-
ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਲਈ “ਮਨੁੱਖਾਂ ਵਿਚ ਦਾਨ”ਪਹਿਰਾਬੁਰਜ—1999 | ਜੂਨ 1
-
-
ਜਦੋਂ ‘ਸੁਧਾਰ’ ਕਰਨ ਦੀ ਜ਼ਰੂਰਤ ਪੈਂਦੀ ਹੈ
8. ਸਮੇਂ-ਸਮੇਂ ਤੇ ਸਾਨੂੰ ਸਾਰਿਆਂ ਨੂੰ ਕਿਨ੍ਹਾਂ ਤਰੀਕਿਆਂ ਨਾਲ ਸੁਧਾਰੇ ਜਾਣ ਦੀ ਲੋੜ ਪੈਂਦੀ ਹੈ?
8 ਪਹਿਲਾ, ਪੌਲੁਸ ਕਹਿੰਦਾ ਹੈ ਕਿ “ਮਨੁੱਖਾਂ ਵਿਚ ਦਾਨ” ਇਸ ਲਈ ਦਿੱਤੇ ਗਏ ਹਨ ‘ਤਾਂ ਜੋ ਸੰਤ ਸਿੱਧ ਹੋਣ।’ (ਅਫ਼ਸੀਆਂ 4:12) ਇੱਥੇ ਜਿਸ ਯੂਨਾਨੀ ਨਾਂਵ ਦਾ ਅਨੁਵਾਦ “ਸਿੱਧ ਹੋਣ” ਕੀਤਾ ਗਿਆ ਹੈ ਉਸ ਦਾ ਮਤਲਬ ਹੈ ਕਿਸੇ ਚੀਜ਼ ਨੂੰ ‘ਸੇਧ ਵਿਚ ਲਿਆਉਣਾ।’ ਅਪੂਰਣ ਇਨਸਾਨ ਹੋਣ ਦੇ ਨਾਤੇ, ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਤੇ ਸੁਧਾਰੇ ਜਾਣ ਦੀ ਲੋੜ ਪੈਂਦੀ ਹੈ, ਅਰਥਾਤ ਆਪਣੀ ਸੋਚਣੀ, ਰਵੱਈਏ ਜਾਂ ਆਚਰਣ ਨੂੰ ਪਰਮੇਸ਼ੁਰ ਦੀ ਸੋਚਣੀ ਅਤੇ ਇੱਛਾ ਦੀ ‘ਸੇਧ ਵਿਚ ਲਿਆਉਣ’ ਦੀ ਲੋੜ ਪੈਂਦੀ ਹੈ। ਯਹੋਵਾਹ ਨੇ ਪ੍ਰੇਮਮਈ ਤਰੀਕੇ ਨਾਲ “ਮਨੁੱਖਾਂ ਵਿਚ ਦਾਨ” ਦਿੱਤੇ ਹਨ, ਤਾਂਕਿ ਉਹ ਲੋੜੀਂਦੇ ਸੁਧਾਰ ਕਰਨ ਵਿਚ ਸਾਡੀ ਮਦਦ ਕਰਨ। ਉਹ ਸਾਡੀ ਮਦਦ ਕਿਵੇਂ ਕਰਦੇ ਹਨ?
9. ਇਕ ਬਜ਼ੁਰਗ ਉਸ ਭੇਡ ਨੂੰ ਸੁਧਾਰਨ ਵਿਚ ਕਿਵੇਂ ਮਦਦ ਕਰ ਸਕਦਾ ਹੈ ਜਿਸ ਨੇ ਗ਼ਲਤੀ ਕੀਤੀ ਹੈ?
