-
ਜਦੋਂ ਆਪਣਾ ਕੋਈ ਗੁਜ਼ਰ ਜਾਂਦਾ ਹੈਪਹਿਰਾਬੁਰਜ (ਪਬਲਿਕ)—2016 | ਨੰ. 3
-
-
ਮੁੱਖ ਪੰਨੇ ਤੋਂ
ਜਦੋਂ ਆਪਣਾ ਕੋਈ ਗੁਜ਼ਰ ਜਾਂਦਾ ਹੈ
“ਧੀਏ, ਰੱਬ ਨੂੰ ਪਤਾ ਕੀ ਚੰਗਾ ਹੈ। . . . ਨਾ . . . ਰੋ।”
ਕਿਸੇ ਨੇ ਇਹ ਗੱਲ ਬਾਰਬਰਾa ਦੇ ਕੰਨ ਵਿਚ ਕਹੀ। ਉਸ ਵੇਲੇ ਉਸ ਦੇ ਪਿਤਾ ਦਾ ਸੰਸਕਾਰ ਹੋ ਰਿਹਾ ਸੀ ਜਿਸ ਦੀ ਕਾਰ ਦੁਰਘਟਨਾ ਵਿਚ ਮੌਤ ਹੋ ਗਈ ਸੀ।
ਬਾਰਬਰਾ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਸੀ। ਭਾਵੇਂ ਉੱਪਰ ਦੱਸੇ ਸ਼ਬਦ ਉਸ ਦੇ ਪਰਿਵਾਰ ਦੇ ਇਕ ਨਜ਼ਦੀਕੀ ਦੋਸਤ ਨੇ ਕਹੇ ਸਨ, ਪਰ ਹੌਸਲਾ ਮਿਲਣ ਦੀ ਬਜਾਇ ਉਸ ਦੇ ਦਿਲ ਨੂੰ ਸੱਟ ਵੱਜੀ। ਉਹ ਖ਼ੁਦ ਨੂੰ ਵਾਰ-ਵਾਰ ਇਹੀ ਕਹਿੰਦੀ ਰਹੀ, “ਮੇਰੇ ਪਿਤਾ ਦੀ ਮੌਤ ਚੰਗੀ ਗੱਲ ਨਹੀਂ ਸੀ।” ਕੁਝ ਸਾਲਾਂ ਬਾਅਦ ਜਦੋਂ ਬਾਰਬਰਾ ਨੇ ਇਕ ਕਿਤਾਬ ਵਿਚ ਇਸ ਘਟਨਾ ਦਾ ਦੁਬਾਰਾ ਜ਼ਿਕਰ ਕੀਤਾ, ਤਾਂ ਇਸ ਤੋਂ ਸਾਫ਼ ਦੇਖਿਆ ਜਾ ਸਕਦਾ ਸੀ ਕਿ ਉਹ ਹਾਲੇ ਵੀ ਦੁਖੀ ਸੀ।
ਬਾਰਬਰਾ ਨੇ ਆਪਣੇ ਤਜਰਬੇ ਤੋਂ ਦੇਖਿਆ ਕਿ ਕਿਸੇ ਦੀ ਮੌਤ ਦੇ ਗਮ ਨੂੰ ਇੰਨੀ ਛੇਤੀ ਨਹੀਂ ਭੁਲਾਇਆ ਜਾ ਸਕਦਾ, ਖ਼ਾਸ ਕਰਕੇ ਜੇ ਇਕ ਇਨਸਾਨ ਦਾ ਗੁਜ਼ਰ ਚੁੱਕੇ ਵਿਅਕਤੀ ਨਾਲ ਬਹੁਤ ਪਿਆਰ ਹੋਵੇ। ਬਾਈਬਲ ਵਿਚ ਮੌਤ ਬਾਰੇ ਠੀਕ ਹੀ ਕਿਹਾ ਗਿਆ ਹੈ ਕਿ ਇਹ “ਆਖ਼ਰੀ ਦੁਸ਼ਮਣ” ਹੈ। (1 ਕੁਰਿੰਥੀਆਂ 15:26) ਇਹ ਅਚਾਨਕ ਸਾਡੀ ਜ਼ਿੰਦਗੀ ਵਿਚ ਕਹਿਰ ਢਾਹ ਦਿੰਦੀ ਹੈ ਜਿਸ ਦਾ ਸਾਮ੍ਹਣਾ ਕਰਨ ਲਈ ਅਸੀਂ ਤਿਆਰ ਨਹੀਂ ਹੁੰਦੇ। ਕਿਸੇ ਦਾ ਇਸ ʼਤੇ ਵੱਸ ਨਹੀਂ ਚੱਲਦਾ ਤੇ ਇਹ ਸਾਡੇ ਪਿਆਰਿਆਂ ਨੂੰ ਖੋਹ ਕੇ ਲੈ ਜਾਂਦੀ ਹੈ। ਕੋਈ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕਦਾ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਜਦੋਂ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਮੌਤ ਅਤੇ ਇਸ ਦੇ ਅਸਰਾਂ ਨਾਲ ਕਿਵੇਂ ਸਿੱਝ ਸਕਦੇ ਹਾਂ।
ਤੁਸੀਂ ਸ਼ਾਇਦ ਸੋਚੋ: ‘ਗਮ ਨੂੰ ਭੁਲਾਉਣ ਵਿਚ ਕਿੰਨਾ ਕੁ ਸਮਾਂ ਲੱਗਦਾ ਹੈ? ਇਕ ਇਨਸਾਨ ਆਪਣੇ ਗਮ ਨੂੰ ਕਿਵੇਂ ਭੁਲਾ ਸਕਦਾ ਹੈ? ਮੈਂ ਉਨ੍ਹਾਂ ਨੂੰ ਕਿਵੇਂ ਹੌਸਲਾ ਦੇ ਸਕਦਾ ਹਾਂ ਜਿਹੜੇ ਸੋਗ ਮਨਾ ਰਹੇ ਹਨ? ਕੀ ਸਾਡੇ ਮਰ ਚੁੱਕੇ ਪਿਆਰਿਆਂ ਲਈ ਕੋਈ ਉਮੀਦ ਹੈ?’ ▪ (w16-E No. 3)
[ਫੁਟਨੋਟ]
a ਨਾਂ ਬਦਲਿਆ ਗਿਆ ਹੈ।
-
-
ਕੀ ਸੋਗ ਮਨਾਉਣਾ ਗ਼ਲਤ ਹੈ?ਪਹਿਰਾਬੁਰਜ (ਪਬਲਿਕ)—2016 | ਨੰ. 3
-
-
ਮੁੱਖ ਪੰਨੇ ਤੋਂ | ਜਦੋਂ ਆਪਣਾ ਕੋਈ ਗੁਜ਼ਰ ਜਾਂਦਾ ਹੈ
ਕੀ ਸੋਗ ਮਨਾਉਣਾ ਗ਼ਲਤ ਹੈ?
