ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੁਆਰੇ ਰਹਿਣ ਅਤੇ ਵਿਆਹ ਕਰਾਉਣ ਬਾਰੇ ਬਾਈਬਲ ਕੀ ਦੱਸਦੀ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਕੁਆਰੇ ਰਹਿਣ ਅਤੇ ਵਿਆਹ ਕਰਾਉਣ ਬਾਰੇ ਬਾਈਬਲ ਕੀ ਦੱਸਦੀ ਹੈ?

      ਕੁਝ ਸਭਿਆਚਾਰਾਂ ਦੇ ਲੋਕ ਮੰਨਦੇ ਹਨ ਕਿ ਜਦੋਂ ਤਕ ਕੋਈ ਵਿਅਕਤੀ ਵਿਆਹ ਨਹੀਂ ਕਰਾਉਂਦਾ, ਉਦੋਂ ਤਕ ਉਹ ਖ਼ੁਸ਼ ਨਹੀਂ ਰਹਿ ਸਕਦਾ। ਪਰ ਜ਼ਰੂਰੀ ਨਹੀਂ ਕਿ ਸਾਰੇ ਵਿਆਹੇ ਲੋਕ ਖ਼ੁਸ਼ ਹੋਣ ਅਤੇ ਸਾਰੇ ਕੁਆਰੇ ਲੋਕ ਦੁਖੀ ਹੋਣ। ਸੱਚ ਤਾਂ ਇਹ ਹੈ ਕਿ ਬਾਈਬਲ ਮੁਤਾਬਕ ਕੁਆਰੇ ਰਹਿਣਾ ਤੇ ਵਿਆਹ ਕਰਾਉਣਾ, ਦੋਵੇਂ ਪਰਮੇਸ਼ੁਰ ਵੱਲੋਂ ਦਾਤ ਹਨ।

      1. ਕੁਆਰੇ ਰਹਿਣ ਦੇ ਕੁਝ ਫ਼ਾਇਦੇ ਕੀ ਹਨ?

      ਬਾਈਬਲ ਕਹਿੰਦੀ ਹੈ: ‘ਜਿਹੜਾ ਵਿਆਹ ਕਰਾਉਂਦਾ ਹੈ, ਇਹ ਉਸ ਲਈ ਚੰਗੀ ਗੱਲ ਹੈ, ਪਰ ਜਿਹੜਾ ਵਿਆਹ ਨਹੀਂ ਕਰਾਉਂਦਾ, ਤਾਂ ਇਹ ਉਸ ਲਈ ਹੋਰ ਵੀ ਚੰਗੀ ਗੱਲ ਹੈ।’ (1 ਕੁਰਿੰਥੀਆਂ 7:32, 33, 38 ਪੜ੍ਹੋ।) ਇਹ ਕਿਉਂ ਕਿਹਾ ਜਾ ਸਕਦਾ ਹੈ? ਜ਼ਰਾ ਸੋਚੋ, ਕੁਆਰੇ ਲੋਕਾਂ ਨੂੰ ਜੀਵਨ ਸਾਥੀ ਦੀਆਂ ਲੋੜਾਂ ਪੂਰੀਆਂ ਕਰਨ ਦੀ ਚਿੰਤਾ ਨਹੀਂ ਹੁੰਦੀ ਅਤੇ ਆਮ ਤੌਰ ਤੇ ਉਨ੍ਹਾਂ ਕੋਲ ਜ਼ਿਆਦਾ ਆਜ਼ਾਦੀ ਹੁੰਦੀ ਹੈ। ਇਸ ਕਾਰਨ ਕੁਝ ਕੁਆਰੇ ਲੋਕ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰ ਪਾਉਂਦੇ ਹਨ, ਜਿਵੇਂ ਹੋਰ ਦੇਸ਼ ਵਿਚ ਜਾ ਕੇ ਪ੍ਰਚਾਰ ਕਰਨਾ। ਸਭ ਤੋਂ ਵਧੀਆ ਗੱਲ ਹੈ ਕਿ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਉਨ੍ਹਾਂ ਕੋਲ ਜ਼ਿਆਦਾ ਸਮਾਂ ਹੁੰਦਾ ਹੈ।

      2. ਕਾਨੂੰਨੀ ਤੌਰ ਤੇ ਵਿਆਹ ਕਰਾਉਣ ਦੇ ਕੀ ਫ਼ਾਇਦੇ ਹਨ?

