ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w95 10/1 ਸਫ਼ੇ 30-32
  • ਸਵੈ-ਸਤਵਾਦ ਤੋਂ ਹੁਸ਼ਿਆਰ ਰਹੋ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਵੈ-ਸਤਵਾਦ ਤੋਂ ਹੁਸ਼ਿਆਰ ਰਹੋ!
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਉੱਚ ਮਨੋਬਿਰਤੀ
  • “ਦੋਸ਼ ਨਾ ਲਾਓ”
  • ਅਨੁਚਿਤ ਸਰਗਰਮੀ
  • ਪਰਮੇਸ਼ੁਰ ਨਿਮਰ ਵਿਅਕਤੀਆਂ ਉੱਤੇ ਕਿਰਪਾ ਕਰਦਾ ਹੈ
  • ‘ਫ਼ਰੀਸੀਆਂ ਦੇ ਖਮੀਰ ਤੋਂ ਬਚ ਕੇ ਰਹੋ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • “ਮੈਥੋਂ ਸਿੱਖੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਪਹਿਲਾਂ ‘ਉਹ ਦੇ ਧਰਮ’ ਨੂੰ ਭਾਲਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਪ੍ਰਾਰਥਨਾ ਦੀ ਅਤੇ ਨਿਮਰਤਾ ਦੀ ਲੋੜ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
w95 10/1 ਸਫ਼ੇ 30-32

ਸਵੈ-ਸਤਵਾਦ ਤੋਂ ਹੁਸ਼ਿਆਰ ਰਹੋ!

ਪਹਿਲੀ ਸਦੀ ਵਿਚ, ਫ਼ਰੀਸੀ ਲੋਕ ਪਰਮੇਸ਼ੁਰ ਦੇ ਧਰਮੀ ਉਪਾਸਕ ਹੋਣ ਦੀ ਨੇਕਨਾਮੀ ਦਾ ਆਨੰਦ ਮਾਣਦੇ ਸਨ। ਉਹ ਸ਼ਾਸਤਰ ਦੇ ਗੰਭੀਰ ਵਿਦਿਆਰਥੀ ਸਨ ਅਤੇ ਅਕਸਰ ਪ੍ਰਾਰਥਨਾ ਕਰਦੇ ਸਨ। ਕਈ ਲੋਕਾਂ ਦੀ ਨਜ਼ਰ ਵਿਚ ਉਹ ਕੋਮਲਚਿੱਤ ਅਤੇ ਸਿਆਣੇ ਸਨ। ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ ਲਿਖਿਆ: “ਫ਼ਰੀਸੀ ਆਪਸ ਵਿਚ ਸਨੇਹ ਰੱਖਦੇ ਹਨ ਅਤੇ ਆਮ ਜਨਤਾ ਦੇ ਨਾਲ ਮਿਲਵੇਂ ਰਿਸ਼ਤੇ ਵਿਕਸਿਤ ਕਰਦੇ ਹਨ।” ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਸ ਸਮੇਂ ਦੇ ਯਹੂਦੀ ਸਮਾਜ ਵਿਚ ਉਹ ਸ਼ਾਇਦ ਸਭ ਤੋਂ ਜ਼ਿਆਦਾ ਮਾਣ-ਪ੍ਰਾਪਤ ਅਤੇ ਅਤਿਅਧਿਕ ਸਤਿਕਾਰੇ ਗਏ ਵਿਅਕਤੀ ਸਨ!

ਪਰੰਤੂ, ਅੱਜਕਲ੍ਹ ਇਹ ਅਭਿਵਿਅਕਤੀ “ਫ਼ਰੀਸੀਵਾਦੀ” ਅਤੇ ਇਸ ਦੇ ਜੁੜਵੇਂ ਸ਼ਬਦ ਅਪਮਾਨਮਈ ਹਨ, ਅਤੇ ਕਪਟੀ, ਸਵੈ-ਸਤਵਾਦੀ, ਦੂਸਰਿਆਂ-ਤੋਂ-ਵੱਧ-ਪਵਿੱਤਰ, ਹੱਦੋਂ ਵੱਧ ਧਰਮੀ, ਅਤੇ ਮੂੰਹ-ਰੱਖਣੀ ਕਰਨਾ, ਦੇ ਹੀ ਸਮਾਨ-ਅਰਥਕ ਸ਼ਬਦ ਹਨ। ਫ਼ਰੀਸੀ ਆਪਣੀ ਨੇਕਨਾਮੀ ਕਿਉਂ ਗੁਆ ਬੈਠੇ?

ਇਹ ਇਸ ਲਈ ਹੋਇਆ ਕਿਉਂਕਿ ਜ਼ਿਆਦਾਤਰ ਯਹੂਦੀਆਂ ਤੋਂ ਭਿੰਨ, ਯਿਸੂ ਮਸੀਹ ਨੇ ਇਨ੍ਹਾਂ ਫ਼ਰੀਸੀਆਂ ਦੇ ਬਾਹਰੀ ਦਿਖਾਵੇ ਤੋਂ ਧੋਖਾ ਨਹੀਂ ਖਾਧਾ। ਉਸ ਨੇ ਇਨ੍ਹਾਂ ਦੀ ਤੁਲਨਾ “ਕਲੀ ਫੇਰੀਆਂ ਹੋਈਆਂ ਕਬਰਾਂ” ਨਾਲ ਕੀਤੀ “ਜਿਹੜੀਆਂ ਬਾਹਰੋਂ ਤਾਂ ਸੋਹੁਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਪਲੀਤੀ ਨਾਲ ਭਰੀਆਂ ਹੋਈਆਂ ਹਨ।”—ਮੱਤੀ 23:27.

