ਪਾਠਕਾਂ ਵੱਲੋਂ ਸਵਾਲ
ਬਾਈਬਲ ਦੀਆਂ ਭਵਿੱਖਬਾਣੀਆਂ ਅਨੁਸਾਰ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਕਦੋਂ ਸੱਤਵੀਂ ਵਿਸ਼ਵ ਸ਼ਕਤੀ ਬਣੀ ਸੀ?
▪ ਰਾਜਾ ਨਬੂਕਦਨੱਸਰ ਨੇ ਸੁਪਨੇ ਵਿਚ ਜੋ ਮੂਰਤ ਦੇਖੀ ਸੀ, ਉਹ ਸਾਰੀਆਂ ਵਿਸ਼ਵ ਸ਼ਕਤੀਆਂ ਨੂੰ ਨਹੀਂ ਦਰਸਾਉਂਦੀ ਹੈ। (ਦਾਨੀ. 2:31-45) ਇਸ ਵਿਚ ਸਿਰਫ਼ ਪੰਜ ਵਿਸ਼ਵ ਸ਼ਕਤੀਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਦਾਨੀਏਲ ਦੇ ਸਮੇਂ ਤੋਂ ਰਾਜ ਕੀਤਾ ਅਤੇ ਪਰਮੇਸ਼ੁਰ ਦੇ ਲੋਕਾਂ ਉੱਤੇ ਬਹੁਤ ਪ੍ਰਭਾਵ ਪਾਇਆ।
ਦਾਨੀਏਲ ਨੇ ਮੂਰਤ ਦਾ ਜੋ ਅਰਥ ਦੱਸਿਆ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਰੋਮ ਵਿੱਚੋਂ ਨਿਕਲੇਗੀ, ਨਾ ਕਿ ਇਸ ਨੂੰ ਹਰਾਵੇਗੀ। ਦਾਨੀਏਲ ਨੇ ਦੇਖਿਆ ਕਿ ਮੂਰਤ ਦੀਆਂ ਲੱਤਾਂ ਲੋਹੇ ਦੀਆਂ ਹਨ ਅਤੇ ਫਿਰ ਲੋਹਾ ਪੈਰਾਂ ਅਤੇ ਪੈਰਾਂ ਦੀਆਂ ਉਂਗਲੀਆਂ ਵਿਚ ਵੀ ਸੀ। (ਪੈਰ ਅਤੇ ਉਂਗਲੀਆਂ ਲੋਹੇ ਅਤੇ ਮਿੱਟੀ ਦੀਆਂ ਹਨ।)a ਇਸ ਤੋਂ ਪਤਾ ਲੱਗਦਾ ਹੈ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਰੋਮ ਵਿੱਚੋਂ ਨਿਕਲੇਗੀ ਜਿਸ ਨੂੰ ਲੋਹੇ ਦੀਆਂ ਲੱਤਾਂ ਨਾਲ ਦਰਸਾਇਆ ਗਿਆ ਸੀ। ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਇਹ ਭਵਿੱਖਬਾਣੀ ਸੱਚ ਸਾਬਤ ਹੋਈ ਸੀ। ਇੰਗਲੈਂਡ ਪਹਿਲਾਂ ਰੋਮੀ ਸਾਮਰਾਜ ਦਾ ਹਿੱਸਾ ਹੁੰਦਾ ਸੀ ਅਤੇ ਇਹ 18ਵੀਂ ਸਦੀ ਦੇ ਅੱਧ ਵਿਚ ਸ਼ਕਤੀਸ਼ਾਲੀ ਬਣਨਾ ਸ਼ੁਰੂ ਹੋਇਆ। ਬਾਅਦ ਵਿਚ ਅਮਰੀਕਾ ਵੀ ਸ਼ਕਤੀਸ਼ਾਲੀ ਦੇਸ਼ ਬਣ ਗਿਆ। ਪਰ ਉਸ ਵੇਲੇ ਬਾਈਬਲ ਦੀ ਭਵਿੱਖਬਾਣੀ ਅਨੁਸਾਰ ਵਿਸ਼ਵ ਸ਼ਕਤੀ ਨਹੀਂ ਬਣੀ ਸੀ। ਕਿਉਂ ਨਹੀਂ? ਕਿਉਂਕਿ ਇੰਗਲੈਂਡ ਅਤੇ ਅਮਰੀਕਾ ਨੇ ਰਲ਼ ਕੇ ਕੋਈ ਖ਼ਾਸ ਕੰਮ ਨਹੀਂ ਕੀਤਾ ਸੀ। ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਇਕੱਠਿਆਂ ਕੰਮ ਕੀਤਾ।
