿਵਸਥਾ ਵਿਚ ਸਜ਼ਾ ਦੇਣ ਦੀ ਵੀ ਇਕ ਹੱਦ ਸੀ। (ਬਿਵਸਥਾ ਸਾਰ 25:1-3) ਚੋਰ ਨੂੰ ਉਸ ਬੰਦੇ ਦਾ ਘਾਟਾ ਪੂਰਾ ਕਰਨਾ ਪੈਂਦਾ ਸੀ ਜਿਸ ਤੋਂ ਉਸ ਨੇ ਚੋਰੀ ਕੀਤੀ ਹੋਵੇ। ਇਸ ਤੋਂ ਇਲਾਵਾ ਕੀ ਚੋਰ ਨੂੰ ਕੁਝ ਹਰਜਾਨਾ ਵੀ ਭਰਨਾ ਪੈਂਦਾ ਸੀ? ਹਾਂ, ਪਰ ਇਹ ਹਮੇਸ਼ਾ ਇੱਕੋ ਜਿਹਾ ਨਹੀਂ ਹੁੰਦਾ ਸੀ। ਜ਼ਾਹਰ ਹੁੰਦਾ ਹੈ ਕਿ ਸਾਰੀ ਗੱਲ ਸੁਣਨ ਤੋਂ ਬਾਅਦ ਨਿਆਂਕਾਰ ਗੁਨਾਹਗਾਰ ਦੀ ਤੋਬਾ ਵੱਲ ਧਿਆਨ ਦਿੰਦੇ ਹੋਏ ਇਸ ਗੱਲ ਦਾ ਫ਼ੈਸਲਾ ਕਰ ਸਕਦੇ ਸਨ। ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਲੇਵੀਆਂ 6:1-7 ਵਿਚ ਚੋਰ ਨੂੰ ਜੋ ਹਰਜਾਨਾ ਭਰਨਾ ਪਿਆ ਸੀ, ਉਹ ਕੂਚ 22:7 ਵਿਚ ਦੱਸੇ ਗਏ ਹਰਜਾਨੇ ਨਾਲੋਂ ਇੰਨਾ ਘੱਟ ਕਿਉਂ ਸੀ।

      15. ਅਚਾਨਕ ਕਤਲ ਕਰਨ ਵਾਲੇ ਨਾਲ ਬਿਵਸਥਾ ਵਿਚ ਦਇਆ ਤੇ ਇਨਸਾਫ਼ ਕਿਸ ਤਰ੍ਹਾਂ ਕੀਤਾ ਜਾਂਦਾ ਸੀ?

      15 ਬਿਵਸਥਾ ਵਿਚ ਇਸ ਗੱਲ ਨੂੰ ਵੀ ਕਬੂਲ ਕੀਤਾ ਜਾਂਦਾ ਸੀ ਕਿ ਸਾਰੇ ਅਪਰਾਧ ਜਾਣ-ਬੁੱਝ ਕੇ ਨਹੀਂ ਕੀਤੇ ਜਾਂਦੇ ਸਨ। ਉਦਾਹਰਣ ਲਈ ਜੇ ਕਿਸੇ ਆਦਮੀ ਤੋਂ ਕਿਸੇ ਦਾ ਅਚਾਨਕ ਕਤਲ ਹੋ ਜਾਂਦਾ ਸੀ, ਤਾਂ ਉਸ ਨੂੰ ਜਾਨ ਦੇ ਵੱਟੇ ਜਾਨ ਨਹੀਂ ਦੇਣੀ ਪੈਂਦੀ ਸੀ ਜੇਕਰ ਉਹ ਉਸੇ ਵੇਲੇ ਪਨਾਹ ਦੇ ਕਿਸੇ ਨਗਰ ਨੂੰ ਨੱਸ ਜਾਵੇ। ਅਜਿਹੇ ਨਗਰ ਇਸਰਾਏਲ ਵਿਚ ਥਾਂ-ਥਾਂ ਤੇ ਸਨ। ਚੁਣੇ ਹੋਏ ਨਿਆਂਕਾਰ ਉਸ ਦੇ ਕੇਸ ਨੂੰ ਸੁਣਦੇ ਸਨ ਅਤੇ ਉਸ ਅਪਰਾਧੀ ਨੂੰ ਪ੍ਰਧਾਨ ਜਾਜਕ ਦੀ ਮੌਤ ਤਕ ਪਨਾਹ ਦੇ ਉਸ ਨਗਰ ਵਿਚ ਰਹਿਣਾ ਪੈਂਦਾ ਸੀ। ਉਸ ਤੋਂ ਬਾਅਦ ਉਹ ਜਿੱਥੇ ਮਰਜ਼ੀ ਜਾ ਕੇ ਰਹਿ ਸਕਦਾ ਸੀ। ਇਸ ਤਰ੍ਹਾਂ ਉਸ ਨੂੰ ਪਰਮੇਸ਼ੁਰ ਦੀ ਦਇਆ ਤੋਂ ਲਾਭ ਹੁੰਦਾ ਸੀ। ਇਸ ਲਾਭ ਦੇ ਨਾਲ-ਨਾਲ ਇਹ ਕਾਨੂੰਨ ਇਨਸਾਨੀ ਜਾਨ ਦੀ ਅਹਿਮੀਅਤ ਤੇ ਵੀ ਜ਼ੋਰ ਦਿੰਦਾ ਸੀ।—ਗਿਣਤੀ 15:30, 31; 35:12-25.

      16. ਬਿਵਸਥਾ ਕੁਝ ਨਿੱਜੀ ਹੱਕਾਂ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਦੀ ਸੀ?

      16 ਬਿਵਸਥਾ ਨਿੱਜੀ ਹੱਕਾਂ ਨੂੰ ਵੀ ਬਚਾ ਕੇ ਰੱਖਦੀ ਸੀ। ਜ਼ਰਾ ਗੌਰ ਕਰੋ ਕਿ ਉਸ ਵਿਚ ਕਰਜ਼ਾਈਆਂ ਦੀ ਕਿਸ ਤਰ੍ਹਾਂ ਮਦਦ ਕੀਤੀ ਜਾਂਦੀ ਸੀ। ਬਿਵਸਥਾ ਵਿਚ ਹੁਕਮ ਸੀ ਕਿ ਕੋਈ ਜਣਾ ਗਿਰਵੀ ਚੀਜ਼ ਲੈਣ ਵਾਸਤੇ ਕਰਜ਼ਾਈ ਦੇ ਘਰ ਦਾਖ਼ਲ ਨਹੀਂ ਹੋ ਸਕਦਾ ਸੀ। ਇਸ ਦੀ ਬਜਾਇ ਲੈਣਦਾਰ ਨੂੰ ਬਾਹਰ ਖੜ੍ਹੇ ਰਹਿਣਾ ਪੈਂਦਾ ਸੀ ਅਤੇ ਕਰਜ਼ਾਈ ਆਪ ਅੰਦਰੋਂ ਚੀਜ਼ ਲਿਆਉਂਦਾ ਸੀ। ਇਸ ਤਰ੍ਹਾਂ ਲੈਣਦਾਰ ਕਰਜ਼ਾਈ ਦੇ ਨਿੱਜੀ ਹੱਕਾਂ ਤੇ ਡਾਕਾ ਨਹੀਂ ਮਾਰ ਸਕਦਾ ਸੀ। ਜੇਕਰ ਲੈਣਦਾਰ ਨੇ ਗਿਰਵੀ ਚੀਜ਼ ਵਜੋਂ ਕਰਜ਼ਾਈ ਦੇ ਗਰਮ ਕੱਪੜੇ ਲਏ ਹੋਣ, ਤਾਂ ਰਾਤ ਪੈਣ ਤੋਂ ਪਹਿਲਾਂ ਉਸ ਨੂੰ ਉਹ ਵਾਪਸ ਕਰਨੇ ਪੈਂਦੇ ਸਨ ਕਿਉਂਕਿ ਉਨ੍ਹਾਂ ਤੋਂ ਬਿਨਾਂ ਕਰਜ਼ਾਈ ਨੇ ਰਾਤ ਭਰ ਠਰਦਾ ਰਹਿਣਾ ਸੀ।—ਬਿਵਸਥਾ ਸਾਰ 24:10-14.

      17, 18. ਜੰਗ ਦੇ ਮਾਮਲੇ ਵਿਚ ਇਸਰਾਏਲੀ ਦੂਸਰੀਆਂ ਕੌਮਾਂ ਵਰਗੇ ਕਿਸ ਤਰ੍ਹਾਂ ਨਹੀਂ ਸਨ ਅਤੇ ਕਿਉਂ?

      17 ਬਿਵਸਥਾ ਵਿਚ ਜੰਗਾਂ ਲਈ ਵੀ ਕਾਨੂੰਨ ਦਿੱਤੇ ਗਏ ਸਨ। ਪਰਮੇਸ਼ੁਰ ਦੇ ਲੋਕ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਜੰਗ ਨਹੀਂ ਲੜਦੇ ਸਨ, ਪਰ ਉਹ ਯਹੋਵਾਹ ਲਈ ਉਸ ਦੇ ਜੰਗ ਲੜਦੇ ਸਨ। (ਗਿਣਤੀ 21:14) ਕਈ ਵਾਰ ਇਸਰਾਏਲੀਆਂ ਨੂੰ ਜੰਗ ਕਰਨ ਤੋਂ ਪਹਿਲਾਂ ਆਪਣੇ ਦੁਸ਼ਮਣਾਂ ਦੇ ਅੱਗੇ ਸੁਲ੍ਹਾ ਕਰਨ ਦੀਆਂ ਸ਼ਰਤਾਂ ਰੱਖਣੀਆਂ ਪੈਂਦੀਆਂ ਸਨ। ਜੇ ਉਹ ਸ਼ਹਿਰ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰ ਦੇਵੇ, ਤਾਂ ਇਸਰਾਏਲੀ ਘੇਰਾਬੰਦੀ ਕਰ ਸਕਦੇ ਸਨ, ਪਰ ਸਿਰਫ਼ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ। ਇਸਰਾਏਲ ਦੀ ਫ਼ੌਜ ਦੇ ਆਦਮੀ ਬਾਕੀ ਫ਼ੌਜੀਆਂ ਵਰਗੇ ਨਹੀਂ ਸਨ। ਇਤਿਹਾਸ ਗਵਾਹ ਹੈ ਕਿ ਦੂਸਰੀਆਂ ਕੌਮਾਂ ਦੇ ਫ਼ੌਜੀ ਜੰਗ ਵਿਚ ਔਰਤਾਂ ਦਾ ਬਲਾਤਕਾਰ ਜਾਂ ਅੰਨ੍ਹੇਵਾਹ ਕਤਲਾਮ ਕਰਦੇ ਸਨ। ਇਸਰਾਏਲੀਆਂ ਲਈ ਜ਼ਰੂਰੀ ਸੀ ਕਿ ਉਹ ਵਾਤਾਵਰਣ ਦੀ ਵੀ ਦੇਖ-ਭਾਲ ਕਰਨ ਅਤੇ ਆਪਣੇ ਦੁਸ਼ਮਣ ਦੇ ਦਰਖ਼ਤ ਨਾ ਕੱਟਣ।d ਹੋਰਨਾਂ ਫ਼ੌਜਾਂ ਉੱਤੇ ਅਜਿਹੀਆਂ ਪਾਬੰਦੀਆਂ ਨਹੀਂ ਸਨ।—ਬਿਵਸਥਾ ਸਾਰ 20:10-15, 19, 20; 21:10-13.

      18 ਜਦ ਤੁਸੀਂ ਸੁਣਦੇ ਹੋ ਕਿ ਕੁਝ ਦੇਸ਼ਾਂ ਵਿਚ ਬੱਚਿਆਂ ਨੂੰ ਫ਼ੌਜੀ ਬਣਾਇਆ ਜਾ ਰਿਹਾ ਹੈ, ਤਾਂ ਇਹ ਸੁਣ ਕੇ ਕੀ ਤੁਹਾਡਾ ਕਲੇਜਾ ਫੱਟ ਨਹੀਂ ਜਾਂਦਾ? ਪ੍ਰਾਚੀਨ ਇਸਰਾਏਲ ਵਿਚ 20 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਨੂੰ ਫ਼ੌਜ ਵਿਚ ਭਰਤੀ ਨਹੀਂ ਕੀਤਾ ਜਾਂਦਾ ਸੀ। (ਗਿਣਤੀ 1:2, 3) ਜੇ 20 ਸਾਲ ਤੋਂ ਜ਼ਿਆਦਾ ਉਮਰ ਵਾਲੇ ਕਿਸੇ ਆਦਮੀ ਨੂੰ ਜੰਗ ਵਿਚ ਜਾਣ ਤੋਂ ਬਹੁਤ ਡਰ ਲੱਗਦਾ ਸੀ, ਤਾਂ ਉਸ ਨੂੰ ਵੀ ਜੰਗ ਵਿਚ ਜਾਣ ਤੋਂ ਮੁਕਤ ਕਰ ਦਿੱਤਾ ਜਾਂਦਾ ਸੀ। ਜੇ ਕਿਸੇ ਦੀ ਨਵੀਂ-ਨਵੀਂ ਸ਼ਾਦੀ ਹੋਈ ਹੁੰਦੀ ਸੀ, ਤਾਂ ਉਹ ਇਸ ਖ਼ਤਰਨਾਕ ਸੇਵਾ ਵਿਚ ਜਾਣ ਤੋਂ ਇਕ ਸਾਲ ਲਈ ਮੁਕਤ ਹੁੰਦਾ ਸੀ, ਤਾਂਕਿ ਉਹ ਆਪਣੇ ਘਰ ਔਲਾਦ ਪੈਦਾ ਹੁੰਦੀ ਦੇਖ ਸਕੇ। ਬਿਵਸਥਾ ਵਿਚ ਲਿਖਿਆ ਸੀ ਕਿ ਇਸ ਤਰ੍ਹਾਂ ਉਹ ਜਵਾਨ ਪਤੀ ਆਪਣੀ ਨਵੀਂ ਪਤਨੀ ਨੂੰ “ਖੁਸ਼” ਕਰ ਸਕੇਗਾ।—ਬਿਵਸਥਾ ਸਾਰ 20:5, 6, 8; 24:5.

      19. ਬਿਵਸਥਾ ਵਿਚ ਔਰਤਾਂ, ਬੱਚਿਆਂ, ਪਰਿਵਾਰਾਂ, ਵਿਧਵਾਵਾਂ ਤੇ ਯਤੀਮਾਂ ਦੀ ਦੇਖ-ਭਾਲ ਕਰਨ ਲਈ ਕੀ ਪ੍ਰਬੰਧ ਕੀਤੇ ਗਏ ਸਨ?

      19 ਬਿਵਸਥਾ ਵਿਚ ਔਰਤਾਂ, ਬੱਚਿਆਂ ਅਤੇ ਪਰਿਵਾਰਾਂ ਦੀ ਦੇਖ-ਭਾਲ ਕਰਨ ਦੇ ਪ੍ਰਬੰਧ ਵੀ ਕੀਤੇ ਗਏ ਸਨ। ਉਸ ਵਿਚ ਮਾਪਿਆਂ ਨੂੰ ਹੁਕਮ ਦਿੱਤੇ ਗਏ ਸਨ ਕਿ ਉਹ ਆਪਣੇ ਬੱਚਿਆਂ ਦੀ ਹਮੇਸ਼ਾ ਦੇਖ-ਭਾਲ ਕਰਨ ਅਤੇ ਉਨ੍ਹਾਂ ਨੂੰ ਧਰਮ ਦੀਆਂ ਗੱਲਾਂ ਸਿਖਾਉਣ। (ਬਿਵਸਥਾ ਸਾਰ 6:6, 7) ਉਸ ਵਿਚ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਜਿਨਸੀ ਸੰਬੰਧ ਕਾਇਮ ਕਰਨੇ ਮਨ੍ਹਾ ਸਨ ਅਤੇ ਇਹ ਮੌਤ ਦੀ ਸਜ਼ਾ ਯੋਗ ਸਨ। (ਲੇਵੀਆਂ ਦਾ 18ਵਾਂ ਅਧਿਆਇ) ਉਸ ਵਿਚ ਵਿਭਚਾਰ ਵੀ ਮਨ੍ਹਾ ਸੀ ਕਿਉਂਕਿ ਇਸ ਨਾਲ ਪਰਿਵਾਰ ਬਰਬਾਦ ਹੋ ਜਾਂਦੇ ਹਨ ਅਤੇ ਉਸ ਦੇ ਮੈਂਬਰਾਂ ਦਾ ਸੁੱਖ ਭੰਗ ਹੋ ਜਾਂਦਾ ਹੈ ਤੇ ਇੱਜ਼ਤ ਮਿੱਟੀ ਵਿਚ ਮਿਲ ਜਾਂਦੀ ਹੈ। ਬਿਵਸਥਾ ਵਿਚ ਵਿਧਵਾਵਾਂ ਅਤੇ ਯਤੀਮਾਂ ਲਈ ਵੀ ਪ੍ਰਬੰਧ ਕੀਤੇ ਗਏ ਸਨ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਸੀ।—ਕੂਚ 20:14; 22:22-24.

      20, 21. (ੳ) ਬਿਵਸਥਾ ਵਿਚ ਇਸਰਾਏਲੀਆਂ ਨੂੰ ਇਕ ਤੋਂ ਜ਼ਿਆਦਾ ਤੀਵੀਆਂ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਸੀ? (ਅ) ਤਲਾਕ ਦੇ ਮਾਮਲੇ ਬਾਰੇ ਯਿਸੂ ਦੀ ਸਿੱਖਿਆ ਅਤੇ ਬਿਵਸਥਾ ਵਿਚ ਫ਼ਰਕ ਕਿਉਂ ਸੀ?

      20 ਪਰ ਤੀਵੀਆਂ ਦੀ ਗੱਲ ਕਰਦੇ ਹੋਏ ਕੋਈ ਸ਼ਾਇਦ ਪੁੱਛੇ ਕਿ ‘ਬਿਵਸਥਾ ਵਿਚ ਇਕ ਤੋਂ ਜ਼ਿਆਦਾ ਤੀਵੀਆਂ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਸੀ?’ (ਬਿਵਸਥਾ ਸਾਰ 21:15-17) ਸਾਨੂੰ ਅਜਿਹਿਆਂ ਕਾਨੂੰਨਾਂ ਬਾਰੇ ਉਨ੍ਹਾਂ ਦੇ ਜ਼ਮਾਨੇ ਦੇ ਲਿਹਾਜ਼ ਨਾਲ ਸੋਚਣਾ ਚਾਹੀਦਾ ਹੈ। ਜੋ ਲੋਕ ਮੂਸਾ ਦੀ ਬਿਵਸਥਾ ਦੀ ਜਾਂਚ ਸਾਡੇ ਸਮੇਂ ਅਤੇ ਸਭਿਆਚਾਰ ਅਨੁਸਾਰ ਕਰਦੇ ਹਨ, ਉਹ ਇਸ ਨੂੰ ਬਿਲਕੁਲ ਨਹੀਂ ਸਮਝ ਸਕਦੇ। (ਕਹਾਉਤਾਂ 18:13) ਅਦਨ ਦੇ ਬਾਗ਼ ਵਿਚ ਯਹੋਵਾਹ ਨੇ ਵਿਆਹ-ਸ਼ਾਦੀ ਲਈ ਉੱਚੇ ਮਿਆਰ ਕਾਇਮ ਕੀਤੇ ਸਨ ਕਿ ਇਕ ਆਦਮੀ ਸਿਰਫ਼ ਇੱਕੋ ਤੀਵੀਂ ਨਾਲ ਵਿਆਹ ਕਰਾਏਗਾ। (ਉਤਪਤ 2:18, 20-24) ਪਰ ਜਦ ਤਕ ਯਹੋਵਾਹ ਨੇ ਇਸਰਾਏਲ ਨੂੰ ਬਿਵਸਥਾ ਦਿੱਤੀ, ਉਦੋਂ ਤਕ ਇਕ ਤੋਂ ਜ਼ਿਆਦਾ ਤੀਵੀਆਂ ਰੱਖਣੀਆਂ ਸਦੀਆਂ ਤੋਂ ਆਮ ਗੱਲ ਹੋ ਗਈ ਸੀ। ਯਹੋਵਾਹ ਜਾਣਦਾ ਸੀ ਕਿ ਉਹ ‘ਹਠੀ ਲੋਕ’ ਅਕਸਰ ਮੂਰਤੀ ਪੂਜਾ ਵਗੈਰਾ ਵਰਗੇ ਉਸ ਦੇ ਬੁਨਿਆਦੀ ਕਾਨੂੰਨ ਵੀ ਨਹੀਂ ਮੰਨਦੇ ਸਨ। (ਕੂਚ 32:9) ਇਸ ਲਈ, ਉਸ ਨੇ ਉਸ ਸਮੇਂ ਵਿਆਹ ਦੇ ਇਸ ਮਾਮਲੇ ਨੂੰ ਸੁਲਝਾਉਣ ਦਾ ਵੇਲਾ ਠੀਕ ਨਾ ਸਮਝਿਆ। ਪਰ ਇਹ ਗੱਲ ਯਾਦ ਰੱਖੋ ਕਿ ਯਹੋਵਾਹ ਨੇ ਇਕ ਤੋਂ ਵੱਧ ਤੀਵੀਆਂ ਨਾਲ ਵਿਆਹ ਕਰਾਉਣ ਦਾ ਰਿਵਾਜ ਸ਼ੁਰੂ ਨਹੀਂ ਕੀਤਾ ਸੀ। ਪਰ ਮੂਸਾ ਦੀ ਬਿਵਸਥਾ ਦੇ ਜ਼ਰੀਏ ਉਸ ਨੇ ਇਸ ਤੇ ਪਾਬੰਦੀਆਂ ਜ਼ਰੂਰ ਲਾਈਆਂ ਸਨ ਅਤੇ ਇਸ ਦੀ ਕੁਵਰਤੋਂ ਰੋਕੀ ਸੀ।

      21 ਇਸੇ ਤਰ੍ਹਾਂ ਮੂਸਾ ਦੀ ਬਿਵਸਥਾ ਵਿਚ ਇਕ ਆਦਮੀ ਨੂੰ ਕਿਸੇ ਛੋਟੀ-ਮੋਟੀ ਗੱਲ ਤੇ ਆਪਣੀ ਪਤਨੀ ਨੂੰ ਤਲਾਕ ਦੇਣ ਦੀ ਇਜਾਜ਼ਤ ਸੀ। (ਬਿਵਸਥਾ ਸਾਰ 24:1-4) ਯਿਸੂ ਨੇ ਇਹ ਕਿਹਾ ਸੀ ਕਿ ਯਹੂਦੀਆਂ ਦੀ “ਸਖ਼ਤ ਦਿਲੀ ਕਰਕੇ” ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸ ਦੀ ਪ੍ਰਵਾਨਗੀ ਦਿੱਤੀ ਸੀ। ਪਰ ਇਹ ਹਮੇਸ਼ਾ ਲਈ ਨਹੀਂ ਸੀ। ਯਿਸੂ ਨੇ ਆਪਣੇ ਚੇਲਿਆਂ ਲਈ ਵਿਆਹ ਸੰਬੰਧੀ ਯਹੋਵਾਹ ਦੇ ਮੁਢਲੇ ਮਿਆਰ ਨੂੰ ਦੁਬਾਰਾ ਸਥਾਪਿਤ ਕੀਤਾ ਸੀ।—ਮੱਤੀ 19:8.

      ਬਿਵਸਥਾ ਪਿਆਰ ਕਰਨਾ ਸਿਖਾਉਂਦੀ ਸੀ

      22. ਮੂਸਾ ਦੀ ਬਿਵਸਥਾ ਵਿਚ ਪਿਆਰ ਕਰਨਾ ਕਿਸ ਤਰ੍ਹਾਂ ਸਿਖਾਇਆ ਗਿਆ ਸੀ ਅਤੇ ਕਿਸ-ਕਿਸ ਨਾਲ?

      22 ਕੀ ਤੁਸੀਂ ਕਿਸੇ ਅਜਿਹੇ ਆਧੁਨਿਕ ਕਾਨੂੰਨੀ ਪ੍ਰਬੰਧ ਬਾਰੇ ਸੋਚ ਸਕਦੇ ਹੋ ਜਿਸ ਵਿਚ ਪਿਆਰ ਕਰਨਾ ਸਿਖਾਇਆ ਜਾਂਦਾ ਹੈ? ਮੂਸਾ ਦੀ ਬਿਵਸਥਾ ਵਿਚ ਪਿਆਰ ਕਰਨਾ ਸਭ ਤੋਂ ਵੱਡੀ ਗੱਲ ਮੰਨੀ ਜਾਂਦੀ ਸੀ। ਬਾਈਬਲ ਦੀ ਬਿਵਸਥਾ ਸਾਰ ਨਾਮਕ ਪੋਥੀ ਵਿਚ 20 ਤੋਂ ਜ਼ਿਆਦਾ ਵਾਰ “ਪਿਆਰ, ਪ੍ਰੀਤ, ਪ੍ਰੇਮ” ਵਰਗੇ ਸ਼ਬਦ ਹਨ। ਬਿਵਸਥਾ ਵਿਚ ਦੂਜਾ ਵੱਡਾ ਹੁਕਮ ਇਹ ਸੀ: “ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ।” (ਲੇਵੀਆਂ 19:18; ਮੱਤੀ 22:37-40) ਪਰਮੇਸ਼ੁਰ ਦੇ ਲੋਕਾਂ ਨੇ ਅਜਿਹਾ ਪਿਆਰ ਸਿਰਫ਼ ਆਪਸ ਵਿਚ ਹੀ ਨਹੀਂ ਕਰਨਾ ਸੀ, ਪਰ ਉਨ੍ਹਾਂ ਪਰਦੇਸੀਆਂ ਨਾਲ ਵੀ ਕਰਨਾ ਸੀ ਜੋ ਉਨ੍ਹਾਂ ਦੇ ਦੇਸ਼ ਵਿਚ ਰਹਿੰਦੇ ਸਨ ਕਿਉਂਕਿ ਇਸਰਾਏਲੀ ਵੀ ਕਦੇ ਕਿਸੇ ਹੋਰ ਦੇ ਦੇਸ਼ ਵਿਚ ਪਰਦੇਸੀ ਸਨ। ਉਨ੍ਹਾਂ ਨੇ ਗ਼ਰੀਬ ਅਤੇ ਲਤਾੜੇ ਹੋਇਆਂ ਨਾਲ ਵੀ ਪਿਆਰ ਕਰਨਾ ਸੀ। ਉਨ੍ਹਾਂ ਦੀ ਮਾਲੀ ਤੌਰ ਤੇ ਮਦਦ ਕਰਨੀ ਸੀ ਅਤੇ ਉਨ੍ਹਾਂ ਦੀਆਂ ਤੰਗੀਆਂ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਉਣਾ ਸੀ। ਉਨ੍ਹਾਂ ਨੂੰ ਤਾਂ ਇਹ ਵੀ ਹੁਕਮ ਦਿੱਤਾ ਗਿਆ ਸੀ ਕਿ ਉਹ ਡੰਗਰਾਂ ਦੀ ਦੇਖ-ਭਾਲ ਕਰਨ ਅਤੇ ਉਨ੍ਹਾਂ ਤੇ ਜ਼ੁਲਮ ਨਾ ਕਰਨ।—ਕੂਚ 23:6; ਲੇਵੀਆਂ 19:14, 33, 34; ਬਿਵਸਥਾ ਸਾਰ 22:4, 10; 24:17, 18.

      23. ਇਕ ਸੌ ਉੱਨੀਵੇਂ ਜ਼ਬੂਰ ਦਾ ਲਿਖਾਰੀ ਕੀ ਕਰਨ ਲਈ ਉਤੇਜਿਤ ਹੋਇਆ ਸੀ ਅਤੇ ਅਸੀਂ ਕੀ ਕਰਨ ਦਾ ਇਰਾਦਾ ਕਰ ਸਕਦੇ ਹਾਂ?

