ਕੀ ਇਹ ਸੱਚ-ਮੁੱਚ ਅੰਤ ਦੇ ਦਿਨ ਹਨ?
ਤੁਸੀਂ ਬੇੜੀ ਦੇ ਅਗਲੇ ਹਿੱਸੇ ਵਿਚ ਹੋ ਜਦੋਂ ਇਹ ਦਰਿਆ ਦੇ ਖ਼ਤਰਨਾਕ ਹਿੱਸੇ ਵਿਚ ਪਹੁੰਚਦੀ ਹੈ। ਵੱਡੇ-ਵੱਡੇ ਪੱਥਰ ਪਾਣੀ ਦੀ ਝੱਗ ਅਤੇ ਫੁਹਾਰ ਵਿੱਚੋਂ ਦਿਖਾਈ ਦਿੰਦੇ ਹਨ। ਤੁਸੀਂ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋ। ਤੁਹਾਡੇ ਪਿੱਛੇ ਬੈਠਾ ਵਿਅਕਤੀ ਬੇੜੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ, ਪਰੰਤੂ ਉਸ ਨੂੰ ਜ਼ਿਆਦਾ ਤਜਰਬਾ ਨਹੀਂ ਹੈ। ਇਸ ਤੋਂ ਹੋਰ ਬਦਤਰ, ਤੁਹਾਡੇ ਕੋਲ ਨਕਸ਼ਾ ਨਹੀਂ ਹੈ, ਇਸ ਕਰਕੇ ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਪਾਣੀ ਦਾ ਤੇਜ਼ ਵਹਾਅ ਸ਼ਾਂਤ ਤਲਾਬ ਵਿਚ ਜਾ ਕੇ ਖ਼ਤਮ ਹੋਵੇਗਾ ਜਾਂ ਝਰਨੇ ਵਿਚ ਖ਼ਤਮ ਹੋਵੇਗਾ।
ਇਹ ਬਿਲਕੁਲ ਸੁਹਾਵਣਾ ਦ੍ਰਿਸ਼ ਨਹੀਂ ਹੈ। ਇਸ ਕਰਕੇ ਆਓ ਅਸੀਂ ਇਸ ਨੂੰ ਬਦਲ ਦੇਈਏ। ਕਲਪਨਾ ਕਰੋ ਕਿ ਤੁਹਾਡੇ ਨਾਲ ਇਕ ਤਜਰਬੇਕਾਰ ਮਾਰਗ-ਦਰਸ਼ਕ ਹੈ, ਜੋ ਇਸ ਦਰਿਆ ਦੀ ਹਰ ਇਕ ਚਟਾਨ, ਹਰ ਇਕ ਮੋੜ ਬਾਰੇ ਜਾਣਦਾ ਹੈ। ਉਹ ਪਹਿਲਾਂ ਹੀ ਜਾਣਦਾ ਸੀ ਕਿ ਅੱਗੇ ਦਰਿਆ ਦਾ ਇਹ ਖ਼ਤਰਨਾਕ ਹਿੱਸਾ ਹੈ, ਅਤੇ ਉਹ ਜਾਣਦਾ ਹੈ ਕਿ ਝੱਗਦਾਰ ਪਾਣੀ ਕਿੱਥੇ ਜਾ ਕੇ ਖ਼ਤਮ ਹੋਵੇਗਾ, ਅਤੇ ਉਹ ਜਾਣਦਾ ਹੈ ਕਿ ਇਸ ਵਿੱਚੋਂ ਕਿਵੇਂ ਲੰਘਣਾ ਹੈ। ਕੀ ਤੁਸੀਂ ਜ਼ਿਆਦਾ ਸੁਰੱਖਿਅਤ ਮਹਿਸੂਸ ਨਹੀਂ ਕਰੋਗੇ?
ਸੱਚ-ਮੁੱਚ, ਅਸੀਂ ਸਾਰੇ ਸਮਾਨ ਔਖਿਆਈ ਵਿਚ ਹਾਂ। ਅਸੀਂ ਆਪਣੇ ਆਪ ਨੂੰ, ਬਿਨਾਂ ਸਾਡੇ ਆਪਣੇ ਕਿਸੇ ਦੋਸ਼ ਦੇ, ਮਨੁੱਖੀ ਇਤਿਹਾਸ ਦੇ ਖ਼ਤਰਨਾਕ ਸਮੇਂ ਵਿਚ ਪਾਉਂਦੇ ਹਾਂ। ਜ਼ਿਆਦਾਤਰ ਲੋਕਾਂ ਨੂੰ ਅੰਦਾਜ਼ਾ ਨਹੀਂ ਹੈ ਕਿ ਹਾਲਾਤ ਕਿੰਨਾ ਚਿਰ ਇਸ ਤਰ੍ਹਾਂ ਚੱਲਦੇ ਰਹਿਣਗੇ, ਕਿ ਹਾਲਾਤ ਸੁਧਰਨਗੇ, ਜਾਂ ਇਸ ਸਮੇਂ ਦੌਰਾਨ ਆਪਣੀ ਹੋਂਦ ਕਿਵੇਂ ਕਾਇਮ ਰੱਖਣੀ ਹੈ। ਪਰੰਤੂ ਸਾਨੂੰ ਗੁਆਚੇ ਹੋਏ ਜਾਂ ਨਿਰਾਸ਼ ਮਹਿਸੂਸ ਕਰਨ ਦੀ ਲੋੜ ਨਹੀਂ ਹੈ। ਸਾਡੇ ਸ੍ਰਿਸ਼ਟੀਕਰਤਾ ਨੇ ਸਾਨੂੰ ਇਕ ਮਾਰਗ-ਦਰਸ਼ਕ ਦਿੱਤਾ ਹੈ—ਜਿਸ ਨੇ ਪਹਿਲਾਂ ਹੀ ਇਤਿਹਾਸ ਦੇ ਇਸ ਘੋਰ ਅੰਧਕਾਰ ਦੇ ਸਮੇਂ ਬਾਰੇ ਦੱਸ ਦਿੱਤਾ ਸੀ, ਅਤੇ ਭਵਿੱਖਬਾਣੀ ਕਰਦਾ ਹੈ ਕਿ ਇਹ ਕਿਸ ਤਰ੍ਹਾਂ ਖ਼ਤਮ ਹੋਵੇਗਾ, ਅਤੇ ਸਾਨੂੰ ਬਚਣ ਲਈ ਲੋੜੀਂਦਾ ਨਿਰਦੇਸ਼ਨ ਦਿੰਦਾ ਹੈ। ਉਹ ਮਾਰਗ-ਦਰਸ਼ਕ ਇਕ ਪੁਸਤਕ ਹੈ, ਬਾਈਬਲ। ਇਸ ਦਾ ਲੇਖਕ, ਯਹੋਵਾਹ ਪਰਮੇਸ਼ੁਰ, ਆਪਣੇ ਆਪ ਨੂੰ ਗੁਰੂ ਕਹਿੰਦਾ ਹੈ, ਅਤੇ ਯਸਾਯਾਹ ਦੇ ਰਾਹੀਂ ਉਹ ਭਰੋਸਾ ਦਿੰਦੇ ਹੋਏ ਕਹਿੰਦਾ ਹੈ: “ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।” (ਯਸਾਯਾਹ 30:20, 21) ਕੀ ਤੁਸੀਂ ਇਸ ਤਰ੍ਹਾਂ ਦੇ ਮਾਰਗ-ਦਰਸ਼ਣ ਦਾ ਸਵਾਗਤ ਕਰੋਗੇ? ਫਿਰ ਆਓ ਅਸੀਂ ਵਿਚਾਰ ਕਰੀਏ ਕਿ ਕੀ ਬਾਈਬਲ ਨੇ ਸੱਚ-ਮੁੱਚ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸਾਡੇ ਦਿਨ ਕਿਸ ਤਰ੍ਹਾਂ ਦੇ ਹੋਣਗੇ।
ਯਿਸੂ ਦੇ ਚੇਲੇ ਇਕ ਅਰਥਪੂਰਣ ਸਵਾਲ ਪੁੱਛਦੇ ਹਨ
