ਆਪਣੇ ਗੁਣਾਂ ਨੂੰ ਔਗੁਣ ਨਾ ਬਣਨ ਦਿਓ
ਸੁੱਖ-ਸਾਧਨਾਂ ਨਾਲ ਭਰਪੂਰ ਟਾਇਟੈਨਿਕ ਜਹਾਜ਼ ਵਿਚ 16 ਜਲ-ਰੋਧੀ ਖ਼ਾਨੇ ਸਨ ਜਿਸ ਕਰਕੇ ਇਹ ਮੰਨਿਆ ਜਾਂਦਾ ਸੀ ਕਿ ਇਹ ਜਹਾਜ਼ ਕਦੇ ਵੀ ਡੁੱਬ ਨਹੀਂ ਸਕਦਾ। ਸੰਨ 1912 ਵਿਚ ਆਪਣੇ ਪਹਿਲੇ ਸਫ਼ਰ ਤੇ ਇਹ ਜਹਾਜ਼ ਲੋੜ ਨਾਲੋਂ ਸਿਰਫ਼ ਅੱਧੀਆਂ ਹੀ ਬਚਾਉ-ਕਿਸ਼ਤੀਆਂ ਨਾਲ ਲੈ ਕੇ ਗਿਆ। ਇਹ ਜਹਾਜ਼ ਬਰਫ਼ ਦੀ ਇਕ ਚਟਾਨ ਨਾਲ ਟਕਰਾ ਕੇ ਸਮੁੰਦਰ ਵਿਚ ਡੁੱਬ ਗਿਆ, ਜਿਸ ਨਾਲ 1,500 ਲੋਕਾਂ ਦੀਆਂ ਜਾਨਾਂ ਗਈਆਂ।
ਪਰਮੇਸ਼ੁਰ ਤੋਂ ਡਰਨ ਵਾਲਾ ਰਾਜਾ ਉਜ਼ੀਯਾਹ, ਇਕ ਕਮਾਲ ਦਾ ਮਿਲਟਰੀ ਕਮਾਂਡਰ ਸੀ। ਯਹੋਵਾਹ ਦੀ ਮਦਦ ਨਾਲ ਉਸ ਨੇ ਇਕ ਤੋਂ ਬਾਅਦ ਇਕ ਦੁਸ਼ਮਣਾਂ ਨੂੰ ਮਾਤ ਦਿੱਤੀ। “ਸੋ [ਉਜ਼ੀਯਾਹ] ਦਾ ਨਾਉਂ ਦੂਰ ਤੀਕਰ ਵੱਜਣ ਲੱਗਾ ਕਿਉਂ ਜੋ ਉਹ ਦੀ ਸਹਾਇਤਾ ਅਜੇਹੇ ਨਿਰਾਲੇ ਢੰਗ ਨਾਲ ਹੋਈ ਜੋ ਉਹ ਤਕੜਾ ਹੋ ਗਿਆ।” ਪਰ ਤਦ “ਉਹ ਦਾ ਦਿਲ ਇੰਨਾ ਹੰਕਾਰਿਆ ਗਿਆ ਕਿ ਉਹ . . . ਯਹੋਵਾਹ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਹੋ ਗਿਆ।” ਉਜ਼ੀਯਾਹ ਦੇ ਹੰਕਾਰ ਕਰਕੇ ਉਸ ਨੂੰ ਕੋੜ੍ਹ ਹੋ ਗਿਆ।—2 ਇਤਹਾਸ 26:15-21; ਕਹਾਉਤਾਂ 16:18.
ਇਹ ਦੋ ਬਿਰਤਾਂਤ ਸਾਨੂੰ ਇਹ ਸਿਖਾਉਂਦੇ ਹਨ ਕਿ ਜੇਕਰ ਗੁਣਾਂ ਦਾ ਇਸਤੇਮਾਲ ਬੁੱਧੀ, ਨਿਮਰਤਾ ਅਤੇ ਦੀਨਤਾ ਨਾਲ ਨਹੀਂ ਕੀਤਾ ਜਾਂਦਾ ਤਾਂ ਇਹੀ ਗੁਣ ਆਸਾਨੀ ਨਾਲ ਔਗੁਣ ਜਾਂ ਕਮਜ਼ੋਰੀ ਬਣ ਸਕਦੇ ਹਨ। ਇਸ ਗੱਲ ਵੱਲ ਧਿਆਨ ਦੇਣਾ ਚੰਗਾ ਹੈ, ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੋਈ ਨਾ ਕੋਈ ਗੁਣ ਜਾਂ ਦਾਤ ਜ਼ਰੂਰ ਹੈ ਤੇ ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਇਹ ਗੁਣ ਸਾਡੇ ਅਤੇ ਦੂਸਰਿਆਂ ਲਈ ਫ਼ਾਇਦੇਮੰਦ ਤੇ ਖ਼ੁਸ਼ੀ ਦਾ ਕਾਰਨ ਹੋਣ ਅਤੇ ਸਭ ਤੋਂ ਵੱਧ ਇਨ੍ਹਾਂ ਗੁਣਾਂ ਕਰਕੇ ਸਾਡਾ ਸਿਰਜਣਹਾਰ ਸਾਥੋਂ ਖ਼ੁਸ਼ ਹੋਵੇ। ਅਸਲ ਵਿਚ, ਸਾਨੂੰ ਪਰਮੇਸ਼ੁਰ ਵੱਲੋਂ ਮਿਲੇ ਗੁਣਾਂ ਦਾ ਪੂਰਾ ਇਸਤੇਮਾਲ ਕਰਨਾ ਚਾਹੀਦਾ ਹੈ, ਪਰ ਨਾਲੋਂ-ਨਾਲ ਅਸੀਂ ਇਨ੍ਹਾਂ ਦਾ ਠੀਕ ਤਰੀਕੇ ਨਾਲ ਵੀ ਇਸਤੇਮਾਲ ਕਰਨਾ ਚਾਹਾਂਗੇ ਤਾਂਕਿ ਇਹ ਸਾਡੇ ਲਈ ਵਰਦਾਨ ਸਿੱਧ ਹੋਣ।
ਉਦਾਹਰਣ ਲਈ, ਇਕ ਅਜਿਹਾ ਵਿਅਕਤੀ ਜੋ ਆਪਣੇ ਕੰਮ ਨਾਲ ਬਹੁਤ ਪਿਆਰ ਕਰਦਾ ਹੈ, ਉਸ ਦਾ ਇਹ ਗੁਣ ਆਸਾਨੀ ਨਾਲ ਇਕ ਔਗੁਣ ਬਣ ਸਕਦਾ ਹੈ ਜੇਕਰ ਉਹ ਕੰਮ ਦਾ ਅਮਲੀ ਹੀ ਬਣ ਜਾਂਦਾ ਹੈ। ਇਕ ਚੁਕੰਨੇ ਵਿਅਕਤੀ ਨੂੰ ਸ਼ਾਇਦ ਆਸਾਨੀ ਨਾਲ ਮੂਰਖ ਨਾ ਬਣਾਇਆ ਜਾ ਸਕੇ ਜਾਂ ਆਸਾਨੀ ਨਾਲ ਧੋਖਾ ਨਾ ਦਿੱਤਾ ਜਾ ਸਕੇ, ਪਰ ਅਜਿਹਾ ਵਿਅਕਤੀ ਸ਼ਾਇਦ ਹਰ ਗੱਲ ਬਾਰੇ ਹੱਦੋਂ ਵੱਧ ਚੁਕੰਨਾ ਹੋਣ ਕਰਕੇ ਜ਼ਿੰਦਗੀ ਵਿਚ ਕੋਈ ਫ਼ੈਸਲਾ ਹੀ ਨਾ ਕਰ ਸਕੇ। ਕਿਸੇ ਕੰਮ ਵਿਚ ਮਾਹਰ ਹੋਣਾ ਵੀ ਇਕ ਚੰਗਾ ਗੁਣ ਹੈ, ਪਰ ਜੇ ਇਹ ਵੀ ਹੱਦੋਂ ਵੱਧ ਹੋਵੇ ਤੇ ਦੂਜਿਆਂ ਦੀਆਂ ਭਾਵਨਾਵਾਂ ਦਾ ਖ਼ਿਆਲ ਹੀ ਨਾ ਕੀਤਾ ਜਾਵੇ, ਤਾਂ ਨਤੀਜੇ ਵਜੋਂ ਕੰਮ ਦਾ ਮਾਹੌਲ ਬੜਾ ਹੀ ਘੁੱਟਵਾਂ ਅਤੇ ਸਖ਼ਤ ਜਿਹਾ ਹੋ ਜਾਵੇਗਾ ਜਿਸ ਨਾਲ ਕੰਮ ਕਰਨ ਵਿਚ ਖ਼ੁਸ਼ੀ ਨਹੀਂ ਮਿਲੇਗੀ। ਇਸ ਕਰਕੇ ਥੋੜ੍ਹੀ ਦੇਰ ਲਈ ਆਪਣੇ-ਆਪਣੇ ਗੁਣਾਂ ਬਾਰੇ ਵਿਚਾਰ ਕਰੋ। ਕੀ ਤੁਸੀਂ ਇਨ੍ਹਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹੋ? ਕੀ ਦੂਸਰਿਆਂ ਨੂੰ ਇਨ੍ਹਾਂ ਨਾਲ ਫ਼ਾਇਦਾ ਮਿਲਦਾ ਹੈ? ਸਭ ਤੋਂ ਵੱਧ, ਕੀ ਤੁਸੀਂ ਇਨ੍ਹਾਂ ਦਾ ਇਸਤੇਮਾਲ ਯਹੋਵਾਹ ਦੀ ਮਹਿਮਾ ਲਈ ਕਰਦੇ ਹੋ ਜੋ “ਹਰੇਕ ਚੰਗਾ ਦਾਨ” ਦੇਣ ਵਾਲਾ ਹੈ? (ਯਾਕੂਬ 1:17) ਇਸ ਲਈ, ਆਓ ਅਸੀਂ ਗੁਣਾਂ ਦੀਆਂ ਕੁਝ ਹੋਰ ਉਦਾਹਰਣਾਂ ਵੱਲ ਗੌਰ ਕਰੀਏ, ਜਿਨ੍ਹਾਂ ਨੂੰ ਸਹੀ ਤਰੀਕੇ ਨਾਲ ਨਾ ਵਰਤੇ ਜਾਣ ਤੇ ਇਹ ਸਾਡੇ ਔਗੁਣ ਜਾਂ ਸਾਡੀਆਂ ਕਮਜ਼ੋਰੀਆਂ ਬਣ ਸਕਦੇ ਹਨ।
ਆਪਣੀਆਂ ਮਾਨਸਿਕ ਯੋਗਤਾਵਾਂ ਨੂੰ ਬੁੱਧੀਮਤਾ ਨਾਲ ਵਰਤੋ
ਤੇਜ਼ ਦਿਮਾਗ਼ ਹੋਣਾ ਵਾਕਈ ਫ਼ਾਇਦੇਮੰਦ ਹੈ। ਪਰ ਫਿਰ ਵੀ ਇਹ ਇਕ ਕਮਜ਼ੋਰੀ ਬਣ ਸਕਦੀ ਹੈ ਜੇਕਰ ਤੇਜ਼ ਦਿਮਾਗ਼ ਹੋਣ ਕਰਕੇ ਅਸੀਂ ਆਪਣੇ ਤੇ ਲੋੜ ਨਾਲੋਂ ਜ਼ਿਆਦਾ ਭਰੋਸਾ ਰੱਖਣ ਲੱਗ ਪਈਏ ਜਾਂ ਅਸੀਂ ਫੁੱਲ ਜਾਈਏ, ਖ਼ਾਸ ਤੌਰ ਤੇ ਉਦੋਂ ਜਦੋਂ ਦੂਜੇ ਸਾਡੀ ਲੋੜ ਤੋਂ ਵੱਧ ਸ਼ਲਾਘਾ ਜਾਂ ਤਾਰੀਫ਼ ਕਰਦੇ ਹਨ। ਜਾਂ ਹੋ ਸਕਦਾ ਹੈ ਕਿ ਅਸੀਂ ਬਾਈਬਲ ਜਾਂ ਬਾਈਬਲ ਆਧਾਰਿਤ ਕਿਤਾਬਾਂ ਦਾ ਅਧਿਐਨ ਦੂਜਿਆਂ ਸਾਮ੍ਹਣੇ ਸ਼ੇਖੀ ਮਾਰਨ ਲਈ ਕਰਨ ਲੱਗ ਪੈਂਦੇ ਹਾਂ।
ਆਪਣੇ ਤੇ ਲੋੜ ਨਾਲੋਂ ਵੱਧ ਭਰੋਸਾ ਰੱਖਣਾ ਕਈ ਤਰੀਕਿਆਂ ਨਾਲ ਪ੍ਰਗਟ ਹੋ ਸਕਦਾ ਹੈ। ਉਦਾਹਰਣ ਲਈ, ਜਦੋਂ ਕਿਸੇ ਤੇਜ਼ ਦਿਮਾਗ਼ ਵਾਲੇ ਭਰਾ ਨੂੰ ਮਸੀਹੀ ਕਲੀਸਿਯਾ ਵਿਚ ਕੋਈ ਜਨਤਕ ਭਾਸ਼ਣ ਜਾਂ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਕੋਈ ਭਾਸ਼ਣ ਦੇਣ ਦੀ ਨਿਯੁਕਤੀ ਮਿਲਦੀ ਹੈ, ਤਾਂ ਉਹ ਸ਼ਾਇਦ ਆਖ਼ਰੀ ਮਿੰਟ ਤੇ ਤਿਆਰੀ ਕਰਦਾ ਹੈ ਤੇ ਇੱਥੋਂ ਤਕ ਕਿ ਪ੍ਰਾਰਥਨਾ ਦੁਆਰਾ ਯਹੋਵਾਹ ਕੋਲੋਂ ਅਸੀਸ ਵੀ ਨਹੀਂ ਮੰਗਦਾ। ਸਗੋਂ ਉਹ ਆਪਣੀ ਬੁੱਧੀ ਤੇ ਜ਼ਿਆਦਾ ਭਰੋਸਾ ਕਰਦਾ ਅਤੇ ਆਪਣੀ ਹੀ ਬੋਲਣ ਦੀ ਯੋਗਤਾ ਤੇ ਇਤਬਾਰ ਕਰਦਾ ਹੈ। ਕੁਝ ਸਮੇਂ ਲਈ ਤਾਂ ਸ਼ਾਇਦ ਉਸ ਦੀਆਂ ਕੁਦਰਤੀ ਯੋਗਤਾਵਾਂ ਉਸ ਦੀ ਲਾਪਰਵਾਹੀ ਨੂੰ ਲੁਕੋ ਲੈਣ, ਪਰ ਯਹੋਵਾਹ ਦੀ ਪੂਰੀ ਅਸੀਸ ਤੋਂ ਬਿਨਾਂ, ਇਸ ਤਰ੍ਹਾਂ ਦੇ ਵਿਅਕਤੀ ਦੀ ਅਧਿਆਤਮਿਕ ਤਰੱਕੀ ਮੱਠੀ ਪੈ ਜਾਵੇਗੀ ਜਾਂ ਇੱਥੋਂ ਤਕ ਕਿ ਰੁਕ ਵੀ ਜਾਵੇਗੀ। ਇੰਨੇ ਵਧੀਆ ਗੁਣ ਦਾ ਕਿੰਨਾ ਗ਼ਲਤ ਇਸਤੇਮਾਲ!—ਕਹਾਉਤਾਂ 3:5, 6; ਯਾਕੂਬ 3:1.
