“ਤੁਹਾਡੀ ਧੀ ਨੂੰ ਸ਼ੂਗਰ ਦੀ ਬੀਮਾਰੀ ਹੈ!”
ਡਾਕਟਰ ਵੱਲੋਂ ਕਹੇ ਗਏ ਇਨ੍ਹਾਂ ਸ਼ਬਦਾਂ ਦੇ ਅਸਰ ਨੂੰ ਅਸੀਂ ਕਦੀ ਨਹੀਂ ਭੁਲਾ ਸਕਾਂਗੇ। ਮੇਰੀ ਧੀ ਸੌਨਯਾ ਉਸ ਵੇਲੇ ਸਿਰਫ਼ ਦਸਾਂ ਸਾਲਾਂ ਦੀ ਹੀ ਸੀ। ਮੇਰੀ ਧੀ ਚੰਗੀ ਤੰਦਰੁਸਤ ਸੀ—ਇੱਥੋਂ ਤਕ ਕਿ ਕਦੇ-ਕਦੇ ਉਹ ਹੱਦੋਂ ਵੱਧ ਉਛਲਦੀ-ਕੁੱਦਦੀ ਸੀ। ਉਹ ਸਿਰਫ਼ ਇੱਕੋ ਵਾਰ, ਪੰਜ ਸਾਲ ਦੀ ਉਮਰ ਵਿਚ ਹੀ ਬੀਮਾਰ ਹੋਈ ਸੀ।
ਪਰ, ਇਸ ਵਾਰ ਡਾਕਟਰ ਕੋਲ ਜਾਣ ਤੋਂ ਪਹਿਲਾਂ ਅਸੀਂ ਬੜੇ ਔਖੇ ਦਿਨ ਕੱਟੇ। ਸੌਨਯਾ ਠੀਕ ਜਿਹੀ ਨਹੀਂ ਲੱਗਦੀ ਸੀ। ਉਹ ਬਹੁਤ ਸਾਰਾ ਪਾਣੀ ਪੀਣਾ ਚਾਹੁੰਦੀ ਸੀ ਤੇ ਪਾਣੀ ਪੀਣ ਤੋਂ ਬਾਅਦ ਉਹ ਪਿਸ਼ਾਬ ਕਰਨ ਲਈ ਨੱਠਦੀ ਸੀ—ਕਈ ਵਾਰੀ ਤਾਂ ਹਰ 15 ਮਿੰਟ ਬਾਅਦ। ਰਾਤ ਨੂੰ ਉਹ ਘੱਟੋ-ਘੱਟ ਤਿੰਨ ਵਾਰ ਉੱਠਦੀ ਸੀ। ਪਹਿਲਾਂ-ਪਹਿਲਾਂ ਤਾਂ ਮੈਂ ਖ਼ੁਦ ਨੂੰ ਇਹ ਕਹਿ ਕੇ ਤਸੱਲੀ ਦਿੱਤੀ ਕਿ ਇਹ ਸਿਰਫ਼ ਪਿਸ਼ਾਬ ਦੀ ਥੈਲੀ ਦਾ ਇਨਫ਼ੈਕਸ਼ਨ ਹੈ, ਥੋੜ੍ਹੇ ਹੀ ਦਿਨਾਂ ਵਿਚ ਆਪ ਹੀ ਠੀਕ ਹੋ ਜਾਵੇਗਾ। ਪਰ ਕੁਝ ਦਿਨਾਂ ਬਾਅਦ, ਮੈਂ ਇਹ ਸਿੱਟਾ ਕੱਢਿਆ ਕਿ ਇਸ ਇਨਫ਼ੈਕਸ਼ਨ ਦੇ ਇਲਾਜ ਲਈ ਉਸ ਨੂੰ ਐਂਟੀਬਾਈਆਟਿਕ ਦੀ ਲੋੜ ਹੈ।
ਇਸ ਲਈ ਮੈਂ ਉਸ ਨੂੰ ਡਾਕਟਰ ਕੋਲ ਲੈ ਕੇ ਗਈ। ਮੈਂ ਡਾਕਟਰ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸੌਨਯਾ ਨੂੰ ਇਨਫ਼ੈਕਸ਼ਨ ਹੈ। ਉਸ ਨੇ ਉਸ ਦਾ ਪਿਸ਼ਾਬ ਟੈਸਟ ਕਰਾਉਣ ਲਈ ਕਿਹਾ। ਮੈਂ ਦੇਖਿਆ ਕਿ ਕੱਪ ਵਿਚ ਸੌਨਯਾ ਦਾ ਪਿਸ਼ਾਬ ਬਰਫ਼ ਦੇ ਬਰੀਕ-ਬਰੀਕ ਕਿਣਕਿਆਂ ਵਰਗੀ ਕਿਸੇ ਚੀਜ਼ ਨਾਲ ਭਰਿਆ ਪਿਆ ਸੀ। ਨਰਸ ਨੂੰ ਵੀ ਸ਼ੱਕ ਪਿਆ। ਇਕ ਸਾਧਾਰਨ ਜਿਹੀ ਖ਼ੂਨ ਦੀ ਜਾਂਚ ਨਾਲ ਉਨ੍ਹਾਂ ਦਾ ਇਹ ਸ਼ੱਕ ਪੱਕਾ ਹੋ ਗਿਆ। ਸੌਨਯਾ ਨੂੰ ਟਾਈਪ 1 ਡਾਈਬੀਟੀਜ਼ ਸੀ।
ਸੌਨਯਾ ਆਪਣੀ ਬੀਮਾਰੀ ਸਮਝ ਗਈ ਸੀ। ਬੇਸ਼ੱਕ ਉਹ ਸਿਰਫ਼ ਦਸਾਂ ਸਾਲਾਂ ਦੀ ਹੀ ਸੀ, ਪਰ ਉਸ ਨੇ ਸਕੂਲ ਵਿਚ ਸ਼ੂਗਰ ਦੀ ਬੀਮਾਰੀ ਬਾਰੇ ਪੜ੍ਹਿਆ ਸੀ। ਸਾਡੇ ਦੋਹਾਂ ਦੇ ਚਿਹਰੇ ਤੇ ਇੱਕੋ ਜਿਹਾ ਡਰ ਅਤੇ ਨਿਰਾਸ਼ਾ ਸਾਫ਼-ਸਾਫ਼ ਨਜ਼ਰ ਆ ਰਹੀ ਸੀ। ਡਾਕਟਰ ਨੇ ਕਿਹਾ ਕਿ ਹੋਰ ਖ਼ਤਰੇ ਨੂੰ ਵਧਣ ਤੋਂ ਰੋਕਣ ਲਈ, ਉਸ ਨੂੰ ਛੇਤੀ ਨਾਲ ਹਸਪਤਾਲ ਲੈ ਜਾਣਾ ਪਵੇਗਾ। ਉਸ ਨੇ ਔਰੀਗਨ, ਯੂ.ਐੱਸ.ਏ. ਦੇ ਪੋਰਟਲੈਂਡ ਸ਼ਹਿਰ ਦੇ ਇਕ ਹਸਪਤਾਲ ਵਿਖੇ ਇਨਟੈਨਸਿਵ ਕੇਅਰ ਯੂਨਿਟ ਵਿਚ ਸੌਨਯਾ ਨੂੰ ਦਾਖ਼ਲ ਕਰਾਉਣ ਦਾ ਛੇਤੀ ਨਾਲ ਪ੍ਰਬੰਧ ਕੀਤਾ। ਸੌਨਯਾ ਬਹੁਤ ਗੁੱਸੇ ਵਿਚ ਸੀ ਕਿ ਉਸ ਨਾਲ ਹੀ ਇਹ ਸਭ ਕੁਝ ਕਿਉਂ ਹੋ ਰਿਹਾ ਸੀ। ਉਹ ਟੀਕਿਆਂ ਦੇ ਸਹਾਰੇ ਜੀਉਣਾ ਨਹੀਂ ਸੀ ਚਾਹੁੰਦੀ। ਉਹ ਰੋ-ਰੋ ਕੇ ਲਗਾਤਾਰ ਕਹਿ ਰਹੀ ਸੀ ਕਿ ਮੇਰੇ ਨਾਲ ਹੀ ਇਹ ਸਭ ਕੁਝ ਕਿਉਂ ਹੋਣਾ ਸੀ। ਉਦੋਂ ਤਕ ਮੈਂ ਆਪਣੇ ਦੁੱਖ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ, ਪਰ ਆਖ਼ਰ ਮੈਂ ਆਪਣੇ ਹੰਝੂਆਂ ਨੂੰ ਹੋਰ ਨਾ ਰੋਕ ਸਕੀ। ਵੇਟਿੰਗ ਰੂਮ ਵਿਚ ਅਸੀਂ ਇਕ ਦੂਜੇ ਦੇ ਗਲੇ ਲੱਗ ਕੇ ਸਿਸਕੀਆਂ ਭਰ ਰਹੇ ਸੀ ਅਤੇ ਯਹੋਵਾਹ ਨੂੰ ਬੇਨਤੀ ਕਰ ਰਹੇ ਸੀ ਕਿ ਉਹ ਇਸ ਔਖੀ ਘੜੀ ਵਿਚ ਸਾਡੀ ਮਦਦ ਕਰੇ।
ਹਸਪਤਾਲ ਵਿਚ ਔਖੀ ਘੜੀ
ਡਾਕਟਰ ਨੇ ਮੈਨੂੰ ਸੌਨਯਾ ਨਾਲ ਘਰ ਜਾ ਕੇ ਕੁਝ ਜ਼ਰੂਰੀ ਚੀਜ਼ਾਂ ਲਿਆਉਣ ਦੀ ਇਜਾਜ਼ਤ ਦਿੱਤੀ। ਮੈਂ ਆਪਣੇ ਪਤੀ ਫ਼ਿਲ ਨੂੰ ਫ਼ੋਨ ਕਰ ਕੇ ਬੁਲਾਇਆ ਅਤੇ ਸਾਡੇ ਮੁੰਡੇ ਔਸਟਿਨ ਨੂੰ ਸਕੂਲੋਂ ਘਰ ਲਿਆਉਣ ਲਈ ਕਿਸੇ ਦਾ ਇੰਤਜ਼ਾਮ ਕੀਤਾ। ਇਕ ਘੰਟੇ ਦੇ ਵਿਚ-ਵਿਚ ਹੀ ਮੈਂ ਅਤੇ ਮੇਰੇ ਪਤੀ ਨੇ ਸੌਨਯਾ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ। ਉਸੇ ਵੇਲੇ ਉਨ੍ਹਾਂ ਨੇ ਉਸ ਦੇ ਖ਼ੂਨ ਵਿੱਚੋਂ ਵਾਧੂ ਸ਼ੱਕਰ ਅਤੇ ਕੀਟੋਨ ਬਾਹਰ ਕੱਢਣ ਲਈ ਡਰਿਪ ਲਗਾ ਦਿੱਤੀ।a ਇਲਾਜ ਦੀ ਇਹ ਵਿਧੀ ਵਾਕਈ ਬਹੁਤ ਔਖੀ ਸੀ। ਸਰੀਰ ਅੰਦਰ ਪਾਣੀ ਖ਼ਤਮ ਹੋਣ ਕਰਕੇ ਸੌਨਯਾ ਦਾ ਭਾਰ ਸੱਤ ਪੌਂਡ ਘੱਟ ਗਿਆ ਸੀ। ਹੁਣ ਉਸ ਦੀਆਂ ਦੱਬ ਚੁੱਕੀਆਂ ਨਾੜਾਂ ਨੂੰ ਲੱਭਣਾ ਔਖਾ ਹੋ ਰਿਹਾ ਸੀ। ਅਖ਼ੀਰ ਜਦੋਂ ਨਰਸ ਨੂੰ ਨਾੜ ਲੱਭ ਪਈ ਤਾਂ ਥੋੜ੍ਹੀ ਦੇਰ ਲਈ ਸਭ ਕੁਝ ਠੀਕ ਹੋ ਗਿਆ। ਸੌਨਯਾ ਨੂੰ ਹਸਪਤਾਲੋਂ ਘਰ ਲਿਜਾਣ ਤੋਂ ਪਹਿਲਾਂ, ਸਾਨੂੰ ਸ਼ੂਗਰ ਦੀ ਬੀਮਾਰੀ ਨੂੰ ਸਮਝਣ ਲਈ ਇਕ ਵੱਡੀ ਕਿਤਾਬ ਅਤੇ ਹੋਰ ਕਈ ਕਾਗਜ਼-ਪੱਤਰ ਪੜ੍ਹਨ ਲਈ ਦਿੱਤੇ ਗਏ।
ਅਸੀਂ ਕਈ ਡਾਕਟਰਾਂ, ਨਰਸਾਂ ਅਤੇ ਪੋਸ਼ਣ-ਮਾਹਰਾਂ ਨੂੰ ਮਿਲੇ। ਸਾਨੂੰ ਸੌਨਯਾ ਦੇ ਇਨਸੁਲੀਨ ਦਾ ਟੀਕਾ ਲਗਾਉਣਾ ਸਿਖਾਇਆ ਗਿਆ। ਉਸ ਦਿਨ ਤੋਂ ਸੌਨਯਾ ਨੂੰ ਇਹ ਟੀਕੇ ਦਿਨ ਵਿਚ ਦੋ ਵਾਰ ਲਗਵਾਉਣੇ ਸਨ। ਸਾਨੂੰ ਖ਼ੂਨ ਦੀ ਜਾਂਚ ਕਰਨੀ ਵੀ ਸਿਖਾਈ ਗਈ। ਸੌਨਯਾ ਨੇ ਇਹ ਜਾਂਚ ਖ਼ੂਨ ਵਿਚ ਸ਼ੱਕਰ ਦੀ ਮਾਤਰਾ ਦੇਖਣ ਲਈ ਦਿਨ ਵਿਚ ਚਾਰ ਵਾਰ ਕਰਨੀ ਸੀ। ਸਾਨੂੰ ਕਿੰਨਾ ਕੁਝ ਸਿੱਖਣਾ ਪਿਆ ਸੀ! ਸਾਨੂੰ ਇਹ ਵੀ ਸਮਝਾਇਆ ਗਿਆ ਕਿ ਅਸੀਂ ਆਪਣੀ ਧੀ ਨੂੰ ਕੀ-ਕੀ ਖਾਣ ਨੂੰ ਦੇਣਾ ਹੈ। ਸੌਨਯਾ ਨੇ ਵਧੇਰੇ ਸ਼ੱਕਰ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਸੀ। ਉਮਰ ਦੇ ਅਨੁਸਾਰ ਸਾਨੂੰ ਉਸ ਨੂੰ ਸੰਤੁਲਿਤ ਭੋਜਨ ਦੇਣਾ ਹੋਵੇਗਾ, ਪਰ ਉਸ ਦੇ ਹਰ ਭੋਜਨ ਵਿਚ ਕਾਰਬੋਹਾਈਡ੍ਰੇਟ ਦੀ ਸਹੀ ਮਾਤਰਾ ਦਾ ਬਹੁਤ ਹੀ ਖ਼ਿਆਲ ਰੱਖਣਾ ਹੋਵੇਗਾ।