ਇਹ ਸੱਚ ਹੈ ਕਿ ਉਨ੍ਹਾਂ ਨੇ ਖੁੱਲ੍ਹੇ ਬਾਜ਼ਾਰ ਵਿਚ ਖੜ੍ਹੇ ਹੋ ਕੇ ਲੰਮੀਆਂ ਪ੍ਰਾਰਥਨਾਵਾਂ ਕੀਤੀਆਂ, ਪਰੰਤੂ ਇਹ ਕੇਵਲ ਦੂਸਰਿਆਂ ਦੁਆਰਾ ਦੇਖੇ ਜਾਣ ਲਈ ਹੀ ਸਨ, ਜਿਵੇਂ ਯਿਸੂ ਨੇ ਆਖਿਆ। ਉਨ੍ਹਾਂ ਦੀ ਉਪਾਸਨਾ ਨਿਰਾ ਇਕ ਦਿਖਾਵਾ ਹੀ ਸੀ। ਉਹ ਮਿਹਮਾਨੀਆਂ ਵਿਚ ਉੱਚੀਆਂ ਥਾਵਾਂ ਅਤੇ ਯਹੂਦੀ ਸਭਾ-ਘਰਾਂ ਵਿਚ ਅਗਲੀਆਂ ਕੁਰਸੀਆਂ ਦੇ ਚਾਹਵਾਨ ਸਨ। ਜਦੋਂ ਕਿ ਸਾਰੇ ਯਹੂਦੀਆਂ ਲਈ ਆਪਣੇ ਬਸਤਰਾਂ ਉੱਤੇ ਝਾਲਰਾਂ ਲਾਉਣੀਆਂ ਜ਼ਰੂਰੀ ਸੀ, ਫ਼ਰੀਸੀ ਲੋਕ ਅਤਿ ਲੰਮੀਆਂ ਝਾਲਰਾਂ ਪਹਿਨਣ ਦੁਆਰਾ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਸਨ। ਉਹ ਆਪਣੀਆਂ ਚੌੜੀਆਂ ਕੀਤੀਆਂ ਹੋਈਆਂ ਸ਼ਾਸਤਰ-ਰੱਖੇ ਡੱਬੀਆਂ, ਜਿਨ੍ਹਾਂ ਨੂੰ ਉਹ ਤਵੀਤ ਦੇ ਤੌਰ ਤੇ ਬੰਨ੍ਹਦੇ ਸਨ, ਨੂੰ ਪ੍ਰਦਰਸ਼ਿਤ ਕਰਨ ਵਿਚ ਫ਼ਖਰ ਮਹਿਸੂਸ ਕਰਦੇ ਸਨ। (ਮੱਤੀ 6:5; 23:5-8) ਉਨ੍ਹਾਂ ਦੀ ਕਪਟ, ਉਨ੍ਹਾਂ ਦੇ ਲਾਲਚ, ਅਤੇ ਉਨ੍ਹਾਂ ਦੇ ਹੰਕਾਰ ਨੇ ਆਖ਼ਰਕਾਰ ਉਨ੍ਹਾਂ ਲਈ ਨਿਰਾਦਰ ਲਿਆਂਦਾ।

ਯਿਸੂ ਨੇ ਪਰਮੇਸ਼ੁਰ ਵੱਲੋਂ ਫ਼ਰੀਸੀਆਂ ਦੇ ਰੱਦੇ ਜਾਣ ਨੂੰ ਬਿਆਨ ਕੀਤਾ: “ਹੇ ਕਪਟੀਓ! ਯਸਾਯਾਹ ਨੇ ਤੁਹਾਡੇ ਵਿਖੇ ਠੀਕ ਅਗੰਮ ਵਾਕ ਕੀਤਾ ਹੈ ਕਿ ਏਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ। ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਓਹ ਮਨੁੱਖਾਂ ਦੇ ਹੁਕਮਾਂ ਦੀ ਸਿਖਿਆ ਦਿੰਦੇ ਹਨ।” (ਮੱਤੀ 15:7-9) ਉਨ੍ਹਾਂ ਦੀ ਧਾਰਮਿਕਤਾ ਅਸਲ ਵਿਚ ਸਵੈ-ਸਤਵਾਦ ਸੀ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਉਂ ਚੇਤਾਵਨੀ ਦਿੱਤੀ: ‘ਫ਼ਰੀਸੀਆਂ ਦੇ ਖ਼ਮੀਰ ਤੋਂ ਹੁਸ਼ਿਆਰ ਰਹੋ।’ (ਲੂਕਾ 12:1) ਅੱਜ, ਸਾਨੂੰ ਵੀ ਸਵੈ-ਸਤਵਾਦੀ ਤੋਂ “ਹੁਸ਼ਿਆਰ” ਰਹਿਣਾ, ਜਾਂ ਚੌਕਸ ਰਹਿਣਾ ਚਾਹੀਦਾ ਹੈ ਕਿ ਅਸੀਂ ਧਾਰਮਿਕ ਕਪਟੀ ਨਾ ਬਣ ਜਾਈਏ।

ਇੰਜ ਕਰਨ ਵਿਚ, ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਇਕ ਵਿਅਕਤੀ ਰਾਤੋਂ-ਰਾਤ ਹੀ ਸਵੈ-ਸਤਵਾਦੀ ਨਹੀਂ ਬਣ ਜਾਂਦਾ ਹੈ। ਇਸ ਦੀ ਬਜਾਇ, ਇਹ ਝੁਕਾਉ ਸਮੇਂ ਦੇ ਬੀਤਣ ਦੇ ਨਾਲ-ਨਾਲ ਪ੍ਰਗਤੀਸ਼ੀਲ ਤਰੀਕੇ ਨਾਲ ਵਿਕਸਿਤ ਹੁੰਦਾ ਹੈ। ਇਕ ਵਿਅਕਤੀ ਅਣਜਾਣੇ ਵਿਚ ਵੀ ਫ਼ਰੀਸੀਆਂ ਦਿਆਂ ਇਨ੍ਹਾਂ ਅਨੁਚਿਤ ਗੁਣਾਂ ਨੂੰ ਧਾਰਣ ਕਰ ਸਕਦਾ ਹੈ।