9 ਕਦੀ-ਕਦੀ ਇਕ ਬਜ਼ੁਰਗ ਨੂੰ ਇਕ ਅਜਿਹੀ ਭੇਡ ਦੀ ਮਦਦ ਕਰਨ ਲਈ ਕਿਹਾ ਜਾ ਸਕਦਾ ਹੈ ਜਿਸ ਨੇ ਗ਼ਲਤੀ ਕੀਤੀ ਹੈ, ਜੋ ਸ਼ਾਇਦ “ਕਿਸੇ ਅਪਰਾਧ ਵਿੱਚ ਫੜਿਆ” ਗਿਆ ਹੈ। ਇਕ ਬਜ਼ੁਰਗ ਉਸ ਦੀ ਕਿਵੇਂ ਮਦਦ ਕਰ ਸਕਦਾ ਹੈ? ਗਲਾਤੀਆਂ 6:1 ਕਹਿੰਦਾ ਹੈ: “ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਉ ਨਾਲ ਸੁਧਾਰੋ।” ਇਸ ਲਈ ਜਦੋਂ ਇਕ ਬਜ਼ੁਰਗ ਗ਼ਲਤੀ ਕਰਨ ਵਾਲੇ ਭਰਾ ਜਾਂ ਭੈਣ ਨੂੰ ਸਲਾਹ ਦਿੰਦਾ ਹੈ ਤਾਂ ਉਹ ਉਸ ਨੂੰ ਝਿੜਕੇਗਾ ਨਹੀਂ ਅਰਥਾਤ ਕੌੜੇ ਸ਼ਬਦਾਂ ਦਾ ਇਸਤੇਮਾਲ ਨਹੀਂ ਕਰੇਗਾ। ਸਲਾਹ ‘ਡਰਾਉਣ ਵਾਲੀ’ ਨਹੀਂ ਹੋਣੀ ਚਾਹੀਦੀ, ਸਗੋਂ ਇਸ ਨਾਲ ਸਲਾਹ ਪ੍ਰਾਪਤ ਕਰਨ ਵਾਲੇ ਨੂੰ ਹੌਸਲਾ ਮਿਲਣਾ ਚਾਹੀਦਾ ਹੈ। (2 ਕੁਰਿੰਥੀਆਂ 10:9. ਅੱਯੂਬ 33:7 ਦੀ ਤੁਲਨਾ ਕਰੋ।) ਹੋ ਸਕਦਾ ਹੈ ਕਿ ਉਹ ਵਿਅਕਤੀ ਪਹਿਲਾਂ ਹੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹੋਵੇ, ਇਸ ਲਈ ਇਕ ਪ੍ਰੇਮਮਈ ਚਰਵਾਹਾ ਉਸ ਵਿਅਕਤੀ ਦੇ ਹੌਸਲੇ ਨੂੰ ਤੋੜਨ ਤੋਂ ਪਰਹੇਜ਼ ਕਰੇਗਾ। ਜਦੋਂ ਸਲਾਹ, ਜਾਂ ਸਖ਼ਤ ਤਾੜਨਾ ਪ੍ਰੇਮ ਨਾਲ ਅਤੇ ਪ੍ਰੇਮ ਤੋਂ ਪ੍ਰੇਰਿਤ ਹੋ ਕੇ ਦਿੱਤੀ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਇਹ ਸਲਾਹ ਉਸ ਗ਼ਲਤੀ ਕਰਨ ਵਾਲੇ ਵਿਅਕਤੀ ਦੀ ਸੋਚਣੀ ਜਾਂ ਆਚਰਣ ਨੂੰ ਸਹੀ ਸੇਧ ਵਿਚ ਲੈ ਆਵੇ ਅਤੇ ਇਸ ਤਰ੍ਹਾਂ ਉਹ ਮੁੜ ਬਹਾਲ ਹੋ ਜਾਏ।—2 ਤਿਮੋਥਿਉਸ 4:2.
10. ਦੂਸਰਿਆਂ ਨੂੰ ਸੁਧਾਰਨ ਵਿਚ ਕੀ ਕੁਝ ਸ਼ਾਮਲ ਹੈ?