ਤਿੰਨ ਦਿਨਾਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਉਸ ਨੂੰ ਮੈਂ ਇਨਸੁਲੀਨ ਦੇ ਟੀਕੇ ਲਾਉਂਦੀ ਸੀ, ਪਰ ਆਪਣੇ ਖ਼ੂਨ ਦੀ ਜਾਂਚ ਸੌਨਯਾ ਖ਼ੁਦ ਹੀ ਕਰਦੀ ਸੀ। ਇਕ ਮਹੀਨੇ ਦੇ ਵਿਚ-ਵਿਚ ਹੀ ਉਹ ਆਪਣੇ ਆਪ ਨੂੰ ਖ਼ੁਦ ਟੀਕੇ ਲਗਾਉਣ ਲੱਗ ਪਈ ਅਤੇ ਹੁਣ ਤਕ ਵੀ ਲਗਾਉਂਦੀ ਹੈ। ਸੌਨਯਾ ਨੇ ਆਪਣੀ ਬੀਮਾਰੀ ਨੂੰ ਖਿੜੇ ਮੱਥੇ ਮੰਨ ਕੇ ਇਸ ਨਾਲ ਜੀਉਣਾ ਸਿੱਖ ਲਿਆ ਸੀ। ਇਹ ਦੇਖ ਕੇ ਸਾਨੂੰ ਬੜੀ ਹੈਰਾਨੀ ਵੀ ਹੋਈ। ਸ਼ੁਰੂ-ਸ਼ੁਰੂ ਵਿਚ ਉਹ ਮਰ ਜਾਣਾ ਚਾਹੁੰਦੀ ਸੀ ਤੇ ਮੁੜ ਸੋਹਣੀ ਬਾਗ਼ ਵਰਗੀ ਧਰਤੀ ਉੱਤੇ ਜੀ ਉੱਠਣਾ ਚਾਹੁੰਦੀ ਸੀ, ਪਰ ਹੁਣ ਉਸ ਨੇ ਆਪਣੀ ਬੀਮਾਰੀ ਨੂੰ, ਆਪਣੀਆਂ ਭਾਵਨਾਵਾਂ ਨੂੰ ਤੇ ਆਪਣੀ ਕਮਜ਼ੋਰੀ ਨੂੰ ਸਮਝ ਲਿਆ ਸੀ ਅਤੇ ਲੋੜ ਪੈਣ ਤੇ ਮਦਦ ਲੈਣੀ ਵੀ ਸਿੱਖ ਲਈ ਸੀ।
ਤਬਦੀਲੀਆਂ ਦਾ ਔਖਾ ਸਮਾਂ
ਪਹਿਲੇ ਕੁਝ ਮਹੀਨੇ ਬਹੁਤ ਔਖੇ ਸਨ। ਪਰਿਵਾਰ ਦੇ ਹਰ ਮੈਂਬਰ ਨੂੰ ਵੱਖੋ-ਵੱਖਰੀਆਂ ਭਾਵਨਾਵਾਂ ਨਾਲ ਸੰਘਰਸ਼ ਕਰਨਾ ਪਿਆ। ਮੈਂ ਇੰਨਾ ਕੁਝ ਕਰਨ ਦੀ ਕੋਸ਼ਿਸ਼ ਕਰਦੀ ਸੀ ਕਿ ਕਦੇ-ਕਦੇ ਮੈਨੂੰ ਇੰਜ ਲੱਗਦਾ ਸੀ ਕਿ ਮੈਂ ਪਾਗਲ ਹੀ ਹੋ ਜਾਵਾਂਗੀ। ਸੌਨਯਾ ਨੂੰ ਹਰ ਵੇਲੇ ਐਨ ਸਮੇਂ ਤੇ ਭੋਜਨ ਅਤੇ ਦਵਾਈਆਂ ਦੇਣਾ ਸਾਡੇ ਲਈ ਬਹੁਤ ਹੀ ਔਖਾ ਸੀ, ਖ਼ਾਸ ਕਰਕੇ ਉਦੋਂ ਜਦੋਂ ਇਸ ਸਮਾਂ-ਸਾਰਣੀ ਕਰਕੇ ਸਾਡੀਆਂ ਮਸੀਹੀ ਸਭਾਵਾਂ, ਪ੍ਰਚਾਰ ਦੇ ਕੰਮ, ਸੌਨਯਾ ਦੇ ਰੋਜ਼ਾਨਾ ਸਕੂਲ ਜਾਣ ਜਾਂ ਸਾਡੀਆਂ ਛੁੱਟੀਆਂ ਤੇ ਜਾਣ ਦੀਆਂ ਯੋਜਨਾਵਾਂ ਵਿਚ ਅੜਿੱਕਾ ਪੈਂਦਾ ਸੀ। ਪਰ ਪ੍ਰਾਰਥਨਾ ਕਰ-ਕਰ ਕੇ, ਮੈਂ ਤੇ ਮੇਰੇ ਪਤੀ ਨੇ ਅਗਲੇ ਦਿਨ ਦੀ ਚਿੰਤਾ ਨਾ ਕਰਨਾ ਸਿੱਖ ਲਿਆ ਅਤੇ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰ ਲਿਆ।
ਸਾਨੂੰ ਗਿਲ੍ਹਟੀਆਂ ਸੰਬੰਧੀ ਰੋਗਾਂ ਦਾ ਇਕ ਮਾਹਰ ਡਾਕਟਰ ਮਿਲਿਆ ਹੈ, ਜੋ ਹਮੇਸ਼ਾ ਸਾਡੀ ਮਦਦ ਕਰਨ ਅਤੇ ਈ-ਮੇਲ ਰਾਹੀਂ ਸਾਡੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹਿੰਦਾ ਹੈ। ਅਸੀਂ ਨਿਯਮਿਤ ਤੌਰ ਤੇ ਉਸ ਨੂੰ ਮਿਲਦੇ ਰਹਿੰਦੇ ਹਾਂ। ਇਸ ਡਾਕਟਰ ਕੋਲ ਹਰ ਤਿੰਨ ਮਹੀਨਿਆਂ ਬਾਅਦ ਸੌਨਯਾ ਦੀ ਜਾਂਚ ਕਰਵਾਉਣ ਤੇ ਨਾ ਸਿਰਫ਼ ਸਾਨੂੰ ਉਸ ਦੀ ਸਿਹਤ ਵਿਚ ਹੋਏ ਸੁਧਾਰ ਬਾਰੇ ਪਤਾ ਲੱਗਦਾ ਹੈ, ਸਗੋਂ ਸਾਨੂੰ ਮੁੜ ਭਰੋਸਾ ਵੀ ਹੋ ਜਾਂਦਾ ਹੈ ਕਿ ਅਸੀਂ ਆਪਣੀ ਧੀ ਲਈ ਜਿੰਨਾ ਕੁ ਕਰ ਸਕਦੇ ਹਾਂ, ਉਹ ਕਰ ਰਹੇ ਹਾਂ।
