ਤੀਜਾ ਸਹੰਸਰ ਕਾਲ ਕਦੋਂ ਸ਼ੁਰੂ ਹੁੰਦਾ ਹੈ?
ਕੀ ਤੁਸੀਂ ਕਦੇ ਇਸ ਦਾਅਵੇ ਨੂੰ ਸੁਣਿਆ ਹੈ ਕਿ ਤੀਜਾ ਸਹੰਸਰ ਕਾਲ, ਸਾਲ 2000 ਵਿਚ ਸ਼ੁਰੂ ਨਹੀਂ ਹੋਵੇਗਾ, ਸਗੋਂ ਸਾਲ 2001 ਵਿਚ ਸ਼ੁਰੂ ਹੋਵੇਗਾ? ਕੁਝ ਹੱਦ ਤਕ ਇਹ ਦਾਅਵਾ ਸਹੀ ਹੈ। ਕੁਝ ਲੋਕਾਂ ਦਾ ਪਹਿਲਾਂ ਇਹ ਅਨੁਮਾਨ ਸੀ ਕਿ ਯਿਸੂ ਦਾ ਜਨਮ ਉਸ ਸਮੇਂ ਹੋਇਆ ਸੀ, ਜਿਸ ਨੂੰ ਹੁਣ 1 ਸਾ.ਯੁ.ਪੂ. ਕਿਹਾ ਜਾਂਦਾ ਹੈ। ਜੇਕਰ ਅਸੀਂ ਇਸ ਗੱਲ ਨੂੰ ਮੰਨ ਲਈਏ, ਤਾਂ ਅਸਲ ਵਿਚ 31 ਦਸੰਬਰ 2000 (ਨਾ ਕਿ 1999) ਨੂੰ ਦੂਜਾ ਸਹੰਸਰ ਕਾਲ ਖ਼ਤਮ ਹੋਵੇਗਾ ਅਤੇ 1 ਜਨਵਰੀ 2001 ਤੀਜੇ ਕਾਲ ਦੀ ਸ਼ੁਰੂਆਤ ਹੋਵੇਗਾ।a ਪਰ ਅੱਜ ਲਗਭਗ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਯਿਸੂ ਮਸੀਹ ਦਾ ਜਨਮ 1 ਸਾ.ਯੁ.ਪੂ. ਵਿਚ ਨਹੀਂ ਹੋਇਆ ਸੀ। ਤਾਂ ਫਿਰ ਉਸ ਦਾ ਜਨਮ ਕਦੋਂ ਹੋਇਆ ਸੀ?
ਯਿਸੂ ਦਾ ਜਨਮ ਕਦੋਂ ਹੋਇਆ ਸੀ?
ਬਾਈਬਲ ਯਿਸੂ ਦੀ ਜਨਮ ਤਾਰੀਖ਼ ਬਾਰੇ ਸਹੀ-ਸਹੀ ਨਹੀਂ ਦੱਸਦੀ ਹੈ। ਪਰ ਬਾਈਬਲ ਇਹ ਜ਼ਰੂਰ ਦੱਸਦੀ ਹੈ ਕਿ ਯਿਸੂ ਦਾ ਜਨਮ “ਰਾਜਾ ਹੇਰੋਦੇਸ ਦੇ ਦਿਨੀਂ” ਹੋਇਆ ਸੀ। (ਮੱਤੀ 2:1) ਕਈ ਬਾਈਬਲ ਵਿਦਵਾਨ ਵਿਸ਼ਵਾਸ ਕਰਦੇ ਹਨ ਕਿ ਹੇਰੋਦੇਸ ਦੀ ਮੌਤ 4 ਸਾ.ਯੁ.ਪੂ. ਵਿਚ ਹੋਈ ਸੀ ਅਤੇ ਯਿਸੂ ਦਾ ਜਨਮ ਉਸ ਦੇ ਮਰਨ ਤੋਂ ਪਹਿਲਾਂ ਹੋਇਆ ਸੀ—ਸ਼ਾਇਦ 5 ਜਾਂ 6 ਸਾ.ਯੁ.ਪੂ. ਵਿਚ। ਉਹ ਹੇਰੋਦੇਸ ਦੀ ਮੌਤ ਬਾਰੇ ਆਪਣੇ ਇਨ੍ਹਾਂ ਸਿੱਟਿਆਂ ਨੂੰ ਪਹਿਲੀ ਸਦੀ ਦੇ ਯਹੂਦੀ ਇਤਿਹਾਸਕਾਰ ਫਲੇਵੀਅਸ ਜੋਸੀਫ਼ਸ ਦੀਆਂ ਵਿਆਖਿਆਵਾਂ ਉੱਤੇ ਨਿਰਧਾਰਿਤ ਕਰਦੇ ਹਨ।b
ਜੋਸੀਫ਼ਸ ਦੇ ਅਨੁਸਾਰ, ਰਾਜਾ ਹੇਰੋਦੇਸ ਦੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਚੰਨ-ਗ੍ਰਹਿਣ ਲੱਗਾ ਸੀ। ਬਾਈਬਲ ਵਿਦਵਾਨ 4 ਸਾ.ਯੁ.ਪੂ. ਦੇ 11 ਮਾਰਚ ਨੂੰ ਲੱਗੇ ਅਧੂਰੇ ਚੰਨ-ਗ੍ਰਹਿਣ ਵੱਲ ਸੰਕੇਤ ਕਰਦੇ ਹੋਏ ਕਹਿੰਦੇ ਹਨ ਕਿ ਹੇਰੋਦੇਸ ਉਸ ਸਾਲ ਮਰਿਆ ਹੈ। ਪਰ ਸਾਲ 1 ਸਾ.ਯੁ.ਪੂ. ਵਿਚ 8 ਜਨਵਰੀ ਨੂੰ ਪੂਰਾ ਚੰਨ-ਗ੍ਰਹਿਣ ਲੱਗਾ ਸੀ ਅਤੇ 27 ਦਸੰਬਰ ਨੂੰ ਅੱਧਾ ਗ੍ਰਹਿਣ ਲੱਗਾ ਸੀ। ਕੋਈ ਨਹੀਂ ਕਹਿ ਸਕਦਾ ਕਿ ਜੋਸੀਫ਼ਸ 1 ਸਾ.ਯੁ.ਪੂ. ਵਿਚ ਲੱਗੇ ਕਿਸੇ ਇਕ ਗ੍ਰਹਿਣ ਵੱਲ ਸੰਕੇਤ ਕਰ ਰਿਹਾ ਸੀ ਜਾਂ 4 ਸਾ.ਯੁ.ਪੂ. ਵਿਚ ਲੱਗੇ ਗ੍ਰਹਿਣ ਵੱਲ। ਨਤੀਜੇ ਵਜੋਂ, ਅਸੀਂ ਜੋਸੀਫ਼ਸ ਦੇ ਸ਼ਬਦਾਂ ਦੀ ਮਦਦ ਨਾਲ ਹੇਰੋਦੇਸ ਦੀ ਮੌਤ ਦੇ ਸਹੀ ਸਾਲ ਦਾ ਪਤਾ ਨਹੀਂ ਲਗਾ ਸਕਦੇ। ਜੇਕਰ ਅਸੀਂ ਪਤਾ ਲਗਾ ਵੀ ਸਕਦੇ, ਤਾਂ ਵੀ ਇਹ ਨਿਸ਼ਚਿਤ ਕਰਨ ਲਈ ਕਿ ਯਿਸੂ ਦਾ ਜਨਮ ਕਦੋਂ ਹੋਇਆ ਸੀ, ਸਾਨੂੰ ਹੋਰ ਜ਼ਿਆਦਾ ਜਾਣਕਾਰੀ ਦੀ ਲੋੜ ਹੋਵੇਗੀ।
ਬਾਈਬਲ ਵਿੱਚੋਂ ਸਾਨੂੰ ਯਿਸੂ ਦੇ ਪੈਦਾ ਹੋਣ ਦੇ ਸਮੇਂ ਬਾਰੇ ਸਭ ਤੋਂ ਪੱਕਾ ਸਬੂਤ ਮਿਲਦਾ ਹੈ। ਪ੍ਰੇਰਿਤ ਰਿਕਾਰਡ ਦੱਸਦਾ ਹੈ ਕਿ ਯਿਸੂ ਦੇ ਮਸੇਰੇ ਭਰਾ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਰੋਮੀ ਸਮਰਾਟ ਤਿਬਿਰਿਯੁਸ ਕੈਸਰ ਦੇ 15ਵੇਂ ਸਾਲ ਵਿਚ ਇਕ ਨਬੀ ਦੇ ਤੌਰ ਤੇ ਆਪਣੀ ਸੇਵਕਾਈ ਸ਼ੁਰੂ ਕੀਤੀ। (ਲੂਕਾ 3:1, 2) ਇਤਿਹਾਸ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਤਿਬਿਰਿਯੁਸ ਨੂੰ 15 ਸਤੰਬਰ 14 ਸਾ.ਯੁ. ਵਿਚ ਸਮਰਾਟ ਐਲਾਨਿਆ ਗਿਆ ਸੀ; ਇਸ ਲਈ ਉਸ ਦਾ 15ਵਾਂ ਸਾਲ 28 ਸਾ.ਯੁ. ਦੀ ਪਤਝੜ ਤੋਂ ਸ਼ੁਰੂ ਹੋ ਕੇ 29 ਸਾ.ਯੁ. ਦੀ ਪਤਝੜ ਵਿਚ ਪੂਰਾ ਹੋਇਆ ਹੋਵੇਗਾ। ਉਸ ਦੌਰਾਨ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ ਅਤੇ ਯਿਸੂ ਨੇ ਸਪੱਸ਼ਟ ਤੌਰ ਤੇ ਆਪਣੀ ਸੇਵਕਾਈ ਉਸ ਤੋਂ ਛੇ ਮਹੀਨੇ ਬਾਅਦ ਸ਼ੁਰੂ ਕੀਤੀ ਸੀ। (ਲੂਕਾ 1:24-31) ਇਹ ਤੱਥ ਦੂਸਰੇ ਕਈ ਸਬੂਤਾਂ ਨਾਲ ਮਿਲ ਕੇ ਸੰਕੇਤ ਕਰਦਾ ਹੈ ਕਿ ਯਿਸੂ ਦੀ ਸੇਵਕਾਈ 29 ਸਾ.ਯੁ. ਦੀ ਪਤਝੜ ਵਿਚ ਸ਼ੁਰੂ ਹੋਈ ਸੀ।c ਬਾਈਬਲ ਦੱਸਦੀ ਹੈ ਕਿ ਯਿਸੂ ‘ਤੀਹਾਂ ਕੁ ਵਰ੍ਹਿਆਂ’ ਦਾ ਸੀ ਜਦੋਂ ਉਸ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ। (ਲੂਕਾ 3:23) ਜੇਕਰ 29 ਸਾ.