ਉੱਚ ਮਨੋਬਿਰਤੀ

ਕੁਝ-ਕੁ ਗੁਣ ਕਿਹੜੇ ਹਨ ਜਿਨ੍ਹਾਂ ਤੋਂ ਸਾਨੂੰ “ਹੁਸ਼ਿਆਰ” ਰਹਿਣਾ ਚਾਹੀਦਾ ਹੈ? ਸਵੈ-ਸਤਵਾਦੀ ਵਿਅਕਤੀ ਆਮ ਤੌਰ ਤੇ “ਇਸ ਤਰ੍ਹਾਂ ਗੱਲਾਂ ਕਰਦੇ, ਅਤੇ ਖੜ੍ਹੇ ਹੁੰਦੇ, ਅਤੇ ਜਾਪਦੇ ਹਨ ਜਿਵੇਂ ਕਿ ਉਨ੍ਹਾਂ ਨੇ ਕਦੀ ਕੋਈ ਗ਼ਲਤੀ ਹੀ ਨਾ ਕੀਤੀ ਹੋਵੇ,” ਐਨਸਾਈਕਲੋਪੀਡੀਆ ਆਫ਼ ਰਲਿਜਨ ਐਂਡ ਐਥਿਕਸ ਵਿਆਖਿਆ ਕਰਦਾ ਹੈ। ਸਵੈ-ਸਤਵਾਦੀ ਵਿਅਕਤੀ ਸ਼ੇਖ਼ੀਖੋਰੇ ਅਤੇ ਸਵੈ-ਪ੍ਰਸ਼ੰਸਕ ਵੀ ਹੁੰਦੇ ਹਨ, ਜੋ ਕਿ ਫ਼ਰੀਸੀਆਂ ਦੀ ਇਕ ਖ਼ਾਸ ਕਮਜ਼ੋਰੀ ਸੀ।

ਯਿਸੂ ਨੇ ਇਕ ਦ੍ਰਿਸ਼ਟਾਂਤ ਦੁਆਰਾ ਇਸ ਫ਼ਰੀਸੀਵਾਦੀ ਰਵੱਈਏ ਦਾ ਵਰਣਨ ਕੀਤਾ: “ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਗਏ, ਇੱਕ ਫ਼ਰੀਸੀ ਅਤੇ ਦੂਆ ਮਸੂਲੀਆ। ਫ਼ਰੀਸੀ ਨੇ ਖਲੋ ਕੇ ਆਪਣੇ ਜੀ ਵਿੱਚ ਇਉਂ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ੁਰ ਮੈਂ ਤੇਰਾ ਸ਼ੁਕਰ ਕਰਦਾ ਹਾਂ ਭਈ ਮੈਂ ਹੋਰਨਾਂ ਵਾਂਙੁ ਨਹੀਂ ਹਾਂ ਜੋ ਲੁਟੇਰੇ, ਕੁਧਰਮੀ ਅਤੇ ਜ਼ਨਾਹਕਾਰ ਹਨ ਅਤੇ ਨਾ ਇਸ ਮਸੂਲੀਏ ਵਰਗਾ ਹਾਂ! ਮੈਂ ਸਾਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸੌਂਧ ਦਿੰਦਾ ਹਾਂ।” ਇਸ ਤੋਂ ਉੱਲਟ, ਉਸ ਮਸੂਲੀਏ ਨੇ ਨਿਮਰਤਾ ਨਾਲ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕੀਤਾ ਅਤੇ ਇਸ ਤਰ੍ਹਾਂ, ਉਸ ਸ਼ੇਖ਼ੀਖੋਰ ਫ਼ਰੀਸੀ ਤੋਂ ਜ਼ਿਆਦਾ ਧਰਮੀ ਠਹਿਰਿਆ। ਯਿਸੂ ਨੇ ਇਹ ਦ੍ਰਿਸ਼ਟਾਂਤ ਉਨ੍ਹਾਂ ਨੂੰ ਸੰਬੋਧਿਤ ਕੀਤਾ “ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਭਈ ਅਸੀਂ ਧਰਮੀ ਹਾਂ ਅਤੇ ਹੋਰਨਾਂ ਨੂੰ ਤੁੱਛ ਜਾਣਦੇ ਸਨ।”—ਲੂਕਾ 18:9-14.