ਕੀ ਤੁਸੀਂ ਕਦੇ ਕੁਝ ਸਮੇਂ ਲਈ ਬੀਮਾਰ ਹੋਏ ਹੋ? ਸ਼ਾਇਦ ਤੁਸੀਂ ਜਲਦੀ ਹੀ ਠੀਕ ਹੋ ਗਏ ਸੀ ਜਿਸ ਕਰਕੇ ਤੁਸੀਂ ਉਸ ਬੀਮਾਰੀ ਬਾਰੇ ਭੁੱਲ ਗਏ। ਪਰ ਸੋਗ ਇੰਨੀ ਛੇਤੀ ਖ਼ਤਮ ਨਹੀਂ ਹੁੰਦਾ। ਡਾਕਟਰ ਐਲਨ ਵੁਲਫ਼ਟ ਨੇ ਆਪਣੀ ਕਿਤਾਬ ਵਿਚ ਲਿਖਿਆ: “ਗਮ ਨੂੰ ‘ਭੁਲਾਇਆ’ ਨਹੀਂ ਜਾ ਸਕਦਾ।” ਉਸ ਨੇ ਅੱਗੇ ਕਿਹਾ: “ਪਰ ਸਮੇਂ ਦੇ ਬੀਤਣ ਨਾਲ ਅਤੇ ਦੂਜਿਆਂ ਦੀ ਮਦਦ ਨਾਲ ਤੁਹਾਡਾ ਗਮ ਘੱਟ ਸਕਦਾ ਹੈ।”—ਜੀਵਨ ਸਾਥੀ ਦੇ ਦੁਖੀ ਦਿਲ ਨੂੰ ਦਿਲਾਸਾ ਦੇਣਾ (ਅੰਗ੍ਰੇਜ਼ੀ)।
ਮਿਸਾਲ ਲਈ, ਗੌਰ ਕਰੋ ਕਿ ਇਕ ਪੂਰਵਜ ਅਬਰਾਹਾਮ ਨੇ ਆਪਣੀ ਪਤਨੀ ਦੇ ਗੁਜ਼ਰ ਜਾਣ ਤੇ ਕੀ ਕੀਤਾ। ਬਾਈਬਲ ਕਹਿੰਦੀ ਹੈ: “ਅਬਰਾਹਾਮ ਸਾਰਾਹ ਦੀ ਮੌਤ ਦਾ ਸੋਗ ਮਨਾਉਣ ਲੱਗਾ ਅਤੇ ਬਹੁਤ ਰੋਇਆ।” ਇਸ ਤੋਂ ਪਤਾ ਲੱਗਦਾ ਹੈ ਕਿ ਅਬਰਾਹਾਮ ਨੂੰ ਆਪਣੀ ਪਤਨੀ ਦਾ ਵਿਛੋੜਾ ਭੁੱਲਣ ਵਿਚ ਕੁਝ ਸਮਾਂ ਲੱਗਾ।a ਇਕ ਹੋਰ ਮਿਸਾਲ ਯਾਕੂਬ ਦੀ ਹੈ ਜਿਸ ਨੂੰ ਧੋਖੇ ਨਾਲ ਯਕੀਨ ਦਿਵਾਇਆ ਗਿਆ ਕਿ ਉਸ ਦੇ ਪੁੱਤਰ ਯੂਸੁਫ਼ ਨੂੰ ਜੰਗਲੀ ਜਾਨਵਰ ਨੇ ਮਾਰ ਦਿੱਤਾ ਹੈ। ਯਾਕੂਬ “ਬਹੁਤ ਦਿਨਾਂ” ਤਕ ਸੋਗ ਕਰਦਾ ਰਿਹਾ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਵੀ ਉਸ ਦਾ ਦੁੱਖ ਦੂਰ ਨਹੀਂ ਕਰ ਸਕੇ। ਕਈ ਸਾਲਾਂ ਬਾਅਦ ਵੀ ਯਾਕੂਬ ਯੂਸੁਫ਼ ਦੀ ਮੌਤ ਨੂੰ ਭੁਲਾ ਨਹੀਂ ਪਾਇਆ ਸੀ।—ਉਤਪਤ 23:2, NW; 37:34, 35; 42:36; 45:28.
ਅਬਰਾਹਾਮ ਨੇ ਆਪਣੀ ਪਿਆਰੀ ਪਤਨੀ ਸਾਰਾਹ ਦੀ ਮੌਤ ਦਾ ਸੋਗ ਮਨਾਇਆ
ਅੱਜ ਵੀ ਕਈ ਲੋਕ ਗਮ ਨੂੰ ਭੁਲਾ ਨਹੀਂ ਪਾਉਂਦੇ ਜਿਨ੍ਹਾਂ ਦਾ ਕੋਈ ਪਿਆਰਾ ਮੌਤ ਦੀ ਗੋਦ ਵਿਚ ਚਲਾ ਜਾਂਦਾ ਹੈ। ਥੱਲੇ ਦੱਸੀਆਂ ਦੋ ਮਿਸਾਲਾਂ ʼਤੇ ਗੌਰ ਕਰੋ।
“ਮੇਰੇ ਪਤੀ ਰੌਬਰਟ ਦੀ ਮੌਤ 9 ਜੁਲਾਈ 2008 ਨੂੰ ਹੋਈ ਸੀ। ਜਿਸ ਸਵੇਰ ਮੇਰੇ ਪਤੀ ਦਾ ਐਕਸੀਡੈਂਟ ਹੋਇਆ ਉਹ ਸਵੇਰ ਬਾਕੀ ਦਿਨਾਂ ਵਰਗੀ ਹੀ ਸੀ। ਹਰ ਰੋਜ਼ ਵਾਂਗ ਨਾਸ਼ਤਾ ਕਰਨ ਤੋਂ ਬਾਅਦ ਕੰਮ ਤੇ ਜਾਣ ਵੇਲੇ ਅਸੀਂ ਇਕ-ਦੂਜੇ ਨੂੰ ਗਲ਼ੇ ਲਗਾਇਆ ਅਤੇ ‘ਆਈ ਲਵ ਯੂ’ ਕਿਹਾ। ਛੇ ਸਾਲਾਂ ਬਾਅਦ ਵੀ ਮੈਂ ਇਸ ਦੁੱਖ ਨੂੰ ਭੁਲਾ ਨਹੀਂ ਪਾਈ। ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਇਸ ਗਮ ਵਿੱਚੋਂ ਉੱਭਰ ਪਾਵਾਂਗੀ।”—ਗੇਲ, 60 ਸਾਲਾਂ ਦੀ।
“ਭਾਵੇਂ ਮੇਰੀ ਪਿਆਰੀ ਪਤਨੀ ਨੂੰ ਗੁਜ਼ਰਿਆਂ 18 ਤੋਂ ਜ਼ਿਆਦਾ ਸਾਲ ਹੋ ਗਏ ਹਨ, ਪਰ ਮੈਨੂੰ ਹਾਲੇ ਵੀ ਉਸ ਦੀ ਬਹੁਤ ਯਾਦ ਸਤਾਉਂਦੀ ਹੈ ਅਤੇ ਮੈਂ ਉਸ ਦੇ ਗਮ ਨੂੰ ਭੁਲਾ ਨਹੀਂ ਪਾਇਆ। ਜਦੋਂ ਵੀ ਮੈਂ ਕੁਦਰਤ ਦੀ ਕਿਸੇ ਖ਼ੂਬਸੂਰਤ ਚੀਜ਼ ਨੂੰ ਦੇਖਦਾ ਹਾਂ, ਤਾਂ ਮੈਂ ਆਪਣੀ ਪਤਨੀ ਬਾਰੇ ਸੋਚਣ ਲੱਗ ਪੈਂਦਾ ਹਾਂ ਕਿ ਜੇ ਉਹ ਇਹ ਚੀਜ਼ ਦੇਖਦੀ, ਤਾਂ ਕਿੰਨੀ ਖ਼ੁਸ਼ ਹੁੰਦੀ।”—ਏਟੀਅਨ, 84 ਸਾਲਾਂ ਦਾ।
ਲੰਬੇ ਸਮੇਂ ਤਕ ਇਸ ਤਰ੍ਹਾਂ ਦੀਆਂ ਦਰਦਨਾਕ ਭਾਵਨਾਵਾਂ ਰਹਿਣੀਆਂ ਕੁਦਰਤੀ ਹਨ। ਨਾਲੇ ਹਰ ਕਿਸੇ ਦਾ ਸੋਗ ਮਨਾਉਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈ। ਕੋਈ ਦੂਸਰਾ ਜਿਸ ਤਰੀਕੇ ਨਾਲ ਵੀ ਸੋਗ ਕਰਦਾ ਹੈ, ਉਸ ਨੂੰ ਗ਼ਲਤ ਕਹਿਣਾ ਸਾਡੇ ਲਈ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ। ਇਸ ਦੇ ਨਾਲ-ਨਾਲ ਸਾਨੂੰ ਖ਼ੁਦ ਨੂੰ ਨਿੰਦਣਾ ਨਹੀਂ ਚਾਹੀਦਾ ਜੇ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਸੋਗ ਕਰ ਰਹੇ ਹਾਂ। ਅਸੀਂ ਗਮ ਨੂੰ ਕਿਵੇਂ ਸਹਿ ਸਕਦੇ ਹਾਂ? ▪ (w16-E No. 3)
a ਅਬਰਾਹਾਮ ਦੇ ਪੁੱਤਰ ਇਸਹਾਕ ਨੇ ਵੀ ਲੰਬੇ ਸਮੇਂ ਤਕ ਸੋਗ ਮਨਾਇਆ। ਇਸਹਾਕ ਆਪਣੀ ਮਾਤਾ ਸਾਰਾਹ ਦੀ ਮੌਤ ਤੋਂ ਤਿੰਨ ਸਾਲ ਬਾਅਦ ਵੀ ਉਸ ਦੇ ਗਮ ਨੂੰ ਭੁਲਾ ਨਹੀਂ ਪਾਇਆ।—ਉਤਪਤ 24:67.
