-
ਯਹੋਵਾਹ ਸਾਡਾ ਅਯਾਲੀਪਹਿਰਾਬੁਰਜ—2005 | ਨਵੰਬਰ 1
-
-
“ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈਂ”
13. ਜ਼ਬੂਰਾਂ ਦੀ ਪੋਥੀ 23:4 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਦਾਊਦ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਸੀ ਅਤੇ ਇਸ ਦਾ ਕਾਰਨ ਕੀ ਸੀ?
13 ਦਾਊਦ ਆਪਣੇ ਭਰੋਸੇ ਦਾ ਦੂਜਾ ਕਾਰਨ ਦਿੰਦਾ ਹੈ: ਯਹੋਵਾਹ ਸਾਡੀ ਰਾਖੀ ਕਰਦਾ ਹੈ। ਅਸੀਂ ਪੜ੍ਹਦੇ ਹਾਂ: “ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈਂ। ਤੇਰੀ ਸੋਟੀ ਤੇ ਤੇਰੀ ਲਾਠੀ, ਏਹ ਮੈਨੂੰ ਤਸੱਲੀ ਦਿੰਦੀਆਂ ਹਨ।” (ਜ਼ਬੂਰਾਂ ਦੀ ਪੋਥੀ 23:4) ਦਾਊਦ ਇੱਥੇ ਯਹੋਵਾਹ ਨੂੰ “ਉਹ” ਕਹਿਣ ਦੀ ਬਜਾਇ “ਤੂੰ” ਕਹਿ ਕੇ ਬੁਲਾਉਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਪਰਮੇਸ਼ੁਰ ਨਾਲ ਬਹੁਤ ਗੂੜ੍ਹਾ ਰਿਸ਼ਤਾ ਸੀ। ਦਾਊਦ ਨੇ ਜ਼ਿੰਦਗੀ ਵਿਚ ਬਹੁਤ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ ਅਤੇ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੌਰਾਨ ਪਰਮੇਸ਼ੁਰ ਨੇ ਉਸ ਦੀ ਮਦਦ ਕੀਤੀ ਸੀ। ਦਾਊਦ ਮੌਤ ਦੀ ਛਾਂ ਦੀ ਵਾਦੀ ਵਿੱਚੋਂ ਕਈ ਵਾਰ ਲੰਘ ਚੁੱਕਾ ਸੀ, ਪਰ ਉਹ ਡਰਿਆ ਨਹੀਂ ਕਿਉਂਕਿ ਉਹ ਜਾਣਦਾ ਸੀ ਕਿ ਯਹੋਵਾਹ ਆਪਣੀ “ਸੋਟੀ” ਅਤੇ “ਲਾਠੀ” ਨਾਲ ਉਸ ਦੀ ਰੱਖਿਆ ਕਰਨ ਲਈ ਤਿਆਰ ਸੀ। ਇਹ ਜਾਣ ਕੇ ਦਾਊਦ ਨੂੰ ਕਿੰਨਾ ਦਿਲਾਸਾ ਮਿਲਿਆ ਹੋਣਾ ਤੇ ਉਸ ਦਾ ਰਿਸ਼ਤਾ ਯਹੋਵਾਹ ਨਾਲ ਹੋਰ ਵੀ ਗੂੜ੍ਹਾ ਹੋਇਆ ਹੋਣਾ!b
14. ਬਾਈਬਲ ਸਾਨੂੰ ਕਿਵੇਂ ਭਰੋਸਾ ਦਿਵਾਉਂਦੀ ਹੈ ਕਿ ਯਹੋਵਾਹ ਸਾਡੀ ਰੱਖਿਆ ਕਰਦਾ ਹੈ ਅਤੇ ਇਸ ਦਾ ਮਤਲਬ ਕੀ ਨਹੀਂ ਹੈ?