ਅਪੂਰਣ ਮਨੁੱਖਾਂ ਵਜੋਂ, ਅਸੀਂ ਸ਼ਾਇਦ ਕਦੀ-ਕਦੀ ਮਹਿਸੂਸ ਕਰੀਏ ਕਿ ਅਸੀਂ ਆਪਣੀਆਂ ਕੁਦਰਤੀ ਕਾਬਲੀਅਤਾਂ ਜਾਂ ਸ੍ਰੇਸ਼ਟਤਾ ਦੇ ਕਾਰਨ ਦੂਸਰਿਆਂ ਤੋਂ ਉੱਤਮ ਹਾਂ। ਪਰੰਤੂ ਮਸੀਹੀਆਂ ਨੂੰ ਅਜਿਹੇ ਵਿਚਾਰਾਂ ਨੂੰ ਤੁਰੰਤ ਹੀ ਮਨੋ ਕੱਢ ਦੇਣਾ ਚਾਹੀਦਾ ਹੈ। ਤੁਹਾਨੂੰ ਸ਼ਾਇਦ ਮਸੀਹੀ ਜੀਵਨ ਬਤੀਤ ਕਰਨ ਦਾ ਕਈ ਵਰ੍ਹਿਆਂ ਦਾ ਅਨੁਭਵ ਹੈ। ਤੁਸੀਂ ਸ਼ਾਇਦ ਇਕ ਨਿਪੁੰਨ ਬਾਈਬਲ ਸਿੱਖਿਅਕ ਹੋ। ਜਾਂ ਸ਼ਾਇਦ ਤੁਸੀਂ ਮਸੀਹ ਨਾਲ ਸਵਰਗ ਵਿਚ ਰਾਜ ਕਰਨ ਲਈ ਮਸਹ ਕੀਤੇ ਹੋਏ ਹੋਣ ਦਾ ਦਾਅਵਾ ਕਰਦੇ ਹੋ। ­ਕਲੀਸਿਯਾ ਵਿਚ ਕਈ ਵਿਅਕਤੀ ਪੂਰਣ-ਸਮੇਂ ਸੇਵਕ, ਬਜ਼ੁਰਗ, ਜਾਂ ਸਹਾਇਕ ਸੇਵਕਾਂ ਦੇ ਤੌਰ ਤੇ ਖ਼ਾਸ ਵਿਸ਼ੇਸ਼-ਸਨਮਾਨਾਂ ਦਾ ਆਨੰਦ ਮਾਣਦੇ ਹਨ। ਖ਼ੁਦ ਨੂੰ ਪੁੱਛੋ, ‘ਯਹੋਵਾਹ ਕਿਵੇਂ ਮਹਿਸੂਸ ਕਰੇਗਾ ਜੇਕਰ ਮੈਂ ਉਸ ਦੀ ਦਿੱਤੀ ਹੋਈ ਚੀਜ਼ ਨੂੰ ਇਕ ਆਧਾਰ ਸਮਝ ਕੇ ਆਪਣੇ ਆਪ ਨੂੰ ਦੂਸਰਿਆਂ ਤੋਂ ਉੱਚ ਮਹਿਸੂਸ ਕਰਾਂ?’ ਨਿਰਸੰਦੇਹ, ਇਹ ਉਸ ਨੂੰ ਨਾਰਾਜ਼ ਕਰੇਗਾ।—ਫ਼ਿਲਿੱਪੀਆਂ 2:3, 4.

ਜਦੋਂ ਇਕ ਮਸੀਹੀ ਆਪਣੀਆਂ ਪਰਮੇਸ਼ੁਰ-ਦਿੱਤ ਕਾਬਲੀਅਤਾਂ, ਵਿਸ਼ੇਸ਼-ਸਨਮਾਨਾਂ, ਜਾਂ ਅਧਿਕਾਰਾਂ ਦੇ ਕਾਰਨ ਉੱਚਤਾ ਦੀ ਆਤਮਾ ਪ੍ਰਦਰਸ਼ਿਤ ਕਰਦਾ ਹੈ, ਤਾਂ ਉਹ ਅਸਲ ਵਿਚ ਪਰਮੇਸ਼ੁਰ ਤੋਂ ਉਹ ਮਹਿਮਾ ਅਤੇ ਸ਼ੋਭਾ ਲੁੱਟ ਰਿਹਾ ਹੁੰਦਾ ਹੈ, ਜਿਸ ਦਾ ਹੱਕਦਾਰ ਕੇਵਲ ਪਰਮੇਸ਼ੁਰ ਹੀ ਹੈ। ਬਾਈਬਲ ਸਪੱਸ਼ਟ ਤੌਰ ਤੇ ਮਸੀਹੀਆਂ ਨੂੰ ‘ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝਣ’ ਦੀ ਤਾੜਨਾ ਦਿੰਦੀ ਹੈ। ਇਹ ਸਾਨੂੰ ਜ਼ੋਰ ਦਿੰਦੀ ਹੈ: “ਆਪੋ ਵਿੱਚ ਇੱਕ ਮਨ ਹੋਵੋ, ਉੱਚੀਆਂ ਗੱਲਾਂ ਉੱਤੇ ਮਨ ਨਾ ਲਾਓ ਪਰ ਨੀਵਿਆਂ ਨਾਲ ਮਿਲੇ ਰਹੋ, ਆਪਣੀ ਜਾਚ ਵਿੱਚ ਸਿਆਣੇ ਨਾ ਬਣ ਬੈਠੋ।”—ਰੋਮੀਆਂ 12:3, 16.

“ਦੋਸ਼ ਨਾ ਲਾਓ”

ਇਕ ਬਾਈਬਲ ਐਨਸਾਈਕਲੋਪੀਡੀਆ ਦੇ ਅਨੁਸਾਰ, ਇਕ ਸਵੈ-ਸਤਵਾਦੀ ਵਿਅਕਤੀ “ਵਿਧੀਮੂਲਕ ਮੰਗਾਂ ਨੂੰ ਅਖ਼ਰੀ ਤੌਰ ਤੇ ਲਾਗੂ ਕਰਨ ਦੇ ਕਾਰਨ, ਬੇਪਰਵਾਹ ਕਿ ਉਨ੍ਹਾਂ ਦਾ ਅਸਲੀ ਅਰਥ ਕੀ ਹੈ, ਖ਼ੁਦ ਨੂੰ ਨੈਤਿਕ ਤੌਰ ਤੇ ਖਰਾ ਜਾਂ ਪਰਮੇਸ਼ੁਰ ਦੇ ਨਾਲ ਸਹੀ ਸਥਿਤੀ ਵਿਚ ਵਿਚਾਰਦਾ ਹੈ।” ਇਕ ਦੂਜੀ ਰਚਨਾ ਸਵੈ-ਸਤਵਾਦੀ ਵਿਅਕਤੀਆਂ ਦਾ ਵਰਣਨ ਇਸ ਤਰ੍ਹਾਂ ਕਰਦੀ ਹੈ, “ਅਤਿਅਧਿਕ ਧਾਰਮਿਕ ਲੋਕ ਜੋ ਆਪਣਾ ਸਾਰਾ ਸਮਾਂ ਦੂਸਰਿਆਂ ਵਿਚ ਦੁਸ਼ਟਤਾ ਭਾਲਣ ਵਿਚ ਗੁਜ਼ਾਰ ਦਿੰਦੇ ਹਨ।”