      ਜਿਵੇਂ ਕੁਆਰੇ ਰਹਿਣ ਦੇ ਫ਼ਾਇਦੇ ਹਨ, ਉਵੇਂ ਵਿਆਹ ਕਰਾਉਣ ਦੇ ਵੀ ਆਪਣੇ ਫ਼ਾਇਦੇ ਹੁੰਦੇ ਹਨ। ਬਾਈਬਲ ਦੱਸਦੀ ਹੈ: “ਇਕ ਨਾਲੋਂ ਦੋ ਚੰਗੇ ਹੁੰਦੇ ਹਨ।” (ਉਪਦੇਸ਼ਕ ਦੀ ਕਿਤਾਬ 4:9) ਇਹ ਗੱਲ ਖ਼ਾਸ ਕਰਕੇ ਉਨ੍ਹਾਂ ਪਤੀ-ਪਤਨੀਆਂ ਬਾਰੇ ਸੱਚ ਹੈ ਜਿਹੜੇ ਵਿਆਹ ਬਾਰੇ ਬਾਈਬਲ ਦੇ ਅਸੂਲਾਂ ʼਤੇ ਚੱਲਦੇ ਹਨ। ਕਾਨੂੰਨੀ ਤੌਰ ਤੇ ਵਿਆਹ ਕਰਾਉਣ ਵੇਲੇ ਪਤੀ-ਪਤਨੀ ਵਾਅਦਾ ਕਰਦੇ ਹਨ ਕਿ ਉਹ ਇਕ-ਦੂਜੇ ਨੂੰ ਪਿਆਰ ਕਰਨਗੇ ਅਤੇ ਇਕ-ਦੂਜੇ ਦਾ ਆਦਰ ਕਰਨਗੇ। ਨਤੀਜੇ ਵਜੋਂ, ਅਜਿਹੇ ਪਤੀ-ਪਤਨੀ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਹਨ ਜਿਹੜੇ ਬਿਨਾਂ ਵਿਆਹ ਕਰਾਏ ਇਕੱਠੇ ਰਹਿੰਦੇ ਹਨ। ਨਾਲੇ ਜਦੋਂ ਉਨ੍ਹਾਂ ਦੇ ਬੱਚੇ ਹੋਣਗੇ, ਤਾਂ ਉਹ ਵੀ ਸੁਰੱਖਿਅਤ ਰਹਿਣਗੇ।

      3. ਵਿਆਹੁਤਾ ਰਿਸ਼ਤੇ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ?

      ਜਦੋਂ ਯਹੋਵਾਹ ਨੇ ਪਹਿਲੇ ਆਦਮੀ ਤੇ ਔਰਤ ਨੂੰ ਵਿਆਹ ਦੇ ਬੰਧਨ ਵਿਚ ਬੰਨ੍ਹਿਆ, ਤਾਂ ਉਸ ਨੇ ਕਿਹਾ: “ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ।” (ਉਤਪਤ 2:24) ਇਸ ਦਾ ਮਤਲਬ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਪਤੀ-ਪਤਨੀ ਇਕ-ਦੂਜੇ ਨਾਲ ਪਿਆਰ ਕਰਨ ਅਤੇ ਸਾਰੀ ਜ਼ਿੰਦਗੀ ਇਕੱਠੇ ਰਹਿਣ। ਯਹੋਵਾਹ ਤਲਾਕ ਦੀ ਇਜਾਜ਼ਤ ਸਿਰਫ਼ ਉਦੋਂ ਹੀ ਦਿੰਦਾ ਹੈ ਜਦੋਂ ਇਕ ਜਣਾ ਕਿਸੇ ਪਰਾਏ ਨਾਲ ਨਾਜਾਇਜ਼ ਸੰਬੰਧ ਰੱਖਦਾ ਹੈ। ਇਸ ਤਰ੍ਹਾਂ ਹੋਣ ਤੇ ਨਿਰਦੋਸ਼ ਸਾਥੀ ਖ਼ੁਦ ਫ਼ੈਸਲਾ ਕਰ ਸਕਦਾ ਹੈ ਕਿ ਉਹ ਤਲਾਕ ਲਵੇਗਾ ਜਾਂ ਨਹੀਂ।a (ਮੱਤੀ 19:9) ਇਸ ਤੋਂ ਇਲਾਵਾ, ਯਹੋਵਾਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਮਸੀਹੀ ਦੇ ਇਕ ਤੋਂ ਜ਼ਿਆਦਾ ਪਤੀ ਜਾਂ ਪਤਨੀਆਂ ਹੋਣ।—1 ਤਿਮੋਥਿਉਸ 3:2.