-
-
ਗਮ ਨੂੰ ਸਹਿਣਾਪਹਿਰਾਬੁਰਜ (ਪਬਲਿਕ)—2016 | ਨੰ. 3
-
-
ਮੁੱਖ ਪੰਨੇ ਤੋਂ | ਜਦੋਂ ਆਪਣਾ ਕੋਈ ਗੁਜ਼ਰ ਜਾਂਦਾ ਹੈ
ਗਮ ਨੂੰ ਸਹਿਣਾ
ਗਮ ਨੂੰ ਸਹਿਣ ਬਾਰੇ ਸਲਾਹਾਂ ਦੀ ਕੋਈ ਕਮੀ ਨਹੀਂ। ਪਰ ਸਾਰੀਆਂ ਸਲਾਹਾਂ ਫ਼ਾਇਦੇਮੰਦ ਨਹੀਂ ਹਨ। ਮਿਸਾਲ ਲਈ, ਸ਼ਾਇਦ ਤੁਹਾਨੂੰ ਕੋਈ ਸਲਾਹ ਦੇਵੇ ਕਿ ਤੁਸੀਂ ਨਾ ਰੋਵੋ ਜਾਂ ਕਿਸੇ ਵੀ ਤਰੀਕੇ ਨਾਲ ਆਪਣੀਆਂ ਭਾਵਨਾਵਾਂ ਜ਼ਾਹਰ ਨਾ ਕਰੋ। ਦੂਸਰੇ ਸ਼ਾਇਦ ਤੁਹਾਨੂੰ ਇਸ ਤੋਂ ਉਲਟਾ ਕਰਨ ਲਈ ਮਜਬੂਰ ਕਰਨ ਕਿ ਤੁਸੀਂ ਆਪਣੀਆਂ ਭਾਵਨਾਵਾਂ ਖੁੱਲ੍ਹ ਕੇ ਜ਼ਾਹਰ ਕਰੋ। ਪਰ ਬਾਈਬਲ ਇਸ ਤੋਂ ਵਧੀਆ ਸਲਾਹ ਦਿੰਦੀ ਹੈ ਜਿਸ ਨਾਲ ਨਵੀਆਂ ਵਿਗਿਆਨਕ ਖੋਜਾਂ ਵੀ ਸਹਿਮਤ ਹਨ।
ਕਈ ਸਭਿਆਚਾਰਾਂ ਵਿਚ ਮੰਨਿਆ ਜਾਂਦਾ ਹੈ ਕਿ ਆਦਮੀ ਲਈ ਹੰਝੂ ਵਹਾਉਣਾ ਕਮਜ਼ੋਰੀ ਦੀ ਨਿਸ਼ਾਨੀ ਹੈ। ਪਰ ਕੀ ਸਾਰਿਆਂ ਦੇ ਸਾਮ੍ਹਣੇ ਰੋਣਾ ਸ਼ਰਮ ਦੀ ਗੱਲ ਮੰਨਣੀ ਚਾਹੀਦੀ ਹੈ? ਮਾਨਸਿਕ ਸਿਹਤ ਦੇ ਮਾਹਰ ਕਹਿੰਦੇ ਹਨ ਕਿ ਸੋਗ ਵੇਲੇ ਹੰਝੂ ਵਹਾਉਣਾ ਆਮ ਗੱਲ ਹੈ। ਸੋਗ ਕਰਨ ਨਾਲ ਤੁਹਾਨੂੰ ਜੀਉਣ ਦੀ ਤਾਕਤ ਮਿਲ ਸਕਦੀ ਹੈ ਭਾਵੇਂ ਤੁਹਾਡਾ ਗਮ ਜਿੰਨਾ ਮਰਜ਼ੀ ਗਹਿਰਾ ਕਿਉਂ ਨਾ ਹੋਵੇ। ਗਮ ਨੂੰ ਅੰਦਰ ਹੀ ਅੰਦਰ ਰੱਖਣ ਨਾਲ ਸਾਡਾ ਹੀ ਨੁਕਸਾਨ ਹੁੰਦਾ ਹੈ। ਬਾਈਬਲ ਇਸ ਗੱਲ ਨਾਲ ਸਹਿਮਤ ਨਹੀਂ ਕਿ ਸੋਗ ਵੇਲੇ ਹੰਝੂ ਵਹਾਉਣਾ ਗ਼ਲਤ ਹੈ ਜਾਂ ਕਮਜ਼ੋਰੀ ਦੀ ਨਿਸ਼ਾਨੀ ਹੈ। ਮਿਸਾਲ ਲਈ, ਜ਼ਰਾ ਯਿਸੂ ਬਾਰੇ ਸੋਚੋ। ਆਪਣੇ ਦੋਸਤ ਲਾਜ਼ਰ ਦੀ ਮੌਤ ਵੇਲੇ ਯਿਸੂ ਸਾਰਿਆਂ ਦੇ ਸਾਮ੍ਹਣੇ ਰੋਇਆ ਭਾਵੇਂ ਕਿ ਉਸ ਕੋਲ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦੇ ਕਰਨ ਦੀ ਸ਼ਕਤੀ ਸੀ।—ਯੂਹੰਨਾ 11:33-35.
ਗੁੱਸਾ ਆਉਣਾ ਵੀ ਸੋਗ ਦਾ ਹਿੱਸਾ ਹੈ, ਖ਼ਾਸਕਰ ਜਦੋਂ ਅਚਾਨਕ ਕਿਸੇ ਦੀ ਮੌਤ ਹੋ ਜਾਵੇ। ਕਈ ਗੱਲਾਂ ਕਰਕੇ ਸੋਗ ਕਰਨ ਵਾਲੇ ਨੂੰ ਗੁੱਸਾ ਆ ਸਕਦਾ ਹੈ, ਜਿਵੇਂ ਕਿ ਕਿਸੇ ਆਦਰਯੋਗ ਵਿਅਕਤੀ ਵੱਲੋਂ ਬਿਨਾਂ ਸੋਚੇ-ਸਮਝੇ ਕੁਝ ਕਹਿ ਦੇਣਾ। ਦੱਖਣੀ ਅਫ਼ਰੀਕਾ ਦਾ ਮਾਈਕ ਕਹਿੰਦਾ ਹੈ: “ਮੈਂ ਸਿਰਫ਼ 14 ਸਾਲਾਂ ਦਾ ਸੀ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ। ਸੰਸਕਾਰ ਵੇਲੇ ਚਰਚ ਦੇ ਇਕ ਪਾਦਰੀ ਨੇ ਕਿਹਾ ਕਿ ਰੱਬ ਨੂੰ ਚੰਗੇ ਲੋਕਾਂ ਦੀ ਲੋੜ ਹੈ, ਇਸ ਲਈ ਉਹ ਉਨ੍ਹਾਂ ਨੂੰ ਛੇਤੀ ਆਪਣੇ ਕੋਲ ਬੁਲਾ ਲੈਂਦਾ ਹੈ।a ਇਹ ਸੁਣ ਕੇ ਮੈਨੂੰ ਗੁੱਸਾ ਚੜ੍ਹ ਗਿਆ ਕਿਉਂਕਿ ਸਾਨੂੰ ਆਪਣੇ ਪਿਤਾ ਜੀ ਦੀ ਬਹੁਤ ਜ਼ਿਆਦਾ ਲੋੜ ਸੀ। ਅੱਜ 63 ਸਾਲਾਂ ਬਾਅਦ ਵੀ ਮੈਨੂੰ ਇਸ ਗੱਲ ਕਰਕੇ ਦੁੱਖ ਲੱਗਦਾ ਹੈ।”
ਦੋਸ਼ੀ ਮਹਿਸੂਸ ਕਰਨ ਬਾਰੇ ਕੀ? ਅਚਾਨਕ ਕਿਸੇ ਦੀ ਮੌਤ ਹੋਣ ਤੇ ਸੋਗ ਮਨਾਉਣ ਵਾਲਾ ਸ਼ਾਇਦ ਵਾਰ-ਵਾਰ ਸੋਚੇ, ‘ਉਹ ਸ਼ਾਇਦ ਨਾ ਮਰਦਾ ਜੇ ਮੈਂ ਇੱਦਾਂ ਕੀਤਾ ਹੁੰਦਾ ਜਾਂ ਉੱਦਾਂ ਕੀਤਾ ਹੁੰਦਾ।’ ਜਾਂ ਸ਼ਾਇਦ ਆਖ਼ਰੀ ਵਾਰ ਤੁਹਾਡੀ ਮਰਨ ਵਾਲੇ ਨਾਲ ਬਹਿਸ ਹੋਈ ਹੋਵੇ। ਇਨ੍ਹਾਂ ਗੱਲਾਂ ਕਰਕੇ ਸ਼ਾਇਦ ਤੁਸੀਂ ਹੋਰ ਜ਼ਿਆਦਾ ਦੋਸ਼ੀ ਮਹਿਸੂਸ ਕਰੋ।
ਜੇ ਤੁਹਾਨੂੰ ਗੁੱਸਾ ਆਉਂਦਾ ਹੈ ਅਤੇ ਤੁਸੀਂ ਦੋਸ਼ੀ ਮਹਿਸੂਸ ਕਰਦੇ ਹੋ, ਤਾਂ ਇਨ੍ਹਾਂ ਭਾਵਨਾਵਾਂ ਨੂੰ ਅੰਦਰ ਹੀ ਅੰਦਰ ਦਬਾ ਕੇ ਨਾ ਰੱਖੋ। ਇਸ ਦੀ ਬਜਾਇ, ਕਿਸੇ ਦੋਸਤ ਨਾਲ ਗੱਲ ਕਰੋ ਜੋ ਤੁਹਾਡੀ ਗੱਲ ਸੁਣੇਗਾ ਅਤੇ ਤੁਹਾਨੂੰ ਯਕੀਨ ਦਿਲਾਵੇਗਾ ਕਿ ਬਹੁਤ ਸਾਰੇ ਸੋਗ ਮਨਾ ਰਹੇ ਲੋਕਾਂ ਅੰਦਰ ਅਜਿਹੀਆਂ ਭਾਵਨਾਵਾਂ ਆ ਜਾਂਦੀਆਂ ਹਨ। ਬਾਈਬਲ ਸਾਨੂੰ ਯਾਦ ਕਰਾਉਂਦੀ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”—ਕਹਾਉਤਾਂ 17:17.