ਯਿਸੂ ਦੇ ਚੇਲੇ ਜ਼ਰੂਰ ਹੈਰਾਨ ਹੋਏ ਹੋਣਗੇ। ਯਿਸੂ ਨੇ ਉਨ੍ਹਾਂ ਨੂੰ ਹੁਣੇ ਹੀ ਸਪੱਸ਼ਟ ਤੌਰ ਤੇ ਦੱਸਿਆ ਸੀ ਕਿ ਯਰੂਸ਼ਲਮ ਦੀ ਹੈਕਲ ਦੀਆਂ ਸ਼ਾਨਦਾਰ ਇਮਾਰਤਾਂ ਪੂਰੀ ਤਰ੍ਹਾਂ ਨਾਸ਼ ਹੋ ਜਾਣਗੀਆਂ! ਇਸ ਤਰ੍ਹਾਂ ਦੀ ਭਵਿੱਖਬਾਣੀ ਕਰਨ ਵਾਲੀ ਸੀ। ਇਸ ਤੋਂ ਥੋੜ੍ਹੇ ਸਮੇਂ ਬਾਅਦ, ਜਦੋਂ ਉਹ ਜੈਤੂਨ ਦੇ ਪਹਾੜ ਉੱਤੇ ਬੈਠੇ ਸਨ, ਤਾਂ ਉਸ ਦੇ ਚਾਰ ਚੇਲਿਆਂ ਨੇ ਯਿਸੂ ਤੋਂ ਪੁੱਛਿਆ: “ਸਾਨੂੰ ਦੱਸ, ਇਹ ਗੱਲਾਂ ਕਦੋਂ ਹੋਣਗੀਆਂ, ਤੇਰੀ ਮੌਜੂਦਗੀ ਦਾ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?” (ਮੱਤੀ 24:3, ਨਿ ਵ; ਮਰਕੁਸ 13:1-4) ਭਾਵੇਂ ਉਨ੍ਹਾਂ ਨੇ ਇਸ ਨੂੰ ਸਮਝਿਆ ਜਾਂ ਨਹੀਂ, ਯਿਸੂ ਦਾ ਜਵਾਬ ਵਿਭਿੰਨ ਤਰੀਕਿਆਂ ਨਾਲ ਲਾਗੂ ਹੁੰਦਾ।
ਯਰੂਸ਼ਲਮ ਦੀ ਹੈਕਲ ਦਾ ਨਾਸ਼ ਅਤੇ ਯਹੂਦੀ ਰੀਤੀ-ਵਿਵਸਥਾ ਦਾ ਅੰਤ, ਯਿਸੂ ਦੀ ਮੌਜੂਦਗੀ ਅਤੇ ਪੂਰੇ ਸੰਸਾਰ ਦੀ ਰੀਤੀ-ਵਿਵਸਥਾ ਦੀ ਸਮਾਪਤੀ ਦੇ ਸਮੇਂ ਨਾਲ ਮੇਲ ਨਹੀਂ ਖਾਂਦੇ ਸਨ। ਤਾਂ ਵੀ, ਆਪਣੇ ਲੰਬੇ ਜਵਾਬ ਵਿਚ, ਯਿਸੂ ਨੇ ਨਿਪੁੰਨਤਾ ਨਾਲ ਸਵਾਲ ਦੇ ਇਨ੍ਹਾਂ ਸਾਰੇ ਪਹਿਲੂਆਂ ਦਾ ਵਰਣਨ ਕੀਤਾ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ; ਉਸ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਉਸ ਦੀ ਮੌਜੂਦਗੀ ਦੌਰਾਨ ਕਿਸ ਤਰ੍ਹਾਂ ਦੇ ਸੰਸਾਰ ਦੀ ਆਸ ਰੱਖਣੀ ਚਾਹੀਦੀ ਹੈ, ਜਦੋਂ ਉਹ ਸਵਰਗ ਵਿਚ ਰਾਜੇ ਵਜੋਂ ਰਾਜ ਕਰ ਰਿਹਾ ਹੋਵੇਗਾ ਅਤੇ ਪੂਰੇ ਸੰਸਾਰ ਦੀ ਰੀਤੀ-ਵਿਵਸਥਾ ਨੂੰ ਖ਼ਤਮ ਕਰਨ ਦੇ ਕੰਢੇ ਤੇ ਹੋਵੇਗਾ।
ਯਰੂਸ਼ਲਮ ਦਾ ਅੰਤ
ਪਹਿਲਾਂ ਵਿਚਾਰ ਕਰੋ ਕਿ ਯਿਸੂ ਨੇ ਯਰੂਸ਼ਲਮ ਅਤੇ ਉਸ ਦੀ ਹੈਕਲ ਬਾਰੇ ਕੀ ਕਿਹਾ ਸੀ। ਤਿੰਨ ਦਹਾਕਿਆਂ ਤੋਂ ਵੱਧ ਸਮਾਂ ਪਹਿਲਾਂ, ਉਸ ਨੇ ਸੰਸਾਰ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇਕ ਤੇ ਆਉਣ ਵਾਲੀਆਂ ਭਿਆਨਕ ਕਠਿਨਾਈਆਂ ਦੇ ਸਮੇਂ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ। ਲੂਕਾ 21:20, 21 ਵਿਚ ਦਰਜ ਕੀਤੇ ਉਸ ਦੇ ਸ਼ਬਦਾਂ ਤੇ ਖ਼ਾਸ ਧਿਆਨ ਦਿਓ: “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਭਈ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ। ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ ਅਤੇ ਓਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਹ ਦੇ ਅੰਦਰ ਨਾ ਵੜਨ।” ਜੇ ਯਰੂਸ਼ਲਮ ਨੂੰ ਘੇਰਿਆ ਜਾਣਾ ਸੀ ਅਤੇ ਉਸ ਦੇ ਚਾਰੇ ਪਾਸੇ ਫ਼ੌਜਾਂ ਨੇ ਡੇਰਾ ਲਾਉਣਾ ਸੀ, ਤਾਂ ਫਿਰ ‘ਜਿਹੜੇ ਉਸ ਦੇ ਵਿਚ’ ਸਨ, ਉਹ ਕਿਸ ਤਰ੍ਹਾਂ “ਨਿਕਲ” ਸਕਦੇ ਸਨ, ਜਿਸ ਤਰ੍ਹਾਂ ਯਿਸੂ ਨੇ ਹੁਕਮ ਦਿੱਤਾ ਸੀ? ਸਪੱਸ਼ਟ ਤੌਰ ਤੇ, ਯਿਸੂ ਸੰਕੇਤ ਕਰ ਰਿਹਾ ਸੀ ਕਿ ਮੌਕੇ ਦਾ ਇਕ ਵਕਤੀ ਦਰਵਾਜਾ ਖੁੱਲ੍ਹ ਜਾਵੇਗਾ। ਕੀ ਇਹ ਖੁੱਲ੍ਹਿਆ ਸੀ?