      ਹੋਰ ਸਿੱਖੋ

      ਭਾਵੇਂ ਤੁਸੀਂ ਕੁਆਰੇ ਹੋ ਜਾਂ ਵਿਆਹੇ, ਫਿਰ ਵੀ ਤੁਸੀਂ ਕਿਵੇਂ ਖ਼ੁਸ਼ ਰਹਿ ਸਕਦੇ ਹੋ? ਨਾਲੇ ਤੁਸੀਂ ਯਹੋਵਾਹ ਦੇ ਦਿਲ ਨੂੰ ਕਿੱਦਾਂ ਖ਼ੁਸ਼ ਕਰ ਸਕਦੇ ਹੋ?

      4. ਕੁਆਰੇ ਰਹਿਣਾ ਇਕ ਦਾਤ ਹੈ—ਇਸ ਦਾ ਚੰਗਾ ਇਸਤੇਮਾਲ ਕਰੋ

      ਯਿਸੂ ਨੇ ਕੁਆਰੇ ਰਹਿਣ ਨੂੰ ਇਕ ਦਾਤ ਸਮਝਿਆ। (ਮੱਤੀ 19:11, 12) ਮੱਤੀ 4:23 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਯਿਸੂ ਨੇ ਕੁਆਰਾ ਰਹਿ ਕੇ ਆਪਣੀ ਆਜ਼ਾਦੀ ਅਤੇ ਸਮਾਂ ਆਪਣੇ ਪਿਤਾ ਦੀ ਸੇਵਾ ਕਰਨ ਅਤੇ ਦੂਜਿਆਂ ਦੀ ਮਦਦ ਕਰਨ ਲਈ ਕਿਵੇਂ ਵਰਤਿਆ?

      ਕੁਆਰੇ ਮਸੀਹੀ ਵੀ ਯਿਸੂ ਵਾਂਗ ਆਪਣੀ ਆਜ਼ਾਦੀ ਅਤੇ ਸਮਾਂ ਇਸਤੇਮਾਲ ਕਰ ਕੇ ਜ਼ਿੰਦਗੀ ਵਿਚ ਖ਼ੁਸ਼ ਰਹਿ ਸਕਦੇ ਹਨ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

      ਵੀਡੀਓ: ਵਫ਼ਾਦਾਰ ਕੁਆਰੇ ਭੈਣ-ਭਰਾ  (3:11)

      • ਕੁਆਰੇ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਵਿਚ ਕੀ-ਕੀ ਕਰ ਸਕਦੇ ਹਨ?

      ਕੀ ਤੁਹਾਨੂੰ ਪਤਾ?

