ਉਸ ਕੰਮ ਵਿਚ ਹਿੱਸਾ ਲਓ ਜੋ ਮੁੜ ਕਦੀ ਨਹੀਂ ਕੀਤਾ ਜਾਵੇਗਾ
1 ਮਨੁੱਖਜਾਤੀ ਦੇ ਇਤਿਹਾਸ ਵਿਚ ਬਹੁਤ ਵਾਰੀ, ਯਹੋਵਾਹ ਲਈ ਆਪਣੇ ਵੈਰੀਆਂ ਤੇ ਨਿਆਉਂ ਲਾਗੂ ਕਰਨਾ ਜ਼ਰੂਰੀ ਸੀ। ਫਿਰ ਵੀ, ਆਪਣੀ ਦਇਆ ਕਾਰਨ, ਉਸ ਨੇ ਨੇਕ ਦਿਲ ਵਾਲਿਆਂ ਨੂੰ ਮੁਕਤੀ ਪ੍ਰਾਪਤ ਕਰਨ ਲਈ ਇਕ ਮੌਕਾ ਦਿੱਤਾ। (ਜ਼ਬੂ. 103:13) ਉਨ੍ਹਾਂ ਦੀ ਪ੍ਰਤਿਕ੍ਰਿਆ ਨੇ ਉਨ੍ਹਾਂ ਦਾ ਭਵਿੱਖ ਨਿਰਧਾਰਿਤ ਕੀਤਾ।
2 ਉਦਾਹਰਣ ਲਈ, 2370 ਸਾ.ਯੁ.ਪੂ. ਵਿਚ ਜਲ-ਪਰਲੋ ਤੋਂ ਪਹਿਲਾਂ, ਨੂਹ “ਧਰਮ ਦਾ ਪਰਚਾਰਕ” ਸੀ। ਜਿਹੜੇ ਨਾਸ਼ ਹੋਏ ਇਹ ਉਹ ਲੋਕ ਸਨ ਜਿਨ੍ਹਾਂ ਨੇ ਈਸ਼ਵਰੀ ਚੇਤਾਵਨੀ ਵੱਲ ਧਿਆਨ ਨਹੀਂ ਦਿੱਤਾ। (2 ਪਤ. 2:5; ਇਬ. 11:7) 70 ਸਾ.ਯੁ. ਵਿਚ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ, ਯਿਸੂ ਨੇ ਸਪੱਸ਼ਟ ਤੌਰ ਤੇ ਦੱਸਿਆ ਕਿ ਸ਼ਹਿਰ ਤੇ ਆਉਣ ਵਾਲੇ ਨਾਸ਼ ਤੋਂ ਬਚਣ ਲਈ ਕਿਹੜੀ ਕਾਰਵਾਈ ਕਰਨ ਦੀ ਲੋੜ ਪਵੇਗੀ। ਉਨ੍ਹਾਂ ਸਾਰਿਆਂ ਨੇ ਜਿਨ੍ਹਾਂ ਨੇ ਉਸ ਦੀ ਚੇਤਾਵਨੀ ਨੂੰ ਰੱਦ ਕੀਤਾ, ਭਿਆਨਕ ਨਤੀਜਿਆਂ ਦਾ ਸਾਮ੍ਹਣਾ ਕੀਤਾ। (ਲੂਕਾ 21:20-24) ਇਸ ਤਰ੍ਹਾਂ ਦੀਆਂ ਈਸ਼ਵਰੀ ਚੇਤਾਵਨੀਆਂ ਅਤੇ ਨਿਆਉਂ ਪੂਰੇ ਇਤਿਹਾਸ ਦੌਰਾਨ ਕਈ ਵਾਰ ਦੁਹਰਾਏ ਗਏ ਸਨ।
