-
“ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
‘ਤੂੰ ਮੈਨੂੰ ਸਿਰਫ਼ ਇਕ ਵਾਰ ਮੱਥਾ ਟੇਕ’
8. ਤੀਜੀ ਪਰੀਖਿਆ ਵੇਲੇ ਸ਼ੈਤਾਨ ਨੇ ਆਪਣਾ ਅਸਲ ਇਰਾਦਾ ਕਿਵੇਂ ਜ਼ਾਹਰ ਕੀਤਾ?
8 ਮੱਤੀ 4:8-11 ਪੜ੍ਹੋ। ਤੀਜੀ ਪਰੀਖਿਆ ਲੈਂਦਿਆਂ ਸ਼ੈਤਾਨ ਨੇ ਚਲਾਕੀ ਛੱਡ ਕੇ ਸਾਫ਼-ਸਾਫ਼ ਜ਼ਾਹਰ ਕੀਤਾ ਕਿ ਉਸ ਦਾ ਅਸਲ ਇਰਾਦਾ ਕੀ ਸੀ। ਸ਼ੈਤਾਨ ਨੇ ਯਿਸੂ ਨੂੰ (ਸ਼ਾਇਦ ਇਕ ਦਰਸ਼ਣ ਵਿਚ) “ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਅਤੇ ਉਨ੍ਹਾਂ ਦੀ ਸ਼ਾਨੋ-ਸ਼ੌਕਤ ਦਿਖਾਈ।” ਪਰ ਉਸ ਨੇ ਇਸ ਵਿਚ ਹੁੰਦੀ ਬੁਰਾਈ ਨਹੀਂ ਦਿਖਾਈ। ਫਿਰ ਉਸ ਨੇ ਯਿਸੂ ਨੂੰ ਕਿਹਾ: “ਜੇ ਤੂੰ ਮੈਨੂੰ ਸਿਰਫ਼ ਇਕ ਵਾਰ ਮੱਥਾ ਟੇਕੇਂ, ਤਾਂ ਮੈਂ ਇਹ ਸਭ ਕੁਝ ਤੈਨੂੰ ਦੇ ਦਿਆਂਗਾ।”b ਇਸ ਤੋਂ ਪਤਾ ਲੱਗਦਾ ਹੈ ਕਿ ਭਗਤੀ ਹੀ ਅਸਲ ਮੁੱਦਾ ਸੀ। ਸ਼ੈਤਾਨ ਚਾਹੁੰਦਾ ਸੀ ਕਿ ਯਿਸੂ ਆਪਣੇ ਪਿਤਾ ਨੂੰ ਛੱਡ ਕੇ ਉਸ ਨੂੰ ਆਪਣਾ ਰੱਬ ਮੰਨ ਲਵੇ। ਸ਼ੈਤਾਨ ਨੇ ਯਿਸੂ ਨੂੰ ਸੌਖਾ ਰਾਹ ਚੁਣਨ ਲਈ ਕਿਹਾ। ਉਹ ਕਹਿ ਰਿਹਾ ਸੀ ਕਿ ਯਿਸੂ ਬਿਨਾਂ ਦੁੱਖ ਸਹੇ ਕੌਮਾਂ ਦੀ ਸਾਰੀ ਤਾਕਤ ਤੇ ਧਨ-ਦੌਲਤ ਹਾਸਲ ਕਰ ਸਕਦਾ ਸੀ। ਇਸ ਲਈ ਉਸ ਨੂੰ ਨਾ ਤਾਂ ਕੰਡਿਆਂ ਦਾ ਤਾਜ ਪਾਉਣ ਦੀ ਲੋੜ ਸੀ, ਨਾ ਕੋਰੜਿਆਂ ਦੀ ਮਾਰ ਸਹਿਣ ਦੀ ਲੋੜ ਸੀ ਤੇ ਨਾ ਹੀ ਸੂਲ਼ੀ ʼਤੇ ਚੜ੍ਹਨ ਦੀ ਲੋੜ ਸੀ। ਸ਼ੈਤਾਨ ਸਾਰੀਆਂ ਕੌਮਾਂ ਦਾ ਮਾਲਕ ਹੋਣ ਕਰਕੇ ਯਿਸੂ ਨੂੰ ਇਹ ਚੀਜ਼ਾਂ ਪੇਸ਼ ਕਰ ਰਿਹਾ ਸੀ। ਯਿਸੂ ਵੀ ਜਾਣਦਾ ਸੀ ਕਿ ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਸ਼ੈਤਾਨ ਦੀ ਮੁੱਠੀ ਵਿਚ ਹਨ। (ਯੂਹੰ. 12:31; 1 ਯੂਹੰ. 5:19) ਯਿਸੂ ਨੂੰ ਆਪਣੇ ਪਿਤਾ ਦੀ ਸ਼ੁੱਧ ਭਗਤੀ ਕਰਨ ਤੋਂ ਹਟਾਉਣ ਵਾਸਤੇ ਸ਼ੈਤਾਨ ਕੁਝ ਵੀ ਦੇਣ ਲਈ ਤਿਆਰ ਸੀ।