ਯੁ. ਦੀ ਪਤਝੜ ਵਿਚ ਉਸ ਦੀ ਉਮਰ 30 ਸਾਲਾਂ ਦੀ ਸੀ, ਤਾਂ ਉਸ ਦਾ ਜਨਮ 2 ਸਾ.ਯੁ.ਪੂ. ਦੀ ਪਤਝੜ ਵਿਚ ਹੋਇਆ ਹੋਵੇਗਾ। ਜੇਕਰ ਹੁਣ ਅਸੀਂ 2 ਸਾ.ਯੁ.ਪੂ. ਦੀ ਪਤਝੜ ਤੋਂ 2000 ਸਾਲ ਅੱਗੇ ਨੂੰ ਗਿਣੀਏ (ਇਹ ਯਾਦ ਰੱਖਦੇ ਹੋਏ ਕਿ ਕੋਈ ਜ਼ੀਰੋ ਸਾਲ ਨਹੀਂ ਸੀ; ਇਸ ਲਈ 2 ਸਾ.ਯੁ.ਪੂ. ਤੋਂ 1 ਸਾ.ਯੁ. ਤਕ ਦੋ ਸਾਲ ਬਣਦੇ ਹਨ), ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਲ 1999 ਦੀ ਪਤਝੜ ਨੂੰ ਦੂਜਾ ਸਹੰਸਰ ਕਾਲ ਖ਼ਤਮ ਹੋ ਚੁੱਕਾ ਹੈ ਅਤੇ ਤੀਜਾ ਸਹੰਸਰ ਕਾਲ ਸ਼ੁਰੂ ਹੋ ਗਿਆ ਹੈ!
ਕੀ ਇਸ ਦੀ ਕੋਈ ਅਹਿਮੀਅਤ ਹੈ? ਉਦਾਹਰਣ ਲਈ, ਕੀ ਤੀਜੇ ਸਹੰਸਰ ਕਾਲ ਦੀ ਸ਼ੁਰੂਆਤ, ਪਰਕਾਸ਼ ਦੀ ਪੋਥੀ ਵਿਚ ਜ਼ਿਕਰ ਕੀਤੇ ਗਏ ਯਿਸੂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੀ ਸ਼ੁਰੂਆਤ ਨੂੰ ਸੂਚਿਤ ਕਰੇਗੀ? ਨਹੀਂ। ਬਾਈਬਲ ਕਿਤੇ ਵੀ ਤੀਜੇ ਸਹੰਸਰ ਕਾਲ ਅਤੇ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਸੰਬੰਧ ਦਾ ਕੋਈ ਸੰਕੇਤ ਨਹੀਂ ਦਿੰਦੀ ਹੈ।
ਯਿਸੂ ਨੇ ਆਪਣੇ ਚੇਲਿਆਂ ਨੂੰ ਤਾਰੀਖ਼ਾਂ ਦਾ ਅਨੁਮਾਨ ਲਗਾਉਣ ਵਿਰੁੱਧ ਚੇਤਾਵਨੀ ਦਿੱਤੀ ਸੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਹਾਡਾ ਕੰਮ ਨਹੀਂ ਭਈ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵੱਸ ਵਿੱਚ ਰੱਖੇ ਹਨ।” (ਰਸੂਲਾਂ ਦੇ ਕਰਤੱਬ 1:7) ਇਸ ਤੋਂ ਪਹਿਲਾਂ, ਯਿਸੂ ਨੇ ਕਿਹਾ ਸੀ ਕਿ ਉਹ ਖ਼ੁਦ ਵੀ ਨਹੀਂ ਜਾਣਦਾ ਸੀ ਕਿ ਕਦੋਂ ਪਰਮੇਸ਼ੁਰ ਇਸ ਬੁਰੀ ਰੀਤੀ-ਵਿਵਸਥਾ ਉੱਤੇ ਨਿਆਉਂ ਲਾਗੂ ਕਰੇਗਾ, ਜੋ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਲਈ ਰਾਹ ਤਿਆਰ ਕਰੇਗਾ। ਉਸ ਨੇ ਕਿਹਾ: “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ।”—ਮੱਤੀ 24:36.