ਯਕੀਨਨ ਸਾਡੇ ਪੁੱਤਰ ਨੂੰ ਵੀ ਕਾਫ਼ੀ ਕੁਝ ਸਹਿਣਾ ਪਿਆ, ਕਿਉਂਕਿ ਸਾਡਾ ਸਾਰਾ ਧਿਆਨ ਉਸ ਦੀ ਭੈਣ ਵੱਲ ਹੀ ਸੀ। ਕਲੀਸਿਯਾ ਦੇ ਭੈਣ-ਭਰਾ ਤੇ ਉਸ ਦੇ ਸਕੂਲ ਦੀ ਅਧਿਆਪਕਾ ਇਸ ਗੱਲ ਤੋਂ ਜਾਣੂ ਸਨ। ਇਸ ਲਈ ਉਨ੍ਹਾਂ ਨੇ ਉਸ ਨੂੰ ਰੁੱਝੇ ਰਹਿਣ ਵਿਚ ਅਤੇ ਹਾਲਾਤ ਅਨੁਸਾਰ ਢਲਣ ਵਿਚ ਉਸ ਦੀ ਮਦਦ ਕੀਤੀ। ਹੁਣ ਉਹ ਆਪਣੀ ਭੈਣ ਦੀ ਦੇਖ-ਭਾਲ ਕਰਨ ਵਿਚ ਸਾਡੀ ਬਹੁਤ ਮਦਦ ਕਰਦਾ ਹੈ। ਸੌਨਯਾ ਦੇ ਮਾਂ-ਬਾਪ ਹੋਣ ਦੇ ਨਾਤੇ, ਅਸੀਂ ਕਈ ਵਾਰ ਉਸ ਦੀ ਹੱਦੋਂ ਵੱਧ ਦੇਖ-ਭਾਲ ਕਰਦੇ ਹੁੰਦੇ ਸੀ ਤੇ ਕਈ ਵਾਰ ਸਾਨੂੰ ਹੱਦੋਂ ਵੱਧ ਡਰ ਲੱਗਿਆ ਰਹਿੰਦਾ ਸੀ। ਪਰ ਹੁਣ ਸਾਨੂੰ ਪਤਾ ਲੱਗਾ ਹੈ ਕਿ ਇੱਦਾਂ ਦੇ ਡਰ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਬੀਮਾਰੀ ਬਾਰੇ ਪੂਰੀ ਜਾਣਕਾਰੀ ਲਈ ਜਾਵੇ ਅਤੇ ਇਹ ਸਿੱਖਿਆ ਜਾਵੇ ਕਿ ਇਸ ਦਾ ਦਰਅਸਲ ਸਰੀਰ ਉੱਤੇ ਕੀ ਅਸਰ ਪੈ ਸਕਦਾ ਹੈ।
ਹੁਣ ਸਾਡੇ ਹਾਲਾਤ ਕਿੱਦਾਂ ਦੇ ਹਨ
ਅਸੀਂ ਅਕਸਰ ਯਹੋਵਾਹ ਦੇ ਵਾਅਦਿਆਂ ਬਾਰੇ ਅਤੇ ਉਸ ਸਮੇਂ ਬਾਰੇ ਗੱਲ ਕਰਦੇ ਹਾਂ, ਜਦੋਂ ਬੀਮਾਰੀਆਂ ਦਾ ਨਾਮੋ-ਨਿਸ਼ਾਨ ਤਕ ਨਹੀਂ ਰਹੇਗਾ। (ਯਸਾਯਾਹ 33:24) ਉਦੋਂ ਤਕ, ਇਕ ਪਰਿਵਾਰ ਦੇ ਤੌਰ ਤੇ ਇਹ ਸਾਡਾ ਪੱਕਾ ਇਰਾਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਹਮੇਸ਼ਾ ਸਰਗਰਮ ਰਹੀਏ ਅਤੇ ਉਸ ਦੇ ਰਾਜ ਦੀਆਂ ਬਰਕਤਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਦੱਸਦੇ ਰਹੀਏ। ਅਸੀਂ ਨਿਯਮਿਤ ਤੌਰ ਤੇ ਹਰ ਹੀਲੇ ਸਭਾਵਾਂ ਵਿਚ ਜਾਣ ਦੀ ਵੀ ਕੋਸ਼ਿਸ਼ ਕਰਦੇ ਹਾਂ।
ਕੁਝ ਸਾਲ ਪਹਿਲਾਂ, ਮੇਰੇ ਪਤੀ ਨੂੰ ਇਸਰਾਏਲ ਵਿਚ ਇਕ ਕੱਚੀ ਨੌਕਰੀ ਮਿਲੀ। ਸੌਨਯਾ ਦੀ ਬੀਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਉੱਥੇ ਜਾਣ ਬਾਰੇ ਚੰਗੀ ਤਰ੍ਹਾਂ ਸੋਚ-ਵਿਚਾਰ ਕੀਤਾ ਅਤੇ ਪ੍ਰਾਰਥਨਾ ਕੀਤੀ। ਅਸੀਂ ਇਹ ਨਿਰਣਾ ਕੀਤਾ ਕਿ ਜੇਕਰ ਅਸੀਂ ਚੰਗੀ ਤਿਆਰੀ ਕਰੀਏ ਅਤੇ ਸੌਨਯਾ ਦੀ ਖ਼ੁਰਾਕ ਦਾ ਪੂਰਾ-ਪੂਰਾ ਖ਼ਿਆਲ ਰੱਖੀਏ, ਤਾਂ ਇਸਰਾਏਲ ਜਾਣ ਨਾਲ ਸਾਨੂੰ ਅਧਿਆਤਮਿਕ ਬਰਕਤਾਂ ਵੀ ਮਿਲ ਸਕਦੀਆਂ ਹਨ। ਡੇਢ ਕੁ ਸਾਲ ਤਕ ਸਾਨੂੰ ਤੈਲ ਅਵੀਵ ਦੀ ਅੰਗ੍ਰੇਜ਼ੀ ਕਲੀਸਿਯਾ ਨਾਲ ਸੰਗਤ ਕਰਨ ਦਾ ਵਿਸ਼ੇਸ਼-ਸਨਮਾਨ ਮਿਲਿਆ। ਅਸੀਂ ਇੱਥੇ ਬਿਲਕੁਲ ਵੱਖਰੇ ਤਰੀਕੇ ਨਾਲ ਪ੍ਰਚਾਰ ਕੀਤਾ ਅਤੇ ਸਾਡੇ ਪੂਰੇ ਪਰਿਵਾਰ ਨੇ ਇੱਥੇ ਬਹੁਤ ਕੁਝ ਸਿੱਖਿਆ।