10 ਸਾਨੂੰ ਸੁਧਾਰਨ ਲਈ “ਮਨੁੱਖਾਂ ਵਿਚ ਦਾਨ” ਦਿੰਦੇ ਸਮੇਂ, ਯਹੋਵਾਹ ਦਾ ਉਦੇਸ਼ ਸੀ ਕਿ ਬਜ਼ੁਰਗ ਅਧਿਆਤਮਿਕ ਤੌਰ ਤੇ ਤਾਜ਼ਗੀ ਦੇਣ ਵਾਲੇ ਹੋਣਗੇ ਅਤੇ ਇਸ ਯੋਗ ਹੋਣਗੇ ਕਿ ਕਲੀਸਿਯਾ ਉਨ੍ਹਾਂ ਦੀ ਰੀਸ ਕਰੇ। (1 ਕੁਰਿੰਥੀਆਂ 16:17, 18; ਫ਼ਿਲਿੱਪੀਆਂ 3:17) ਦੂਸਰਿਆਂ ਨੂੰ ਸੁਧਾਰਨ ਵਿਚ ਸਿਰਫ਼ ਕੁਰਾਹੇ ਪੈਣ ਵਾਲਿਆਂ ਨੂੰ ਤਾੜਨਾ ਹੀ ਸ਼ਾਮਲ ਨਹੀਂ ਹੈ, ਸਗੋਂ ਇਸ ਵਿਚ ਵਫ਼ਾਦਾਰ ਭੈਣ-ਭਰਾਵਾਂ ਨੂੰ ਸਹੀ ਰਾਹ ਤੇ ਚੱਲਦੇ ਰਹਿਣ ਵਿਚ ਮਦਦ ਕਰਨੀ ਵੀ ਸ਼ਾਮਲ ਹੈ।a ਅੱਜ ਦੁਨੀਆਂ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਕਰਕੇ ਬਹੁਤ ਸਾਰੇ ਭੈਣ-ਭਰਾ ਨਿਰਉਤਸ਼ਾਹਿਤ ਹੋ ਸਕਦੇ ਹਨ ਤੇ ਅਜਿਹੀ ਸਥਿਤੀ ਵਿਚ ਮਜ਼ਬੂਤ ਰਹਿਣ ਲਈ ਉਨ੍ਹਾਂ ਨੂੰ ਹੌਸਲੇ ਦੀ ਲੋੜ ਹੈ। ਕਈਆਂ ਨੂੰ ਸ਼ਾਇਦ ਆਪਣੀ ਸੋਚਣੀ ਨੂੰ ਪਰਮੇਸ਼ੁਰ ਦੀ ਸੋਚਣੀ ਦੀ ਸੇਧ ਵਿਚ ਲਿਆਉਣ ਲਈ ਪਿਆਰ ਭਰੀ ਮਦਦ ਦੀ ਲੋੜ ਹੋਵੇ। ਉਦਾਹਰਣ ਲਈ, ਕੁਝ ਵਫ਼ਾਦਾਰ ਮਸੀਹੀ ਅਜਿਹੀਆਂ ਭਾਵਨਾਵਾਂ ਵਿਚ ਜਕੜੇ ਹੋਏ ਹਨ ਕਿ ਉਹ ਕੁਝ ਵੀ ਕਰਨ ਦੇ ਲਾਇਕ ਨਹੀਂ ਹਨ, ਜਾਂ ਉਹ ਕਿਸੇ ਕੰਮ ਦੇ ਨਹੀਂ ਹਨ। ਸ਼ਾਇਦ ਅਜਿਹੇ ‘ਕਮਦਿਲੇ’ ਭੈਣ-ਭਰਾ ਮਹਿਸੂਸ ਕਰਨ ਕਿ ਯਹੋਵਾਹ ਕਦੀ ਵੀ ਉਨ੍ਹਾਂ ਨੂੰ ਪਿਆਰ ਨਹੀਂ ਕਰ ਸਕਦਾ ਅਤੇ ਚਾਹੇ ਉਹ ਜਿੰਨੀ ਮਰਜ਼ੀ ਪਰਮੇਸ਼ੁਰ ਦੀ ਸੇਵਾ ਕਰ ਲੈਣ, ਉਹ ਕਦੀ ਵੀ ਪਰਮੇਸ਼ੁਰ ਨੂੰ ਸਵੀਕਾਰਯੋਗ ਨਹੀਂ ਹੋ ਸਕਦੀ। (1 ਥੱਸਲੁਨੀਕੀਆਂ 5:14) ਪਰ ਇਸ ਤਰ੍ਹਾਂ ਦੀ ਸੋਚਣੀ ਗ਼ਲਤ ਹੈ, ਕਿਉਂਕਿ ਪਰਮੇਸ਼ੁਰ ਆਪਣੇ ਉਪਾਸਕਾਂ ਦੇ ਬਾਰੇ ਅਸਲ ਵਿਚ ਇਸ ਤਰ੍ਹਾਂ ਮਹਿਸੂਸ ਨਹੀਂ ਕਰਦਾ ਹੈ।
11. ਬਜ਼ੁਰਗ ਉਨ੍ਹਾਂ ਭੈਣ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਨ ਜਿਹੜੇ ਮਹਿਸੂਸ ਕਰਦੇ ਹਨ ਕਿ ਉਹ ਕਿਸੇ ਕੰਮ ਦੇ ਨਹੀਂ ਹਨ?
