ਯਹੋਵਾਹ ਦੀ ਬਰਕਤ ਸਾਨੂੰ ਧਨੀ ਬਣਾਉਂਦੀ ਹੈ
1 ਇਕ ਇਨਸਾਨ ਦੀ ਕਾਮਯਾਬੀ ਅਕਸਰ ਰੁਪਏ-ਪੈਸੇ ਤੋਂ ਮਾਪੀ ਜਾਂਦੀ ਹੈ। ਇਸੇ ਕਰਕੇ ਲੋਕੀ ਮੰਨਦੇ ਹਨ ਕਿ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਰੁਪਿਆ-ਪੈਸਾ ਹੈ ਉਹੀ ਦੁਨੀਆਂ ਦੇ ਸਭ ਤੋਂ ਜ਼ਿਆਦਾ ਖ਼ੁਸ਼ ਅਤੇ ਸੰਤੁਸ਼ਟ ਇਨਸਾਨ ਹਨ। ਪਰ, ਅਜਿਹਾ ਸੋਚ ਕੇ ਲੋਕ ਬਹੁਤ ਵੱਡੀ ਗ਼ਲਤੀ ਕਰਦੇ ਹਨ। (ਉਪ. 5:12) ਜਿਹੜੇ ਲੋਕ “ਧਨਵਾਨ ਬਣਿਆ ਚਾਹੁੰਦੇ ਹਨ” ਉਨ੍ਹਾਂ ਨੂੰ ਹਮੇਸ਼ਾ ਦੀ ਖ਼ੁਸ਼ੀ ਨਹੀਂ ਮਿਲਦੀ। (1 ਤਿਮੋ. 6:9) ਇਸ ਤੋਂ ਉਲਟ, ਯਹੋਵਾਹ ਦੇ ਸੇਵਕ ਦੁਨੀਆਂ ਦੇ ਸਭ ਤੋਂ ਖ਼ੁਸ਼ਹਾਲ ਅਤੇ ਧਨੀ ਲੋਕ ਹਨ। (ਕਹਾ. 10:22; ਪਰ. 2:9) ਉਹ ਕਿਵੇਂ?
2 ਸਾਡੇ ਧਨੀ ਹੋਣ ਦੇ ਸਬੂਤ: ਸਾਡੇ ਕੋਲ ਅਧਿਆਤਮਿਕ ਜਾਣਕਾਰੀ ਅਤੇ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਸਮਝ ਹੈ। ਸਾਡੇ ਹਮੇਸ਼ਾ ਦੇ ਫ਼ਾਇਦੇ ਲਈ ਯਹੋਵਾਹ ਆਪਣੇ ਜ਼ਮੀਨੀ ਸੰਗਠਨ ਦੁਆਰਾ ਆਪਣੇ ਅਤੇ ਆਪਣੇ ਪੁੱਤਰ ਬਾਰੇ ਸਿਖਾ ਰਿਹਾ ਹੈ। ਸਹੀ ਸਮਝ ਦੁਆਰਾ ਹੀ ਅਸੀਂ ਯਹੋਵਾਹ ਦੇ ਨੇੜੇ ਆ ਸਕੇ ਹਾਂ ਅਤੇ ਅਸੀਂ ਉਸ ਨਾਲ ਇਕ ਗੂੜ੍ਹਾ ਰਿਸ਼ਤਾ ਬਣਾਇਆ ਹੈ। (ਯਾਕੂ. 4:8) ਸਹੀ-ਗ਼ਲਤ ਦੀ ਸਮਝ ਪਾ ਕੇ ਅਤੇ ਪਰਮੇਸ਼ੁਰ ਦੇ ਨਿਯਮਾਂ ਤੇ ਚੱਲ ਕੇ ਅਸੀਂ ਕਈ ਬੀਮਾਰੀਆਂ ਅਤੇ ਕਈ ਖ਼ਤਰਿਆਂ ਤੋਂ ਬਚਦੇ ਹਾਂ। ਸਾਨੂੰ ਭਰੋਸਾ ਹੈ ਕਿ ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ ਤੇ ਜਿਸ ਦੇ ਸਿੱਟੇ ਵਜੋਂ ਸਾਨੂੰ ਸੰਤੁਸ਼ਟੀ ਅਤੇ ਮਨ ਦੀ ਸ਼ਾਂਤੀ ਮਿਲੇਗੀ।—ਮੱਤੀ 6:33.