“ਤੁਹਾਡੀ ਧੀ ਨੂੰ ਸ਼ੂਗਰ ਦੀ ਬੀਮਾਰੀ ਹੈ!” ਇਨ੍ਹਾਂ ਸਾਦੇ ਜਿਹੇ ਸ਼ਬਦਾਂ ਨੇ ਸਾਡੀ ਜ਼ਿੰਦਗੀ ਵਿਚ ਹਲਚਲ ਮਚਾ ਕੇ ਰੱਖ ਦਿੱਤੀ। ਪਰ ਨਿਰਾਸ਼ ਹੋਣ ਦੀ ਬਜਾਇ, ਅਸੀਂ ਪੂਰੇ ਪਰਿਵਾਰ ਨੇ ਰਲ ਕੇ ਆਪਣੀ ਧੀ ਦੀ ਦੇਖ-ਭਾਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੰਜ ਕਰਨ ਨਾਲ ਸਾਡਾ ਆਪੋ ਵਿਚ ਪਿਆਰ ਵੀ ਵਧਿਆ। ਯਹੋਵਾਹ, “ਜਿਹੜਾ ਦਿਆਲਗੀਆਂ ਦਾ ਪਿਤਾ” ਹੈ, ਉਸੇ ਨੇ ਸਾਨੂੰ ਸਭ ਕੁਝ ਸਹਿਣ ਕਰਨ ਦੀ ਤਾਕਤ ਬਖ਼ਸ਼ੀ ਹੈ। (2 ਕੁਰਿੰਥੀਆਂ 1:3)—ਸਿੰਡੀ ਹਰਡ ਦੀ ਜ਼ੁਬਾਨੀ।
[ਫੁਟਨੋਟ]
a “ਜੇਕਰ ਸ਼ੱਕਰ-ਰੋਗ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਕੀਟੋਸਿਸ ਹੋ ਜਾਂਦਾ ਹੈ, ਮਤਲਬ ਕਿ ਖ਼ੂਨ ਵਿਚ ਚਰਬੀ ਦੇ ਸਾੜ ਤੋਂ ਬਣੀ ਕੀਟੋਨ ਨਾਮਕ ਰਾਖ ਜਮ੍ਹਾ ਹੋ ਜਾਂਦੀ ਹੈ। ਇੰਜ ਹੋਣ ਤੇ ਐਸੀਡੋਸਿਸ (ਖ਼ੂਨ ਵਿਚ ਤੇਜ਼ਾਬ ਦੀ ਮਾਤਰਾ ਦਾ ਵਧਣਾ) ਹੋ ਜਾਂਦਾ ਹੈ ਤੇ ਰੋਗੀ ਨੂੰ ਕਚਿਆਣ ਤੇ ਉਲਟੀਆਂ ਆਉਂਦੀਆਂ ਹਨ। ਜਦੋਂ ਸਰੀਰ ਵਿਚ ਕਾਰਬੋਹਾਈਡ੍ਰੇਟ ਅਤੇ ਚਰਬੀ ਦੇ ਹੱਦੋਂ ਵੱਧ ਸੜਨ ਕਰਕੇ ਖ਼ੂਨ ਵਿਚ ਜ਼ਹਿਰੀਲੇ ਤੱਤਾਂ ਦੀ ਮਾਤਰਾ ਵਧਦੀ ਜਾਂਦੀ ਹੈ, ਤਾਂ ਰੋਗੀ ਸ਼ੱਕਰ-ਰੋਗ ਦੀ ਬੇਹੋਸ਼ੀ, ਯਾਨੀ ਡਾਈਬੇਟਿਕ ਕੋਮਾ ਵਿਚ ਚਲਾ ਜਾਂਦਾ ਹੈ।”—ਐਨਸਾਈਕਲੋਪੀਡੀਆ ਬ੍ਰਿਟੈਨਿਕਾ।
[ਸਫ਼ੇ 19 ਉੱਤੇ ਡੱਬੀ]
ਸ਼ੂਗਰ ਦੀ ਬੀਮਾਰੀ ਕੀ ਹੈ?
ਅਸੀਂ ਜੋ ਵੀ ਭੋਜਨ ਖਾਂਦੇ ਹਾਂ, ਉਸ ਤੋਂ ਸਾਨੂੰ ਕੰਮ ਕਰਨ ਦੀ ਤਾਕਤ ਮਿਲਦੀ ਹੈ। ਜੀਉਣ ਲਈ ਇਹ ਕ੍ਰਿਆ ਉੱਨੀ ਹੀ ਜ਼ਰੂਰੀ ਹੈ ਜਿੰਨਾ ਕਿ ਸਾਹ ਲੈਣਾ ਜ਼ਰੂਰੀ ਹੈ। ਢਿੱਡ ਅਤੇ ਆਂਦਰਾਂ ਵਿਚ ਜਾ ਕੇ ਭੋਜਨ ਮੂਲ ਤੱਤਾਂ ਵਿਚ ਬਦਲ ਜਾਂਦਾ ਹੈ। ਇਨ੍ਹਾਂ ਵਿੱਚੋਂ ਇਕ ਤੱਤ ਇਕ ਖ਼ਾਸ ਕਿਸਮ ਦੀ ਸ਼ੱਕਰ, ਗਲੂਕੋਜ਼ ਹੈ। ਪੈਂਕਰੀਆਸ (ਪਾਚਕ-ਗ੍ਰੰਥੀ) ਸ਼ੱਕਰ ਦੀ ਮੌਜੂਦਗੀ ਵਿਚ ਇਨਸੁਲਿਨ ਬਣਾਉਂਦਾ ਹੈ ਤੇ ਇਹ ਇਨਸੁਲੀਨ ਸ਼ੱਕਰ ਨੂੰ ਸਰੀਰ ਦੀਆਂ ਵੱਖ-ਵੱਖ ਕੋਸ਼ਿਕਾਵਾਂ ਤਕ ਪਹੁੰਚਾਉਂਦੀ ਹੈ। ਫਿਰ ਇਹ ਸ਼ੱਕਰ ਸੜ ਕੇ ਸਰੀਰ ਨੂੰ ਤਾਕਤ ਦਿੰਦੀ ਹੈ।
ਜਦੋਂ ਕਿਸੇ ਵਿਅਕਤੀ ਨੂੰ ਸ਼ੂਗਰ ਦੀ ਬੀਮਾਰੀ ਹੋ ਜਾਂਦੀ ਹੈ, ਤਾਂ ਉਸ ਦੀ ਪੈਂਕਰੀਆਸ ਜਾਂ ਤਾਂ ਲੋੜੀਂਦੀ ਇਨਸੁਲੀਨ ਨਹੀਂ ਬਣਾਉਂਦੀ ਤੇ ਜਾਂ ਫਿਰ ਉਸ ਵਿਅਕਤੀ ਦਾ ਸਰੀਰ ਇਨਸੁਲੀਨ ਨੂੰ ਪੂਰੀ ਤਰ੍ਹਾਂ ਨਹੀਂ ਵਰਤਦਾ। ਨਤੀਜੇ ਵਜੋਂ, ਖ਼ੂਨ ਵਿਚਲੀ ਸ਼ੱਕਰ ਸਰੀਰ ਦੀਆਂ ਕੋਸ਼ਿਕਾਵਾਂ ਤਕ ਨਹੀਂ ਪਹੁੰਚਦੀ ਅਤੇ ਸਰੀਰ ਇਸ ਨੂੰ ਨਹੀਂ ਵਰਤ ਸਕਦਾ। ਇਨਸੁਲੀਨ ਉੱਤੇ ਨਿਰਭਰ ਸ਼ੱਕਰ-ਰੋਗ ਦੀ ਜਾਣਕਾਰੀ (ਅੰਗ੍ਰੇਜ਼ੀ) ਨਾਮਕ ਕਿਤਾਬ ਕਹਿੰਦੀ ਹੈ: “ਇਸ ਕੇਸ ਵਿਚ ਖ਼ੂਨ ਵਿਚ ਸ਼ੱਕਰ ਦੀ ਮਾਤਰਾ ਬਹੁਤ ਵੱਧ ਜਾਂਦੀ ਹੈ ਅਤੇ ਇਹ ਗੁਰਦਿਆਂ ਰਾਹੀਂ ਪਿਸ਼ਾਬ ਵਿਚ ਵਹਿ ਜਾਂਦੀ ਹੈ।” ਸ਼ੂਗਰ ਦਾ ਇਲਾਜ ਨਾ ਕਰਨ ਤੇ ਮਰੀਜ਼ ਨੂੰ ਵਾਰ-ਵਾਰ ਪਿਸ਼ਾਬ ਆ ਸਕਦਾ ਹੈ ਜਾਂ ਕੁਝ ਹੋਰ ਲੱਛਣ ਵੀ ਨਜ਼ਰ ਆ ਸਕਦੇ ਹਨ।