9. (ੳ) ਸ਼ੈਤਾਨ ਸੱਚੀ ਭਗਤੀ ਕਰਨ ਵਾਲਿਆਂ ਤੋਂ ਕੀ ਚਾਹੁੰਦਾ ਹੈ ਅਤੇ ਉਹ ਸਾਨੂੰ ਭਰਮਾਉਣ ਦੀ ਕੋਸ਼ਿਸ਼ ਕਿਵੇਂ ਕਰਦਾ ਹੈ? (ਅ) ਸਾਡੀ ਭਗਤੀ ਵਿਚ ਕੀ ਕੁਝ ਸ਼ਾਮਲ ਹੈ? (“ਭਗਤੀ ਕਰਨ ਦਾ ਕੀ ਮਤਲਬ ਹੈ?” ਨਾਂ ਦੀ ਡੱਬੀ ਦੇਖੋ।)
9 ਅੱਜ ਵੀ ਸ਼ੈਤਾਨ ਇਹੀ ਚਾਹੁੰਦਾ ਹੈ ਕਿ ਅਸੀਂ ਸਿੱਧੇ-ਸਿੱਧੇ ਜਾਂ ਕਿਸੇ ਹੋਰ ਤਰੀਕੇ ਨਾਲ ਉਸ ਦੀ ਭਗਤੀ ਕਰੀਏ। ਸ਼ੈਤਾਨ ਇਸ “ਦੁਨੀਆਂ ਦਾ ਈਸ਼ਵਰ” ਹੈ ਜਿਸ ਕਰਕੇ ਮਹਾਂ ਬਾਬਲ ਦੇ ਸਾਰੇ ਝੂਠੇ ਧਰਮ ਉਸ ਦੀ ਹੀ ਭਗਤੀ ਕਰਦੇ ਹਨ। (2 ਕੁਰਿੰ. 4:4) ਅਰਬਾਂ ਲੋਕ ਉਸ ਦੀ ਭਗਤੀ ਕਰਦੇ ਹਨ, ਫਿਰ ਵੀ ਸ਼ੈਤਾਨ ਇਨ੍ਹਾਂ ਲੋਕਾਂ ਦੀ ਭਗਤੀ ਤੋਂ ਰੱਜਦਾ ਨਹੀਂ, ਸਗੋਂ ਉਹ ਚਾਹੁੰਦਾ ਹੈ ਕਿ ਸੱਚੀ ਭਗਤੀ ਕਰਨ ਵਾਲੇ ਲੋਕ ਵੀ ਪਰਮੇਸ਼ੁਰ ਦੇ ਖ਼ਿਲਾਫ਼ ਹੋ ਜਾਣ। ਸ਼ੈਤਾਨ ਸਾਨੂੰ ਭਰਮਾਉਣਾ ਚਾਹੁੰਦਾ ਹੈ ਕਿ ਅਸੀਂ ਉਸ ਦੀ ਦੁਨੀਆਂ ਵਿਚ ਨਾਂ, ਸ਼ੁਹਰਤ ਤੇ ਧਨ-ਦੌਲਤ ਕਮਾਈਏ, ਨਾ ਕਿ ਮਸੀਹੀਆਂ ਵਜੋਂ ਜ਼ਿੰਦਗੀ ਜੀਉਂਦੇ ਹੋਏ ‘ਨੇਕ ਕੰਮ ਕਰਨ ਕਰਕੇ ਦੁੱਖ ਝੱਲੀਏ।’ (1 ਪਤ. 3:14) ਜੇ ਅਸੀਂ ਸ਼ੈਤਾਨ ਦੇ ਇਸ ਝਾਂਸੇ ਵਿਚ ਆ ਕੇ ਸ਼ੁੱਧ ਭਗਤੀ ਕਰਨੀ ਛੱਡ ਦਿੰਦੇ ਹਾਂ ਅਤੇ ਉਸ ਦੀ ਦੁਨੀਆਂ ਦਾ ਹਿੱਸਾ ਬਣ ਜਾਂਦੇ ਹਾਂ, ਤਾਂ ਅਸੀਂ ਉਸ ਨੂੰ ਆਪਣਾ ਰੱਬ ਬਣਾਉਂਦੇ ਹਾਂ ਅਤੇ ਉਸ ਅੱਗੇ ਮੱਥਾ ਟੇਕਦੇ ਹਾਂ। ਅਸੀਂ ਇਸ ਝਾਂਸੇ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਾਂ?