3 ਅਸੀਂ ਆਪਣੇ ਅਧਿਆਤਮਿਕ ਭਾਈਚਾਰੇ ਵਿਚਕਾਰ ਸ਼ਾਂਤੀ ਅਤੇ ਏਕਤਾ ਦਾ ਆਨੰਦ ਇਸ ਲਈ ਮਾਣਦੇ ਹਾਂ ਕਿਉਂਕਿ ਆਪਾਂ ਆਪਣੇ ਵਿਚ ਆਤਮਾ ਦੇ ਫਲ ਪੈਦਾ ਕੀਤੇ ਹਨ। ਪਿਆਰ ਦੇ ਰਿਸ਼ਤੇ ਵਿਚ ਬੱਝੇ ਹੋਣ ਕਰਕੇ ਬਿਪਤਾ ਵੇਲੇ ਅਸੀਂ ਕਦੇ ਵੀ ਇਹ ਮਹਿਸੂਸ ਨਹੀਂ ਕਰਦੇ ਕਿ ਸਾਨੂੰ ਪਰਮੇਸ਼ੁਰ ਜਾਂ ਸਾਡੇ ਭੈਣ-ਭਰਾਵਾਂ ਨੇ ਛੱਡ ਦਿੱਤਾ ਹੈ।—ਗਲਾ. 6:10.
4 ਸਾਡੀਆਂ ਜ਼ਿੰਦਗੀਆਂ ਨੂੰ ਸਹੀ ਅਰਥ ਅਤੇ ਮਕਸਦ ਮਿਲ ਚੁੱਕਾ ਹੈ। ਸਾਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਸੁਣਾਉਣ ਨੂੰ ਅਸੀਂ ਇਕ ਸ਼ਾਨਦਾਰ ਵਿਸ਼ੇਸ਼-ਸਨਮਾਨ ਸਮਝਦੇ ਹਾਂ। ਜਦੋਂ ਅਸੀਂ ਦੂਜੇ ਲੋਕਾਂ ਦੀ ਪਰਮੇਸ਼ੁਰ ਨਾਲ ਇਕ ਚੰਗਾ ਰਿਸ਼ਤਾ ਬਣਾਉਣ ਵਿਚ ਅਤੇ ਸਾਡੇ ਨਾਲ ਮਿਲ ਕੇ ਸੱਚੀ ਭਗਤੀ ਕਰਨ ਵਿਚ ਮਦਦ ਕਰਦੇ ਹਾਂ ਤਾਂ ਸਾਨੂੰ ਸਦੀਵੀ ਖ਼ੁਸ਼ੀ ਮਿਲਦੀ ਹੈ। ਸਾਡੀ ਸੇਵਕਾਈ ਇਕ ਅਨਮੋਲ ਖ਼ਜ਼ਾਨਾ ਹੈ ਜਿਸ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ ਤੇ ਸਾਨੂੰ ਇਸ ਗੱਲ ਦੀ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਉਸ ਦੇ ਨਾਂ ਨੂੰ ਪਵਿੱਤਰ ਕਰਨ ਵਿਚ ਉਸ ਦਾ ਸਾਥ ਦੇ ਰਹੇ ਹਾਂ। ਅਸੀਂ ਇਹ ਜਾਣਦੇ ਹੋਏ ਸਹੀ ਰਵੱਈਆ ਰੱਖਦੇ ਹਾਂ ਕਿ ਸਾਡੀ ਭਵਿੱਖ ਦੀ ਆਸ ਛੇਤੀ ਹੀ ਹਕੀਕਤ ਵਿਚ ਬਦਲ ਜਾਵੇਗੀ।
5 ਕਦਰ ਦਿਖਾਓ: ਆਓ ਆਪਾਂ ਹਮੇਸ਼ਾ ਯਹੋਵਾਹ ਦੀਆਂ ਬਰਕਤਾਂ ਦੀ ਕਦਰ ਕਰਦੇ ਰਹੀਏ ਜੋ ਸਾਨੂੰ ਇਸ ਦੁਨੀਆਂ ਦੇ ਸਭ ਤੋਂ ਧਨੀ ਲੋਕ ਬਣਾਉਂਦੀਆਂ ਹਨ। (ਕਹਾ. 22:4) ਸਾਡੇ ਕੋਲ ਜੋ ਕੁਝ ਵੀ ਹੈ ਉਹ ਯਹੋਵਾਹ ਦਾ ਦਿੱਤਾ ਹੋਇਆ ਹੈ, ਜੇ ਅਸੀਂ ਇਨ੍ਹਾਂ ਗੱਲਾਂ ਤੇ ਧਿਆਨ ਕਰਨ ਲਈ ਹਰ ਰੋਜ਼ ਸਮਾਂ ਕੱਢਾਂਗੇ, ਤਾਂ ਅਸੀਂ ਯਹੋਵਾਹ ਦੇ ਖੁੱਲ੍ਹ-ਦਿਲੇ ਪਿਆਰ ਲਈ ਉਸ ਦਾ ਸ਼ੁਕਰੀਆ ਅਦਾ ਕਰਾਂਗੇ ਅਤੇ ਸਿਰਫ਼ ਉਸੇ ਨੂੰ ਹੀ ਆਪਣੀ ਭਗਤੀ ਦਿਆਂਗੇ।