66 ਸਾ.ਯੁ. ਵਿਚ, ਸੈਸਟੀਉਸ ਗੈਲਸ ਦੀ ਅਗਵਾਈ ਅਧੀਨ ਰੋਮੀ ਫ਼ੌਜਾਂ ਨੇ ਯਹੂਦੀ ਬਾਗ਼ੀ ਸੈਨਾਵਾਂ ਨੂੰ ਮੁੜ ਯਰੂਸ਼ਲਮ ਵਿਚ ਭਜਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਵਿਚ ਬੰਦੀ ਬਣਾ ਲਿਆ ਸੀ। ਰੋਮੀ ਫ਼ੌਜਾਂ ਨੇ ਸ਼ਹਿਰ ਦੇ ਅੰਦਰ ਦਾਖ਼ਲ ਹੋਣ ਦਾ ਵੀ ਤੀਬਰ ਜਤਨ ਕੀਤਾ ਅਤੇ ਉਹ ਹੈਕਲ ਦੀ ਕੰਧ ਤਕ ਪਹੁੰਚ ਗਈਆਂ ਸਨ। ਪਰੰਤੂ ਫਿਰ ਗੈਲਸ ਨੇ ਆਪਣੀਆਂ ਫ਼ੌਜਾਂ ਨੂੰ ਕੁਝ ਇਸ ਤਰ੍ਹਾਂ ਦਾ ਕੰਮ ਕਰਨ ਲਈ ਕਿਹਾ ਜੋ ਸੱਚ-ਮੁੱਚ ਬੌਂਦਲਾਉਣ ਵਾਲਾ ਸੀ। ਉਸ ਨੇ ਉਨ੍ਹਾਂ ਨੂੰ ਪਿੱਛੇ ਮੁੜਨ ਦਾ ਹੁਕਮ ਦਿੱਤਾ! ਆਨੰਦਿਤ ਯਹੂਦੀ ਸੈਨਿਕਾਂ ਨੇ ਭੱਜ ਰਹੇ ਆਪਣੇ ਰੋਮੀ ਦੁਸ਼ਮਣਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ। ਇਸ ਤਰ੍ਹਾਂ ਯਿਸੂ ਦੁਆਰਾ ਪਹਿਲਾਂ ਹੀ ਦੱਸਿਆ ਗਿਆ ਮੌਕੇ ਦਾ ਵਕਤੀ ਦਰਵਾਜਾ ਖੁੱਲ੍ਹ ਗਿਆ ਸੀ। ਸੱਚੇ ਮਸੀਹੀਆਂ ਨੇ ਉਸ ਦੀ ਚੇਤਾਵਨੀ ਵੱਲ ਧਿਆਨ ਦਿੱਤਾ ਅਤੇ ਯਰੂਸ਼ਲਮ ਵਿੱਚੋਂ ਬਾਹਰ ਨਿਕਲ ਗਏ। ਇਹ ਫ਼ੈਸਲਾ ਬੁੱਧੀਮਤਾ ਵਾਲਾ ਸੀ, ਕਿਉਂਕਿ ਸਿਰਫ਼ ਚਾਰ ਸਾਲ ਬਾਅਦ, ਜਨਰਲ ਟਾਈਟਸ ਦੀ ਅਗਵਾਈ ਅਧੀਨ, ਰੋਮੀ ਫ਼ੌਜਾਂ ਵਾਪਸ ਆ ਗਈਆਂ। ਇਸ ਵਾਰ ਬਚਾਅ ਸੰਭਵ ਨਹੀਂ ਸੀ।
ਰੋਮੀ ਫ਼ੌਜਾਂ ਨੇ ਯਰੂਸ਼ਲਮ ਨੂੰ ਫਿਰ ਘੇਰਾ ਪਾ ਲਿਆ; ਉਨ੍ਹਾਂ ਨੇ ਇਸ ਦੇ ਦੁਆਲੇ ਤਿੱਖੀਆਂ ਬੱਲੀਆਂ ਨਾਲ ਵਾੜ ਬਣਾ ਕੇ ਮੋਰਚਾਬੰਦੀ ਕੀਤੀ। ਯਿਸੂ ਨੇ ਯਰੂਸ਼ਲਮ ਦੇ ਸੰਬੰਧ ਵਿਚ ਭਵਿੱਖਬਾਣੀ ਕੀਤੀ ਸੀ: “ਓਹ ਦਿਨ ਤੇਰੇ ਉੱਤੇ ਆਉਣਗੇ ਜਾਂ ਤੇਰੇ ਵੈਰੀ ਤੇਰੇ ਗਿਰਦੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚੁਫੇਰਿਓਂ ਤੈਨੂੰ ਰੋਕਣਗੇ।”a (ਲੂਕਾ 19:43) ਜਲਦੀ ਹੀ ਯਰੂਸ਼ਲਮ ਕਬਜ਼ੇ ਵਿਚ ਆ ਗਿਆ; ਉਸ ਦੀ ਸ਼ਾਨਦਾਰ ਹੈਕਲ ਧੁਖਦੇ ਹੋਏ ਖੰਡਰਾਂ ਵਿਚ ਬਦਲ ਦਿੱਤੀ ਗਈ। ਯਿਸੂ ਦੇ ਸ਼ਬਦ ਹਰ ਤਰ੍ਹਾਂ ਪੂਰੇ ਹੋਏ ਸਨ।!
ਪਰੰਤੂ, ਯਿਸੂ ਦੇ ਦਿਮਾਗ਼ ਵਿਚ ਯਰੂਸ਼ਲਮ ਦੇ ਉਸ ਨਾਸ਼ ਤੋਂ ਵੱਧ ਹੋਰ ਕੁਝ ਵੀ ਸੀ। ਉਸ ਦੇ ਚੇਲਿਆਂ ਨੇ ਉਸ ਤੋਂ ਉਸ ਦੀ ਮੌਜੂਦਗੀ ਬਾਰੇ ਵੀ ਪੁੱਛਿਆ ਸੀ। ਉਹ ਉਸ ਵੇਲੇ ਇਸ ਬਾਰੇ ਨਹੀਂ ਜਾਣਦੇ ਸਨ, ਪਰੰਤੂ ਇਹ ਉਸ ਸਮੇਂ ਦਾ ਜ਼ਿਕਰ ਕਰ ਰਿਹਾ ਸੀ ਜਦੋਂ ਯਿਸੂ ਸਵਰਗ ਵਿਚ ਰਾਜ ਕਰਨ ਲਈ ਰਾਜਾ ਵਜੋਂ ਸਿੰਘਾਸਣ ਉੱਤੇ ਬਿਠਾਇਆ ਜਾਂਦਾ। ਉਸ ਨੇ ਕਿਹੜੀ ਭਵਿੱਖਬਾਣੀ ਕੀਤੀ?
ਅੰਤ ਦੇ ਦਿਨਾਂ ਵਿਚ ਲੜਾਈਆਂ
ਜੇਕਰ ਤੁਸੀਂ ਮੱਤੀ ਅਧਿਆਇ 24 ਅਤੇ 25, ਮਰਕੁਸ ਅਧਿਆਇ 13, ਅਤੇ ਲੂਕਾ ਅਧਿਆਇ 21 ਪੜ੍ਹੋ, ਤਾਂ ਤੁਸੀਂ ਸਪੱਸ਼ਟ ਸਬੂਤ ਦੇਖੋਗੇ ਕਿ ਯਿਸੂ ਸਾਡੇ ਯੁਗ ਬਾਰੇ ਗੱਲ ਕਰ ਰਿਹਾ ਸੀ। ਉਸ ਨੇ ਲੜਾਈਆਂ ਦੇ ਸਮੇਂ ਦੀ ਭਵਿੱਖਬਾਣੀ ਕੀਤੀ—ਸਿਰਫ਼ “ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ” ਦੀ ਹੀ ਨਹੀਂ ਜੋ ਹਮੇਸ਼ਾ ਮਨੁੱਖੀ ਇਤਿਹਾਸ ਵਿਚ ਬਰਬਾਦੀ ਲਿਆਉਂਦੀਆਂ ਰਹੀਆਂ ਹਨ ਪਰੰਤੂ ਲੜਾਈਆਂ ਜਿਨ੍ਹਾਂ ਵਿਚ ‘ਕੌਮ ਕੌਮ ਅਤੇ ਪਾਤਸ਼ਾਹੀ ਪਾਤਸ਼ਾਹੀ’ ਦੇ ਵਿਰੁੱਧ ਹੁੰਦੀ ਹੈ—ਜੀ ਹਾਂ, ਵੱਡੀਆਂ ਅੰਤਰਰਾਸ਼ਟਰੀ ਲੜਾਈਆਂ।—ਮੱਤੀ 24:6-8.