      23 ਹੋਰ ਕਿਹੜੀ ਕੌਮ ਨੂੰ ਅਜਿਹੇ ਵਧੀਆ ਕਾਨੂੰਨ ਦਿੱਤੇ ਗਏ ਹਨ? ਇਸੇ ਕਰਕੇ ਜ਼ਬੂਰਾਂ ਦਾ ਲਿਖਾਰੀ ਕਹਿ ਸਕਦਾ ਸੀ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ।” ਪਰ ਉਸ ਦਾ ਪਿਆਰ ਇਕ ਜਜ਼ਬਾ ਹੀ ਨਹੀਂ ਸੀ। ਉਸ ਦੇ ਪਿਆਰ ਨੇ ਉਸ ਨੂੰ ਆਗਿਆਕਾਰ ਬਣਨਾ ਅਤੇ ਉਸ ਬਿਵਸਥਾ ਉੱਤੇ ਅਮਲ ਕਰਨਾ ਸਿਖਾਇਆ ਸੀ। ਉਸ ਨੇ ਅੱਗੇ ਕਿਹਾ: “ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!” (ਜ਼ਬੂਰਾਂ ਦੀ ਪੋਥੀ 119:11, 97) ਜੀ ਹਾਂ, ਉਹ ਯਹੋਵਾਹ ਦੇ ਕਾਨੂੰਨਾਂ ਦੀ ਪੜ੍ਹਾਈ ਕਰਨ ਵਿਚ ਬਾਕਾਇਦਾ ਸਮਾਂ ਗੁਜ਼ਾਰਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਕਾਨੂੰਨਾਂ ਲਈ ਉਸ ਦਾ ਪਿਆਰ ਵਧਦਾ ਗਿਆ। ਇਸ ਦੇ ਨਾਲ-ਨਾਲ ਇਨ੍ਹਾਂ ਕਾਨੂੰਨਾਂ ਦੇ ਦਾਤੇ, ਯਹੋਵਾਹ ਪਰਮੇਸ਼ੁਰ ਲਈ ਵੀ ਉਸ ਦਾ ਪਿਆਰ ਵਧਦਾ ਗਿਆ। ਪਰਮੇਸ਼ੁਰ ਦੇ ਕਾਨੂੰਨਾਂ ਦੀ ਪੜ੍ਹਾਈ ਕਰਦੇ ਰਹਿਣ ਨਾਲ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਕਾਨੂੰਨਾਂ ਦੇ ਜਨਮਦਾਤੇ ਤੇ ਇਨਸਾਫ਼ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਦੇ ਹੋਰ ਤੋਂ ਹੋਰ ਨੇੜੇ ਹੋਵੋਗੇ।

      a ਮਿਸਾਲ ਲਈ ਬਿਵਸਥਾ ਵਿਚ ਕਾਨੂੰਨ ਸਨ ਕਿ ਟੱਟੀ ਬੈਠਣ ਤੋਂ ਬਾਅਦ ਉਸ ਨੂੰ ਦੱਬਿਆ ਜਾਵੇ, ਬੀਮਾਰਾਂ ਨੂੰ ਹੋਰਨਾਂ ਤੋਂ ਜੁਦਾ ਰੱਖਿਆ ਜਾਵੇ ਅਤੇ ਜੇ ਕਿਸੇ ਨੇ ਲਾਸ਼ ਨੂੰ ਹੱਥ ਲਾਇਆ ਹੋਵੇ, ਤਾਂ ਉਸ ਲਈ ਨਹਾਉਣਾ ਜ਼ਰੂਰੀ ਹੁੰਦਾ ਸੀ। ਇਸ ਤਰ੍ਹਾਂ ਦੀਆਂ ਗੱਲਾਂ ਦੀ ਜ਼ਰੂਰਤ ਸਦੀਆਂ ਬਾਅਦ ਸਮਝੀ ਗਈ ਸੀ।—ਲੇਵੀਆਂ 13:4-8; ਗਿਣਤੀ 19:11-13, 17-19; ਬਿਵਸਥਾ ਸਾਰ 23:13, 14.

      b ਕਨਾਨੀ ਮੰਦਰਾਂ ਵਿਚ ਵੇਸਵਾਵਾਂ ਲਈ ਕਮਰੇ ਹੁੰਦੇ ਸਨ, ਪਰ ਮੂਸਾ ਦੀ ਬਿਵਸਥਾ ਨੇ ਕਿਸੇ ਅਪਵਿੱਤਰ ਵਿਅਕਤੀ ਨੂੰ ਹੈਕਲ ਦੇ ਅੰਦਰ ਆਉਣ ਤੋਂ ਵੀ ਮਨ੍ਹਾ ਕੀਤਾ ਸੀ। ਜਿਨਸੀ ਸੰਬੰਧ ਕਿਸੇ ਨੂੰ ਕੁਝ ਸਮੇਂ ਲਈ ਅਪਵਿੱਤਰ ਕਰ ਦਿੰਦੇ ਸਨ, ਇਸ ਕਰਕੇ ਕੋਈ ਵੀ ਇਨਸਾਨ ਜਿਨਸੀ ਸੰਬੰਧਾਂ ਨੂੰ ਯਹੋਵਾਹ ਦੇ ਭਵਨ ਵਿਚ ਕੀਤੀ ਗਈ ਭਗਤੀ ਦਾ ਹਿੱਸਾ ਨਹੀਂ ਬਣਾ ਸਕਦਾ ਸੀ।

      c ਮੂਸਾ ਦੀ ਬਿਵਸਥਾ ਦਾ ਮੁੱਖ ਉਦੇਸ਼ ਸਿੱਖਿਆ ਦੇਣੀ ਸੀ। ਦਰਅਸਲ ਇਕ ਕੋਸ਼ ਵਿਚ ਨੋਟ ਕੀਤਾ ਗਿਆ ਹੈ ਕਿ ਇਬਰਾਨੀ ਸ਼ਬਦ ਤੋਹਰਾਹ ਜਿਸ ਦਾ ਤਰਜਮਾ “ਬਿਵਸਥਾ” ਕੀਤਾ ਗਿਆ ਹੈ, ਦਾ ਮਤਲਬ “ਸਿੱਖਿਆ ਦੇਣੀ” ਹੈ।

      d ਬਿਵਸਥਾ ਵਿਚ ਸਾਫ਼-ਸਾਫ਼ ਪੁੱਛਿਆ ਗਿਆ ਹੈ: “ਭਲਾ, ਖੇਤ ਦਾ ਬਿਰਛ ਆਦਮੀ ਜਿਹਾ ਹੈ ਕਿ ਉਹ ਤੁਹਾਡੇ ਅੱਗੇ ਘੇਰਿਆ ਜਾਵੇ?” (ਬਿਵਸਥਾ ਸਾਰ 20:19) ਪਹਿਲੀ ਸਦੀ ਦੇ ਇਕ ਯਹੂਦੀ ਵਿਦਵਾਨ ਨੇ ਇਸ ਕਾਨੂੰਨ ਦਾ ਜ਼ਿਕਰ ਕਰ ਕੇ ਸਮਝਾਇਆ ਕਿ ਪਰਮੇਸ਼ੁਰ ਵਾਸਤੇ ਇਹ “ਅਨਿਆਂ ਹੈ ਕਿ ਜੋ ਗੁੱਸਾ ਆਦਮੀ ਉੱਤੇ ਕੱਢਿਆ ਜਾਣਾ ਚਾਹੀਦਾ ਹੈ, ਉਹ ਬੇਕਸੂਰ ਚੀਜ਼ਾਂ ਉੱਤੇ ਕੱਢਿਆ ਜਾਵੇ।”

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • ਲੇਵੀਆਂ 19:9, 10; ਬਿਵਸਥਾ ਸਾਰ 24:19 ਤੁਹਾਡਾ ਉਸ ਪਰਮੇਸ਼ੁਰ ਬਾਰੇ ਕੀ ਖ਼ਿਆਲ ਹੈ ਜਿਸ ਨੇ ਅਜਿਹੇ ਕਾਨੂੰਨ ਬਣਾਏ ਹਨ?

      • ਜ਼ਬੂਰਾਂ ਦੀ ਪੋਥੀ 19:7-14 “ਯਹੋਵਾਹ ਦੀ ਬਿਵਸਥਾ” ਬਾਰੇ ਦਾਊਦ ਦਾ ਕੀ ਖ਼ਿਆਲ ਸੀ ਅਤੇ ਸਾਨੂੰ ਯਹੋਵਾਹ ਦੇ ਹੁਕਮਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ?

      • ਮੀਕਾਹ 6:6-8 ਇਸ ਹਵਾਲੇ ਤੋਂ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਕਾਨੂੰਨ ਸਾਡੇ ਲਈ ਬੋਝ ਨਹੀਂ ਹਨ?

      • ਮੱਤੀ 23:23-39 ਇਸ ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਫ਼ਰੀਸੀਆਂ ਨੇ ਬਿਵਸਥਾ ਦੀ ਅਸਲੀ ਗੱਲ ਨਹੀਂ ਸਮਝੀ ਸੀ ਅਤੇ ਇਸ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਹੈ?

  • ਯਹੋਵਾਹ ਨੇ ‘ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਿਆ’ ਹੈ
    ਯਹੋਵਾਹ ਦੇ ਨੇੜੇ ਰਹੋ
    • ਪਰਮੇਸ਼ੁਰ ਦੇ ਇਨਸਾਫ਼ ਦੀ ਤੱਕੜੀ ਦੇ ਪਲੜੇ ਨੂੰ ਬਰਾਬਰ ਕਰਨ ਲਈ ਯਿਸੂ ਆਪਣੀ ਮਰਜ਼ੀ ਨਾਲ ਆਪਣੀ ਜਾਨ ਦੀ ਕੁਰਬਾਨੀ ਦੇ ਰਿਹਾ ਹੈ

      ਚੌਦ੍ਹਵਾਂ ਅਧਿਆਇ

      ਯਹੋਵਾਹ ਨੇ ‘ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਿਆ’ ਹੈ

      1, 2. ਬਾਈਬਲ ਵਿਚ ਇਨਸਾਨਜਾਤ ਦੀ ਦਸ਼ਾ ਬਾਰੇ ਕੀ ਲਿਖਿਆ ਗਿਆ ਹੈ ਅਤੇ ਇਸ ਦਸ਼ਾ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ?

      “ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।” (ਰੋਮੀਆਂ 8:22) ਇਨ੍ਹਾਂ ਸ਼ਬਦਾਂ ਨਾਲ ਪੌਲੁਸ ਰਸੂਲ ਨੇ ਸਾਡੀ ਦਰਦਨਾਕ ਦਸ਼ਾ ਬਾਰੇ ਦੱਸਿਆ ਸੀ। ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਦੁੱਖ-ਦਰਦ, ਪਾਪ ਤੇ ਮੌਤ ਤੋਂ ਕੋਈ ਛੁਟਕਾਰਾ ਨਜ਼ਰ ਨਹੀਂ ਆਉਂਦਾ। ਪਰ ਯਹੋਵਾਹ ਇਨਸਾਨਾਂ ਵਾਂਗ ਕਮਜ਼ੋਰ ਨਹੀਂ ਹੈ। (ਗਿਣਤੀ 23:19) ਇਨਸਾਫ਼ ਦੇ ਪਰਮੇਸ਼ੁਰ ਨੇ ਸਾਨੂੰ ਦੁੱਖਾਂ ਤੋਂ ਬਚਾਉਣ ਲਈ ਨਿਸਤਾਰੇ ਦਾ ਮੁੱਲ ਭਰਨ ਦਾ ਪ੍ਰਬੰਧ ਕੀਤਾ ਹੈ।

      2 ਇਹ ਪ੍ਰਬੰਧ ਇਨਸਾਨਾਂ ਲਈ ਯਹੋਵਾਹ ਦੀ ਸਭ ਤੋਂ ਵੱਡੀ ਦਾਤ ਹੈ। ਇਸ ਦੇ ਜ਼ਰੀਏ ਸਾਨੂੰ ਪਾਪ ਤੇ ਮੌਤ ਤੋਂ ਨਿਸਤਾਰਾ ਮਿਲ ਸਕਦਾ ਹੈ। (ਅਫ਼ਸੀਆਂ 1:7) ਇਸ ਦੇ ਆਧਾਰ ਤੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਹੈ, ਭਾਵੇਂ ਉਹ ਸਵਰਗ ਵਿਚ ਹੋਵੇ ਜਾਂ ਫਿਰਦੌਸ ਵਰਗੀ ਧਰਤੀ ਤੇ। (ਯੂਹੰਨਾ 3:16; 1 ਪਤਰਸ 1:4) ਪਰ ਨਿਸਤਾਰੇ ਦਾ ਇਹ ਮੁੱਲ ਹੈ ਕੀ? ਇਸ ਤੋਂ ਅਸੀਂ ਯਹੋਵਾਹ ਦੇ ਵਧੀਆ ਇਨਸਾਫ਼ ਬਾਰੇ ਕੀ ਸਿੱਖਦੇ ਹਾਂ?

      ਨਿਸਤਾਰੇ ਦਾ ਮੁੱਲ ਭਰਨ ਦੀ ਜ਼ਰੂਰਤ ਕਿਉਂ ਪਈ?

      3. (ੳ) ਇਨਸਾਨਾਂ ਨੂੰ ਪਾਪ ਤੋਂ ਰਿਹਾ ਕਰਾਉਣ ਦੀ ਲੋੜ ਕਿਉਂ ਪਈ ਸੀ? (ਅ) ਆਦਮ ਦੀ ਔਲਾਦ ਵਾਸਤੇ ਪਰਮੇਸ਼ੁਰ ਮੌਤ ਦੀ ਸਜ਼ਾ ਨੂੰ ਬਦਲ ਕਿਉਂ ਨਹੀਂ ਸਕਦਾ ਸੀ?

      3 ਸਾਡੇ ਪਹਿਲੇ ਪਿਤਾ ਆਦਮ ਨੇ ਪਰਮੇਸ਼ੁਰ ਦੀ ਗੱਲ ਨਾ ਮੰਨ ਕੇ ਪਾਪ ਕੀਤਾ। ਇਸ ਕਰਕੇ ਉਸ ਦੀ ਔਲਾਦ ਨੂੰ ਵਿਰਸੇ ਵਿਚ ਪਾਪ ਮਿਲਿਆ ਜਿਸ ਦੇ ਨਤੀਜੇ ਵਜੋਂ ਬੀਮਾਰੀ, ਦੁੱਖ-ਦਰਦ ਤੇ ਮੌਤ ਆਈ। ਇਨਸਾਨਾਂ ਨੂੰ ਇਸ ਪਾਪ ਤੋਂ ਰਿਹਾ ਕਰਾਉਣ ਦੀ ਲੋੜ ਪਈ ਸੀ। (ਉਤਪਤ 2:17; ਰੋਮੀਆਂ 8:20) ਪਰਮੇਸ਼ੁਰ ਮੌਤ ਦੀ ਸਜ਼ਾ ਨੂੰ ਬਦਲ ਨਹੀਂ ਸਕਦਾ ਸੀ। ਜੇ ਉਹ ਜਜ਼ਬਾਤੀ ਹੋ ਕੇ ਮੌਤ ਦੀ ਸਜ਼ਾ ਨੂੰ ਬਦਲਦਾ, ਤਾਂ ਉਸ ਨੇ ਆਪਣਾ ਹੀ ਇਹ ਕਾਨੂੰਨ ਤੋੜਣਾ ਸੀ: “ਪਾਪ ਦੀ ਮਜੂਰੀ ਤਾਂ ਮੌਤ ਹੈ।” (ਰੋਮੀਆਂ 6:23) ਜੇ ਯਹੋਵਾਹ ਇਨਸਾਫ਼ ਦੇ ਆਪਣੇ ਹੀ ਮਿਆਰ ਤੋੜਦਾ, ਤਾਂ ਵਿਸ਼ਵ ਭਰ ਵਿਚ ਗੜਬੜੀ ਤੇ ਪਰੇਸ਼ਾਨੀ ਨੇ ਰਾਜ ਕਰਨਾ ਸੀ!

      4, 5. (ੳ) ਸ਼ਤਾਨ ਨੇ ਯਹੋਵਾਹ ਨੂੰ ਬਦਨਾਮ ਕਿਸ ਤਰ੍ਹਾਂ ਕੀਤਾ ਸੀ ਅਤੇ ਯਹੋਵਾਹ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦੇਣ ਲਈ ਮਜਬੂਰ ਕਿਉਂ ਸੀ? (ਅ) ਸ਼ਤਾਨ ਨੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਉੱਤੇ ਕੀ ਦੋਸ਼ ਲਾਇਆ ਸੀ?

      4 ਜਿਵੇਂ ਅਸੀਂ ਇਸ ਕਿਤਾਬ ਦੇ 12ਵੇਂ ਅਧਿਆਇ ਵਿਚ ਦੇਖਿਆ ਸੀ, ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਨਾਲ ਪਰਮੇਸ਼ੁਰ ਉੱਤੇ ਕਈ ਇਲਜ਼ਾਮ ਲੱਗੇ ਸਨ। ਸ਼ਤਾਨ ਨੇ ਪਰਮੇਸ਼ੁਰ ਦਾ ਨਾਂ ਬਦਨਾਮ ਕੀਤਾ ਸੀ। ਦਰਅਸਲ ਉਸ ਨੇ ਯਹੋਵਾਹ ਨੂੰ ਝੂਠਾ ਸੱਦਿਆ ਅਤੇ ਕਿਹਾ ਕਿ ਉਹ ਲੋਕਾਂ ਨੂੰ ਆਪਣੇ ਅਧੀਨ ਰਹਿਣ ਲਈ ਮਜਬੂਰ ਕਰਦਾ ਹੈ। (ਉਤਪਤ 3:1-5) ਧਰਤੀ ਨੂੰ ਧਰਮੀ ਇਨਸਾਨਾਂ ਨਾਲ ਭਰਨ ਦੇ ਪਰਮੇਸ਼ੁਰ ਦੇ ਮਕਸਦ ਦੇ ਰਾਹ ਵਿਚ ਰੋੜਾ ਅਟਕਾ ਕੇ ਸ਼ਤਾਨ ਨੇ ਪਰਮੇਸ਼ੁਰ ਬਾਰੇ ਇਹ ਵੀ ਕਿਹਾ ਕਿ ਉਹ ਕਾਮਯਾਬ ਨਹੀਂ ਹੋਵੇਗਾ। (ਉਤਪਤ 1:28; ਯਸਾਯਾਹ 55:10, 11) ਜੇ ਯਹੋਵਾਹ ਨੇ ਇਨ੍ਹਾਂ ਇਲਜ਼ਾਮਾਂ ਨੂੰ ਦੂਰ ਕਰਨ ਲਈ ਕੁਝ ਨਾ ਕੀਤਾ ਹੁੰਦਾ, ਤਾਂ ਕਈਆਂ ਦੂਤਾਂ ਅਤੇ ਇਨਸਾਨਾਂ ਨੂੰ ਉਸ ਦੀ ਹਕੂਮਤ ਉੱਤੇ ਇੰਨਾ ਭਰੋਸਾ ਨਹੀਂ ਹੋਣਾ ਸੀ।

      5 ਸ਼ਤਾਨ ਨੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਉੱਤੇ ਵੀ ਦੋਸ਼ ਲਾਇਆ ਸੀ ਕਿ ਉਹ ਆਪਣੇ ਮਤਲਬ ਲਈ ਹੀ ਉਸ ਦੀ ਸੇਵਾ ਕਰਦੇ ਸਨ। ਉਸ ਦਾ ਕਹਿਣਾ ਸੀ ਕਿ ਜੇ ਉਨ੍ਹਾਂ ਨੂੰ ਪਰਤਾਇਆ ਜਾਵੇ, ਤਾਂ ਉਨ੍ਹਾਂ ਵਿੱਚੋਂ ਇਕ ਵੀ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਰਹੇਗਾ। (ਅੱਯੂਬ 1:9-11) ਇਨਸਾਨੀ ਔਕੜਾਂ ਨੂੰ ਦੂਰ ਕਰਨ ਦੀ ਬਜਾਇ ਪਹਿਲਾਂ ਇਨ੍ਹਾਂ ਦੋਸ਼ਾਂ ਦੇ ਜਵਾਬ ਦੇਣੇ ਜ਼ਿਆਦਾ ਜ਼ਰੂਰੀ ਸਨ। ਯਹੋਵਾਹ ਸ਼ਤਾਨ ਦੇ ਇਲਜ਼ਾਮਾਂ ਦਾ ਜਵਾਬ ਦੇਣ ਲਈ ਮਜਬੂਰ ਸੀ। ਪਰ ਉਹ ਇਹ ਦੋਵੇਂ ਕੰਮ ਕਿਸ ਤਰ੍ਹਾਂ ਕਰ ਸਕਦਾ ਸੀ, ਸ਼ਤਾਨ ਨੂੰ ਜਵਾਬ ਦੇਣਾ ਅਤੇ ਇਨਸਾਨਜਾਤ ਨੂੰ ਬਚਾਉਣਾ?

      ਨਿਸਤਾਰੇ ਲਈ ਬਰਾਬਰ ਦਾ ਮੁੱਲ

      6. ਇਨਸਾਨਜਾਤ ਨੂੰ ਰਿਹਾ ਕਰਾਉਣ ਦੇ ਪ੍ਰਬੰਧ ਨੂੰ ਬਾਈਬਲ ਵਿਚ ਕੀ-ਕੀ ਸੱਦਿਆ ਗਿਆ ਹੈ?

      6 ਯਹੋਵਾਹ ਨੇ ਇਸ ਮਸਲੇ ਦਾ ਅਜਿਹਾ ਹੱਲ ਕੱਢਿਆ ਜਿਸ ਬਾਰੇ ਕੋਈ ਇਨਸਾਨ ਸੋਚ ਵੀ ਨਹੀਂ ਸਕਦਾ ਸੀ। ਇਸ ਵਿਚ ਦਇਆ ਤੇ ਇਨਸਾਫ਼ ਦੋਵੇਂ ਸਨ, ਪਰ ਫਿਰ ਵੀ ਇਹ ਹੱਲ ਸੀ ਬੜਾ ਸਰਲ। ਬਾਈਬਲ ਵਿਚ ਇਸ ਪ੍ਰਬੰਧ ਬਾਰੇ ਗੱਲ ਕਰਦੇ ਹੋਏ ਮੁੱਲ ਭਰਨਾ, ਪ੍ਰਾਸਚਿਤ ਕਰਨਾ, ਛੁਡਾਉਣਾ ਤੇ ਮੇਲ ਕਰਾਉਣਾ ਵਰਗੇ ਸ਼ਬਦ ਵਰਤੇ ਗਏ ਹਨ। (ਜ਼ਬੂਰਾਂ ਦੀ ਪੋਥੀ 49:8; ਦਾਨੀਏਲ 9:24; ਗਲਾਤੀਆਂ 3:13; ਕੁਲੁੱਸੀਆਂ 1:20; ਇਬਰਾਨੀਆਂ 2:17) ਯਿਸੂ ਨੇ ਸਾਨੂੰ ਚੰਗੇ ਤਰੀਕੇ ਨਾਲ ਸਮਝਾਇਆ ਕਿ ਇਹ ਪ੍ਰਬੰਧ ਕੀ ਸੀ। ਉਸ ਨੇ ਕਿਹਾ: “ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।”—ਮੱਤੀ 20:28.

      7, 8. (ੳ) ਬਾਈਬਲ ਵਿਚ “ਨਿਸਤਾਰੇ” ਜਾਂ “ਪ੍ਰਾਸਚਿਤ” ਸ਼ਬਦ ਦਾ ਕੀ ਅਰਥ ਹੈ? (ਅ) ਨਿਸਤਾਰੇ ਜਾਂ ਪ੍ਰਾਸਚਿਤ ਕਰਨ ਵਿਚ ਬਰਾਬਰ ਦਾ ਮੁੱਲ ਭਰਨਾ ਜ਼ਰੂਰੀ ਕਿਉਂ ਹੈ?

      7 ਆਓ ਆਪਾਂ ਦੇਖੀਏ ਕਿ ਨਿਸਤਾਰੇ ਦਾ ਇਹ ਮੁੱਲ ਕੀ ਹੈ। ਜਿਸ ਯੂਨਾਨੀ ਸ਼ਬਦ ਦਾ ਇਹ ਤਰਜਮਾ ਹੈ, ਉਸ ਦਾ ਮਤਲਬ “ਮੁਕਤ ਜਾਂ ਰਿਹਾ ਕਰਨਾ” ਹੈ। ਇਹ ਸ਼ਬਦ ਉਸ ਸਮੇਂ ਵਰਤਿਆ ਜਾਂਦਾ ਸੀ ਜਦੋਂ ਜੰਗੀ ਕੈਦੀਆਂ ਨੂੰ ਰਿਹਾ ਕਰਾਉਣ ਲਈ ਰਕਮ ਅਦਾ ਕੀਤੀ ਜਾਂਦੀ ਸੀ। ਤਾਂ ਫਿਰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਨਿਸਤਾਰੇ ਦਾ ਮੁੱਲ ਉਹ ਰਕਮ ਹੈ ਜੋ ਕਿਸੇ ਤੋਂ ਕੋਈ ਚੀਜ਼ ਵਾਪਸ ਲੈਣ ਲਈ ਦਿੱਤੀ ਜਾਂਦੀ ਹੈ। ਬਾਈਬਲ ਦੇ ਇਬਰਾਨੀ ਹਿੱਸੇ ਵਿਚ ਜਿਸ ਸ਼ਬਦ ਦਾ ਤਰਜਮਾ ਨਿਸਤਾਰਾ ਜਾਂ ਪ੍ਰਾਸਚਿਤ ਕੀਤਾ ਗਿਆ ਹੈ, ਉਸ ਦਾ ਮਤਲਬ “ਲਿਪਣਾ, ਕੱਜਣਾ ਜਾਂ ਢਕਣਾ” ਹੈ। ਉਦਾਹਰਣ ਲਈ ਪਰਮੇਸ਼ੁਰ ਨੇ ਨੂਹ ਨੂੰ ਕਿਹਾ ਸੀ ਕਿ ਉਹ ਕਿਸ਼ਤੀ ਨੂੰ ਰਾਲ ਨਾਲ ਅੰਦਰੋਂ-ਬਾਹਰੋਂ ਲਿਪੇ ਜਾਂ ਢਕੇ। (ਉਤਪਤ 6:14) ਇਸ ਤੋਂ ਸਾਨੂੰ ਸਮਝਣ ਵਿਚ ਮਦਦ ਮਿਲਦੀ ਹੈ ਕਿ ਨਿਸਤਾਰੇ ਦਾ ਮਤਲਬ ਪਾਪਾਂ ਨੂੰ ਢਕਣਾ ਜਾਂ ਕੱਜਣਾ ਵੀ ਹੋ ਸਕਦਾ ਹੈ।—ਜ਼ਬੂਰਾਂ ਦੀ ਪੋਥੀ 65:3.

      8 ਬਾਈਬਲ ਦੇ ਇਕ ਕੋਸ਼ ਦੇ ਅਨੁਸਾਰ ਇਸ ਇਬਰਾਨੀ ਸ਼ਬਦ “ਦਾ ਮਤਲਬ ਹਮੇਸ਼ਾ ਬਰਾਬਰ ਦੀ ਚੀਜ਼” ਹੁੰਦਾ ਹੈ। ਉਦਾਹਰਣ ਲਈ ਨੇਮ ਦੇ ਸੰਦੂਕ ਦਾ ਢੱਕਣ ਬਿਲਕੁਲ ਉਸ ਦੇ ਬਰਾਬਰ ਦਾ ਸੀ ਜਿਸ ਕਰਕੇ ਉਹ ਉਸ ਦੇ ਉੱਪਰ ਚੰਗੀ ਤਰ੍ਹਾਂ ਫਿੱਟ ਹੋ ਜਾਂਦਾ ਸੀ। ਇਸੇ ਤਰ੍ਹਾਂ ਪਾਪ ਨੂੰ ਢਕਣ ਜਾਂ ਇਸ ਦਾ ਨਿਸਤਾਰਾ ਕਰਨ ਦੀ ਕੀਮਤ ਪਾਪ ਤੋਂ ਹੋਏ ਨੁਕਸਾਨ ਦੇ ਬਰਾਬਰ ਹੋਣੀ ਚਾਹੀਦੀ ਹੈ। ਪਰਮੇਸ਼ੁਰ ਦੀ ਬਿਵਸਥਾ ਵਿਚ ਇਸਰਾਏਲ ਨੂੰ ਕਿਹਾ ਗਿਆ ਸੀ: “ਜਾਨ ਦੇ ਵੱਟੇ ਜਾਨ, ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਹੱਥ ਅਤੇ ਪੈਰ ਦੇ ਵੱਟੇ ਪੈਰ।”—ਬਿਵਸਥਾ ਸਾਰ 19:21.

      9. ਵਫ਼ਾਦਾਰ ਸੇਵਕਾਂ ਨੇ ਪਰਮੇਸ਼ੁਰ ਨੂੰ ਜਾਨਵਰਾਂ ਦੀਆਂ ਬਲੀਆਂ ਕਿਉਂ ਚੜ੍ਹਾਈਆਂ ਸਨ ਅਤੇ ਯਹੋਵਾਹ ਦਾ ਇਨ੍ਹਾਂ ਬਲੀਦਾਨਾਂ ਬਾਰੇ ਕੀ ਵਿਚਾਰ ਸੀ?

      9 ਹਾਬਲ ਤੇ ਦੂਸਰੇ ਵਫ਼ਾਦਾਰ ਸੇਵਕ ਪਰਮੇਸ਼ੁਰ ਨੂੰ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਂਦੇ ਹੁੰਦੇ ਸਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਦਿਖਾਇਆ ਸੀ ਕਿ ਉਹ ਪਾਪ ਬਾਰੇ ਅਤੇ ਉਸ ਤੋਂ ਰਿਹਾ ਹੋਣ ਦੀ ਲੋੜ ਬਾਰੇ ਜਾਣਦੇ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਇਸ ਵਾਅਦੇ ਵਿਚ ਨਿਹਚਾ ਵੀ ਕੀਤੀ ਕਿ ਪਰਮੇਸ਼ੁਰ ਆਪਣੀ “ਸੰਤਾਨ” ਰਾਹੀਂ ਮੁਕਤੀ ਦੇਵੇਗਾ। (ਉਤਪਤ 3:15; 4:1-4; ਲੇਵੀਆਂ 17:11; ਇਬਰਾਨੀਆਂ 11:4) ਯਹੋਵਾਹ ਨੇ ਇਨ੍ਹਾਂ ਬਲੀਦਾਨਾਂ ਨੂੰ ਸਵੀਕਾਰ ਕੀਤਾ ਅਤੇ ਇਨ੍ਹਾਂ ਦੇ ਚੜ੍ਹਾਉਣ ਵਾਲਿਆਂ ਨੂੰ ਧਰਮੀ ਠਹਿਰਾਇਆ। ਜਾਨਵਰ ਇਨਸਾਨ ਦੇ ਪਾਪ ਨੂੰ ਢੱਕ ਨਹੀਂ ਸਕਦੇ ਕਿਉਂਕਿ ਉਹ ਇਨਸਾਨ ਦੇ ਬਰਾਬਰ ਨਹੀਂ, ਪਰ ਉਨ੍ਹਾਂ ਤੋਂ ਨੀਵੇਂ ਹਨ। (ਜ਼ਬੂਰਾਂ ਦੀ ਪੋਥੀ 8:4-8) ਇਸ ਕਰਕੇ ਬਾਈਬਲ ਕਹਿੰਦੀ ਹੈ ਕਿ ਇਹ “ਅਣਹੋਣਾ ਹੈ ਭਈ ਵਹਿੜਕਿਆਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ।” (ਇਬਰਾਨੀਆਂ 10:1-4) ਅਜਿਹੇ ਬਲੀਦਾਨ ਤਾਂ ਅਸਲੀ ਬਲੀਦਾਨ ਦਾ ਪਰਛਾਵਾਂ ਹੀ ਸਨ।

      ਨਿਸਤਾਰੇ ਦਾ ਮੁੱਲ ਕੀ ਹੈ?

      10. (ੳ) ਮੁਕਤੀਦਾਤੇ ਲਈ ਕਿਸ ਦੇ ਬਰਾਬਰ ਹੋਣਾ ਜ਼ਰੂਰੀ ਸੀ ਅਤੇ ਕਿਉਂ? (ਅ) ਸਿਰਫ਼ ਇਕ ਹੀ ਇਨਸਾਨ ਦਾ ਬਲੀਦਾਨ ਕਾਫ਼ੀ ਕਿਉਂ ਸੀ?