14 ਯਹੋਵਾਹ ਆਪਣੇ ਲੋਕਾਂ ਦੀ ਅੱਜ ਕਿਵੇਂ ਰੱਖਿਆ ਕਰਦਾ ਹੈ? ਬਾਈਬਲ ਵਿਚ ਸਾਨੂੰ ਭਰੋਸਾ ਦਿਵਾਇਆ ਜਾਂਦਾ ਹੈ ਕਿ ਕੋਈ ਵੀ ਵਿਰੋਧੀ, ਚਾਹੇ ਉਹ ਬੁਰੇ ਦੂਤ ਜਾਂ ਇਨਸਾਨ ਹੋਣ, ਯਹੋਵਾਹ ਦੇ ਲੋਕਾਂ ਨੂੰ ਧਰਤੀ ਤੋਂ ਖ਼ਤਮ ਨਹੀਂ ਕਰ ਸਕਦੇ। ਯਹੋਵਾਹ ਇਸ ਤਰ੍ਹਾਂ ਕਦੇ ਨਹੀਂ ਹੋਣ ਦੇਵੇਗਾ। (ਯਸਾਯਾਹ 54:17; 2 ਪਤਰਸ 2:9) ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਸਾਡਾ ਅਯਾਲੀ ਸਾਨੂੰ ਹਰ ਮੁਸੀਬਤ ਤੋਂ ਬਚਾ ਕੇ ਰੱਖੇਗਾ। ਹੋਰ ਇਨਸਾਨਾਂ ਵਾਂਗ ਅਸੀਂ ਵੀ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ। ਇਸ ਤੋਂ ਇਲਾਵਾ, ਮਸੀਹੀ ਹੋਣ ਦੇ ਨਾਤੇ ਸਾਨੂੰ ਦੂਸਰਿਆਂ ਦੇ ਵਿਰੋਧ ਦਾ ਸਾਮ੍ਹਣਾ ਵੀ ਕਰਨਾ ਪੈਂਦਾ ਹੈ। (2 ਤਿਮੋਥਿਉਸ 3:12; ਯਾਕੂਬ 1:2) ਸ਼ਾਇਦ ਸਾਨੂੰ ਵੀ ‘ਮੌਤ ਦੀ ਛਾਂ ਦੀ ਵਾਦੀ ਵਿੱਚੋਂ ਲੰਘਣਾ’ ਪਵੇ। ਮਿਸਾਲ ਲਈ, ਸ਼ਾਇਦ ਸਾਨੂੰ ਵਿਰੋਧ ਜਾਂ ਕਿਸੇ ਗੰਭੀਰ ਬੀਮਾਰੀ ਕਾਰਨ ਮੌਤ ਦਾ ਸਾਮ੍ਹਣਾ ਕਰਨਾ ਪਵੇ। ਜਾਂ ਹੋ ਸਕਦਾ ਹੈ ਕਿ ਸਾਡੇ ਕਿਸੇ ਅਜ਼ੀਜ਼ ਨੂੰ ਮੌਤ ਦਾ ਸਾਮ੍ਹਣਾ ਕਰਨਾ ਪਵੇ। ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਸਾਡਾ ਅਯਾਲੀ ਸਾਡੇ ਨਾਲ ਹੋਵੇਗਾ ਅਤੇ ਸਾਨੂੰ ਸਹਾਰਾ ਦੇਵੇਗਾ। ਪਰ ਯਹੋਵਾਹ ਸਾਨੂੰ ਸਹਾਰਾ ਕਿਵੇਂ ਦਿੰਦਾ ਹੈ?