11 ਬਜ਼ੁਰਗੋ, ਅਜਿਹਿਆਂ ਦੀ ਮਦਦ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਉਨ੍ਹਾਂ ਦੇ ਨਾਲ ਨਰਮਾਈ ਨਾਲ ਬਾਈਬਲ ਵਿੱਚੋਂ ਸਬੂਤ ਸਾਂਝੇ ਕਰੋ ਕਿ ਯਹੋਵਾਹ ਆਪਣੇ ਹਰੇਕ ਸੇਵਕ ਦੀ ਪਰਵਾਹ ਕਰਦਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਬਾਈਬਲ ਦੇ ਇਹ ਵਚਨ ਨਿੱਜੀ ਤੌਰ ਤੇ ਉਨ੍ਹਾਂ ਤੇ ਲਾਗੂ ਹੁੰਦੇ ਹਨ। (ਲੂਕਾ 12:6, 7, 24) ਉਨ੍ਹਾਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਯਹੋਵਾਹ ਨੇ ਉਨ੍ਹਾਂ ਨੂੰ ਉਸ ਦੀ ਸੇਵਾ ਕਰਨ ਲਈ ‘ਖਿੱਚਿਆ’ ਹੈ, ਇਸ ਲਈ ਉਸ ਨੇ ਜ਼ਰੂਰ ਹੀ ਉਨ੍ਹਾਂ ਵਿਚ ਕੁਝ ਖੂਬੀ ਦੇਖੀ ਹੋਵੇਗੀ। (ਯੂਹੰਨਾ 6:44) ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਇਸ ਤਰ੍ਹਾਂ ਦੀਆਂ ਭਾਵਨਾਵਾਂ ਰੱਖਣ ਵਾਲੇ ਉਹ ਇਕੱਲੇ ਨਹੀਂ ਹਨ, ਯਹੋਵਾਹ ਦੇ ਬਹੁਤ ਸਾਰੇ ਵਫ਼ਾਦਾਰ ਸੇਵਕਾਂ ਨੇ ਇਸੇ ਤਰ੍ਹਾਂ ਮਹਿਸੂਸ ਕੀਤਾ ਸੀ। ਇਕ ਵਾਰੀ ਏਲੀਯਾਹ ਨਬੀ ਇੰਨਾ ਜ਼ਿਆਦਾ ਨਿਰਾਸ਼ ਹੋ ਗਿਆ ਸੀ ਕਿ ਉਹ ਮਰਨਾ ਚਾਹੁੰਦਾ ਸੀ। (1 ਰਾਜਿਆਂ 19:1-4) ਪਹਿਲੀ ਸਦੀ ਦੇ ਕੁਝ ਮਸਹ ਕੀਤੇ ਹੋਏ ਮਸੀਹੀਆਂ ਦਾ ਆਪਣਾ ਹੀ ਮਨ ਉਨ੍ਹਾਂ ਨੂੰ “ਦੋਸ਼ ਲਾਉਂਦਾ” ਸੀ। (1 ਯੂਹੰਨਾ 3:19) ਇਹ ਜਾਣ ਕੇ ਸਾਨੂੰ ਬੜਾ ਹੌਸਲਾ ਮਿਲਦਾ ਹੈ ਕਿ ਬਾਈਬਲ ਸਮਿਆਂ ਦੇ ਵਫ਼ਾਦਾਰ ਸੇਵਕਾਂ ਦੇ ਵੀ ‘ਸਾਡੇ ਵਰਗੇ ਦੁਖ ਸੁਖ’ ਸਨ। (ਯਾਕੂਬ 5:17) ਤੁਸੀਂ ਅਜਿਹੇ ਦੁਖੀ ਭੈਣ-ਭਰਾਵਾਂ ਦੇ ਨਾਲ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿੱਚੋਂ ਉਤਸ਼ਾਹ ਦੇਣ ਵਾਲੇ ਲੇਖਾਂ ਦੀ ਵੀ ਚਰਚਾ ਕਰ ਸਕਦੇ ਹੋ। ਅਜਿਹਿਆਂ ਦੇ ਵਿਸ਼ਵਾਸ ਨੂੰ ਦੁਬਾਰਾ ਤੋਂ ਜਗਾਉਣ ਲਈ ਤੁਹਾਡੇ ਵੱਲੋਂ ਕੀਤੇ ਗਏ ਪ੍ਰੇਮਮਈ ਜਤਨਾਂ ਨੂੰ ਪਰਮੇਸ਼ੁਰ ਅਣਗੌਲਿਆਂ ਨਹੀਂ ਕਰੇਗਾ ਜਿਸ ਨੇ ਤੁਹਾਨੂੰ “ਮਨੁੱਖਾਂ ਵਿਚ ਦਾਨ” ਦੇ ਤੌਰ ਤੇ ਦਿੱਤਾ ਹੈ।—ਇਬਰਾਨੀਆਂ 6:10.
-
-
ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਲਈ “ਮਨੁੱਖਾਂ ਵਿਚ ਦਾਨ”ਪਹਿਰਾਬੁਰਜ—1999 | ਜੂਨ 1
-
-
ਝੁੰਡ ਦੀ ‘ਉਸਾਰੀ’ ਕਰਨੀ
12. “ਮਸੀਹ ਦੀ ਦੇਹੀ ਉਸਰਦੀ ਜਾਵੇ” ਇਸ ਪ੍ਰਗਟਾਵੇ ਤੋਂ ਕੀ ਸੰਕੇਤ ਮਿਲਦਾ ਹੈ ਅਤੇ ਝੁੰਡ ਨੂੰ ਬਣਾਉਣ ਦਾ ਕੀ ਰਾਜ਼ ਹੈ?
12 ਦੂਸਰਾ, “ਮਨੁੱਖਾਂ ਵਿਚ ਦਾਨ” ਇਸ ਲਈ ਦਿੱਤੇ ਗਏ ਹਨ ਤਾਂਕਿ “ਮਸੀਹ ਦੀ ਦੇਹੀ ਉਸਰਦੀ ਜਾਵੇ।” (ਅਫ਼ਸੀਆਂ 4:12) ਇੱਥੇ ਪੌਲੁਸ ਲਾਖਣਿਕ ਭਾਸ਼ਾ ਇਸਤੇਮਾਲ ਕਰਦਾ ਹੈ। “ਉਸਰਦੀ” ਸ਼ਬਦ ਪੜ੍ਹ ਕੇ ਸਾਡੇ ਮਨ ਵਿਚ ਨਿਰਮਾਣ-ਕਾਰਜ ਦਾ ਵਿਚਾਰ ਆਉਂਦਾ ਹੈ, ਅਤੇ “ਮਸੀਹ ਦੀ ਦੇਹੀ” ਲੋਕਾਂ ਨੂੰ, ਅਰਥਾਤ ਮਸੀਹੀ ਕਲੀਸਿਯਾ ਦੇ ਮਸਹ ਕੀਤੇ ਹੋਏ ਮੈਂਬਰਾਂ ਨੂੰ ਸੰਕੇਤ ਕਰਦੀ ਹੈ। (1 ਕੁਰਿੰਥੀਆਂ 12:27; ਅਫ਼ਸੀਆਂ 5:23, 29, 30) ਬਜ਼ੁਰਗਾਂ ਨੂੰ ਆਪਣੇ ਭਰਾਵਾਂ ਦੀ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਨ ਵਿਚ ਮਦਦ ਕਰਨ ਦੀ ਲੋੜ ਹੈ। ਉਨ੍ਹਾਂ ਦਾ ਉਦੇਸ਼ ਝੁੰਡ ਨੂੰ ‘ਢਾਹੁਣਾ ਨਹੀਂ ਸਗੋਂ ਬਣਾਉਣਾ’ ਹੈ। (2 ਕੁਰਿੰਥੀਆਂ 10:8) ਝੁੰਡ ਨੂੰ ਬਣਾਉਣ ਦਾ ਰਾਜ਼ ਹੈ ਪ੍ਰੇਮ, ਕਿਉਂਕਿ “ਪ੍ਰੇਮ ਬਣਾਉਂਦਾ ਹੈ।”—1 ਕੁਰਿੰਥੀਆਂ 8:1.