      ਬਾਈਬਲ ਵਿਚ ਵਿਆਹ ਕਰਾਉਣ ਦੀ ਕੋਈ ਉਮਰ ਨਹੀਂ ਦੱਸੀ ਗਈ। ਪਰ ਇਸ ਵਿਚ ਇਹ ਸਲਾਹ ਜ਼ਰੂਰ ਦਿੱਤੀ ਗਈ ਹੈ ਕਿ ਕੋਈ ਵਿਅਕਤੀ ਵਿਆਹ ਬਾਰੇ ਉਦੋਂ ਹੀ ਸੋਚੇ ਜਦੋਂ ਉਹ “ਜਵਾਨੀ ਦੀ ਕੱਚੀ ਉਮਰ ਲੰਘ ਚੁੱਕਾ” ਹੋਵੇ। (1 ਕੁਰਿੰਥੀਆਂ 7:36) ਇਸ ਉਮਰ ਵਿਚ ਕਾਮੁਕ ਇੱਛਾਵਾਂ ਜ਼ਬਰਦਸਤ ਹੁੰਦੀਆਂ ਹਨ ਜਿਸ ਕਰਕੇ ਮੁੰਡਾ ਜਾਂ ਕੁੜੀ ਸ਼ਾਇਦ ਸਹੀ ਫ਼ੈਸਲਾ ਨਾ ਕਰ ਸਕੇ।

      5. ਸੋਚ-ਸਮਝ ਕੇ ਜੀਵਨ ਸਾਥੀ ਚੁਣੋ

      ਜ਼ਿੰਦਗੀ ਦਾ ਇਕ ਅਹਿਮ ਫ਼ੈਸਲਾ ਹੈ ਕਿ ਅਸੀਂ ਕਿਸ ਨਾਲ ਵਿਆਹ ਕਰਾਵਾਂਗੇ। ਮੱਤੀ 19:4-6, 9 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਇਕ ਮਸੀਹੀ ਨੂੰ ਵਿਆਹ ਕਰਾਉਣ ਵਿਚ ਜਲਦਬਾਜ਼ੀ ਕਿਉਂ ਨਹੀਂ ਕਰਨੀ ਚਾਹੀਦੀ?

      ਬਾਈਬਲ ਵਿਚ ਦੱਸਿਆ ਗਿਆ ਹੈ ਕਿ ਸਾਨੂੰ ਜੀਵਨ ਸਾਥੀ ਵਿਚ ਕਿਹੜੇ ਗੁਣ ਦੇਖਣੇ ਚਾਹੀਦੇ ਹਨ। ਸਭ ਤੋਂ ਜ਼ਰੂਰੀ ਹੈ ਕਿ ਉਹ ਯਹੋਵਾਹ ਨਾਲ ਪਿਆਰ ਕਰਦਾ ਹੋਵੇ।b 1 ਕੁਰਿੰਥੀਆਂ 7:39 ਅਤੇ 2 ਕੁਰਿੰਥੀਆਂ 6:14 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਸਾਨੂੰ ਸਿਰਫ਼ ਯਹੋਵਾਹ ਦੇ ਕਿਸੇ ਸੇਵਕ ਨਾਲ ਹੀ ਕਿਉਂ ਵਿਆਹ ਕਰਾਉਣਾ ਚਾਹੀਦਾ ਹੈ?

      • ਜੇ ਅਸੀਂ ਅਜਿਹੇ ਵਿਅਕਤੀ ਨਾਲ ਵਿਆਹ ਕਰਾਉਂਦੇ ਹਾਂ ਜੋ ਯਹੋਵਾਹ ਨੂੰ ਪਿਆਰ ਨਹੀਂ ਕਰਦਾ, ਤਾਂ ਯਹੋਵਾਹ ਨੂੰ ਕਿੱਦਾਂ ਲੱਗੇਗਾ?