ਇਕ ਪਲ ਲਈ ਸੋਚੋ ਕਿ ਸਾਡੀ ਸਦੀ ਵਿਚ ਲੜਾਈਆਂ ਕਿਸ ਤਰ੍ਹਾਂ ਬਦਲ ਗਈਆਂ ਹਨ। ਪਹਿਲਾਂ ਜਦੋਂ ਲੜਾਈ ਦਾ ਮਤਲਬ ਸਿਰਫ਼ ਦੋ ਵਿਰੋਧੀ ਕੌਮਾਂ ਦੀਆਂ ਫ਼ੌਜਾਂ ਵਿਚ ਟਕਰਾਅ, ਲੜਾਈ ਦੇ ਮੈਦਾਨ ਵਿਚ ਤਲਵਾਰ ਨਾਲ ਵੱਢਣਾ, ਜਾਂ ਇਕ ਦੂਸਰੇ ਤੇ ਬੰਦੂਕ ਨਾਲ ਗੋਲੀਆਂ ਚਲਾਉਣੀਆਂ ਸਨ, ਇਹ ਕਾਫ਼ੀ ਭਿਆਨਕ ਸੀ। ਪਰੰਤੂ 1914 ਵਿਚ ਵੱਡਾ ਯੁੱਧ ਸ਼ੁਰੂ ਹੋ ਗਿਆ। ਇਕ ਤੋਂ ਬਾਅਦ ਇਕ ਕੌਮ ਲੜਾਈ ਵਿਚ ਸ਼ਾਮਲ ਹੋ ਗਈ—ਪਹਿਲਾ ਵਿਸ਼ਵ ਯੁੱਧ। ਸਵੈਚਾਲਕ ਹਥਿਆਰ ਵੱਧ ਤੋਂ ਵੱਧ ਲੋਕਾਂ ਨੂੰ ਮਾਰਨ ਲਈ ਅਤੇ ਜ਼ਿਆਦਾ ਦੂਰੀ ਤੋਂ ਮਾਰਨ ਲਈ ਬਣਾਏ ਗਏ। ਮਸ਼ੀਨ-ਗੰਨਾਂ ਨੇ ਨਿਰਦਈ ਕੁਸ਼ਲਤਾ ਨਾਲ ਗੋਲੀਆਂ ਦੀ ਬੁਛਾੜ ਕੀਤੀ, ਮਸੱਟਰਡ ਗੈਸ ਨੇ ਹਜ਼ਾਰਾਂ ਦੀ ਗਿਣਤੀ ਵਿਚ ਫ਼ੌਜੀਆਂ ਨੂੰ ਸਾੜਿਆ, ਕਸ਼ਟ ਦਿੱਤਾ, ਅੰਗਹੀਣ ਕੀਤਾ, ਅਤੇ ਮਾਰਿਆ; ਟੈਂਕਾਂ ਨੇ ਦੁਸ਼ਮਣ ਦਿਆਂ ਮੋਰਚਿਆਂ ਵਿੱਚੋਂ ਬੇਰਹਿਮੀ ਦੇ ਨਾਲ ਲੰਘਦੇ ਹੋਏ, ਆਪਣੀਆਂ ਵੱਡੀਆਂ-ਵੱਡੀਆਂ ਬੰਦੂਕਾਂ ਨਾਲ ਗੋਲੀਆਂ ਦੀ ਬੁਛਾੜ ਕੀਤੀ। ਹਵਾਈ ਜਹਾਜ਼ ਅਤੇ ਪਣਡੁੱਬੀਆਂ ਵੀ ਕੰਮ ਵਿਚ ਲਿਆਂਦੀਆਂ ਗਈਆਂ—ਜੋ ਬਾਅਦ ਵਿਚ ਬਣਨ ਵਾਲੇ ਹੋਰ ਵੀ ਜਟਿਲ ਜਹਾਜ਼ਾਂ ਦਾ ਸਿਰਫ਼ ਝਲਕਾਰਾ ਸੀ।
ਵਿਸ਼ਵ ਯੁੱਧ II ਮਨੁੱਖੀ ਕਲਪਨਾ ਤੋਂ ਬਾਹਰ ਸੀ—ਇਸ ਨੇ ਕਰੋੜਾਂ ਲੋਕਾਂ [5 ਕਰੋੜ 50 ਲੱਖ] ਨੂੰ ਜਾਨੋਂ ਮਾਰ ਕੇ ਵਿਸ਼ਵ ਯੁੱਧ I ਨੂੰ ਵੀ ਮਾਤ ਦੇ ਦਿੱਤੀ। ਜੰਗੀ ਹਵਾਈ-ਜਹਾਜ਼ ਢੋਣ ਵਾਲੇ ਵੱਡੇ-ਵੱਡੇ ਸਮੁੰਦਰੀ ਬੇੜੇ, ਜੋ ਤਰਦੇ ਸ਼ਹਿਰ ਲੱਗਦੇ ਸਨ, ਨੇ ਸਮੁੰਦਰ ਵਿਚ ਘੁੰਮਦੇ ਹੋਏ, ਜੰਗੀ ਜਹਾਜ਼ਾਂ ਨੂੰ ਆਕਾਸ਼ ਤੋਂ ਦੁਸ਼ਮਣ ਦੇ ਟਿਕਾਣਿਆਂ ਤੇ ਮੌਤ ਵਰਾਉਣ ਲਈ ਛੱਡਿਆ। ਪਣਡੁੱਬੀਆਂ ਨੇ ਤਾਰਪੀਡੋ ਛੱਡੇ ਅਤੇ ਦੁਸ਼ਮਣ ਦੇ ਬੇੜੇ ਡੁਬੋ ਦਿੱਤੇ। ਐਟਮ ਬੰਬ ਸੁੱਟੇ ਗਏ, ਜਿਨ੍ਹਾਂ ਨੇ ਹਰੇਕ ਮਾਰੂ ਹਮਲੇ ਵਿਚ ਹਜ਼ਾਰਾਂ ਹੀ ਜਾਨਾਂ ਲਈਆਂ! ਜਿਸ ਤਰ੍ਹਾਂ ਯਿਸੂ ਨੇ ਭਵਿੱਖਬਾਣੀ ਕੀਤੀ ਸੀ, ਇਸ ਲੜਾਈ ਦੇ ਜੁਗ ਵਿਚ ਸੱਚ-ਮੁੱਚ “ਭਿਆਨਕ ਚੀਜ਼ਾਂ” ਪ੍ਰਗਟ ਹੋਈਆਂ ਹਨ।—ਲੂਕਾ 21:11.
