ਸੱਚੀ ਖ਼ੁਸ਼ੀ—ਇਸ ਦਾ ਰਾਜ਼ ਕੀ ਹੈ?
ਮਾਨਵ ਖ਼ੁਸ਼ ਰਹਿਣ ਲਈ ਬਣਾਏ ਗਏ ਸਨ। ਅਸੀਂ ਕਿਉਂ ਇਸ ਬਾਰੇ ਯਕੀਨੀ ਹੋ ਸਕਦੇ ਹਾਂ? ਖ਼ੈਰ, ਆਦਮੀ ਦੇ ਆਰੰਭ ਉੱਤੇ ਵਿਚਾਰ ਕਰੋ।
ਯਹੋਵਾਹ ਪਰਮੇਸ਼ੁਰ ਨੇ ਪਹਿਲੇ ਮਾਨਵੀ ਜੋੜੇ ਨੂੰ ਖ਼ੁਸ਼ੀ ਦਾ ਆਨੰਦ ਮਾਣਨ ਦੀ ਯੋਗਤਾ ਨਾਲ ਬਣਾਇਆ ਸੀ। ਆਦਮ ਅਤੇ ਹੱਵਾਹ ਨੂੰ ਅਦਨ ਨਾਮਕ ਪਰਾਦੀਸ, ਅਰਥਾਤ ਆਨੰਦ ਦੇ ਬਾਗ਼, ਵਿਚ ਰੱਖਿਆ ਗਿਆ ਸੀ। ਸ੍ਰਿਸ਼ਟੀਕਰਤਾ ਨੇ ਉਨ੍ਹਾਂ ਨੂੰ ਜੀਵਨ ਲਈ ਜ਼ਰੂਰੀ ਸਾਰੀਆਂ ਭੌਤਿਕ ਚੀਜ਼ਾਂ ਮੁਹੱਈਆ ਕੀਤੀਆਂ। ਬਾਗ਼ ਵਿਚ ‘ਹਰ ਬਿਰਛ ਵੇਖਣ ਵਿੱਚ ਸੁੰਦਰ ਸੀ ਅਰ ਖਾਣ ਵਿੱਚ ਚੰਗਾ ਸੀ।’ (ਉਤਪਤ 2:9) ਆਦਮ ਅਤੇ ਹੱਵਾਹ ਸਿਹਤਮੰਦ, ਤਾਕਤਵਰ, ਅਤੇ ਸੁੰਦਰ ਸਨ—ਉਹ ਸੰਪੂਰਣ ਅਤੇ ਸੱਚ-ਮੁੱਚ ਖ਼ੁਸ਼ ਸਨ।
ਪਰੰਤੂ, ਉਨ੍ਹਾਂ ਦੀ ਖ਼ੁਸ਼ੀ ਦਾ ਰਾਜ਼ ਕੀ ਸੀ? ਕੀ ਇਹ ਰਾਜ਼ ਉਨ੍ਹਾਂ ਦਾ ਪਰਾਦੀਸੀ ਘਰ ਸੀ ਜਾਂ ਸ਼ਾਇਦ ਉਨ੍ਹਾਂ ਦੀ ਸਰੀਰਕ ਸੰਪੂਰਣਤਾ? ਪਰਮੇਸ਼ੁਰ ਵੱਲੋਂ ਇਨ੍ਹਾਂ ਤੋਹਫ਼ਿਆਂ ਨੇ ਉਨ੍ਹਾਂ ਦੇ ਜੀਵਨ ਦੇ ਆਨੰਦ ਨੂੰ ਵਧਾਇਆ। ਪਰੰਤੂ ਉਨ੍ਹਾਂ ਦੀ ਖ਼ੁਸ਼ੀ ਅਜਿਹੀਆਂ ਭੌਤਿਕ ਚੀਜ਼ਾਂ ਉੱਤੇ ਨਿਰਭਰ ਨਹੀਂ ਸੀ। ਅਦਨ ਦਾ ਬਾਗ਼ ਸਿਰਫ਼ ਇਕ ਸੁੰਦਰ ਬਗ਼ੀਚਾ ਹੀ ਨਹੀਂ ਸੀ। ਇਹ ਇਕ ਪਵਿੱਤਰ ਅਸਥਾਨ ਸੀ, ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਇਕ ਜਗ੍ਹਾ। ਸ੍ਰਿਸ਼ਟੀਕਰਤਾ ਨਾਲ ਇਕ ਪ੍ਰੇਮਮਈ ਰਿਸ਼ਤਾ ਬਣਾਉਣ ਅਤੇ ਉਸ ਨੂੰ ਕਾਇਮ ਰੱਖਣ ਦੀ ਉਨ੍ਹਾਂ ਦੀ ਯੋਗਤਾ ਹੀ ਉਨ੍ਹਾਂ ਦੀ ਸਦੀਵੀ ਖ਼ੁਸ਼ੀ ਦਾ ਰਾਜ਼ ਸੀ। ਖ਼ੁਸ਼ ਰਹਿਣ ਲਈ, ਉਨ੍ਹਾਂ ਨੂੰ ਪਹਿਲਾਂ ਅਧਿਆਤਮਿਕ ਬਣਨਾ ਸੀ।—ਤੁਲਨਾ ਕਰੋ ਮੱਤੀ 5:3, ਨਿ ਵ.