      ਇਕ ਤਕੜਾ ਬਲਦ ਅਤੇ ਗਧਾ ਜੂਲੇ ਹੇਠਾਂ ਔਖੇ ਹੋ ਕੇ ਚੱਲ ਰਹੇ ਹਨ।

      ਦੋ ਵੱਖੋ-ਵੱਖਰੇ ਜਾਨਵਰਾਂ ਨੂੰ ਇਕ ਜੂਲੇ ਹੇਠ ਜੋਤਿਆ ਜਾਵੇ, ਤਾਂ ਉਨ੍ਹਾਂ ਨੂੰ ਤਕਲੀਫ਼ ਹੋਵੇਗੀ। ਇਸੇ ਤਰ੍ਹਾਂ ਜੋ ਮਸੀਹੀ ਅਜਿਹੇ ਵਿਅਕਤੀ ਨਾਲ ਵਿਆਹ ਕਰਾਉਂਦਾ ਹੈ ਜੋ ਯਹੋਵਾਹ ਨੂੰ ਨਹੀਂ ਮੰਨਦਾ, ਤਾਂ ਉਸ ਨੂੰ ਕਈ ਤਕਲੀਫ਼ਾਂ ਝੱਲਣੀਆਂ ਪੈਣਗੀਆਂ

      6. ਵਿਆਹ ਬਾਰੇ ਯਹੋਵਾਹ ਵਰਗਾ ਨਜ਼ਰੀਆ ਰੱਖੋ

      ਪੁਰਾਣੇ ਜ਼ਮਾਨੇ ਦੇ ਇਜ਼ਰਾਈਲ ਵਿਚ ਕੁਝ ਆਦਮੀ ਆਪਣੇ ਸੁਆਰਥ ਲਈ ਆਪਣੀਆਂ ਪਤਨੀਆਂ ਨੂੰ ਤਲਾਕ ਦੇ ਦਿੰਦੇ ਸਨ। ਮਲਾਕੀ 2:13, 14, 16 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਯਹੋਵਾਹ ਨੂੰ ਕਿੱਦਾਂ ਲੱਗਦਾ ਹੈ ਜਦੋਂ ਕੋਈ ਹਰਾਮਕਾਰੀ ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਲੈਂਦਾ ਹੈ? ਕਿਉਂ?

      ਇਕ ਪਤਨੀ ਬਹੁਤ ਦੁਖੀ ਹੈ ਕਿਉਂਕਿ ਉਸ ਦਾ ਪਤੀ ਆਪਣੇ ਪਰਿਵਾਰ ਨੂੰ ਛੱਡ ਕੇ ਘਰੋਂ ਜਾ ਰਿਹਾ ਹੈ। ਉਨ੍ਹਾਂ ਦੀ ਧੀ ਰੋਂਦੀ ਹੋਈ ਆਪਣੀ ਮਾਂ ਨੂੰ ਜੱਫੀ ਪਾ ਰਹੀ ਹੈ।

      ਹਰਾਮਕਾਰੀ ਅਤੇ ਤਲਾਕ ਕਰਕੇ ਨਿਰਦੋਸ਼ ਸਾਥੀ ਤੇ ਬੱਚਿਆਂ ਨੂੰ ਬਹੁਤ ਦੁੱਖ ਪਹੁੰਚਦਾ ਹੈ

      ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

      ਵੀਡੀਓ: ਵਿਆਹ ਦਾ ਅਟੁੱਟ ਬੰਧਨ  (4:30)

      • ਜੇ ਤੁਹਾਡਾ ਜੀਵਨ ਸਾਥੀ ਯਹੋਵਾਹ ਨੂੰ ਨਹੀਂ ਮੰਨਦਾ, ਤਾਂ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਡੀ ਵਿਆਹੁਤਾ ਜ਼ਿੰਦਗੀ ਖ਼ੁਸ਼ਹਾਲ ਹੋਵੇ?

      7. ਵਿਆਹੁਤਾ ਰਿਸ਼ਤੇ ਬਾਰੇ ਯਹੋਵਾਹ ਦੇ ਮਿਆਰਾਂ ʼਤੇ ਚੱਲੋ

      ਵਿਆਹੁਤਾ ਰਿਸ਼ਤੇ ਸੰਬੰਧੀ ਯਹੋਵਾਹ ਦੇ ਮਿਆਰਾਂ ʼਤੇ ਚੱਲਣ ਲਈ ਸ਼ਾਇਦ ਇਕ ਵਿਅਕਤੀ ਨੂੰ ਪੂਰੀ ਕੋਸ਼ਿਸ਼ ਕਰਨੀ ਪਵੇ।c ਪਰ ਜੇ ਉਹ ਇੱਦਾਂ ਕਰਦਾ ਹੈ, ਤਾਂ ਯਹੋਵਾਹ ਉਸ ਨੂੰ ਬਰਕਤਾਂ ਦਿੰਦਾ ਹੈ। ਵੀਡੀਓ ਦੇਖੋ।

      ਵੀਡੀਓ: ਵਿਆਹੁਤਾ ਰਿਸ਼ਤੇ ਸੰਬੰਧੀ ਯਹੋਵਾਹ ਦੇ ਮਿਆਰਾਂ  ʼਤੇ ਚੱਲਣਾ ਨਾਮੁਮਕਿਨ ਨਹੀਂ ਹੈ  (4:14)

      ਇਬਰਾਨੀਆਂ 13:4 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਕੀ ਤੁਹਾਨੂੰ ਲੱਗਦਾ ਹੈ ਕਿ ਵਿਆਹੁਤਾ ਰਿਸ਼ਤੇ ਬਾਰੇ ਯਹੋਵਾਹ ਦੇ ਮਿਆਰਾਂ ʼਤੇ ਚੱਲਣਾ ਮੁਮਕਿਨ ਹੈ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?

      ਯਹੋਵਾਹ ਮਸੀਹੀਆਂ ਤੋਂ ਚਾਹੁੰਦਾ ਹੈ ਕਿ ਉਨ੍ਹਾਂ ਦਾ ਵਿਆਹ ਜਾਂ ਤਲਾਕ ਕਾਨੂੰਨੀ ਤੌਰ ਤੇ ਜਾਇਜ਼ ਹੋਵੇ। ਤੀਤੁਸ 3:1 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਜੇ ਤੁਸੀਂ ਵਿਆਹੇ ਹੋ, ਤਾਂ ਕੀ ਤੁਹਾਡਾ ਵਿਆਹ ਕਾਨੂੰਨੀ ਤੌਰ ਤੇ ਜਾਇਜ਼ ਮੰਨਿਆ ਜਾਂਦਾ ਹੈ?

      ਕੁਝ ਲੋਕਾਂ ਦਾ ਕਹਿਣਾ ਹੈ: “ਜੇ ਪਤੀ-ਪਤਨੀ ਦੀ ਨਹੀਂ ਬਣਦੀ, ਤਾਂ ਤਲਾਕ ਲੈ ਲੈਣ।”

      • ਤੁਸੀਂ ਕੀ ਜਵਾਬ ਦਿਓਗੇ?

      ਹੁਣ ਤਕ ਅਸੀਂ ਸਿੱਖਿਆ

      ਕੁਆਰੇ ਰਹਿਣਾ ਅਤੇ ਵਿਆਹ ਕਰਾਉਣਾ, ਦੋਵੇਂ ਯਹੋਵਾਹ ਵੱਲੋਂ ਦਾਤ ਹਨ। ਜੇ ਕੁਆਰੇ ਅਤੇ ਵਿਆਹੇ ਲੋਕ ਯਹੋਵਾਹ ਦੀ ਮਰਜ਼ੀ ਮੁਤਾਬਕ ਜੀਉਣ, ਤਾਂ ਦੋਵੇਂ ਹੀ ਆਪਣੀ ਜ਼ਿੰਦਗੀ ਵਿਚ ਖ਼ੁਸ਼ ਰਹਿ ਸਕਦੇ ਹਨ।

      ਤੁਸੀਂ ਕੀ ਕਹੋਗੇ?

      • ਇਕ ਕੁਆਰਾ ਵਿਅਕਤੀ ਆਪਣੀ ਆਜ਼ਾਦੀ ਅਤੇ ਸਮੇਂ ਦੀ ਵਰਤੋਂ ਕਿਵੇਂ ਕਰ ਸਕਦਾ ਹੈ?

      • ਬਾਈਬਲ ਕਿਉਂ ਕਹਿੰਦੀ ਹੈ ਕਿ ਸਾਨੂੰ ਸਿਰਫ਼ ਯਹੋਵਾਹ ਦੇ ਕਿਸੇ ਸੇਵਕ ਨਾਲ ਹੀ ਵਿਆਹ ਕਰਾਉਣਾ ਚਾਹੀਦਾ ਹੈ?