ਕੀ ਇਹ ਉਮੀਦ ਕਰਨੀ ਉਚਿਤ ਹੋਵੇਗੀ ਕਿ ਜਿਸ ਸਮੇਂ ਮਸੀਹ ਨੇ ਇਕ ਇਨਸਾਨ ਵਜੋਂ ਜਨਮ ਲਿਆ ਸੀ, ਉਸ ਸਮੇਂ ਤੋਂ ਠੀਕ 2000 ਸਾਲ ਬਾਅਦ ਉਹ ਵਾਪਸ ਆਵੇਗਾ? ਨਹੀਂ, ਬਿਲਕੁਲ ਨਹੀਂ। ਯਿਸੂ ਆਪਣੀ ਜਨਮ ਤਾਰੀਖ਼ ਬਾਰੇ ਜ਼ਰੂਰ ਜਾਣਦਾ ਸੀ। ਅਤੇ ਯਕੀਨਨ ਉਹ ਇਹ ਵੀ ਜਾਣਦਾ ਸੀ ਕਿ ਆਪਣੀ ਜਨਮ ਤਾਰੀਖ਼ ਤੋਂ 2000 ਸਾਲ ਕਿਵੇਂ ਗਿਣਨਾ ਹੈ। ਪਰ ਫਿਰ ਵੀ ਉਸ ਨੇ ਕਿਹਾ ਕਿ ਉਹ ਆਪਣੇ ਆਉਣ ਦੇ ਦਿਨ ਅਤੇ ਘੜੀ ਬਾਰੇ ਨਹੀਂ ਜਾਣਦਾ ਸੀ। ਸਪੱਸ਼ਟ ਤੌਰ ਤੇ, ਉਸ ਦੀ ਵਾਪਸੀ ਦੀ ਤਾਰੀਖ਼ ਦਾ ਪਤਾ ਲਗਾਉਣਾ ਇੰਨਾ ਸੌਖਾ ਨਹੀਂ ਹੋਣਾ ਸੀ! ‘ਸਮੇਂ ਅਤੇ ਵੇਲੇ’ ਪਿਤਾ ਦੇ ਵੱਸ ਵਿਚ ਸਨ; ਇਸ ਲਈ ਸਿਰਫ਼ ਉਹੀ ਇਕੱਲਾ ਆਪਣੀ ਸਮਾਂ-ਸਾਰਣੀ ਬਾਰੇ ਜਾਣਦਾ ਸੀ।
ਇਸ ਤੋਂ ਇਲਾਵਾ, ਯਿਸੂ ਨੇ ਆਪਣੇ ਚੇਲਿਆਂ ਨੂੰ ਕਿਸੇ ਖ਼ਾਸ ਜਗ੍ਹਾ ਤੇ ਉਸ ਦੀ ਉਡੀਕ ਕਰਨ ਦਾ ਹੁਕਮ ਨਹੀਂ ਦਿੱਤਾ ਸੀ। ਨਾ ਹੀ ਉਸ ਨੇ ਉਨ੍ਹਾਂ ਨੂੰ ਇਕੱਠੇ ਹੋਣ ਲਈ ਕਿਹਾ, ਸਗੋਂ “ਧਰਤੀ ਦੇ ਬੰਨੇ ਤੀਕੁਰ” ਖਿੰਡ-ਪੁੰਡ ਜਾਣ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ ਲਈ ਕਿਹਾ ਸੀ। ਉਸ ਨੇ ਕਦੀ ਵੀ ਆਪਣੇ ਉਸ ਹੁਕਮ ਨੂੰ ਰੱਦ ਨਹੀਂ ਕੀਤਾ।—ਰਸੂਲਾਂ ਦੇ ਕਰਤੱਬ 1:8; ਮੱਤੀ 28:19, 20.
ਕੀ ਉਨ੍ਹਾਂ ਦੀਆਂ ਸਹੰਸਰ ਕਾਲ ਸੰਬੰਧੀ ਉਮੀਦਾਂ ਉੱਤੇ ਪਾਣੀ ਫਿਰ ਜਾਵੇਗਾ?
