ਲੜਾਈ ਨੂੰ ਅਲਵਿਦਾ
ਹਰ ਥਾਂ ਦੇ ਲੋਕਾਂ ਨੇ ਲੜਾਈਆਂ ਤੋਂ ਬਿਨਾਂ ਇਕ ਸੰਸਾਰ ਦਾ ਸੁਪਨਾ ਦੇਖਿਆ ਹੈ। ਇਹ ਇਕ ਅਜਿਹਾ ਸੁਪਨਾ ਹੈ ਜੋ ਅਜੇ ਤਕ ਪੂਰਾ ਨਹੀਂ ਹੋਇਆ। ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਹਨ ਕਿ ਧਰਤੀ ਉੱਤੇ ਸ਼ਾਂਤੀ ਉਦੋਂ ਹੀ ਆ ਸਕਦੀ ਹੈ ਜਦੋਂ ਪੂਰੀ ਦੁਨੀਆਂ ਉੱਤੇ ਇੱਕੋ ਹੀ ਸਰਕਾਰ ਰਾਜ ਕਰੇਗੀ—ਇਕ ਅਜਿਹੀ ਸਰਕਾਰ ਜੋ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਕੀਤੇ ਬਿਨਾਂ ਧਰਤੀ ਦੇ ਸਾਰੇ ਲੋਕਾਂ ਦੀ ਪ੍ਰਤਿਨਿਧਤਾ ਕਰੇਗੀ। ਫਿਰ ਵੀ, ਜ਼ਿਆਦਾਤਰ ਲੋਕ ਮਹਿਸੂਸ ਕਰਦੇ ਹਨ ਕਿ ਮਨੁੱਖੀ ਸ਼ਾਸਕ ਕਦੇ ਵੀ ਆਪਣੀ ਇੱਛਾ ਨਾਲ ਆਪਣੀ ਹਕੂਮਤ ਕਿਸੇ ਅਜਿਹੀ ਸਰਕਾਰ ਨੂੰ ਨਹੀਂ ਦੇਣਗੇ ਜੋ ਧਰਤੀ ਉੱਤੇ ਸਾਰਿਆਂ ਦੀ ਪ੍ਰਤਿਨਿਧਤਾ ਕਰੇ। ਕੀ ਇਸ ਦਾ ਇਹ ਮਤਲਬ ਹੈ ਕਿ ਸਾਰੀ ਧਰਤੀ ਉੱਤੇ ਇਕ ਸਰਕਾਰ ਬਣਨੀ ਨਾਮੁਮਕਿਨ ਹੈ?
ਇਸ ਤਰ੍ਹਾਂ ਲੱਗ ਸਕਦਾ ਹੈ। ਪਰ ਬਾਈਬਲ ਦੀ ਭਵਿੱਖਬਾਣੀ ਦਿਖਾਉਂਦੀ ਹੈ ਕਿ ਬਹੁਤ ਜਲਦੀ ਸਾਰੀ ਧਰਤੀ ਉੱਤੇ ਇਕ ਅਜਿਹੀ ਸਰਕਾਰ ਸ਼ਾਸਨ ਕਰੇਗੀ ਜੋ ਸਾਰੀ ਧਰਤੀ ਉੱਤੇ ਸ਼ਾਂਤੀ ਲਿਆਏਗੀ। ਇਹ ਸਰਕਾਰ ਕੋਈ ਇਨਸਾਨੀ ਗੱਲ-ਬਾਤ ਰਾਹੀਂ ਜਾਂ ਅੰਤਰਰਾਸ਼ਟਰੀ ਸਮਝੌਤੇ ਕਰਨ ਦੁਆਰਾ ਨਹੀਂ ਆਵੇਗੀ। ਦਾਨੀਏਲ ਨਬੀ ਇਹ ਲਿਖਣ ਲਈ ਪ੍ਰੇਰਿਤ ਹੋਇਆ ਸੀ: “ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ।” (ਟੇਢੇ ਟਾਈਪ ਸਾਡੇ।)—ਦਾਨੀਏਲ 2:44.
ਇਹ ਉਹੀ ਰਾਜ ਹੈ ਜਿਸ ਬਾਰੇ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਸੀ। ਲੱਖਾਂ ਹੀ ਲੋਕ ਅੱਜ ਇਸ ਪ੍ਰਾਰਥਨਾ ਨੂੰ ਪ੍ਰਭੂ ਦੀ ਪ੍ਰਾਰਥਨਾ ਜਾਂ ‘ਹੇ ਸਾਡੇ ਪਿਤਾ’ ਨਾਮਕ ਪ੍ਰਾਰਥਨਾ ਵਜੋਂ ਜਾਣਦੇ ਹਨ। ਸ਼ਾਇਦ ਤੁਸੀਂ ਵੀ ਇਸ ਪ੍ਰਾਰਥਨਾ ਬਾਰੇ ਜਾਣਦੇ ਹੋਵੋ, ਜੋ ਬਾਈਬਲ ਵਿਚ ਮੱਤੀ 6:9, 10 ਵਿਚ ਪਾਈ ਜਾਂਦੀ ਹੈ। ਇਸ ਪ੍ਰਾਰਥਨਾ ਵਿਚ ਪਰਮੇਸ਼ੁਰ ਨੂੰ ਇਹ ਬੇਨਤੀ ਕੀਤੀ ਗਈ ਹੈ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” ਪਰਮੇਸ਼ੁਰ ਇਸ ਪ੍ਰਾਰਥਨਾ ਦਾ ਜਵਾਬ ਜ਼ਰੂਰ ਦੇਵੇਗਾ। ਜਲਦੀ ਹੀ ਉਹ ਰਾਜ ‘ਆਵੇਗਾ’ ਜੋ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰੇਗਾ। ਪਰਮੇਸ਼ੁਰ ਦੀ ਇਹ ਵੀ ਮਰਜ਼ੀ ਹੈ ਕਿ ਸਾਰੀ ਧਰਤੀ ਨੂੰ ਇਕ ਸ਼ਾਂਤੀਪੂਰਣ ਫ਼ਿਰਦੌਸ ਬਣਾਇਆ ਜਾਵੇ।
ਸਾਰੇ ਸੰਸਾਰ ਵਿਚ ਸ਼ਾਂਤੀ ਦੀ ਇਕ ਅਸਲੀ ਝਲਕ
ਕੀ ਸਾਡੇ ਕੋਲ ਵਿਸ਼ਵਾਸ ਕਰਨ ਦਾ ਕੋਈ ਕਾਰਨ ਹੈ ਕਿ ਪਰਮੇਸ਼ੁਰ ਦਾ ਰਾਜ ਇਨਸਾਨੀ ਸਰਕਾਰਾਂ ਨਾਲੋਂ ਬਿਹਤਰ ਹੋਵੇਗਾ? ਪਰਮੇਸ਼ੁਰ ਦੇ ਰਾਜ ਦੇ ਅੱਠ ਪਹਿਲੂਆਂ ਵੱਲ ਧਿਆਨ ਦਿਓ ਜੋ ਸਾਰੀ ਧਰਤੀ ਉੱਤੇ ਸਥਾਈ ਸ਼ਾਂਤੀ ਲਿਆਉਣ ਵਿਚ ਯੋਗਦਾਨ ਪਾਉਣਗੇ।
1. ਮਹਿਮਾਯੁਕਤ ਯਿਸੂ ਮਸੀਹ ਅਰਥਾਤ ‘ਸ਼ਾਂਤੀ ਦੇ ਰਾਜ ਕੁਮਾਰ’ ਨੂੰ ਪਰਮੇਸ਼ੁਰ ਨੇ ਆਪਣੇ ਰਾਜ ਦਾ ਰਾਜਾ ਨਿਯੁਕਤ ਕੀਤਾ ਹੈ। (ਯਸਾਯਾਹ 9:6) ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਦਿਖਾਇਆ ਕਿ ਉਸ ਦੇ ਚੇਲੇ ਲੜਾਈ ਕਰਨ ਲਈ ਹਥਿਆਰ ਨਹੀਂ ਚੁੱਕਣਗੇ। ਉਸ ਨੇ ਪਤਰਸ ਨੂੰ ਕਿਹਾ: “ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।”—ਮੱਤੀ 26:52.