ਸਾਡਾ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਸੋਗ ਕਰਨ ਵਾਲੇ ਵਿਅਕਤੀ ਦਾ ਸਭ ਤੋਂ ਜਿਗਰੀ ਦੋਸਤ ਬਣ ਸਕਦਾ ਹੈ। ਪ੍ਰਾਰਥਨਾ ਵਿਚ ਆਪਣਾ ਦਿਲ ਉਸ ਅੱਗੇ ਖੋਲ੍ਹ ਦਿਓ ਕਿਉਂਕਿ “ਉਸ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਇਸ ਤੋਂ ਇਲਾਵਾ, ਉਹ ਵਾਅਦਾ ਕਰਦਾ ਹੈ ਕਿ ਉਹ ਉਸ ਅੱਗੇ ਦਿਲ ਖੋਲ੍ਹਣ ਵਾਲਿਆਂ ਦੇ ਦਿਲਾਂ-ਦਿਮਾਗਾਂ ਨੂੰ “ਸ਼ਾਂਤੀ” ਬਖ਼ਸ਼ੇਗਾ “ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” (ਫ਼ਿਲਿੱਪੀਆਂ 4:6, 7) ਨਾਲੇ ਰੱਬ ਨੂੰ ਮੌਕਾ ਦਿਓ ਕਿ ਉਹ ਤੁਹਾਨੂੰ ਆਪਣੇ ਬਚਨ ਬਾਈਬਲ ਰਾਹੀਂ ਹੌਸਲਾ ਦੇਵੇ। ਹੌਸਲਾ ਦੇਣ ਵਾਲੀਆਂ ਆਇਤਾਂ ਦੀ ਇਕ ਸੂਚੀ ਬਣਾਓ। (ਲੇਖ ਨਾਲ ਦਿੱਤੀ ਡੱਬੀ ਦੇਖੋ।) ਤੁਸੀਂ ਸ਼ਾਇਦ ਇਨ੍ਹਾਂ ਵਿੱਚੋਂ ਕੁਝ ਆਇਤਾਂ ਨੂੰ ਯਾਦ ਕਰਨਾ ਚਾਹੋ। ਇਨ੍ਹਾਂ ਆਇਤਾਂ ʼਤੇ ਸੋਚ-ਵਿਚਾਰ ਕਰਨ ਨਾਲ ਸ਼ਾਇਦ ਰਾਤ ਨੂੰ ਤੁਹਾਡੀ ਮਦਦ ਹੋਵੇ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਅਤੇ ਤੁਹਾਨੂੰ ਨੀਂਦ ਨਹੀਂ ਆਉਂਦੀ।—ਯਸਾਯਾਹ 57:15.
ਹਾਲ ਹੀ ਵਿਚ 40 ਕੁ ਸਾਲਾਂ ਦੇ ਆਦਮੀ ਜੈਕ ਦੀ ਪਿਆਰੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਗਈ। ਉਹ ਕਹਿੰਦਾ ਹੈ ਕਿ ਮੈਨੂੰ ਕਦੇ-ਕਦੇ ਬਹੁਤ ਇਕੱਲਾਪਣ ਮਹਿਸੂਸ ਹੁੰਦਾ ਹੈ। ਪਰ ਉਸ ਨੂੰ ਪ੍ਰਾਰਥਨਾ ਕਰ ਕੇ ਬਹੁਤ ਮਦਦ ਮਿਲੀ। ਉਹ ਕਹਿੰਦਾ ਹੈ: “ਜਦੋਂ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹਾਂ, ਮੈਨੂੰ ਕਦੇ ਵੀ ਇਕੱਲਾਪਣ ਮਹਿਸੂਸ ਨਹੀਂ ਹੁੰਦਾ। ਅਕਸਰ ਮੇਰੀ ਰਾਤ ਨੂੰ ਜਾਗ ਖੁੱਲ੍ਹ ਜਾਂਦੀ ਹੈ ਤੇ ਮੈਨੂੰ ਦੁਬਾਰਾ ਨੀਂਦ ਨਹੀਂ ਆਉਂਦੀ। ਬਾਈਬਲ ਵਿੱਚੋਂ ਹੌਸਲੇ ਭਰੀਆਂ ਗੱਲਾਂ ਪੜ੍ਹ ਕੇ, ਇਨ੍ਹਾਂ ʼਤੇ ਸੋਚ-ਵਿਚਾਰ ਕਰ ਕੇ ਅਤੇ ਫਿਰ ਪ੍ਰਾਰਥਨਾ ਵਿਚ ਆਪਣੇ ਦਿਲ ਦੀਆਂ ਭਾਵਨਾਵਾਂ ਜ਼ਾਹਰ ਕਰ ਕੇ ਮੇਰੇ ਦਿਲ-ਦਿਮਾਗ਼ ਨੂੰ ਸ਼ਾਂਤੀ ਮਿਲਦੀ ਹੈ ਅਤੇ ਮੈਨੂੰ ਨੀਂਦ ਆ ਜਾਂਦੀ ਹੈ।”
ਵਨੇਸਾ ਨਾਂ ਦੀ ਕੁੜੀ ਦੀ ਮੰਮੀ ਦੀ ਬੀਮਾਰੀ ਕਰਕੇ ਮੌਤ ਹੋ ਗਈ। ਉਸ ਨੇ ਵੀ ਪ੍ਰਾਰਥਨਾ ਦੀ ਤਾਕਤ ਨੂੰ ਮਹਿਸੂਸ ਕੀਤਾ ਹੈ। ਉਹ ਕਹਿੰਦੀ ਹੈ: “ਮੈਂ ਆਪਣੀਆਂ ਔਖੀਆਂ ਘੜੀਆਂ ਵਿਚ ਬਸ ਰੱਬ ਦਾ ਨਾਂ ਲੈਂਦੀ ਸੀ ਤੇ ਫੁੱਟ-ਫੁੱਟ ਕੇ ਰੋਣ ਲੱਗ ਪੈਂਦੀ ਸੀ। ਯਹੋਵਾਹ ਨੇ ਮੇਰੀਆਂ ਦੁਆਵਾਂ ਨੂੰ ਸੁਣਿਆ ਤੇ ਹਮੇਸ਼ਾ ਮੈਨੂੰ ਤਾਕਤ ਦਿੱਤੀ।”
ਕੁਝ ਸਲਾਹਕਾਰ ਗਮ ਨੂੰ ਭੁਲਾਉਣ ਲਈ ਜੱਦੋ-ਜਹਿਦ ਕਰਨ ਵਾਲਿਆਂ ਨੂੰ ਸਲਾਹ ਦਿੰਦੇ ਹਨ ਕਿ ਉਹ ਦੂਜਿਆਂ ਦੀ ਮਦਦ ਕਰਨ ਜਾਂ ਸਮਾਜ-ਸੇਵਾ ਦੇ ਕੁਝ ਕੰਮ ਕਰਨ। ਇਸ ਤਰ੍ਹਾਂ ਕਰ ਕੇ ਤੁਹਾਨੂੰ ਖ਼ੁਸ਼ੀ ਮਿਲ ਸਕਦੀ ਹੈ ਤੇ ਤੁਹਾਡਾ ਗਮ ਘੱਟ ਸਕਦਾ ਹੈ। (ਰਸੂਲਾਂ ਦੇ ਕੰਮ 20:35) ਬਹੁਤ ਸਾਰੇ ਸੋਗ ਕਰ ਰਹੇ ਮਸੀਹੀਆਂ ਨੇ ਦੇਖਿਆ ਹੈ ਕਿ ਦੂਜਿਆਂ ਦੀ ਮਦਦ ਕਰਨ ਨਾਲ ਉਨ੍ਹਾਂ ਨੂੰ ਬਹੁਤ ਹੌਸਲਾ ਮਿਲਿਆ ਹੈ।—2 ਕੁਰਿੰਥੀਆਂ 1:3, 4. ▪ (w16-E No. 3)
a ਇਹ ਬਾਈਬਲ ਦੀ ਸਿੱਖਿਆ ਨਹੀਂ ਹੈ। ਬਾਈਬਲ ਦੱਸਦੀ ਹੈ ਕਿ ਲੋਕ ਕਿਉਂ ਮਰਦੇ ਹਨ।—ਉਪਦੇਸ਼ਕ ਦੀ ਪੋਥੀ 9:12; ਯੂਹੰਨਾ 8:44; ਰੋਮੀਆਂ 5:12.
-
-
ਵਿਛੋੜੇ ਦਾ ਗਮ ਸਹਿ ਰਹੇ ਲੋਕਾਂ ਨੂੰ ਦਿਲਾਸਾ ਦਿਓਪਹਿਰਾਬੁਰਜ (ਪਬਲਿਕ)—2016 | ਨੰ. 3
-
-
ਮੁੱਖ ਪੰਨੇ ਤੋਂ | ਜਦੋਂ ਆਪਣਾ ਕੋਈ ਗੁਜ਼ਰ ਜਾਂਦਾ ਹੈ
ਵਿਛੋੜੇ ਦਾ ਗਮ ਸਹਿ ਰਹੇ ਲੋਕਾਂ ਨੂੰ ਦਿਲਾਸਾ ਦਿਓ
ਕੀ ਤੁਸੀਂ ਕਦੇ ਲਾਚਾਰ ਮਹਿਸੂਸ ਕੀਤਾ ਜਦੋਂ ਤੁਹਾਡਾ ਕੋਈ ਨਜ਼ਦੀਕੀ ਰਿਸ਼ਤੇਦਾਰ ਜਾਂ ਦੋਸਤ ਆਪਣੇ ਕਿਸੇ ਪਿਆਰੇ ਦੇ ਗੁਜ਼ਰ ਜਾਣ ਤੇ ਸੋਗ ਮਨਾ ਰਿਹਾ ਸੀ? ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਕਹੀਏ ਜਾਂ ਕਰੀਏ, ਇਸ ਲਈ ਅਸੀਂ ਕੁਝ ਵੀ ਕਹਿੰਦੇ ਜਾਂ ਕਰਦੇ ਨਹੀਂ। ਪਰ ਅਸੀਂ ਉਨ੍ਹਾਂ ਲਈ ਕੁਝ ਫ਼ਾਇਦੇਮੰਦ ਕੰਮ ਕਰ ਸਕਦੇ ਹਾਂ।
ਕਈ ਵਾਰ ਤੁਹਾਡਾ ਸਿਰਫ਼ ਉੱਥੇ ਹੋਣਾ ਤੇ ਬਸ ਇੰਨਾ ਕਹਿਣਾ ਕਾਫ਼ੀ ਹੁੰਦਾ ਹੈ ਕਿ “ਮੈਨੂੰ ਬੜਾ ਦੁੱਖ ਹੋਇਆ।” ਕਈ ਸਭਿਆਚਾਰਾਂ ਵਿਚ ਗਲ਼ੇ ਲਾਉਣ ਜਾਂ ਬਾਂਹ ਨੂੰ ਹਲਕਾ ਜਿਹਾ ਦਬਾਉਣ ਨਾਲ ਦਿਖਾਇਆ ਜਾਂਦਾ ਹੈ ਕਿ ਤੁਸੀਂ ਪਰਵਾਹ ਕਰਦੇ ਹੋ। ਜੇ ਸੋਗ ਕਰ ਰਿਹਾ ਵਿਅਕਤੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ, ਤਾਂ ਹਮਦਰਦੀ ਨਾਲ ਉਸ ਦੀ ਗੱਲ ਸੁਣੋ। ਸਭ ਤੋਂ ਵਧੀਆ ਗੱਲ ਹੈ ਕਿ ਤੁਸੀਂ ਸੋਗ ਮਨਾ ਰਹੇ ਪਰਿਵਾਰ ਲਈ ਕੁਝ ਕਰੋ। ਉਸ ਵੇਲੇ ਸ਼ਾਇਦ ਤੁਸੀਂ ਉਹ ਕੰਮ ਕਰ ਸਕਦੇ ਹੋ ਜੋ ਉਨ੍ਹਾਂ ਲਈ ਕਰਨੇ ਔਖੇ ਹੁੰਦੇ ਹਨ ਜਿਵੇਂ ਕਿ ਰੋਟੀ ਬਣਾਉਣੀ, ਬੱਚਿਆਂ ਦੀ ਦੇਖ-ਭਾਲ ਕਰਨੀ ਜਾਂ ਜੇ ਉਹ ਚਾਹੁਣ, ਤਾਂ ਸੰਸਕਾਰ ਦਾ ਪ੍ਰਬੰਧ ਕਰਨ ਵਿਚ ਮਦਦ ਕਰਨੀ। ਜਿੰਨਾ ਅਸਰ ਇਨ੍ਹਾਂ ਕੰਮਾਂ ਦਾ ਪੈਂਦਾ ਹੈ, ਉੱਨਾ ਅਸਰ ਸ਼ਾਇਦ ਸਾਡੀਆਂ ਗੱਲਾਂ ਦਾ ਨਾ ਪਵੇ।
ਸਮੇਂ ਦੇ ਬੀਤਣ ਨਾਲ ਤੁਸੀਂ ਸ਼ਾਇਦ ਗੁਜ਼ਰ ਚੁੱਕੇ ਵਿਅਕਤੀ ਬਾਰੇ ਗੱਲ ਕਰਨੀ ਚਾਹੋ, ਸ਼ਾਇਦ ਤੁਸੀਂ ਉਸ ਦੇ ਚੰਗੇ ਗੁਣਾਂ ਜਾਂ ਤਜਰਬਿਆਂ ਬਾਰੇ ਗੱਲ ਕਰੋ। ਅਜਿਹੀ ਗੱਲਬਾਤ ਨਾਲ ਸ਼ਾਇਦ ਸੋਗ ਕਰਨ ਵਾਲੇ ਦੇ ਚਿਹਰੇ ʼਤੇ ਮੁਸਕਾਨ ਆ ਜਾਵੇ। ਮਿਸਾਲ ਲਈ, ਪੈਮ ਜਿਸ ਦੇ ਪਤੀ ਈਅਨ ਦੀ ਛੇ ਸਾਲ ਪਹਿਲਾਂ ਮੌਤ ਹੋ ਗਈ ਸੀ, ਕਹਿੰਦੀ ਹੈ: “ਕਦੇ-ਕਦੇ ਲੋਕ ਮੈਨੂੰ ਈਅਨ ਦੇ ਚੰਗੇ ਕੰਮਾਂ ਬਾਰੇ ਦੱਸਦੇ ਹਨ ਜਿਨ੍ਹਾਂ ਬਾਰੇ ਮੈਨੂੰ ਪਹਿਲਾਂ ਕਦੇ ਨਹੀਂ ਪਤਾ ਸੀ। ਇਹ ਸਭ ਸੁਣ ਕੇ ਮੇਰਾ ਦਿਲ ਖ਼ੁਸ਼ ਹੋ ਜਾਂਦਾ ਹੈ।”