ਤੇਜ਼ ਦਿਮਾਗ਼ ਵਾਲਾ ਇਕ ਵਿਅਕਤੀ ਸ਼ਾਇਦ ਬਾਈਬਲ ਅਤੇ ਬਾਈਬਲ ਆਧਾਰਿਤ ਕਿਤਾਬਾਂ ਦਾ ਅਧਿਐਨ ਸਿਰਫ਼ ਵਾਧੂ ਗਿਆਨ ਲੈਣ ਲਈ ਹੀ ਕਰਦਾ ਹੋਵੇ। ਪਰ, ਇਹੋ ਜਿਹਾ ਗਿਆਨ ਸਿਰਫ਼ ਉਸ ਦੇ ਹੰਕਾਰ ਨੂੰ ਵਧਾਉਂਦਾ ਜਾਂ ਉਸ ਨੂੰ ਇਕ ਗੁਬਾਰੇ ਵਾਂਗ “ਫੁਲਾਉਂਦਾ” ਹੈ। ਇਹ ਪ੍ਰੇਮਪੂਰਣ ਮਸੀਹੀ ਭਾਈਚਾਰੇ ਨੂੰ ‘ਬਣਾਉਂਦਾ’ ਨਹੀਂ ਹੈ। (1 ਕੁਰਿੰਥੀਆਂ 8:1; ਗਲਾਤੀਆਂ 5:26) ਦੂਜੇ ਪਾਸੇ, ਇਕ ਅਧਿਆਤਮਿਕ ਵਿਅਕਤੀ ਆਪਣੀ ਦਿਮਾਗ਼ੀ ਕਾਬਲੀਅਤ ਦੇ ਬਾਵਜੂਦ ਵੀ, ਹਰ ਵਕਤ ਪਰਮੇਸ਼ੁਰ ਦੀ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰਦਾ ਅਤੇ ਉਸੇ ਵਿਚ ਭਰੋਸਾ ਰੱਖਦਾ ਹੈ। ਅਜਿਹਾ ਵਿਅਕਤੀ ਜਿਉਂ-ਜਿਉਂ ਪ੍ਰੇਮ, ਨਿਮਰਤਾ, ਗਿਆਨ ਅਤੇ ਸਮਝ ਵਿਚ ਭਰਪੂਰ ਹੁੰਦਾ ਜਾਂਦਾ ਹੈ ਅਤੇ ਇਨ੍ਹਾਂ ਸਾਰੇ ਗੁਣਾਂ ਨੂੰ ਸਹੀ ਤਰੀਕੇ ਨਾਲ ਵਰਤਦਾ ਹੈ, ਤਾਂ ਉਸ ਦਾ ਇਹ ਗੁਣ ਸਾਰਿਆਂ ਲਈ ਇਕ ਵਰਦਾਨ ਸਿੱਧ ਹੁੰਦਾ ਹੈ।—ਕੁਲੁੱਸੀਆਂ 1:9, 10.
ਕਾਬਲੀਅਤ ਉਦੋਂ ਵੀ ਇਕ ਕਮਜ਼ੋਰੀ ਬਣ ਜਾਵੇਗੀ, ਜਦੋਂ ਅਸੀਂ ਨਿਮਰਤਾ ਦੀ ਘਾਟ ਦਿਖਾਉਂਦੇ ਹੋਏ ਆਪਣੇ ਆਪ ਨੂੰ ਦੂਜਿਆਂ ਤੋਂ ਵਧੀਆ ਸਮਝਣ ਲੱਗ ਪੈਂਦੇ ਹਾਂ। 1974 ਦੀ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ) ਜਰਮਨੀ ਦੇ ਨਜ਼ਰਬੰਦੀ-ਕੈਂਪ ਵਿਚ ਇਕ ਭਰਾ ਬਾਰੇ ਦੱਸਦੀ ਹੈ ਜਿਸ ਦੀ ਯਾਦ-ਸ਼ਕਤੀ ਬਹੁਤ ਹੀ ਤੇਜ਼ ਸੀ। “ਉਸ ਨੇ ਜੋ ਵੀ ਸਿੱਖਿਆ ਸੀ, ਉਨ੍ਹਾਂ ਗੱਲਾਂ ਨੂੰ ਜਦੋਂ ਉਹ ਆਪਣੀ ਯਾਦ-ਸ਼ਕਤੀ ਨਾਲ ਚੇਤੇ ਕਰ ਕੇ ਭਰਾਵਾਂ ਨੂੰ ਦੱਸਦਾ ਸੀ, ਤਾਂ ਇਸ ਨਾਲ ਪਹਿਲਾਂ-ਪਹਿਲ ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਹੁੰਦੀ ਸੀ। ਪਰ ਸਮਾਂ ਪੈਣ ਤੇ ਲੋਕ ਉਸ ਨੂੰ ‘ਬੂਕਨਵੋਲਡ ਦਾ ਅਜੂਬਾ’ ਸਮਝ ਕੇ ਉਸ ਦੀ ਪੂਜਾ ਹੀ ਕਰਨ ਲੱਗ ਪਏ ਅਤੇ ਉਸ ਦੀਆਂ ਸਾਰੀਆਂ ਗੱਲਾਂ, ਇੱਥੋਂ ਤਕ ਕਿ ਉਸ ਦੀ ਨਿੱਜੀ ਰਾਇ ਨੂੰ ਵੀ ਲੋਕ ਅਖ਼ੀਰਲਾ ਫ਼ੈਸਲਾ ਸਮਝਣ ਲੱਗ ਪਏ।” ਤਦ, ਉਸ ਨਾਲ ਸਹਿਮਤ ਨਾ ਹੋਣ ਵਾਲੇ ਲੋਕਾਂ ਨੂੰ ਦੁਸ਼ਮਣ ਸਮਝਿਆ ਜਾਣ ਲੱਗਾ, ਚਾਹੇ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਕਰਕੇ ਜੇਲ੍ਹ ਵਿਚ ਸਨ!