ਫਿਰ ਵੀ, ਕੁਝ ਧਾਰਮਿਕ ਮੂਲਵਾਦੀਆਂ ਨੇ ਸਾਲ 2000 ਉੱਤੇ ਵੱਡੀਆਂ-ਵੱਡੀਆਂ ਉਮੀਦਾਂ ਲਾਈਆਂ ਹੋਈਆਂ ਹਨ। ਉਹ ਵਿਸ਼ਵਾਸ ਕਰਦੇ ਹਨ ਕਿ ਅਗਲੇ ਕੁਝ ਮਹੀਨਿਆਂ ਦੌਰਾਨ, ਪਰਕਾਸ਼ ਦੀ ਪੋਥੀ ਦੇ ਕੁਝ ਹਿੱਸਿਆਂ ਦੀ ਸ਼ਾਬਦਿਕ ਪੂਰਤੀ ਹੋਵੇਗੀ। ਅਸਲ ਵਿਚ ਉਹ ਮੰਨਦੇ ਹਨ ਕਿ ਉਹ ਖ਼ੁਦ ਉਸ ਪੂਰਤੀ ਵਿਚ ਹਿੱਸਾ ਲੈਣਗੇ। ਉਦਾਹਰਣ ਲਈ, ਉਹ ਪਰਕਾਸ਼ ਦੀ ਪੋਥੀ 11:3, 7, 8 ਵਿਚ ਦਰਜ ਭਵਿੱਖਬਾਣੀ ਵੱਲ ਸੰਕੇਤ ਕਰਦੇ ਹਨ, ਜਿਸ ਵਿਚ ਦੋ ਗਵਾਹ “ਓਸ ਵੱਡੀ ਨਗਰੀ” ਵਿਚ ਭਵਿੱਖਬਾਣੀ ਕਰਦੇ ਹਨ, “ਜਿਹੜੀ ਆਤਮਕ ਬਿਧ ਨਾਲ ਸਦੂਮ ਅਤੇ ਮਿਸਰ ਕਰਕੇ ਸਦਾਉਂਦੀ ਹੈ ਜਿੱਥੇ ਓਹਨਾਂ ਦਾ ਪ੍ਰਭੁ ਵੀ ਸਲੀਬ ਦਿੱਤਾ ਗਿਆ ਸੀ।” ਜਦੋਂ ਇਹ ਦੋਵੇਂ ਗਵਾਹ ਗਵਾਹੀ ਦੇਣ ਦਾ ਆਪਣਾ ਕੰਮ ਖ਼ਤਮ ਕਰ ਲੈਂਦੇ ਹਨ, ਤਾਂ ਅਥਾਹ ਕੁੰਡ ਵਿੱਚੋਂ ਨਿਕਲਿਆ ਇਕ ਵਹਿਸ਼ੀ ਦਰਿੰਦਾ ਉਨ੍ਹਾਂ ਨੂੰ ਮਾਰ ਦਿੰਦਾ ਹੈ।
ਸਤਾਈ ਦਸੰਬਰ 1998 ਦੇ ਨਿਊਯਾਰਕ ਟਾਈਮਜ਼ ਮੈਗਜ਼ੀਨ ਦੀ ਰਿਪੋਰਟ ਅਨੁਸਾਰ, ਇਕ ਧਾਰਮਿਕ ਸਮੂਹ ਦੇ ਆਗੂ ਨੇ ਆਪਣੇ “ਚੇਲਿਆਂ ਨੂੰ ਦੱਸਿਆ ਕਿ ਉਨ੍ਹਾਂ ਦੋ ਗਵਾਹਾਂ ਵਿੱਚੋਂ ਇਕ ਗਵਾਹ ਉਹ ਆਪ ਹੈ, ਜਿਸ ਨੂੰ ਧਰਤੀ ਦੇ ਵਿਨਾਸ਼ ਦੀ ਅਤੇ ਪ੍ਰਭੂ ਦੇ ਆਉਣ ਦੀ ਘੋਸ਼ਣਾ ਕਰਨ ਲਈ ਠਹਿਰਾਇਆ ਗਿਆ ਹੈ ਅਤੇ ਫਿਰ ਸ਼ਤਾਨ ਉਸ ਨੂੰ ਯਰੂਸ਼ਲਮ ਦੀਆਂ ਗਲੀਆਂ ਵਿਚ ਮਾਰ ਦੇਵੇਗਾ।” ਸਮਝਣ ਵਾਲੀ ਗੱਲ ਹੈ ਕਿ ਇਸਰਾਏਲੀ ਅਧਿਕਾਰੀਆਂ ਲਈ ਇਹ ਗੱਲ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਕੁਝ ਅੱਤਵਾਦੀ ਖ਼ੁਦ ਇਸ ਭਵਿੱਖਬਾਣੀ ਨੂੰ “ਪੂਰਾ” ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ—ਭਾਵੇਂ ਕਿ ਇਸ ਨਾਲ ਹਥਿਆਰਬੰਦ ਲੜਾਈ ਛਿੜ ਸਕਦੀ ਹੈ! ਪਰ ਪਰਮੇਸ਼ੁਰ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਕਿਸੇ ਇਨਸਾਨ ਤੋਂ “ਮਦਦ” ਲੈਣ ਦੀ ਲੋੜ ਨਹੀਂ ਹੈ। ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਪਰਮੇਸ਼ੁਰ ਦੇ ਆਪਣੇ ਠਹਿਰਾਏ ਹੋਏ ਸਮੇਂ ਤੇ ਅਤੇ ਉਸ ਦੇ ਆਪਣੇ ਤਰੀਕੇ ਅਨੁਸਾਰ ਪੂਰੀਆਂ ਹੋਣਗੀਆਂ।