[ਸਫ਼ੇ 19 ਉੱਤੇ ਡੱਬੀ]
ਟਾਈਪ 1 ਡਾਈਬੀਟੀਜ਼
ਇਸ ਤਰ੍ਹਾਂ ਦੀ ਸ਼ੂਗਰ ਦੀ ਬੀਮਾਰੀ ਨੂੰ ਪਹਿਲਾਂ ਛੋਟੀ ਉਮਰ ਦੀ ਡਾਈਬੀਟੀਜ਼ ਕਿਹਾ ਜਾਂਦਾ ਸੀ, ਕਿਉਂਕਿ ਇਹ ਕਿਸਮ ਜ਼ਿਆਦਾਤਰ ਬੱਚਿਆਂ ਅਤੇ ਜਵਾਨਾਂ ਵਿਚ ਪਾਈ ਜਾਂਦੀ ਹੈ। ਪਰ ਇਹ ਕਿਸੇ ਵੀ ਉਮਰ ਦੇ ਬੰਦੇ ਨੂੰ ਹੋ ਸਕਦੀ ਹੈ। ਬੇਸ਼ੱਕ ਸ਼ੂਗਰ ਦੀ ਬੀਮਾਰੀ ਹੋਣ ਦਾ ਸਹੀ ਕਾਰਨ ਪਤਾ ਨਹੀਂ ਲੱਗ ਸਕਿਆ, ਪਰ ਕੁਝ ਲੋਕਾਂ ਅਨੁਸਾਰ ਹੇਠ ਲਿਖੇ ਕਈ ਕਾਰਨਾਂ ਕਰਕੇ ਟਾਈਪ 1 ਡਾਈਬੀਟੀਜ਼ ਹੋ ਸਕਦੀ ਹੈ:
1. ਮਾਂ-ਬਾਪ ਤੋਂ (ਜਣਨਕ)
2. ਔਟੋਇੰਮੀਊਨਿਟੀ (ਸਰੀਰ ਆਪਣੇ ਹੀ ਟਿਸ਼ੂਆਂ ਜਾਂ ਕੋਸ਼ਿਕਾਵਾਂ ਤੇ ਹਮਲਾ ਕਰਦਾ ਹੈ ਅਤੇ ਇਸ ਮਾਮਲੇ ਵਿਚ ਸਰੀਰ ਪੈਂਕਰੀਆਸ ਵਿਚਲੀਆਂ ਕੋਸ਼ਿਕਾਵਾਂ ਤੇ ਹਮਲਾ ਕਰਦਾ ਹੈ)
3. ਵਾਤਾਵਰਣ ਤੋਂ (ਛੂਤ ਜਾਂ ਰਸਾਇਣਕ ਤੱਤਾਂ ਦੇ ਅਸਰ ਕਰਕੇ)
ਇਹ ਹੋ ਸਕਦਾ ਹੈ ਕਿ ਛੂਤ ਜਾਂ ਹੋਰ ਕਾਰਨਾਂ ਕਰਕੇ ਮੁੱਖ-ਕੋਸ਼ਿਕਾਵਾਂ ਅਰਥਾਤ ਆਈਲੈੱਟ ਸੈੱਲਸ (ਪੈਂਕਰੀਆਸ ਵਿਚਲੀਆਂ ਕੋਸ਼ਿਕਾਵਾਂ ਦਾ ਇਕੱਠ ਜਿੱਥੇ ਇਨਸੁਲੀਨ ਬਣਦੀ ਹੈ) ਨੂੰ ਨੁਕਸਾਨ ਪਹੁੰਚਦਾ ਹੈ। ਜਿਉਂ-ਜਿਉਂ ਇਨ੍ਹਾਂ ਵਿੱਚੋਂ ਮੁੱਖ ਕੋਸ਼ਿਕਾਵਾਂ ਨਸ਼ਟ ਹੁੰਦੀਆਂ ਜਾਂਦੀਆਂ ਹਨ, ਤਿਉਂ-ਤਿਉਂ ਇਕ ਵਿਅਕਤੀ ਨੂੰ ਸ਼ੂਗਰ ਦੀ ਬੀਮਾਰੀ ਹੋਣ ਦਾ ਖ਼ਤਰਾ ਵਧਦਾ ਜਾਂਦਾ ਹੈ।
ਸ਼ੂਗਰ ਦੀ ਬੀਮਾਰੀ ਦੇ ਕਈ ਲੱਛਣ ਹੋ ਸਕਦੇ ਹਨ:
1. ਵਾਰ-ਵਾਰ ਪਿਸ਼ਾਬ ਆਉਣਾ
2. ਬਹੁਤ ਜ਼ਿਆਦਾ ਪਿਆਸ ਲੱਗਣੀ
3. ਘੜੀ-ਮੁੜੀ ਭੁੱਖ ਲੱਗਣੀ; ਸਰੀਰ ਨੂੰ ਤਾਕਤ ਨਹੀਂ ਮਿਲਦੀ ਜਿਸ ਕਰਕੇ ਸਰੀਰ ਵਾਰ-ਵਾਰ ਖਾਣ ਨੂੰ ਮੰਗਦਾ ਹੈ
4. ਭਾਰ ਘਟਣਾ। ਜਦੋਂ ਸਰੀਰ ਦੀਆਂ ਕੋਸ਼ਿਕਾਵਾਂ ਵਿਚ ਸ਼ੱਕਰ ਨਹੀਂ ਪਹੁੰਚਦੀ ਤਾਂ ਸਰੀਰ ਆਪਣੇ ਅੰਦਰਲੀ ਚਰਬੀ ਤੇ ਪ੍ਰੋਟੀਨ ਨੂੰ ਹੀ ਸਾੜਨ ਲੱਗ ਪੈਂਦਾ ਹੈ, ਜਿਸ ਨਾਲ ਭਾਰ ਘੱਟ ਜਾਂਦਾ ਹੈ
5. ਚਿੜਚਿੜਾਪਣ। ਜਦੋਂ ਸ਼ੂਗਰ ਦਾ ਰੋਗੀ ਰਾਤ ਨੂੰ ਵਾਰ-ਵਾਰ ਉੱਠ ਕੇ ਪਿਸ਼ਾਬ ਜਾਂਦਾ ਹੈ ਤਾਂ ਉਹ ਰਾਤ ਨੂੰ ਗੂੜ੍ਹੀ ਨੀਂਦ ਨਹੀਂ ਸੌਂ ਪਾਉਂਦਾ। ਇਸ ਨਾਲ ਉਹ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ
ਟਾਈਪ 1 ਡਾਈਬੀਟੀਜ਼ ਵਿਚ ਪੈਂਕਰੀਆਸ ਬਹੁਤ ਘੱਟ ਇਨਸੁਲੀਨ ਬਣਾਉਂਦਾ ਹੈ ਜਾਂ ਬਿਲਕੁਲ ਹੀ ਨਹੀਂ ਬਣਾਉਂਦਾ। ਇਸ ਲਈ ਰੋਗੀ ਨੂੰ ਰੋਜ਼ਾਨਾ ਇਨਸੁਲੀਨ ਲੈਣੀ ਪੈਂਦੀ ਹੈ, ਅਕਸਰ ਟੀਕੇ ਰਾਹੀਂ (ਕਿਉਂਕਿ ਮੂੰਹ ਰਾਹੀਂ ਇਨਸੁਲੀਨ ਖਾਣ ਨਾਲ ਇਹ ਢਿੱਡ ਵਿਚ ਜਾ ਕੇ ਨਸ਼ਟ ਹੋ ਜਾਂਦੀ ਹੈ)।