ਖੋਜਕਾਰ ਕਹਿੰਦੇ ਹਨ ਕਿ ਸੋਗ ਕਰ ਰਹੇ ਲੋਕਾਂ ਨੂੰ ਪਹਿਲਾਂ-ਪਹਿਲਾਂ ਤਾਂ ਬਹੁਤ ਮਦਦ ਮਿਲਦੀ ਹੈ, ਪਰ ਛੇਤੀ ਹੀ ਉਨ੍ਹਾਂ ਦੀਆਂ ਲੋੜਾਂ ਨੂੰ ਭੁਲਾ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਦੋਸਤ ਦੁਬਾਰਾ ਆਪਣੇ ਕੰਮਾਂ-ਕਾਰਾਂ ਵਿਚ ਰੁੱਝ ਜਾਂਦੇ ਹਨ। ਇਸ ਲਈ ਸੋਗ ਕਰ ਰਹੇ ਆਪਣੇ ਦੋਸਤ ਨਾਲ ਬਾਕਾਇਦਾ ਸੰਪਰਕ ਕਰਨ ਦੀ ਕੋਸ਼ਿਸ਼ ਕਰੋ।a ਬਹੁਤ ਸਾਰੇ ਲੋਕ ਇਸ ਗੱਲ ਦੀ ਕਦਰ ਕਰਦੇ ਹਨ ਕਿ ਤੁਸੀਂ ਉਨ੍ਹਾਂ ਦਾ ਮਨ ਹਲਕਾ ਕਰਨ ਵਿਚ ਮਦਦ ਕੀਤੀ।
ਜਪਾਨ ਦੀ ਨੌਜਵਾਨ ਔਰਤ ਕਾਓਰੀ ਦੀ ਮਿਸਾਲ ਵੱਲ ਧਿਆਨ ਦਿਓ, ਜਿਸ ਦੀ ਮਾਤਾ ਦੀ ਮੌਤ ਤੋਂ 15 ਮਹੀਨਿਆਂ ਬਾਅਦ ਵੱਡੀ ਭੈਣ ਦੀ ਵੀ ਮੌਤ ਹੋ ਗਈ ਜਿਸ ਕਰਕੇ ਉਹ ਬੁਰੀ ਤਰ੍ਹਾਂ ਟੁੱਟ ਗਈ। ਚੰਗੀ ਗੱਲ ਹੈ ਕਿ ਕਾਓਰੀ ਨੂੰ ਉਸ ਦੇ ਦੋਸਤਾਂ ਤੋਂ ਲਗਾਤਾਰ ਮਦਦ ਮਿਲੀ। ਉਨ੍ਹਾਂ ਵਿੱਚੋਂ ਇਕ ਰਿਤਸੂਕੋ ਸੀ ਜੋ ਕਾਓਰੀ ਤੋਂ ਉਮਰ ਵਿਚ ਕਾਫ਼ੀ ਵੱਡੀ ਸੀ। ਰਿਤਸੂਕੋ ਨੇ ਕਾਓਰੀ ਨੂੰ ਕਿਹਾ ਕਿ ਉਹ ਉਸ ਦੀ ਪੱਕੀ ਸਹੇਲੀ ਬਣਨਾ ਚਾਹੁੰਦੀ ਸੀ। ਕਾਓਰੀ ਦੱਸਦੀ ਹੈ: “ਸੱਚੀਂ ਦੱਸਾਂ ਤਾਂ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਾ। ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਮੇਰੀ ਮੰਮੀ ਦੀ ਜਗ੍ਹਾ ਲਵੇ ਤੇ ਨਾ ਹੀ ਮੈਨੂੰ ਲੱਗਦਾ ਸੀ ਕਿ ਕੋਈ ਇਹ ਜਗ੍ਹਾ ਲੈ ਸਕਦਾ ਸੀ। ਪਰ ਜਿਸ ਤਰੀਕੇ ਨਾਲ ਮਾਮਾ ਰਿਤਸੂਕੋ ਮੇਰੇ ਨਾਲ ਪੇਸ਼ ਆਈ, ਮੇਰਾ ਉਸ ਨਾਲ ਪਿਆਰ ਵਧ ਗਿਆ। ਅਸੀਂ ਹਰ ਹਫ਼ਤੇ ਇਕੱਠੀਆਂ ਪਰਮੇਸ਼ੁਰ ਬਾਰੇ ਪ੍ਰਚਾਰ ਕਰਨ ਤੇ ਮਸੀਹੀ ਸਭਾਵਾਂ ਵਿਚ ਜਾਂਦੀਆਂ ਸੀ। ਉਹ ਮੈਨੂੰ ਆਪਣੇ ਘਰ ਚਾਹ ʼਤੇ ਬੁਲਾਉਂਦੀ ਸੀ, ਮੇਰੇ ਲਈ ਖਾਣਾ ਲੈ ਕੇ ਆਉਂਦੀ ਸੀ ਅਤੇ ਕਾਫ਼ੀ ਵਾਰ ਮੈਨੂੰ ਚਿੱਠੀਆਂ ਤੇ ਕਾਰਡ ਲਿਖਦੀ ਸੀ। ਮਾਮਾ ਰਿਤਸੂਕੋ ਦੇ ਸਹੀ ਰਵੱਈਏ ਦਾ ਮੇਰੇ ʼਤੇ ਬਹੁਤ ਚੰਗਾ ਅਸਰ ਪਿਆ।”
ਕਾਓਰੀ ਦੀ ਮਾਤਾ ਜੀ ਨੂੰ ਗੁਜ਼ਰਿਆਂ 12 ਸਾਲ ਹੋ ਗਏ ਹਨ ਤੇ ਅੱਜ ਉਹ ਅਤੇ ਉਸ ਦਾ ਪਤੀ ਹਰ ਮਹੀਨੇ 70 ਘੰਟੇ ਪਰਮੇਸ਼ੁਰ ਬਾਰੇ ਪ੍ਰਚਾਰ ਕਰਦੇ ਹਨ। ਕਾਓਰੀ ਕਹਿੰਦੀ ਹੈ: “ਮਾਮਾ ਰਿਤਸੂਕੋ ਹਾਲੇ ਵੀ ਮੇਰੀ ਪਰਵਾਹ ਕਰਦੀ ਹੈ। ਜਦੋਂ ਮੈਂ ਆਪਣੇ ਜੱਦੀ ਸ਼ਹਿਰ ਜਾਂਦੀ ਹਾਂ, ਤਾਂ ਮੈਂ ਹਮੇਸ਼ਾ ਉਸ ਨੂੰ ਮਿਲਦੀ ਹਾਂ ਤੇ ਉਸ ਤੋਂ ਮੈਨੂੰ ਬਹੁਤ ਹੌਸਲਾ ਮਿਲਦਾ ਹੈ।”