ਅਧਿਆਤਮਿਕਤਾ ਖ਼ੁਸ਼ੀ ਵੱਲ ਲੈ ਜਾਂਦੀ ਹੈ
ਆਰੰਭ ਵਿਚ ਆਦਮ ਦਾ ਪਰਮੇਸ਼ੁਰ ਦੇ ਨਾਲ ਇਕ ਅਧਿਆਤਮਿਕ ਰਿਸ਼ਤਾ ਸੀ। ਇਹ ਇਕ ਪ੍ਰੇਮਮਈ, ਕੋਮਲ ਰਿਸ਼ਤਾ ਸੀ ਜਿਵੇਂ ਇਕ ਪੁੱਤਰ ਦਾ ਆਪਣੇ ਪਿਤਾ ਨਾਲ ਹੁੰਦਾ ਹੈ। (ਲੂਕਾ 3:38) ਅਦਨ ਦੇ ਬਾਗ਼ ਵਿਚ, ਆਦਮ ਅਤੇ ਹੱਵਾਹ ਦੇ ਚੰਗੇ ਹਾਲਾਤ ਸਨ ਜਿਨ੍ਹਾਂ ਵਿਚ ਉਹ ਉਪਾਸਨਾ ਕਰਨ ਦੀ ਆਪਣੀ ਇੱਛਾ ਨੂੰ ਸੰਤੁਸ਼ਟ ਕਰ ਸਕਦੇ ਸੀ। ਯਹੋਵਾਹ ਪ੍ਰਤੀ ਆਪਣੀ ਇੱਛਿਤ, ਪ੍ਰੇਮਮਈ ਆਗਿਆਕਾਰਤਾ ਰਾਹੀਂ, ਉਹ ਜਾਨਵਰਾਂ ਨਾਲੋਂ ਕਿਤੇ ਜ਼ਿਆਦਾ ਪਰਮੇਸ਼ੁਰ ਲਈ ਆਦਰ ਅਤੇ ਮਹਿਮਾ ਲਿਆਉਂਦੇ। ਉਹ ਸਮਝਦਾਰੀ ਨਾਲ ਪਰਮੇਸ਼ੁਰ ਦੇ ਅਦਭੁਤ ਗੁਣਾਂ ਲਈ ਉਸ ਦੀ ਉਸਤਤ ਕਰ ਸਕਦੇ ਸਨ ਅਤੇ ਉਸ ਦੀ ਸਰਬਸੱਤਾ ਦਾ ਸਮਰਥਨ ਕਰ ਸਕਦੇ ਸਨ। ਨਾਲੇ ਉਹ ਯਹੋਵਾਹ ਦੀ ਪ੍ਰੇਮਮਈ ਅਤੇ ਕੋਮਲ ਦੇਖ-ਭਾਲ ਲਗਾਤਾਰ ਪ੍ਰਾਪਤ ਕਰ ਸਕਦੇ ਸਨ।
ਸ੍ਰਿਸ਼ਟੀਕਰਤਾ ਨਾਲ ਇਸ ਸਾਂਝ ਨੇ ਅਤੇ ਉਸ ਦੇ ਕਾਨੂੰਨਾਂ ਪ੍ਰਤੀ ਆਗਿਆਕਾਰਤਾ ਨੇ ਸਾਡੇ ਪਹਿਲੇ ਮਾਤਾ-ਪਿਤਾ ਲਈ ਸੱਚੀ ਖ਼ੁਸ਼ੀ ਲਿਆਂਦੀ। (ਲੂਕਾ 11:28) ਆਦਮ ਅਤੇ ਹੱਵਾਹ ਨੂੰ ਖ਼ੁਸ਼ੀ ਦਾ ਰਾਜ਼ ਹਾਸਲ ਕਰਨ ਲਈ ਬਹੁਤ ਸਾਲਾਂ ਲਈ ਵੱਖਰੇ-ਵੱਖਰੇ ਤਜਰਬੇ ਕਰਨ ਦੀ ਜ਼ਰੂਰਤ ਨਹੀਂ ਸੀ। ਉਹ ਸ੍ਰਿਸ਼ਟ ਕੀਤੇ ਜਾਣ ਦੇ ਪਲ ਤੋਂ ਹੀ ਖ਼ੁਸ਼ ਸਨ। ਪਰਮੇਸ਼ੁਰ ਨਾਲ ਸ਼ਾਂਤੀ ਬਣਾਈ ਰੱਖਣ ਨਾਲ ਅਤੇ ਉਸ ਦੇ ਅਧਿਕਾਰ ਅਧੀਨ ਰਹਿਣ ਕਾਰਨ ਉਨ੍ਹਾਂ ਨੂੰ ਖ਼ੁਸ਼ੀ ਮਿਲੀ।