      10 ਪੌਲੁਸ ਰਸੂਲ ਨੇ ਕਿਹਾ ਕਿ “ਆਦਮ ਵਿੱਚ ਸੱਭੇ ਮਰਦੇ ਹਨ।” (1 ਕੁਰਿੰਥੀਆਂ 15:22) ਇਸ ਕਰਕੇ ਨਿਸਤਾਰੇ ਦਾ ਮੁੱਲ ਚੁਕਾਉਣ ਲਈ ਕਿਸੇ ਅਜਿਹੇ ਵਿਅਕਤੀ ਦੀ ਕੁਰਬਾਨੀ ਦੇਣ ਦੀ ਲੋੜ ਸੀ ਜੋ ਬਿਲਕੁਲ ਆਦਮ ਦੇ ਬਰਾਬਰ ਸੀ—ਇਕ ਮੁਕੰਮਲ ਆਦਮੀ। (ਰੋਮੀਆਂ 5:14) ਹੋਰ ਕੋਈ ਵੀ ਇਨਸਾਨ ਇਨਸਾਫ਼ ਦੀ ਤੱਕੜੀ ਦੇ ਪਲੜੇ ਨੂੰ ਬਰਾਬਰ ਨਹੀਂ ਕਰ ਸਕਦਾ ਸੀ। ਸਿਰਫ਼ ਇਕ ਮੁਕੰਮਲ ਇਨਸਾਨ ਹੀ ਸਾਰਿਆਂ ਲਈ ਪ੍ਰਾਸਚਿਤ ਕਰ ਸਕਦਾ ਸੀ ਕਿਉਂਕਿ ਉਹ ਆਦਮ ਦੇ ਐਨ ਬਰਾਬਰ ਸੀ ਅਤੇ ਉਸ ਤੋਂ ਮਿਲੀ ਮੌਤ ਦੀ ਸਜ਼ਾ ਦੇ ਅਧੀਨ ਨਹੀਂ ਸੀ। (1 ਤਿਮੋਥਿਉਸ 2:6, NW ) ਇਹ ਜ਼ਰੂਰੀ ਨਹੀਂ ਸੀ ਕਿ ਆਦਮ ਦੀ ਹਰ ਔਲਾਦ ਲਈ ਉਸ ਦੇ ਬਰਾਬਰ ਦੇ ਕਿਸੇ ਇਨਸਾਨ ਦੀ ਬਲੀ ਚੜ੍ਹਾਈ ਜਾਵੇ। ਪੌਲੁਸ ਰਸੂਲ ਨੇ ਇਹ ਗੱਲ ਇਸ ਤਰ੍ਹਾਂ ਸਮਝਾਈ ਸੀ: ‘ਇੱਕ ਹੀ ਮਨੁੱਖ ਯਾਨੀ ਆਦਮ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ।’ (ਰੋਮੀਆਂ 5:12) ਕਿਉਂ ਜੋ ਇਕ “ਮਨੁੱਖ ਦੇ ਰਾਹੀਂ ਮੌਤ” ਆਈ ਸੀ, ਇਸ ਲਈ ਪਰਮੇਸ਼ੁਰ ਨੇ ਇਕ ਹੀ ‘ਮਨੁੱਖ ਦੇ ਰਾਹੀਂ’ ਨਿਸਤਾਰੇ ਦਾ ਬੰਦੋਬਸਤ ਕੀਤਾ ਹੈ। (1 ਕੁਰਿੰਥੀਆਂ 15:21) ਕਿਸ ਤਰ੍ਹਾਂ?

      ਨਿਸਤਾਰੇ ਲਈ ਬਰਾਬਰ ਦਾ ਮੁੱਲ

      11. (ੳ) ਮੁਕਤੀਦਾਤੇ ਨੂੰ “ਹਰੇਕ ਮਨੁੱਖ ਲਈ ਮੌਤ ਦਾ ਸੁਆਦ” ਕਿਸ ਤਰ੍ਹਾਂ ਚੱਖਿਆ ਸੀ? (ਅ) ਆਦਮ ਅਤੇ ਹੱਵਾਹ ਨੂੰ ਨਿਸਤਾਰੇ ਤੋਂ ਫ਼ਾਇਦਾ ਕਿਉਂ ਨਹੀਂ ਹੋ ਸਕਦਾ ਸੀ? (ਫੁਟਨੋਟ ਦੇਖੋ।)

      11 ਯਹੋਵਾਹ ਨੇ ਬੰਦੋਬਸਤ ਕੀਤਾ ਕਿ ਇਕ ਮੁਕੰਮਲ ਇਨਸਾਨ ਆਪਣੀ ਜਾਨ ਦਾ ਬਲੀਦਾਨ ਦੇਣ ਲਈ ਤਿਆਰ ਹੋਵੇ। ਰੋਮੀਆਂ 6:23 ਦੇ ਅਨੁਸਾਰ “ਪਾਪ ਦੀ ਮਜੂਰੀ ਤਾਂ ਮੌਤ ਹੈ।” ਆਪਣੀ ਜਾਨ ਕੁਰਬਾਨ ਕਰਦੇ ਹੋਏ ਮੁਕਤੀਦਾਤੇ ਨੇ “ਹਰੇਕ ਮਨੁੱਖ ਲਈ ਮੌਤ ਦਾ ਸੁਆਦ” ਚੱਖਿਆ ਸੀ। ਅਸੀਂ ਇਸ ਨੂੰ ਦੂਸਰੀ ਤਰ੍ਹਾਂ ਕਹਿ ਸਕਦੇ ਹਾਂ ਕਿ ਉਸ ਨੇ ਆਦਮ ਦੇ ਪਾਪ ਦੀ ਮਜ਼ਦੂਰੀ ਭਰੀ ਸੀ। (ਇਬਰਾਨੀਆਂ 2:9; 2 ਕੁਰਿੰਥੀਆਂ 5:21; 1 ਪਤਰਸ 2:24) ਕਾਨੂੰਨੀ ਤੌਰ ਤੇ ਇਸ ਦੇ ਨਤੀਜੇ ਬੜੇ ਵੱਡੇ ਸਨ। ਆਦਮ ਦੀ ਆਗਿਆਕਾਰ ਔਲਾਦ ਦੇ ਸਿਰ ਤੋਂ ਮੌਤ ਦੀ ਸਜ਼ਾ ਹਟਾ ਕੇ ਇਸ ਪ੍ਰਬੰਧ ਨੇ ਪਾਪ ਦੀ ਜੜ੍ਹ ਨੂੰ ਪੁੱਟ ਸੁੱਟਣਾ ਹੈ।a—ਰੋਮੀਆਂ 5:16.

      12. ਉਦਾਹਰਣ ਦਿਓ ਕਿ ਇਕ ਕਰਜ਼ਾ ਲਾਹੁਣ ਨਾਲ ਕਈਆਂ ਨੂੰ ਲਾਭ ਕਿਸ ਤਰ੍ਹਾਂ ਹੋ ਸਕਦਾ ਹੈ।

      12 ਉਦਾਹਰਣ ਲਈ: ਮੰਨ ਲਓ ਤੁਸੀਂ ਅਜਿਹੇ ਸ਼ਹਿਰ ਵਿਚ ਰਹਿੰਦੇ ਹੋ ਜਿੱਥੇ ਦੇ ਤਕਰੀਬਨ ਸਾਰੇ ਲੋਕ ਇਕ ਵੱਡੇ ਕਾਰਖ਼ਾਨੇ ਵਿਚ ਨੌਕਰੀ ਕਰਦੇ ਹਨ। ਤੁਸੀਂ ਤੇ ਤੁਹਾਡੇ ਗੁਆਂਢੀ ਆਪਣੀ ਮਿਹਨਤ ਨਾਲ ਸੋਹਣੀ ਤਨਖ਼ਾਹ ਘਰ ਲਿਆਉਂਦੇ ਹੋ ਅਤੇ ਸੁੱਖ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹੋ। ਪਰ ਇਕ ਦਿਨ ਕਾਰਖ਼ਾਨਾ ਬੰਦ ਹੋ ਜਾਂਦਾ ਹੈ ਤੇ ਤੁਹਾਡਾ ਸੁੱਖ ਉੱਡ ਜਾਂਦਾ ਹੈ। ਇਸ ਦਾ ਕਾਰਨ ਕੀ ਹੈ? ਕਾਰਖ਼ਾਨੇ ਦਾ ਮੈਨੇਜਰ ਰਿਸ਼ਵਤਖ਼ੋਰ ਨਿਕਲਦਾ ਹੈ ਅਤੇ ਕਾਰਖ਼ਾਨੇ ਦਾ ਦਿਵਾਲਾ ਕੱਢ ਦਿੰਦਾ ਹੈ। ਹੁਣ ਤੁਹਾਡੇ ਸਾਰਿਆਂ ਕੋਲ ਨੌਕਰੀ ਨਾ ਹੋਣ ਕਰਕੇ ਆਪਣੇ ਘਰਾਂ ਦਾ ਗੁਜ਼ਾਰਾ ਤੋਰਨਾ ਨਾਮੁਮਕਿਨ ਹੈ। ਤੁਹਾਡਾ ਪਰਿਵਾਰ ਸਿਰਫ਼ ਇੱਕੋ ਆਦਮੀ ਦੇ ਭ੍ਰਿਸ਼ਟਾਚਾਰ ਕਰਕੇ ਦੁੱਖ-ਤਕਲੀਫ਼ ਝੱਲਦਾ ਹੈ। ਕੀ ਇਸ ਮੁਸ਼ਕਲ ਤੋਂ ਕੋਈ ਰਾਹਤ ਹੈ? ਜੀ ਹਾਂ! ਇਕ ਅਮੀਰ ਬੰਦਾ ਤੁਹਾਡੀ ਮਦਦ ਕਰਨ ਲਈ ਤਿਆਰ ਹੈ। ਉਹ ਜਾਣਦਾ ਹੈ ਕਿ ਕਾਰਖ਼ਾਨੇ ਨੂੰ ਦੁਬਾਰਾ ਚਲਾਉਣ ਦੇ ਬਹੁਤ ਫ਼ਾਇਦੇ ਹਨ। ਉਸ ਨੂੰ ਇਸ ਦੇ ਸਾਰੇ ਕਾਮਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਤੇ ਤਰਸ ਆਉਂਦਾ ਹੈ। ਉਹ ਬੰਦੋਬਸਤ ਕਰਦਾ ਹੈ ਕਿ ਕਾਰਖ਼ਾਨੇ ਦਾ ਸਾਰਾ ਕਰਜ਼ਾ ਲਾਹਿਆ ਜਾਵੇ ਅਤੇ ਉਹ ਮੁੜ ਖੋਲ੍ਹਿਆ ਜਾਵੇ। ਇਸ ਕਰਜ਼ੇ ਨੂੰ ਲਾਹੁਣ ਨਾਲ ਸਾਰੇ ਕਾਮਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਹਤ ਮਿਲਦੀ ਹੈ। ਇਸੇ ਤਰ੍ਹਾਂ ਆਦਮ ਦੇ ਕਰਜ਼ੇ ਨੂੰ ਲਾਹੁਣ ਦੁਆਰਾ ਲੱਖਾਂ-ਕਰੋੜਾਂ ਇਨਸਾਨਾਂ ਨੂੰ ਲਾਭ ਹੋਇਆ ਹੈ।

      ਇਨਸਾਨਾਂ ਨੂੰ ਰਿਹਾ ਕਰਾਉਣ ਲਈ ਮੁੱਲ ਕੌਣ ਭਰਦਾ ਹੈ?

      13, 14. (ੳ) ਯਹੋਵਾਹ ਨੇ ਇਨਸਾਨਜਾਤ ਵਾਸਤੇ ਨਿਸਤਾਰੇ ਦੇ ਮੁੱਲ ਦਾ ਬੰਦੋਬਸਤ ਕਿਸ ਤਰ੍ਹਾਂ ਕੀਤਾ ਸੀ? (ਅ) ਨਿਸਤਾਰੇ ਦਾ ਮੁੱਲ ਕਿਸ ਨੂੰ ਦਿੱਤਾ ਜਾਣਾ ਸੀ ਅਤੇ ਇਸ ਦੀ ਜ਼ਰੂਰਤ ਕਿਉਂ ਪਈ ਸੀ?

      13 ਸਿਰਫ਼ ਯਹੋਵਾਹ ਹੀ ਉਸ ‘ਲੇਲੇ’ ਦਾ ਪ੍ਰਬੰਧ ਕਰ ਸਕਦਾ ਸੀ “ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!” (ਯੂਹੰਨਾ 1:29) ਪਰ ਪਰਮੇਸ਼ੁਰ ਨੇ ਇਨਸਾਨਜਾਤ ਨੂੰ ਬਚਾਉਣ ਵਾਸਤੇ ਸਾਰਿਆਂ ਦੂਤਾਂ ਵਿੱਚੋਂ ਉਸ ਦੂਤ ਨੂੰ ਘੱਲਿਆ ਸੀ ਜੋ ਯਹੋਵਾਹ ਦੇ ਸੇਵਕਾਂ ਤੇ ਲਾਏ ਸ਼ਤਾਨ ਦੇ ਇਲਜ਼ਾਮਾਂ ਦਾ ਜਵਾਬ ਦੇ ਕੇ ਉਸ ਦਾ ਮੂੰਹ ਬੰਦ ਕਰ ਸਕਦਾ ਸੀ। ਜੀ ਹਾਂ, ਯਹੋਵਾਹ ਨੇ ਇਸ ਕੰਮ ਲਈ ਆਪਣੇ ਇਕਲੌਤੇ ਪੁੱਤਰ ਨੂੰ ਚੁਣਿਆ ‘ਜਿਸ ਤੋਂ ਉਸ ਦਾ ਜੀ ਪਰਸੰਨ ਹੈ।’ (ਯਸਾਯਾਹ 42:1) ਯਹੋਵਾਹ ਨੇ ਉਸ ਨੂੰ ਭੇਜ ਕੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ। ਪਰਮੇਸ਼ੁਰ ਦਾ ਪੁੱਤਰ ਆਪਣੇ ਸਵਰਗੀ ਰੂਪ ਤੋਂ “ਆਪਣੇ ਆਪ ਨੂੰ ਸੱਖਣਾ” ਕਰਨ ਲਈ ਤਿਆਰ ਸੀ। (ਫ਼ਿਲਿੱਪੀਆਂ 2:7) ਕਰਾਮਾਤੀ ਢੰਗ ਨਾਲ ਯਹੋਵਾਹ ਨੇ ਆਪਣੇ ਸਵਰਗੀ ਜੇਠੇ ਪੁੱਤਰ ਦੀ ਜਾਨ ਅਤੇ ਸ਼ਖ਼ਸੀਅਤ ਨੂੰ ਮਰਿਯਮ ਨਾਂ ਦੀ ਕੁਆਰੀ ਯਹੂਦਣ ਦੀ ਕੁੱਖ ਵਿਚ ਪਾ ਦਿੱਤਾ। (ਲੂਕਾ 1:27, 35) ਧਰਤੀ ਉੱਤੇ ਉਸ ਦਾ ਨਾਂ ਯਿਸੂ ਰੱਖਿਆ ਗਿਆ ਸੀ। ਪਰ ਕਾਨੂੰਨੀ ਤੌਰ ਤੇ ਉਹ ਦੂਜਾ ਆਦਮ ਸੱਦਿਆ ਗਿਆ ਕਿਉਂ ਜੋ ਉਹ ਹਰ ਤਰ੍ਹਾਂ ਆਦਮ ਦੇ ਬਰਾਬਰ ਸੀ। (1 ਕੁਰਿੰਥੀਆਂ 15:45, 47; ਰੋਮੀਆਂ 5:14) ਇਸ ਲਈ ਯਿਸੂ ਆਪਣੀ ਕੁਰਬਾਨੀ ਦੇ ਕੇ ਪਾਪੀ ਇਨਸਾਨਜਾਤ ਦੀ ਰਿਹਾਈ ਵਾਸਤੇ ਆਪਣੇ ਆਪ ਨੂੰ ਪੇਸ਼ ਕਰ ਸਕਦਾ ਸੀ।

      14 ਨਿਸਤਾਰੇ ਦਾ ਮੁੱਲ ਕਿਸ ਨੂੰ ਦਿੱਤਾ ਜਾਣਾ ਸੀ? ਜ਼ਬੂਰਾਂ ਦੀ ਪੋਥੀ 49:7 ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਇਹ “ਪਰਮੇਸ਼ੁਰ ਨੂੰ” ਦਿੱਤਾ ਜਾਣਾ ਸੀ। ਪਰ ਕੀ ਯਹੋਵਾਹ ਨੇ ਆਪ ਹੀ ਇਹ ਮੁੱਲ ਦੇਣ ਦਾ ਪਹਿਲਾਂ ਬੰਦੋਬਸਤ ਨਹੀਂ ਕੀਤਾ ਸੀ? ਜੀ ਹਾਂ, ਪਰ ਇਸ ਤਰ੍ਹਾਂ ਕਰਨ ਨਾਲ ਇਹ ਫ਼ਜ਼ੂਲ ਤੇ ਰਸਮੀ ਨਹੀਂ ਬਣ ਜਾਂਦਾ ਜਿਵੇਂ ਕਿਤੇ ਕੋਈ ਆਪਣੀ ਇਕ ਜੇਬ ਵਿੱਚੋਂ ਪੈਸੇ ਕੱਢ ਕੇ ਦੂਜੀ ਜੇਬ ਵਿਚ ਪਾ ਲਵੇ। ਇਹ ਗੱਲ ਸਮਝੀ ਜਾਣੀ ਚਾਹੀਦੀ ਹੈ ਕਿ ਇਹ ਇਕ ਕਾਨੂੰਨੀ ਕਾਰਵਾਈ ਹੈ। ਭਾਵੇਂ ਯਹੋਵਾਹ ਨੂੰ ਕਾਫ਼ੀ ਕੀਮਤ ਚੁਕਾਉਣੀ ਪਈ, ਫਿਰ ਵੀ ਉਸ ਨੇ ਨਿਸਤਾਰੇ ਦਾ ਮੁੱਲ ਭਰ ਕੇ ਦਿਖਾਇਆ ਕਿ ਉਹ ਆਪਣੇ ਮੁਕੰਮਲ ਇਨਸਾਫ਼ ਉੱਤੇ ਦ੍ਰਿੜ੍ਹ ਰਹਿੰਦਾ ਹੈ।—ਉਤਪਤ 22:7, 8, 11-13; ਇਬਰਾਨੀਆਂ 11:17; ਯਾਕੂਬ 1:17.

      15. ਇਹ ਜ਼ਰੂਰੀ ਕਿਉਂ ਸੀ ਕਿ ਯਿਸੂ ਦੁੱਖ ਸਹਿ ਕੇ ਮਰੇ?

      15 ਸੰਨ 33 ਵਿਚ ਯਿਸੂ ਆਪਣੀ ਮਰਜ਼ੀ ਨਾਲ ਨਿਸਤਾਰੇ ਦਾ ਮੁੱਲ ਭਰਨ ਲਈ ਹਰ ਦੁੱਖ ਝੱਲਣ ਲਈ ਤਿਆਰ ਸੀ। ਯਿਸੂ ਨੇ ਝੂਠੇ ਇਲਜ਼ਾਮਾਂ ਅਧੀਨ ਗਿਰਫ਼ਤਾਰ ਹੋਣ, ਦੋਸ਼ੀ ਠਹਿਰਾਏ ਜਾਣ ਅਤੇ ਸੂਲੀ ਤੇ ਟੰਗੇ ਜਾਣ ਦਾ ਵਿਰੋਧ ਨਹੀਂ ਕੀਤਾ। ਕੀ ਇਹ ਜ਼ਰੂਰੀ ਸੀ ਕਿ ਯਿਸੂ ਇੰਨਾ ਦੁੱਖ ਸਹੇ? ਜੀ ਹਾਂ, ਕਿਉਂਕਿ ਪਰਮੇਸ਼ੁਰ ਦੇ ਸੇਵਕਾਂ ਦੀ ਵਫ਼ਾਦਾਰੀ ਦਾ ਸਵਾਲ ਅਜੇ ਖੜ੍ਹਾ ਸੀ। ਪਰ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਯਹੋਵਾਹ ਨੇ ਹੇਰੋਦੇਸ ਦੇ ਹੱਥੋਂ ਯਿਸੂ ਦਾ ਕਤਲ ਨਹੀਂ ਹੋਣ ਦਿੱਤਾ ਸੀ ਜਦੋਂ ਉਹ ਅਜੇ ਬੱਚਾ ਹੀ ਸੀ।b (ਮੱਤੀ 2:13-18) ਪਰ ਜਦ ਯਿਸੂ ਵੱਡਾ ਹੋ ਗਿਆ ਸੀ, ਤਾਂ ਉਹ ਸਭ ਕੁਝ ਚੰਗੀ ਤਰ੍ਹਾਂ ਸਮਝ ਕੇ ਸ਼ਤਾਨ ਦੇ ਹਮਲਿਆਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਰ ਸਕਦਾ ਸੀ। ਯਿਸੂ ਨੇ ਇੰਨੇ ਦੁੱਖ ਸਹਿ ਕੇ ਅਤੇ “ਪਵਿੱਤਰ, ਨਿਰਦੋਸ਼, ਨਿਰਮਲ, ਪਾਪੀਆਂ ਤੋਂ ਨਿਆਰਾ” ਰਹਿ ਕੇ ਪੂਰੀ ਤਰ੍ਹਾਂ ਸਾਬਤ ਕੀਤਾ ਕਿ ਯਹੋਵਾਹ ਦੇ ਅਜਿਹੇ ਭਗਤ ਹਨ ਜੋ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਹਿੰਦੇ ਹਨ। (ਇਬਰਾਨੀਆਂ 7:26) ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਆਪਣੇ ਆਖ਼ਰੀ ਸਾਹਾਂ ਤੇ ਯਿਸੂ ਨੇ ਫ਼ਖ਼ਰ ਨਾਲ ਕਿਉਂ ਕਿਹਾ ਸੀ: “ਪੂਰਾ ਹੋਇਆ ਹੈ।”—ਯੂਹੰਨਾ 19:30.

      ਮੁਕਤੀ ਦਾ ਕੰਮ ਪੂਰਾ ਕਰਨਾ

      16, 17. (ੳ) ਯਿਸੂ ਨੇ ਆਪਣਾ ਮੁਕਤੀ ਦਾ ਕੰਮ ਕਿਸ ਤਰ੍ਹਾਂ ਜਾਰੀ ਰੱਖਿਆ ਸੀ? (ਅ) ਇਹ ਕਿਉਂ ਜ਼ਰੂਰੀ ਸੀ ਕਿ ਯਿਸੂ “ਸਾਡੇ ਲਈ ਪਰਮੇਸ਼ੁਰ ਦੇ ਸਨਮੁਖ ਪੇਸ਼” ਹੋਵੇ?

      16 ਮੁਕਤੀ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਸੀ। ਯਿਸੂ ਦੀ ਮੌਤ ਤੋਂ ਤੀਜੇ ਦਿਨ ਬਾਅਦ ਯਹੋਵਾਹ ਨੇ ਉਸ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ। (ਰਸੂਲਾਂ ਦੇ ਕਰਤੱਬ 3:15; 10:40) ਇਸ ਮਹੱਤਵਪੂਰਣ ਕੰਮ ਦੇ ਜ਼ਰੀਏ ਯਹੋਵਾਹ ਨੇ ਆਪਣੇ ਪੁੱਤਰ ਨੂੰ ਸਿਰਫ਼ ਉਸ ਦੀ ਵਫ਼ਾਦਾਰੀ ਦਾ ਇਨਾਮ ਹੀ ਨਹੀਂ ਦਿੱਤਾ, ਪਰ ਉਸ ਨੂੰ ਪ੍ਰਧਾਨ ਜਾਜਕ ਹੋਣ ਦੇ ਨਾਤੇ ਆਪਣਾ ਮੁਕਤੀ ਦਾ ਕੰਮ ਪੂਰਾ ਕਰਨ ਦਾ ਮੌਕਾ ਵੀ ਦਿੱਤਾ। (ਰੋਮੀਆਂ 1:4; 1 ਕੁਰਿੰਥੀਆਂ 15:3-8) ਪੌਲੁਸ ਰਸੂਲ ਨੇ ਇਹ ਗੱਲ ਇਸ ਤਰ੍ਹਾਂ ਸਮਝਾਈ: “ਪਰ ਜਾਂ ਮਸੀਹ . . . ਪਰਧਾਨ ਜਾਜਕ ਹੋ ਕੇ ਆਇਆ ਤਾਂ . . . ਉਹ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਅਸਥਾਨਾਂ ਦੇ ਅੰਦਰ ਸਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ। ਕਿਉਂ ਜੋ ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਅਸਥਾਨ ਵਿੱਚ ਜਿਹੜਾ ਅਸਲ ਦੀ ਨਕਲ ਹੈ ਨਹੀਂ ਗਿਆ ਸਗੋਂ ਸੁਰਗ ਵਿੱਚ ਹੀ ਗਿਆ ਭਈ ਹੁਣ ਸਾਡੇ ਲਈ ਪਰਮੇਸ਼ੁਰ ਦੇ ਸਨਮੁਖ ਪੇਸ਼ ਹੋਵੇ।”—ਇਬਰਾਨੀਆਂ 9:11, 12, 24.

      17 ਮਸੀਹ ਆਪਣਾ ਲਹੂ ਸਵਰਗ ਵਿਚ ਨਹੀਂ ਲੈ ਜਾ ਸਕਦਾ ਸੀ। (1 ਕੁਰਿੰਥੀਆਂ 15:50) ਇਸ ਦੀ ਬਜਾਇ ਉਹ ਉਸ ਚੀਜ਼ ਨੂੰ ਸਵਰਗ ਵਿਚ ਲੈ ਕੇ ਗਿਆ ਜਿਸ ਨੂੰ ਇਹ ਲਹੂ ਦਰਸਾਉਂਦਾ ਸੀ ਯਾਨੀ ਉਸ ਦੀ ਕੁਰਬਾਨ ਕੀਤੀ ਗਈ ਮੁਕੰਮਲ ਇਨਸਾਨੀ ਜਾਨ ਦੀ ਕੀਮਤ। ਜੀ ਉੱਠਣ ਤੋਂ ਬਾਅਦ ਉਸ ਨੇ ਪਰਮੇਸ਼ੁਰ ਦੇ ਸਨਮੁਖ ਜਾ ਕੇ ਸਾਰੀ ਪਾਪੀ ਇਨਸਾਨਜਾਤ ਦੇ ਨਿਸਤਾਰੇ ਵਾਸਤੇ ਆਪਣੀ ਜਾਨ ਦੀ ਕੀਮਤ ਪੇਸ਼ ਕੀਤੀ। ਕੀ ਯਹੋਵਾਹ ਨੇ ਇਹ ਬਲੀਦਾਨ ਕਬੂਲ ਕੀਤਾ ਸੀ? ਜੀ ਹਾਂ ਅਤੇ ਪੰਤੇਕੁਸਤ ਦੇ ਦਿਨ, ਸੰਨ 33 ਵਿਚ ਇਹ ਗੱਲ ਜ਼ਾਹਰ ਹੋ ਗਈ ਸੀ ਜਦੋਂ ਯਰੂਸ਼ਲਮ ਵਿਚ ਯਿਸੂ ਦੇ 120 ਚੇਲਿਆਂ ਉੱਤੇ ਪਵਿੱਤਰ ਆਤਮਾ ਆਈ ਸੀ। (ਰਸੂਲਾਂ ਦੇ ਕਰਤੱਬ 2:1-4) ਭਾਵੇਂ ਉਹ ਘਟਨਾ ਬੜੀ ਸ਼ਾਨਦਾਰ ਸੀ, ਪਰ ਇਹ ਤਾਂ ਨਿਸਤਾਰੇ ਦੇ ਪਹਿਲੇ ਲਾਭ ਹੀ ਸਨ, ਅਜੇ ਹੋਰ ਕਈ ਲਾਭ ਹੋਣੇ ਸਨ।

      ਨਿਸਤਾਰੇ ਦੇ ਲਾਭ

      18, 19. (ੳ) ਮਸੀਹ ਦੇ ਲਹੂ ਰਾਹੀਂ ਕੀਤੇ ਗਏ ਮੇਲ-ਮਿਲਾਪ ਦੇ ਜ਼ਰੀਏ ਕਿਹੜੇ ਦੋ ਵੱਖਰੇ ਸਮੂਹਾਂ ਨੂੰ ਲਾਭ ਹੋ ਰਹੇ ਹਨ? (ਅ) “ਵੱਡੀ ਭੀੜ” ਦੇ ਲੋਕਾਂ ਨੂੰ ਨਿਸਤਾਰੇ ਤੋਂ ਹੁਣ ਕੀ ਲਾਭ ਹੋ ਰਹੇ ਹਨ ਤੇ ਭਵਿੱਖ ਵਿਚ ਕੀ ਲਾਭ ਹੋਣਗੇ?

      18 ਕੁਲੁੱਸੀਆਂ ਨੂੰ ਚਿੱਠੀ ਲਿਖ ਕੇ ਪੌਲੁਸ ਨੇ ਸਮਝਾਇਆ ਕਿ ਪਰਮੇਸ਼ੁਰ ਨੂੰ ਚੰਗਾ ਲੱਗਾ ਕਿ ਉਹ ਮਸੀਹ ਦੇ ਲਹੂ ਦੇ ਰਾਹੀਂ ਸਾਰੀਆਂ ਚੀਜ਼ਾਂ ਨਾਲ ਸੁਲ੍ਹਾ ਕਰੇ। ਪੌਲੁਸ ਨੇ ਅੱਗੇ ਇਹ ਵੀ ਸਮਝਾਇਆ ਕਿ ਇਸ ਮੇਲ-ਮਿਲਾਪ ਵਿਚ ਦੋ ਵੱਖਰੇ ਸਮੂਹਾਂ ਦੀ ਗੱਲ ਕੀਤੀ ਗਈ ਸੀ, ਯਾਨੀ ‘ਅਕਾਸ਼ ਉਤਲੀਆਂ ਵਸਤਾਂ’ ਅਤੇ ‘ਧਰਤੀ ਉਤਲੀਆਂ ਵਸਤਾਂ।’ (ਕੁਲੁੱਸੀਆਂ 1:19, 20; ਅਫ਼ਸੀਆਂ 1:10) ‘ਅਕਾਸ਼ ਉਤਲੀਆਂ ਵਸਤਾਂ’ ਵਿਚ 1,44,000 ਮਸੀਹੀ ਹਨ ਜਿਨ੍ਹਾਂ ਦੀ ਯਿਸੂ ਮਸੀਹ ਦੇ ਨਾਲ ਜਾਜਕ ਅਤੇ ਰਾਜਿਆਂ ਵਜੋਂ ਸਵਰਗ ਤੋਂ ਧਰਤੀ ਉੱਤੇ ਰਾਜ ਕਰਨ ਦੀ ਉਮੀਦ ਹੈ। (ਪਰਕਾਸ਼ ਦੀ ਪੋਥੀ 5:9, 10; 7:4; 14:1-3) ਉਨ੍ਹਾਂ ਦੇ ਰਾਹੀਂ ਇਕ ਹਜ਼ਾਰ ਸਾਲ ਦੇ ਸਮੇਂ ਦੌਰਾਨ ਆਗਿਆਕਾਰ ਇਨਸਾਨਜਾਤ ਨੂੰ ਹੌਲੀ-ਹੌਲੀ ਨਿਸਤਾਰੇ ਦੇ ਲਾਭ ਹਾਸਲ ਹੋਣਗੇ।—1 ਕੁਰਿੰਥੀਆਂ 15:24-26; ਪਰਕਾਸ਼ ਦੀ ਪੋਥੀ 20:6; 21:3, 4.

      19 ‘ਧਰਤੀ ਉਤਲੀਆਂ ਵਸਤਾਂ’ ਉਹ ਲੋਕ ਹਨ ਜਿਨ੍ਹਾਂ ਨੂੰ ਧਰਤੀ ਉੱਤੇ ਫਿਰਦੌਸ ਵਿਚ ਹਮੇਸ਼ਾ ਲਈ ਜ਼ਿੰਦਾ ਰਹਿਣ ਦੀ ਆਸ ਹੈ। ਪਰਕਾਸ਼ ਦੀ ਪੋਥੀ 7:9-17 ਵਿਚ ਉਨ੍ਹਾਂ ਨੂੰ “ਵੱਡੀ ਭੀੜ” ਸੱਦਿਆ ਗਿਆ ਹੈ ਜੋ ਆ ਰਹੀ “ਵੱਡੀ ਬਿਪਤਾ” ਵਿੱਚੋਂ ਬਚ ਨਿਕਲੇਗੀ। ਪਰ ਉਨ੍ਹਾਂ ਨੂੰ ਨਿਸਤਾਰੇ ਦੇ ਲਾਭ ਹਾਸਲ ਕਰਨ ਲਈ ਵੱਡੀ ਬਿਪਤਾ ਦੇ ਖ਼ਤਮ ਹੋਣ ਤਕ ਉਡੀਕ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਪਹਿਲਾਂ ਹੀ “ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ” ਹੋਇਆ ਹੈ। ਕਿਉਂ ਜੋ ਉਹ ਯਿਸੂ ਦੇ ਬਲੀਦਾਨ ਵਿਚ ਵਿਸ਼ਵਾਸ ਕਰਦੇ ਹਨ, ਉਨ੍ਹਾਂ ਨੂੰ ਹੁਣ ਵੀ ਉਸ ਪ੍ਰਬੰਧ ਤੋਂ ਰੂਹਾਨੀ ਲਾਭ ਹਾਸਲ ਹੁੰਦੇ ਹਨ। ਉਹ ਪਰਮੇਸ਼ੁਰ ਦੇ ਦੋਸਤ ਹੋਣ ਕਰਕੇ ਧਰਮੀ ਠਹਿਰਾਏ ਗਏ ਹਨ! (ਯਾਕੂਬ 2:23) ਯਿਸੂ ਦੇ ਬਲੀਦਾਨ ਸਦਕਾ ਉਹ “ਕਿਰਪਾ ਦੇ ਸਿੰਘਾਸਣ ਦੇ ਅੱਗੇ ਦਿਲੇਰੀ ਨਾਲ” ਜਾ ਸਕਦੇ ਹਨ। (ਇਬਰਾਨੀਆਂ 4:14-16) ਜਦ ਉਨ੍ਹਾਂ ਤੋਂ ਗ਼ਲਤੀ ਹੁੰਦੀ ਹੈ, ਤਾਂ ਉਨ੍ਹਾਂ ਨੂੰ ਮਾਫ਼ੀ ਮਿਲਦੀ ਹੈ। (ਅਫ਼ਸੀਆਂ 1:7) ਪਾਪੀ ਹੋਣ ਦੇ ਬਾਵਜੂਦ ਉਨ੍ਹਾਂ ਦਾ ਅੰਤਹਕਰਣ ਸਾਫ਼ ਹੈ। (ਇਬਰਾਨੀਆਂ 9:9; 10:22; 1 ਪਤਰਸ 3:21) ਪਰਮੇਸ਼ੁਰ ਨਾਲ ਮੇਲ-ਮਿਲਾਪ ਕਰਨਾ ਸਿਰਫ਼ ਇਕ ਉਮੀਦ ਹੀ ਨਹੀਂ ਹੈ, ਪਰ ਅਸੀਂ ਅੱਜ ਵੀ ਇਹ ਕਰ ਸਕਦੇ ਹਾਂ! (2 ਕੁਰਿੰਥੀਆਂ 5:19, 20) ਹਜ਼ਾਰ ਸਾਲ ਦੇ ਸਮੇਂ ਦੌਰਾਨ ਉਹ ਹੌਲੀ-ਹੌਲੀ “ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ” ਕਰਨਗੇ।—ਰੋਮੀਆਂ 8:21.

      20. ਨਿਸਤਾਰੇ ਦੇ ਪ੍ਰਬੰਧ ਬਾਰੇ ਸੋਚ ਕੇ ਤੁਹਾਡੇ ਉੱਤੇ ਨਿੱਜੀ ਤੌਰ ਤੇ ਕੀ ਅਸਰ ਪੈਂਦਾ ਹੈ?

      20 ਨਿਸਤਾਰੇ ਦਾ ਪ੍ਰਬੰਧ ਕਰਨ ਲਈ “ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ!” (ਰੋਮੀਆਂ 7:25) ਇਹ ਪ੍ਰਬੰਧ ਸਰਲ ਹੋਣ ਦੇ ਨਾਲ-ਨਾਲ ਇੰਨਾ ਡੂੰਘਾ ਹੈ ਕਿ ਇਸ ਬਾਰੇ ਸੋਚ ਕੇ ਸਾਡੇ ਦਿਲ ਸ਼ਰਧਾ ਨਾਲ ਭਰ ਜਾਂਦੇ ਹਨ। (ਰੋਮੀਆਂ 11:33) ਇਸ ਬਾਰੇ ਸੋਚ ਕੇ ਸਾਡੇ ਵਿਚ ਇਸ ਲਈ ਕਦਰ ਵਧਦੀ ਹੈ ਤੇ ਅਸੀਂ ਇਨਸਾਫ਼ ਦੇ ਪਰਮੇਸ਼ੁਰ ਨੇੜੇ ਰਹਿਣਾ ਚਾਹੁੰਦੇ ਹਾਂ। ਜ਼ਬੂਰਾਂ ਦੇ ਲਿਖਾਰੀ ਵਾਂਗ ਅਸੀਂ ਵੀ “ਧਰਮ ਅਤੇ ਨਿਆਉਂ ਨਾਲ ਪ੍ਰੀਤ” ਰੱਖਣ ਵਾਲੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕਰਾਂਗੇ।—ਜ਼ਬੂਰਾਂ ਦੀ ਪੋਥੀ 33:5.

      a ਆਦਮ ਅਤੇ ਹੱਵਾਹ ਨੂੰ ਨਿਸਤਾਰੇ ਤੋਂ ਫ਼ਾਇਦਾ ਨਹੀਂ ਹੋ ਸਕਦਾ ਸੀ। ਜਾਣ-ਬੁੱਝ ਕੇ ਕਤਲ ਕਰਨ ਵਾਲੇ ਇਨਸਾਨ ਬਾਰੇ ਮੂਸਾ ਦੀ ਬਿਵਸਥਾ ਵਿਚ ਇਸ ਤਰ੍ਹਾਂ ਕਿਹਾ ਗਿਆ ਸੀ: “ਤੁਸੀਂ ਕਿਸੇ ਖੂਨੀ ਦੀ ਜਾਨ ਦਾ ਜੁਰਮਾਨਾ ਨਾ ਲਿਓ ਜੋ ਮੌਤ ਦਾ ਦੋਸ਼ੀ ਹੋਵੇ।” (ਗਿਣਤੀ 35:31) ਇਹ ਸਪੱਸ਼ਟ ਹੈ ਕਿ ਆਦਮ ਤੇ ਹੱਵਾਹ ਨੂੰ ਮੌਤ ਦੀ ਸਜ਼ਾ ਮਿਲਣੀ ਜ਼ਰੂਰੀ ਸੀ ਕਿਉਂਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਜਾਣ-ਬੁੱਝ ਕੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ ਸੀ। ਇਸ ਤਰ੍ਹਾਂ ਉਨ੍ਹਾਂ ਨੇ ਹਮੇਸ਼ਾ ਦੀ ਜ਼ਿੰਦਗੀ ਨੂੰ ਤਿਆਗ ਦਿੱਤਾ ਸੀ।

      b ਆਦਮ ਦੇ ਪਾਪ ਦਾ ਹਰਜਾਨਾ ਭਰਨ ਲਈ ਯਿਸੂ ਨੂੰ ਮੁਕੰਮਲ ਨਿਆਣੇ ਵਜੋਂ ਨਹੀਂ, ਪਰ ਮੁਕੰਮਲ ਆਦਮੀ ਵਜੋਂ ਮਰਨਾ ਪੈਣਾ ਸੀ। ਯਾਦ ਰੱਖੋ ਕਿ ਆਦਮ ਨੇ ਜਾਣ-ਬੁੱਝ ਕੇ ਪਾਪ ਕੀਤਾ ਸੀ ਅਤੇ ਉਹ ਆਪਣੇ ਪਾਪ ਦੀ ਗੰਭੀਰਤਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਦੇ ਨਤੀਜੇ ਕੀ ਨਿਕਲਣਗੇ। ਇਸ ਕਰਕੇ “ਛੇਕੜਲਾ ਆਦਮ” ਬਣਨ ਲਈ ਅਤੇ ਪਾਪ ਦਾ ਪ੍ਰਾਸਚਿਤ ਕਰਨ ਲਈ ਇਹ ਜ਼ਰੂਰੀ ਸੀ ਕਿ ਯਿਸੂ ਸੋਚ-ਸਮਝ ਕੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਫ਼ੈਸਲਾ ਕਰੇ। (1 ਕੁਰਿੰਥੀਆਂ 15:45, 47) ਇਸ ਤਰ੍ਹਾਂ ਯਿਸੂ ਦੀ ਆਗਿਆਕਾਰੀ ਅਤੇ ਉਸ ਦੀ ਬਲੀਦਾਨ-ਰੂਪੀ ਮੌਤ “ਧਰਮ ਦੇ ਇੱਕ ਕੰਮ” ਵਜੋਂ ਗਿਣੀ ਗਈ।—ਰੋਮੀਆਂ 5:18, 19.

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • ਗਿਣਤੀ 3:39-51 ਇਹ ਕਿਉਂ ਜ਼ਰੂਰੀ ਹੈ ਕਿ ਨਿਸਤਾਰੇ ਲਈ ਬਰਾਬਰ ਦਾ ਮੁੱਲ ਦਿੱਤਾ ਜਾਵੇ?

      • ਜ਼ਬੂਰਾਂ ਦੀ ਪੋਥੀ 49:7, 8 ਨਿਸਤਾਰੇ ਦਾ ਪ੍ਰਬੰਧ ਕਰਨ ਲਈ ਅਸੀਂ ਪਰਮੇਸ਼ੁਰ ਦੇ ਕਰਜ਼ਾਈ ਕਿਉਂ ਹਾਂ?

      • ਜ਼ਬੂਰਾਂ ਦੀ ਪੋਥੀ 79:9 ਇਹ ਆਇਤ ਸਾਨੂੰ ਕਿਸ ਤਰ੍ਹਾਂ ਸਮਝਾਉਂਦੀ ਹੈ ਕਿ ਯਹੋਵਾਹ ਨੇ ਨਿਸਤਾਰੇ ਦਾ ਪ੍ਰਬੰਧ ਸਿਰਫ਼ ਸਾਡੀ ਮੁਕਤੀ ਲਈ ਹੀ ਨਹੀਂ ਕੀਤਾ ਸੀ?

      • 1 ਕੁਰਿੰਥੀਆਂ 6:20 ਸਾਡੇ ਚਾਲ-ਚਲਣ ਅਤੇ ਸਾਡੇ ਜੀਵਨ-ਢੰਗ ਉੱਤੇ ਨਿਸਤਾਰੇ ਦਾ ਕੀ ਪ੍ਰਭਾਵ ਪੈਣਾ ਚਾਹੀਦਾ ਹੈ?

  • ਯਿਸੂ ‘ਪ੍ਰਿਥਵੀ ਉੱਤੇ ਇਨਸਾਫ਼ ਨੂੰ ਪੱਕਾ ਕਰੇਗਾ’
    ਯਹੋਵਾਹ ਦੇ ਨੇੜੇ ਰਹੋ
    • ਯਿਸੂ ਸਰਾਫ਼ਾਂ ਦੇ ਮੇਜ਼ ਉਲਟਾ ਰਿਹਾ ਹੈ ਤੇ ਉਨ੍ਹਾਂ ਨੂੰ ਚੀਜ਼ਾਂ ਮੰਦਰ ਤੋਂ ਬਾਹਰ ਲੈ ਜਾਣ ਦਾ ਹੁਕਮ ਦਿੰਦਾ ਹੈ

      ਪੰਦਰ੍ਹਵਾਂ ਅਧਿਆਇ

      ਯਿਸੂ ‘ਪ੍ਰਿਥਵੀ ਉੱਤੇ ਇਨਸਾਫ਼ ਨੂੰ ਪੱਕਾ ਕਰੇਗਾ’

      1, 2. ਯਿਸੂ ਨੂੰ ਕਿਸ ਮੌਕੇ ਤੇ ਅਤੇ ਕਿਉਂ ਗੁੱਸਾ ਆਇਆ ਸੀ?

      ਯਿਸੂ ਦਾ ਗੁੱਸਾ ਭੜਕ ਉੱਠਿਆ ਸੀ ਅਤੇ ਉਸ ਦੇ ਗੁੱਸੇ ਦਾ ਚੰਗਾ ਕਾਰਨ ਵੀ ਸੀ। ਤੁਹਾਡੇ ਲਈ ਸ਼ਾਇਦ ਇਸ ਕੋਮਲ ਸੁਭਾਅ ਦੇ ਆਦਮੀ ਨੂੰ ਲਾਲ-ਪੀਲੇ ਹੋਣ ਦੀ ਕਲਪਨਾ ਕਰਨੀ ਔਖੀ ਹੋਵੇ। (ਮੱਤੀ 11:29) ਪਰ ਉਹ ਆਪੇ ਤੋਂ ਬਾਹਰ ਨਹੀਂ ਹੋਇਆ ਸੀ ਅਤੇ ਉਸ ਦਾ ਗੁੱਸਾ ਜਾਇਜ਼ ਸੀ।a ਇਸ ਸ਼ਾਂਤੀ-ਪਸੰਦ ਬੰਦੇ ਦੇ ਗੁੱਸੇ ਨੂੰ ਕਿਸ ਗੱਲ ਨੇ ਭੜਕਾਇਆ ਸੀ? ਘੋਰ ਬੇਇਨਸਾਫ਼ੀ ਨੇ।

      2 ਯਰੂਸ਼ਲਮ ਦੀ ਹੈਕਲ ਯਿਸੂ ਨੂੰ ਬਹੁਤ ਪਸੰਦ ਸੀ। ਪੂਰੀ ਦੁਨੀਆਂ ਵਿਚ ਸਿਰਫ਼ ਉਹੀ ਇੱਕੋ-ਇਕ ਪਵਿੱਤਰ ਜਗ੍ਹਾ ਸੀ ਜੋ ਉਸ ਦੇ ਸਵਰਗੀ ਪਿਤਾ ਦੀ ਭਗਤੀ ਕਰਨ ਲਈ ਰੱਖੀ ਗਈ ਸੀ। ਕਈਆਂ ਦੇਸ਼ਾਂ ਤੋਂ ਯਹੂਦੀ ਲੋਕ ਦੂਰੋਂ-ਦੂਰੋਂ ਉੱਥੇ ਭਗਤੀ ਕਰਨ ਲਈ ਆਉਂਦੇ ਸਨ। ਪਰਮੇਸ਼ੁਰ ਦਾ ਭੈ ਰੱਖਣ ਵਾਲੇ ਕਈ ਗ਼ੈਰ-ਯਹੂਦੀ ਵੀ ਉੱਥੇ ਉਸ ਮੰਦਰ ਦੇ ਵਿਹੜੇ ਵਿਚ ਆਉਂਦੇ ਸਨ ਜੋ ਜਗ੍ਹਾ ਉਨ੍ਹਾਂ ਵਾਸਤੇ ਰੱਖੀ ਗਈ ਸੀ। ਪਰ ਜਦ ਯਿਸੂ ਆਪਣੀ ਸੇਵਕਾਈ ਦੇ ਮੁਢਲੇ ਦਿਨਾਂ ਵਿਚ ਹੈਕਲ ਵਿਚ ਗਿਆ, ਤਾਂ ਉਸ ਨੇ ਦੇਖਿਆ ਕਿ ਉੱਥੇ ਬਹੁਤ ਹੀ ਘਟੀਆ ਕੰਮ ਕੀਤੇ ਜਾ ਰਹੇ ਸਨ। ਭਗਤੀ ਦੀ ਉਹ ਜਗ੍ਹਾ ਇਕ ਮੰਡੀ ਬਣ ਗਈ ਸੀ! ਉਹ ਵਪਾਰੀਆਂ, ਸੌਦਾਗਰਾਂ ਤੇ ਸਰਾਫ਼ਾਂ ਨਾਲ ਭਰੀ ਹੋਈ ਸੀ। ਪਰ ਇਸ ਵਿਚ ਬੇਇਨਸਾਫ਼ੀ ਕਿਸ ਤਰ੍ਹਾਂ ਹੋ ਰਹੀ ਸੀ? ਇਹ ਆਦਮੀ ਪਰਮੇਸ਼ੁਰ ਦੀ ਹੈਕਲ ਵਿਚ ਲੋਕਾਂ ਨੂੰ ਲੁੱਟਣ ਤੇ ਠੱਗਣ ਦਾ ਕੰਮ ਜੋਰਾਂ-ਸ਼ੋਰਾਂ ਨਾਲ ਕਰ ਰਹੇ ਸਨ। ਉਹ ਇਹ ਅਨਿਆਂ ਕਿਸ ਤਰ੍ਹਾਂ ਕਰ ਰਹੇ ਸਨ?—ਯੂਹੰਨਾ 2:14.

      3, 4. ਯਹੋਵਾਹ ਦੇ ਘਰ ਵਿਚ ਕਿਹੋ ਜਿਹੀ ਲੁੱਟਮਾਰ ਹੋ ਰਹੀ ਸੀ ਅਤੇ ਇਸ ਨੂੰ ਰੋਕਣ ਵਾਸਤੇ ਯਿਸੂ ਨੇ ਕੀ ਕੀਤਾ ਸੀ?

      3 ਧਾਰਮਿਕ ਆਗੂਆਂ ਦਾ ਹੁਕਮ ਸੀ ਕਿ ਹੈਕਲ ਦਾ ਕਰ ਭਰਨ ਲਈ ਸਿਰਫ਼ ਇਕ ਖ਼ਾਸ ਕਿਸਮ ਦਾ ਸਿੱਕਾ ਹੀ ਵਰਤਿਆ ਜਾਵੇ। ਬਾਹਰੋਂ ਆਉਣ ਵਾਲਿਆਂ ਨੂੰ ਆਪਣੇ ਸਿੱਕਿਆਂ ਨੂੰ ਇਨ੍ਹਾਂ ਸਿੱਕਿਆਂ ਨਾਲ ਬਦਲਾਉਣਾ ਪੈਂਦਾ ਸੀ। ਇਸ ਕਰਕੇ ਸਰਾਫ਼ਾਂ ਨੇ ਹੈਕਲ ਦੇ ਅੰਦਰ ਹੀ ਮੇਜ਼ ਲਾਏ ਹੋਏ ਸਨ ਅਤੇ ਉਹ ਵਿਆਜ ਤੇ ਲੋਕਾਂ ਨਾਲ ਲੈਣ-ਦੇਣ ਕਰਦੇ ਸਨ। ਜਾਨਵਰ ਵੇਚਣ ਦਾ ਧੰਦਾ ਵੀ ਕਾਫ਼ੀ ਲਾਹੇਵੰਦ ਸੀ। ਜੋ ਲੋਕ ਬਲੀਆਂ ਚੜ੍ਹਾਉਣ ਆਉਂਦੇ ਸਨ, ਉਹ ਸ਼ਹਿਰ ਵਿੱਚੋਂ ਕਿਤਿਓਂ ਵੀ ਜਾਨਵਰ ਖ਼ਰੀਦ ਸਕਦੇ ਸਨ, ਪਰ ਹੈਕਲ ਦੇ ਅਧਿਕਾਰੀ ਬਹਾਨਾ ਬਣਾ ਕੇ ਉਨ੍ਹਾਂ ਦੇ ਚੜ੍ਹਾਵੇ ਨੂੰ ਰੱਦ ਕਰ ਸਕਦੇ ਸਨ ਕਿ ਇਹ ਰੋਗੀ ਸੀ। ਪਰ ਹੈਕਲ ਵਿੱਚੋਂ ਖ਼ਰੀਦਿਆ ਹੋਇਆ ਜਾਨਵਰ ਜ਼ਰੂਰ ਸਵੀਕਾਰ ਕੀਤਾ ਜਾਂਦਾ ਸੀ। ਇਸ ਤਰ੍ਹਾਂ ਲੋਕ ਉਨ੍ਹਾਂ ਦੇ ਵਸ ਵਿਚ ਸਨ ਅਤੇ ਉਹ ਹੱਦੋਂ ਵਧ ਮੁੱਲ ਮੰਗ ਸਕਦੇ ਸਨ।b ਇਹ ਨਿਰਾ ਵਪਾਰ ਹੀ ਨਹੀਂ ਸੀ ਸਗੋਂ ਇਹ ਲੁੱਟਮਾਰ ਸੀ!

      “ਇਨ੍ਹਾਂ ਚੀਜ਼ਾਂ ਨੂੰ ਐੱਥੋਂ ਲੈ ਜਾਓ!”

      4 ਯਿਸੂ ਇਹੋ ਜਿਹਾ ਅਨਿਆਂ ਸਹਿ ਨਹੀਂ ਸਕਦਾ ਸੀ। ਇਹ ਉਸ ਦੇ ਪਿਤਾ ਦਾ ਘਰ ਸੀ! ਉਸ ਨੇ ਰੱਸੀਆਂ ਦਾ ਕੋਰੜਾ ਬਣਾ ਕੇ ਡੰਗਰਾਂ ਤੇ ਭੇਡਾਂ ਦੇ ਚੌਣਿਆਂ ਨੂੰ ਹੈਕਲੋਂ ਬਾਹਰ ਕੱਢ ਦਿੱਤਾ। ਫਿਰ ਉਸ ਨੇ ਜਾ ਕੇ ਸਰਾਫਾਂ ਦੇ ਮੇਜ਼ ਉਲਟਾ ਦਿੱਤੇ। ਉਨ੍ਹਾਂ ਦੇ ਸਾਰੇ ਸਿੱਕੇ ਖਣ-ਖਣ ਕਰਦੇ ਹੋਏ ਸੰਗਮਰਮਰ ਦੇ ਫ਼ਰਸ਼ ਤੇ ਖਿੱਲਰ ਗਏ! ਉਸ ਨੇ ਕਬੂਤਰ ਵੇਚਣ ਵਾਲਿਆਂ ਨੂੰ ਸਖ਼ਤੀ ਨਾਲ ਆਖਿਆ: “ਇਨ੍ਹਾਂ ਚੀਜ਼ਾਂ ਨੂੰ ਐੱਥੋਂ ਲੈ ਜਾਓ!” (ਯੂਹੰਨਾ 2:15, 16) ਇਸ ਬਹਾਦਰ ਬੰਦੇ ਦਾ ਵਿਰੋਧ ਕਰਨ ਦੀ ਕਿਸੇ ਕੋਲ ਹਿੰਮਤ ਨਹੀਂ ਸੀ।

      “ਜਿਹਾ ਬਾਪ, ਤਿਹਾ ਬੇਟਾ”

      5-7. (ੳ) ਧਰਤੀ ਤੇ ਆਉਣ ਤੋਂ ਪਹਿਲਾਂ ਯਿਸੂ ਕਿਸ ਵਰਗਾ ਬਣਿਆ ਸੀ ਅਤੇ ਉਸ ਦੀ ਉਦਾਹਰਣ ਦੀ ਪੜ੍ਹਾਈ ਕਰ ਕੇ ਅਸੀਂ ਕੀ ਸਿੱਖ ਸਕਦੇ ਹਾਂ? (ਅ) ਯਿਸੂ ਨੇ ਪਰਮੇਸ਼ੁਰ ਦੀ ਹਕੂਮਤ ਅਤੇ ਉਸ ਦੇ ਨਾਂ ਉੱਤੇ ਲਾਏ ਗਏ ਇਲਜ਼ਾਮਾਂ ਬਾਰੇ ਕੀ ਕੀਤਾ ਸੀ?

      5 ਉਹ ਸੌਦਾਗਰ ਫਿਰ ਮੁੜ ਆਏ ਸਨ। ਤਕਰੀਬਨ ਤਿੰਨ ਸਾਲ ਬਾਅਦ ਯਿਸੂ ਨੂੰ ਫਿਰ ਤੋਂ ਉਸੇ ਅਨਿਆਂ ਨੂੰ ਦੂਰ ਕਰਨ ਲਈ ਕੁਝ ਕਰਨਾ ਪਿਆ ਸੀ। ਇਸ ਵਾਰ ਉਸ ਨੇ ਯਹੋਵਾਹ ਦੇ ਸ਼ਬਦ ਵਰਤ ਕੇ ਉਸ ਦੇ ਘਰ ਨੂੰ “ਡਾਕੂਆਂ ਦੀ ਖੋਹ” ਬਣਾਉਣ ਵਾਲਿਆਂ ਨੂੰ ਨਿੰਦਿਆ। (ਮੱਤੀ 21:13; ਯਿਰਮਿਯਾਹ 7:11) ਜੀ ਹਾਂ, ਜਦੋਂ ਯਿਸੂ ਨੇ ਦੇਖਿਆ ਕਿ ਲੋਕ ਠੱਗੇ ਜਾ ਰਹੇ ਸਨ ਅਤੇ ਪਰਮੇਸ਼ੁਰ ਦੀ ਹੈਕਲ ਭਿੱਟੀ ਜਾ ਰਹੀ ਸੀ, ਤਾਂ ਉਸ ਨੇ ਬਿਲਕੁਲ ਆਪਣੇ ਪਿਤਾ ਵਾਂਗ ਮਹਿਸੂਸ ਕੀਤਾ। ਇਸ ਤੋਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਲੱਖਾਂ-ਕਰੋੜਾਂ ਸਾਲਾਂ ਤੋਂ ਉਸ ਨੇ ਆਪਣੇ ਸਵਰਗੀ ਪਿਤਾ ਤੋਂ ਤਾਲੀਮ ਹਾਸਲ ਕੀਤੀ ਸੀ। ਇਸ ਕਰਕੇ ਉਹ ਯਹੋਵਾਹ ਵਾਂਗ ਬੇਇਨਸਾਫ਼ੀ ਤੋਂ ਘਿਣ ਕਰਦਾ ਸੀ। ਉਹ ਇਸ ਅਖਾਣ ਦੀ ਜੀਉਂਦੀ-ਜਾਗਦੀ ਉਦਾਹਰਣ ਬਣਿਆ: “ਜਿਹਾ ਬਾਪ, ਤਿਹਾ ਬੇਟਾ।” ਸੋ ਜੇ ਅਸੀਂ ਯਹੋਵਾਹ ਦੇ ਇਨਸਾਫ਼ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹਾਂ, ਤਾਂ ਸਾਨੂੰ ਯਿਸੂ ਮਸੀਹ ਦੀ ਮਿਸਾਲ ਉੱਤੇ ਗੌਰ ਕਰਨਾ ਚਾਹੀਦਾ ਹੈ।—ਯੂਹੰਨਾ 14:9, 10.

      6 ਯਹੋਵਾਹ ਦਾ ਇਕਲੌਤਾ ਪੁੱਤਰ ਉਸ ਵਕਤ ਮੌਜੂਦ ਸੀ ਜਦੋਂ ਸ਼ਤਾਨ ਨੇ ਯਹੋਵਾਹ ਨੂੰ ਝੂਠਾ ਸੱਦਿਆ ਸੀ ਅਤੇ ਉਸ ਦੀ ਹਕੂਮਤ ਦੇ ਸਹੀ ਹੋਣ ਬਾਰੇ ਸਵਾਲ ਖੜ੍ਹੇ ਕੀਤੇ ਸਨ। ਪਰਮੇਸ਼ੁਰ ਦੇ ਪੁੱਤਰ ਨੇ ਬਾਅਦ ਵਿਚ ਸ਼ਤਾਨ ਨੂੰ ਇਹ ਮੇਹਣਾ ਮਾਰਦੇ ਵੀ ਸੁਣਿਆ ਸੀ ਕਿ ਕੋਈ ਵੀ ਬਿਨਾਂ ਮਤਲਬ, ਪਿਆਰ ਨਾਲ ਯਹੋਵਾਹ ਦੀ ਸੇਵਾ ਨਹੀਂ ਕਰੇਗਾ। ਇਨ੍ਹਾਂ ਝੂਠੇ ਇਲਜ਼ਾਮਾਂ ਨੇ ਪੁੱਤਰ ਦੇ ਦਿਲ ਨੂੰ ਜ਼ਰੂਰ ਦੁਖਾਇਆ ਹੋਣਾ। ਪਰ ਇਹ ਜਾਣ ਕੇ ਉਹ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਉਸ ਨੂੰ ਇਹ ਕਲੰਕ ਮਿਟਾਉਣ ਦਾ ਸਨਮਾਨ ਦਿੱਤਾ ਗਿਆ ਸੀ! (2 ਕੁਰਿੰਥੀਆਂ 1:20) ਉਸ ਨੇ ਇਹ ਕੰਮ ਕਿਸ ਤਰ੍ਹਾਂ ਕਰਨਾ ਸੀ?

      7 ਜਿਵੇਂ ਅਸੀਂ ਇਸ ਕਿਤਾਬ ਦੇ ਪਿੱਛਲੇ ਅਧਿਆਇ ਵਿਚ ਸਿੱਖਿਆ ਸੀ, ਯਿਸੂ ਮਸੀਹ ਨੇ ਯਹੋਵਾਹ ਦੇ ਸੇਵਕਾਂ ਤੇ ਲਾਏ ਸ਼ਤਾਨ ਦੇ ਇਲਜ਼ਾਮਾਂ ਦਾ ਠੋਸ ਜਵਾਬ ਦੇ ਕੇ ਉਸ ਦਾ ਮੂੰਹ ਬੰਦ ਕਰ ਦਿੱਤਾ ਸੀ। ਇਸ ਤਰ੍ਹਾਂ ਯਿਸੂ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਿੱਧ ਕਰਨ ਅਤੇ ਉਸ ਦੇ ਨਾਮ ਤੇ ਲੱਗਾ ਕਲੰਕ ਮਿਟਾਉਣ ਦਾ ਰਾਹ ਖੋਲ੍ਹਿਆ। ਯਹੋਵਾਹ ਵੱਲੋਂ ਰਾਜਾ ਥਾਪੇ ਜਾਣ ਕਰਕੇ ਯਿਸੂ ਸਾਰੇ ਸੰਸਾਰ ਵਿਚ ਪਰਮੇਸ਼ੁਰ ਦੇ ਇਨਸਾਫ਼ ਦੇ ਮਿਆਰਾਂ ਨੂੰ ਸਥਾਪਿਤ ਕਰੇਗਾ। (ਰਸੂਲਾਂ ਦੇ ਕਰਤੱਬ 5:31) ਜਦੋਂ ਉਹ ਧਰਤੀ ਉੱਤੇ ਸੀ, ਉਸ ਵੇਲੇ ਵੀ ਉਸ ਨੇ ਪਰਮੇਸ਼ੁਰ ਵਾਂਗ ਇਨਸਾਫ਼ ਕੀਤਾ ਸੀ। ਯਹੋਵਾਹ ਨੇ ਉਸ ਬਾਰੇ ਕਿਹਾ: “ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਉਂ ਦੀ ਖ਼ਬਰ ਕਰੇਗਾ।” (ਮੱਤੀ 12:18) ਯਿਸੂ ਨੇ ਇਹ ਗੱਲ ਕਿਸ ਤਰ੍ਹਾਂ ਪੂਰੀ ਕੀਤੀ ਸੀ?