2. ਪਰਮੇਸ਼ੁਰ ਦਾ ਰਾਜ ਸੱਚ-ਮੁੱਚ ਇਕ ਵਿਸ਼ਵ ਸਰਕਾਰ ਹੋਵੇਗਾ। ਯਿਸੂ ਨੂੰ ਦਿੱਤੇ ਗਏ ਇਖ਼ਤਿਆਰ ਦੇ ਸੰਬੰਧ ਵਿਚ ਦਾਨੀਏਲ ਨੇ ਪਹਿਲਾਂ ਹੀ ਦੱਸਿਆ ਸੀ: “ਪਾਤਸ਼ਾਹੀ ਅਰ ਪਰਤਾਪ ਅਰ ਰਾਜ ਉਹ ਨੂੰ ਦਿੱਤਾ ਗਿਆ, ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹ ਦੀ ਟਹਿਲ ਕਰਨ।”—ਦਾਨੀਏਲ 7:14.
3. ਇਹ ਰਾਜ ਸਾਰੇ ਲੋਕਾਂ ਦੀ ਪ੍ਰਤਿਨਿਧਤਾ ਕਰੇਗਾ। ਯਿਸੂ ਨਾਲ ਕੁਝ ਸੰਗੀ ਸ਼ਾਸਕ ਵੀ ਹੋਣਗੇ ਜੋ “ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ” ਆਏ ਹਨ ਅਤੇ ਉਹ “ਧਰਤੀ ਉੱਤੇ ਰਾਜ ਕਰਨਗੇ।”—ਪਰਕਾਸ਼ ਦੀ ਪੋਥੀ 5:9, 10.
4. ਪਰਮੇਸ਼ੁਰ ਦਾ ਰਾਜ ਉਨ੍ਹਾਂ ਸਾਰੀਆਂ ਮਨੁੱਖੀ ਸਰਕਾਰਾਂ ਦਾ ਅੰਤ ਕਰੇਗਾ, ਜਿਹੜੀਆਂ ਇਸ ਦੇ ਇਖ਼ਤਿਆਰ ਦਾ ਵਿਰੋਧ ਕਰਦੀਆਂ ਹਨ। “ਰਾਜ . . . ਏਹਨਾਂ ਸਾਰੀਆਂ [ਮਨੁੱਖੀ] ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”—ਦਾਨੀਏਲ 2:44.
5. ਧਰਤੀ ਦੇ ਸਾਰੇ ਲੋਕਾਂ ਲਈ ਇੱਕੋ ਜਿਹੇ ਕਾਇਦੇ-ਕਾਨੂੰਨ ਹੋਣਗੇ। ਯਸਾਯਾਹ ਨੇ ਉਸ ਸਮੇਂ ਬਾਰੇ ਇਹ ਕਹਿੰਦੇ ਹੋਏ ਭਵਿੱਖਬਾਣੀ ਕੀਤੀ: “ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ। ਉਹ ਕੌਮਾਂ ਵਿੱਚ ਨਿਆਉਂ ਕਰੇਗਾ, ਅਤੇ ਬਹੁਤੀਆਂ ਉੱਮਤਾਂ ਦਾ ਫ਼ੈਸਲਾ ਕਰੇਗਾ।”—ਯਸਾਯਾਹ 2:3, 4.
6. ਰਾਜ ਦੀ ਪਰਜਾ ਸ਼ਾਂਤੀ ਨਾਲ ਜੀਉਣਾ ਸਿੱਖੇਗੀ। ਯਸਾਯਾਹ ਨੇ ਅੱਗੇ ਕਿਹਾ: “ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।”—ਯਸਾਯਾਹ 2:4.
7. ਹਿੰਸਾ ਦੇ ਪ੍ਰੇਮੀ ਨਾਸ਼ ਕੀਤੇ ਜਾਣਗੇ। “ਯਹੋਵਾਹ ਧਰਮੀ ਨੂੰ ਜਾਚਦਾ ਹੈ, ਪਰ ਦੁਸ਼ਟ ਅਰ ਅਨ੍ਹੇਰੇ ਦੇ ਪ੍ਰੇਮੀ ਤੋਂ ਉਹ ਦਾ ਆਤਮਾ ਘਿਣ ਕਰਦਾ ਹੈ। ਉਹ ਦੁਸ਼ਟਾਂ ਦੇ ਉੱਤੇ ਫਾਹੀਆਂ ਵਰ੍ਹਾਵੇਗਾ, ਅੱਗ ਅਤੇ ਗੰਧਕ ਅਤੇ ਅਗਨੀ ਲੂ ਉਨ੍ਹਾਂ ਦੇ ਕਟੋਰੇ ਦਾ ਛਾਂਦਾ ਹੋਵੇਗੀ।”—ਜ਼ਬੂਰ 11:5, 6.