ਪਰੰਤੂ, ਇਹ ਖ਼ੁਸ਼ੀ ਉਸੇ ਪਲ ਮੁੱਕ ਗਈ ਜਦੋਂ ਉਨ੍ਹਾਂ ਨੇ ਪਰਮੇਸ਼ੁਰ ਦੀ ਅਵੱਗਿਆ ਕੀਤੀ। ਬਗਾਵਤ ਕਰਨ ਦੁਆਰਾ, ਆਦਮ ਅਤੇ ਹੱਵਾਹ ਨੇ ਯਹੋਵਾਹ ਨਾਲ ਅਧਿਆਤਮਿਕ ਰਿਸ਼ਤਾ ਤੋੜ ਲਿਆ। ਉਹ ਹੁਣ ਪਰਮੇਸ਼ੁਰ ਦੇ ਦੋਸਤ ਨਹੀਂ ਸਨ। (ਉਤਪਤ 3:17-19) ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਦਿਨ ਉਨ੍ਹਾਂ ਨੂੰ ਬਾਗ਼ ਵਿੱਚੋਂ ਕੱਢਿਆ ਗਿਆ, ਉਸੇ ਦਿਨ ਤੋਂ ਹੀ ਪਰਮੇਸ਼ੁਰ ਨੇ ਉਨ੍ਹਾਂ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਉਨ੍ਹਾਂ ਨੇ ਆਪਣੀ ਸੰਪੂਰਣਤਾ, ਸਦਾ ਦੇ ਲਈ ਜੀਉਂਦੇ ਰਹਿਣ ਦੀ ਸੰਭਾਵਨਾ, ਅਤੇ ਆਪਣਾ ਬਾਗ਼ ਰੂਪੀ ਘਰ ਗੁਆ ਲਿਆ। (ਉਤਪਤ 3:23) ਪਰੰਤੂ ਇਸ ਤੋਂ ਵੀ ਮਹੱਤਵਪੂਰਣ, ਕਿਉਂਕਿ ਉਹ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਤੋੜ ਚੁੱਕੇ ਸਨ, ਉਨ੍ਹਾਂ ਨੇ ਖ਼ੁਸ਼ੀ ਦੇ ਰਾਜ਼ ਨੂੰ ਗੁਆ ਦਿੱਤਾ।
ਚੋਣ ਕਰਨ ਦੀ ਸਾਡੀ ਯੋਗਤਾ
ਮਰਨ ਤੋਂ ਪਹਿਲਾਂ, ਆਦਮ ਅਤੇ ਹੱਵਾਹ ਨੇ ਆਪਣੀਆਂ ਮਾਨਵੀ ਵਿਸ਼ੇਸ਼ਤਾਵਾਂ ਆਪਣੀ ਸੰਤਾਨ ਨੂੰ ਦਿੱਤੀਆਂ, ਅਰਥਾਤ ਆਪਣਾ ਪੈਦਾਇਸ਼ੀ ਅੰਤਹਕਰਣ, ਅਤੇ ਅਧਿਆਤਮਿਕ ਬਣਨ ਦੀ ਸਮਰਥਾ। ਮਾਨਵੀ ਪਰਿਵਾਰ ਜਾਨਵਰਾਂ ਦੀ ਹੱਦ ਤਕ ਨਹੀਂ ਡਿੱਗਿਆ ਸੀ। ਅਸੀਂ ਸ੍ਰਿਸ਼ਟੀਕਰਤਾ ਨਾਲ ਦੁਬਾਰਾ ਮੇਲ ਕਰ ਸਕਦੇ ਹਾਂ। (2 ਕੁਰਿੰਥੀਆਂ 5:18) ਸਮਝਦਾਰ ਪ੍ਰਾਣੀ ਵਜੋਂ, ਮਾਨਵ ਕੋਲ ਅਜੇ ਵੀ ਇਹ ਚੋਣ ਕਰਨ ਦੀ ਸਮਰਥਾ ਹੈ ਕਿ ਉਹ ਪਰਮੇਸ਼ੁਰ ਦਾ ਹੁਕਮ ਮੰਨੇ ਜਾਂ ਨਾ ਮੰਨੇ। ਬਹੁਤ ਸਦੀਆਂ ਬਾਅਦ ਇਹ ਗੱਲ ਸਪੱਸ਼ਟ ਕੀਤੀ ਗਈ ਸੀ ਜਦੋਂ ਯਹੋਵਾਹ ਨੇ ਇਸਰਾਏਲ ਦੀ ਨਵੀਂ ਬਣੀ ਕੌਮ ਨੂੰ ਜੀਵਨ ਜਾਂ ਮੌਤ ਦੀ ਚੋਣ ਕਰਨ ਨੂੰ ਕਿਹਾ। ਆਪਣੇ ਬੁਲਾਰੇ ਮੂਸਾ ਦੁਆਰਾ, ਪਰਮੇਸ਼ੁਰ ਨੇ ਕਿਹਾ: “ਮੈਂ ਅੱਜ ਤੁਹਾਡੇ ਸਾਹਮਣੇ ਜੀਵਨ ਅਤੇ ਭਲਿਆਈ, ਮੌਤ ਅਤੇ ਬੁਰਿਆਈ ਰੱਖ ਦਿੱਤੀ ਹੈ।”—ਬਿਵਸਥਾ ਸਾਰ 30:15-18.
ਹੁਣ ਵੀ, ਮੁਢਲਾ ਪਰਾਦੀਸ ਗੁਆਚ ਜਾਣ ਦੇ ਹਜ਼ਾਰਾਂ ਸਾਲ ਬਾਅਦ, ਅਸੀਂ ਮਾਨਵ ਅਜੇ ਵੀ ਸਹੀ ਚੋਣ ਕਰਨ ਦੇ ਸਮਰਥ ਹਾਂ। ਸਾਡੇ ਕੋਲ ਕਾਰਜਸ਼ੀਲ ਅੰਤਹਕਰਣ ਹੈ, ਅਤੇ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਮੰਨਣ ਦੀ ਬੁਨਿਆਦੀ ਸਮਰਥਾ ਹੈ। ਬਾਈਬਲ “ਅੰਦਰਲੀ ਇਨਸਾਨੀਅਤ” ਅਤੇ “ਅੰਦਰਲੇ ਪੁਰਸ਼” ਬਾਰੇ ਗੱਲ ਕਰਦੀ ਹੈ। (2 ਕੁਰਿੰਥੀਆਂ 4:16; ਰੋਮੀਆਂ 7:22) ਇਹ ਲਫ਼ਜ਼ ਪਰਮੇਸ਼ੁਰ ਦੇ ਵਿਅਕਤਿੱਤਵ ਨੂੰ ਪ੍ਰਤਿਬਿੰਬਤ ਕਰਨ, ਉਸ ਵਾਂਗ ਸੋਚਣ, ਅਤੇ ਅਧਿਆਤਮਿਕ ਬਣਨ ਦੀ ਸਾਡੇ ਸਾਰਿਆਂ ਦੀ ਪੈਦਾਇਸ਼ੀ ਯੋਗਤਾ ਨੂੰ ਸੂਚਿਤ ਕਰਦੇ ਹਨ।