ਫ਼ਰੀਸੀ ਇਸ ਗੱਲ ਦੇ ਦੋਸ਼ੀ ਸਨ। ਸਮੇਂ ਦੇ ਬੀਤਣ ਨਾਲ, ਉਨ੍ਹਾਂ ਦੇ ਮਾਨਵੀ ਨਿਯਮ ਪਰਮੇਸ਼ੁਰ ਦਿਆਂ ਨਿਯਮਾਂ ਅਤੇ ਸਿਧਾਂਤਾਂ ਤੋਂ ਵੀ ਜ਼ਿਆਦਾ ਮਹੱਤਵਪੂਰਣ ਜਾਪਣ ਲੱਗ ਪਏ। (ਮੱਤੀ 23:23; ਲੂਕਾ 11:41-44) ਉਨ੍ਹਾਂ ਨੇ ਖ਼ੁਦ ਨੂੰ ਨਿਆਂਕਾਰ ਠਹਿਰਾਇਆ ਅਤੇ ਉਨ੍ਹਾਂ ਲੋਕਾਂ ਦੀ ਨਿੰਦਿਆ ਕਰਨ ਵੱਲ ਝੁਕਾਉ ਸਨ ਜੋ ਉਨ੍ਹਾਂ ਦੇ ਸਵੈ-ਸਤਵਾਦੀ ਮਿਆਰਾਂ ਵਿਚ ਪੂਰੇ ਨਹੀਂ ਉੱਤਰਦੇ ਸਨ। ਉਨ੍ਹਾਂ ਦੀ ਉੱਚ ਮਨੋਬਿਰਤੀ ਅਤੇ ਹੱਦੋਂ ਵੱਧ ਸਵੈ-ਮਾਣ ਨੇ ਉਨ੍ਹਾਂ ਵਿਚ ਦੂਸਰੇ ਲੋਕਾਂ ਉੱਤੇ ਕਾਬੂ ਰੱਖਣ ਦੀ ਇੱਛਾ ਪੈਦਾ ਕੀਤੀ। ਯਿਸੂ ਉੱਤੇ ਕਾਬੂ ਨਾ ਪਾ ਸਕਣ ਦੇ ਕਾਰਨ ਉਹ ਕ੍ਰੋਧਿਤ ਹੋਏ, ਇਸ ਲਈ ਉਨ੍ਹਾਂ ਨੇ ਉਸ ਨੂੰ ਕਤਲ ਕਰਨ ਦਾ ਮਤਾ ਪਕਾਇਆ।—ਯੂਹੰਨਾ 11:47-53.

ਅਜਿਹੇ ਵਿਅਕਤੀ ਦੀ ਸੰਗਤ ਕਿੰਨੀ ਦੁਖਦਾਈ ਹੈ ਜੋ ਖ਼ੁਦ ਨੂੰ ਨਿਆਂਕਾਰ ਬਣਾਉਂਦੇ ਹੋਏ, ਹਰ ਵੇਲੇ ਗ਼ਲਤੀਆਂ ਲਭਦਾ ਹੈ, ਆਪਣੇ ਆਲੇ-ਦੁਆਲੇ ਸਭ ਲੋਕਾਂ ਦਾ ਨਿਰੀਖਣ ਕਰਦਾ ਅਤੇ ਉਨ੍ਹਾਂ ਉੱਤੇ ਨਿਯੰਤ੍ਰਣ ਰੱਖਦਾ ਹੈ। ਅਸਲ ਵਿਚ, ਕਲੀਸਿਯਾ ਵਿਚ ਕਿਸੇ ਨੂੰ ਵੀ ਇਹ ਹੱਕ ਹਾਸਲ ਨਹੀਂ ਹੈ ਕਿ ਉਹ ਦੂਸਰਿਆਂ ਉੱਤੇ ਆਪਣੇ ਵਿਚਾਰਾਂ ਅਤੇ ਆਪਣੇ ਬਣਾਏ ਹੋਏ ਨਿਯਮਾਂ ਨੂੰ ਲਾਗੂ ਕਰਨ ਲਈ ਰੋਅਬ ਪਾਏ। (ਰੋਮੀਆਂ 14:10-13) ਸੰਤੁਲਿਤ ਮਸੀਹੀ ਇਸ ਗੱਲ ਨੂੰ ਸਮਝਦੇ ਹਨ ਕਿ ਨਿੱਤ ਦੇ ਜੀਵਨ ਦੇ ਕਈ ਪਹਿਲੂ ਨਿੱਜੀ ਨਿਰਣੇ ਦੇ ਖੇਤਰ ਵਿਚ ਆਉਂਦੇ ਹਨ। ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਜੋ ਪੂਰਣਤਾਵਾਦੀ ਹੋਣ ਅਤੇ ਅਤਿ ਮੰਗ ਕਰਨ ਵੱਲ ਰੁਝਾਨ ਰੱਖਦੇ ਹਨ ਦੂਸਰਿਆਂ ਉੱਤੇ ਦੋਸ਼ ਲਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਹ ਸੱਚ ਹੈ ਕਿ ਮਸੀਹੀ ਕਲੀਸਿਯਾ ਨੂੰ ਮਾਰਗ-ਦਰਸ਼ਨ ਕਾਇਮ ਕਰਨ ਦਾ ਅਧਿਕਾਰ ਹੈ ਜੋ ਕਿ ਯਹੋਵਾਹ ਦੇ ਪਾਰਥਿਵ ਸੰਗਠਨ ਦੇ ਸ਼ਾਂਤ ਪਰਿਚਾਲਨ ਵੱਲ ਸਹਿਯੋਗ ਦਿੰਦੇ ਹਨ। (ਇਬਰਾਨੀਆਂ 13:17) ਪਰੰਤੂ ਕਈਆਂ ਨੇ ਇਨ੍ਹਾਂ ਮਾਰਗ-ਦਰਸ਼ਨਾਂ ਨੂੰ ਵਿਗਾੜ ਦਿੱਤਾ ਹੈ ਜਾਂ ਇਨ੍ਹਾਂ ਵਿਚ ਆਪਣੇ ਖ਼ੁਦ ਦੇ ਨਿਯਮ ਜੋੜ ਦਿੱਤੇ ਹਨ। ਇਕ ਇਲਾਕੇ ਵਿਚ ਦੈਵ-ਸ਼ਾਸਕੀ ਸੇਵਕਾਈ ਸਕੂਲ ਦੇ ਸਭ ਵਿਦਿਆਰਥੀਆਂ ਲਈ ਭਾਸ਼ਣ ਦਿੰਦੇ ਸਮੇਂ ਸੂਟ ਪਹਿਨਣਾ ਅਤੇ ਆਪਣੇ ਕੋਟ ਦੇ ਬਟਨ ਬੰਦ ਕਰਨੇ ਜ਼ਰੂਰੀ ਸੀ। ਜਿਹੜਾ ਵੀ ਵਿਦਿਆਰਥੀ ਇੰਜ ਕਰਨ ਵਿਚ ਅਸਫਲ ਹੁੰਦਾ, ਉਸ ਨੂੰ ਅੱਗੇ ਹੋਰ ਕੋਈ ਭਾਸ਼ਣ ਦੇਣ ਲਈ ਅਯੋਗ ਠਹਿਰਾਇਆ ਜਾਂਦਾ। ਅਜਿਹੇ ਸਖ਼ਤ ਨਿਯਮ ਬਣਾਉਣ ਦੀ ਬਜਾਇ, ਕੀ ਇਹ ਜ਼ਿਆਦਾ ਤਰਕ­ਸੰਗਤ ਅਤੇ ਪਰਮੇਸ਼ੁਰ ਦੇ ਬਚਨ ਦੀ ਆਤਮਾ ਦੇ ਅਨੁਸਾਰ ਨਹੀਂ ਹੋਵੇਗਾ ਜੇਕਰ ਲੋੜ ਮੁਤਾਬਕ, ਦਿਆਲੂ, ਨਿੱਜੀ ਅਗਵਾਈ ਦਿੱਤੀ ਜਾਵੇ?—ਯਾਕੂਬ 3:17.