ਪਰਕਾਸ਼ ਦੀ ਪੋਥੀ ਚਿੰਨ੍ਹਾਂ ਵਿਚ ਲਿਖੀ ਗਈ ਸੀ। ਪਰਕਾਸ਼ ਦੀ ਪੋਥੀ 1:1 ਦੇ ਮੁਤਾਬਕ ਯਿਸੂ “ਆਪਣਿਆਂ ਦਾਸਾਂ” ਨੂੰ (ਨਾ ਕਿ ਪੂਰੇ ਸੰਸਾਰ ਨੂੰ) ਉਨ੍ਹਾਂ ਗੱਲਾਂ ਬਾਰੇ ਦੱਸਣਾ ਚਾਹੁੰਦਾ ਸੀ ਜਿਹੜੀਆਂ ਛੇਤੀ ਹੋਣ ਵਾਲੀਆਂ ਸਨ। ਪਰਕਾਸ਼ ਦੀ ਪੋਥੀ ਵਿਚਲੀਆਂ ਗੱਲਾਂ ਨੂੰ ਸਮਝਣ ਲਈ, ਮਸੀਹ ਦੇ ਦਾਸਾਂ ਜਾਂ ਚੇਲਿਆਂ ਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਲੋੜ ਹੈ ਅਤੇ ਯਹੋਵਾਹ ਆਪਣੀ ਪਵਿੱਤਰ ਆਤਮਾ ਉਨ੍ਹਾਂ ਲੋਕਾਂ ਨੂੰ ਦਿੰਦਾ ਹੈ ਜਿਹੜੇ ਉਸ ਨੂੰ ਖ਼ੁਸ਼ ਕਰਦੇ ਹਨ। ਜੇਕਰ ਪਰਕਾਸ਼ ਦੀ ਪੋਥੀ ਨੂੰ ਸ਼ਾਬਦਿਕ ਤੌਰ ਤੇ ਸਮਝਿਆ ਜਾਣਾ ਸੀ, ਤਾਂ ਇਸ ਪੋਥੀ ਨੂੰ ਅਵਿਸ਼ਵਾਸੀ ਲੋਕ ਵੀ ਪੜ੍ਹ ਅਤੇ ਸਮਝ ਸਕਦੇ ਸਨ। ਫਿਰ ਇਸ ਨੂੰ ਸਮਝਣ ਲਈ ਮਸੀਹੀਆਂ ਨੂੰ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰਨ ਦੀ ਕੋਈ ਲੋੜ ਨਹੀਂ ਹੋਣੀ ਸੀ।—ਮੱਤੀ 13:10-15.
ਬਾਈਬਲੀ ਸਬੂਤ ਦੇ ਮੁਤਾਬਕ ਅਸੀਂ ਦੇਖਿਆ ਹੈ ਕਿ ਯਿਸੂ ਦੇ ਜਨਮ ਤੋਂ ਤੀਜਾ ਸਹੰਸਰ ਕਾਲ 1999 ਦੀ ਪਤਝੜ ਤੋਂ ਸ਼ੁਰੂ ਹੁੰਦਾ ਹੈ। ਅਸੀਂ ਇਹ ਵੀ ਦੇਖਿਆ ਕਿ ਨਾ ਤਾਂ ਇਸ ਤਾਰੀਖ਼ ਦੀ, ਨਾ ਹੀ 1 ਜਨਵਰੀ 2000 ਅਤੇ ਨਾ ਹੀ 1 ਜਨਵਰੀ 2001 ਦੀ ਕੋਈ ਖ਼ਾਸ ਅਹਿਮੀਅਤ ਹੈ। ਫਿਰ ਵੀ, ਇਕ ਸਹੰਸਰ ਕਾਲ ਬਾਕੀ ਹੈ ਜਿਸ ਵਿਚ ਮਸੀਹੀ ਡੂੰਘੀ ਦਿਲਚਸਪੀ ਰੱਖਦੇ ਹਨ। ਪਰ ਜੇਕਰ ਇਹ ਤੀਜਾ ਸਹੰਸਰ ਕਾਲ ਨਹੀਂ, ਤਾਂ ਫਿਰ ਇਹ ਕਿਹੜਾ ਕਾਲ ਹੈ? ਇਸ ਲੜੀ ਵਿਚ ਆਖ਼ਰੀ ਲੇਖ ਇਸ ਸਵਾਲ ਦਾ ਜਵਾਬ ਦੇਵੇਗਾ।
[ਫੁਟਨੋਟ]
a ਸਫ਼ਾ 5 ਉੱਤੇ “ਸਾਲ 2000 ਜਾਂ 2001?” ਨਾਮਕ ਡੱਬੀ ਦੇਖੋ।
b ਇਨ੍ਹਾਂ ਵਿਦਵਾਨਾਂ ਦੀ ਗਿਣਤੀ ਅਨੁਸਾਰ ਤਾਂ ਤੀਜਾ ਸਹੰਸਰ ਕਾਲ 1995 ਜਾਂ 1996 ਵਿਚ ਸ਼ੁਰੂ ਹੋਣਾ ਸੀ।
c ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰ ਕੇ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਖੰਡ 1, ਸਫ਼ੇ 1094-5 ਦੇਖੋ।
[ਸਫ਼ੇ 5 ਉੱਤੇ ਡੱਬੀ]
ਸਾਲ 2000 ਜਾਂ 2001?