ਸਾਡੀ ਨੈਤਿਕ ਪ੍ਰਕਿਰਤੀ ਅਤੇ ਅੰਤਹਕਰਣ ਦੇ ਸੰਬੰਧ ਵਿਚ, ਪੌਲੁਸ ਰਸੂਲ ਨੇ ਲਿਖਿਆ: “ਜਦ ਪਰਾਈਆਂ ਕੌਮਾਂ ਜਿਹੜੀਆਂ ਸ਼ਰਾ ਹੀਨ ਹਨ ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੀਆਂ ਹਨ ਤਾਂ ਸ਼ਰਾ ਦੇ ਨਾ ਹੁੰਦਿਆਂ ਓਹ ਆਪਣੇ ਲਈ ਆਪ ਹੀ ਸ਼ਰਾ ਹਨ। ਸੋ ਓਹ ਸ਼ਰਾ ਦਾ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਲਦੀਆਂ ਹਨ ਨਾਲੇ ਉਨ੍ਹਾਂ ਦਾ ਅੰਤਹਕਰਨ ਉਹ ਦੀ ਸਾਖੀ ਦਿੰਦਾ ਹੈ ਅਤੇ ਉਨ੍ਹਾਂ ਦੇ ਖਿਆਲ ਉਨ੍ਹਾਂ ਨੂੰ ਆਪੋ ਵਿੱਚੀਂ ਦੋਸ਼ੀ ਅਥਵਾ ਨਿਰਦੋਸ਼ੀ ਠਹਿਰਾਉਂਦੇ ਹਨ।”—ਰੋਮੀਆਂ 2:14, 15.
ਰਾਜ਼—ਈਸ਼ਵਰੀ ਬੁੱਧੀ ਅਤੇ ਆਗਿਆਕਾਰਤਾ
ਪਰੰਤੂ ਸ਼ਾਇਦ ਇਕ ਵਿਅਕਤੀ ਪੁੱਛੇ, ‘ਜੇਕਰ ਸਾਡਾ ਸਾਰਿਆਂ ਦਾ ਕੁਦਰਤੀ ਤੌਰ ਤੇ ਝੁਕਾਅ ਪਰਮੇਸ਼ੁਰ ਦੀ ਸੇਵਾ ਕਰਨ ਅਤੇ, ਸਿੱਟੇ ਵਜੋਂ, ਸੱਚੀ ਖ਼ੁਸ਼ੀ ਦਾ ਆਨੰਦ ਮਾਣਨ ਦਾ ਹੈ, ਤਾਂ ਫਿਰ ਨਾਖ਼ੁਸ਼ੀ ਇੰਨੀ ਵਿਆਪਕ ਕਿਉਂ ਹੈ?’ ਇਹ ਇਸ ਕਰਕੇ ਹੈ ਕਿਉਂਕਿ ਖ਼ੁਸ਼ ਹੋਣ ਲਈ, ਸਾਡੇ ਵਿੱਚੋਂ ਹਰ ਇਕ ਨੂੰ ਅਧਿਆਤਮਿਕਤਾ ਵਿਕਸਿਤ ਕਰਨੀ ਪਵੇਗੀ। ਭਾਵੇਂ ਕਿ ਮੂਲ ਰੂਪ ਵਿਚ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਸ੍ਰਿਸ਼ਟ ਕੀਤੇ ਗਏ ਹਾਂ, ਆਦਮੀ ਆਪਣੇ ਸ੍ਰਿਸ਼ਟੀਕਰਤਾ ਤੋਂ ਦੂਰ ਹੋ ਗਿਆ ਹੈ। (ਅਫ਼ਸੀਆਂ 4:17, 18) ਇਸ ਲਈ, ਪਰਮੇਸ਼ੁਰ ਦੇ ਨਾਲ ਇਕ ਅਧਿਆਤਮਿਕ ਰਿਸ਼ਤਾ ਬਣਾਉਣ ਅਤੇ ਉਸ ਨੂੰ ਕਾਇਮ ਰੱਖਣ ਲਈ ਸਾਡੇ ਵਿੱਚੋਂ ਹਰ ਇਕ ਨੂੰ ਨਿਸ਼ਚਿਤ ਕਦਮ ਚੁੱਕਣੇ ਚਾਹੀਦੇ ਹਨ। ਅਜਿਹਾ ਰਿਸ਼ਤਾ ਖ਼ੁਦ-ਬ-ਖ਼ੁਦ ਨਹੀਂ ਬਣਦਾ।
ਅਧਿਆਤਮਿਕਤਾ ਨੂੰ ਵਿਕਸਿਤ ਕਰਨ ਲਈ ਯਿਸੂ ਨੇ ਦੋ ਮਹੱਤਵਪੂਰਣ ਸਿਧਾਂਤਾਂ ਬਾਰੇ ਦੱਸਿਆ ਸੀ। ਪਹਿਲਾ ਸਿਧਾਂਤ ਹੈ ਪਰਮੇਸ਼ੁਰ ਦਾ ਯਥਾਰਥ ਗਿਆਨ ਲੈਣਾ, ਅਤੇ ਦੂਸਰਾ ਆਗਿਆਕਾਰਤਾ ਨਾਲ ਉਸ ਦੀ ਇੱਛਾ ਅਧੀਨ ਹੋਣਾ। (ਯੂਹੰਨਾ 17:3) ਪਰਮੇਸ਼ੁਰ ਦੇ ਬਚਨ ਤੋਂ ਹਵਾਲਾ ਦਿੰਦੇ ਹੋਏ, ਯਿਸੂ ਨੇ ਕਿਹਾ: “ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਇਕ ਦੂਸਰੇ ਮੌਕੇ ਤੇ, ਯਿਸੂ ਨੇ ਕਿਹਾ ਸੀ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।” (ਯੂਹੰਨਾ 4:34) ਖ਼ੁਸ਼ੀ ਦੀ ਭਾਲ ਵਿਚ ਸਾਨੂੰ ਕਈ ਦਹਾਕਿਆਂ ਲਈ ਤਜਰਬੇ ਕਰਨ ਦੀ ਲੋੜ ਨਹੀਂ ਹੈ। ਤਜਰਬਾ ਖ਼ੁਸ਼ੀ ਦਾ ਰਾਜ਼ ਨਹੀਂ ਹੈ। ਇਸ ਦੀ ਬਜਾਇ, ਸਿਰਫ਼ ਈਸ਼ਵਰੀ ਬੁੱਧੀ ਅਤੇ ਆਪਣੇ ਸ੍ਰਿਸ਼ਟੀਕਰਤਾ ਪ੍ਰਤੀ ਆਗਿਆਕਾਰਤਾ ਹੀ ਜੀਵਨ ਵਿਚ ਸੱਚੇ ਆਨੰਦ ਵੱਲ ਲੈ ਜਾ ਸਕਦੀਆਂ ਹਨ।—ਜ਼ਬੂਰ 19:7, 8; ਉਪਦੇਸ਼ਕ ਦੀ ਪੋਥੀ 12:13.