10. ਯਿਸੂ ਨੇ ਤੀਜੀ ਪਰੀਖਿਆ ਵੇਲੇ ਕੀ ਕੀਤਾ ਅਤੇ ਕਿਉਂ?
10 ਧਿਆਨ ਦਿਓ ਕਿ ਯਿਸੂ ਤੀਜੀ ਪਰੀਖਿਆ ਦੌਰਾਨ ਸ਼ੈਤਾਨ ਦੇ ਝਾਂਸੇ ਵਿਚ ਆਉਣ ਤੋਂ ਕਿਵੇਂ ਬਚਿਆ। ਯਿਸੂ ਨੇ ਉਸੇ ਵੇਲੇ ਕਿਹਾ: “ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ।” ਇਸ ਤਰ੍ਹਾਂ ਉਸ ਨੇ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ। ਤੀਜੀ ਪਰੀਖਿਆ ਦੌਰਾਨ ਵੀ ਯਿਸੂ ਨੇ ਬਿਵਸਥਾ ਸਾਰ ਦੀ ਉਹ ਆਇਤ ਵਰਤੀ ਜਿਸ ਵਿਚ ਯਹੋਵਾਹ ਦਾ ਨਾਂ ਦਰਜ ਹੈ: “ਇਹ ਲਿਖਿਆ ਹੈ: ‘ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।’” (ਮੱਤੀ 4:10; ਬਿਵ. 6:13) ਯਿਸੂ ਨੇ ਦੁਨੀਆਂ ਦੀ ਧਨ-ਦੌਲਤ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਨੂੰ ਠੁਕਰਾ ਦਿੱਤਾ, ਹਾਂ, ਅਜਿਹੀ ਜ਼ਿੰਦਗੀ ਨੂੰ ਜਿਸ ਵਿਚ ਉਸ ਨੂੰ ਕੋਈ ਦੁੱਖ-ਦਰਦ ਨਹੀਂ ਸਹਿਣਾ ਪੈਣਾ ਸੀ। ਪਰ ਇਹ ਜ਼ਿੰਦਗੀ ਬੱਸ ਥੋੜ੍ਹੇ ਸਮੇਂ ਦੀ ਹੀ ਹੋਣੀ ਸੀ। ਯਿਸੂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਦਾ ਪਿਤਾ ਹੀ ਭਗਤੀ ਦਾ ਹੱਕਦਾਰ ਹੈ। ਉਸ ਨੂੰ ਪਤਾ ਸੀ ਕਿ ਸ਼ੈਤਾਨ ਨੂੰ ਇਕ ਵਾਰ ‘ਮੱਥਾ ਟੇਕਣ’ ਦਾ ਮਤਲਬ ਹੋਵੇਗਾ, ਉਸ ਦੁਸ਼ਟ ਨੂੰ ਆਪਣਾ ਰੱਬ ਮੰਨਣਾ। ਇਸ ਲਈ ਉਸ ਨੇ ਮੱਥਾ ਟੇਕਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਯਿਸੂ ਦਾ ਮੂੰਹ-ਤੋੜ ਜਵਾਬ ਸੁਣ ਕੇ “ਸ਼ੈਤਾਨ ਉਸ ਨੂੰ ਛੱਡ ਕੇ ਚਲਾ ਗਿਆ।”c
“ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ” (ਪੈਰਾ 10 ਦੇਖੋ)
11. ਅਸੀਂ ਸ਼ੈਤਾਨ ਦਾ ਵਿਰੋਧ ਕਿਵੇਂ ਕਰ ਸਕਦੇ ਅਤੇ ਉਸ ਦੇ ਝਾਂਸੇ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਾਂ?