ਸਵੈ-ਸਤਵਾਦ ਇਸ ਦ੍ਰਿਸ਼ਟੀਕੋਣ ਨੂੰ ਵੀ ਸ਼ਾਇਦ ਅੱਗੇ ਵਧਾਏ ਕਿ ਜੇਕਰ ਇਕ ਮਸੀਹੀ ਬਹੁਤ ਸਾਰੀਆਂ ਨਿੱਜੀ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਹੈ, ਤਾਂ ਜ਼ਰੂਰ ਉਹ ਅਧਿਆਤਮਿਕ ਤੌਰ ਤੇ ਕਮਜ਼ੋਰ ਹੋਵੇਗਾ। ਬਿਲਕੁਲ ਇਹੋ ਹੀ ਵਿਚਾਰ ਸਵੈ-ਸਤਵਾਦੀ ਅਲੀਫ਼ਜ਼, ਬਿਲਦਦ, ਅਤੇ ਸੋਫ਼ਰ ਨੇ ਵਫ਼ਾਦਾਰ ਅੱਯੂਬ ਬਾਰੇ ਵਿਚਾਰਿਆ ਸੀ। ਉਨ੍ਹਾਂ ਨੂੰ ਪੂਰੀ ਸਥਿਤੀ ਦਾ ਗਿਆਨ ਨਹੀਂ ਸੀ, ਇਸ ਲਈ ਉਨ੍ਹਾਂ ਲਈ ਅੱਯੂਬ ਨੂੰ ਪਾਪੀ ਠਹਿਰਾਉਣਾ ਗੁਸਤਾਖੀ ਸੀ। ਅੱਯੂਬ ਦੀਆਂ ਅਜ਼ਮਾਇਸ਼ਾਂ ਬਾਰੇ ਗ਼ਲਤ ਸਿੱਟਾ ਕੱਢਣ ਲਈ ਯਹੋਵਾਹ ਨੇ ਉਨ੍ਹਾਂ ਨੂੰ ਤਾੜਿਆ।—ਦੇਖੋ ਅੱਯੂਬ, ਅਧਿਆਇ 4, 5, 8, 11, 18, 20.

ਅਨੁਚਿਤ ਸਰਗਰਮੀ

ਸਵੈ-ਸਤਵਾਦ ਅਤੇ ਸਰਗਰਮੀ ਅਕਸਰ ਅੰਤਰ-ਸੰਬੰਧਿਤ ਹੁੰਦੇ ਹਨ। ਪੌਲੁਸ ਰਸੂਲ ਨੇ ਧਾਰਮਿਕ ਰੁਝਾਨ ਰੱਖਣ ਵਾਲੇ ਯਹੂਦੀਆਂ ਦਾ ਜ਼ਿਕਰ ਇੰਜ ਕੀਤਾ ਕਿ “ਓਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ। ਕਿਉਂ ਜੋ ਪਰਮੇਸ਼ੁਰ ਦੇ ਧਰਮ ਤੋਂ ਅਣਜਾਣ ਹੋ ਕੇ ਅਤੇ ਆਪਣੇ ਹੀ ਧਰਮ ਨੂੰ ਦ੍ਰਿੜ੍ਹ ਕਰਨ ਦਾ ਜਤਨ ਕਰ ਕੇ ਓਹ ਪਰਮੇਸ਼ੁਰ ਦੇ ਧਰਮ ਦੇ ਅਧੀਨ ਨਾ ਹੋਏ।” (ਰੋਮੀਆਂ 10:2, 3) ਇਕ ਫ਼ਰੀਸੀ ਦੇ ਤੌਰ ਤੇ, ਪੌਲੁਸ ਖ਼ੁਦ ਅਤਿ ਸਰਗਰਮ ਰਿਹਾ ਸੀ, ਭਾਵੇਂ ਕਿ ਉਸ ਦੀ ਸਰਗਰਮੀ ਅਨੁਚਿਤ ਸੀ ਅਤੇ ਯਹੋਵਾਹ ਦੀ ਧਾਰਮਿਕਤਾ ਉੱਤੇ ਆਧਾਰਿਤ ਨਹੀਂ ਸੀ।—ਗਲਾਤੀਆਂ 1:13, 14; ਫ਼ਿਲਿੱਪੀਆਂ 3:6.