      ਯਿਸੂ ਨੇ ਨਿਆਂ ਦਾ ਅਸਲੀ ਅਰਥ ਸਮਝਾਇਆ

      8-10. (ੳ) ਧਾਰਮਿਕ ਆਗੂਆਂ ਦੇ ਕਾਨੂੰਨਾਂ ਨੇ ਲੋਕਾਂ ਨੂੰ ਗ਼ੈਰ-ਯਹੂਦੀਆਂ ਅਤੇ ਔਰਤਾਂ ਨਾਲ ਨਫ਼ਰਤ ਕਰਨੀ ਕਿਸ ਤਰ੍ਹਾਂ ਸਿਖਾਈ ਸੀ? (ਅ) ਜ਼ਬਾਨੀ ਕਾਨੂੰਨਾਂ ਨੇ ਯਹੋਵਾਹ ਦੇ ਸਬਤ ਦੇ ਕਾਨੂੰਨ ਨੂੰ ਬੋਝ ਕਿਸ ਤਰ੍ਹਾਂ ਬਣਾਇਆ ਸੀ?

      8 ਯਿਸੂ ਨੂੰ ਯਹੋਵਾਹ ਦੀ ਬਿਵਸਥਾ ਨਾਲ ਪਿਆਰ ਸੀ ਅਤੇ ਉਹ ਉਸ ਉੱਤੇ ਅਮਲ ਕਰਦਾ ਸੀ। ਪਰ ਉਸ ਦੇ ਜ਼ਮਾਨੇ ਦੇ ਧਾਰਮਿਕ ਆਗੂ ਬਿਵਸਥਾ ਵਿਚ ਵਲ-ਛਲ ਪਾ ਕੇ ਉਸ ਨੂੰ ਗ਼ਲਤ ਤਰੀਕੇ ਨਾਲ ਲਾਗੂ ਕਰਦੇ ਸਨ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ . . . ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ ਹੈ।” (ਮੱਤੀ 23:23) ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਮੇਸ਼ੁਰ ਦੀ ਬਿਵਸਥਾ ਸਿਖਾਉਣ ਵਾਲੇ ਇਨ੍ਹਾਂ ਬੰਦਿਆਂ ਨੇ ਨਿਆਂ ਦਾ ਅਸਲੀ ਅਰਥ ਨਹੀਂ ਸਮਝਾਇਆ ਸੀ। ਇਸ ਦੀ ਬਜਾਇ ਉਨ੍ਹਾਂ ਨੇ ਲੋਕਾਂ ਲਈ ਪਰਮੇਸ਼ੁਰ ਦੇ ਇਨਸਾਫ਼ ਨੂੰ ਸਮਝਣਾ ਮੁਸ਼ਕਲ ਬਣਾ ਦਿੱਤਾ ਸੀ। ਕਿਸ ਤਰ੍ਹਾਂ? ਆਓ ਆਪਾਂ ਕੁਝ ਉਦਾਹਰਣਾਂ ਉੱਤੇ ਗੌਰ ਕਰੀਏ।

      9 ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ ਸੀ ਕਿ ਉਹ ਆਲੇ-ਦੁਆਲੇ ਦੀਆਂ ਮੂਰਤੀ-ਪੂਜਕ ਕੌਮਾਂ ਤੋਂ ਅਲੱਗ ਰਹਿਣ। (1 ਰਾਜਿਆਂ 11:1, 2) ਪਰ ਕੁਝ ਕੱਟੜ ਧਾਰਮਿਕ ਆਗੂ ਲੋਕਾਂ ਨੂੰ ਗ਼ੈਰ-ਯਹੂਦੀ ਲੋਕਾਂ ਨਾਲ ਨਫ਼ਰਤ ਕਰਨੀ ਸਿਖਾ ਰਹੇ ਸਨ। ਮਿਸ਼ਨਾ ਵਿਚ ਇਹ ਹੁਕਮ ਵੀ ਦਿੱਤਾ ਗਿਆ ਸੀ: “ਗ਼ੈਰ-ਯਹੂਦੀਆਂ ਦੇ ਮੁਸਾਫ਼ਰਖ਼ਾਨਿਆਂ ਵਿਚ ਡੰਗਰ ਨਾ ਛੱਡੇ ਜਾਣ ਕਿਉਂਕਿ ਮੰਨਿਆ ਜਾਂਦਾ ਹੈ ਕਿ ਉਹ ਪਸ਼ੂਆਂ ਨਾਲ ਸੰਭੋਗ ਕਰਦੇ ਹਨ।” ਸਾਰਿਆਂ ਗ਼ੈਰ-ਯਹੂਦੀ ਲੋਕਾਂ ਨਾਲ ਇਸ ਤਰ੍ਹਾਂ ਪੱਖਪਾਤ ਕਰਨਾ ਅਨਿਆਈ ਸੀ ਅਤੇ ਮੂਸਾ ਦੀ ਬਿਵਸਥਾ ਦੀ ਸਿੱਖਿਆ ਤੋਂ ਐਨ ਉਲਟ ਸੀ। (ਲੇਵੀਆਂ 19:34) ਉਨ੍ਹਾਂ ਦੇ ਹੋਰ ਕਾਨੂੰਨ ਤੀਵੀਂਜਾਤ ਦਾ ਅਪਮਾਨ ਕਰਦੇ ਸਨ। ਉਨ੍ਹਾਂ ਦਾ ਇਹ ਕਾਨੂੰਨ ਸੀ ਕਿ ਤੀਵੀਂ ਨੂੰ ਆਪਣੇ ਆਦਮੀ ਨਾਲ ਤੁਰਨ ਦੀ ਬਜਾਇ ਉਸ ਦੇ ਪਿੱਛੇ-ਪਿੱਛੇ ਤੁਰਨਾ ਚਾਹੀਦਾ ਹੈ। ਆਦਮੀ ਨੂੰ ਘਰੋਂ ਬਾਹਰ ਕਿਸੇ ਤੀਵੀਂ ਨਾਲ, ਇੱਥੋਂ ਤਕ ਕਿ ਆਪਣੀ ਹੀ ਬੀਵੀ ਨਾਲ ਵੀ ਗੱਲ ਕਰਨੀ ਮਨ੍ਹਾ ਸੀ। ਗ਼ੁਲਾਮਾਂ ਵਾਂਗ ਔਰਤਾਂ ਨੂੰ ਵੀ ਕਚਹਿਰੀ ਵਿਚ ਗਵਾਹੀ ਦੇਣ ਦੀ ਇਜਾਜ਼ਤ ਨਹੀਂ ਸੀ। ਆਦਮੀ ਪ੍ਰਾਰਥਨਾ ਕਰ ਕੇ ਰੱਬ ਦਾ ਸ਼ੁਕਰ ਕਰਦੇ ਸਨ ਕਿ ਉਸ ਨੇ ਉਨ੍ਹਾਂ ਨੂੰ ਔਰਤਾਂ ਨਹੀਂ ਬਣਾਇਆ।

      10 ਧਾਰਮਿਕ ਆਗੂਆਂ ਨੇ ਪਰਮੇਸ਼ੁਰ ਦੀ ਬਿਵਸਥਾ ਨੂੰ ਇਨਸਾਨ ਦੇ ਬਣਾਏ ਹੋਏ ਕਾਇਦੇ-ਕਾਨੂੰਨਾਂ ਦੇ ਭਾਰ ਹੇਠ ਦੱਬ ਦਿੱਤਾ ਸੀ। ਮਿਸਾਲ ਲਈ ਸਬਤ ਦਾ ਕਾਨੂੰਨ ਸਬਤ ਦੇ ਦਿਨ ਤੇ ਕੰਮ ਕਰਨਾ ਮਨ੍ਹਾ ਕਰਦਾ ਸੀ ਕਿਉਂਕਿ ਉਹ ਦਿਨ ਭਗਤੀ ਕਰਨ, ਰੂਹਾਨੀ ਤੌਰ ਤੇ ਮਜ਼ਬੂਤ ਹੋਣ ਅਤੇ ਆਰਾਮ ਕਰਨ ਵਾਸਤੇ ਰੱਖਿਆ ਗਿਆ ਸੀ। ਪਰ ਫ਼ਰੀਸੀਆਂ ਨੇ ਉਸ ਕਾਨੂੰਨ ਨੂੰ ਇਕ ਬੋਝ ਬਣਾ ਦਿੱਤਾ ਸੀ। ਉਹ ਆਪ ਫ਼ੈਸਲਾ ਕਰਨ ਲੱਗ ਪਏ ਸਨ ਕਿ “ਕੰਮ ਕਰਨ” ਦਾ ਕੀ ਮਤਲਬ ਹੈ। ਉਨ੍ਹਾਂ ਨੇ ਲਗਭਗ 39 ਵੱਖੋ-ਵੱਖਰੀਆਂ ਚੀਜ਼ਾਂ ਨੂੰ ਕੰਮ ਸੱਦਿਆ, ਜਿਵੇਂ ਕਿ ਵਾਢੀ ਜਾਂ ਸ਼ਿਕਾਰ ਕਰਨਾ। ਇਸ ਕਰਕੇ ਕਈ ਸਵਾਲ ਖੜ੍ਹੇ ਹੋ ਗਏ ਸਨ। ਸਬਤ ਦੇ ਦਿਨ ਜੇ ਕੋਈ ਇਕ ਜੂੰ ਜਾਂ ਮਾਂਗਣੂ ਨੂੰ ਮਾਰੇ, ਤਾਂ ਕੀ ਇਹ ਸ਼ਿਕਾਰ ਕਰਨਾ ਸੀ? ਜੇ ਕੋਈ ਖੇਤਾਂ ਵਿੱਚੋਂ ਲੰਘਦਿਆਂ ਇਕ ਮੁੱਠ ਦਾਣੇ ਤੋੜ ਲਵੇ, ਤਾਂ ਕੀ ਉਹ ਵਾਢੀ ਕਰ ਰਿਹਾ ਸੀ? ਜੇ ਉਹ ਕਿਸੇ ਰੋਗੀ ਨੂੰ ਰਾਜ਼ੀ ਕਰ ਦੇਵੇ, ਤਾਂ ਕੀ ਉਹ ਕੰਮ ਕਰ ਰਿਹਾ ਸੀ? ਅਜਿਹੇ ਸਵਾਲਾਂ ਵਿਚ ਪੈ ਕੇ ਉਹ ਹੋਰ ਤੋਂ ਹੋਰ ਸਖ਼ਤ ਨਿਯਮ ਬਣਾਉਂਦੇ ਗਏ।

      11, 12. ਯਿਸੂ ਨੇ ਫ਼ਰੀਸੀਆਂ ਦੀਆਂ ਉਨ੍ਹਾਂ ਰੀਤਾਂ ਦਾ ਵਿਰੋਧ ਕਿਸ ਤਰ੍ਹਾਂ ਕੀਤਾ ਸੀ ਜੋ ਬਿਵਸਥਾ ਵਿਚ ਨਹੀਂ ਸਨ?

      11 ਅਜਿਹੇ ਮਾਹੌਲ ਵਿਚ ਯਿਸੂ ਨੇ ਲੋਕਾਂ ਨੂੰ ਕਿਸ ਤਰ੍ਹਾਂ ਸਮਝਾਇਆ ਸੀ ਕਿ ਨਿਆਂ ਕਰਨ ਦਾ ਮਤਲਬ ਕੀ ਹੈ? ਉਸ ਨੇ ਆਪਣੀਆਂ ਸਿੱਖਿਆਵਾਂ ਅਤੇ ਕੰਮਾਂ-ਕਾਰਾਂ ਦੁਆਰਾ ਸਾਫ਼-ਸਾਫ਼ ਦਿਖਾਇਆ ਸੀ ਕਿ ਉਹ ਧਾਰਮਿਕ ਆਗੂਆਂ ਦਾ ਸਖ਼ਤ ਵਿਰੋਧ ਕਰਦਾ ਸੀ। ਪਹਿਲਾਂ ਉਸ ਦੀਆਂ ਕੁਝ ਸਿੱਖਿਆਵਾਂ ਉੱਤੇ ਗੌਰ ਕਰੋ। ਉਸ ਨੇ ਧਾਰਮਿਕ ਆਗੂਆਂ ਦੇ ਕਾਇਦੇ-ਕਾਨੂੰਨਾਂ ਦੇ ਪਹਾੜ ਨੂੰ ਇਹ ਕਹਿ ਕੇ ਨਕਾਰਿਆ: “ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਰੀਤ ਨਾਲ ਜਿਹੜੀ ਤੁਸਾਂ ਚਲਾਈ ਹੈ ਅਕਾਰਥ ਕਰਦੇ ਹੋ।”—ਮਰਕੁਸ 7:13.

      12 ਯਿਸੂ ਨੇ ਵਧੀਆ ਤਰੀਕੇ ਨਾਲ ਦਿਖਾਇਆ ਕਿ ਫ਼ਰੀਸੀ ਜੋ ਵੀ ਸਬਤ ਦੇ ਕਾਨੂੰਨ ਬਾਰੇ ਸਿਖਾਉਂਦੇ ਸਨ, ਉਹ ਸਭ ਕੁਝ ਗ਼ਲਤ ਸੀ। ਉਨ੍ਹਾਂ ਨੇ ਤਾਂ ਬਿਵਸਥਾ ਦਾ ਮਤਲਬ ਹੀ ਨਹੀਂ ਸਮਝਿਆ। ਯਿਸੂ ਨੇ ਸਮਝਾਇਆ ਕਿ ਮਸੀਹਾ “ਸਬਤ ਦੇ ਦਿਨ ਦਾ ਮਾਲਕ ਹੈ” ਅਤੇ ਉਸ ਕੋਲ ਰੋਗੀਆਂ ਨੂੰ ਸਬਤ ਦੇ ਦਿਨ ਰਾਜ਼ੀ ਕਰਨ ਦਾ ਹੱਕ ਹੈ। (ਮੱਤੀ 12:8) ਇਹ ਗੱਲ ਸਪੱਸ਼ਟ ਕਰਨ ਵਾਸਤੇ ਉਸ ਨੇ ਸਬਤ ਦੇ ਦਿਨ ਕਰਾਮਾਤੀ ਢੰਗ ਨਾਲ ਖੁੱਲ੍ਹੇ-ਆਮ ਰੋਗੀਆਂ ਨੂੰ ਚੰਗਾ ਕੀਤਾ ਸੀ। (ਲੂਕਾ 6:7-10) ਅਜਿਹੀਆਂ ਕਰਾਮਾਤਾਂ ਦਿਖਾਉਂਦੀਆਂ ਸਨ ਕਿ ਉਹ ਆਪਣੇ ਇਕ ਹਜ਼ਾਰ ਸਾਲ ਦੇ ਰਾਜ ਦੌਰਾਨ ਧਰਤੀ ਉੱਤੇ ਕੀ-ਕੀ ਕਰੇਗਾ। ਉਸ ਸਮੇਂ ਸਾਰੀ ਵਫ਼ਾਦਾਰ ਇਨਸਾਨਜਾਤ ਪਾਪ ਤੇ ਮੌਤ ਤੋਂ ਆਰਾਮ ਪਾਵੇਗੀ ਜਿਨ੍ਹਾਂ ਦੇ ਬੋਝ ਹੇਠ ਇਹ ਸਦੀਆਂ ਤੋਂ ਦੱਬੀ ਹੋਈ ਹੈ। ਇਹ ਮਹਾਂ ਸਬਤ ਹੋਵੇਗਾ।

      13. ਯਿਸੂ ਦੀ ਜ਼ਮੀਨੀ ਸੇਵਕਾਈ ਦੇ ਨਤੀਜੇ ਵਜੋਂ ਕਿਹੜੀ ਸ਼ਰਾ ਸਥਾਪਿਤ ਹੋਈ ਸੀ ਅਤੇ ਇਹ ਮੂਸਾ ਦੀ ਬਿਵਸਥਾ ਤੋਂ ਭਿੰਨ ਕਿਸ ਤਰ੍ਹਾਂ ਸੀ?

      13 ਯਿਸੂ ਨੇ ਇਕ ਹੋਰ ਤਰੀਕੇ ਨਾਲ ਵੀ ਇਨਸਾਫ਼ ਦਾ ਮਤਲਬ ਸਮਝਾਇਆ ਸੀ। ਉਸ ਦੀ ਜ਼ਮੀਨੀ ਸੇਵਕਾਈ ਪੂਰੀ ਹੋਣ ਤੋਂ ਬਾਅਦ “ਮਸੀਹ ਦੀ ਸ਼ਰਾ” ਸਥਾਪਿਤ ਹੋਈ। (ਗਲਾਤੀਆਂ 6:2) ਇਹ ਸ਼ਰਾ ਮੂਸਾ ਦੀ ਬਿਵਸਥਾ ਤੋਂ ਭਿੰਨ ਸੀ ਕਿਉਂਕਿ ਇਹ ਲਿਖੇ ਹੋਏ ਹੁਕਮਾਂ ਤੇ ਨਿਰਭਰ ਕਰਨ ਦੀ ਬਜਾਇ ਅਸੂਲਾਂ ਤੇ ਨਿਰਭਰ ਕਰਦੀ ਸੀ। ਵੈਸੇ ਇਸ ਵਿਚ ਕੁਝ ਲਿਖੇ ਹੋਏ ਹੁਕਮ ਵੀ ਸ਼ਾਮਲ ਸਨ। ਇਨ੍ਹਾਂ ਵਿੱਚੋਂ ਇਕ ਨੂੰ ਯਿਸੂ ਨੇ “ਨਵਾਂ ਹੁਕਮ” ਸੱਦਿਆ। ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਇਕ-ਦੂਸਰੇ ਨਾਲ ਅਜਿਹਾ ਪਿਆਰ ਕਰਨ ਜਿਹਾ ਉਸ ਨੇ ਉਨ੍ਹਾਂ ਨਾਲ ਕੀਤਾ ਸੀ। (ਯੂਹੰਨਾ 13:34, 35) ਜੀ ਹਾਂ, “ਮਸੀਹ ਦੀ ਸ਼ਰਾ” ਉੱਤੇ ਚੱਲਣ ਵਾਲੇ ਆਪਸ ਵਿਚ ਇੰਨਾ ਪਿਆਰ ਕਰਦੇ ਹਨ ਕਿ ਉਹ ਇਕ-ਦੂਸਰੇ ਲਈ ਮਰਨ ਲਈ ਤਿਆਰ ਹਨ।

      ਇਨਸਾਫ਼ ਦੀ ਜੀਉਂਦੀ-ਜਾਗਦੀ ਉਦਾਹਰਣ

      14, 15. ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ਆਪਣੇ ਅਧਿਕਾਰ ਦੀਆਂ ਹੱਦਾਂ ਜਾਣਦਾ ਸੀ ਅਤੇ ਇਸ ਤੋਂ ਸਾਨੂੰ ਤਸੱਲੀ ਕਿਉਂ ਮਿਲਦੀ ਹੈ?

      14 ਯਿਸੂ ਨੇ ਪਿਆਰ ਬਾਰੇ ਸਿਰਫ਼ ਸਿਖਾਇਆ ਹੀ ਨਹੀਂ ਸੀ, ਸਗੋਂ ਕਰ ਕੇ ਵੀ ਦਿਖਾਇਆ ਸੀ। ਉਹ “ਮਸੀਹ ਦੀ ਸ਼ਰਾ” ਉੱਤੇ ਚੱਲਿਆ ਸੀ ਅਤੇ ਇਹ ਉਸ ਦੀ ਜ਼ਿੰਦਗੀ ਦੇ ਹਰ ਪਹਿਲੂ ਤੋਂ ਦੇਖਿਆ ਜਾ ਸਕਦਾ ਸੀ। ਆਓ ਆਪਾਂ ਤਿੰਨ ਗੱਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਰਾਹੀਂ ਯਿਸੂ ਨੇ ਇਨਸਾਫ਼ ਦਾ ਮਤਲਬ ਸਮਝਾਇਆ ਸੀ।

      15 ਪਹਿਲਾ, ਯਿਸੂ ਨੇ ਸਾਵਧਾਨੀ ਨਾਲ ਅਨਿਆਂ ਕਰਨ ਤੋਂ ਪਰਹੇਜ਼ ਕੀਤਾ। ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਕਈ ਇਨਸਾਨ ਘਮੰਡੀ ਬਣ ਕੇ ਦੂਜਿਆਂ ਨਾਲ ਅਨਿਆਂ ਕਰਦੇ ਹਨ। ਉਹ ਆਪਣੇ ਅਧਿਕਾਰ ਦੀਆਂ ਹੱਦਾਂ ਪਾਰ ਕਰਦੇ ਹਨ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੇਇਨਸਾਫ਼ੀ ਹੈ। ਪਰ ਯਿਸੂ ਨੇ ਇਸ ਤਰ੍ਹਾਂ ਨਹੀਂ ਕੀਤਾ ਸੀ। ਇਕ ਵਾਰ ਇਕ ਆਦਮੀ ਯਿਸੂ ਕੋਲ ਆਇਆ ਅਤੇ ਉਸ ਨੇ ਕਿਹਾ: “ਗੁਰੂ ਜੀ ਮੇਰੇ ਭਰਾ ਨੂੰ ਕਹੋ ਜੋ ਉਹ ਵਿਰਸਾ ਮੇਰੇ ਨਾਲ ਵੰਡ ਲਵੇ।” ਯਿਸੂ ਨੇ ਉਸ ਨੂੰ ਕੀ ਜਵਾਬ ਦਿੱਤਾ? “ਮਨੁੱਖਾ, ਕਿਨ ਮੈਨੂੰ ਤੁਹਾਡੇ ਉੱਪਰ ਨਿਆਈ ਯਾ ਵੰਡਣ ਵਾਲਾ ਠਹਿਰਾਇਆ ਹੈ?” (ਲੂਕਾ 12:13, 14) ਕੀ ਇਹ ਮਾਅਰਕੇ ਦੀ ਗੱਲ ਨਹੀਂ? ਧਰਤੀ ਤੇ ਯਿਸੂ ਨਾਲੋਂ ਹੋਰ ਕਿਸੇ ਕੋਲ ਇੰਨੀ ਅਕਲ ਅਤੇ ਸਿਆਣਪ ਨਹੀਂ ਸੀ ਅਤੇ ਨਾ ਹੀ ਕਿਸੇ ਨੂੰ ਪਰਮੇਸ਼ੁਰ ਤੋਂ ਇੰਨਾ ਅਧਿਕਾਰ ਮਿਲਿਆ ਸੀ। ਇਸ ਦੇ ਬਾਵਜੂਦ ਉਸ ਨੇ ਇਸ ਮਾਮਲੇ ਵਿਚ ਦਖ਼ਲ ਦੇਣ ਤੋਂ ਇਨਕਾਰ ਕੀਤਾ ਕਿਉਂਕਿ ਉਸ ਨੂੰ ਇਸ ਤਰ੍ਹਾਂ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ। ਧਰਤੀ ਤੇ ਆਉਣ ਤੋਂ ਪਹਿਲਾਂ ਵੀ ਯਿਸੂ ਹਮੇਸ਼ਾ ਆਪਣੀਆਂ ਹੱਦਾਂ ਜਾਣਦਾ ਸੀ। (ਯਹੂਦਾਹ 9) ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਹੁੰਦੀ ਹੈ ਕਿ ਯਿਸੂ ਨਿਮਰਤਾ ਨਾਲ ਯਹੋਵਾਹ ਤੇ ਭਰੋਸਾ ਰੱਖਦਾ ਹੈ ਕਿ ਉਹ ਸਿਰਫ਼ ਉਹੀ ਕਰੇਗਾ ਜੋ ਸਹੀ ਹੈ।

      16, 17. (ੳ) ਯਿਸੂ ਨੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਇਨਸਾਫ਼ ਕਿਸ ਤਰ੍ਹਾਂ ਕੀਤਾ ਸੀ? (ਅ) ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਸ ਦੇ ਨਿਆਂ ਵਿਚ ਦਇਆ ਸ਼ਾਮਲ ਸੀ?

      16 ਦੂਜਾ, ਯਿਸੂ ਨੇ ਜਿਸ ਤਰ੍ਹਾਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ, ਉਸ ਤੋਂ ਵੀ ਇਨਸਾਫ਼ ਪ੍ਰਗਟ ਹੁੰਦਾ ਹੈ। ਉਸ ਨੇ ਕਿਸੇ ਦੀ ਤਰਫ਼ਦਾਰੀ ਨਹੀਂ ਕੀਤੀ ਸੀ। ਇਸ ਦੀ ਬਜਾਇ ਉਸ ਨੇ ਹਰ ਤਰ੍ਹਾਂ ਦੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਭਾਵੇਂ ਉਹ ਅਮੀਰ ਹੋਣ ਜਾਂ ਗ਼ਰੀਬ। ਇਸ ਤੋਂ ਉਲਟ ਫ਼ਰੀਸੀ ਆਮ ਜਨਤਾ ਨੂੰ ਨਫ਼ਰਤ ਨਾਲ ਨੀਵੇਂ ਦਰਜੇ ਦੇ ਲੋਕ ਸੱਦਦੇ ਸਨ ਅਤੇ ਉਨ੍ਹਾਂ ਦੀ ਪਰਵਾਹ ਨਹੀਂ ਕਰਦੇ ਸਨ। ਯਿਸੂ ਨੇ ਬਹਾਦਰੀ ਨਾਲ ਇਸ ਬੇਇਨਸਾਫ਼ੀ ਨੂੰ ਖ਼ਤਮ ਕਰਨ ਲਈ ਕੁਝ ਕੀਤਾ। ਜਦ ਉਸ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ, ਉਨ੍ਹਾਂ ਨਾਲ ਰੋਟੀ ਖਾਧੀ, ਉਨ੍ਹਾਂ ਨੂੰ ਰੋਟੀ ਖੁਆਈ, ਉਨ੍ਹਾਂ ਨੂੰ ਚੰਗੇ ਕੀਤਾ ਜਾਂ ਉਨ੍ਹਾਂ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ, ਤਾਂ ਉਸ ਨੇ ਇਹ ਸਭ ਕੁਝ ਪਰਮੇਸ਼ੁਰ ਦੇ ਇਨਸਾਫ਼ ਅਨੁਸਾਰ ਕੀਤਾ ਸੀ ਕਿਉਂਕਿ ਪਰਮੇਸ਼ੁਰ ਚਾਹੁੰਦਾ ਹੈ ਕਿ “ਸਾਰੇ ਮਨੁੱਖ” ਉਸ ਬਾਰੇ ਜਾਣਨ।c—1 ਤਿਮੋਥਿਉਸ 2:4.

      17 ਤੀਜਾ, ਯਿਸੂ ਦੇ ਨਿਆਂ ਵਿਚ ਦਇਆ ਸ਼ਾਮਲ ਸੀ। ਉਸ ਨੇ ਪਾਪੀਆਂ ਦੀ ਮਦਦ ਕਰਨ ਲਈ ਵੱਡੇ ਜਤਨ ਕੀਤੇ। (ਮੱਤੀ 9:11-13) ਜੋ ਲੋਕ ਆਪਣੇ ਹਾਲਾਤ ਸੁਧਾਰਨ ਲਈ ਖ਼ੁਦ ਕੁਝ ਨਹੀਂ ਕਰ ਸਕਦੇ ਸਨ, ਯਿਸੂ ਨੇ ਉਨ੍ਹਾਂ ਦੀ ਮਦਦ ਕੀਤੀ। ਮਿਸਾਲ ਲਈ ਉਸ ਨੇ ਧਾਰਮਿਕ ਆਗੂਆਂ ਨਾਲ ਮਿਲ ਕੇ ਲੋਕਾਂ ਦੇ ਮਨਾਂ ਵਿਚ ਗ਼ੈਰ-ਯਹੂਦੀਆਂ ਲਈ ਨਫ਼ਰਤ ਨਹੀਂ ਵਧਾਈ ਸੀ। ਇਸ ਦੀ ਬਜਾਇ ਉਸ ਨੇ ਗ਼ੈਰ-ਯਹੂਦੀਆਂ ਦੀ ਮਦਦ ਕੀਤੀ ਅਤੇ ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਸਿੱਖਿਆ ਦਿੱਤੀ, ਭਾਵੇਂ ਉਸ ਦਾ ਮੁੱਖ ਕੰਮ ਯਹੂਦੀਆਂ ਕੋਲ ਜਾਣਾ ਸੀ। ਉਹ ਕਰਾਮਾਤੀ ਢੰਗ ਨਾਲ ਇਕ ਰੋਮੀ ਸੂਬੇਦਾਰ ਦੇ ਨੌਕਰ ਨੂੰ ਚੰਗਾ ਕਰਨ ਲਈ ਰਜ਼ਾਮੰਦ ਹੋਇਆ। ਉਸ ਬਾਰੇ ਉਸ ਨੇ ਕਿਹਾ: “ਇਸਰਾਏਲ ਵਿੱਚ ਵੀ ਮੈਂ ਐਡੀ ਨਿਹਚਾ ਨਹੀਂ ਵੇਖੀ!”—ਮੱਤੀ 8:5-13.

      18, 19. (ੳ) ਯਿਸੂ ਨੇ ਔਰਤਾਂ ਦਾ ਆਦਰ-ਸਤਿਕਾਰ ਕਿਸ ਤਰ੍ਹਾਂ ਕੀਤਾ ਸੀ? (ਅ) ਯਿਸੂ ਦੀ ਉਦਾਹਰਣ ਸਾਨੂੰ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਹਿੰਮਤ ਦਾ ਇਨਸਾਫ਼ ਨਾਲ ਡੂੰਘਾ ਸੰਬੰਧ ਹੈ?