ਇਕ ਹੋਰ ਮਿਸਾਲ ਪੋਲੀ ਦੀ ਹੈ ਜੋ ਸਾਈਪ੍ਰਸ ਵਿਚ ਯਹੋਵਾਹ ਦੀ ਗਵਾਹ ਹੈ। ਉਸ ਨੂੰ ਵੀ ਦੂਸਰਿਆਂ ਦੀ ਮਦਦ ਤੋਂ ਬਹੁਤ ਫ਼ਾਇਦਾ ਹੋਇਆ। ਪੋਲੀ ਦਾ ਪਤੀ ਸੋਜ਼ੋਸ ਬਹੁਤ ਚੰਗਾ ਸੀ ਅਤੇ ਯਹੋਵਾਹ ਦੇ ਗਵਾਹਾਂ ਦੀ ਮੰਡਲੀ ਵਿਚ ਬਜ਼ੁਰਗ ਦੇ ਤੌਰ ਤੇ ਅਗਵਾਈ ਕਰਦਾ ਸੀ। ਉਹ ਅਕਸਰ ਅਨਾਥ ਬੱਚਿਆਂ ਅਤੇ ਵਿਧਵਾਵਾਂ ਨੂੰ ਆਪਣੇ ਘਰ ਖਾਣੇ ʼਤੇ ਬੁਲਾਉਂਦਾ ਸੀ। (ਯਾਕੂਬ 1:27) ਦੁੱਖ ਦੀ ਗੱਲ ਹੈ ਕਿ 53 ਸਾਲਾਂ ਦੀ ਉਮਰ ਵਿਚ ਸੋਜ਼ੋਸ ਦਿਮਾਗ਼ ਦੇ ਟਿਊਮਰ ਕਰਕੇ ਗੁਜ਼ਰ ਗਿਆ। ਪੋਲੀ ਦੱਸਦੀ ਹੈ: “ਮੇਰਾ ਪਤੀ, ਜਿਸ ਨਾਲ ਮੈਂ 33 ਸਾਲ ਗੁਜ਼ਾਰੇ, ਮੌਤ ਦੀ ਨੀਂਦ ਸੌਂ ਗਿਆ।”
ਸੋਗ ਕਰਨ ਵਾਲਿਆਂ ਦੀ ਮਦਦ ਕਰਨ ਦੇ ਤਰੀਕੇ ਲੱਭੋ
ਸੰਸਕਾਰ ਤੋਂ ਬਾਅਦ ਪੋਲੀ ਆਪਣੇ 15 ਸਾਲਾਂ ਦੇ ਛੋਟੇ ਮੁੰਡੇ ਡੈਨੀਏਲ ਨਾਲ ਕੈਨੇਡਾ ਚਲੀ ਗਈ। ਉੱਥੇ ਉਹ ਯਹੋਵਾਹ ਦੇ ਗਵਾਹਾਂ ਦੀ ਮੰਡਲੀ ਵਿਚ ਜਾਣ ਲੱਗ ਪਏ। ਪੋਲੀ ਯਾਦ ਕਰਦੀ ਹੈ: “ਮੇਰੀ ਨਵੀਂ ਮੰਡਲੀ ਦੇ ਦੋਸਤਾਂ ਨੂੰ ਮੇਰੇ ਅਤੀਤ ਬਾਰੇ ਕੁਝ ਨਹੀਂ ਪਤਾ ਸੀ ਤੇ ਨਾ ਹੀ ਉਹ ਜਾਣਦੇ ਸਨ ਕਿ ਅਸੀਂ ਕਿਹੜੇ ਮੁਸ਼ਕਲ ਹਾਲਾਤਾਂ ਵਿੱਚੋਂ ਗੁਜ਼ਰੇ ਸਾਂ। ਪਰ ਇਸ ਕਰਕੇ ਉਹ ਸਾਡੇ ਕੋਲ ਆਉਣ ਤੋਂ ਹਿਚਕਿਚਾਏ ਨਹੀਂ। ਉਨ੍ਹਾਂ ਨੇ ਪਿਆਰ ਭਰੀਆਂ ਗੱਲਾਂ ਨਾਲ ਸਾਨੂੰ ਦਿਲਾਸਾ ਦਿੱਤਾ ਅਤੇ ਸਾਡੀ ਮਦਦ ਕੀਤੀ। ਮੈਂ ਇਸ ਮਦਦ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਸ ਵਕਤ ਮੇਰੇ ਪੁੱਤਰ ਨੂੰ ਆਪਣੇ ਪਿਤਾ ਦੀ ਬਹੁਤ ਜ਼ਿਆਦਾ ਲੋੜ ਸੀ! ਮੰਡਲੀ ਵਿਚ ਅਗਵਾਈ ਲੈਣ ਵਾਲਿਆਂ ਨੇ ਮੇਰੇ ਮੁੰਡੇ ਡੈਨੀਏਲ ਵਿਚ ਗਹਿਰੀ ਦਿਲਚਸਪੀ ਦਿਖਾਈ। ਉਨ੍ਹਾਂ ਵਿੱਚੋਂ ਇਕ ਜਣਾ ਆਪਣੇ ਦੋਸਤਾਂ ਨੂੰ ਮਿਲਣ ਜਾਂ ਫੁਟਬਾਲ ਖੇਡਣ ਜਾਣ ਸਮੇਂ ਡੈਨੀਏਲ ਨੂੰ ਜ਼ਰੂਰ ਨਾਲ ਲੈ ਕੇ ਜਾਂਦਾ ਸੀ।” ਅੱਜ ਦੋਵੇਂ ਮਾਂ-ਪੁੱਤ ਵਧੀਆ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ।
ਇਹ ਗੱਲ ਤਾਂ ਪੱਕੀ ਹੈ ਕਿ ਸੋਗ ਕਰਨ ਵਾਲਿਆਂ ਨੂੰ ਅਸੀਂ ਬਹੁਤ ਸਾਰੇ ਤਰੀਕਿਆਂ ਨਾਲ ਦਿਲਾਸਾ ਅਤੇ ਮਦਦ ਦੇ ਸਕਦੇ ਹਾਂ। ਬਾਈਬਲ ਵੀ ਸਾਨੂੰ ਸੁਨਹਿਰੇ ਭਵਿੱਖ ਦੀ ਸ਼ਾਨਦਾਰ ਉਮੀਦ ਦੇ ਕੇ ਦਿਲਾਸਾ ਦਿੰਦੀ ਹੈ। ▪ (w16-E No. 3)
a ਕਈਆਂ ਨੇ ਆਪਣੇ ਕਲੰਡਰ ʼਤੇ ਗੁਜ਼ਰੇ ਵਿਅਕਤੀ ਦੀ ਮੌਤ ਦੀ ਤਾਰੀਖ਼ ਨੂੰ ਲਿਖਿਆ ਹੈ ਤਾਂਕਿ ਉਹ ਉਸ ਤਾਰੀਖ਼ ਨੂੰ ਜਾਂ ਉਸ ਦੇ ਤਾਰੀਖ਼ ਦੇ ਲਾਗੇ-ਛਾਗੇ ਦੇ ਦਿਨਾਂ ਵਿਚ ਵਿਅਕਤੀ ਨੂੰ ਦਿਲਾਸਾ ਦੇ ਸਕਣ ਕਿਉਂਕਿ ਇਹੀ ਸਮਾਂ ਹੁੰਦਾ ਹੈ ਜਦੋਂ ਉਸ ਨੂੰ ਦਿਲਾਸੇ ਦੀ ਜ਼ਿਆਦਾ ਲੋੜ ਹੁੰਦੀ ਹੈ।
-
-
ਮਰੇ ਹੋਏ ਲੋਕ ਦੁਬਾਰਾ ਜੀਉਂਦੇ ਹੋਣਗੇ!ਪਹਿਰਾਬੁਰਜ (ਪਬਲਿਕ)—2016 | ਨੰ. 3
-
-
ਮੁੱਖ ਪੰਨੇ ਤੋਂ | ਜਦੋਂ ਆਪਣਾ ਕੋਈ ਗੁਜ਼ਰ ਜਾਂਦਾ ਹੈ
ਮਰੇ ਹੋਏ ਲੋਕ ਦੁਬਾਰਾ ਜੀਉਂਦੇ ਹੋਣਗੇ!