ਇਸ ਗੱਲ ਨੂੰ ਸਮਝਣ ਲਈ ਕਿ ਕਿਉਂ ਕੁਝ ਲੋਕ ਦਾਅਵਾ ਕਰਦੇ ਹਨ ਕਿ ਯਿਸੂ ਦੇ ਜਨਮ ਤੋਂ ਤੀਜਾ ਸਹੰਸਰ ਕਾਲ 1 ਜਨਵਰੀ 2001 ਨੂੰ ਸ਼ੁਰੂ ਹੋਵੇਗਾ, ਇਸ ਉਦਾਹਰਣ ਤੇ ਵਿਚਾਰ ਕਰੋ। ਮੰਨ ਲਓ ਤੁਸੀਂ 200 ਸਫ਼ਿਆਂ ਵਾਲੀ ਇਕ ਕਿਤਾਬ ਪੜ੍ਹ ਰਹੇ ਹੋ। ਜਦੋਂ ਤੁਸੀਂ ਸਫ਼ਾ 200 ਉੱਤੇ ਪਹੁੰਚਦੇ ਹੋ, ਤਾਂ ਤੁਸੀਂ 199 ਸਫ਼ੇ ਪੜ੍ਹ ਕੇ ਖ਼ਤਮ ਕਰ ਲਏ ਹਨ ਅਤੇ ਇਕ ਸਫ਼ਾ ਪੜ੍ਹਨਾ ਅਜੇ ਬਾਕੀ ਰਹਿੰਦਾ ਹੈ। ਤੁਸੀਂ ਉਦੋਂ ਤਕ ਕਿਤਾਬ ਨੂੰ ਪੂਰੀ ਨਹੀਂ ਪੜ੍ਹ ਲਵੋਗੇ ਜਦੋਂ ਤਕ ਤੁਸੀਂ ਸਫ਼ਾ 200 ਨੂੰ ਪੂਰਾ ਨਹੀਂ ਪੜ੍ਹ ਲੈਂਦੇ। ਉਸੇ ਤਰ੍ਹਾਂ 31 ਦਸੰਬਰ 1999 ਨੂੰ ਮੌਜੂਦਾ ਸਹੰਸਰ ਕਾਲ ਦੇ 999 ਸਾਲ ਪੂਰੇ ਹੋ ਜਾਣਗੇ ਅਤੇ ਇਸ ਸਹੰਸਰ ਕਾਲ ਦੇ ਖ਼ਤਮ ਹੋਣ ਵਿਚ ਅਜੇ ਇਕ ਸਾਲ ਬਾਕੀ ਰਹੇਗਾ। ਇਸ ਹਿਸਾਬ ਨਾਲ ਤੀਜਾ ਸਹੰਸਰ ਕਾਲ 1 ਜਨਵਰੀ 2001 ਨੂੰ ਸ਼ੁਰੂ ਹੁੰਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਦਿਨ ਤੇ ਯਿਸੂ ਦੀ ਜਨਮ ਤਾਰੀਖ਼ ਤੋਂ ਪੂਰੇ 2000 ਸਾਲ ਬੀਤ ਚੁੱਕੇ ਹੋਣਗੇ ਜਿਵੇਂ ਕਿ ਇਹ ਲੇਖ ਦਿਖਾਉਂਦਾ ਹੈ।
[ਸਫ਼ੇ 6 ਉੱਤੇ ਡੱਬੀ]
ਈ.ਪੂ. ਅਤੇ ਸੰ.ਈ. ਦੀ ਮਿਤੀ ਪ੍ਰਥਾ ਕਿਵੇਂ ਵਿਕਸਿਤ ਹੋਈ
ਛੇਵੀਂ ਸਦੀ ਸਾ.ਯੁ. ਦੇ ਸ਼ੁਰੂ ਵਿਚ, ਪੋਪ ਜੌਨ ਪਹਿਲੇ ਨੇ ਡਾਈਨੀਸ਼ੀਅਸ ਐਕਸੀਗੁਉਸ ਨਾਮਕ ਇਕ ਪਾਦਰੀ ਨੂੰ ਸਾਲਾਂ ਦੀ ਗਿਣਤੀ ਕਰਨ ਦੀ ਪ੍ਰਣਾਲੀ ਵਿਕਸਿਤ ਕਰਨ ਦਾ ਕੰਮ ਸੌਂਪਿਆ, ਜਿਸ ਨਾਲ ਗਿਰਜਿਆਂ ਨੂੰ ਈਸਟਰ ਦੀ ਸਰਕਾਰੀ ਤਾਰੀਖ਼ ਨਿਸ਼ਚਿਤ ਕਰਨ ਵਿਚ ਸੌਖ ਹੋਵੇ।