15, 16. (ੳ) ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰਦਾ ਹੈ? (ਅ) ਉਦਾਹਰਣ ਦੇ ਕੇ ਸਮਝਾਓ ਕਿ ਯਹੋਵਾਹ ਅਜ਼ਮਾਇਸ਼ਾਂ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ।
15 ਯਹੋਵਾਹ ਇਹ ਵਾਅਦਾ ਨਹੀਂ ਕਰਦਾ ਕਿ ਉਹ ਦਖ਼ਲ ਦੇ ਕੇ ਚਮਤਕਾਰੀ ਢੰਗ ਨਾਲ ਸਾਨੂੰ ਮੁਸ਼ਕਲਾਂ ਤੋਂ ਬਚਾ ਲਵੇਗਾ।c ਪਰ ਇਸ ਗੱਲ ਉੱਤੇ ਅਸੀਂ ਪੂਰਾ ਵਿਸ਼ਵਾਸ ਕਰ ਸਕਦੇ ਹਾਂ ਕਿ ਯਹੋਵਾਹ ਹਰ ਮੁਸ਼ਕਲ ਦਾ ਡਟ ਕੇ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਜ਼ਰੂਰ ਕਰੇਗਾ। ਉਹ “ਭਾਂਤ ਭਾਂਤ ਦੇ ਪਰਤਾਵਿਆਂ” ਵਿੱਚੋਂ ਲੰਘਣ ਲਈ ਸਾਨੂੰ ਬੁੱਧ ਬਖ਼ਸ਼ੇਗਾ। (ਯਾਕੂਬ 1:2-5) ਅਯਾਲੀ ਸੋਟੀ ਜਾਂ ਲਾਠੀ ਸਿਰਫ਼ ਆਪਣੀਆਂ ਭੇਡਾਂ ਦੀ ਰਾਖੀ ਕਰਨ ਲਈ ਹੀ ਨਹੀਂ ਵਰਤਦਾ, ਸਗੋਂ ਉਨ੍ਹਾਂ ਨੂੰ ਨਰਮਾਈ ਨਾਲ ਸਹੀ ਰਸਤੇ ਪਾਉਣ ਲਈ ਵੀ ਵਰਤਦਾ ਹੈ। ਯਹੋਵਾਹ ਵੀ ਸਾਨੂੰ ਮੁਸ਼ਕਲ ਸਮਿਆਂ ਦੌਰਾਨ ਸਹੀ ਰਸਤਾ ਦਿਖਾ ਸਕਦਾ ਹੈ। ਉਹ ਸ਼ਾਇਦ ਕਲੀਸਿਯਾ ਵਿਚ ਭੈਣਾਂ-ਭਰਾਵਾਂ ਰਾਹੀਂ ਸਾਨੂੰ ਬਾਈਬਲ ਦੀਆਂ ਸਲਾਹਾਂ ਯਾਦ ਕਰਵਾਏ ਜੋ ਸਾਡੀ ਮਦਦ ਕਰ ਸਕਦੀਆਂ ਹਨ। ਇਸ ਦੇ ਨਾਲ-ਨਾਲ ਯਹੋਵਾਹ ਸਾਨੂੰ ਮੁਸ਼ਕਲਾਂ ਸਹਿਣ ਦੀ ਸ਼ਕਤੀ ਵੀ ਦਿੰਦਾ ਹੈ। (ਫ਼ਿਲਿੱਪੀਆਂ 4:13) ਆਪਣੀ ਪਵਿੱਤਰ ਆਤਮਾ ਦੁਆਰਾ ਉਹ ਸਾਨੂੰ “ਮਹਾ-ਸ਼ਕਤੀ” ਦੇ ਸਕਦਾ ਹੈ। (2 ਕੁਰਿੰਥੁਸ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਵਿੱਤਰ ਆਤਮਾ ਸਾਨੂੰ ਸ਼ਤਾਨ ਵੱਲੋਂ ਆਈ ਕਿਸੇ ਵੀ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਦੀ ਹਿੰਮਤ ਦੇ ਸਕਦੀ ਹੈ। (1 ਕੁਰਿੰਥੀਆਂ 10:13) ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਹਰ ਵੇਲੇ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ!