ਸਪੱਸ਼ਟ ਤੌਰ ਤੇ ਇਹ ਗੁਣੀ ਵਿਅਕਤੀ ਅਤੇ ਜਿਨ੍ਹਾਂ ਨੇ ਉਸ ਦੀ ਚਾਪਲੂਸੀ ਕੀਤੀ, ਭੁੱਲ ਗਏ ਕਿ ਭਾਵੇਂ ਉਹ ਕਿੰਨੇ ਹੀ ਗੁਣਵਾਨ ਕਿਉਂ ਨਾ ਹੋਣ, ਪਰ ਯਹੋਵਾਹ “ਉਹਨਾਂ ਦੀ ਪਰਵਾਹ ਨਹੀਂ ਕਰਦਾ, ਜੋ ਆਪਣੇ ਆਪ ਨੂੰ ਬੁੱਧੀਮਾਨ ਸਮਝਦੇ ਹਨ।” (ਅੱਯੂਬ 37:24, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ “ਦੀਨਾਂ ਦੇ ਨਾਲ ਬੁੱਧ ਹੈ।” (ਕਹਾਉਤਾਂ 11:2) ਬੇਸ਼ੱਕ ਪੌਲੁਸ ਰਸੂਲ ਬਹੁਤ ਬੁੱਧੀਮਾਨ ਅਤੇ ਚੰਗਾ ਪੜ੍ਹਿਆ-ਲਿਖਿਆ ਸੀ, ਪਰ ਉਸ ਨੇ ਕੁਰਿੰਥੀਆਂ ਨੂੰ ਕਿਹਾ: “ਜਾਂ ਮੈਂ ਤੁਹਾਡੇ ਕੋਲ ਆਇਆ ਤਾਂ ਬਚਨ ਯਾ ਗਿਆਨ ਦੀ ਉੱਤਮਤਾਈ ਨਾਲ ਨਹੀਂ ਆਇਆ। . . . ਮੈਂ ਦੁਰਬਲਤਾਈ ਅਤੇ ਭੈ ਅਤੇ ਵੱਡੇ ਕਾਂਬੇ ਨਾਲ ਤੁਹਾਡੇ ਕੋਲ ਕਹਿੰਦਾ ਸਾਂ। ਅਤੇ ਮੇਰਾ ਬਚਨ ਅਤੇ ਮੇਰਾ ਪਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ ਅਤੇ ਸਮਰੱਥਾ ਦੇ ਪਰਮਾਣ ਨਾਲ ਸੀ। ਤਾਂ ਜੋ ਤੁਹਾਡੀ ਨਿਹਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ੁਰ ਦੀ ਸਮਰੱਥਾ ਉੱਤੇ ਠਹਿਰੇ।”—1 ਕੁਰਿੰਥੀਆਂ 2:1-5.
ਇਕ ਸਿਆਣਾ ਵਿਅਕਤੀ ਨਾ ਤਾਂ ਦੁਨਿਆਵੀ ਬੁੱਧੀ ਦੇ ਅਤੇ ਨਾ ਹੀ ਦੁਨਿਆਵੀ ਸਫ਼ਲਤਾ ਦੇ ਧੋਖੇ ਵਿਚ ਆਉਂਦਾ ਹੈ। ਇਸ ਲਈ, ਉਹ ਆਪਣੇ ਗੁਣਾਂ ਦਾ ਇਸਤੇਮਾਲ ਇਨਸਾਨਾਂ ਕੋਲੋਂ ਵਾਹ ਵਾਹ ਖੱਟਣ ਜਾਂ ਮਾਲ-ਧਨ ਇਕੱਠਾ ਕਰਨ ਲਈ ਨਹੀਂ ਕਰਦਾ। ਇਸ ਦੀ ਬਜਾਇ, ਉਹ ਆਪਣੇ ਗੁਣਾਂ ਨੂੰ ਉਸ ਪਰਮੇਸ਼ੁਰ ਦੀ ਮਹਿਮਾ ਲਈ ਵਰਤਦਾ ਹੈ ਜਿਸ ਨੇ ਉਸ ਨੂੰ ਜ਼ਿੰਦਗੀ ਅਤੇ ਇਹ ਗੁਣ ਬਖ਼ਸ਼ੇ ਹਨ। (1 ਯੂਹੰਨਾ 2:15-17) ਅਜਿਹਾ ਸਮਝਦਾਰ ਵਿਅਕਤੀ ਰਾਜ ਦੇ ਹਿਤਾਂ ਨੂੰ ਪਹਿਲ ਦਿੰਦਾ ਅਤੇ “ਉਸ ਬਿਰਛ ਵਰਗਾ” ਬਣਦਾ ਹੈ “ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ।” ਉਸ ਦੇ ਆਪਣੇ ਕੁਦਰਤੀ ਗੁਣਾਂ ਦੇ ਕਰਕੇ ਨਹੀਂ, ਸਗੋਂ ਯਹੋਵਾਹ ਵੱਲੋਂ ਦਿੱਤੀਆਂ ਗਈਆਂ ਅਸੀਸਾਂ ਦੇ ਕਰਕੇ ਹੀ “ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।”—ਜ਼ਬੂਰ 1:1-3; ਮੱਤੀ 6:33.