3 ਆਧੁਨਿਕ-ਦਿਨ ਵਿਚ ਚੇਤਾਵਨੀ ਵਾਲਾ ਕੰਮ: ਯਹੋਵਾਹ ਨੇ ਬਹੁਤ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਵਰਤਮਾਨ ਦੁਸ਼ਟ ਵਿਵਸਥਾ ਵਿਰੁੱਧ ਉਸ ਦਾ ਕ੍ਰੋਧ ਭੜਕੇਗਾ ਅਤੇ ਕਿ ਕੇਵਲ ਮਸਕੀਨ ਲੋਕ ਹੀ ਬਚਾਏ ਜਾਣਗੇ। (ਸਫ਼. 2:2, 3; 3:8) ਇਸ ਚੇਤਾਵਨੀ ਵਾਲੇ ਸੰਦੇਸ਼ ਦੇ ਪ੍ਰਚਾਰ ਲਈ ਸਮਾਂ ਤੇਜ਼ੀ ਨਾਲ ਮੁੱਕ ਰਿਹਾ ਹੈ! “ਵੱਡਾ ਕਸ਼ਟ” ਛੇਤੀ ਆਉਣ ਵਾਲਾ ਹੈ, ਅਤੇ ਮਸਕੀਨਾਂ ਨੂੰ ਹੁਣ ਇਕੱਠਾ ਕੀਤਾ ਜਾ ਰਿਹਾ ਹੈ। ਸੱਚ-ਮੁੱਚ, “ਪੈਲੀਆਂ” “ਵਾਢੀ ਦੇ ਲਈ ਪੱਕ ਕੇ ਪੀਲੀਆਂ” ਹੋ ਗਈਆਂ ਹਨ। ਇਸ ਲਈ, ਮਹੱਤਤਾ ਅਤੇ ਜ਼ਰੂਰਤ ਦੇ ਸੰਬੰਧ ਵਿਚ ਇਸ ਕੰਮ ਦੀ ਤੁਲਨਾ ਕਿਸੇ ਦੂਸਰੇ ਕੰਮ ਨਾਲ ਨਹੀਂ ਕੀਤੀ ਜਾ ਸਕਦੀ ਹੈ।—ਮੱਤੀ 24:14, 21, 22; ਯੂਹੰ. 4:35.
4 ਸਾਨੂੰ ਆਧੁਨਿਕ-ਦਿਨ ਦੀ ਚੇਤਾਵਨੀ ਦੂਸਰਿਆਂ ਨੂੰ ਦੇਣ ਵਿਚ ਹਿੱਸਾ ਲੈਣਾ ਚਾਹੀਦਾ ਹੈ, “ਭਾਵੇਂ ਓਹ ਸੁਣਨ ਯਾ ਨਾ ਸੁਣਨ।” ਇਹ ਪਰਮੇਸ਼ੁਰ-ਦਿੱਤ ਕਾਰਜ-ਨਿਯੁਕਤੀ ਹੈ ਜੋ ਸਾਨੂੰ ਅਣਡਿੱਠ ਨਹੀਂ ਕਰਨੀ ਚਾਹੀਦੀ ਹੈ। (ਹਿਜ਼. 2:4, 5; 3:17, 18) ਇਸ ਕੰਮ ਵਿਚ ਸਾਡਾ ਪੂਰਾ ਹਿੱਸਾ ਪਰਮੇਸ਼ੁਰ ਲਈ ਸਾਡੇ ਡੂੰਘੇ ਪਿਆਰ ਦਾ, ਸਾਡੇ ਗੁਆਂਢੀ ਲਈ ਸੱਚੀ ਪਰਵਾਹ ਦਾ, ਅਤੇ ਸਾਡੇ ਮੁਕਤੀਦਾਤਾ, ਯਿਸੂ ਮਸੀਹ ਵਿਚ ਅਡੋਲ ਨਿਹਚਾ ਦਾ ਠੋਸ ਪ੍ਰਮਾਣ ਦਿੰਦਾ ਹੈ।