ਕੀ ਵਿਸ਼ਵ ਯੁੱਧ II ਤੋਂ ਬਾਅਦ ਲੜਾਈਆਂ ਘੱਟੀਆਂ ਹਨ? ਨਹੀਂ। ਕਈ ਵਾਰ—ਇੱਥੋਂ ਤਕ ਕਿ ਇਸ 1990 ਦੇ ਦਹਾਕੇ ਵਿਚ ਵੀ—ਇਕ ਹੀ ਸਾਲ ਵਿਚ ਦਰਜਨਾਂ ਲੜਾਈਆਂ ਹੁੰਦੀਆਂ ਹਨ ਜਿਸ ਨਾਲ ਲੱਖਾਂ ਜਾਨਾਂ ਦਾ ਨੁਕਸਾਨ ਹੁੰਦਾ ਹੈ। ਅਤੇ ਲੜਾਈ ਦੇ ਸ਼ਿਕਾਰ ਵੀ ਬਦਲ ਗਏ ਹਨ। ਹੁਣ ਮੁੱਖ ਤੌਰ ਤੇ ਮਰਨ ਵਾਲੇ ਫ਼ੌਜੀ ਨਹੀਂ ਹੁੰਦੇ ਹਨ। ਅੱਜ, ਲੜਾਈ ਵਿਚ ਮਰਨ ਵਾਲਿਆਂ ਦੀ ਸੂਚੀ ਵਿਚ—90 ਪ੍ਰਤਿਸ਼ਤ ਤੋਂ ਜ਼ਿਆਦਾ—ਆਮ ਨਾਗਰਿਕ ਹੁੰਦੇ ਹਨ।
ਚਿੰਨ੍ਹ ਦੀਆਂ ਦੂਜੀਆਂ ਵਿਸ਼ੇਸ਼ਤਾਵਾਂ
ਲੜਾਈ ਯਿਸੂ ਦੁਆਰਾ ਜ਼ਿਕਰ ਕੀਤੇ ਗਏ ਚਿੰਨ੍ਹ ਦਾ ਕੇਵਲ ਇਕ ਪਹਿਲੂ ਹੈ। ਉਸ ਨੇ ਚੇਤਾਵਨੀ ਵੀ ਦਿੱਤੀ ਸੀ ਕਿ “ਕਾਲ” ਪੈਣਗੇ। (ਮੱਤੀ 24:7) ਅਤੇ ਕਾਲ ਪੈ ਰਹੇ ਹਨ, ਭਾਵੇਂ ਕਿ ਵਿਰੋਧਾਭਾਸੀ ਢੰਗ ਨਾਲ ਧਰਤੀ ਮਨੁੱਖਜਾਤੀ ਦੀ ਲੋੜ ਤੋਂ ਜ਼ਿਆਦਾ ਅਨਾਜ ਪੈਦਾ ਕਰ ਰਹੀ ਹੈ, ਭਾਵੇਂ ਖੇਤੀਬਾੜੀ ਵਿਗਿਆਨ ਨੇ ਮਨੁੱਖੀ ਇਤਿਹਾਸ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਉੱਨਤੀ ਕੀਤੀ ਹੈ, ਭਾਵੇਂ ਕਿ ਸੰਸਾਰ ਵਿਚ ਭੋਜਨ ਨੂੰ ਕਿਤੇ ਵੀ ਲਿਜਾਣ ਲਈ ਤੇਜ਼ ਅਤੇ ਕਾਰਗਰ ਆਵਾਜਾਈ ਮੌਜੂਦ ਹੈ। ਇਨ੍ਹਾਂ ਸਭ ਚੀਜ਼ਾਂ ਦੇ ਹੋਣ ਦੇ ਬਾਵਜੂਦ ਵੀ, ਇਸ ਸੰਸਾਰ ਦੀ ਜਨ ਸੰਖਿਆ ਦਾ ਤਕਰੀਬਨ ਪੰਜਵਾਂ ਹਿੱਸਾ ਹਰ ਰੋਜ ਭੁੱਖਾ ਰਹਿੰਦਾ ਹੈ।
ਯਿਸੂ ਨੇ ਇਹ ਵੀ ਪਹਿਲਾਂ ਹੀ ਦੱਸਿਆ ਸੀ ਕਿ “ਥਾਂ ਥਾਂ” ਤੇ “ਮਰੀਆਂ” ਪੈਣਗੀਆਂ। (ਲੂਕਾ 21:11) ਇਕ ਵਾਰ ਫਿਰ, ਸਾਡੇ ਯੁਗ ਵਿਚ ਇਕ ਉਲਟ ਗੱਲ ਹੈ—ਹੁਣ ਸਾਡੇ ਕੋਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੀਆਂ ਡਾਕਟਰੀ ਸਹੂਲਤਾਂ, ਤਕਨਾਲੋਜੀਕਲ ਪ੍ਰਾਪਤੀਆਂ, ਅਨੇਕ ਆਮ ਬੀਮਾਰੀਆਂ ਤੋਂ ਬਚਣ ਲਈ ਦਵਾਈਆਂ ਹਨ; ਫਿਰ ਵੀ ਮਾਰੂ ਬੀਮਾਰੀਆਂ ਵਿਚ ਵੀ ਬੇਮਿਸਾਲ ਵਾਧਾ ਹੋਇਆ ਹੈ। ਵਿਸ਼ਵ ਯੁੱਧ I ਤੋਂ ਜਲਦੀ ਬਾਅਦ ਸਪੈਨਿਸ਼ ਇਨਫਲੂਐਂਜ਼ਾ ਫੈਲ ਗਿਆ ਜਿਸ ਨੇ ਲੜਾਈ ਨਾਲੋਂ ਵੀ ਜ਼ਿਆਦਾ ਜਾਨਾਂ ਲਈਆਂ। ਇਹ ਬੀਮਾਰੀ ਏਨੀ ਜ਼ਿਆਦਾ ਛੂਤ ਦੀ ਸੀ ਕਿ ਨਿਊਯਾਰਕ ਵਰਗੇ ਸ਼ਹਿਰਾਂ ਵਿਚ ਲੋਕਾਂ ਨੂੰ ਛਿੱਕਣ ਤੇ ਜੁਰਮਾਨਾ ਜਾਂ ਜੇਲ੍ਹ ਦੀ ਸਜਾ ਹੋ ਸਕਦੀ ਸੀ! ਅੱਜ, ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਹਰ ਸਾਲ ਲੱਖਾਂ ਜਾਨਾਂ ਲੈਂਦੀਆਂ ਹਨ—ਵਾਸਤਵਿਕ ਮਰੀਆਂ। ਅਤੇ ਏਡਜ਼ ਲਗਾਤਾਰ ਜਾਨਾਂ ਲੈ ਰਹੀ ਹੈ, ਅਤੇ ਮੂਲ ਰੂਪ ਵਿਚ ਮੈਡੀਕਲ ਸਾਇੰਸ ਕੋਲ ਇਸ ਦਾ ਕੋਈ ਇਲਾਜ ਨਹੀਂ ਹੈ।
ਜਦੋਂ ਕਿ ਯਿਸੂ ਨੇ ਅੰਤ ਦੇ ਦਿਨਾਂ ਦੀ ਚਰਚਾ ਵਿਚ ਆਮ ਕਰਕੇ ਇਤਿਹਾਸਕ ਅਤੇ ਰਾਜਨੀਤਿਕ ਹਾਲਤਾਂ ਦਾ ਵਰਣਨ ਕੀਤਾ ਹੈ, ਪੌਲੁਸ ਰਸੂਲ ਨੇ ਸਮਾਜਕ ਅਤੇ ਪ੍ਰਚਲਿਤ ਰਵੱਈਏ ਉੱਪਰ ਧਿਆਨ ਆਕਰਸ਼ਿਤ ਕੀਤਾ। ਉਸ ਨੇ ਕੁਝ ਭਾਗ ਵਿਚ ਲਿਖਿਆ: “ਇਹ ਜਾਣ ਛੱਡ ਭਈ ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, . . . ਅਪਵਿੱਤਰ, ਨਿਰਮੋਹ, ਪੱਥਰ ਦਿਲ . . . ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।”—2 ਤਿਮੋਥਿਉਸ 3:1-5.
