ਲੋੜਵੰਦਾਂ ਲਈ ਪ੍ਰੇਮ ਦਿਖਾਉਣਾ
ਆਪਣੇ ਲੋੜਵੰਦ ਭੈਣਾਂ-ਭਰਾਵਾਂ ਲਈ ਪ੍ਰੇਮ ਦਿਖਾਉਣਾ ਮਸੀਹੀਆਂ ਦਾ ਫ਼ਰਜ਼ ਵੀ ਹੈ ਅਤੇ ਵਿਸ਼ੇਸ਼-ਸਨਮਾਨ ਵੀ ਹੈ। (1 ਯੂਹੰਨਾ 3:17, 18) ਪੌਲੁਸ ਰਸੂਲ ਨੇ ਲਿਖਿਆ: “ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾਤੀਆਂ 6:10) ਇਕ ਭਰਾ ਜੋ ਲਗਭਗ ਚਾਰ ਦਹਾਕਿਆਂ ਤੋਂ ਯਹੋਵਾਹ ਦੀ ਸੇਵਾ ਕਰ ਰਿਹਾ ਹੈ, ਨੇ ਹਾਲ ਹੀ ਵਿਚ ਆਪਣੀ ਪਤਨੀ ਦੀ ਬੀਮਾਰੀ ਅਤੇ ਬਾਅਦ ਵਿਚ ਮੌਤ ਦੌਰਾਨ ਮਸੀਹੀ ਭਾਈਚਾਰੇ ਦੇ ਪ੍ਰੇਮ ਨੂੰ ਅਨੁਭਵ ਕੀਤਾ। ਉਹ ਲਿਖਦਾ ਹੈ:
“ਕਿਉਂਕਿ ਮੈਂ ਆਪਣੀ ਪਤਨੀ ਦੀ ਬੀਮਾਰੀ ਦੌਰਾਨ ਘਰ ਵਿਚ ਉਸ ਦੀ ਦੇਖਭਾਲ ਕੀਤੀ, ਮੈਂ ਲਗਭਗ ਦੋ ਮਹੀਨਿਆਂ ਲਈ ਕੰਮ ਤੇ ਨਹੀਂ ਜਾ ਸਕਿਆ। ਮੈਨੂੰ ਕਿੰਨੀ ਰਾਹਤ ਮਿਲੀ ਜਦੋਂ ਕਲੀਸਿਯਾ ਵਿਚ ਦੋਸਤ ਆਪਣੀ ਇੱਛਾ ਨਾਲ ਸਾਡੀ ਮਦਦ ਲਈ ਆਏ! ਪੈਸਿਆਂ ਦੇ ਰੂਪ ਵਿਚ ਬਹੁਤ ਸਾਰੇ ਤੋਹਫ਼ੇ ਮਿਲੇ ਅਤੇ ਨਾਲ ਮਿਲੇ ਸ਼ੁਭ ਕਾਮਨਾ ਕਾਰਡਾਂ ਉੱਤੇ ਲਿਖਿਆ ਹੁੰਦਾ ਸੀ ‘ਵਾਧੂ ਖ਼ਰਚਿਆਂ ਲਈ।’ ਇਨ੍ਹਾਂ ਨਾਲ ਮੈਂ ਘਰ ਦਾ ਕਿਰਾਇਆ, ਬਿਜਲੀ, ਪਾਣੀ ਆਦਿ ਦਾ ਬਿਲ ਭਰ ਸਕਿਆ।
“ਮੇਰੀ ਪਤਨੀ ਦੀ ਮੌਤ ਤੋਂ ਦੋ ਹਫ਼ਤੇ ਪਹਿਲਾਂ, ਸਾਡੇ ਸਰਕਟ ਨਿਗਾਹਬਾਨ ਨੇ ਸਾਡੇ ਨਾਲ ਇਕ ਉਤਸ਼ਾਹਜਨਕ ਮੁਲਾਕਾਤ ਕੀਤੀ। ਉਸ ਨੇ ਸਾਨੂੰ ਸਲਾਈਡਾਂ ਵੀ ਦਿਖਾਈਆਂ ਜੋ ਕਲੀਸਿਯਾ ਨੇ ਹਫ਼ਤੇ ਦੇ ਅਖ਼ੀਰ ਤੇ ਦੇਖਣੀਆਂ ਸਨ। ਅਸੀਂ ਸਭਾ ਦੇ ਪ੍ਰੋਗ੍ਰਾਮ ਨੂੰ ਟੈਲੀਫ਼ੋਨ ਉੱਤੇ ਸੁਣ ਸਕੇ, ਜਿਸ ਵਿਚ ਸਰਕਟ ਨਿਗਾਹਬਾਨ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਖੇਤਰ ਸੇਵਾ ਲਈ ਸਭਾਵਾਂ ਵੀ ਸ਼ਾਮਲ ਸਨ। ਇਕ ਸਭਾ ਵਿਚ, ਉਸ ਨੇ ਖੇਤਰ ਸੇਵਕਾਈ ਲਈ ਹਾਜ਼ਰ ਸਾਰਿਆਂ ਨੂੰ ਇਕੱਠੇ ਹੋ ਕੇ ਮੇਰੀ ਪਤਨੀ ਨੂੰ ‘ਹੈਲੋ’ ਕਹਿਣ ਲਈ ਕਿਹਾ। ਇਸ ਤਰ੍ਹਾਂ, ਭਾਵੇਂ ਕਿ ਉਹ ਸਰੀਰਕ ਤੌਰ ਤੇ ਦੂਸਰਿਆਂ ਤੋਂ ਵੱਖਰੀ ਸੀ, ਪਰੰਤੂ ਉਸ ਨੇ ਕਦੀ ਇਕੱਲੀ ਮਹਿਸੂਸ ਨਹੀਂ ਕੀਤਾ।
“ਉਸ ਦੀ ਮੌਤ ਤੋਂ ਬਾਅਦ ਇਕ ਘੰਟੇ ਦੇ ਅੰਦਰ-ਅੰਦਰ ਲਗਭਗ ਸਾਰੇ ਬਜ਼ੁਰਗ ਮੇਰੇ ਘਰ ਵਿਚ ਸਨ। ਉਸੇ ਦਿਨ ਹੀ ਇਕ ਸੌ ਤੋਂ ਵੱਧ ਭੈਣ-ਭਰਾ ਮੇਰੇ ਘਰ ਆਏ। ਘਰ ਵਿਚ ਹਾਜ਼ਰ ਸਾਰਿਆਂ ਲਈ ਖਾਣਾ ‘ਅਸਚਰਜ ਢੰਗ’ ਨਾਲ ਮੇਜ਼ ਉੱਤੇ ਪਰੋਸਿਆ ਗਿਆ। ਮੈਂ ਸਾਰੇ ਤੋਹਫ਼ਿਆਂ, ਹਮਦਰਦੀ ਦੇ ਪ੍ਰਗਟਾਵਿਆਂ, ਦਿਲਾਸਾਦਾਇਕ ਸ਼ਬਦਾਂ, ਅਤੇ ਮੇਰੇ ਲਈ ਕੀਤੀਆਂ ਗਈਆਂ ਪ੍ਰਾਰਥਨਾਵਾਂ ਨੂੰ ਸ਼ਬਦਾਂ ਵਿਚ ਵਿਅਕਤ ਨਹੀਂ ਕਰ ਸਕਦਾ ਹਾਂ। ਉਹ ਕਿੰਨੇ ਸ਼ਕਤੀਦਾਇਕ ਸਨ! ਅਖ਼ੀਰ ਵਿਚ ਮੈਨੂੰ ਭਰਾਵਾਂ ਨੂੰ ਕਹਿਣਾ ਪਿਆ ਕਿ ਉਹ ਹੋਰ ਖਾਣਾ ਨਾ ਲਿਆਉਣ ਅਤੇ ਅੱਗੇ ਤੋਂ ਘਰ ਦੀ ਸਫ਼ਾਈ ਕਰਨੀ ਸਮਾਪਤ ਕਰ ਦੇਣ!
“ਯਹੋਵਾਹ ਦੇ ਸੰਗਠਨ ਤੋਂ ਇਲਾਵਾ ਸਾਨੂੰ ਹੋਰ ਕਿੱਥੇ ਦਇਆ, ਚਿੰਤਾ, ਅਤੇ ਪ੍ਰੇਮ ਦੇ ਅਜਿਹੇ ਨਿਰਸੁਆਰਥੀ ਪ੍ਰਗਟਾਵੇ ਦੇਖਣ ਨੂੰ ਮਿਲਦੇ ਹਨ? ਅੱਜ ਜ਼ਿਆਦਾਤਰ ਲੋਕ ਆਪਣੇ ਸੱਚੇ ਮਿੱਤਰਾਂ ਨੂੰ ਇਕ ਹੱਥ ਦੀਆਂ ਉਂਗਲੀਆਂ ਉੱਤੇ ਗਿਣ ਸਕਦੇ ਹਨ। ਸਾਨੂੰ ਯਹੋਵਾਹ ਨੇ ਅਧਿਆਤਮਿਕ ਭੈਣਾਂ-ਭਰਾਵਾਂ ਦੇ ਇਕ ਵਿਸਤ੍ਰਿਤ ਪਰਿਵਾਰ ਦੀ ਬਰਕਤ ਦਿੱਤੀ ਹੈ!”—ਮਰਕੁਸ 10:29, 30.