ਡਾਈਨੀਸ਼ੀਅਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਹ ਪਿੱਛੇ ਨੂੰ ਸਾਲਾਂ ਦੀ ਗਿਣਤੀ ਕਰਦੇ ਹੋਏ ਯਿਸੂ ਦੀ ਮੌਤ ਦੇ ਸਮੇਂ ਤਕ, ਅਤੇ ਫਿਰ ਉਸ ਤਾਰੀਖ਼ ਤੋਂ ਪਿੱਛੇ ਨੂੰ ਗਿਣਦੇ ਹੋਏ ਉਸ ਸਾਲ ਤਕ ਪਹੁੰਚਿਆ ਜਿਸ ਸਾਲ ਵਿਚ ਉਸ ਦੀ ਰਾਇ ਮੁਤਾਬਕ ਯਿਸੂ ਦਾ ਜਨਮ ਹੋਇਆ ਸੀ। ਫਿਰ ਉਸ ਸਾਲ ਤੋਂ ਅੱਗੇ ਨੂੰ ਗਿਣਦੇ ਹੋਏ ਉਸ ਨੇ ਸਾਲਾਂ ਨੂੰ ਅੰਕਿਤ ਕਰਨਾ ਸ਼ੁਰੂ ਕਰ ਦਿੱਤਾ। ਡਾਈਨੀਸ਼ੀਅਸ ਨੇ ਯਿਸੂ ਦੇ ਜਨਮ ਤੋਂ ਬਾਅਦ ਦੇ ਸਮੇਂ ਨੂੰ “ਸੰ.ਈ.” (ਸੰਨ-ਈਸਵੀ—“ਸਾਡੇ ਪ੍ਰਭੂ ਦੇ ਸਾਲ ਵਿਚ”) ਕਿਹਾ। ਜਦ ਕਿ ਡਾਈਨੀਸ਼ੀਅਸ ਦਾ ਇਰਾਦਾ ਤਾਂ ਸਿਰਫ਼ ਹਰ ਸਾਲ ਈਸਟਰ ਦੀ ਤਾਰੀਖ਼ ਨੂੰ ਨਿਸ਼ਚਿਤ ਕਰਨਾ ਸੀ, ਪਰ ਬਾਅਦ ਵਿਚ ਲੋਕਾਂ ਨੇ ਇਸ ਮਿਤੀ ਪ੍ਰਥਾ ਨੂੰ ਅਪਣਾ ਲਿਆ ਅਤੇ ਮਸੀਹ ਦੇ ਜਨਮ ਤੋਂ ਅੱਗੇ ਨੂੰ ਸਾਲ ਗਿਣਨੇ ਸ਼ੁਰੂ ਕਰ ਦਿੱਤੇ।
ਭਾਵੇਂ ਕਿ ਜ਼ਿਆਦਾਤਰ ਵਿਦਵਾਨ ਸਹਿਮਤ ਹਨ ਕਿ ਯਿਸੂ ਦਾ ਜਨਮ ਉਸ ਸਾਲ ਵਿਚ ਨਹੀਂ ਹੋਇਆ ਸੀ, ਜਿਸ ਸਾਲ ਦੇ ਆਧਾਰ ਤੇ ਡਾਈਨੀਸ਼ੀਅਸ ਨੇ ਆਪਣੀ ਮਿਤੀ ਪ੍ਰਥਾ ਬਣਾਈ ਸੀ, ਪਰ ਉਸ ਦੀ ਇਹ ਮਿਤੀ ਪ੍ਰਥਾ ਸਮੇਂ ਦੀ ਧਾਰਾ ਵਿਚ ਵਾਪਰੀਆਂ ਘਟਨਾਵਾਂ ਦਾ ਅਤੇ ਇਨ੍ਹਾਂ ਦੇ ਆਪਸੀ ਸੰਬੰਧ ਦਾ ਪਤਾ ਲਗਾਉਣ ਵਿਚ ਕਾਫ਼ੀ ਮਦਦਗਾਰ ਸਾਬਤ ਹੋਈ ਹੈ।