ਕੀ ਇਹ ਸ਼ਬਦ ਤੁਹਾਨੂੰ ਜਾਣੇ-ਪਛਾਣੇ ਲੱਗਦੇ ਹਨ? ਅੱਜ ਦੇ ਸੰਸਾਰ ਵਿਚ ਸਮਾਜਕ ਵਿਗਾੜ ਦੇ ਸਿਰਫ਼ ਇਕ ਪਹਿਲੂ ਤੇ ਵਿਚਾਰ ਕਰੋ—ਪਰਿਵਾਰ ਦਾ ਟੁੱਟਣਾ। ਟੁੱਟੇ ਘਰਾਂ, ਵਿਆਹੁਤਾ ਸਾਥੀਆਂ ਦੀ ਮਾਰ-ਕੁਟਾਈ, ਬੱਚਿਆਂ ਨਾਲ ਬਦਸਲੂਕੀ, ਬਜ਼ੁਰਗ ਮਾਪਿਆਂ ਨਾਲ ਦੁਰਵਿਵਹਾਰ ਦੀ ਬਹੁਤਾਤ—ਇਹ ਕਿੰਨਾ ਸਪੱਸ਼ਟ ਦਿਖਾਉਂਦੀ ਹੈ ਕਿ ਲੋਕ “ਨਿਰਮੋਹ,” “ਕਰੜੇ,” ਅਤੇ ਇੱਥੋਂ ਤਕ ਕਿ “ਨਿਮਕ ਹਰਾਮ” ਅਤੇ “ਨੇਕੀ ਦੇ ਵੈਰੀ” ਵੀ ਹਨ! ਜੀ ਹਾਂ, ਅਸੀਂ ਅੱਜ ਇਹ ਗੁਣ ਇਕ ਵਿਆਪਕ ਸਤਰ ਤੇ ਵੇਖਦੇ ਹਾਂ।
ਕੀ ਸਾਡੀ ਪੀੜ੍ਹੀ ਹੈ ਜਿਸ ਦੇ ਬਾਰੇ ਪਹਿਲਾਂ ਦੱਸਿਆ ਗਿਆ ਸੀ?
ਪਰੰਤੂ ਤੁਸੀਂ ਸ਼ਾਇਦ ਹੈਰਾਨ ਹੋਵੋ, ‘ਕੀ ਇਹ ਹਾਲਤਾਂ ਮਨੁੱਖਜਾਤੀ ਨੂੰ ਹਮੇਸ਼ਾ ਨਹੀਂ ਸਤਾਉਂਦੀਆਂ ਰਹੀਆਂ ਹਨ? ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਸਾਡੀ ਆਧੁਨਿਕ ਪੀੜ੍ਹੀ ਹੈ ਜਿਸ ਦੇ ਬਾਰੇ ਇਨ੍ਹਾਂ ਪੁਰਾਣੀਆਂ ਭਵਿੱਖਬਾਣੀਆਂ ਵਿਚ ਦੱਸਿਆ ਗਿਆ ਸੀ?’ ਆਓ ਅਸੀਂ ਤਿੰਨ ਪ੍ਰਕਾਰ ਦੇ ਸਬੂਤਾਂ ਉੱਤੇ ਵਿਚਾਰ ਕਰੀਏ ਜੋ ਸਾਬਤ ਕਰਦੇ ਹਨ ਕਿ ਯਿਸੂ ਸਾਡੇ ਦਿਨਾਂ ਬਾਰੇ ਗੱਲ ਕਰ ਰਿਹਾ ਸੀ।
ਪਹਿਲਾ, ਜਦੋਂ ਕਿ ਯਰੂਸ਼ਲਮ ਅਤੇ ਉਸ ਦੀ ਹੈਕਲ ਦੇ ਨਾਸ਼ ਵਿਚ ਯਿਸੂ ਦੇ ਸ਼ਬਦਾਂ ਦੀ ਆਰੰਭਕ ਆਂਸ਼ਿਕ ਪੂਰਤੀ ਹੋਈ, ਉਨ੍ਹਾਂ ਨੇ ਨਿਸ਼ਚਿਤ ਰੂਪ ਵਿਚ ਉਸ ਦਿਨ ਤੋਂ ਅੱਗੇ ਭਵਿੱਖ ਵੱਲ ਇਸ਼ਾਰਾ ਕੀਤਾ। ਯਰੂਸ਼ਲਮ ਨੂੰ ਤਬਾਹ ਕਰਨ ਵਾਲੇ ਵਿਨਾਸ਼ ਤੋਂ ਤਕਰੀਬਨ 30 ਸਾਲਾਂ ਬਾਅਦ, ਯਿਸੂ ਨੇ ਬੁੱਢੇ ਰਸੂਲ ਯੂਹੰਨਾ ਨੂੰ ਦਰਸ਼ਣ ਵਿਚ ਵਿਖਾਇਆ ਕਿ ਭਵਿੱਖਬਾਣੀ ਕੀਤੀਆਂ ਹਾਲਤਾਂ—ਲੜਾਈ, ਕਾਲ, ਮਰੀਆਂ, ਅਤੇ ਪਰਿਣਾਮੀ ਮੌਤ—ਭਵਿੱਖ ਵਿਚ ਵਿਸ਼ਵ-ਵਿਆਪੀ ਤੌਰ ਤੇ ਹੋਣਗੀਆਂ। ਜੀ ਹਾਂ, ਇਨ੍ਹਾਂ ਕਸ਼ਟਾਂ ਨੇ ਸਿਰਫ਼ ਇਕ ਇਲਾਕੇ ਨੂੰ ਨਹੀਂ, ਪਰੰਤੂ ਪੂਰੀ “ਧਰਤੀ” ਨੂੰ ਆਪਣੀ ਲਪੇਟ ਵਿਚ ਲੈਣਾ ਸੀ।—ਪਰਕਾਸ਼ ਦੀ ਪੋਥੀ 6:2-8.