ਉਚਿਤ ਤੌਰ ਤੇ ਬਾਈਬਲ ਤਾੜਨਾ ਦਿੰਦੀ ਹੈ: “ਵਧੀਕ ਧਰਮੀ ਨਾ ਬਣ, ਅਤੇ ਵਧੀਕ ਬੁੱਧਵਾਨ ਨਾ ਹੋ ਜਾਹ, ਆਪਣੇ ਨਾਸ ਕਰਨ ਦੀ ਤੈਨੂੰ ਕੀ ਲੋੜ ਹੈ?” (ਉਪਦੇਸ਼ਕ ਦੀ ਪੋਥੀ 7:16) ਕਲੀਸਿਯਾ ਵਿਚ ਇਕ ਮਸੀਹੀ ਸ਼ਾਇਦ ਸ਼ੁਰੂ ਵਿਚ ਨੇਕਨੀਅਤ ਰੱਖੇ, ਪਰੰਤੂ ਉਸ ਦੀ ਨੇਕਨੀਅਤੀ ਅਤੇ ਸਰਗਰਮੀ ਸਵੈ-ਸਤਵਾਦ ਵਿਚ ਭ੍ਰਿਸ਼ਟ ਹੋ ਸਕਦੀ ਹੈ। ਜਦੋਂ ਧਾਰਮਿਕ ਸਰਗਰਮੀ ਯਹੋਵਾਹ ਦੀ ਧਾਰਮਿਕਤਾ ਦੀ ਬਜਾਇ ਮਾਨਵੀ ਬੁੱਧੀ ਦੁਆਰਾ ਨਿਰਦੇਸ਼ਿਤ ਹੁੰਦੀ ਹੈ, ਤਾਂ ਇਹ ਦੂਸਰਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਕਿਵੇਂ?

ਉਦਾਹਰਣ ਦੇ ਲਈ, ਮਾਪੇ ਸ਼ਾਇਦ ਦੂਸਰਿਆਂ ਦੀਆਂ ਅਧਿਆਤਮਿਕ ਲੋੜਾਂ ਦੀ ਪੂਰਤੀ ਵਿਚ ਇੰਨੇ ਰੁੱਝ ਜਾਣ ਕਿ ਉਹ ਸ਼ਾਇਦ ਆਪਣੇ ਖ਼ੁਦ ਦੇ ਪਰਿਵਾਰ ਦੀਆਂ ਲੋੜਾਂ ਨੂੰ ਅਣਗੌਲਿਆਂ ਕਰ ਦੇਣ। ਜਾਂ ਮਾਪੇ ਸ਼ਾਇਦ ਇੰਨੇ ਅਤਿਅਧਿਕ ਸਰਗਰਮ ਹੋਣ ਕਿ ਉਹ ਆਪਣੇ ਬੱਚਿਆਂ ਤੋਂ ਉਨ੍ਹਾਂ ਦੀ ਹੈਸੀਅਤ ਤੋਂ ਵੱਧ ਮੰਗ ਕਰਦੇ ਹਨ। (ਅਫ਼ਸੀਆਂ 6:4; ਕੁਲੁੱਸੀਆਂ 3:21) ਕਈ ਬੱਚੇ, ਅਜਿਹੀਆਂ ਬੇਤੁੱਕੀਆਂ ਮੰਗਾਂ ਵਿਚ ਪੂਰੇ ਨਾ ਉੱਤਰ ਸਕਣ ਦੇ ਕਾਰਨ, ਇਕ ਦੁਪੱਖਾ ਜੀਵਨ ਬਤੀਤ ਕਰ ਕੇ ਪ੍ਰਤਿਕ੍ਰਿਆ ਦਿਖਾਉਂਦੇ ਹਨ। ਇਕ ਤਰਕਸੰਗਤ ਮਾਤਾ ਜਾਂ ਪਿਤਾ ਆਪਣੇ ਪਰਿਵਾਰ ਦੀਆਂ ਹੱਦਾਂ ਨੂੰ ਧਿਆਨ ਵਿਚ ਰੱਖੇਗਾ ਅਤੇ ਉਸ ਅਨੁਸਾਰ ਕਾਰਜ ਕਰੇਗਾ।—ਤੁਲਨਾ ਕਰੋ ਉਤਪਤ 33:12-14.