      18 ਇਸੇ ਤਰ੍ਹਾਂ ਯਿਸੂ ਔਰਤਾਂ ਬਾਰੇ ਜੋ ਆਮ ਵਿਚਾਰ ਸੀ ਉਸ ਨਾਲ ਸਹਿਮਤ ਨਹੀਂ ਸੀ। ਇਸ ਦੀ ਬਜਾਇ ਉਸ ਨੇ ਹਿੰਮਤ ਨਾਲ ਔਰਤਾਂ ਨਾਲ ਹੁੰਦੇ ਅਨਿਆਂ ਦਾ ਵਿਰੋਧ ਕੀਤਾ। ਸਾਮਰੀ ਔਰਤਾਂ ਗ਼ੈਰ-ਯਹੂਦੀਆਂ ਜਿੰਨੀਆਂ ਅਸ਼ੁੱਧ ਸਮਝੀਆਂ ਜਾਂਦੀਆਂ ਸਨ। ਪਰ ਯਿਸੂ ਸੁਖਾਰ ਦੇ ਖੂਹ ਤੇ ਸਾਮਰੀ ਔਰਤ ਨਾਲ ਗੱਲ ਕਰਨੋਂ ਝਿਜਕਿਆ ਨਹੀਂ ਸੀ। ਦਰਅਸਲ ਹੋਰ ਕਿਸੇ ਤੋਂ ਪਹਿਲਾਂ ਯਿਸੂ ਨੇ ਇਸੇ ਔਰਤ ਨੂੰ ਹੀ ਦੱਸਿਆ ਸੀ ਕਿ ਉਹ ਵਾਅਦਾ ਕੀਤਾ ਹੋਇਆ “ਖ੍ਰਿਸਟੁਸ” ਯਾਨੀ ਮਸੀਹਾ ਸੀ। (ਯੂਹੰਨਾ 4:6, 25, 26) ਫ਼ਰੀਸੀਆਂ ਦੇ ਮੁਤਾਬਕ ਔਰਤਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਤੋਂ ਕੁਝ ਨਹੀਂ ਸਿਖਾਇਆ ਜਾਣਾ ਚਾਹੀਦਾ ਸੀ, ਪਰ ਯਿਸੂ ਨੇ ਕਾਫ਼ੀ ਸਮਾਂ ਲਾ ਕੇ ਔਰਤਾਂ ਨੂੰ ਤਾਲੀਮ ਦਿੱਤੀ ਸੀ। (ਲੂਕਾ 10:38-42) ਉਸ ਸਮੇਂ ਮੰਨਿਆ ਜਾਂਦਾ ਸੀ ਕਿ ਔਰਤਾਂ ਭਰੋਸੇਯੋਗ ਗਵਾਹੀ ਨਹੀਂ ਦੇ ਸਕਦੀਆਂ ਸਨ, ਪਰ ਯਿਸੂ ਨੇ ਮੁਰਦਿਆਂ ਵਿੱਚੋਂ ਜੀ ਉੱਠ ਕੇ ਸਭ ਤੋਂ ਪਹਿਲਾਂ ਔਰਤਾਂ ਨੂੰ ਹੀ ਦਰਸ਼ਣ ਦਿੱਤਾ ਸੀ। ਇਸ ਤਰ੍ਹਾਂ ਕਰ ਕੇ ਯਿਸੂ ਨੇ ਔਰਤਾਂ ਦਾ ਆਦਰ-ਸਤਿਕਾਰ ਕੀਤਾ। ਉਸ ਨੇ ਉਨ੍ਹਾਂ ਔਰਤਾਂ ਨੂੰ ਇਹ ਵੀ ਕਿਹਾ ਸੀ ਕਿ ਉਹ ਉਸ ਦੇ ਚੇਲਿਆਂ ਨੂੰ ਇਸ ਮਹੱਤਵਪੂਰਣ ਘਟਨਾ ਬਾਰੇ ਜਾ ਕੇ ਦੱਸਣ!—ਮੱਤੀ 28:1-10.

      19 ਜੀ ਹਾਂ, ਯਿਸੂ ਨੇ ਕੌਮਾਂ ਨੂੰ ਇਨਸਾਫ਼ ਦਾ ਅਸਲੀ ਮਤਲਬ ਸਮਝਾਇਆ ਸੀ। ਇਸ ਤਰ੍ਹਾਂ ਕਰਨ ਲਈ ਕਈ ਵਾਰ ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾਈ ਸੀ। ਯਿਸੂ ਦੀ ਉਦਾਹਰਣ ਤੋਂ ਅਸੀਂ ਦੇਖਦੇ ਹਾਂ ਕਿ ਸੱਚਾ ਇਨਸਾਫ਼ ਕਰਨ ਲਈ ਹਿੰਮਤ ਦੀ ਜ਼ਰੂਰਤ ਹੁੰਦੀ ਹੈ। ਤਾਂ ਫਿਰ ਇਹ ਠੀਕ ਹੈ ਕਿ ਉਸ ਨੂੰ “ਉਹ ਬਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ” ਸੱਦਿਆ ਗਿਆ ਸੀ। (ਪਰਕਾਸ਼ ਦੀ ਪੋਥੀ 5:5) ਯਾਦ ਰੱਖੋ ਕਿ ਸ਼ੇਰ ਇਨਸਾਫ਼ ਨੂੰ ਦਰਸਾਉਂਦਾ ਹੈ ਕਿਉਂਕਿ ਸੱਚਾ ਇਨਸਾਫ਼ ਕਰਨ ਲਈ ਬਹਾਦਰੀ ਅਤੇ ਹਿੰਮਤ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਗੁਣਾਂ ਲਈ ਸ਼ੇਰ ਮਸ਼ਹੂਰ ਹੈ। ਭਵਿੱਖ ਵਿਚ ਯਿਸੂ ਹੋਰ ਵੀ ਵੱਡੇ ਪੱਧਰ ਤੇ ਇਨਸਾਫ਼ ਕਰੇਗਾ। ਉਸ ਸਮੇਂ ਉਹ ਪੂਰੀ “ਪ੍ਰਿਥਵੀ ਉੱਤੇ ਇਨਸਾਫ਼” ਕਰੇਗਾ।—ਯਸਾਯਾਹ 42:4.

      ਮਸੀਹਾ “ਪ੍ਰਿਥਵੀ ਉੱਤੇ ਇਨਸਾਫ਼” ਦੇ ਮਿਆਰਾਂ ਨੂੰ ਪੱਕਾ ਕਰਦਾ ਹੈ

      20, 21. ਸਾਡੇ ਸਮੇਂ ਵਿਚ ਯਿਸੂ ਨੇ ਸਾਰੀ ਧਰਤੀ ਉੱਤੇ ਅਤੇ ਮਸੀਹੀ ਕਲੀਸਿਯਾ ਵਿਚ ਇਨਸਾਫ਼ ਦੇ ਮਿਆਰਾਂ ਨੂੰ ਕਾਇਮ ਕਿਸ ਤਰ੍ਹਾਂ ਕੀਤਾ ਹੈ?

      20 ਯਿਸੂ ਨੇ 1914 ਵਿਚ ਰਾਜਾ ਬਣ ਕੇ ਧਰਤੀ ਉੱਤੇ ਇਨਸਾਫ਼ ਕਰਨਾ ਸ਼ੁਰੂ ਕੀਤਾ ਸੀ। ਇਹ ਕਿਸ ਤਰ੍ਹਾਂ? ਉਸ ਨੇ ਮੱਤੀ 24:14 ਦੀ ਭਵਿੱਖਬਾਣੀ ਦੀ ਪੂਰਤੀ ਦੀ ਜ਼ਿੰਮੇਵਾਰੀ ਆਪਣੇ ਜ਼ਿੰਮੇ ਲਈ ਹੈ। ਧਰਤੀ ਤੇ ਯਿਸੂ ਦੇ ਚੇਲਿਆਂ ਨੇ ਹਰ ਦੇਸ਼ ਦੇ ਲੋਕਾਂ ਨੂੰ ਯਹੋਵਾਹ ਦੇ ਰਾਜ ਦੀ ਸੱਚਾਈ ਬਾਰੇ ਸਿਖਾਇਆ ਹੈ। ਯਿਸੂ ਵਾਂਗ ਉਨ੍ਹਾਂ ਨੇ ਤਰਫ਼ਦਾਰੀ ਕੀਤੇ ਬਿਨਾਂ ਸਾਰਿਆਂ ਨੂੰ ਇਨਸਾਫ਼ ਦੇ ਪਰਮੇਸ਼ੁਰ ਯਹੋਵਾਹ ਬਾਰੇ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਭਾਵੇਂ ਉਹ ਜਵਾਨ ਹੋਣ ਜਾਂ ਸਿਆਣੇ, ਅਮੀਰ ਹੋਣ ਜਾਂ ਗ਼ਰੀਬ, ਆਦਮੀ ਹੋਣ ਜਾਂ ਔਰਤਾਂ।

      21 ਕਲੀਸਿਯਾ ਦਾ ਸਿਰ ਹੋਣ ਦੇ ਨਾਤੇ ਯਿਸੂ ਉਸ ਵਿਚ ਵੀ ਪਰਮੇਸ਼ੁਰ ਦੇ ਇਨਸਾਫ਼ ਦੇ ਮਿਆਰਾਂ ਨੂੰ ਕਾਇਮ ਕਰ ਰਿਹਾ ਹੈ। ਜਿਵੇਂ ਭਵਿੱਖਬਾਣੀ ਕੀਤੀ ਗਈ ਸੀ, ਉਸ ਨੇ ਕਲੀਸਿਯਾ ਦੀ ਅਗਵਾਈ ਕਰਨ ਲਈ “ਮਨੁੱਖਾਂ ਨੂੰ ਦਾਨ” ਦਿੱਤੇ ਯਾਨੀ ਉਸ ਵਿਚ ਵਫ਼ਾਦਾਰ ਬਜ਼ੁਰਗ ਨਿਯੁਕਤ ਕੀਤੇ ਹਨ। (ਅਫ਼ਸੀਆਂ 4:8-12) ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰਦੇ ਹੋਏ ਇਹ ਆਦਮੀ ਯਿਸੂ ਦੀ ਮਿਸਾਲ ਤੇ ਚੱਲ ਕੇ ਇਨਸਾਫ਼ ਦੇ ਮਿਆਰਾਂ ਨੂੰ ਕਾਇਮ ਰੱਖਦੇ ਹਨ। ਉਹ ਹਮੇਸ਼ਾ ਯਾਦ ਰੱਖਦੇ ਹਨ ਕਿ ਯਿਸੂ ਆਪਣੀਆਂ ਭੇਡਾਂ ਨਾਲ ਨਿਆਂ ਹੁੰਦਾ ਦੇਖਣਾ ਚਾਹੁੰਦਾ ਹੈ, ਭਾਵੇਂ ਉਹ ਗ਼ਰੀਬ ਹੋਣ ਜਾਂ ਅਮੀਰ, ਪ੍ਰਸਿੱਧ ਹੋਣ ਜਾਂ ਨਾ।

      22. ਇਸ ਸੰਸਾਰ ਵਿਚ ਫੈਲੀ ਹੋਈ ਬੇਇਨਸਾਫ਼ੀ ਬਾਰੇ ਯਹੋਵਾਹ ਦਾ ਕੀ ਖ਼ਿਆਲ ਹੈ ਅਤੇ ਉਸ ਨੇ ਆਪਣੇ ਪੁੱਤਰ ਨੂੰ ਇਸ ਬਾਰੇ ਕੀ ਕਰਨ ਲਈ ਥਾਪਿਆ ਹੈ?

      22 ਪਰ ਭਵਿੱਖ ਵਿਚ ਯਿਸੂ ਇਕ ਬੇਮਿਸਾਲ ਤਰੀਕੇ ਨਾਲ ਧਰਤੀ ਉੱਤੇ ਇਨਸਾਫ਼ ਦੇ ਮਿਆਰਾਂ ਨੂੰ ਪੱਕਾ ਕਰੇਗਾ। ਇਸ ਭ੍ਰਿਸ਼ਟ ਸੰਸਾਰ ਵਿਚ ਬਹੁਤ ਹੀ ਬੇਇਨਸਾਫ਼ੀ ਫੈਲੀ ਹੋਈ ਹੈ। ਹਰ ਬੱਚਾ ਜੋ ਭੁੱਖਾ ਮਰਦਾ ਹੈ ਬੇਇਨਸਾਫ਼ੀ ਦਾ ਸ਼ਿਕਾਰ ਹੈ, ਖ਼ਾਸ ਕਰਕੇ ਜਦੋਂ ਅਸੀਂ ਸੋਚਦੇ ਹਾਂ ਕਿ ਜੰਗੀ ਹਥਿਆਰ ਬਣਾਉਣ ਲਈ ਅਤੇ ਐਸ਼ੋ-ਆਰਾਮ ਵਾਸਤੇ ਕਿੰਨਾ ਸਮਾਂ ਤੇ ਕਿੰਨੇ ਪੈਸੇ ਖ਼ਰਚ ਕੀਤੇ ਜਾਂਦੇ ਹਨ। ਇਹ ਸਿਰਫ਼ ਇੱਕੋ ਬੇਇਨਸਾਫ਼ੀ ਹੈ ਜਿਸ ਕਰਕੇ ਯਹੋਵਾਹ ਪਰਮੇਸ਼ੁਰ ਦਾ ਗੁੱਸੇ ਹੋਣਾ ਜਾਇਜ਼ ਹੈ। ਦੁਨੀਆਂ ਵਿਚ ਲੋਕਾਂ ਨਾਲ ਤਾਂ ਕਦਮ-ਕਦਮ ਤੇ ਬੇਇਨਸਾਫ਼ੀ ਹੁੰਦੀ ਹੈ। ਉਸ ਨੇ ਆਪਣੇ ਪੁੱਤਰ ਨੂੰ ਇਸ ਸਾਰੀ ਦੁਸ਼ਟ ਦੁਨੀਆਂ ਨਾਲ ਇਕ ਧਰਮੀ ਜੰਗ ਲੜਨ ਲਈ ਥਾਪਿਆ ਹੈ ਜਿਸ ਰਾਹੀਂ ਸਾਰੀ ਬੇਇਨਸਾਫ਼ੀ ਹਮੇਸ਼ਾ ਲਈ ਖ਼ਤਮ ਕਰ ਦਿੱਤੀ ਜਾਵੇਗੀ।—ਪਰਕਾਸ਼ ਦੀ ਪੋਥੀ 16:14, 16; 19:11-15.

      23. ਆਰਮਾਗੇਡਨ ਦੀ ਜੰਗ ਤੋਂ ਬਾਅਦ ਯਿਸੂ ਅਨੰਤ ਕਾਲ ਤਕ ਇਨਸਾਫ਼ ਦੇ ਮਿਆਰਾਂ ਨੂੰ ਕਿਸ ਤਰ੍ਹਾਂ ਕਾਇਮ ਰੱਖੇਗਾ?

      23 ਪਰ ਯਹੋਵਾਹ ਦੇ ਇਨਸਾਫ਼ ਦਾ ਸਿਰਫ਼ ਇਹੀ ਮਤਲਬ ਨਹੀਂ ਕਿ ਦੁਸ਼ਟਾਂ ਦਾ ਨਾਸ਼ ਕੀਤਾ ਜਾਵੇ। ਉਸ ਨੇ ਆਪਣੇ ਪੁੱਤਰ ਨੂੰ ‘ਸ਼ਾਂਤੀ ਦੇ ਰਾਜ ਕੁਮਾਰ’ ਵਜੋਂ ਰਾਜ ਕਰਨ ਲਈ ਵੀ ਥਾਪਿਆ ਹੈ। ਆਰਮਾਗੇਡਨ ਦੀ ਜੰਗ ਤੋਂ ਬਾਅਦ ਯਿਸੂ ਸਾਰੀ ਧਰਤੀ ਉੱਤੇ ਸ਼ਾਂਤੀ ਸਥਾਪਿਤ ਕਰੇਗਾ ਅਤੇ ਉਹ ‘ਨਿਆਉਂ ਦੇ ਨਾਲ’ ਰਾਜ ਕਰੇਗਾ। (ਯਸਾਯਾਹ 9:6, 7) ਫਿਰ ਯਿਸੂ ਖ਼ੁਸ਼ੀ ਨਾਲ ਧਰਤੀ ਤੋਂ ਹਰ ਦੁੱਖ-ਦਰਦ ਦੀ ਜੜ੍ਹ ਯਾਨੀ ਅਨਿਆਂ ਨੂੰ ਮਿਟਾ ਦੇਵੇਗਾ। ਫਿਰ ਉਹ ਅਨੰਤ ਕਾਲ ਤਕ ਵਫ਼ਾਦਾਰੀ ਨਾਲ ਯਹੋਵਾਹ ਦੇ ਸੰਪੂਰਣ ਇਨਸਾਫ਼ ਦੇ ਮਿਆਰਾਂ ਨੂੰ ਕਾਇਮ ਰੱਖੇਗਾ। ਇਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਇਨਸਾਫ਼ ਦੀ ਹੁਣ ਨਕਲ ਕਰੀਏ। ਆਓ ਆਪਾਂ ਅੱਗੇ ਦੇਖੀਏ ਕਿ ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ।

      a ਜਾਇਜ਼ ਗੁੱਸਾ ਕਰ ਕੇ ਯਿਸੂ ਨੇ ਬਿਲਕੁਲ ਯਹੋਵਾਹ ਦੀ ਰੀਸ ਕੀਤੀ ਸੀ ਜੋ ਹਰ ਬੁਰਾਈ ਉੱਤੇ “ਗੁੱਸਾ ਕਰਨ ਵਾਲਾ” ਹੈ। (ਨਹੂਮ 1:2) ਉਦਾਹਰਣ ਲਈ ਯਹੋਵਾਹ ਨੇ ਆਪਣੇ ਜ਼ਿੱਦੀ ਲੋਕਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਉਸ ਦੇ ਮੰਦਰ ਨੂੰ “ਡਾਕੂਆਂ ਦੇ ਲੁਕਣ ਦੀ ਥਾਂ” ਬਣਾ ਦਿੱਤਾ ਸੀ। ਇਹ ਕਹਿਣ ਤੋਂ ਬਾਅਦ ਉਸ ਨੇ ਕਿਹਾ: ‘ਮੈਂ ਆਪਣਾ ਕ੍ਰੋਧ ਇਸ ਮੰਦਰ ਉੱਤੇ ਪ੍ਰਗਟ ਕਰਾਂਗਾ।’—ਯਿਰਮਿਯਾਹ 7:11, 20, ਪਵਿੱਤਰ ਬਾਈਬਲ ਨਵਾਂ ਅਨੁਵਾਦ।

      b ਯਹੂਦੀਆਂ ਦੇ ਰਿਵਾਜਾਂ ਦੀ ਪੋਥੀ, ਮਿਸ਼ਨਾ ਦੇ ਮੁਤਾਬਕ ਕੁਝ ਸਾਲ ਬਾਅਦ ਹੈਕਲ ਵਿਚ ਕਬੂਤਰਾਂ ਦਾ ਭਾਅ ਜ਼ਿਆਦਾ ਹੋਣ ਕਰਕੇ ਲੋਕਾਂ ਨੇ ਰੋਸ ਪ੍ਰਗਟ ਕੀਤਾ ਸੀ। ਕੀਮਤ ਇਕਦਮ 99 ਫੀ ਸਦੀ ਘਟਾ ਦਿੱਤੀ ਗਈ ਸੀ! ਇਸ ਧੰਦੇ ਦਾ ਮੁਨਾਫ਼ਾ ਕਿਸ ਦੀ ਜੇਬ ਵਿਚ ਜਾਂਦਾ ਸੀ? ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਹੈਕਲ ਦੀਆਂ ਮੰਡੀਆਂ ਦਾ ਮਾਲਕ ਪ੍ਰਧਾਨ ਜਾਜਕ ਅੰਨਾਸ ਸੀ ਅਤੇ ਇਸ ਤੋਂ ਉਸ ਦੇ ਪਰਿਵਾਰ ਨੇ ਕਾਫ਼ੀ ਦੌਲਤ ਇਕੱਠੀ ਕੀਤੀ ਸੀ।—ਯੂਹੰਨਾ 18:13.

      c ਫ਼ਰੀਸੀ ਆਮ ਲੋਕਾਂ ਉੱਤੇ “ਲਾਨਤ” ਪਾਉਂਦੇ ਸਨ ਕਿਉਂਕਿ ਉਹ ਸ਼ਰਾ ਨੂੰ ਨਹੀਂ ਜਾਣਦੇ ਸਨ। (ਯੂਹੰਨਾ 7:49) ਉਹ ਕਹਿੰਦੇ ਸਨ ਕਿ ਇਨ੍ਹਾਂ ਲੋਕਾਂ ਨੂੰ ਕੁਝ ਨਾ ਸਿਖਾਇਆ ਜਾਵੇ, ਨਾ ਇਨ੍ਹਾਂ ਨਾਲ ਕੰਮ-ਧੰਦਾ ਕੀਤਾ ਜਾਵੇ, ਨਾ ਇਨ੍ਹਾਂ ਨਾਲ ਖਾਧਾ-ਪੀਤਾ ਜਾਵੇ ਤੇ ਨਾ ਹੀ ਇਨ੍ਹਾਂ ਨਾਲ ਪ੍ਰਾਰਥਨਾ ਕੀਤੀ ਜਾਵੇ। ਉਨ੍ਹਾਂ ਲਈ ਆਪਣੀ ਧੀ ਦਾ ਰਿਸ਼ਤਾ ਇਨ੍ਹਾਂ ਨਾਲ ਕਰਨਾ ਉਸ ਨੂੰ ਜਾਨਵਰਾਂ ਅੱਗੇ ਸੁੱਟਣ ਦੇ ਬਰਾਬਰ ਸੀ। ਫ਼ਰੀਸੀਆਂ ਦੇ ਅਨੁਸਾਰ ਇਹ ਨੀਵੇਂ ਦਰਜੇ ਦੇ ਲੋਕ ਮੁਰਦਿਆਂ ਤੋਂ ਦੁਬਾਰਾ ਜ਼ਿੰਦਾ ਹੋਣ ਦੀ ਆਸ ਨਹੀਂ ਰੱਖ ਸਕਦੇ ਸਨ।

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • ਜ਼ਬੂਰਾਂ ਦੀ ਪੋਥੀ 45:1-7 ਅਸੀਂ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਮਸੀਹਾ ਇਨਸਾਫ਼ ਦੇ ਮਿਆਰਾਂ ਨੂੰ ਕਾਇਮ ਰੱਖੇਗਾ?

      • ਮੱਤੀ 12:19-21 ਭਵਿੱਖਬਾਣੀ ਦੇ ਮੁਤਾਬਕ ਮਸੀਹਾ ਆਮ ਲੋਕਾਂ ਨਾਲ ਕਿਸ ਤਰ੍ਹਾਂ ਪੇਸ਼ ਆਇਆ ਸੀ?

      • ਮੱਤੀ 18:21-35 ਯਿਸੂ ਨੇ ਕਿਸ ਤਰ੍ਹਾਂ ਸਿਖਾਇਆ ਸੀ ਕਿ ਸੱਚਾ ਇਨਸਾਫ਼ ਦਇਆ ਨਾਲ ਕੀਤਾ ਜਾਂਦਾ ਹੈ?

      • ਮਰਕੁਸ 5:25-34 ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਪਰਮੇਸ਼ੁਰ ਦਾ ਇਨਸਾਫ਼ ਲੋਕਾਂ ਦੇ ਹਾਲਾਤ ਧਿਆਨ ਵਿਚ ਰੱਖਦਾ ਹੈ?

  • ਪਰਮੇਸ਼ੁਰ ਨਾਲ ਚੱਲਦੇ ਹੋਏ ‘ਇਨਸਾਫ਼ ਕਰੋ’
    ਯਹੋਵਾਹ ਦੇ ਨੇੜੇ ਰਹੋ
    • ਮੰਡਲੀ ਦੇ ਦੋ ਬਜ਼ੁਰਗ ਇਕ ਭੈਣ ਤੇ ਉਸ ਦੇ ਦੋ ਬੱਚਿਆਂ ਨੂੰ ਹੌਸਲਾ ਦਿੰਦੇ ਹੋਏ

      ਸੋਲ੍ਹਵਾਂ ਅਧਿਆਇ

      ਪਰਮੇਸ਼ੁਰ ਨਾਲ ਚੱਲਦੇ ਹੋਏ ‘ਇਨਸਾਫ਼ ਕਰੋ’

      1-3. (ੳ) ਅਸੀਂ ਯਹੋਵਾਹ ਦੇ ਅਹਿਸਾਨਮੰਦ ਕਿਉਂ ਹਾਂ? (ਅ) ਸਾਡਾ ਬਚਾਉਣ ਵਾਲਾ ਸਾਡੇ ਤੋਂ ਕੀ ਚਾਹੁੰਦਾ ਹੈ?

      ਮੰਨ ਲਓ ਕਿ ਤੁਸੀਂ ਇਕ ਸਮੁੰਦਰੀ ਜਹਾਜ਼ ਵਿਚ ਹੋ ਜੋ ਡੁੱਬ ਰਿਹਾ ਹੈ। ਤੁਹਾਨੂੰ ਬਚਣ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ। ਪਰ ਫਿਰ ਕੋਈ ਆ ਕੇ ਤੁਹਾਨੂੰ ਡੁੱਬਣ ਤੋਂ ਬਚਾ ਲੈਂਦਾ ਹੈ। ਜਦ ਬਚਾਉਣ ਵਾਲਾ ਤੁਹਾਨੂੰ ਖ਼ਤਰੇ ਤੋਂ ਦੂਰ ਲੈ ਜਾਂਦਾ ਹੈ, ਤਾਂ ਤੁਸੀਂ ਸੁੱਖ ਦਾ ਸਾਹ ਲੈਂਦੇ ਹੋ! ਕੀ ਤੁਸੀਂ ਉਸ ਬੰਦੇ ਦੇ ਅਹਿਸਾਨਮੰਦ ਨਹੀਂ ਹੋਵੋਗੇ? ਸੋਚਿਆ ਜਾਵੇ ਤਾਂ ਹੁਣ ਤੋਂ ਤੁਹਾਡੀ ਜਾਨ ਉਸ ਦੀ ਹੈ।

      2 ਕੁਝ ਇਸੇ ਤਰ੍ਹਾਂ ਯਹੋਵਾਹ ਨੇ ਵੀ ਸਾਡੀ ਜਾਨ ਨੂੰ ਖ਼ਤਰੇ ਤੋਂ ਬਚਾਇਆ ਹੈ। ਯਕੀਨਨ ਅਸੀਂ ਉਸ ਦੇ ਅਹਿਸਾਨਮੰਦ ਹਾਂ। ਉਸ ਨੇ ਨਿਸਤਾਰੇ ਦਾ ਪ੍ਰਬੰਧ ਕਰ ਕੇ ਸਾਨੂੰ ਪਾਪ ਤੇ ਮੌਤ ਦੇ ਪੰਜਿਆਂ ਤੋਂ ਛੁਡਾਉਣ ਦਾ ਇੰਤਜ਼ਾਮ ਕੀਤਾ ਹੈ। ਅਸੀਂ ਇਹ ਜਾਣ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ ਕਿ ਜਿੰਨੀ ਦੇਰ ਅਸੀਂ ਉਸ ਬਹੁਮੁੱਲੇ ਬਲੀਦਾਨ ਵਿਚ ਵਿਸ਼ਵਾਸ ਕਰਾਂਗੇ, ਸਾਡੇ ਪਾਪ ਮਾਫ਼ ਕੀਤੇ ਜਾਣਗੇ ਅਤੇ ਅਸੀਂ ਹਮੇਸ਼ਾ-ਹਮੇਸ਼ਾ ਲਈ ਖ਼ੁਸ਼ੀਆਂ-ਭਰੀ ਜ਼ਿੰਦਗੀ ਦੀ ਆਸ ਰੱਖ ਸਕਾਂਗੇ। (1 ਯੂਹੰਨਾ 1:7; 4:9) ਜਿਵੇਂ ਅਸੀਂ ਇਸ ਕਿਤਾਬ ਦੇ 14ਵੇਂ ਅਧਿਆਇ ਵਿਚ ਦੇਖਿਆ ਸੀ, ਨਿਸਤਾਰੇ ਦਾ ਪ੍ਰਬੰਧ ਯਹੋਵਾਹ ਦੇ ਪਿਆਰ ਅਤੇ ਇਨਸਾਫ਼ ਦੀ ਬਿਹਤਰੀਨ ਮਿਸਾਲ ਹੈ। ਇਸ ਬਾਰੇ ਸਾਨੂੰ ਕੀ ਕਰਨਾ ਚਾਹੀਦਾ ਹੈ?

      3 ਸਾਡੇ ਲਈ ਇਹ ਜਾਣਨਾ ਚੰਗੀ ਗੱਲ ਹੈ ਕਿ ਸਾਨੂੰ ਪਿਆਰ ਨਾਲ ਬਚਾਉਣ ਵਾਲਾ ਸਾਡੇ ਤੋਂ ਕੀ ਚਾਹੁੰਦਾ ਹੈ। ਆਪਣੇ ਨਬੀ ਮੀਕਾਹ ਦੇ ਰਾਹੀਂ ਯਹੋਵਾਹ ਕਹਿੰਦਾ ਹੈ: “ਹੇ ਆਦਮੀ, ਉਹ ਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ, ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?” (ਮੀਕਾਹ 6:8) ਨੋਟ ਕਰੋ ਕਿ ਇਕ ਚੀਜ਼ ਜੋ ਯਹੋਵਾਹ ਸਾਡੇ ਤੋਂ ਮੰਗਦਾ ਹੈ ਉਹ ਇਹ ਹੈ ਕਿ ਅਸੀਂ ‘ਇਨਸਾਫ਼ ਕਰੀਏ।’ ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ?

      ਪਰਮੇਸ਼ੁਰ ਦੇ ਧਰਮੀ ਮਿਆਰਾਂ ਉੱਤੇ ਚੱਲਦੇ ਰਹੋ

      4. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਸਾਡੇ ਤੋਂ ਉਸ ਦੇ ਧਰਮੀ ਮਿਆਰਾਂ ਅਨੁਸਾਰ ਚੱਲਣ ਦੀ ਆਸ ਰੱਖਦਾ ਹੈ?

      4 ਸਾਨੂੰ ਜਾਣਨਾ ਚਾਹੀਦਾ ਹੈ ਕਿ ਯਹੋਵਾਹ ਦੀ ਨਜ਼ਰ ਵਿਚ ਕੀ ਸਹੀ ਹੈ ਤੇ ਕੀ ਗ਼ਲਤ। ਉਹ ਆਸ ਰੱਖਦਾ ਹੈ ਕਿ ਅਸੀਂ ਉਸ ਦੇ ਮਿਆਰਾਂ ਅਨੁਸਾਰ ਚੱਲਾਂਗੇ। ਉਸ ਦੇ ਮਿਆਰ ਜਾਇਜ਼ ਤੇ ਧਰਮੀ ਹਨ। ਇਸ ਕਰਕੇ ਜਦੋਂ ਅਸੀਂ ਉਨ੍ਹਾਂ ਦੇ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਇਨਸਾਫ਼ ਅਤੇ ਧਰਮ ਦੇ ਰਾਹ ਤੇ ਚੱਲਦੇ ਹਾਂ। ਯਸਾਯਾਹ 1:17 ਵਿਚ ਲਿਖਿਆ ਹੈ ਕਿ “ਨੇਕੀ ਸਿੱਖੋ, ਨਿਆਉਂ ਨੂੰ ਭਾਲੋ।” ਪਰਮੇਸ਼ੁਰ ਦਾ ਬਚਨ ਸਾਨੂੰ ਕਹਿੰਦਾ ਹੈ: “ਧਰਮ ਨੂੰ ਭਾਲੋ।” (ਸਫ਼ਨਯਾਹ 2:3) ਉਹ ਸਾਨੂੰ ਇਹ ਵੀ ਕਹਿੰਦਾ ਹੈ ਕਿ “ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ . . . ਵਿੱਚ ਉਤਪਤ ਹੋਈ।” (ਅਫ਼ਸੀਆਂ 4:24) ਪਰਮੇਸ਼ੁਰ ਦੇ ਧਰਮੀ ਮਿਆਰਾਂ ਵਿਚ ਹਿੰਸਾ, ਗੰਦ-ਮੰਦ ਤੇ ਵਿਭਚਾਰ ਲਈ ਕੋਈ ਥਾਂ ਨਹੀਂ ਹੈ ਕਿਉਂਕਿ ਇਹ ਗੱਲਾਂ ਸਾਨੂੰ ਪਵਿੱਤਰ ਨਹੀਂ ਰਹਿਣ ਦਿੰਦੀਆਂ।—ਜ਼ਬੂਰਾਂ ਦੀ ਪੋਥੀ 11:5; ਅਫ਼ਸੀਆਂ 5:3-5.