ਤੁਹਾਨੂੰ ਇਸ ਲੇਖ-ਲੜੀ ਵਿਚ ਪਹਿਲਾਂ ਜ਼ਿਕਰ ਕੀਤੀ ਗਈ ਗੇਲ ਯਾਦ ਹੋਵੇਗੀ ਜੋ ਸੋਚਦੀ ਸੀ ਕਿ ਪਤਾ ਨਹੀਂ ਉਹ ਆਪਣੇ ਪਤੀ ਰੌਬਰਟ ਦੇ ਗਮ ਨੂੰ ਕਦੇ ਭੁਲਾ ਪਾਵੇਗੀ ਕਿ ਨਹੀਂ। ਪਰ ਉਹ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੀ ਹੈ ਜਦੋਂ ਪਰਮੇਸ਼ੁਰ ਦੀ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਵਿਚ ਉਸ ਦੇ ਪਤੀ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਉਹ ਕਹਿੰਦੀ ਹੈ: “ਮੇਰਾ ਮਨ-ਪਸੰਦ ਹਵਾਲਾ ਪ੍ਰਕਾਸ਼ ਦੀ ਕਿਤਾਬ 21:3, 4 ਹੈ।” ਇਸ ਵਿਚ ਲਿਖਿਆ ਹੈ: “ਪਰਮੇਸ਼ੁਰ ਆਪ ਉਨ੍ਹਾਂ ਦੇ ਨਾਲ ਹੋਵੇਗਾ। ਅਤੇ ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”
ਗੇਲ ਕਹਿੰਦੀ ਹੈ: “ਇਸ ਵਾਅਦੇ ਉੱਤੇ ਕੋਈ ਸ਼ੱਕ ਨਹੀਂ। ਮੈਨੂੰ ਉਨ੍ਹਾਂ ਲੋਕਾਂ ਨਾਲ ਬਹੁਤ ਹਮਦਰਦੀ ਹੈ ਜਿਨ੍ਹਾਂ ਦਾ ਆਪਣਾ ਕੋਈ ਗੁਜ਼ਰ ਗਿਆ ਹੈ, ਪਰ ਉਨ੍ਹਾਂ ਨੂੰ ਇਸ ਉਮੀਦ ਬਾਰੇ ਨਹੀਂ ਪਤਾ ਕਿ ਉਹ ਆਪਣੇ ਪਿਆਰੇ ਨੂੰ ਦੁਬਾਰਾ ਮਿਲ ਸਕਦੇ ਹਨ।” ਗੇਲ ਜੋ ਮੰਨਦੀ ਹੈ, ਉਸ ਮੁਤਾਬਕ ਚੱਲਦੀ ਵੀ ਹੈ। ਉਹ ਹਰ ਮਹੀਨੇ 70 ਘੰਟੇ ਪ੍ਰਚਾਰ ਕਰ ਕੇ ਲੋਕਾਂ ਨੂੰ ਭਵਿੱਖ ਬਾਰੇ ਰੱਬ ਦੇ ਵਾਅਦੇ ਬਾਰੇ ਦੱਸਦੀ ਹੈ ਜਦੋਂ “ਕੋਈ ਨਹੀਂ ਮਰੇਗਾ।”
ਅੱਯੂਬ ਨੂੰ ਭਰੋਸਾ ਸੀ ਕਿ ਉਹ ਦੁਬਾਰਾ ਜੀਉਂਦਾ ਹੋਵੇਗਾ
ਤੁਸੀਂ ਸ਼ਾਇਦ ਕਹੋ, ‘ਇੱਦਾਂ ਤਾਂ ਹੋ ਹੀ ਨਹੀਂ ਸਕਦਾ!’ ਪਰ ਅੱਯੂਬ ਨਾਂ ਦੇ ਇਕ ਆਦਮੀ ਦੀ ਮਿਸਾਲ ʼਤੇ ਗੌਰ ਕਰੋ। ਉਹ ਬਹੁਤ ਜ਼ਿਆਦਾ ਬੀਮਾਰ ਹੋ ਗਿਆ ਸੀ। (ਅੱਯੂਬ 2:7) ਇਸ ਲਈ ਉਹ ਮਰ ਜਾਣਾ ਚਾਹੁੰਦਾ ਸੀ, ਪਰ ਉਸ ਨੂੰ ਵਿਸ਼ਵਾਸ ਸੀ ਕਿ ਰੱਬ ਉਸ ਨੂੰ ਦੁਬਾਰਾ ਧਰਤੀ ਉੱਤੇ ਜੀਉਂਦਾ ਕਰਨ ਦੀ ਤਾਕਤ ਰੱਖਦਾ ਸੀ। ਉਸ ਨੇ ਪੱਕੇ ਯਕੀਨ ਨਾਲ ਕਿਹਾ: “ਕਾਸ਼ ਕਿ ਤੂੰ ਮੈਨੂੰ ਪਤਾਲ ਵਿੱਚ ਲੁਕਾ ਦੇਵੇਂ . . . ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।” (ਅੱਯੂਬ 14:13, 15) ਅੱਯੂਬ ਨੂੰ ਭਰੋਸਾ ਸੀ ਕਿ ਉਸ ਦਾ ਰੱਬ ਉਸ ਨੂੰ ਯਾਦ ਕਰੇਗਾ ਅਤੇ ਉਸ ਨੂੰ ਦੁਬਾਰਾ ਜ਼ਿੰਦਗੀ ਦੇਣ ਦੀ ਚਾਹਤ ਰੱਖੇਗਾ।
ਜਲਦੀ ਹੀ ਰੱਬ ਅੱਯੂਬ ਅਤੇ ਹੋਰ ਅਣਗਿਣਤ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ ਜਦੋਂ ਸਾਰੀ ਧਰਤੀ ਨੂੰ ਬਾਗ਼ ਵਰਗੀ ਖ਼ੂਬਸੂਰਤ ਬਣਾਇਆ ਜਾਵੇਗਾ। (ਲੂਕਾ 23:42, 43) ਬਾਈਬਲ ਵਿਚ ਰਸੂਲਾਂ ਦੇ ਕੰਮ ਨਾਂ ਦੀ ਕਿਤਾਬ 24:15 ਵਿਚ ਪੱਕੀ ਗਾਰੰਟੀ ਦਿੱਤੀ ਗਈ ਹੈ ਕਿ ‘ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।’ ਯਿਸੂ ਨੇ ਸਾਨੂੰ ਭਰੋਸਾ ਦਿਵਾਇਆ ਹੈ: “ਇਸ ਗੱਲੋਂ ਹੈਰਾਨ ਨਾ ਹੋਵੋ ਕਿਉਂਕਿ ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਵਿਚ ਪਏ ਸਾਰੇ ਲੋਕ ਉਸ ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ।” (ਯੂਹੰਨਾ 5:28, 29) ਅੱਯੂਬ ਇਹ ਵਾਅਦਾ ਪੂਰਾ ਹੁੰਦਾ ਦੇਖੇਗਾ। ਉਹ ਦੁਬਾਰਾ ‘ਜੁਆਨ’ ਹੋ ਜਾਵੇਗਾ ਅਤੇ ਉਸ ਦੀ ਚਮੜੀ “ਬਾਲਕ ਨਾਲੋਂ ਵਧੀਕ” ਮੁਲਾਇਮ ਹੋ ਜਾਵੇਗੀ। (ਅੱਯੂਬ 33:24, 25) ਉਨ੍ਹਾਂ ਸਾਰੇ ਲੋਕਾਂ ਨਾਲ ਇਸ ਤਰ੍ਹਾਂ ਹੋਵੇਗਾ ਜੋ ਰੱਬ ਦੇ ਇਸ ਪ੍ਰਬੰਧ ਦੀ ਕਦਰ ਕਰਦੇ ਹਨ ਕਿ ਮਰ ਚੁੱਕੇ ਲੋਕਾਂ ਨੂੰ ਧਰਤੀ ʼਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ।
ਜੇ ਤੁਸੀਂ ਕਿਸੇ ਦੀ ਮੌਤ ਦਾ ਗਮ ਸਹਿ ਰਹੇ ਹੋ, ਤਾਂ ਜ਼ਰੂਰੀ ਨਹੀਂ ਕਿ ਦਿੱਤੀ ਗਈ ਇਸ ਸਾਰੀ ਜਾਣਕਾਰੀ ਨਾਲ ਤੁਹਾਡਾ ਗਮ ਪੂਰੀ ਤਰ੍ਹਾਂ ਦੂਰ ਹੋ ਜਾਵੇ। ਪਰ ਬਾਈਬਲ ਵਿਚ ਰੱਬ ਦੇ ਵਾਅਦਿਆਂ ਉੱਤੇ ਸੋਚ-ਵਿਚਾਰ ਕਰਨ ਨਾਲ ਤੁਹਾਨੂੰ ਚੰਗੇ ਭਵਿੱਖ ਦੀ ਉਮੀਦ ਅਤੇ ਜੀਉਂਦੇ ਰਹਿਣ ਦੀ ਤਾਕਤ ਮਿਲ ਸਕਦੀ ਹੈ।—1 ਥੱਸਲੁਨੀਕੀਆਂ 4:13.
ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਕਿ ਆਪਣੇ ਗਮ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ? ਜਾਂ ਕੀ ਤੁਹਾਡੇ ਇਹੋ ਜਿਹੇ ਸਵਾਲ ਹਨ ਜਿਵੇਂ ਕਿ “ਰੱਬ ਬੁਰਾਈ ਤੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?” ਕਿਰਪਾ ਕਰ ਕੇ ਸਾਡੀ ਵੈੱਬਸਾਈਟ jw.org/pa ʼਤੇ ਜਾਓ ਅਤੇ ਦੇਖੋ ਕਿ ਬਾਈਬਲ ਦਿਲਾਸੇ ਭਰੇ ਜਵਾਬ ਕਿਵੇਂ ਦਿੰਦੀ ਹੈ। ▪ (w16-E No. 3)
-