11 ਸ਼ੈਤਾਨ ਅਤੇ ਉਸ ਦੀ ਦੁਸ਼ਟ ਦੁਨੀਆਂ ਵੱਲੋਂ ਸਾਡੇ ʼਤੇ ਪਰੀਖਿਆਵਾਂ ਆਉਂਦੀਆਂ ਹਨ। ਪਰ ਅਸੀਂ ਸ਼ੈਤਾਨ ਅਤੇ ਦੁਨੀਆਂ ਦੇ ਝਾਂਸੇ ਵਿਚ ਆਉਣ ਤੋਂ ਬਚ ਸਕਦੇ ਹਾਂ ਕਿਉਂਕਿ ਯਿਸੂ ਵਾਂਗ ਸਾਡੇ ਕੋਲ ਵੀ ਇਹ ਫ਼ੈਸਲਾ ਕਰਨ ਦੀ ਆਜ਼ਾਦੀ ਹੈ ਕਿ ਅਸੀਂ ਕਿਸ ਦੀ ਭਗਤੀ ਕਰਾਂਗੇ। ਯਹੋਵਾਹ ਨੇ ਸਾਨੂੰ ਇਹ ਆਜ਼ਾਦੀ ਦਿੱਤੀ ਹੈ। ਇਸ ਲਈ ਕੋਈ ਵੀ ਸਾਨੂੰ ਸ਼ੁੱਧ ਭਗਤੀ ਕਰਨ ਤੋਂ ਰੋਕ ਨਹੀਂ ਸਕਦਾ, ਇੱਥੋਂ ਤਕ ਕਿ ਸਾਡੇ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਦੁਸ਼ਟ ਸ਼ੈਤਾਨ ਵੀ ਨਹੀਂ। ਜੇ ਅਸੀਂ “ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਕੇ [ਸ਼ੈਤਾਨ] ਦਾ ਮੁਕਾਬਲਾ” ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਕੇ ਸ਼ੈਤਾਨ ਨੂੰ ਕਹਿ ਰਹੇ ਹੁੰਦੇ ਹਾਂ, “ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ।” (1 ਪਤ. 5:9) ਯਾਦ ਕਰੋ ਕਿ ਯਿਸੂ ਦੁਆਰਾ ਸਖ਼ਤ ਵਿਰੋਧ ਕਰਨ ਤੋਂ ਬਾਅਦ ਹੀ ਸ਼ੈਤਾਨ ਉਸ ਨੂੰ ਛੱਡ ਕੇ ਗਿਆ ਸੀ। ਬਾਈਬਲ ਸਾਨੂੰ ਵੀ ਇਹੀ ਭਰੋਸਾ ਦਿਵਾਉਂਦੀ ਹੈ: “ਸ਼ੈਤਾਨ ਦਾ ਵਿਰੋਧ ਕਰੋ ਅਤੇ ਉਹ ਤੁਹਾਡੇ ਤੋਂ ਭੱਜ ਜਾਵੇਗਾ।”—ਯਾਕੂ. 4:7.
ਸ਼ੈਤਾਨ ਦੀ ਦੁਨੀਆਂ ਸਾਨੂੰ ਭਰਮਾਉਂਦੀ ਹੈ, ਪਰ ਅਸੀਂ ਬਚ ਸਕਦੇ ਹਾਂ (ਪੈਰੇ 11, 19 ਦੇਖੋ)
ਸ਼ੁੱਧ ਭਗਤੀ ਦਾ ਦੁਸ਼ਮਣ
12. ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਕਿਵੇਂ ਜ਼ਾਹਰ ਕੀਤਾ ਕਿ ਉਹ ਸ਼ੁੱਧ ਭਗਤੀ ਦਾ ਦੁਸ਼ਮਣ ਹੈ?