      5, 6. (ੳ) ਯਹੋਵਾਹ ਦੇ ਧਰਮੀ ਮਿਆਰਾਂ ਅਨੁਸਾਰ ਚੱਲਣਾ ਸਾਡੇ ਲਈ ਬੋਝ ਕਿਉਂ ਨਹੀਂ ਹੈ? (ਅ) ਬਾਈਬਲ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਅਸੀਂ ਨਵੀਂ ਸ਼ਖ਼ਸੀਅਤ ਨੂੰ ਇੱਕੋ ਵਾਰ ਨਹੀਂ ਪਹਿਨ ਸਕਦੇ?

      5 ਪਰ ਕੀ ਸਾਡੇ ਲਈ ਯਹੋਵਾਹ ਦੇ ਧਰਮੀ ਮਿਆਰ ਬੋਝ ਹਨ? ਬਿਲਕੁਲ ਨਹੀਂ। ਜੇ ਸਾਡਾ ਦਿਲ ਉਸ ਦੀ ਗੱਲ ਸੁਣਨੀ ਚਾਹੁੰਦਾ ਹੈ, ਤਾਂ ਇਹ ਮਿਆਰ ਸਾਡੇ ਲਈ ਬੋਝ ਨਹੀਂ ਹਨ। ਕਿਉਂ ਜੋ ਅਸੀਂ ਪਰਮੇਸ਼ੁਰ ਅਤੇ ਉਸ ਦੇ ਵਧੀਆ ਗੁਣਾਂ ਨਾਲ ਪ੍ਰੇਮ ਕਰਦੇ ਹਾਂ, ਅਸੀਂ ਉਸ ਦਾ ਦਿਲ ਖ਼ੁਸ਼ ਕਰਨ ਲਈ ਉਸ ਦੀ ਇੱਛਾ ਅਨੁਸਾਰ ਜੀਉਣਾ ਚਾਹੁੰਦੇ ਹਾਂ। (1 ਯੂਹੰਨਾ 5:3) ਯਾਦ ਰੱਖੋ ਕਿ “ਉਹ ਧਰਮ ਨਾਲ ਪ੍ਰੀਤ ਰੱਖਦਾ ਹੈ।” (ਜ਼ਬੂਰਾਂ ਦੀ ਪੋਥੀ 11:7) ਜੇ ਅਸੀਂ ਸੱਚ-ਮੁੱਚ ਪਰਮੇਸ਼ੁਰ ਵਾਂਗ ਇਨਸਾਫ਼ ਕਰਨਾ ਚਾਹੁੰਦੇ ਹਾਂ ਅਤੇ ਉਸ ਦੇ ਧਰਮੀ ਮਿਆਰਾਂ ਉੱਤੇ ਚੱਲਣਾ ਚਾਹੁੰਦੇ ਹਾਂ, ਤਾਂ ਸਾਨੂੰ ਉਨ੍ਹਾਂ ਚੀਜ਼ਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਜਿਨ੍ਹਾਂ ਨਾਲ ਯਹੋਵਾਹ ਪਿਆਰ ਕਰਦਾ ਹੈ ਅਤੇ ਉਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰਨੀ ਚਾਹੀਦੀ ਹੈ ਜਿਨ੍ਹਾਂ ਨਾਲ ਉਹ ਨਫ਼ਰਤ ਕਰਦਾ ਹੈ।—ਜ਼ਬੂਰਾਂ ਦੀ ਪੋਥੀ 97:10.

      6 ਪਾਪੀ ਹੋਣ ਕਰਕੇ ਇਨਸਾਨਾਂ ਲਈ ਧਾਰਮਿਕਤਾ ਦੇ ਰਾਹ ਉੱਤੇ ਚੱਲਣਾ ਆਸਾਨ ਨਹੀਂ ਹੈ। ਸਾਨੂੰ ਪੁਰਾਣੀ ਸ਼ਖ਼ਸੀਅਤ ਨੂੰ ਉਹ ਦੇ ਬੁਰੇ ਕੰਮਾਂ-ਕਾਰਾਂ ਸਣੇ ਲਾਹ ਕੇ ਨਵੀਂ ਨੂੰ ਪਹਿਨ ਲੈਣਾ ਚਾਹੀਦਾ ਹੈ। ਬਾਈਬਲ ਕਹਿੰਦੀ ਹੈ ਕਿ ਸਾਡੀ ਸ਼ਖ਼ਸੀਅਤ ਸਹੀ ਗਿਆਨ ਦੇ ਰਾਹੀਂ “ਨਵੀਂ ਬਣਦੀ ਜਾਂਦੀ ਹੈ।” (ਕੁਲੁੱਸੀਆਂ 3:9, 10) ਮੁਢਲੀ ਭਾਸ਼ਾ ਦੇ ਜਿਨ੍ਹਾਂ ਸ਼ਬਦਾਂ ਦਾ ਤਰਜਮਾ “ਨਵੀਂ ਬਣਦੀ ਜਾਂਦੀ ਹੈ” ਕੀਤਾ ਗਿਆ ਹੈ, ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਨਵੀਂ ਸ਼ਖ਼ਸੀਅਤ ਇੱਕੋ ਵਾਰ ਨਹੀਂ ਪਹਿਨੀ ਜਾਂਦੀ, ਸਗੋਂ ਇਸ ਨੂੰ ਪਹਿਨਣ ਲਈ ਲਗਾਤਾਰ ਜਤਨ ਕਰਨਾ ਪੈਂਦਾ ਹੈ। ਅਸੀਂ ਸਹੀ ਕੰਮ ਕਰਨ ਲਈ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ, ਪਰ ਫਿਰ ਵੀ ਕਈ ਵਾਰ ਅਸੀਂ ਆਪਣੇ ਪਾਪੀ ਸੁਭਾਅ ਕਰਕੇ ਸੋਚਣ, ਬੋਲਣ ਜਾਂ ਕਹਿਣ ਵਿਚ ਗ਼ਲਤੀ ਕਰ ਬੈਠਦੇ ਹਾਂ।—ਰੋਮੀਆਂ 7:14-20; ਯਾਕੂਬ 3:2.

      7. ਇਨਸਾਫ਼ ਦੇ ਰਾਹ ਉੱਤੇ ਚੱਲਦੇ ਹੋਏ ਜੇ ਸਾਡੇ ਤੋਂ ਕੋਈ ਗ਼ਲਤੀ ਹੋ ਜਾਵੇ, ਤਾਂ ਸਾਨੂੰ ਉਸ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ?

      7 ਇਨਸਾਫ਼ ਦੇ ਰਾਹ ਉੱਤੇ ਚੱਲਦੇ ਹੋਏ ਜੇ ਸਾਡੇ ਤੋਂ ਕੋਈ ਗ਼ਲਤੀ ਹੋ ਜਾਵੇ, ਤਾਂ ਸਾਨੂੰ ਉਸ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ? ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ‘ਚਲੋ ਗ਼ਲਤੀ ਹੋ ਗਈ, ਕੋਈ ਗੱਲ ਨਹੀਂ।’ ਪਰ ਸਾਨੂੰ ਆਪਣੇ ਆਪ ਵਿਚ ਬਿਲਕੁਲ ਨਿਕੰਮੇ ਵੀ ਨਹੀਂ ਮਹਿਸੂਸ ਕਰਨਾ ਚਾਹੀਦਾ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਕਰਕੇ ਪਰਮੇਸ਼ੁਰ ਦੀ ਸੇਵਾ ਕਰਨ ਦੇ ਲਾਇਕ ਹੀ ਨਹੀਂ ਹਾਂ। ਜੀ ਹਾਂ, ਸਾਨੂੰ ਹਿੰਮਤ ਕਦੇ ਨਹੀਂ ਹਾਰਨੀ ਚਾਹੀਦੀ। ਸਾਡੇ ਮਿਹਰਬਾਨ ਪਰਮੇਸ਼ੁਰ ਨੇ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਨ ਲਈ ਪ੍ਰਬੰਧ ਕੀਤੇ ਹੋਏ ਹਨ। ਯੂਹੰਨਾ ਰਸੂਲ ਦੇ ਸ਼ਬਦਾਂ ਵੱਲ ਜ਼ਰਾ ਧਿਆਨ ਦਿਓ ਜਿਨ੍ਹਾਂ ਨੂੰ ਪੜ੍ਹ ਕੇ ਤਸੱਲੀ ਹੁੰਦੀ ਹੈ: “ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਭਈ ਤੁਸੀਂ ਪਾਪ ਨਾ ਕਰੋ।” ਪਰ ਉਸ ਨੇ ਅੱਗੇ ਇਹ ਵੀ ਲਿਖਿਆ: “ਜੇ ਕੋਈ [ਵਿਰਸੇ ਵਿਚ ਮਿਲੀ ਨਾਮੁਕੰਮਲਤਾ ਦੇ ਕਾਰਨ] ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ।” (1 ਯੂਹੰਨਾ 2:1) ਜੀ ਹਾਂ, ਯਹੋਵਾਹ ਨੇ ਯਿਸੂ ਦੇ ਬਲੀਦਾਨ ਦੇ ਜ਼ਰੀਏ ਰਿਹਾਈ ਦਾ ਪ੍ਰਬੰਧ ਕੀਤਾ ਹੋਇਆ ਹੈ, ਤਾਂਕਿ ਅਸੀਂ ਆਪਣੇ ਪਾਪੀ ਸੁਭਾਅ ਦੇ ਬਾਵਜੂਦ ਵੀ ਉਸ ਦੀ ਸੇਵਾ ਕਰ ਸਕੀਏ। ਕੀ ਇਹ ਜਾਣ ਕੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਆਪਣੀ ਪੂਰੀ ਵਾਹ ਨਹੀਂ ਲਾਉਣੀ ਚਾਹੁੰਦੇ?

      ਖ਼ੁਸ਼ ਖ਼ਬਰੀ ਅਤੇ ਪਰਮੇਸ਼ੁਰ ਦਾ ਇਨਸਾਫ਼

      8, 9. ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾ ਕੇ ਯਹੋਵਾਹ ਆਪਣਾ ਇਨਸਾਫ਼ ਕਿਸ ਤਰ੍ਹਾਂ ਜ਼ਾਹਰ ਕਰਦਾ ਹੈ?

      8 ਅਸੀਂ ਵੀ ਪਰਮੇਸ਼ੁਰ ਵਾਂਗ ਇਨਸਾਫ਼ ਕਰ ਸਕਦੇ ਹਾਂ। ਕਿਸ ਤਰ੍ਹਾਂ? ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਚੰਗਾ ਖ਼ਾਸਾ ਹਿੱਸਾ ਲੈ ਕੇ। ਪਰਮੇਸ਼ੁਰ ਦੇ ਇਨਸਾਫ਼ ਅਤੇ ਖ਼ੁਸ਼ ਖ਼ਬਰੀ ਵਿਚ ਕੀ ਸੰਬੰਧ ਹੈ?

      9 ਯਹੋਵਾਹ ਇਸ ਦੁਸ਼ਟ ਦੁਨੀਆਂ ਦਾ ਨਾਸ਼ ਉਸ ਸਮੇਂ ਤਕ ਨਹੀਂ ਕਰੇਗਾ ਜਦ ਤਕ ਉਹ ਇਸ ਦੀ ਚੇਤਾਵਨੀ ਨਾ ਦੇ ਦੇਵੇ। ਯਿਸੂ ਨੇ ਭਵਿੱਖਬਾਣੀ ਵਿਚ ਦੱਸਿਆ ਸੀ ਕਿ ਅੰਤ ਦੇ ਸਮੇਂ ਵਿਚ ਕੀ ਹੋਵੇਗਾ: ‘ਪਹਿਲਾਂ ਸਾਰੀਆਂ ਕੌਮਾਂ ਦੇ ਅੱਗੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਏਗਾ।’ (ਮਰਕੁਸ 13:10; ਮੱਤੀ 24:3) “ਪਹਿਲਾਂ” ਕਹਿਣ ਦਾ ਮਤਲਬ ਹੈ ਕਿ ਦੁਨੀਆਂ ਭਰ ਵਿਚ ਪ੍ਰਚਾਰ ਕੀਤੇ ਜਾਣ ਤੋਂ ਬਾਅਦ ਹੋਰ ਘਟਨਾਵਾਂ ਵੀ ਵਾਪਰਨਗੀਆਂ। ਇਨ੍ਹਾਂ ਘਟਨਾਵਾਂ ਵਿਚ ਵੱਡੀ ਬਿਪਤਾ ਵੀ ਸ਼ਾਮਲ ਹੈ। ਇਸ ਬਿਪਤਾ ਵਿਚ ਦੁਸ਼ਟ ਲੋਕਾਂ ਦਾ ਨਾਸ਼ ਕੀਤਾ ਜਾਵੇਗਾ ਅਤੇ ਧਰਮੀ ਨਵੀਂ ਦੁਨੀਆਂ ਲਈ ਰਾਹ ਤਿਆਰ ਕੀਤਾ ਜਾਵੇਗਾ। (ਮੱਤੀ 24:14, 21, 22) ਦੁਸ਼ਟ ਲੋਕਾਂ ਨੂੰ ਖ਼ਬਰਦਾਰ ਕਰ ਕੇ ਯਹੋਵਾਹ ਅੱਜ ਉਨ੍ਹਾਂ ਨੂੰ ਮੌਕਾ ਦੇ ਰਿਹਾ ਹੈ ਕਿ ਉਹ ਆਪਣੀ ਚਾਲ ਬਦਲ ਲੈਣ ਅਤੇ ਇਸ ਤਰ੍ਹਾਂ ਨਾਸ਼ ਹੋਣ ਤੋਂ ਬਚ ਜਾਣ। ਕੋਈ ਵੀ ਯਹੋਵਾਹ ਤੇ ਦੋਸ਼ ਨਹੀਂ ਲਗਾ ਸਕਦਾ ਕਿ ਉਸ ਨੇ ਦੁਸ਼ਟ ਲੋਕਾਂ ਨਾਲ ਬੇਇਨਸਾਫ਼ੀ ਕੀਤੀ।—ਯੂਨਾਹ 3:1-10.

      ਯਹੋਵਾਹ ਦੀ ਗਵਾਹ ਇਕ ਅਪਾਹਜ ਬਿਰਧ ਆਦਮੀ ਤੇ ਛੋਟੀ ਜਿਹੀ ਕੁੜੀ ਨੂੰ ਖ਼ੁਸ਼ ਖ਼ਬਰੀ ਸੁਣਾਉਂਦੀ ਹੋਈ

      ਪੱਖਪਾਤ ਕੀਤੇ ਬਿਨਾਂ ਸਾਰਿਆਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਅਸੀਂ ਪਰਮੇਸ਼ੁਰ ਦੇ ਇਨਸਾਫ਼ ਨੂੰ ਜ਼ਾਹਰ ਕਰਦੇ ਹਾਂ

      10, 11. ਜਦ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਤਾਂ ਇਸ ਤੋਂ ਪਰਮੇਸ਼ੁਰ ਦਾ ਇਨਸਾਫ਼ ਕਿਸ ਤਰ੍ਹਾਂ ਜ਼ਾਹਰ ਹੁੰਦਾ ਹੈ?

      10 ਜਦ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਤਾਂ ਇਸ ਤੋਂ ਪਰਮੇਸ਼ੁਰ ਦਾ ਇਨਸਾਫ਼ ਕਿਸ ਤਰ੍ਹਾਂ ਜ਼ਾਹਰ ਹੁੰਦਾ ਹੈ? ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਮੁਕਤੀ ਹਾਸਲ ਕਰਨ ਵਿਚ ਦੂਸਰਿਆਂ ਦੀ ਮਦਦ ਕਰਨ ਤੋਂ ਸਾਨੂੰ ਪਿੱਛੇ ਨਹੀਂ ਹੱਟਣਾ ਚਾਹੀਦਾ। ਫਿਰ ਤੋਂ ਦੀ ਉਸ ਡੁੱਬ ਰਹੇ ਸਮੁੰਦਰੀ ਜਹਾਜ਼ ਦੀ ਉਦਾਹਰਣ ਉੱਤੇ ਗੌਰ ਕਰੋ ਜਿਸ ਤੋਂ ਤੁਸੀਂ ਬਚਾਏ ਜਾਂਦੇ ਹੋ। ਖ਼ਤਰੇ ਵਿੱਚੋਂ ਨਿਕਲ ਕੇ ਤੁਸੀਂ ਜ਼ਰੂਰ ਹੋਰਨਾਂ ਬਾਰੇ ਵੀ ਸੋਚੋਗੇ ਜੋ ਅਜੇ ਪਾਣੀ ਵਿਚ ਹੀ ਤਰਲੇ ਕਰ ਰਹੇ ਹਨ। ਇਸੇ ਤਰ੍ਹਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੀ ਮਦਦ ਕਰੀਏ ਜੋ ਅਜੇ ਇਸ ਦੁਸ਼ਟ ਦੁਨੀਆਂ ਦੇ “ਪਾਣੀਆਂ” ਵਿਚ ਡੁੱਬ ਰਹੇ ਹਨ। ਇਹ ਸੱਚ ਹੈ ਕਿ ਕਈ ਲੋਕ ਸਾਡੀ ਗੱਲ ਨਹੀਂ ਸੁਣਦੇ। ਪਰ ਜਦ ਤਕ ਯਹੋਵਾਹ ਧੀਰਜ ਰੱਖਦਾ ਹੈ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਲੋਕਾਂ ਨੂੰ “ਤੋਬਾ ਵੱਲ ਮੁੜਨ” ਦਾ ਮੌਕਾ ਦੇਈਏ, ਤਾਂਕਿ ਉਹ ਬਚ ਸਕਣ।—2 ਪਤਰਸ 3:9.

      11 ਪੱਖਪਾਤ ਕੀਤੇ ਬਿਨਾਂ ਸਾਰਿਆਂ ਨੂੰ ਪ੍ਰਚਾਰ ਕਰ ਕੇ ਅਸੀਂ ਇਕ ਹੋਰ ਤਰੀਕੇ ਨਾਲ ਇਨਸਾਫ਼ ਕਰਦੇ ਹਾਂ। ਯਾਦ ਰੱਖੋ ਕਿ “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਜੇ ਅਸੀਂ ਪਰਮੇਸ਼ੁਰ ਦੇ ਇਨਸਾਫ਼ ਦੀ ਨਕਲ ਕਰਨੀ ਹੈ, ਤਾਂ ਸਾਨੂੰ ਕਿਸੇ ਨੂੰ ਦੇਖ ਕੇ ਪਹਿਲਾਂ ਹੀ ਉਸ ਬਾਰੇ ਆਪਣਾ ਮਨ ਨਹੀਂ ਬਣਾ ਲੈਣਾ ਚਾਹੀਦਾ ਕਿ ਉਹ ਸਾਡੀ ਗੱਲ ਸੁਣੇਗਾ ਜਾਂ ਨਹੀਂ। ਇਸ ਦੀ ਬਜਾਇ ਸਾਨੂੰ ਹਰੇਕ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨੀ ਚਾਹੀਦੀ ਹੈ ਭਾਵੇਂ ਉਹ ਕਿਸੇ ਵੀ ਜਾਤ ਦੇ ਹੋਣ, ਵੱਡੇ ਜਾਂ ਛੋਟੇ ਲੋਕ ਹੋਣ, ਗ਼ਰੀਬ ਜਾਂ ਅਮੀਰ ਹੋਣ। ਇਸ ਤਰ੍ਹਾਂ ਜੋ ਕੋਈ ਵੀ ਸੁਣਨ ਲਈ ਤਿਆਰ ਹੁੰਦਾ ਹੈ, ਤਾਂ ਅਸੀਂ ਉਸ ਨੂੰ ਸੱਚਾਈ ਬਾਰੇ ਸਿੱਖਣ ਦਾ ਮੌਕਾ ਦਿੰਦੇ ਹਾਂ।—ਰੋਮੀਆਂ 10:11-13.

      ਦੂਸਰਿਆਂ ਨਾਲ ਪੇਸ਼ ਆਉਣਾ

      12, 13. (ੳ) ਸਾਨੂੰ ਜਲਦੀ ਦੇਣੀ ਦੂਸਰਿਆਂ ਦੀਆਂ ਗ਼ਲਤੀਆਂ ਕਿਉਂ ਨਹੀਂ ਕੱਢਣੀਆਂ ਚਾਹੀਦੀਆਂ? (ਅ) ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਕਿ “ਦੋਸ਼ ਨਾ ਲਾਓ” ਅਤੇ “ਅਪਰਾਧੀ ਨਾ ਠਹਿਰਾਓ”? (ਫੁਟਨੋਟ ਦੇਖੋ।)

      12 ਅਸੀਂ ਇਨਸਾਫ਼ ਦੇ ਰਾਹ ਤੇ ਹੋਰ ਕਿਸ ਤਰ੍ਹਾਂ ਚੱਲ ਸਕਦੇ ਹਾਂ? ਦੂਸਰਿਆਂ ਨਾਲ ਉਸ ਤਰ੍ਹਾਂ ਪੇਸ਼ ਆ ਕੇ ਜਿਵੇਂ ਯਹੋਵਾਹ ਸਾਡੇ ਨਾਲ ਪੇਸ਼ ਆਉਂਦਾ ਹੈ। ਦੂਸਰਿਆਂ ਨੂੰ ਮਤਲਬੀ ਸੱਦਣਾ ਅਤੇ ਉਨ੍ਹਾਂ ਦੀਆਂ ਗ਼ਲਤੀਆਂ ਤੇ ਕਮਜ਼ੋਰੀਆਂ ਦੇਖਣੀਆਂ ਬਹੁਤ ਆਸਾਨ ਹੈ। ਪਰ ਸਾਡੇ ਵਿੱਚੋਂ ਕੌਣ ਚਾਹੇਗਾ ਕਿ ਯਹੋਵਾਹ ਸਾਡੀਆਂ ਕਮੀਆਂ ਨੂੰ ਇੰਨੀ ਬੇਰਹਿਮੀ ਨਾਲ ਦੇਖੇ? ਯਹੋਵਾਹ ਸਾਡੇ ਨਾਲ ਇਸ ਤਰ੍ਹਾਂ ਪੇਸ਼ ਨਹੀਂ ਆਉਂਦਾ। ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ ਸੀ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂਰਾਂ ਦੀ ਪੋਥੀ 130:3) ਕੀ ਅਸੀਂ ਸ਼ੁਕਰਗੁਜ਼ਾਰ ਨਹੀਂ ਹਾਂ ਕਿ ਸਾਡਾ ਦਿਆਲੂ ਤੇ ਕਿਰਪਾਲੂ ਪਰਮੇਸ਼ੁਰ ਸਾਡੀਆਂ ਗ਼ਲਤੀਆਂ ਉੱਤੇ ਹੀ ਆਪਣਾ ਧਿਆਨ ਨਹੀਂ ਲਾਈ ਰੱਖਦਾ? (ਜ਼ਬੂਰਾਂ ਦੀ ਪੋਥੀ 103:8-10) ਤਾਂ ਫਿਰ ਸਾਨੂੰ ਦੂਸਰਿਆਂ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਨਾ ਚਾਹੀਦਾ ਹੈ?

      13 ਜੇ ਅਸੀਂ ਆਪਣੇ ਦਇਆਵਾਨ ਪਰਮੇਸ਼ੁਰ ਦੇ ਇਨਸਾਫ਼ ਨੂੰ ਚੰਗੀ ਤਰ੍ਹਾਂ ਸਮਝਾਂਗੇ, ਤਾਂ ਅਸੀਂ ਜਲਦਬਾਜ਼ੀ ਵਿਚ ਦੂਸਰਿਆਂ ਨੂੰ ਦੋਸ਼ੀ ਨਹੀਂ ਠਹਿਰਾਵਾਂਗੇ। ਅਸੀਂ ਰਾਈ ਦਾ ਪਹਾੜ ਨਹੀਂ ਬਣਾਵਾਂਗੇ ਅਤੇ ਨਾ ਹੀ ਦੂਸਰਿਆਂ ਦੇ ਮਾਮਲੇ ਵਿਚ ਦਖ਼ਲ ਦੇਵਾਂਗੇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਚੇਤਾਵਨੀ ਦਿੱਤੀ ਸੀ: “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ।” (ਮੱਤੀ 7:1) ਲੂਕਾ ਦੇ ਬਿਰਤਾਂਤ ਮੁਤਾਬਕ ਯਿਸੂ ਨੇ ਅੱਗੇ ਕਿਹਾ: “ਅਪਰਾਧੀ ਨਾ ਠਹਿਰਾਓ ਤਾਂ ਤੁਸੀਂ ਅਪਰਾਧੀ ਨਾ ਠਹਿਰਾਏ ਜਾਓਗੇ।”a (ਲੂਕਾ 6:37) ਇਸ ਤਰ੍ਹਾਂ ਕਹਿ ਕੇ ਯਿਸੂ ਨੇ ਦਿਖਾਇਆ ਕਿ ਉਹ ਜਾਣਦਾ ਸੀ ਕਿ ਇਕ-ਦੂਜੇ ਵਿਚ ਗ਼ਲਤੀਆਂ ਕੱਢਣੀਆਂ ਇਨਸਾਨ ਦਾ ਸੁਭਾਅ ਹੈ। ਉਸ ਦੀ ਗੱਲ ਸੁਣਨ ਵਾਲੇ ਕਿਸੇ ਨੂੰ ਵੀ, ਜਿਸ ਨੂੰ ਇਸ ਤਰ੍ਹਾਂ ਕਰਨ ਦੀ ਆਦਤ ਸੀ, ਇਸ ਤਰ੍ਹਾਂ ਕਰਨ ਤੋਂ ਹੱਟ ਜਾਣਾ ਚਾਹੀਦਾ ਸੀ।

      14. ਸਾਨੂੰ ਕਿਨ੍ਹਾਂ ਕਾਰਨਾਂ ਕਰਕੇ ਦੂਸਰਿਆਂ ਤੇ “ਦੋਸ਼ ਲਾਉਣ” ਤੋਂ ਹੱਟ ਜਾਣਾ ਚਾਹੀਦਾ ਹੈ?

      14 ਸਾਨੂੰ ਦੂਸਰਿਆਂ ਤੇ “ਦੋਸ਼ ਲਾਉਣ” ਤੋਂ ਕਿਉਂ ਹੱਟ ਜਾਣਾ ਚਾਹੀਦਾ ਹੈ? ਇਕ ਕਾਰਨ ਹੈ ਕਿ ਸਾਨੂੰ ਇਸ ਤਰ੍ਹਾਂ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ। ਯਿਸੂ ਦੇ ਚੇਲੇ ਯਾਕੂਬ ਨੇ ਸਾਨੂੰ ਯਾਦ ਕਰਾਇਆ: “ਸ਼ਰਾ ਦਾ ਦੇਣ ਵਾਲਾ ਅਤੇ ਨਿਆਈ ਇੱਕੋ ਹੈ”—ਯਹੋਵਾਹ। ਇਸ ਕਰਕੇ ਯਾਕੂਬ ਨੇ ਜ਼ੋਰ ਦੇ ਕੇ ਪੁੱਛਿਆ ਕਿ “ਤੂੰ ਆਪਣੇ ਗੁਆਂਢੀ ਉੱਤੇ ਦੋਸ਼ ਲਾਉਣ ਵਾਲਾ ਕੋਣ ਹੁੰਦਾ ਹੈਂ?” (ਯਾਕੂਬ 4:12; ਰੋਮੀਆਂ 14:1-4) ਇਸ ਤੋਂ ਇਲਾਵਾ ਆਪਣੇ ਪਾਪੀ ਸੁਭਾਅ ਕਰਕੇ ਅਸੀਂ ਆਸਾਨੀ ਨਾਲ ਦੂਸਰਿਆਂ ਉੱਤੇ ਝੂਠਾ ਦੋਸ਼ ਲਗਾ ਸਕਦੇ ਹਾਂ। ਅਸੀਂ ਪੱਖਪਾਤ ਤੇ ਖਾਰ ਖਾਣ ਕਰਕੇ ਦੂਸਰਿਆਂ ਨੂੰ ਗ਼ਲਤ ਸਮਝ ਸਕਦੇ ਹਾਂ। ਜੇ ਅਸੀਂ ਆਪਣੇ ਆਪ ਨੂੰ ਜ਼ਿਆਦਾ ਚੰਗਾ ਸਮਝਦੇ ਹਾਂ ਜਾਂ ਸਾਨੂੰ ਲੱਗੇ ਕਿ ਸਾਡੇ ਨਾਲ ਅਨਿਆਂ ਹੋਇਆ ਹੈ, ਤਾਂ ਵੀ ਅਸੀਂ ਦੂਸਰਿਆਂ ਬਾਰੇ ਬੁਰਾ-ਭਲਾ ਸੋਚ ਸਕਦੇ ਹਾਂ। ਸਾਡੇ ਵਿਚ ਹੋਰ ਵੀ ਕਈ ਕਮੀਆਂ ਹਨ ਅਤੇ ਉਨ੍ਹਾਂ ਬਾਰੇ ਸੋਚ ਕੇ ਅਸੀਂ ਜਲਦਬਾਜ਼ੀ ਵਿਚ ਦੂਜਿਆਂ ਵਿਚ ਗ਼ਲਤੀਆਂ ਦੇਖਣ ਤੋਂ ਪਰਹੇਜ਼ ਕਰਾਂਗੇ। ਅਸੀਂ ਕਿਸੇ ਦੇ ਦਿਲ ਦੀ ਗੱਲ ਨਹੀਂ ਜਾਣ ਸਕਦੇ ਅਤੇ ਨਾ ਹੀ ਅਸੀਂ ਕਿਸੇ ਦੇ ਨਿੱਜੀ ਹਾਲਾਤ ਪੂਰੀ ਤਰ੍ਹਾਂ ਜਾਣ ਸਕਦੇ ਹਾਂ। ਫਿਰ ਅਸੀਂ ਕੌਣ ਹੁੰਦੇ ਹਾਂ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਨੁਕਤਾਚੀਨੀ ਕਰਨ ਵਾਲੇ? ਸਾਨੂੰ ਦਿਲ ਵਿਚ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਕਿ ਉਹ ਪਰਮੇਸ਼ੁਰ ਦੀ ਇੰਨੀ ਸੇਵਾ ਕਿਉਂ ਕਰਦੇ ਹਨ ਜਾਂ ਕਿਉਂ ਨਹੀਂ ਕਰਦੇ ਜਾਂ ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕੀਤਾ ਜਾਂ ਕਿਉਂ ਨਹੀਂ ਕੀਤਾ। ਕਿੰਨਾ ਚੰਗਾ ਹੋਵੇਗਾ ਜੇ ਅਸੀਂ ਯਹੋਵਾਹ ਦੀ ਨਕਲ ਕਰ ਕੇ ਆਪਣੇ ਭੈਣਾਂ-ਭਰਾਵਾਂ ਦੀਆਂ ਕਮੀਆਂ ਦੇਖਦੇ ਰਹਿਣ ਦੀ ਬਜਾਇ ਉਨ੍ਹਾਂ ਦੀਆਂ ਖੂਬੀਆਂ ਦੇਖੀਏ!