      • ਬਾਈਬਲ ਮੁਤਾਬਕ ਤਲਾਕ ਲੈਣ ਦਾ ਇੱਕੋ-ਇਕ ਜਾਇਜ਼ ਕਾਰਨ ਕਿਹੜਾ ਹੈ?

      ਟੀਚਾ

      ਇਹ ਵੀ ਦੇਖੋ

      “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰਾਉਣ ਦਾ ਕੀ ਮਤਲਬ ਹੈ?

      “ਪਾਠਕਾਂ ਵੱਲੋਂ ਸਵਾਲ” (ਪਹਿਰਾਬੁਰਜ, 1 ਜੁਲਾਈ 2004)

      ਜੀਵਨ ਸਾਥੀ ਚੁਣਨ ਅਤੇ ਵਿਆਹ ਕਰਾਉਣ ਦੇ ਮਾਮਲੇ ਵਿਚ ਤੁਸੀਂ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹੋ? ਆਓ ਦੇਖੀਏ ਕਿ ਵੀਡੀਓ ਵਿਚ ਦੋ ਨੌਜਵਾਨਾਂ ਨੇ ਕੀ ਫ਼ੈਸਲਾ ਕੀਤਾ।

      ਵਿਆਹੁਤਾ ਜ਼ਿੰਦਗੀ ਲਈ ਤਿਆਰੀ  (11:53)

      ਇਕ ਭਰਾ ਦਾ ਮੰਨਣਾ ਹੈ ਕਿ ਉਸ ਨੇ ਜੋ ਤਿਆਗ ਕੀਤੇ ਹਨ, ਉਸ ਤੋਂ ਕਿਤੇ ਜ਼ਿਆਦਾ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ ਹਨ। ਉਸ ਨੂੰ ਇੱਦਾਂ ਕਿਉਂ ਲੱਗਦਾ ਹੈ? ਆਓ ਜਾਣੀਏ।

      ਮੈਨੂੰ ਉਮੀਦ ਸੀ ਕਿ ਉਹ ਵੀ ਸੱਚਾਈ ਵਿਚ ਆਵੇਗੀ  (1:56)

      ਆਪਣੇ ਜੀਵਨ ਸਾਥੀ ਤੋਂ ਅਲੱਗ ਹੋਣ ਜਾਂ ਤਲਾਕ ਲੈਣ ਤੋਂ ਪਹਿਲਾਂ ਇਕ ਵਿਅਕਤੀ ਨੂੰ ਕਿਨ੍ਹਾਂ ਗੱਲਾਂ ʼਤੇ ਗੌਰ ਕਰਨਾ ਚਾਹੀਦਾ ਹੈ?

      “ਜੋ ‘ਪਰਮੇਸ਼ੁਰ ਨੇ ਬੰਨ੍ਹਿਆ ਹੈ,’ ਉਸ ਦਾ ਆਦਰ ਕਰੋ” (ਪਹਿਰਾਬੁਰਜ, ਦਸੰਬਰ 2018)

      a ਜੇ ਪਤੀ ਜਾਂ ਪਤਨੀ ਨੇ ਹਰਾਮਕਾਰੀ ਨਹੀਂ ਕੀਤੀ ਹੈ, ਫਿਰ ਵੀ ਉਨ੍ਹਾਂ ਦੇ ਅਲੱਗ ਹੋਣ ਬਾਰੇ ਬਾਈਬਲ ਕੀ ਕਹਿੰਦੀ ਹੈ, ਇਸ ਬਾਰੇ ਹੋਰ ਜਾਣਕਾਰੀ 4 ਦੇਖੋ।