ਅਤਿਅੰਤ ਸਰਗਰਮੀ ਸਾਨੂੰ ਸੁਚੱਜੇ, ਸਮਾਨ-ਅਨੁਭੂਤੀਸ਼ੀਲ, ਅਤੇ ਕੋਮਲ ਹੋਣ ਤੋਂ ਵੀ ਰੋਕ ਸਕਦੀ ਹੈ, ਜਿਹੜੀਆਂ ਗੱਲਾਂ ਸਾਡੇ ਦੂਸਰਿਆਂ ਨਾਲ ਵਰਤਾਉ ਕਰਨ ਵਿਚ ਅਤਿ-ਆਵੱਸ਼ਕ ਹਨ। ਇਕ ਵਿਅਕਤੀ ਸ਼ਾਇਦ ਰਾਜ ਹਿਤਾਂ ਨੂੰ ਅੱਗੇ ਵਧਾਉਣ ਲਈ ਸਖ਼ਤ ਮਿਹਨਤ ਕਰੇ। ਪਰੰਤੂ, ਉਹ ਅਤਿਅੰਤ ਸਰਗਰਮੀ ਦਿਖਾਉਣ ਵਿਚ ਦੂਸਰਿਆਂ ਨੂੰ ਹਾਨੀ ਪਹੁੰਚਾ ਸਕਦਾ ਹੈ। ਪੌਲੁਸ ਨੇ ਕਿਹਾ: “ਭਾਵੇਂ ਮੈਨੂੰ ਅਗੰਮ ਵਾਕ ਬੋਲਣਾ ਆਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਜਾਣਾਂ ਅਤੇ ਭਾਵੇਂ ਮੈਂ ਪੂਰੀ ਨਿਹਚਾ ਰੱਖਾਂ ਅਜਿਹੀ ਭਈ ਪਹਾੜਾਂ ਨੂੰ ਹਟਾ ਦਿਆਂ ਪਰ ਪ੍ਰੇਮ ਨਾ ਰੱਖਾਂ, ਮੈਂ ਕੁਝ ਵੀ ਨਹੀਂ। ਅਤੇ ਭਾਵੇਂ ਮੈਂ ਆਪਣਾ ਸਾਰਾ ਮਾਲ ਖੁਆਉਣ ਲਈ ਪੁੰਨ ਕਰ ਦਿਆਂ ਅਤੇ ਭਾਵੇਂ ਮੈਂ ਆਪਣਾ ਸਰੀਰ ਸੜਨ ਲਈ ਦੇ ਦਿਆਂ ਪਰ ਪ੍ਰੇਮ ਨਾ ਰੱਖਾਂ, ਤਾਂ ਕੁਝ ਲਾਭ ਨਹੀਂ।”—1 ਕੁਰਿੰਥੀਆਂ 13:2, 3.

ਪਰਮੇਸ਼ੁਰ ਨਿਮਰ ਵਿਅਕਤੀਆਂ ਉੱਤੇ ਕਿਰਪਾ ਕਰਦਾ ਹੈ

ਮਸੀਹੀਆਂ ਦੇ ਤੌਰ ਤੇ ਸਾਨੂੰ ਸਵੈ-ਸਤਵਾਦ ਦੇ ਖ਼ਤਰੇ ਨੂੰ ਪਛਾਣਨ ਦੀ ਲੋੜ ਹੈ, ਇਸ ਤੋਂ ਪਹਿਲਾਂ ਕਿ ਇਹ ਸਾਡੇ ਉੱਤੇ ਵਾਰ ਕਰੇ। ਸਾਨੂੰ ਉੱਚ ਮਨੋਬਿਰਤੀ, ਦੂਸਰਿਆਂ ਤੇ ਦੋਸ਼ ਲਾਉਣ ਦੀ ਆਦਤ, ਅਤੇ ਮਾਨਵੀ ਬੁੱਧੀ ਉੱਤੇ ਆਧਾਰਿਤ ਅੰਨ੍ਹੀ ਸਰਗਰਮੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਜਿਉਂ ਹੀ ਅਸੀਂ ਫ਼ਰੀਸੀਵਾਦੀ ਰਵੱਈਏ ਤੋਂ “ਹੁਸ਼ਿਆਰ” ਰਹਿੰਦੇ ਹਾਂ, ਦੂਸਰਿਆਂ ਉੱਤੇ ਸਵੈ-ਸਤਵਾਦੀ ਹੋਣ ਦਾ ਦੋਸ਼ ਲਾਉਣ ਦੀ ਬਜਾਇ, ਬਿਹਤਰ ਹੋਵੇਗਾ ਕਿ ਅਸੀਂ ਆਪਣੇ ਰੁਝਾਨ ਅਤੇ ਝੁਕਾਉ ਵੱਲ ਧਿਆਨ ਦੇਈਏ। ਸੱਚ ਹੈ, ਯਿਸੂ ਨੇ ਫ਼ਰੀਸੀਆਂ ਉੱਤੇ ਦੋਸ਼ ਲਾਇਆ ਅਤੇ ਉਨ੍ਹਾਂ ਨੂੰ “ਨਾਗਾਂ ਦੇ ਬੱਚਿਓ” ਕਹਿ ਕੇ ਨਿੰਦਿਆ, ਜਿਹੜੇ ਕਿ ਸਦੀਪਕ ਵਿਨਾਸ਼ ਦੇ ਯੋਗ ਸਨ। ਪਰੰਤੂ ਯਿਸੂ ਲੋਕਾਂ ਦੇ ਹਿਰਦਿਆਂ ਨੂੰ ਪੜ੍ਹ ਸਕਦਾ ਸੀ। ਅਸੀਂ ਨਹੀਂ ਪੜ੍ਹ ਸਕਦੇ ਹਾਂ।—ਮੱਤੀ 23:33.

ਆਓ ਅਸੀਂ ਪਰਮੇਸ਼ੁਰ ਦੀ ਧਾਰਮਿਕਤਾ ਦੀ ਖੋਜ ਕਰੀਏ, ਆਪਣੀ ਨਹੀਂ। (ਮੱਤੀ 6:33) ਕੇਵਲ ਤਦ ਹੀ ਅਸੀਂ ਯਹੋਵਾਹ ਦੀ ਕਿਰਪਾ ਹਾਸਲ ਕਰ ਸਕਾਂਗੇ, ਕਿਉਂਕਿ ਬਾਈਬਲ ਸਾਨੂੰ ਸਾਰਿਆਂ ਨੂੰ ਤਾੜਦੀ ਹੈ: “ਤੁਸੀਂ ਸੱਭੇ ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ, ਇਸ ਲਈ ਜੋ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ।”—1 ਪਤਰਸ 5:5. (w95 10/15)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