      15. ਪਰਮੇਸ਼ੁਰ ਦੇ ਭਗਤਾਂ ਦੇ ਘਰਾਂ ਵਿਚ ਕੀ-ਕੀ ਨਹੀਂ ਹੋਣਾ ਚਾਹੀਦਾ?

      15 ਸਾਡੇ ਘਰ ਦੇ ਜੀਆਂ ਬਾਰੇ ਕੀ? ਅਫ਼ਸੋਸ ਦੀ ਗੱਲ ਹੈ ਕਿ ਜਿਸ ਜਗ੍ਹਾ ਸੁੱਖ ਮਿਲਣਾ ਚਾਹੀਦਾ ਹੈ, ਅੱਜ ਇਹ ਤੂੰ-ਤੂੰ ਮੈਂ-ਮੈਂ ਕਰਨ ਦੀ ਜਗ੍ਹਾ ਬਣ ਗਈ ਹੈ। ਅੱਜ ਆਮ ਕਰਕੇ ਘਰ ਵਿਚ ਪਤੀ-ਪਤਨੀ ਜਾਂ ਮਾਪੇ ਲੜਾਈ-ਝਗੜਾ ਕਰਦੇ, ਮਾਰਦੇ-ਕੁੱਟਦੇ ਜਾਂ ਗਾਲ਼ਾਂ ਕੱਢਦੇ ਹਨ। ਪਰ ਪਰਮੇਸ਼ੁਰ ਦੇ ਭਗਤਾਂ ਦੇ ਘਰਾਂ ਵਿਚ ਬੁਰਾ-ਭਲਾ ਕਹਿਣ, ਚੀਕ-ਚਿਹਾੜਾ ਪਾਉਣ, ਮੇਹਣੇ ਮਾਰਨ ਜਾਂ ਮਾਰ-ਕੁਟਾਈ ਕਰਨ ਲਈ ਕੋਈ ਥਾਂ ਨਹੀਂ ਹੈ। (ਅਫ਼ਸੀਆਂ 4:29, 31; 5:33; 6:4) ਸਾਨੂੰ ਯਿਸੂ ਦੀ ਸਲਾਹ ਕਿ ‘ਦੋਸ਼ ਲਾਉਣ ਜਾਂ ਅਪਰਾਧੀ ਠਹਿਰਾਉਣ ਤੋਂ ਹੱਟ ਜਾਓ,’ ਸਿਰਫ਼ ਬਾਹਰਲਿਆਂ ਲੋਕਾਂ ਤੇ ਹੀ ਲਾਗੂ ਨਹੀਂ ਕਰਨੀ ਚਾਹੀਦੀ। ਇਹ ਘਰ ਦੇ ਜੀਆਂ ਉੱਤੇ ਵੀ ਲਾਗੂ ਕਰਨੀ ਚਾਹੀਦੀ ਹੈ। ਯਾਦ ਰੱਖੋ ਕਿ ਇਨਸਾਫ਼ ਕਰਨ ਦਾ ਮਤਲਬ ਹੈ ਕਿ ਅਸੀਂ ਦੂਸਰਿਆਂ ਨਾਲ ਉਸ ਤਰ੍ਹਾਂ ਪੇਸ਼ ਆਈਏ ਜਿਵੇਂ ਯਹੋਵਾਹ ਸਾਡੇ ਨਾਲ ਪੇਸ਼ ਆਉਂਦਾ ਹੈ। ਸਾਡਾ ਪਰਮੇਸ਼ੁਰ ਸਾਡੇ ਨਾਲ ਕਦੇ ਵੀ ਨਿਰਦਈ, ਕਠੋਰ ਤੇ ਸਖ਼ਤ ਤਰੀਕੇ ਨਾਲ ਪੇਸ਼ ਨਹੀਂ ਆਉਂਦਾ। ਇਸ ਦੀ ਬਜਾਇ ਉਹ ਆਪਣੇ ਪ੍ਰੇਮੀਆਂ ਦਾ “ਵੱਡਾ ਦਰਦੀ” ਹੈ। (ਯਾਕੂਬ 5:11) ਸਾਡੇ ਵਾਸਤੇ ਇਹ ਕਿੰਨੀ ਵਧੀਆ ਉਦਾਹਰਣ ਹੈ ਜਿਸ ਦੀ ਅਸੀਂ ਨਕਲ ਕਰ ਸਕਦੇ ਹਾਂ!

      ਬਜ਼ੁਰਗ “ਨਿਆਉਂ ਨਾਲ” ਸੇਵਾ ਕਰਦੇ ਹਨ

      16, 17. (ੳ) ਯਹੋਵਾਹ ਬਜ਼ੁਰਗਾਂ ਤੋਂ ਕੀ ਆਸ ਰੱਖਦਾ ਹੈ? (ਅ) ਜੇ ਪਾਪੀ ਦਿਲੋਂ ਪਸ਼ਚਾਤਾਪ ਨਾ ਕਰੇ, ਤਾਂ ਕੀ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਉਂ?

      16 ਇਨਸਾਫ਼ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਪਰ ਮਸੀਹੀ ਕਲੀਸਿਯਾ ਵਿਚ ਖ਼ਾਸ ਕਰਕੇ ਬਜ਼ੁਰਗਾਂ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਯਸਾਯਾਹ ਦੇ ਹਵਾਲੇ ਉੱਤੇ ਗੌਰ ਕਰੋ ਜਿੱਥੇ ‘ਸਰਦਾਰਾਂ’ ਜਾਂ ਬਜ਼ੁਰਗਾਂ ਦੀ ਗੱਲ ਕੀਤੀ ਗਈ ਹੈ: “ਵੇਖੋ, ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ, ਅਤੇ ਸਰਦਾਰ ਨਿਆਉਂ ਨਾਲ ਸਰਦਾਰੀ ਕਰਨਗੇ।” (ਯਸਾਯਾਹ 32:1) ਜੀ ਹਾਂ, ਯਹੋਵਾਹ ਬਜ਼ੁਰਗਾਂ ਤੋਂ ਆਸ ਰੱਖਦਾ ਹੈ ਕਿ ਉਹ ਅਨਿਆਂ ਨਹੀਂ ਬਲਕਿ ਨਿਆਂ ਕਰਨ। ਉਹ ਇਹ ਕਿਸ ਤਰ੍ਹਾਂ ਕਰ ਸਕਦੇ ਹਨ?

      17 ਕਲੀਸਿਯਾ ਦੇ ਬਜ਼ੁਰਗ ਚੰਗੀ ਤਰ੍ਹਾਂ ਜਾਣਦੇ ਹਨ ਕਿ ਧਾਰਮਿਕਤਾ ਕਾਇਮ ਰੱਖਣ ਲਈ ਕਲੀਸਿਯਾ ਨੂੰ ਰੂਹਾਨੀ ਤੌਰ ਤੇ ਸਾਫ਼ ਰੱਖਣਾ ਜ਼ਰੂਰੀ ਹੈ। ਕਈ ਵਾਰ ਬਜ਼ੁਰਗਾਂ ਨੂੰ ਗੰਭੀਰ ਪਾਪ ਦੀ ਜਾਂਚ-ਪੜਤਾਲ ਕਰ ਕੇ ਫ਼ੈਸਲਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਇਨਸਾਫ਼ ਦਾ ਮਤਲਬ ਹੈ ਕਿ ਜਦੋਂ ਵੀ ਹੋ ਸਕੇ, ਦਇਆ ਕੀਤੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਉਹ ਪਾਪੀ ਨੂੰ ਪਾਪ ਦੇ ਰਾਹ ਤੋਂ ਮੋੜਨ ਦੀ ਕੋਸ਼ਿਸ਼ ਕਰਦੇ ਹਨ। ਪਰ ਉਨ੍ਹਾਂ ਦੇ ਜਤਨਾਂ ਦੇ ਬਾਵਜੂਦ ਜੇ ਉਹ ਪਾਪੀ ਦਿਲੋਂ ਪਸ਼ਚਾਤਾਪ ਨਾ ਕਰੇ, ਤਾਂ ਬਜ਼ੁਰਗਾਂ ਨੂੰ ਕੀ ਕਰਨਾ ਪੈਂਦਾ ਹੈ? ਯਹੋਵਾਹ ਦੇ ਬਚਨ ਵਿਚ ਬਿਲਕੁਲ ਸਪੱਸ਼ਟ ਦੱਸਿਆ ਗਿਆ ਹੈ ਕਿ ਇਨਸਾਫ਼ ਕਰਨ ਲਈ ਉਨ੍ਹਾਂ ਨੂੰ ਕਿਹੜਾ ਕਦਮ ਚੁੱਕਣ ਦੀ ਲੋੜ ਹੈ: “ਤੁਸੀਂ ਉਸ ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ।” ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਉਸ ਪਾਪੀ ਨੂੰ ਕਲੀਸਿਯਾ ਵਿੱਚੋਂ ਕੱਢ ਦੇਣਾ ਚਾਹੀਦਾ ਹੈ। (1 ਕੁਰਿੰਥੀਆਂ 5:11-13; 2 ਯੂਹੰਨਾ 9-11) ਇਹ ਕਦਮ ਚੁੱਕਣ ਨਾਲ ਬਜ਼ੁਰਗਾਂ ਨੂੰ ਦੁੱਖ ਤਾਂ ਹੁੰਦਾ ਹੈ, ਪਰ ਉਹ ਜਾਣਦੇ ਹਨ ਕਿ ਕਲੀਸਿਯਾ ਨੂੰ ਰੂਹਾਨੀ ਅਤੇ ਨੈਤਿਕ ਤੌਰ ਤੇ ਸ਼ੁੱਧ ਰੱਖਣ ਲਈ ਇਹ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਬਾਵਜੂਦ ਉਹ ਆਸ ਰੱਖਦੇ ਹਨ ਕਿ ਪਾਪੀ ਇਕ ਦਿਨ ਸੁਰਤ ਵਿਚ ਆ ਕੇ ਕਲੀਸਿਯਾ ਵਿਚ ਵਾਪਸ ਆ ਜਾਵੇਗਾ।—ਲੂਕਾ 15:17, 18.

      18. ਦੂਸਰਿਆਂ ਨੂੰ ਬਾਈਬਲ ਤੋਂ ਸਲਾਹ-ਮਸ਼ਵਰਾ ਦਿੰਦੇ ਹੋਏ ਬਜ਼ੁਰਗਾਂ ਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

      18 ਇਨਸਾਫ਼ ਕਰਨ ਦਾ ਇਹ ਵੀ ਮਤਲਬ ਹੈ ਕਿ ਜ਼ਰੂਰਤ ਪੈਣ ਤੇ ਬਾਈਬਲ ਤੋਂ ਸਲਾਹ-ਮਸ਼ਵਰਾ ਦਿੱਤਾ ਜਾਵੇ। ਵੈਸੇ ਬਜ਼ੁਰਗ ਦੂਸਰਿਆਂ ਵਿਚ ਗ਼ਲਤੀਆਂ ਕੱਢਣ ਦੀ ਕੋਸ਼ਿਸ਼ ਨਹੀਂ ਕਰਦੇ। ਨਾ ਹੀ ਉਹ ਹਰ ਮੌਕੇ ਤੇ ਕਿਸੇ ਨੂੰ ਝਿੜਕਣ ਦੀ ਕੋਸ਼ਿਸ਼ ਕਰਦੇ ਹਨ। ਪਰ ਜੇਕਰ ਕਲੀਸਿਯਾ ਦੇ ਕਿਸੇ ਮੈਂਬਰ ਤੋਂ ਅਣਜਾਣੇ ਵਿਚ ਕੋਈ “ਅਪਰਾਧ” ਹੋ ਜਾਵੇ, ਤਾਂ ਫਿਰ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਬਜ਼ੁਰਗਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਨਾ ਤਾਂ ਕਠੋਰ ਹੈ ਤੇ ਨਾ ਹੀ ਨਿਰਦਈ। ਇਸ ਲਈ ਉਨ੍ਹਾਂ ਨੂੰ “ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਉ ਨਾਲ” ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਗਲਾਤੀਆਂ 6:1) ਇਸ ਤਰ੍ਹਾਂ ਬਜ਼ੁਰਗ ਸਖ਼ਤੀ ਨਾਲ ਉਸ ਨੂੰ ਝਿੜਕਣਗੇ ਨਹੀਂ। ਇਸ ਦੀ ਬਜਾਇ ਪਿਆਰ ਅਤੇ ਨਰਮਾਈ ਨਾਲ ਕਹੀ ਗਈ ਗੱਲ ਤੋਂ ਸੁਣਨ ਵਾਲੇ ਨੂੰ ਹੌਸਲਾ ਮਿਲਦਾ ਹੈ। ਜਦੋਂ ਗ਼ਲਤ ਰਾਹ ਤੇ ਚੱਲਣ ਦੇ ਬੁਰੇ ਨਤੀਜਿਆਂ ਬਾਰੇ ਖ਼ਬਰਦਾਰ ਕਰਨਾ ਵੀ ਪੈਂਦਾ ਹੈ, ਤਾਂ ਵੀ ਬਜ਼ੁਰਗਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗ਼ਲਤੀ ਕਰਨ ਵਾਲਾ ਭੈਣ-ਭਾਈ ਯਹੋਵਾਹ ਦੀ ਇਕ ਭੇਡ ਹੈ।b (ਲੂਕਾ 15:7) ਜਦੋਂ ਤਾੜਨਾ ਜਾਂ ਸਲਾਹ-ਮਸ਼ਵਰਾ ਪਿਆਰ ਨਾਲ ਦਿੱਤਾ ਜਾਂਦਾ ਹੈ, ਤਾਂ ਗ਼ਲਤੀ ਕਰਨ ਵਾਲਾ ਵਿਅਕਤੀ ਉਸ ਨੂੰ ਸ਼ਾਇਦ ਜਲਦੀ ਸੁਣ ਲਵੇ।

      19. ਬਜ਼ੁਰਗਾਂ ਨੂੰ ਕਿਹੋ ਜਿਹੇ ਫ਼ੈਸਲੇ ਕਰਨੇ ਪੈਂਦੇ ਹਨ ਅਤੇ ਉਹ ਕਿਸ ਆਧਾਰ ਤੇ ਫ਼ੈਸਲੇ ਕਰਦੇ ਹਨ?

      19 ਬਜ਼ੁਰਗਾਂ ਨੂੰ ਅਕਸਰ ਕਈ ਫ਼ੈਸਲੇ ਕਰਨੇ ਪੈਂਦੇ ਹਨ ਜਿਨ੍ਹਾਂ ਦਾ ਕਲੀਸਿਯਾ ਦੇ ਮੈਂਬਰਾਂ ਤੇ ਪ੍ਰਭਾਵ ਪੈਂਦਾ ਹੈ। ਉਦਾਹਰਣ ਲਈ ਬਜ਼ੁਰਗ ਸਮੇਂ-ਸਮੇਂ ਤੇ ਇਕੱਠੇ ਹੋ ਕੇ ਜਾਂਚ ਕਰਦੇ ਹਨ ਕਿ ਕਲੀਸਿਯਾ ਵਿਚ ਹੋਰ ਕਿਹੜੇ ਭਰਾ ਬਜ਼ੁਰਗ ਜਾਂ ਸਹਾਇਕ ਸੇਵਕ ਦੀ ਜ਼ਿੰਮੇਵਾਰੀ ਸੰਭਾਲਣ ਦੇ ਲਾਇਕ ਹਨ। ਬਜ਼ੁਰਗ ਜਾਣਦੇ ਹਨ ਕਿ ਇਸ ਮਾਮਲੇ ਵਿਚ ਨਿਰਪੱਖ ਰਹਿਣਾ ਬੜਾ ਹੀ ਜ਼ਰੂਰੀ ਹੈ। ਉਹ ਆਪਣੇ ਜਜ਼ਬਾਤਾਂ ਦੀ ਬਜਾਇ ਪਰਮੇਸ਼ੁਰ ਦੇ ਬਚਨ ਵਿਚ ਦਰਜ ਕੀਤੀਆਂ ਹੋਈਆਂ ਮੰਗਾਂ ਦੇ ਆਧਾਰ ਤੇ ਫ਼ੈਸਲੇ ਕਰਦੇ ਹਨ। ਇਸ ਤਰ੍ਹਾਂ ਉਹ ‘ਜਲਦਬਾਜ਼ੀ ਵਿਚ ਕੋਈ ਫ਼ੈਸਲਾ ਨਹੀਂ ਕਰਦੇ ਅਤੇ ਹਰ ਸਮੇਂ ਨਿਰਪੱਖ ਰਹਿੰਦੇ ਹਨ।’—1 ਤਿਮੋਥਿਉਸ 5:21, ਪਵਿੱਤਰ ਬਾਈਬਲ ਨਵਾਂ ਅਨੁਵਾਦ।

      20, 21. (ੳ) ਬਜ਼ੁਰਗ ਆਪਣੇ ਭੈਣਾਂ-ਭਰਾਵਾਂ ਵਾਸਤੇ ਕੀ ਬਣਨ ਦੀ ਕੋਸ਼ਿਸ਼ ਕਰਦੇ ਹਨ ਅਤੇ ਕਿਉਂ? (ਅ) ਬਜ਼ੁਰਗ “ਕਮਦਿਲਿਆਂ” ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਨ?

      20 ਬਜ਼ੁਰਗ ਦੂਸਰੇ ਤਰੀਕਿਆਂ ਨਾਲ ਵੀ ਪਰਮੇਸ਼ੁਰ ਦੇ ਇਨਸਾਫ਼ ਨੂੰ ਲਾਗੂ ਕਰਦੇ ਹਨ। ਯਸਾਯਾਹ ਨੇ ਇਹ ਕਹਿਣ ਤੋਂ ਬਾਅਦ ਕਿ ਬਜ਼ੁਰਗ “ਨਿਆਉਂ ਨਾਲ” ਸੇਵਾ ਕਰਨਗੇ, ਅੱਗੇ ਕਿਹਾ: “ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।” (ਯਸਾਯਾਹ 32:2) ਇਸ ਤਰ੍ਹਾਂ ਬਜ਼ੁਰਗ ਆਪਣੇ ਭੈਣਾਂ-ਭਰਾਵਾਂ ਵਾਸਤੇ ਆਰਾਮ ਤੇ ਦਿਲਾਸੇ ਦਾ ਸੋਮਾ ਬਣਨ ਦੀ ਕੋਸ਼ਿਸ਼ ਕਰਦੇ ਹਨ।

      21 ਸਾਡੇ ਜ਼ਮਾਨੇ ਵਿਚ ਲੋਕਾਂ ਦੇ ਦਿਲ ਦੁੱਖਾਂ-ਤਕਲੀਫ਼ਾਂ ਦੇ ਨਾਲ ਵਿੰਨ੍ਹੇ ਹੋਏ ਹਨ, ਇਸ ਲਈ ਕਈਆਂ ਨੂੰ ਹੌਸਲੇ ਦੀ ਜ਼ਰੂਰਤ ਹੈ। ਬਜ਼ੁਰਗੋ, ਤੁਸੀਂ “ਕਮਦਿਲਿਆਂ” ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹੋ? (1 ਥੱਸਲੁਨੀਕੀਆਂ 5:14) ਹਮਦਰਦੀ ਨਾਲ ਉਨ੍ਹਾਂ ਦੀ ਗੱਲ ਸੁਣੋ। (ਯਾਕੂਬ 1:19) ਉਹ ਸ਼ਾਇਦ ਕਿਸੇ ਨੂੰ ਆਪਣੀ “ਚਿੰਤਾ” ਦੱਸ ਕੇ ਆਪਣਾ ਦਿਲ ਹੌਲਾ ਕਰਨਾ ਚਾਹੁਣ। (ਕਹਾਉਤਾਂ 12:25) ਉਨ੍ਹਾਂ ਨੂੰ ਭਰੋਸਾ ਦਿਲਾਓ ਕਿ ਯਹੋਵਾਹ ਅਤੇ ਕਲੀਸਿਯਾ ਦੇ ਮੈਂਬਰ ਉਨ੍ਹਾਂ ਨਾਲ ਪਿਆਰ ਕਰਦੇ ਹਨ, ਉਨ੍ਹਾਂ ਦੀ ਕਦਰ ਕਰਦੇ ਹਨ ਅਤੇ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੀ ਬਹੁਤ ਲੋੜ ਹੈ। (1 ਪਤਰਸ 1:22; 5:6, 7) ਇਸ ਤੋਂ ਇਲਾਵਾ, ਤੁਸੀਂ ਉਨ੍ਹਾਂ ਲਈ ਦੁਆ ਕਰ ਸਕਦੇ ਹੋ। ਤੁਸੀਂ ਉਨ੍ਹਾਂ ਨਾਲ ਬੈਠ ਕੇ ਵੀ ਪ੍ਰਾਰਥਨਾ ਕਰ ਸਕਦੇ ਹੋ। ਇਕ ਬਜ਼ੁਰਗ ਨੂੰ ਉਨ੍ਹਾਂ ਲਈ ਦਿਲੋਂ ਪ੍ਰਾਰਥਨਾ ਕਰਦੇ ਸੁਣ ਕੇ ਕਮਦਿਲਿਆਂ ਨੂੰ ਤਸੱਲੀ ਮਿਲ ਸਕਦੀ ਹੈ। (ਯਾਕੂਬ 5:14, 15) ਜਦ ਤੁਸੀਂ ਨਿਰਾਸ਼ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹੋ, ਤਾਂ ਇਨਸਾਫ਼ ਦਾ ਪਰਮੇਸ਼ੁਰ ਇਸ ਨੂੰ ਅਣਗੌਲਿਆ ਨਹੀਂ ਕਰਦਾ।

      ਬਜ਼ੁਰਗ ਟੁੱਟੇ ਦਿਲ ਵਾਲਿਆਂ ਨੂੰ ਤਸੱਲੀ ਦੇ ਕੇ ਯਹੋਵਾਹ ਵਾਂਗ ਇਨਸਾਫ਼ ਕਰਦੇ ਹਨ

      22. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਯਹੋਵਾਹ ਦੇ ਇਨਸਾਫ਼ ਦੀ ਨਕਲ ਕਰ ਸਕਦੇ ਹਾਂ ਅਤੇ ਇਸ ਦਾ ਕੀ ਨਤੀਜਾ ਨਿਕਲਦਾ ਹੈ?

      22 ਸੱਚ-ਮੁੱਚ ਯਹੋਵਾਹ ਦੇ ਇਨਸਾਫ਼ ਦੀ ਨਕਲ ਕਰ ਕੇ ਅਸੀਂ ਉਸ ਦੇ ਹੋਰ ਨੇੜੇ ਰਹਿੰਦੇ ਹਾਂ! ਜਦ ਅਸੀਂ ਉਸ ਦੇ ਧਰਮੀ ਮਿਆਰਾਂ ਉੱਤੇ ਚੱਲਦੇ ਹਾਂ, ਦੂਸਰਿਆਂ ਨਾਲ ਜਾਨ ਬਚਾਉਣ ਵਾਲੀ ਖ਼ੁਸ਼ ਖ਼ਬਰੀ ਸਾਂਝੀ ਕਰਦੇ ਹਾਂ ਅਤੇ ਦੂਸਰਿਆਂ ਦੀਆਂ ਗ਼ਲਤੀਆਂ ਜਾਂ ਕਮਜ਼ੋਰੀਆਂ ਉੱਤੇ ਧਿਆਨ ਲਗਾਉਣ ਦੀ ਬਜਾਇ ਉਨ੍ਹਾਂ ਦੀਆਂ ਖੂਬੀਆਂ ਦੇਖਦੇ ਹਾਂ, ਤਾਂ ਅਸੀਂ ਪਰਮੇਸ਼ੁਰ ਵਾਂਗ ਇਨਸਾਫ਼ ਕਰ ਰਹੇ ਹੁੰਦੇ ਹਾਂ। ਬਜ਼ੁਰਗੋ, ਜਦੋਂ ਤੁਸੀਂ ਕਲੀਸਿਯਾ ਦੀ ਸ਼ੁੱਧਤਾ ਦੀ ਰਾਖੀ ਕਰਦੇ ਹੋ, ਬਾਈਬਲ ਵਿੱਚੋਂ ਹੌਸਲਾ ਦੇਣ ਵਾਲੀ ਸਲਾਹ ਦਿੰਦੇ ਹੋ, ਪੱਖਪਾਤ ਕੀਤੇ ਬਿਨਾਂ ਫ਼ੈਸਲੇ ਕਰਦੇ ਹੋ ਅਤੇ ਟੁੱਟੇ ਦਿਲ ਵਾਲਿਆਂ ਨੂੰ ਤਸੱਲੀ ਦਿੰਦੇ ਹੋ, ਤਾਂ ਤੁਸੀਂ ਯਹੋਵਾਹ ਵਾਂਗ ਇਨਸਾਫ਼ ਕਰ ਰਹੇ ਹੁੰਦੇ ਹੋ। ਸਵਰਗੋਂ ਇਹ ਦੇਖ ਕੇ ਯਹੋਵਾਹ ਦਾ ਦਿਲ ਕਿੰਨਾ ਖ਼ੁਸ਼ ਹੁੰਦਾ ਹੋਣਾ ਕਿ ਉਸ ਦੇ ਸੇਵਕ ਉਸ ਦੇ ਨਾਲ-ਨਾਲ ਚੱਲਦੇ ਹੋਏ ‘ਇਨਸਾਫ਼ ਕਰਨ’ ਵਿਚ ਆਪਣੀ ਪੂਰੀ ਵਾਹ ਲਾ ਰਹੇ ਹਨ!

      a “ਦੋਸ਼ ਨਾ ਲਾਓ” ਅਤੇ “ਅਪਰਾਧੀ ਨਾ ਠਹਿਰਾਓ” ਦਾ ਮਤਲਬ ਸਿਰਫ਼ ਇਹ ਨਹੀਂ ਹੈ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਰ ਮੁਢਲੀ ਭਾਸ਼ਾ ਵਿਚ ਬਾਈਬਲ ਦੇ ਲਿਖਾਰੀਆਂ ਦਾ ਇੱਥੇ ਇਹ ਕਹਿਣ ਦਾ ਮਤਲਬ ਹੈ ਕਿ ਜੇ ਕੋਈ ਇਸ ਤਰ੍ਹਾਂ ਕਰ ਰਿਹਾ ਹੈ, ਤਾਂ ਉਸ ਨੂੰ ਇਸ ਤਰ੍ਹਾਂ ਕਰਨੋਂ ਹੱਟ ਜਾਣਾ ਚਾਹੀਦਾ ਹੈ।

      b ਬਾਈਬਲ 2 ਤਿਮੋਥਿਉਸ 4:2 ਵਿਚ ਕਹਿੰਦੀ ਹੈ ਕਿ ਕਦੇ-ਕਦੇ ਬਜ਼ੁਰਗਾਂ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਦੂਸਰਿਆਂ ਨੂੰ ‘ਝਿੜਕਣ, ਤਾੜਨ ਅਤੇ ਤਗੀਦ ਕਰਨ।’ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਤਗੀਦ” ਕੀਤਾ ਗਿਆ ਹੈ, ਉਸ ਦਾ ਮਤਲਬ “ਹੌਸਲਾ ਦੇਣਾ” ਵੀ ਹੋ ਸਕਦਾ ਹੈ। ਇਸ ਦੇ ਨਾਲ ਯੂਨਾਨੀ ਵਿਚ ਇਕ ਹੋਰ ਮਿਲਦਾ-ਜੁਲਦਾ ਸ਼ਬਦ ਹੈ, ਜਿਸ ਦਾ ਮਤਲਬ ਅਦਾਲਤ ਵਿਚ ਕਿਸੇ ਮੁਕੱਦਮੇ ਦੀ ਵਕਾਲਤ ਕਰਨੀ ਹੋ ਸਕਦਾ ਹੈ। ਇਸ ਤਰ੍ਹਾਂ ਜਦ ਬਜ਼ੁਰਗਾਂ ਨੂੰ ਕਿਸੇ ਨੂੰ ਚੰਗੀ ਤਰ੍ਹਾਂ ਤਾੜਨਾ ਵੀ ਪੈਂਦਾ ਹੈ, ਤਾਂ ਉਸ ਵੇਲੇ ਉਨ੍ਹਾਂ ਨੂੰ ਗ਼ਲਤੀ ਕਰਨ ਵਾਲੇ ਦੀ ਰੂਹਾਨੀ ਤੌਰ ਤੇ ਮਦਦ ਵੀ ਕਰਨੀ ਚਾਹੀਦੀ ਹੈ।

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • ਬਿਵਸਥਾ ਸਾਰ 1:16, 17 ਯਹੋਵਾਹ ਇਸਰਾਏਲ ਦੇ ਨਿਆਂਕਾਰਾਂ ਤੋਂ ਕੀ ਚਾਹੁੰਦਾ ਸੀ ਅਤੇ ਬਜ਼ੁਰਗ ਇਸ ਤੋਂ ਕੀ ਸਿੱਖ ਸਕਦੇ ਹਨ?

      • ਯਿਰਮਿਯਾਹ 22:13-17 ਯਹੋਵਾਹ ਨੇ ਕਿਹੋ ਜਿਹੇ ਅਨਿਆਂ ਦੇ ਖ਼ਿਲਾਫ਼ ਚੇਤਾਵਨੀ ਦਿੱਤੀ ਸੀ ਅਤੇ ਉਸ ਦੇ ਇਨਸਾਫ਼ ਦੇ ਮਿਆਰਾਂ ਉੱਤੇ ਚੱਲਣ ਲਈ ਕੀ ਜ਼ਰੂਰੀ ਹੈ?

      • ਮੱਤੀ 7:2-5 ਸਾਨੂੰ ਜਲਦਬਾਜ਼ੀ ਵਿਚ ਆਪਣੇ ਭੈਣਾਂ-ਭਰਾਵਾਂ ਉੱਤੇ ਦੋਸ਼ ਕਿਉਂ ਨਹੀਂ ਲਾਉਣਾ ਚਾਹੀਦਾ?

      • ਯਾਕੂਬ 2:1-9 ਪੱਖਪਾਤ ਬਾਰੇ ਯਹੋਵਾਹ ਦਾ ਕੀ ਖ਼ਿਆਲ ਹੈ ਅਤੇ ਅਸੀਂ ਦੂਸਰਿਆਂ ਨਾਲ ਪੇਸ਼ ਆਉਂਦੇ ਸਮੇਂ ਇਸ ਸਲਾਹ ਨੂੰ ਕਿਸ ਤਰ੍ਹਾਂ ਲਾਗੂ ਕਰ ਸਕਦੇ ਹਾਂ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