ਮਸੀਹੀ ਗੁਣ ਅਪਣਾਓ
ਮਸੀਹੀਅਤ ਗੁਣਾਂ ਨਾਲ ਇੰਨੀ ਮਾਲਾਮਾਲ ਹੈ ਕਿ ਦੁਨਿਆਵੀ ਫ਼ਲਸਫ਼ੇ ਇਸ ਦੇ ਸਾਮ੍ਹਣੇ ਫਿੱਕੇ ਪੈ ਜਾਂਦੇ ਹਨ। ਉਦਾਹਰਣ ਲਈ ਮਸੀਹੀ ਜੀਵਨ-ਢੰਗ, ਚੰਗੇ ਪਤੀ-ਪਤਨੀ, ਚੰਗੇ ਗੁਆਂਢੀ ਅਤੇ ਚੰਗੇ ਮੁਲਾਜ਼ਮ ਬਣਾਉਂਦਾ ਹੈ ਜੋ ਇਮਾਨਦਾਰ, ਆਦਰ-ਸਤਿਕਾਰ ਕਰਨ ਵਾਲੇ, ਸ਼ਾਂਤਮਈ ਅਤੇ ਮਿਹਨਤੀ ਹੁੰਦੇ ਹਨ। (ਕੁਲੁੱਸੀਆਂ 3:18-23) ਇਸ ਤੋਂ ਇਲਾਵਾ, ਬੋਲਣ ਅਤੇ ਸਿਖਾਉਣ ਦੀ ਮਸੀਹੀ ਸਿਖਲਾਈ ਲੋਕਾਂ ਨਾਲ ਵਧੀਆ ਤਰੀਕੇ ਨਾਲ ਗੱਲ-ਬਾਤ ਕਰਨ ਦੀ ਯੋਗਤਾ ਵਧਾਉਂਦੀ ਹੈ। (1 ਤਿਮੋਥਿਉਸ 4:13-15) ਇਸ ਲਈ, ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮਸੀਹੀਆਂ ਨੂੰ ਇਨ੍ਹਾਂ ਗੁਣਾਂ ਦੇ ਕਰਕੇ ਅਕਸਰ ਉਨ੍ਹਾਂ ਦੇ ਮਾਲਕ ਹੋਰ ਜ਼ਿਆਦਾ ਜ਼ਿੰਮੇਵਾਰੀ ਅਤੇ ਤਰੱਕੀ ਦੇਣਾ ਚਾਹੁੰਦੇ ਹਨ। ਪਰ ਜੇ ਧਿਆਨ ਨਾ ਰੱਖਿਆ ਗਿਆ ਤਾਂ ਅਜਿਹੇ ਗੁਣਾਂ ਦੀ ਵੀ ਕੁਵਰਤੋਂ ਹੋ ਸਕਦੀ ਹੈ। ਤਰੱਕੀ ਜਾਂ ਕਿਸੇ ਵਧੀਆ ਨੌਕਰੀ ਦੀ ਪੇਸ਼ਕਸ਼ ਦਾ ਮਤਲਬ ਕੰਪਨੀ ਦੇ ਕੰਮਾਂ ਵਿਚ ਹੱਦੋਂ ਵੱਧ ਮਸਰੂਫ਼ ਹੋਣਾ ਹੋ ਸਕਦਾ ਹੈ, ਜਿਸ ਨਾਲ ਇਕ ਵਿਅਕਤੀ ਮਸੀਹੀ ਸਭਾਵਾਂ ਵਿਚ ਲਗਾਤਾਰ ਗ਼ੈਰ-ਹਾਜ਼ਰ ਹੋ ਸਕਦਾ ਹੈ ਜਾਂ ਪਰਿਵਾਰ ਨਾਲ ਬਿਤਾਇਆ ਜਾਣ ਵਾਲਾ ਉਸ ਦਾ ਕੀਮਤੀ ਸਮਾਂ ਕੰਪਨੀ ਨੂੰ ਕੁਰਬਾਨ ਹੋ ਸਕਦਾ ਹੈ।
ਆਸਟ੍ਰੇਲੀਆ ਵਿਚ ਇਕ ਕਬੀਲਦਾਰ ਮਸੀਹੀ ਬਜ਼ੁਰਗ ਜਿਹੜਾ ਇਕ ਕਾਮਯਾਬ ਵਪਾਰੀ ਵੀ ਸੀ, ਦੇ ਸਾਮ੍ਹਣੇ ਇਕ ਸੁਨਹਿਰਾ ਭਵਿੱਖ ਸੀ। ਫਿਰ ਵੀ, ਉਸ ਨੇ ਦੁਨਿਆਵੀ ਕਾਮਯਾਬੀ ਪ੍ਰਾਪਤ ਕਰਨ ਦੇ ਇਸ ਲਾਲਚ ਵਿਚ ਆਉਣ ਤੋਂ ਇਨਕਾਰ ਕੀਤਾ। ਉਸ ਨੇ ਕਿਹਾ: “ਮੈਂ ਆਪਣੇ ਪਰਿਵਾਰ ਵਿਚ ਅਤੇ ਮਸੀਹੀ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦਾ ਸੀ। ਇਸ ਲਈ ਮੈਂ ਤੇ ਮੇਰੀ ਪਤਨੀ ਇਸ ਗੱਲ ਤੇ ਸਹਿਮਤ ਸੀ ਕਿ ਮੈਂ ਜਿੰਨਾ ਸਮਾਂ ਆਪਣੇ ਵਪਾਰਕ ਕੰਮਾਂ ਵਿਚ ਬਿਤਾ ਰਿਹਾ ਸੀ, ਉਸ ਨੂੰ ਹੌਲੀ-ਹੌਲੀ ਘਟਾ ਦਿਆਂਗਾ। ਮੈਂ ਹਫ਼ਤੇ ਵਿਚ ਪੰਜ ਦਿਨ ਕੰਮ ਕਿਉਂ ਕਰਾਂ ਜੇਕਰ ਮੈਨੂੰ ਇੰਜ ਕਰਨ ਦੀ ਲੋੜ ਹੀ ਨਹੀਂ?” ਆਪਣੀ ਜ਼ਿੰਦਗੀ ਵਿਚ ਚੰਗੀ ਤਰ੍ਹਾਂ ਸੋਚ-ਵਿਚਾਰ ਕੇ ਕੀਤੀਆਂ ਗਈਆਂ ਥੋੜ੍ਹੀਆਂ ਜਿਹੀਆਂ ਤਬਦੀਲੀਆਂ ਨਾਲ ਇਸ ਬਜ਼ੁਰਗ ਨੇ ਦੇਖਿਆ ਕਿ ਉਹ ਹਫ਼ਤੇ ਵਿਚ ਤਿੰਨ ਜਾਂ ਚਾਰ ਦਿਨ ਕੰਮ ਕਰ ਕੇ ਵੀ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਸੀ। ਕੁਝ ਸਮੇਂ ਬਾਅਦ, ਇਸ ਭਰਾ ਨੂੰ ਕਈ ਤਰ੍ਹਾਂ ਦੀ ਸੇਵਾ ਕਰਨ, ਜਿਵੇਂ ਸਥਾਨਕ ਸੰਮੇਲਨ ਭਵਨ ਕਮੇਟੀ ਅਤੇ ਜ਼ਿਲ੍ਹਾ ਮਹਾਂ-ਸੰਮੇਲਨ ਪ੍ਰਬੰਧਕ ਕਮੇਟੀ ਨਾਲ ਕੰਮ ਕਰਨ ਦੇ ਵਿਸ਼ੇਸ਼-ਸਨਮਾਨ ਮਿਲੇ। ਆਪਣੀ ਕਾਬਲੀਅਤ ਦਾ ਅਕਲਮੰਦੀ ਨਾਲ ਇਸਤੇਮਾਲ ਕਰਨ ਤੇ ਭਰਾ ਅਤੇ ਉਸ ਦੇ ਪਰਿਵਾਰ ਨੂੰ ਬੜੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲੀ।
ਵਿਸ਼ੇਸ਼-ਸਨਮਾਨਾਂ ਪ੍ਰਤੀ ਸੰਤੁਲਿਤ ਰਵੱਈਆ
ਮਸੀਹੀ ਭਰਾਵਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਕਲੀਸਿਯਾ ਵਿਚ ਸੇਵਾ ਦੇ ਵਿਸ਼ੇਸ਼-ਸਨਮਾਨ ਪ੍ਰਾਪਤ ਕਰਨ ਲਈ ਅੱਗੇ ਵਧਣ। “ਜੇ ਕੋਈ ਨਿਗਾਹਬਾਨ [ਜਾਂ ਸਹਾਇਕ ਸੇਵਕ] ਦੇ ਹੁੱਦੇ ਨੂੰ ਲੋਚਦਾ ਹੈ ਤਾਂ ਉਹ ਚੰਗੇ ਕੰਮ ਨੂੰ ਚਾਹੁੰਦਾ ਹੈ।” (1 ਤਿਮੋਥਿਉਸ 3:1) ਜਿਨ੍ਹਾਂ ਗੁਣਾਂ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਗੁਣਾਂ ਵਾਂਗ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰਨ ਲਈ ਵੀ ਚੰਗੀ ਸੂਝ-ਬੂਝ ਦੀ ਲੋੜ ਹੈ। ਕਿਸੇ ਨੂੰ ਵੀ ਇੰਨੀਆਂ ਜ਼ਿਆਦਾ ਕਾਰਜ-ਨਿਯੁਕਤੀਆਂ ਨਹੀਂ ਲੈਣੀਆਂ ਚਾਹੀਦੀਆਂ ਕਿ ਯਹੋਵਾਹ ਦੀ ਸੇਵਾ ਕਰਨ ਵਿਚ ਉਹ ਆਪਣੀ ਖ਼ੁਸ਼ੀ ਹੀ ਗੁਆ ਬੈਠੇ। ਜੀ ਹਾਂ, ਇਕ ਇੱਛੁਕ ਰਵੱਈਆ ਰੱਖਣਾ ਸੱਚ-ਸੱਚ ਸ਼ਲਾਘਾਯੋਗ ਹੈ ਤੇ ਜ਼ਰੂਰੀ ਵੀ, ਕਿਉਂਕਿ ਕੰਮ ਤੋਂ ਨੱਠਣ ਵਾਲੇ ਲੋਕਾਂ ਨੂੰ ਯਹੋਵਾਹ ਪਸੰਦ ਨਹੀਂ ਕਰਦਾ। ਪਰ ਇੱਛੁਕ ਰਵੱਈਏ ਦੇ ਨਾਲ-ਨਾਲ ਨਿਮਰਤਾ ਅਤੇ “ਸੁਰਤ” ਦੀ ਵੀ ਲੋੜ ਹੈ।—ਤੀਤੁਸ 2:12; ਪਰਕਾਸ਼ ਦੀ ਪੋਥੀ 3:15, 16.
ਯਿਸੂ ਦੀ ਕੋਮਲਤਾ, ਸਿਆਣਪ ਅਤੇ ਹਮਦਰਦੀ ਦੇ ਸਦਕਾ ਨਿਮਾਣੇ ਤੋਂ ਨਿਮਾਣੇ ਲੋਕ ਵੀ ਉਸ ਦੀ ਮੌਜੂਦਗੀ ਵਿਚ ਬਹੁਤ ਆਰਾਮ ਮਹਿਸੂਸ ਕਰਦੇ ਸਨ। ਇਸੇ ਤਰ੍ਹਾਂ, ਅੱਜ ਵੀ ਲੋਕ ਉਨ੍ਹਾਂ ਕੋਲ ਬੜਾ ਆਰਾਮ ਮਹਿਸੂਸ ਕਰਦੇ ਹਨ, ਜਿਹੜੇ ਹਮਦਰਦ ਹਨ ਅਤੇ ਦੂਜਿਆਂ ਦੀ ਪਰਵਾਹ ਕਰਦੇ ਹਨ। ਮਸੀਹੀ ਕਲੀਸਿਯਾ ਵਿਚ ਅਜਿਹੇ ਸਨੇਹੀ ਤੇ ਮਿਲਣਸਾਰ ਬਜ਼ੁਰਗ ਸੱਚ-ਮੁੱਚ ‘ਮਨੁੱਖਾਂ ਨੂੰ ਦਿੱਤੇ ਦਾਨ’ ਹਨ। ਉਹ ‘ਪੌਣ ਤੋਂ ਲੁੱਕਣ ਦੀ ਥਾਂ ਜਿਹੇ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹੇ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹੇ ਹਨ।’—ਅਫ਼ਸੀਆਂ 4:8; ਯਸਾਯਾਹ 32:2.