8. ਹਥਿਆਰ ਤਬਾਹ ਕੀਤੇ ਜਾਣਗੇ। “ਆਓ, ਯਹੋਵਾਹ ਦੇ ਕੰਮਾਂ ਨੂੰ ਵੇਖੋ, ਜਿਹ ਨੇ ਧਰਤੀ ਉੱਤੇ ਤਬਾਹੀਆਂ ਮਚਾਈਆਂ ਹਨ। ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਿੰਦਾ ਹੈ, ਉਹ ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ!”—ਜ਼ਬੂਰ 46:8, 9.
ਪਰਮੇਸ਼ੁਰ ਦੇ ਵਾਅਦਿਆਂ ਵਿਚ ਨਿਹਚਾ ਰੱਖਣੀ—ਕਿਉਂ ਅਤੇ ਕਿਵੇਂ?
ਬਾਈਬਲ ਪਰਮੇਸ਼ੁਰ ਦੇ ਰਾਜ ਬਾਰੇ ਹੋਰ ਬਹੁਤ ਕੁਝ ਦੱਸਦੀ ਹੈ। ਉਦਾਹਰਣ ਲਈ, ਇਹ ਦੱਸਦੀ ਹੈ ਕਿ ਧਰਤੀ ਉੱਤੇ ਰਾਜ ਕਰਨ ਲਈ ਯਿਸੂ ਮਸੀਹ ਦੇ ਨਾਲ ਕੌਣ-ਕੌਣ ਹੋਣਗੇ। ਇਹ ਅੱਗੇ ਦੱਸਦੀ ਹੈ ਕਿ ਉਹ ਕਿਵੇਂ ਚੁਣੇ ਗਏ ਹਨ ਅਤੇ ਉਨ੍ਹਾਂ ਵਿਚ ਕਿਹੜੀਆਂ-ਕਿਹੜੀਆਂ ਯੋਗਤਾਵਾਂ ਹੋਣੀਆਂ ਜ਼ਰੂਰੀ ਹਨ। ਬਾਈਬਲ ਇਹ ਵੀ ਦੱਸਦੀ ਹੈ ਕਿ ਇਹ ਰਾਜ ਧਰਤੀ ਉੱਤੇ ਸਾਰੇ ਲੋਕਾਂ ਦੀ ਖੁਸ਼ਹਾਲੀ ਲਈ ਧਰਤੀ ਦੇ ਸਾਧਨਾਂ ਦਾ ਕਿਵੇਂ ਇਸਤੇਮਾਲ ਕਰੇਗਾ ਅਤੇ ਈਰਖਾ ਤੇ ਲਾਲਚ ਨੂੰ ਖ਼ਤਮ ਕਰੇਗਾ ਜੋ ਅਕਸਰ ਲੜਾਈ-ਝਗੜੇ ਦਾ ਕਾਰਨ ਬਣਦੇ ਹਨ।
ਕੀ ਅਜਿਹੀਆਂ ਭਵਿੱਖਬਾਣੀਆਂ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ? ਯਹੋਵਾਹ ਨੇ ਖ਼ੁਦ ਕਿਹਾ ਹੈ: “ਮੇਰਾ ਬਚਨ . . . ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।” (ਯਸਾਯਾਹ 55:11) ਇਸ ਆਇਤ ਵਿਚ ਸਿਰਫ਼ ਇਹੀ ਭਰੋਸਾ ਨਹੀਂ ਦਿਵਾਇਆ ਗਿਆ ਕਿ ਪਰਮੇਸ਼ੁਰ ਆਪਣੇ ਵਾਅਦਿਆਂ ਨੂੰ ਪੂਰਾ ਕਰਦਾ ਹੈ, ਬਲਕਿ ਯਹੋਵਾਹ ਸਰਬਸ਼ਕਤੀਮਾਨ ਵੀ ਹੈ, ਇਸ ਲਈ ਉਹ ਸੰਸਾਰ ਭਰ ਵਿਚ ਸ਼ਾਂਤੀ ਲਿਆਉਣ ਦੀ ਤਾਕਤ ਰੱਖਦਾ ਹੈ। ਕੋਈ ਵੀ ਚੀਜ਼ ਉਸ ਦੀ ਸਮਝ ਤੋਂ ਬਾਹਰ ਨਹੀਂ ਹੈ; ਇਸ ਲਈ ਉਸ ਕੋਲ ਸ਼ਾਂਤੀ ਬਰਕਰਾਰ ਰੱਖਣ ਦੀ ਬੁੱਧ ਹੈ। (ਯਸਾਯਾਹ 40:13, 14) ਇਸ ਤੋਂ ਇਲਾਵਾ, ਯਹੋਵਾਹ ਪ੍ਰੇਮ ਦੀ ਮੂਰਤ ਹੈ, ਇਸ ਲਈ ਉਸ ਦੀ ਵੱਡੀ ਇੱਛਾ ਹੈ ਕਿ ਸਾਰੇ ਸੰਸਾਰ ਵਿਚ ਸ਼ਾਂਤੀ ਹੋਵੇ।—1 ਯੂਹੰਨਾ 4:8.
ਬੇਸ਼ੱਕ, ਪਰਮੇਸ਼ੁਰ ਦੇ ਵਾਅਦਿਆਂ ਵਿਚ ਵਿਸ਼ਵਾਸ ਕਰਨ ਲਈ ਨਿਹਚਾ ਰੱਖਣ ਦੀ ਲੋੜ ਹੈ। ਇਹ ਨਿਹਚਾ ਗਿਆਨ ਉੱਤੇ ਆਧਾਰਿਤ ਹੈ ਅਤੇ ਇਹ ਨਿਹਚਾ ਪਰਮੇਸ਼ੁਰ ਦੇ ਬਚਨ, ਬਾਈਬਲ ਦਾ ਅਧਿਐਨ ਕਰਨ ਨਾਲ ਪੈਦਾ ਹੁੰਦੀ ਹੈ। (ਫ਼ਿਲਿੱਪੀਆਂ 1:9, 10) ਜਿਉਂ-ਜਿਉਂ ਅਸੀਂ ਪਰਮੇਸ਼ੁਰ ਦੀ ਸ਼ਖ਼ਸੀਅਤ ਅਤੇ ਉਸ ਦੇ ਮਕਸਦਾਂ ਬਾਰੇ ਸਿੱਖਦੇ ਜਾਂਦੇ ਹਾਂ, ਤਿਉਂ-ਤਿਉਂ ਪਰਮੇਸ਼ੁਰ ਦਾ ਰਾਜ ਸਾਡੇ ਲਈ ਹਕੀਕਤ ਬਣਦਾ ਜਾਂਦਾ ਹੈ। ਜੀ ਹਾਂ, ਲੜਾਈਆਂ ਖ਼ਤਮ ਕੀਤੀਆਂ ਜਾਣਗੀਆਂ, ਮਨੁੱਖੀ ਜਤਨਾਂ ਰਾਹੀਂ ਨਹੀਂ, ਸਗੋਂ ਪਰਮੇਸ਼ੁਰ ਦੇ ਰਾਜ ਦੁਆਰਾ ਲਿਆਂਦੀ ਗਈ ਸ਼ਾਨਦਾਰ ਵਿਸ਼ਵ ਸਰਕਾਰ ਦੁਆਰਾ ਖ਼ਤਮ ਕੀਤੀਆਂ ਜਾਣਗੀਆਂ।
[ਸਫ਼ੇ 16, 17 ਉੱਤੇ ਤਸਵੀਰਾਂ]
ਪਰਮੇਸ਼ੁਰ ਦੇ ਰਾਜ ਦੀ ਪਰਜਾ ਸ਼ਾਂਤੀ ਨਾਲ ਜੀਉਣਾ ਸਿੱਖੇਗੀ ਅਤੇ ਸਾਰੇ ਹਥਿਆਰ ਤਬਾਹ ਕੀਤੇ ਜਾਣਗੇ