ਉਸ ਸਮੇਂ ਤਕ “ਰਾਜ ਦੇ ਪੁੱਤਰ” ਜ਼ਿਆਦਾ ਕਰਕੇ ਅਮਰੀਕਾ ਵਿਚ ਪ੍ਰਚਾਰ ਦਾ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਆਪਣਾ ਹੈੱਡ-ਕੁਆਰਟਰ ਬਰੁਕਲਿਨ, ਨਿਊਯਾਰਕ ਵਿਚ ਸਥਾਪਿਤ ਕੀਤਾ। (ਮੱਤੀ 13:36-43) ਬਹੁਤ ਸਾਰੇ ਚੁਣੇ ਹੋਏ ਮਸੀਹੀ ਉਨ੍ਹਾਂ ਦੇਸ਼ਾਂ ਵਿਚ ਪ੍ਰਚਾਰ ਦਾ ਕੰਮ ਕਰ ਰਹੇ ਸਨ ਜਿਨ੍ਹਾਂ ਉੱਤੇ ਇੰਗਲੈਂਡ ਦਾ ਰਾਜ ਸੀ। ਪਹਿਲੇ ਵਿਸ਼ਵ ਯੁੱਧ ਦੌਰਾਨ ਇੰਗਲੈਂਡ ਅਤੇ ਅਮਰੀਕਾ ਨੇ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਖ਼ਾਸ ਦੋਸਤੀ ਕਾਇਮ ਕੀਤੀ। ਉਨ੍ਹਾਂ ਨੇ ਯੁੱਧ ਦੌਰਾਨ ਲੋਕਾਂ ਵਿਚ ਪੈਦਾ ਹੋਏ ਦੇਸ਼ਭਗਤੀ ਦੇ ਜਜ਼ਬੇ ਨੂੰ ਇਸਤੇਮਾਲ ਕਰ ਕੇ ਪਰਮੇਸ਼ੁਰ ਦੀ “ਤੀਵੀਂ” ਦੀ ਸੰਤਾਨ ਦੇ ਬਾਕੀ ਬਚੇ ਮੈਂਬਰਾਂ ਉੱਤੇ ਜ਼ੁਲਮ ਕੀਤੇ। ਨਾਲੇ ਉਨ੍ਹਾਂ ਦੇ ਕਿਤਾਬਾਂ-ਰਸਾਲਿਆਂ ਉੱਤੇ ਪਾਬੰਦੀਆਂ ਲਾਈਆਂ ਅਤੇ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਹੇ ਭਰਾਵਾਂ ਨੂੰ ਜੇਲ੍ਹਾਂ ਵਿਚ ਸੁੱਟਿਆ।—ਪ੍ਰਕਾ. 12:17.
ਇਸ ਲਈ ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਸੱਤਵੀਂ ਵਿਸ਼ਵ ਸ਼ਕਤੀ 18ਵੀਂ ਸਦੀ ਦੇ ਅੱਧ ਵਿਚ ਨਹੀਂ ਬਣੀ ਸੀ ਜਦੋਂ ਇੰਗਲੈਂਡ ਸ਼ਕਤੀਸ਼ਾਲੀ ਦੇਸ਼ ਬਣਨਾ ਸ਼ੁਰੂ ਹੋਇਆ ਸੀ। ਇਸ ਦੀ ਬਜਾਇ ਇਹ ਵਿਸ਼ਵ ਸ਼ਕਤੀ ਪ੍ਰਭੂ ਦੇ ਦਿਨ ਦੇ ਸ਼ੁਰੂ ਹੋਣ ਤੋਂ ਬਾਅਦ ਬਣੀ ਸੀ।b
[ਫੁਟਨੋਟ]
a ਲੋਹੇ ਵਿਚ ਰਲ਼ੀ ਮਿੱਟੀ ਉਨ੍ਹਾਂ ਲੋਕਾਂ ਨੂੰ ਦਰਸਾਉਂਦੀ ਹੈ ਜੋ ਲੋਹੇ ਵਰਗੀ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੇ ਇਲਾਕੇ ਵਿਚ ਰਹਿੰਦੇ ਹਨ। ਸਮੇਂ ਦੇ ਬੀਤਣ ਨਾਲ ਮਿੱਟੀ ਨੇ ਇਸ ਵਿਸ਼ਵ ਸ਼ਕਤੀ ਲਈ ਆਪਣੇ ਅਧਿਕਾਰ ਨੂੰ ਪੂਰੀ ਤਰ੍ਹਾਂ ਇਸਤੇਮਾਲ ਕਰਨਾ ਮੁਸ਼ਕਲ ਬਣਾਇਆ ਹੈ।
b ਦਾਨੀਏਲ ਦੀ ਭਵਿੱਖਬਾਣੀ ਕਿਤਾਬ ਦੇ ਸਫ਼ੇ 57, ਪੈਰਾ 24 ਵਿਚ ਅਤੇ ਸਫ਼ੇ 56 ਤੇ 139 ਉੱਤੇ ਚਾਰਟ ਵਿਚ ਦਿੱਤੀ ਜਾਣਕਾਰੀ ਨੂੰ ਬਦਲ ਕੇ ਇਹ ਨਵੀਂ ਜਾਣਕਾਰੀ ਦਿੱਤੀ ਜਾ ਰਹੀ ਹੈ।
[ਸਫ਼ਾ 19 ਉੱਤੇ ਤਸਵੀਰ]
ਵਾਚਟਾਵਰ ਦੇ ਹੈੱਡ-ਕੁਆਰਟਰ ਵਿਚ ਕੰਮ ਕਰਦੇ ਅੱਠ ਭਰਾਵਾਂ ਨੂੰ ਜੂਨ 1918 ਵਿਚ ਜੇਲ੍ਹ ਵਿਚ ਸੁੱਟਿਆ ਗਿਆ ਸੀ