ਪਰ ਬਜ਼ੁਰਗਾਂ ਨੂੰ ਦੂਜਿਆਂ ਦੀ ਮਦਦ ਕਰਨ ਦੇ ਨਾਲ-ਨਾਲ ਆਪਣੇ ਨਿੱਜੀ ਅਧਿਐਨ, ਮਨਨ, ਪ੍ਰਾਰਥਨਾ ਅਤੇ ਪ੍ਰਚਾਰ ਦੇ ਕੰਮ ਵਿਚ ਸਮਾਂ ਬਿਤਾਉਣ ਦੀ ਵੀ ਲੋੜ ਹੈ। ਨਿਰਸੰਦੇਹ, ਵਿਆਹੇ ਬਜ਼ੁਰਗਾਂ ਨੂੰ ਆਪਣੇ ਪਰਿਵਾਰਾਂ ਲਈ ਵੀ ਸਮਾਂ ਕੱਢਣ ਦੀ ਲੋੜ ਹੈ ਜਿਨ੍ਹਾਂ ਨਾਲ ਉਹ ਆਸਾਨੀ ਨਾਲ ਗੱਲ ਕਰ ਸਕਦੇ ਹਨ।
ਯੋਗ ਤੀਵੀਆਂ—ਇਕ ਸ਼ਾਨਦਾਰ ਬਰਕਤ
ਯੋਗ ਬਜ਼ੁਰਗਾਂ ਦੀ ਤਰ੍ਹਾਂ, ਅਧਿਆਤਮਿਕ-ਮਨ ਵਾਲੀਆਂ ਤੀਵੀਆਂ ਵੀ ਯਹੋਵਾਹ ਦੇ ਸੰਗਠਨ ਲਈ ਇਕ ਸ਼ਾਨਦਾਰ ਬਰਕਤ ਹਨ। ਆਮ ਤੌਰ ਤੇ ਤੀਵੀਆਂ ਵਿਚ ਇਹ ਕੁਦਰਤੀ ਗੁਣ ਹੁੰਦਾ ਹੈ ਕਿ ਉਹ ਦੂਜਿਆਂ ਵਿਚ ਦਿਲਚਸਪੀ ਲੈਂਦੀਆਂ ਹਨ। ਇਹ ਇਕ ਅਜਿਹਾ ਗੁਣ ਹੈ ਜਿਸ ਦੀ ਯਹੋਵਾਹ ਕਦਰ ਕਰਦਾ ਹੈ ਤੇ ਇੰਜ ਕਰਨ ਲਈ ਸਾਨੂੰ ਉਤਸ਼ਾਹਿਤ ਵੀ ਕਰਦਾ ਹੈ। ਪੌਲੁਸ ਰਸੂਲ ਨੇ ਲਿਖਿਆ: “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।” (ਫ਼ਿਲਿੱਪੀਆਂ 2:4) ਪਰ ‘ਦੂਜਿਆਂ ਦੇ ਹਾਲ ਉੱਤੇ ਨਿਗਾਹ ਕਰਨ’ ਦੀ ਵੀ ਇਕ ਹੱਦ ਹੁੰਦੀ ਹੈ ਤੇ ਕੋਈ ਵੀ ਮਸੀਹੀ ਭੈਣ ‘ਹੋਰਨਾਂ ਦੇ ਕੰਮ ਵਿੱਚ ਲੱਤ ਅੜਾਉਣ ਵਾਲੀ’ ਨਹੀਂ ਬਣਨਾ ਚਾਹੇਗੀ ਤੇ ਨਾ ਹੀ ਗੱਪੀ ਬਣਨਾ ਚਾਹੇਗੀ।—1 ਪਤਰਸ 4:15; 1 ਤਿਮੋਥਿਉਸ 5:13.
ਤੀਵੀਆਂ ਵਿਚ ਹੋਰ ਕਈ ਗੁਣ ਹੁੰਦੇ ਹਨ। ਮਿਸਾਲ ਲਈ, ਇਕ ਮਸੀਹੀ ਪਤਨੀ ਸ਼ਾਇਦ ਦਿਮਾਗ਼ੀ ਤੌਰ ਤੇ ਆਪਣੇ ਪਤੀ ਨਾਲੋਂ ਜ਼ਿਆਦਾ ਕਾਬਲੀਅਤ ਰੱਖਦੀ ਹੋਵੇ। ਫਿਰ ਵੀ, “ਪਤਵੰਤੀ ਇਸਤ੍ਰੀ” ਵਾਂਗ ਜੋ ਯਹੋਵਾਹ ਤੋਂ ਡਰਦੀ ਹੈ, ਉਹ ਆਪਣੇ ਪਤੀ ਦਾ ਆਦਰ ਕਰੇਗੀ ਅਤੇ ਆਪਣੇ ਗੁਣਾਂ ਨੂੰ ਉਸ ਦੀ ਮਦਦ ਕਰਨ ਲਈ ਇਸਤੇਮਾਲ ਕਰੇਗੀ, ਨਾ ਕਿ ਉਸ ਨੂੰ ਨੀਵਾਂ ਦਿਖਾਏਗੀ। ਅਤੇ ਇਕ ਸੂਝਵਾਨ ਤੇ ਨਿਮਰ ਪਤੀ ਵੀ ਈਰਖਾ ਰੱਖਣ ਜਾਂ ਚਿੜਨ ਦੀ ਬਜਾਇ, ਆਪਣੀ ਪਤਨੀ ਦੇ ਗੁਣਾਂ ਦੀ ਕਦਰ ਕਰੇਗਾ ਅਤੇ ਉਨ੍ਹਾਂ ਗੁਣਾਂ ਤੋਂ ਖ਼ੁਸ਼ ਹੋਵੇਗਾ। ਉਹ ਉਸ ਨੂੰ ਆਪਣੇ ਗੁਣਾਂ ਨੂੰ ਪਰਿਵਾਰ ਨੂੰ ਮਜ਼ਬੂਤ ਬਣਾਉਣ ਅਤੇ ਬੱਚਿਆਂ ਨੂੰ ਆਪਣੇ ਵਾਂਗ “ਪਰਮੇਸ਼ੁਰ ਦਾ ਭੈ” ਮੰਨਣਾ ਸਿਖਾਉਣ ਵਿਚ ਇਸਤੇਮਾਲ ਕਰਨ ਲਈ ਹੱਲਾਸ਼ੇਰੀ ਦੇਵੇਗਾ। (ਕਹਾਉਤਾਂ 31:10, 28-30; ਉਤਪਤ 2:18) ਇਹੋ ਜਿਹੇ ਨਿਮਰ ਅਤੇ ਹਲੀਮ ਪਤੀ-ਪਤਨੀਆਂ ਦੇ ਵਿਆਹ-ਬੰਧਨ ਮਜ਼ਬੂਤ ਹੁੰਦੇ ਹਨ ਜਿਨ੍ਹਾਂ ਨਾਲ ਯਹੋਵਾਹ ਦੀ ਸੱਚ-ਮੁੱਚ ਮਹਿਮਾ ਹੁੰਦੀ ਹੈ।
ਇਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਤੇ ਕਾਬੂ ਪਾਉਣਾ
ਜੇਕਰ ਇਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਵਾਲਾ ਵਿਅਕਤੀ, ਯਹੋਵਾਹ ਦੇ ਨਿਯਮਾਂ ਅਨੁਸਾਰ ਚੱਲਣ ਅਤੇ ਉਸ ਦੀ ਇੱਛਾ ਪੂਰੀ ਕਰਨ ਲਈ ਦ੍ਰਿੜ੍ਹ ਰਹਿਣ ਦੇ ਨਾਲ-ਨਾਲ ਨਿਮਰ ਅਤੇ ਹਲੀਮ ਵੀ ਹੋਵੇ, ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਪਰ, ਇਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਇਕ ਔਗੁਣ ਬਣ ਸਕਦੀ ਹੈ, ਜੇਕਰ ਇਹ ਦੂਜਿਆਂ ਉੱਤੇ ਅਧਿਕਾਰ ਜਮਾਉਣ ਲੱਗ ਪਵੇ ਜਾਂ ਉਨ੍ਹਾਂ ਨੂੰ ਡਰਾਉਣ-ਧਮਕਾਉਣ ਲੱਗ ਪਵੇ। ਇਹ ਗੱਲ ਖ਼ਾਸ ਤੌਰ ਤੇ ਮਸੀਹੀ ਕਲੀਸਿਯਾ ਵਿਚ ਸੋਲਾਂ ਆਨੇ ਸੱਚ ਹੈ। ਮਸੀਹੀਆਂ ਨੂੰ ਇਕ ਦੂਸਰੇ ਦੀ ਸੰਗਤ ਵਿਚ ਅਤੇ ਮਸੀਹੀ ਬਜ਼ੁਰਗਾਂ ਦੀ ਸੰਗਤ ਵਿਚ ਵੀ ਆਰਾਮ ਮਹਿਸੂਸ ਕਰਨਾ ਚਾਹੀਦਾ ਹੈ।—ਮੱਤੀ 20:25-27.