5 ਹੁਣ ਕਾਰਵਾਈ ਕਰਨ ਦਾ ਸਮਾਂ ਹੈ: ਯਹੋਵਾਹ ਦੁਆਰਾ ਬੀਤੇ ਸਮੇਂ ਵਿਚ ਕੀਤੇ ਗਏ ਨਿਆਉਂ ਦੇ ਬਾਅਦ, ਦੁਸ਼ਟਤਾ ਹਮੇਸ਼ਾ ਦੁਬਾਰਾ ਫੁੱਟ ਨਿਕਲੀ ਕਿਉਂਕਿ ਸ਼ਤਾਨ ਅਤੇ ਉਸ ਦੇ ਪਿਸ਼ਾਚ ਅਜੇ ਵੀ ਸਰਗਰਮ ਸਨ। ਪਰੰਤੂ, ਇਸ ਵਾਰ ਇਹ ਵੱਖਰਾ ਹੋਵੇਗਾ। ਸ਼ਤਾਨੀ ਪ੍ਰਭਾਵ ਖ਼ਤਮ ਕਰ ਦਿੱਤਾ ਜਾਵੇਗਾ। ਫਿਰ ਕਦੀ ਵੀ ਨਿਕਟਵਰਤੀ “ਵੱਡੀ ਬਿਪਤਾ” ਬਾਰੇ ਵਿਸ਼ਵ-ਵਿਆਪੀ ਚੇਤਾਵਨੀ ਦੇਣ ਦੀ ਲੋੜ ਨਹੀਂ ਪਵੇਗੀ। (ਪਰ. 7:14; ਰੋਮੀ. 16:20) ਸਾਡੇ ਕੋਲ ਕਦੀ ਨਾ ਦੁਹਰਾਏ ਜਾਣ ਵਾਲੇ ਕੰਮ ਵਿਚ ਹਿੱਸਾ ਲੈਣ ਦਾ ਵਿਸ਼ੇਸ਼-ਸਨਮਾਨ ਹੈ। ਹੁਣ ਸਾਡੇ ਕੋਲ ਇਸ ਮੌਕੇ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ ਦਾ ਸਮਾਂ ਹੈ।
6 ਆਪਣੇ ਪ੍ਰਚਾਰ ਕੰਮ ਬਾਰੇ, ਰਸੂਲ ਪੌਲੁਸ ਨੇ ਬੜੇ ਯਕੀਨ ਨਾਲ ਬਿਆਨ ਕੀਤਾ: “ਮੈਂ ਸਭਨਾਂ ਦੇ ਲਹੂ ਤੋਂ ਬੇਦੋਸ਼ ਹਾਂ।” (ਰਸੂ. 20:26) ਉਸ ਨੇ ਚੇਤਾਵਨੀ ਦੇਣ ਵਿਚ ਆਪਣੇ ਵੱਲੋਂ ਕਿਸੇ ਅਸਫ਼ਲਤਾ ਕਰਕੇ ਆਪਣੇ ਆਪ ਨੂੰ ਖ਼ੂਨ ਦਾ ਦੋਸ਼ੀ ਮਹਿਸੂਸ ਨਹੀਂ ਕੀਤਾ। ਕਿਉਂ ਨਹੀਂ? ਕਿਉਂਕਿ ਉਹ ਆਪਣੀ ਸੇਵਕਾਈ ਬਾਰੇ ਕਹਿ ਸਕਿਆ: “ਇਸੇ ਗੱਲੇ ਮੈਂ . . . ਵੱਡੇ ਜਤਨ ਨਾਲ ਮਿਹਨਤ ਕਰਦਾ ਹਾਂ।” (ਕੁਲੁ. 1:29) ਆਓ ਅਸੀਂ ਉਹ ਕੰਮ ਜੋ ਮੁੜ ਕਦੀ ਨਹੀਂ ਕੀਤਾ ਜਾਵੇਗਾ ਵਿਚ ਪੂਰਨ ਤੌਰ ਤੇ ਹਿੱਸਾ ਲੈਣ ਦੀ ਸਮਾਨ ਸੰਤੁਸ਼ਟੀ ਦਾ ਆਨੰਦ ਮਾਣੀਏ!—2 ਤਿਮੋ. 2:15.