      b ਕੁਝ ਸਭਿਆਚਾਰਾਂ ਵਿਚ ਮਾਪੇ ਆਪਣੇ ਬੱਚਿਆਂ ਦੇ ਰਿਸ਼ਤੇ ਕਰਦੇ ਹਨ। ਜਿਹੜੇ ਮਾਪੇ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਨ, ਉਹ ਸਭ ਤੋਂ ਪਹਿਲਾਂ ਇਹ ਦੇਖਦੇ ਹਨ ਕਿ ਉਨ੍ਹਾਂ ਦੇ ਧੀ-ਪੁੱਤਰ ਦਾ ਹੋਣ ਵਾਲਾ ਜੀਵਨ ਸਾਥੀ ਯਹੋਵਾਹ ਨਾਲ ਪਿਆਰ ਕਰਦਾ ਹੋਵੇ, ਨਾ ਕਿ ਇਹ ਕਿ ਉਸ ਕੋਲ ਕਿੰਨਾ ਪੈਸਾ ਹੈ ਜਾਂ ਸਮਾਜ ਵਿਚ ਉਸ ਦੀ ਕਿੰਨੀ ਕੁ ਹੈਸੀਅਤ ਹੈ।

      c ਜੇ ਤੁਸੀਂ ਕਿਸੇ ਨਾਲ ਬਿਨਾਂ ਵਿਆਹ ਕਰਾਏ ਰਹਿ ਰਹੇ ਹੋ, ਤਾਂ ਤੁਸੀਂ ਖ਼ੁਦ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਉਸ ਨਾਲ ਵਿਆਹ ਕਰਾਓਗੇ ਜਾਂ ਉਸ ਨੂੰ ਛੱਡ ਦਿਓਗੇ।

  • ਪਤੀ-ਪਤਨੀ ਕਿਵੇਂ ਖ਼ੁਸ਼ ਰਹਿ ਸਕਦੇ ਹਨ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 3. ਪਤੀ-ਪਤਨੀ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦੇ ਹਨ?

      ਬਾਈਬਲ ਪਤੀ-ਪਤਨੀਆਂ ਬਾਰੇ ਦੱਸਦੀ ਹੈ: “ਉਹ ਦੋਵੇਂ ਇਕ ਸਰੀਰ ਹੋਣਗੇ।” (ਮੱਤੀ 19:5) ਇਸ ਦਾ ਮਤਲਬ ਹੈ ਕਿ ਉਹ ਕਿਸੇ ਵੀ ਕਾਰਨ ਕਰਕੇ ਆਪਣੇ ਵਿਚ ਦੂਰੀਆਂ ਨਹੀਂ ਪੈਣ ਦੇਣਗੇ। ਉਹ ਇੱਦਾਂ ਕਿਵੇਂ ਕਰ ਸਕਦੇ ਹਨ? ਉਹ ਹਰ ਰੋਜ਼ ਇਕ-ਦੂਜੇ ਲਈ ਸਮਾਂ ਕੱਢਣਗੇ, ਪਿਆਰ ਨਾਲ ਗੱਲ ਕਰਨਗੇ ਅਤੇ ਖੁੱਲ੍ਹ ਕੇ ਦੱਸਣਗੇ ਕਿ ਉਹ ਕੀ ਸੋਚਦੇ ਤੇ ਮਹਿਸੂਸ ਕਰਦੇ ਹਨ। ਉਹ ਯਹੋਵਾਹ ਤੋਂ ਬਾਅਦ ਆਪਣੇ ਜੀਵਨ ਸਾਥੀ ਨੂੰ ਹੀ ਅਹਿਮੀਅਤ ਦੇਣਗੇ, ਨਾ ਕਿ ਕਿਸੇ ਹੋਰ ਵਿਅਕਤੀ ਜਾਂ ਚੀਜ਼ ਨੂੰ। ਉਹ ਖ਼ਾਸ ਕਰਕੇ ਇਸ ਗੱਲ ਦਾ ਧਿਆਨ ਰੱਖਣਗੇ ਕਿ ਉਹ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਆਦਮੀ ਜਾਂ ਔਰਤ ਨਾਲ ਨਜ਼ਦੀਕੀਆਂ ਨਾ ਵਧਾਉਣ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