ਬਜ਼ੁਰਗਾਂ ਨੂੰ ਵੀ ਇਕ ਦੂਸਰੇ ਦੀ ਸੰਗਤ ਵਿਚ ਆਰਾਮ ਮਹਿਸੂਸ ਕਰਨਾ ਚਾਹੀਦਾ ਹੈ। ਅਤੇ ਜਦੋਂ ਉਹ ਇਕੱਠੇ ਬੈਠਦੇ ਹਨ ਤਾਂ ਉਨ੍ਹਾਂ ਦੇ ਫ਼ੈਸਲਿਆਂ ਉੱਤੇ ਉਨ੍ਹਾਂ ਵਿੱਚੋਂ ਕਿਸੇ ਦੀ ਸ਼ਖ਼ਸੀਅਤ ਦਾ ਨਹੀਂ, ਸਗੋਂ ਪਵਿੱਤਰ ਆਤਮਾ ਦਾ ਅਸਰ ਪੈਣਾ ਚਾਹੀਦਾ ਹੈ। ਨਿਰਸੰਦੇਹ, ਪਵਿੱਤਰ ਆਤਮਾ ਬਜ਼ੁਰਗਾਂ ਦੇ ਸਮੂਹ ਵਿੱਚੋਂ ਕਿਸੇ ਵੀ ਬਜ਼ੁਰਗ ਉੱਤੇ, ਇੱਥੋਂ ਤਕ ਕਿ ਉਮਰ ਵਿਚ ਸਭ ਤੋਂ ਛੋਟੇ ਜਾਂ ਸਭ ਤੋਂ ਘੱਟ ਬੋਲਣ ਵਾਲੇ ਬਜ਼ੁਰਗ ਉੱਤੇ ਵੀ ਅਸਰ ਪਾ ਸਕਦੀ ਹੈ। ਇਸ ਲਈ, ਭਾਵੇਂ ਇਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਵਾਲਾ ਬਜ਼ੁਰਗ ਮਹਿਸੂਸ ਕਰੇ ਕਿ ਉਹ ਜੋ ਸੋਚਦਾ ਹੈ ਉਹੀ ਸਹੀ ਹੈ, ਫਿਰ ਵੀ ਉਸ ਨੂੰ ਆਪਣੀ ਸ਼ਖ਼ਸੀਅਤ ਤੇ ਕਾਬੂ ਪਾਉਂਦੇ ਹੋਏ ਦੂਸਰਿਆਂ ਦੇ ਸੁਝਾਵਾਂ ਨੂੰ ਮੰਨਣਾ ਸਿੱਖਣਾ ਚਾਹੀਦਾ ਹੈ। ਇੰਜ ਉਹ ਆਪਣੇ ਸੰਗੀ ਬਜ਼ੁਰਗਾਂ ਨੂੰ “ਆਦਰ” ਦਿਖਾਏਗਾ। (ਰੋਮੀਆਂ 12:10) ਉਪਦੇਸ਼ਕ ਦੀ ਪੋਥੀ 7:16 ਸਾਨੂੰ ਪਿਆਰ ਭਰੀ ਚੇਤਾਵਨੀ ਦਿੰਦਾ ਹੈ: “ਵਧੀਕ ਧਰਮੀ ਨਾ ਬਣ, ਅਤੇ ਵਧੀਕ ਬੁੱਧਵਾਨ ਨਾ ਹੋ ਜਾਹ, ਆਪਣੇ ਨਾਸ ਕਰਨ ਦੀ ਤੈਨੂੰ ਕੀ ਲੋੜ ਹੈ?”
ਯਹੋਵਾਹ ਜੋ ‘ਹਰੇਕ ਚੰਗੇ ਦਾਨ’ ਦਾ ਸੋਮਾ ਹੈ, ਆਪਣੇ ਸ਼ਾਨਦਾਰ ਗੁਣਾਂ ਦਾ ਇਸਤੇਮਾਲ ਬਿਲਕੁਲ ਸਹੀ ਤਰੀਕੇ ਨਾਲ ਕਰਦਾ ਹੈ। (ਯਾਕੂਬ 1:17; ਬਿਵਸਥਾ ਸਾਰ 32:4) ਅਤੇ ਉਹ ਸਾਡਾ ਸਿੱਖਿਅਕ ਹੈ! ਇਸ ਲਈ ਆਓ ਅਸੀਂ ਉਸ ਕੋਲੋਂ ਸਿੱਖੀਏ ਅਤੇ ਆਪਣੀਆਂ ਕੁਦਰਤੀ ਯੋਗਤਾਵਾਂ ਜਾਂ ਗੁਣਾਂ ਨੂੰ ਹੋਰ ਨਿਖਾਰਨ ਲਈ ਅਤੇ ਉਨ੍ਹਾਂ ਦਾ ਬੁੱਧੀਮਤਾ ਨਾਲ, ਨਿਮਰਤਾ ਨਾਲ ਅਤੇ ਪ੍ਰੇਮਪੂਰਣ ਤਰੀਕੇ ਨਾਲ ਇਸਤੇਮਾਲ ਕਰਨ ਲਈ ਸਖ਼ਤ ਮਿਹਨਤ ਕਰੀਏ। ਇੰਜ ਕਰਨ ਤੇ ਅਸੀਂ ਦੂਜਿਆਂ ਲਈ ਕਿੰਨੀ ਵੱਡੀ ਬਰਕਤ ਸਾਬਤ ਹੋਵਾਂਗੇ!
[ਸਫ਼ੇ 27 ਉੱਤੇ ਤਸਵੀਰਾਂ]
ਅਧਿਆਤਮਿਕ ਤਰੱਕੀ ਪ੍ਰਾਰਥਨਾਪੂਰਵਕ ਅਧਿਐਨ ਕਰਨ ਅਤੇ ਯਹੋਵਾਹ ਉੱਤੇ ਭਰੋਸਾ ਰੱਖਣ ਤੇ ਨਿਰਭਰ ਕਰਦੀ ਹੈ
[ਸਫ਼ੇ 29 ਉੱਤੇ ਤਸਵੀਰ]
ਦੂਸਰਿਆਂ ਵਿਚ ਦਿਲਚਸਪੀ ਰੱਖਣ ਦੇ ਨਾਲ-ਨਾਲ ਜੇਕਰ ਸਾਡੇ ਵਿਚ ਨਿਮਰਤਾ ਵੀ ਹੋਵੇ ਤਾਂ ਇਹ ਇਕ ਵਰਦਾਨ ਹੈ
[ਸਫ਼ੇ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Courtesy of The Mariners’ Museum, Newport News, VA