[ਸਫ਼ੇ 19 ਉੱਤੇ ਡੱਬੀ]
ਟਾਈਪ 2 ਡਾਈਬੀਟੀਜ਼
ਟਾਈਪ 2 ਡਾਈਬੀਟੀਜ਼ ਟਾਈਪ 1 ਡਾਈਬੀਟੀਜ਼ ਨਾਲੋਂ ਵੱਖਰੀ ਹੈ। ਇਸ ਕਿਸਮ ਵਿਚ ਸਰੀਰ ਲੋੜੀਂਦੀ ਇਨਸੁਲੀਨ ਨਹੀਂ ਬਣਾਉਂਦਾ ਜਾਂ ਫਿਰ ਇਨਸੁਲੀਨ ਨੂੰ ਠੀਕ ਤਰੀਕੇ ਨਾਲ ਨਹੀਂ ਵਰਤਦਾ। ਇਸ ਕਿਸਮ ਦੀ ਸ਼ੂਗਰ ਦੀ ਬੀਮਾਰੀ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁੰਦੀ ਹੈ ਤੇ ਹੌਲੀ-ਹੌਲੀ ਵਧਦੀ ਜਾਂਦੀ ਹੈ। ਇਹ ਬੀਮਾਰੀ ਖ਼ਾਨਦਾਨੀ ਹੁੰਦੀ ਹੈ ਅਤੇ ਠੀਕ ਖਾਣ-ਪੀਣ ਨਾ ਹੋਣ ਕਰਕੇ ਜਾਂ ਮੋਟਾਪੇ ਕਰਕੇ ਖ਼ਤਰਨਾਕ ਰੂਪ ਧਾਰ ਲੈਂਦੀ ਹੈ। ਬਹੁਤ ਸਾਰੀਆਂ ਹਾਲਤਾਂ ਵਿਚ ਮਰੀਜ਼ ਗੋਲੀਆਂ ਖਾ ਸਕਦੇ ਹਨ, ਖ਼ਾਸ ਤੌਰ ਤੇ ਬੀਮਾਰੀ ਦੇ ਸ਼ੁਰੂ ਵਿਚ, ਤਾਂਕਿ ਪੈਂਕਰੀਆਸ ਹੋਰ ਜ਼ਿਆਦਾ ਇਨਸੁਲੀਨ ਬਣਾਵੇ। ਪਰ ਗੋਲੀਆਂ ਇਨਸੁਲੀਨ ਨਹੀਂ ਹਨ।
[ਸਫ਼ੇ 20 ਉੱਤੇ ਡੱਬੀ]
ਸ਼ੂਗਰ ਦੀ ਬੀਮਾਰੀ ਦੇ ਖ਼ਤਰੇ
ਸਰੀਰ ਨੂੰ ਕੰਮ ਕਰਨ ਲਈ ਤਾਕਤ ਦੀ ਲੋੜ ਹੈ। ਜਦੋਂ ਸਰੀਰ ਆਪਣੇ ਅੰਦਰ ਦੇ ਗਲੂਕੋਜ਼ ਨੂੰ ਵਰਤਣ ਦੇ ਯੋਗ ਨਹੀਂ ਹੁੰਦਾ, ਤਾਂ ਇਹ ਸਰੀਰ ਅੰਦਰਲੀ ਚਰਬੀ ਅਤੇ ਪ੍ਰੋਟੀਨ ਨੂੰ ਵਰਤਣਾ ਸ਼ੁਰੂ ਕਰ ਦਿੰਦਾ ਹੈ। ਪਰ ਜਦੋਂ ਸਰੀਰ ਚਰਬੀ ਨੂੰ ਸਾੜਦਾ ਹੈ ਤਾਂ ਚਰਬੀ ਦੇ ਸਾੜ ਤੋਂ ਕੀਟੋਨ ਨਾਮਕ ਰਾਖ ਬਣਦੀ ਹੈ। ਖ਼ੂਨ ਵਿਚ ਕੀਟੋਨ ਦੀ ਮਾਤਰਾ ਇੰਨੀ ਵੱਧ ਜਾਂਦੀ ਹੈ ਕਿ ਇਹ ਕੀਟੋਨ ਪਿਸ਼ਾਬ ਵਿਚ ਵੀ ਰਲ ਜਾਂਦੇ ਹਨ। ਕਿਉਂਕਿ ਇਹ ਕੀਟੋਨ ਸਰੀਰ ਦੇ ਤੰਦਰੁਸਤ ਟਿਸ਼ੂਆਂ ਨਾਲੋਂ ਜ਼ਿਆਦਾ ਤੇਜ਼ਾਬੀ ਹੁੰਦੇ ਹਨ, ਇਸ ਲਈ ਖ਼ੂਨ ਵਿਚ ਕੀਟੋਨ ਦੀ ਮਾਤਰਾ ਜ਼ਿਆਦਾ ਹੋਣ ਨਾਲ ਰੋਗੀ ਖ਼ਤਰਨਾਕ ਹਾਲਤ ਤਕ ਪਹੁੰਚ ਸਕਦਾ ਹੈ ਜਿਸ ਨੂੰ ਕੀਟੋਐਸਿਡੋਸਿਸ ਕਿਹਾ ਜਾਂਦਾ ਹੈ।
ਸ਼ੂਗਰ ਦੇ ਮਰੀਜ਼ ਲਈ ਖ਼ੂਨ ਵਿਚ ਸ਼ੂਗਰ ਦੀ ਲੋੜੀਂਦੀ ਮਾਤਰਾ ਨਾਲੋਂ ਘੱਟ ਸ਼ੂਗਰ (ਹਾਈਪੋਗਲਾਈਸੀਮੀਆ) ਦਾ ਹੋਣਾ ਵੀ ਖ਼ਤਰਨਾਕ ਹੈ। ਰੋਗੀ ਨੂੰ ਸ਼ੂਗਰ ਘੱਟ ਹੋਣ ਤੇ ਅਣਸੁਖਾਵੇਂ ਲੱਛਣ ਮਹਿਸੂਸ ਹੁੰਦੇ ਹਨ। ਉਸ ਦੇ ਹੱਥ-ਪੈਰ ਕੰਬਣ ਲੱਗ ਪੈਂਦੇ ਹਨ, ਉਸ ਨੂੰ ਪਸੀਨਾ ਆਉਣ ਲੱਗਦਾ ਹੈ ਅਤੇ ਉਹ ਥਕਾਵਟ, ਭੁੱਖ, ਚਿੜਚਿੜਾਪਣ ਜਾਂ ਬੌਂਦਲਾਹਟ ਵੀ ਮਹਿਸੂਸ ਕਰ ਸਕਦਾ ਹੈ। ਉਸ ਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਜਾਂਦੀ ਹੈ, ਉਸ ਦੇ ਹੱਥ-ਪੈਰ ਸੁੰਨ ਹੋਣ ਲੱਗਦੇ ਹਨ ਅਤੇ ਉਸ ਦੀਆਂ ਅੱਖਾਂ ਸਾਮ੍ਹਣੇ ਹਨ੍ਹੇਰਾ ਜਿਹਾ ਛਾਉਣ ਲੱਗ ਪੈਂਦਾ ਹੈ। ਉਸ ਨੂੰ ਸਿਰ ਦਰਦ ਜਾਂ ਮੂੰਹ ਅਤੇ ਬੁੱਲਾਂ ਦੁਆਲੇ ਝੁਣਝੁਣੀ ਵੀ ਮਹਿਸੂਸ ਹੋ ਸਕਦੀ ਹੈ। ਉਸ ਨੂੰ ਦੌਰਾ ਪੈ ਸਕਦਾ ਹੈ ਜਾਂ ਉਹ ਬੇਹੋਸ਼ ਵੀ ਹੋ ਸਕਦਾ ਹੈ। ਰੋਗ ਅਨੁਸਾਰ ਮੁਨਾਸਬ ਖ਼ੁਰਾਕ ਨੂੰ ਸਹੀ ਸਮੇਂ ਤੇ ਲੈਣ ਨਾਲ ਅਕਸਰ ਇਨ੍ਹਾਂ ਸਮੱਸਿਆਵਾਂ ਨੂੰ ਰੋਕਿਆ ਜਾ ਸਕਦਾ ਹੈ।