ਦੂਸਰਾ, ਇਸ ਸਦੀ ਵਿਚ ਯਿਸੂ ਦੇ ਚਿੰਨ੍ਹ ਦੀਆਂ ਕੁਝ ਵਿਸ਼ੇਸ਼ਤਾਵਾਂ ਹੱਦ ਦਰਜੇ ਤਕ ਪੂਰੀਆਂ ਹੋਈਆਂ ਹਨ। ਉਦਾਹਰਣ ਲਈ, ਕੀ ਲੜਾਈਆਂ ਹੋਰ ਬਦਤਰ ਹੋ ਸਕਦੀਆਂ ਹਨ, ਜਿੰਨੀਆਂ ਕਿ ਉਹ 1914 ਤੋਂ ਹੋ ਰਹੀਆਂ ਹਨ? ਜੇ ਇੱਥੇ ਵਿਸ਼ਵ ਯੁੱਧ III ਹੋ ਜਾਵੇ, ਜਿਸ ਵਿਚ ਅੱਜ ਦੀਆਂ ਸਾਰੀਆਂ ਨਿਊਕਲੀ ਤਾਕਤਾਂ ਆਪਣੇ ਹਥਿਆਰ ਇਸਤੇਮਾਲ ਕਰਨ, ਤਾਂ ਸੰਭਵ ਤੌਰ ਤੇ ਨਤੀਜਾ ਇਹ ਹੋਵੇਗਾ ਕਿ ਧਰਤੀ ਸੜ ਕੇ ਵਿਰਾਨ ਹੋ ਜਾਵੇਗੀ—ਅਤੇ ਮਨੁੱਖਜਾਤੀ ਲੁਪਤ ਹੋ ਜਾਵੇਗੀ। ਇਸੇ ਤਰ੍ਹਾਂ, ਪਰਕਾਸ਼ ਦੀ ਪੋਥੀ 11:18 ਵਿਚ ਪਹਿਲਾਂ ਹੀ ਦੱਸਿਆ ਸੀ ਕਿ ਇਨ੍ਹਾਂ ਦਿਨਾਂ ਵਿਚ ਜਦੋਂ ਕੌਮਾਂ “ਕ੍ਰੋਧਵਾਨ” ਹੋਣਗੀਆਂ, ਮਨੁੱਖਜਾਤੀ “ਧਰਤੀ ਦਾ ਨਾਸ” ਕਰ ਰਹੀ ਹੋਵੇਗੀ। ਇਤਿਹਾਸ ਵਿਚ ਪਹਿਲੀ ਵਾਰੀ, ਪ੍ਰਦੂਸ਼ਣ ਅਤੇ ਗੰਦੇ ਵਾਤਾਵਰਣ ਨੇ ਇਸ ਗ੍ਰਹਿ ਦੀ ਨਿਵਾਸਯੋਗਤਾ ਪ੍ਰਤੀ ਖ਼ਤਰਾ ਪੈਦਾ ਕਰ ਦਿੱਤਾ ਹੈ! ਇਸ ਲਈ ਇਸ ਵਿਸ਼ੇਸ਼ਤਾ ਦੀ ਵੀ ਪੂਰਤੀ ਹੋ ਰਹੀ ਹੈ ਜਾਂ ਆਪਣੇ ਹੱਦ ਦਰਜੇ ਦੇ ਨੇੜੇ ਹੈ। ਕੀ ਲੜਾਈਆਂ ਤੇ ਪ੍ਰਦੂਸ਼ਣ ਹੋਰ ਬਦਤਰ ਹੁੰਦੇ ਜਾਣਗੇ ਜਦ ਤਕ ਮਨੁੱਖ ਆਪਣੇ ਆਪ ਨੂੰ ਅਤੇ ਇਸ ਗ੍ਰਹਿ ਨੂੰ ਨਾਸ਼ ਨਹੀਂ ਕਰ ਲੈਂਦਾ? ਨਹੀਂ; ਕਿਉਂਕਿ ਬਾਈਬਲ ਆਪ ਫਰਮਾਉਂਦੀ ਹੈ ਕਿ ਧਰਤੀ ਹਮੇਸ਼ਾ ਬਣੀ ਰਹੇਗੀ, ਅਤੇ ਧਰਮੀ ਮਨੁੱਖ ਇਸ ਉੱਤੇ ਵਸਣਗੇ।—ਜ਼ਬੂਰ 37:29; ਮੱਤੀ 5:5.
ਤੀਸਰਾ, ਅੰਤ ਦੇ ਦਿਨਾਂ ਦਾ ਚਿੰਨ੍ਹ ਖ਼ਾਸ ਤੌਰ ਤੇ ਯਕੀਨੀ ਹੈ ਜਦੋਂ ਇਸ ਨੂੰ ਸਮੁੱਚੇ ਤੌਰ ਤੇ ਵਿਚਾਰਿਆ ਜਾਂਦਾ ਹੈ। ਹਰ ਇਕ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਜਦੋਂ ਅਸੀਂ ਤਿੰਨ ਇੰਜੀਲਾਂ ਵਿਚ ਯਿਸੂ ਦੁਆਰਾ ਵਰਣਨ ਕੀਤੀਆਂ ਵਿਸ਼ੇਸ਼ਤਾਵਾਂ ਨੂੰ, ਪੌਲੁਸ ਦੀਆਂ ਲਿਖਤਾਂ ਵਿਚ, ਅਤੇ ਪਰਕਾਸ਼ ਦੀ ਪੋਥੀ ਵਿਚ ਵਰਣਨ ਕੀਤੀਆਂ ਗਈਆਂ ਵਿਸ਼ੇਸ਼ਤਾਵਾਂ ਨੂੰ ਵਿਚਾਰ ਅਧੀਨ ਲਿਆਉਂਦੇ ਹਾਂ, ਤਾਂ ਇਸ ਚਿੰਨ੍ਹ ਦੀਆਂ ਦਰਜਨਾਂ ਵਿਸ਼ੇਸ਼ਤਾਵਾਂ ਹਨ। ਇਕ ਵਿਅਕਤੀ ਇਕ ਇਕ ਕਰ ਕੇ ਹਰੇਕ ਦੀ ਆਲੋਚਨਾ ਕਰ ਸਕਦਾ ਹੈ, ਇਹ ਤਰਕ ਕਰਦੇ ਹੋਏ ਕਿ ਦੂਸਰੇ ਯੁਗਾਂ ਵਿਚ ਵੀ ਸਮਾਨ ਸਮੱਸਿਆਵਾਂ ਰਹੀਆਂ ਹਨ, ਪਰੰਤੂ ਜਦੋਂ ਅਸੀਂ ਇਨ੍ਹਾਂ ਸਾਰਿਆਂ ਦਾ ਇਕੱਠੇ ਵਿਚਾਰ ਕਰਦੇ ਹਾਂ, ਤਾਂ ਇਹ ਬਿਨਾਂ ਕਿਸੇ ਸ਼ੱਕ ਦੇ ਸਿਰਫ਼ ਇਕ ਯੁਗ ਵੱਲ ਇਸ਼ਾਰਾ ਕਰਦੀਆਂ ਹਨ—ਸਾਡਾ ਆਪਣਾ ਯੁਗ।
ਪਰੰਤੂ, ਇਸ ਸਾਰੇ ਦਾ ਕੀ ਅਰਥ ਹੈ? ਕੀ ਇਸ ਦਾ ਇਹ ਅਰਥ ਹੈ ਕਿ ਬਾਈਬਲ ਸਾਡੇ ਯੁਗ ਦੀ ਵਿਆਖਿਆ ਇਕ ਭਿਅੰਕਰ, ਨਾਉਮੀਦ ਸਮੇਂ ਵਜੋਂ ਕਰਦੀ ਹੈ? ਬਿਲਕੁਲ ਨਹੀਂ!