ਸਪੱਸ਼ਟ ਤੌਰ ਤੇ, ਜਿਹੜੀ ਖ਼ੁਸ਼ੀ ਈਸ਼ਵਰੀ ਬੁੱਧੀ ਇਸਤੇਮਾਲ ਕਰਨ ਅਤੇ ਪਰਮੇਸ਼ੁਰ ਸਾਮ੍ਹਣੇ ਵਧੀਆ ਸਥਿਤੀ ਰੱਖਣ ਤੋਂ ਮਿਲਦੀ ਹੈ, ਉਹ ਸਾਡੀ ਪਹੁੰਚ ਤੋਂ ਬਾਹਰ ਨਹੀਂ ਹੈ। (ਰਸੂਲਾਂ ਦੇ ਕਰਤੱਬ 17:26, 27) ਯਹੋਵਾਹ ਅਤੇ ਉਸ ਦੇ ਮਕਸਦ ਦਾ ਗਿਆਨ ਸਾਰਿਆਂ ਨੂੰ ਉਪਲਬਧ ਹੈ। ਬਹੁਤ ਸਾਰੀਆਂ ਭਾਸ਼ਾਵਾਂ ਵਿਚ ਬਾਈਬਲ ਦੀਆਂ ਅਰਬਾਂ ਕਾਪੀਆਂ ਹੋਣ ਕਾਰਨ, ਇਹ ਅਜੇ ਵੀ ਸੰਸਾਰ ਦੀ ਸਭ ਤੋਂ ਜ਼ਿਆਦਾ ਵਿਆਪਕ ਤੌਰ ਤੇ ਵੰਡੀ ਗਈ ਕਿਤਾਬ ਹੈ। ਬਾਈਬਲ ਪਰਮੇਸ਼ੁਰ ਦੇ ਦੋਸਤ ਬਣਨ ਵਿਚ ਅਤੇ ਸੱਚੀ ਖ਼ੁਸ਼ੀ ਦਾ ਆਨੰਦ ਮਾਣਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ, ਕਿਉਂਕਿ ਸ਼ਾਸਤਰ ਸਾਨੂੰ ਦੱਸਦਾ ਹੈ ਕਿ “ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!”—ਜ਼ਬੂਰ 144:15.
[ਸਫ਼ੇ 6 ਉੱਤੇ ਡੱਬੀ]
ਖ਼ੁਸ਼ੀ ਪ੍ਰਾਪਤ ਕਰਨ ਦੇ ਕਦਮ
1. ਅਧਿਆਤਮਿਕਤਾ ਦੀ ਕਦਰ ਕਰੋ ਅਤੇ ਇਸ ਨੂੰ ਵਿਕਸਿਤ ਕਰੋ। ਯਿਸੂ ਨੇ ਕਿਹਾ: “ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।”—ਲੂਕਾ 11:28.
2. ਇਸ ਗੱਲ ਨੂੰ ਸਿਆਣੋ ਕਿ ਪਰਮੇਸ਼ੁਰ ਦੀ ਪ੍ਰਵਾਨਗੀ ਧਨ ਅਤੇ ਸੁਖ-ਸਾਧਨਾਂ ਨਾਲੋਂ ਜ਼ਿਆਦਾ ਮਹੱਤਵਪੂਰਣ ਹੈ। ਪੌਲੁਸ ਨੇ ਲਿਖਿਆ: “ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ। . . . ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।”—1 ਤਿਮੋਥਿਉਸ 6:6-8.
3. ਬਾਈਬਲ-ਸਿੱਖਿਅਤ ਅੰਤਹਕਰਣ ਵਿਕਸਿਤ ਕਰਨ ਅਤੇ ਇਸ ਅਨੁਸਾਰ ਚੱਲਣ ਲਈ ਸਖ਼ਤ ਕੋਸ਼ਿਸ਼ ਕਰੋ।—ਰੋਮੀਆਂ 2:14, 15.
4. ਯਹੋਵਾਹ ਪਰਮੇਸ਼ੁਰ ਦਾ ਹੁਕਮ ਮੰਨਣ ਦਾ ਪੱਕਾ ਇਰਾਦਾ ਕਰੋ, ਇਸ ਤਰ੍ਹਾਂ ਤੁਸੀਂ ਉਸ ਦੇ ਲੋਕਾਂ ਵਿਚ ਹੋਣ ਦੇ ਕਾਬਲ ਹੋ ਸਕਦੇ ਹੋ। ਪ੍ਰਾਚੀਨ ਸਮੇਂ ਦੇ ਦਾਊਦ ਨੇ ਲਿਖਿਆ: “ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!”—ਜ਼ਬੂਰ 144:15.
[ਸਫ਼ੇ 7 ਉੱਤੇ ਤਸਵੀਰ]
“ਖ਼ੁਸ਼ ਹਨ ਉਹ ਜੋ ਆਪਣੀ ਅਧਿਆਤਮਿਕ ਲੋੜ ਦੇ ਪ੍ਰਤੀ ਸਚੇਤ ਹਨ।”—ਮੱਤੀ 5:3, “ਨਿ ਵ”