ਜੇਕਰ ਉੱਪਰ ਦਿੱਤੇ ਲੱਛਣ ਨਜ਼ਰ ਆਉਣ, ਤਾਂ ਜਦ ਤਕ ਖਾਣਾ ਨਹੀਂ ਖਾਧਾ ਜਾਂਦਾ, ਤਦ ਤਕ ਆਮ ਸ਼ੱਕਰ, ਜਿਵੇਂ ਕਿ ਫਲਾਂ ਦਾ ਜੂਸ ਜਾਂ ਗਲੂਕੋਜ਼ ਦੀਆਂ ਗੋਲੀਆਂ ਖਾ ਕੇ ਖ਼ੂਨ ਵਿਚ ਸ਼ੱਕਰ ਦੀ ਮਾਤਰਾ ਨੂੰ ਸੁਰੱਖਿਅਤ ਮਾਤਰਾ ਤਕ ਵਧਾਇਆ ਜਾ ਸਕਦਾ ਹੈ। ਗੰਭੀਰ ਹਾਲਤਾਂ ਵਿਚ ਟੀਕੇ ਰਾਹੀਂ ਗਲੂਕੇਗੌਨ ਦਿੱਤਾ ਜਾਣਾ ਚਾਹੀਦਾ ਹੈ। ਇਹ ਉਹ ਹਾਰਮੋਨ ਹੈ ਜੋ ਜਿਗਰ ਵਿਚ ਜਮ੍ਹਾ ਹੋਈ ਸ਼ੱਕਰ ਨੂੰ ਕੱਢਣ ਵਿਚ ਮਦਦ ਕਰਦਾ ਹੈ, ਜਿਸ ਨਾਲ ਖ਼ੂਨ ਵਿਚ ਸ਼ੱਕਰ ਦੀ ਮਾਤਰਾ ਵੱਧ ਜਾਂਦੀ ਹੈ। ਜੇਕਰ ਕਿਸੇ ਬੱਚੇ ਨੂੰ ਸ਼ੂਗਰ ਦੀ ਬੀਮਾਰੀ ਹੈ ਤਾਂ ਮਾਂ-ਬਾਪ ਨੂੰ ਬੱਚੇ ਦੇ ਸਕੂਲ ਵਾਲਿਆਂ ਨੂੰ, ਬੱਸ ਦੇ ਡਰਾਈਵਰ ਨੂੰ ਜਾਂ ਆਯਾ ਨੂੰ ਉਸ ਦੀ ਬੀਮਾਰੀ ਬਾਰੇ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ।
[ਸਫ਼ੇ 20 ਉੱਤੇ ਡੱਬੀ]
ਲੰਬੇ ਸਮੇਂ ਦੀਆਂ ਸਮੱਸਿਆਵਾਂ
ਸ਼ੂਗਰ ਦੇ ਮਰੀਜ਼ ਨੂੰ ਲੰਬੇ ਸਮੇਂ ਦੀਆਂ ਕਈ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ, ਜਿਵੇਂ ਕਿ ਦਿਲ ਦਾ ਦੌਰਾ, ਅਧਰੰਗ (stroke), ਅੱਖਾਂ ਦੀਆਂ ਸਮੱਸਿਆਵਾਂ, ਗੁਰਦਿਆਂ ਦੀਆਂ ਬੀਮਾਰੀਆਂ, ਪੈਰ ਜਾਂ ਲੱਤ ਦੀਆਂ ਸਮੱਸਿਆਵਾਂ ਅਤੇ ਵਾਰ-ਵਾਰ ਇਨਫੇਕਸ਼ਨ ਹੋਣਾ। ਇਹ ਸਮੱਸਿਆਵਾਂ ਖ਼ੂਨ ਦੀਆਂ ਨਾੜੀਆਂ ਤੇ ਨਸਾਂ ਨੂੰ ਨੁਕਸਾਨ ਪਹੁੰਚਣ ਕਰਕੇ ਅਤੇ ਇਨਫੇਕਸ਼ਨ ਦਾ ਮੁਕਾਬਲਾ ਕਰਨ ਦੀ ਤਾਕਤ ਨਾ ਹੋਣ ਕਰਕੇ ਹੁੰਦੀਆਂ ਹਨ। ਪਰ ਸਾਰੇ ਸ਼ੂਗਰ ਦੇ ਮਰੀਜ਼ਾਂ ਨੂੰ ਇਹ ਲੰਬੇ ਸਮੇਂ ਦੀਆਂ ਮੁਸ਼ਕਲਾਂ ਪੇਸ਼ ਨਹੀਂ ਆਉਂਦੀਆਂ।
ਖ਼ੂਨ ਵਿਚ ਸ਼ੱਕਰ ਦੀ ਲੋੜੀਂਦੀ ਮਾਤਰਾ ਨੂੰ ਬਰਕਰਾਰ ਰੱਖਣ ਨਾਲ ਇਨ੍ਹਾਂ ਸਮੱਸਿਆਵਾਂ ਦੇ ਨੁਕਸਾਨਦਾਇਕ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ ਜਾਂ ਭਵਿੱਖ ਲਈ ਟਾਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਵਜ਼ਨ ਅਤੇ ਬਲੱਡ-ਪ੍ਰੈਸ਼ਰ ਸਹੀ ਰੱਖ ਕੇ ਅਤੇ ਤਮਾਖੂਨੋਸ਼ੀ ਬਿਲਕੁਲ ਬੰਦ ਕਰਕੇ, ਇਹ ਸਾਰੇ ਖ਼ਤਰੇ ਘਟਾਏ ਜਾ ਸਕਦੇ ਹਨ। ਸ਼ੂਗਰ ਦੇ ਮਰੀਜ਼ ਨੂੰ ਕਾਫ਼ੀ ਕਸਰਤ ਕਰਨੀ ਚਾਹੀਦੀ ਹੈ, ਸਹੀ ਖ਼ੁਰਾਕ ਖਾਣੀ ਚਾਹੀਦੀ ਹੈ ਅਤੇ ਡਾਕਟਰ ਵੱਲੋਂ ਦੱਸੀਆਂ ਗਈਆਂ ਦਵਾਈਆਂ ਨਿਯਮਿਤ ਤੌਰ ਤੇ ਖਾਣੀਆਂ ਚਾਹੀਦੀਆਂ ਹਨ।
[ਸਫ਼ੇ 21 ਉੱਤੇ ਤਸਵੀਰ]
ਹਰਡ ਪਰਿਵਾਰ