12 ਯਿਸੂ ਦੀ ਤੀਜੀ ਪਰੀਖਿਆ ਤੋਂ ਇਹ ਗੱਲ ਸਾਬਤ ਹੋ ਗਈ ਕਿ ਸ਼ੈਤਾਨ ਨੇ ਹੀ ਸਭ ਤੋਂ ਪਹਿਲਾਂ ਸ਼ੁੱਧ ਭਗਤੀ ʼਤੇ ਹਮਲਾ ਕੀਤਾ ਸੀ। ਸ਼ੈਤਾਨ ਨੂੰ ਇਹ ਗੱਲ ਬਿਲਕੁਲ ਵੀ ਬਰਦਾਸ਼ਤ ਨਹੀਂ ਕਿ ਯਹੋਵਾਹ ਦੀ ਭਗਤੀ ਕੀਤੀ ਜਾਵੇ। ਇਹ ਗੱਲ ਉਸ ਨੇ ਹਜ਼ਾਰਾਂ ਸਾਲ ਪਹਿਲਾਂ ਅਦਨ ਦੇ ਬਾਗ਼ ਵਿਚ ਜ਼ਾਹਰ ਕੀਤੀ। ਉਸ ਨੇ ਹੱਵਾਹ ਨੂੰ ਯਹੋਵਾਹ ਦਾ ਹੁਕਮ ਤੋੜਨ ਲਈ ਭਰਮਾਇਆ ਤੇ ਫਿਰ ਹੱਵਾਹ ਨੇ ਆਦਮ ਨੂੰ ਇਸ ਤਰ੍ਹਾਂ ਕਰਨ ਲਈ ਮਨਾ ਲਿਆ। ਇਸ ਤਰ੍ਹਾਂ ਸ਼ੈਤਾਨ ਨੇ ਉਨ੍ਹਾਂ ਨੂੰ ਆਪਣੇ ਗ਼ੁਲਾਮ ਬਣਾ ਲਿਆ। (ਉਤਪਤ 3:1-5 ਪੜ੍ਹੋ; 2 ਕੁਰਿੰ. 11:3; ਪ੍ਰਕਾ. 12:9) ਅਸਲ ਵਿਚ ਸ਼ੈਤਾਨ ਉਨ੍ਹਾਂ ਦਾ ਰੱਬ ਬਣ ਗਿਆ ਅਤੇ ਉਹ ਉਸ ਦੀ ਭਗਤੀ ਕਰਨ ਲੱਗ ਪਏ, ਭਾਵੇਂ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਭਰਮਾਉਣ ਵਾਲਾ ਕੌਣ ਸੀ। ਇਸ ਤੋਂ ਇਲਾਵਾ, ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਬਗਾਵਤ ਕਰ ਕੇ ਨਾ ਸਿਰਫ਼ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਲਲਕਾਰਿਆ, ਸਗੋਂ ਸ਼ੁੱਧ ਭਗਤੀ ʼਤੇ ਵੀ ਹਮਲਾ ਕੀਤਾ। ਕਿਵੇਂ?
-
-
“ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
b ਬਾਈਬਲ ਨੂੰ ਸਮਝਾਉਣ ਵਾਲੀ ਇਕ ਕਿਤਾਬ ਸ਼ੈਤਾਨ ਦੇ ਇਨ੍ਹਾਂ ਸ਼ਬਦਾਂ ਬਾਰੇ ਕਹਿੰਦੀ ਹੈ: “ਜਦੋਂ ਆਦਮ ਤੇ ਹੱਵਾਹ ਨੂੰ ਸ਼ੈਤਾਨ ਨੇ ਭਰਮਾਇਆ, ਤਾਂ ਉਨ੍ਹਾਂ ਨੇ ਇਹ ਫ਼ੈਸਲਾ ਕਰਨਾ ਸੀ ਕਿ ਉਹ ਸ਼ੈਤਾਨ ਦੀ ਮਰਜ਼ੀ ਪੂਰੀ ਕਰਨਗੇ ਜਾਂ ਪਰਮੇਸ਼ੁਰ ਦੀ। ਅਸਲੀ ਮੁੱਦਾ ਸੀ ਕਿ ਉਹ ਪਰਮੇਸ਼ੁਰ ਦੀ ਭਗਤੀ ਕਰਨਗੇ ਜਾਂ ਸ਼ੈਤਾਨ ਦੀ। ਯਿਸੂ ਦੀ ਪਰੀਖਿਆ ਵੇਲੇ ਵੀ ਭਗਤੀ ਹੀ ਅਸਲ ਮੁੱਦਾ ਸੀ। ਵਾਕਈ, ਸ਼ੈਤਾਨ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਜਗ੍ਹਾ ਲੈਣੀ ਚਾਹੁੰਦਾ ਹੈ।”
-