ਖ਼ੁਸ਼ ਖ਼ਬਰੀ
ਅੰਤ ਦੇ ਦਿਨਾਂ ਦੇ ਚਿੰਨ੍ਹ ਦੀਆਂ ਸਭ ਤੋਂ ਜ਼ਿਆਦਾ ਧਿਆਨ ਦੇਣ ਯੋਗ ਵਿਸ਼ੇਸ਼ਤਾਵਾਂ ਵਿੱਚੋਂ ਇਕ ਮੱਤੀ 24:14 ਵਿਚ ਦਰਜ ਕੀਤੀ ਗਈ ਹੈ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” ਇਸ ਸਦੀ ਵਿਚ, ਯਹੋਵਾਹ ਦੇ ਗਵਾਹਾਂ ਨੇ ਇਕ ਅਜਿਹਾ ਕੰਮ ਕੀਤਾ ਹੈ ਜੋ ਮਨੁੱਖਜਾਤੀ ਦੇ ਇਤਿਹਾਸ ਵਿਚ ਅਨੋਖਾ ਹੈ। ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਦੇ ਰਾਜ ਬਾਰੇ ਬਾਈਬਲ ਦੇ ਸੰਦੇਸ਼ ਨੂੰ ਸਵੀਕਾਰ ਕੀਤਾ ਹੈ—ਇਹ ਕੀ ਹੈ, ਇਹ ਕਿਸ ਤਰ੍ਹਾਂ ਰਾਜ ਕਰਦਾ ਹੈ, ਅਤੇ ਇਹ ਕੀ ਪੂਰਾ ਕਰੇਗਾ—ਅਤੇ ਇਸ ਸੰਦੇਸ਼ ਨੂੰ ਪੂਰੀ ਧਰਤੀ ਤੇ ਫੈਲਾਇਆ ਹੈ। ਇਸ ਵਿਸ਼ੇ ਉੱਪਰ ਉਨ੍ਹਾਂ ਨੇ 300 ਤੋਂ ਵੱਧ ਭਾਸ਼ਾਵਾਂ ਵਿਚ ਸਾਹਿੱਤ ਪ੍ਰਕਾਸ਼ਿਤ ਕੀਤਾ ਹੈ ਅਤੇ ਤਕਰੀਬਨ ਸਾਰੇ ਦੇਸ਼ਾਂ ਵਿਚ ਇਸ ਨੂੰ ਲੋਕਾਂ ਕੋਲ ਉਨ੍ਹਾਂ ਦੇ ਘਰਾਂ ਵਿਚ ਜਾਂ ਸੜਕਾਂ ਤੇ ਜਾਂ ਕਾਰੋਬਾਰੀ ਥਾਵਾਂ ਤੇ ਲੈ ਕੇ ਗਏ ਹਨ।
ਇਸ ਤਰ੍ਹਾਂ ਕਰਨ ਨਾਲ, ਉਹ ਇਸ ਭਵਿੱਖਬਾਣੀ ਨੂੰ ਪੂਰਾ ਕਰ ਰਹੇ ਹਨ। ਪਰੰਤੂ ਉਹ ਆਸ਼ਾ ਦਾ ਸੰਦੇਸ਼ ਵੀ ਫੈਲਾ ਰਹੇ ਹਨ। ਧਿਆਨ ਦਿਓ ਕਿ ਯਿਸੂ ਨੇ ਇਸ ਨੂੰ “ਖ਼ੁਸ਼ ਖ਼ਬਰੀ” ਕਿਹਾ ਸੀ ਨਾ ਕਿ ਬੁਰੀ ਖ਼ਬਰ। ਇਨ੍ਹਾਂ ਘੋਰ ਅੰਧਕਾਰ ਦੇ ਸਮਿਆਂ ਵਿਚ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਕਿਉਂਕਿ ਬਾਈਬਲ ਦਾ ਪ੍ਰਮੁੱਖ ਸੰਦੇਸ਼ ਇਹ ਨਹੀਂ ਹੈ ਕਿ ਇਸ ਪੁਰਾਣੇ ਸੰਸਾਰ ਦੇ ਅੰਤ ਤੇ ਹਾਲਤਾਂ ਕਿੰਨੀਆਂ ਬੁਰੀਆਂ ਹੋਣਗੀਆਂ। ਇਸ ਦਾ ਪ੍ਰਮੁੱਖ ਸੰਦੇਸ਼ ਪਰਮੇਸ਼ੁਰ ਦੇ ਰਾਜ ਨੂੰ ਸ਼ਾਮਲ ਕਰਦਾ ਹੈ, ਅਤੇ ਇਹ ਰਾਜ ਅਜਿਹੀ ਗੱਲ ਦਾ ਵਾਅਦਾ ਕਰਦਾ ਹੈ ਜੋ ਸ਼ਾਂਤੀ ਨੂੰ ਪਿਆਰ ਕਰਨ ਵਾਲੇ ਹਰ ਇਕ ਵਿਅਕਤੀ ਦੀ ਦਿਲੀ ਇੱਛਾ ਹੈ—ਮੁਕਤੀ।
ਇਹ ਮੁਕਤੀ ਕੀ ਹੈ, ਅਤੇ ਇਹ ਕਿਸ ਤਰ੍ਹਾਂ ਤੁਹਾਡੀ ਹੋ ਸਕਦੀ ਹੈ? ਕਿਰਪਾ ਕਰ ਕੇ ਇਸ ਵਿਸ਼ੇ ਤੇ ਅਗਲੇ ਲੇਖਾਂ ਤੇ ਵਿਚਾਰ ਕਰੋ।
[ਫੁਟਨੋਟ]
a ਨਿਰਸੰਦੇਹ ਬਾਜ਼ੀ ਟਾਈਟਸ ਦੇ ਹੱਥ ਵਿਚ ਸੀ। ਫਿਰ ਵੀ, ਦੋ ਮਹੱਤਵਪੂਰਣ ਪਹਿਲੂਆਂ ਵਿਚ, ਉਸ ਦਾ ਵੱਸ ਨਹੀਂ ਚੱਲਿਆ। ਉਸ ਨੇ ਸ਼ਾਂਤੀਪੂਰਣ ਆਤਮ-ਸਮਰਪਣ ਦੀ ਪੇਸ਼ਕਸ਼ ਰੱਖੀ, ਪਰੰਤੂ ਸ਼ਹਿਰ ਦੇ ਆਗੂਆਂ ਨੇ ਜ਼ਿੱਦ ਨਾਲ, ਬਿਨਾਂ ਕਿਸੇ ਕਾਰਨ ਇਨਕਾਰ ਕਰ ਦਿੱਤਾ। ਅਤੇ ਅਖ਼ੀਰ ਜਦੋਂ ਸ਼ਹਿਰ ਦੀਆਂ ਕੰਧਾਂ ਵਿਚ ਸੰਨ੍ਹ ਲਾਈ ਗਈ, ਉਸ ਨੇ ਹੈਕਲ ਨੂੰ ਨਾਸ਼ ਨਾ ਕਰਨ ਦਾ ਹੁਕਮ ਦਿੱਤਾ। ਫਿਰ ਵੀ ਉਹ ਪੂਰੀ ਤਰ੍ਹਾਂ ਸਾੜ ਦਿੱਤੀ ਗਈ ਸੀ! ਯਿਸੂ ਦੀ ਭਵਿੱਖਬਾਣੀ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਯਰੂਸ਼ਲਮ ਨਾਸ਼ ਹੋ ਜਾਵੇਗਾ ਅਤੇ ਕਿ ਹੈਕਲ ਪੂਰੀ ਤਰ੍ਹਾਂ ਢਾਹ ਦਿੱਤੀ ਜਾਵੇਗੀ।—ਮਰਕੁਸ 13:1, 2.
[ਸਫ਼ੇ 5 ਉੱਤੇ ਸੁਰਖੀ]
ਲੋਕ ਇਸ ਤਰ੍ਹਾਂ ਦੇ ਪਰੇਸ਼ਾਨ ਕਰਨ ਵਾਲੇ ਸਵਾਲਾਂ ਦੇ ਜਵਾਬ ਭਾਲ ਰਹੇ ਹਨ ਜਿਸ ਤਰ੍ਹਾਂ, ਹਾਲਾਤ ਇੰਨੇ ਬੁਰੇ ਕਿਉਂ ਹਨ? ਮਨੁੱਖਜਾਤੀ ਕਿੱਧਰ ਜਾ ਰਹੀ ਹੈ?
[ਸਫ਼ੇ 6 ਉੱਤੇ ਸੁਰਖੀ]
ਅੱਜ, 90 ਪ੍ਰਤਿਸ਼ਤ ਤੋਂ ਜ਼ਿਆਦਾ ਲੜਾਈ ਵਿਚ ਮਰਨ ਵਾਲੇ ਆਮ ਨਾਗਰਿਕ ਹੁੰਦੇ ਹਨ
[ਸਫ਼ੇ 7 ਉੱਤੇ ਤਸਵੀਰ]
ਯਰੂਸ਼ਲਮ ਦੇ ਨਾਸ਼ ਬਾਰੇ ਯਿਸੂ ਦੀ ਭਵਿੱਖਬਾਣੀ ਹਰ ਤਰ੍ਹਾਂ ਨਾਲ ਪੂਰੀ ਹੋਈ