13. ਹਮਦਰਦ ਹੋਣ ਦਾ ਕੀ ਅਰਥ ਹੈ ਅਤੇ ਇਹ ਕਿਉਂ ਮਹੱਤਵਪੂਰਣ ਹੈ ਕਿ ਬਜ਼ੁਰਗ ਹਮਦਰਦੀ ਦਿਖਾਉਣ?
13 ਪ੍ਰੇਮ ਦਾ ਇਕ ਪਹਿਲੂ ਜੋ ਝੁੰਡ ਨੂੰ ਬਣਾਉਣ ਵਿਚ ਬਜ਼ੁਰਗਾਂ ਦੀ ਮਦਦ ਕਰਦਾ ਹੈ, ਉਹ ਹੈ ਹਮਦਰਦੀ। ਹਮਦਰਦ ਹੋਣ ਦਾ ਅਰਥ ਹੈ ਦੂਜਿਆਂ ਦੇ ਦੁੱਖ-ਸੁੱਖ ਵਿਚ ਭਾਗੀ ਬਣਨਾ, ਕਹਿਣ ਦਾ ਭਾਵ ਉਨ੍ਹਾਂ ਵਾਂਗ ਸੋਚਣਾ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖਣਾ। (1 ਪਤਰਸ 3:8) ਇਹ ਕਿਉਂ ਮਹੱਤਵਪੂਰਣ ਹੈ ਕਿ ਬਜ਼ੁਰਗ ਹਮਦਰਦ ਹੋਣ? ਮੁੱਖ ਤੌਰ ਤੇ ਕਿਉਂਕਿ ਯਹੋਵਾਹ—ਜੋ “ਮਨੁੱਖਾਂ ਵਿਚ ਦਾਨ” ਦੇਣ ਵਾਲਾ ਹੈ—ਇਕ ਹਮਦਰਦ ਪਰਮੇਸ਼ੁਰ ਹੈ। ਜਦੋਂ ਉਸ ਦੇ ਸੇਵਕ ਕਸ਼ਟ ਜਾਂ ਦੁੱਖ ਭੋਗ ਰਹੇ ਹੁੰਦੇ ਹਨ, ਤਾਂ ਉਹ ਵੀ ਦੁਖੀ ਹੁੰਦਾ ਹੈ। (ਕੂਚ 3:7; ਯਸਾਯਾਹ 63:9) ਉਹ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖਦਾ ਹੈ। (ਜ਼ਬੂਰ 103:14) ਤਾਂ ਫਿਰ ਬਜ਼ੁਰਗ ਕਿਵੇਂ ਹਮਦਰਦੀ ਦਿਖਾ ਸਕਦੇ ਹਨ?
14. ਬਜ਼ੁਰਗ ਕਿਨ੍ਹਾਂ ਤਰੀਕਿਆਂ ਨਾਲ ਦੂਜਿਆਂ ਪ੍ਰਤੀ ਹਮਦਰਦੀ ਦਿਖਾ ਸਕਦੇ ਹਨ?