16 ਅਸੀਂ ਯਕੀਨ ਰੱਖ ਸਕਦੇ ਹਾਂ ਕਿ ਸਾਨੂੰ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਇਕੱਲੇ ਨਹੀਂ ਕਰਨਾ ਪਵੇਗਾ ਕਿਉਂਕਿ ਸਾਡਾ ਅਯਾਲੀ ਯਹੋਵਾਹ ਹਮੇਸ਼ਾ ਸਾਡਾ ਸਾਥ ਨਿਭਾਏਗਾ। ਕਈ ਵਾਰ ਉਹ ਸਾਡੀ ਅਜਿਹੇ ਤਰੀਕੇ ਨਾਲ ਮਦਦ ਕਰਦਾ ਹੈ ਜਿਸ ਦੀ ਸ਼ਾਇਦ ਅਸੀਂ ਉਮੀਦ ਵੀ ਨਾ ਕੀਤੀ ਹੋਵੇ। ਕਲੀਸਿਯਾ ਦੇ ਇਕ ਬਜ਼ੁਰਗ ਦੀ ਉਦਾਹਰਣ ਵੱਲ ਗੌਰ ਕਰੋ ਜਿਸ ਦੇ ਦਿਮਾਗ਼ ਵਿਚ ਟਿਊਮਰ ਸੀ। “ਇਹ ਸੱਚ ਹੈ ਕਿ ਸ਼ੁਰੂ ਵਿਚ ਮੈਂ ਸੋਚਦਾ ਸੀ ਕਿ ਯਹੋਵਾਹ ਮੇਰੇ ਨਾਲ ਪਿਆਰ ਨਹੀਂ ਕਰਦਾ ਜਾਂ ਉਹ ਮੇਰੇ ਨਾਲ ਨਾਰਾਜ਼ ਹੈ। ਪਰ ਮੈਂ ਪੱਕਾ ਇਰਾਦਾ ਕੀਤਾ ਕਿ ਮੈਂ ਯਹੋਵਾਹ ਦਾ ਲੜ ਕਦੇ ਨਾ ਛੱਡਾਂਗਾ। ਮੈਂ ਦਿਲ ਹੌਲਾ ਕਰਨ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਉਸ ਨੇ ਅਕਸਰ ਭੈਣਾਂ-ਭਰਾਵਾਂ ਰਾਹੀਂ ਮੈਨੂੰ ਦਿਲਾਸਾ ਦੇ ਕੇ ਮੇਰੀ ਮਦਦ ਕੀਤੀ। ਉਨ੍ਹਾਂ ਵਿੱਚੋਂ ਕਈ ਭੈਣਾਂ-ਭਰਾਵਾਂ ਨੇ ਖ਼ੁਦ ਗੰਭੀਰ ਬੀਮਾਰੀਆਂ ਦਾ ਸਾਮ੍ਹਣਾ ਕੀਤਾ ਸੀ ਅਤੇ ਉਨ੍ਹਾਂ ਦੇ ਤਜਰਬੇ ਅਤੇ ਸਲਾਹਾਂ ਸੁਣ ਕੇ ਮੇਰਾ ਹੌਸਲਾ ਵਧਿਆ। ਉਨ੍ਹਾਂ ਦੀਆਂ ਗੱਲਾਂ ਨੇ ਮੈਨੂੰ ਯਾਦ ਕਰਾਇਆ ਕਿ ਮੈਂ ਇਕੱਲਾ ਹੀ ਬੀਮਾਰ ਨਹੀਂ ਸੀ। ਜਿਵੇਂ ਉਨ੍ਹਾਂ ਨੇ ਪਿਆਰ ਨਾਲ ਮੇਰੀ ਮਦਦ ਕੀਤੀ, ਉਸ ਤੋਂ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਮੇਰੇ ਨਾਲ ਨਾਰਾਜ਼ ਨਹੀਂ ਸੀ। ਇਹ ਸੱਚ ਹੈ ਕਿ ਮੈਨੂੰ ਆਪਣੀ ਬੀਮਾਰੀ ਨਾਲ ਜੂਝਣਾ ਪੈਂਦਾ ਹੈ ਅਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਇਸ ਬੀਮਾਰੀ ਤੋਂ ਠੀਕ ਹੋਵਾਂਗਾ ਜਾਂ ਨਹੀਂ। ਪਰ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਯਹੋਵਾਹ ਮੇਰਾ ਸਾਥ ਕਦੇ ਨਹੀਂ ਛੱਡੇਗਾ ਅਤੇ ਇਸ ਅਜ਼ਮਾਇਸ਼ ਵਿਚ ਮੈਨੂੰ ਸਹਾਰਾ ਦਿੰਦਾ ਰਹੇਗਾ।”
-