14 ਜਦੋਂ ਕੋਈ ਨਿਰਾਸ਼ ਵਿਅਕਤੀ ਉਨ੍ਹਾਂ ਕੋਲ ਆਉਂਦਾ ਹੈ ਤਾਂ ਉਹ ਉਸ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਸ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਹਨ। ਉਹ ਆਪਣੇ ਭਰਾਵਾਂ ਦੇ ਪਿਛੋਕੜ, ਸ਼ਖ਼ਸੀਅਤ, ਅਤੇ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਫਿਰ ਜਦੋਂ ਬਜ਼ੁਰਗ ਬਾਈਬਲ ਵਿੱਚੋਂ ਉਤਸ਼ਾਹਜਨਕ ਸਲਾਹ ਦਿੰਦੇ ਹਨ ਤਾਂ ਭੇਡਾਂ ਨੂੰ ਉਹ ਸਲਾਹ ਸਵੀਕਾਰ ਕਰਨੀ ਸੌਖੀ ਲੱਗੇਗੀ ਕਿਉਂਕਿ ਇਹ ਉਨ੍ਹਾਂ ਚਰਵਾਹਿਆਂ ਵੱਲੋਂ ਦਿੱਤੀ ਜਾ ਰਹੀ ਹੈ ਜਿਹੜੇ ਅਸਲ ਵਿਚ ਉਨ੍ਹਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਦੀ ਚਿੰਤਾ ਕਰਦੇ ਹਨ। (ਕਹਾਉਤਾਂ 16:23) ਹਮਦਰਦੀ ਬਜ਼ੁਰਗਾਂ ਨੂੰ ਦੂਜਿਆਂ ਦੀਆਂ ਕਮਜ਼ੋਰੀਆਂ ਅਤੇ ਉਨ੍ਹਾਂ ਤੋਂ ਉੱਠਣ ਵਾਲੀਆਂ ਭਾਵਨਾਵਾਂ ਨੂੰ ਵੀ ਧਿਆਨ ਵਿਚ ਰੱਖਣ ਲਈ ਪ੍ਰੇਰਿਤ ਕਰਦੀ ਹੈ। ਉਦਾਹਰਣ ਲਈ, ਕੁਝ ਨੇਕਨੀਅਤ ਮਸੀਹੀ ਸ਼ਾਇਦ ਦੋਸ਼ੀ ਮਹਿਸੂਸ ਕਰਨ ਕਿਉਂਕਿ ਉਹ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਸਮਾਂ ਬਿਤਾਉਣ ਦੇ ਯੋਗ ਨਹੀਂ ਹਨ, ਸ਼ਾਇਦ ਇਸ ਲਈ ਕਿ ਉਹ ਬੁੱਢੇ ਹੋ ਗਏ ਹਨ ਜਾਂ ਉਨ੍ਹਾਂ ਦੀ ਸਿਹਤ ਕਮਜ਼ੋਰ ਹੋ ਗਈ ਹੈ। ਦੂਜੇ ਪਾਸੇ, ਕਈਆਂ ਨੂੰ ਸ਼ਾਇਦ ਆਪਣੀ ਸੇਵਕਾਈ ਵਿਚ ਸੁਧਾਰ ਕਰਨ ਲਈ ਹੌਸਲੇ ਦੀ ਲੋੜ ਹੋਵੇ। (ਇਬਰਾਨੀਆਂ 5:12; 6:1) ਹਮਦਰਦੀ ਬਜ਼ੁਰਗਾਂ ਨੂੰ “ਮਨ ਭਾਉਂਦੀਆਂ ਗੱਲਾਂ” ਬੋਲਣ ਲਈ ਪ੍ਰੇਰਿਤ ਕਰੇਗੀ ਜੋ ਦੂਜਿਆਂ ਨੂੰ ਉਤਸ਼ਾਹਿਤ ਕਰਨਗੀਆਂ। (ਉਪਦੇਸ਼ਕ ਦੀ ਪੋਥੀ 12:10) ਜਦੋਂ ਯਹੋਵਾਹ ਦੀਆਂ ਭੇਡਾਂ ਨੂੰ ਉਤਸ਼ਾਹ ਤੇ ਪ੍ਰੇਰਣਾ ਮਿਲਦੀ ਹੈ, ਤਾਂ ਪਰਮੇਸ਼ੁਰ ਪ੍ਰਤੀ ਉਨ੍ਹਾਂ ਦਾ ਪ੍ਰੇਮ ਉਨ੍ਹਾਂ ਨੂੰ ਉਸ ਦੀ ਸੇਵਾ ਕਰਨ ਵਿਚ ਆਪਣੀ ਪੂਰੀ ਵਾਹ ਲਾਉਣ ਲਈ ਪ੍ਰੇਰਿਤ ਕਰੇਗਾ!
-