ਹਾਣੀਆਂ ਦਾ ਦਬਾਅ—ਕੀ ਇਹ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ?
ਸਾਡੀ ਸਾਰਿਆਂ ਦੀ ਇਹ ਪੈਦਾਇਸ਼ੀ ਇੱਛਾ ਹੁੰਦੀ ਹੈ ਕਿ ਸਾਡੇ ਹਾਣੀ ਸਾਨੂੰ ਪਸੰਦ ਕਰਨ। ਕੋਈ ਵੀ ਨਹੀਂ ਚਾਹੁੰਦਾ ਕਿ ਉਸ ਦੇ ਹਾਣੀ ਉਸ ਨੂੰ ਨਾਪਸੰਦ ਕਰਨ ਅਤੇ ਠੁਕਰਾਉਣ। ਇਸ ਤਰ੍ਹਾਂ, ਸਾਡੇ ਸਾਰਿਆਂ ਉੱਤੇ ਭਾਵੇਂ ਜ਼ਿਆਦਾ ਜਾਂ ਘੱਟ, ਹਾਣੀਆਂ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ।
ਹਾਣੀ ਉਹ ਵਿਅਕਤੀ ਹੁੰਦਾ ਹੈ, “ਜੋ ਇੱਕੋ ਦਰਜੇ ਦਾ ਹੋਵੇ . . . ਇੱਕੋ ਸਮਾਜ ਦਾ ਹੋਵੇ, ਖ਼ਾਸ ਕਰਕੇ ਇੱਕੋ ਉਮਰ, ਸ਼੍ਰੇਣੀ ਜਾਂ ਰੁਤਬੇ ਦਾ ਹੋਵੇ।” ਇਸ ਲਈ ਹਾਣੀਆਂ ਦਾ ਦਬਾਅ ਉਹ ਪ੍ਰਭਾਵ ਹੁੰਦਾ ਹੈ ਜੋ ਸਾਡੇ ਹਾਣੀ ਸਾਡੇ ਉੱਤੇ ਪਾਉਂਦੇ ਹਨ, ਜਿਸ ਕਰਕੇ ਅਸੀਂ ਜਾਣ-ਬੁੱਝ ਕੇ ਜਾਂ ਅਣਜਾਣੇ ਵਿਚ ਉਨ੍ਹਾਂ ਵਾਂਗ ਸੋਚਣ ਜਾਂ ਉਨ੍ਹਾਂ ਵਾਂਗ ਕੰਮ ਕਰਨ ਲੱਗ ਪੈਂਦੇ ਹਾਂ। ਆਮ ਕਰਕੇ ਹਾਣੀਆਂ ਦੇ ਦਬਾਅ ਨੂੰ ਬੁਰਾ ਸਮਝਿਆ ਜਾਂਦਾ ਹੈ। ਪਰ ਜਿਵੇਂ ਅਸੀਂ ਅੱਗੇ ਦੇਖਾਂਗੇ, ਅਸੀਂ ਇਸ ਨੂੰ ਆਪਣੇ ਲਈ ਫ਼ਾਇਦੇਮੰਦ ਬਣਾ ਸਕਦੇ ਹਾਂ।
ਹਰ ਉਮਰ ਦੇ ਲੋਕਾਂ ਉੱਤੇ ਪ੍ਰਭਾਵ
ਹਾਣੀਆਂ ਦਾ ਦਬਾਅ ਸਿਰਫ਼ ਨੌਜਵਾਨਾਂ ਤਕ ਹੀ ਸੀਮਿਤ ਨਹੀਂ ਹੈ, ਸਗੋਂ ਇਹ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦਾ ਪ੍ਰਭਾਵ ਉਦੋਂ ਜ਼ਾਹਰ ਹੁੰਦਾ ਹੈ ਜਦੋਂ ਅਸੀਂ ਆਪਣੇ ਆਪ ਕੋਲੋਂ ਅਜਿਹੇ ਸਵਾਲ ਪੁੱਛਣ ਲੱਗਦੇ ਹਾਂ: “ਦੂਸਰੇ ਇਹ ਕਰ ਰਹੇ ਹਨ, ਮੈਂ ਕਿਉਂ ਨਹੀਂ ਕਰ ਸਕਦਾ?” “ਮੈਂ ਦੂਸਰਿਆਂ ਵਰਗਾ ਕਿਉਂ ਨਹੀਂ ਬਣ ਸਕਦਾ?” “ਦੂਸਰੇ ਕੀ ਸੋਚਣਗੇ ਜਾਂ ਕਹਿਣਗੇ?” “ਮੇਰੇ ਸਾਰੇ ਦੋਸਤ ਡੇਟਿੰਗ ਕਰ ਰਹੇ ਹਨ ਅਤੇ ਵਿਆਹ ਕਰਾ ਰਹੇ ਹਨ, ਪਰ ਮੇਰਾ ਹੀ ਵਿਆਹ ਨਹੀਂ ਹੋ ਰਿਹਾ। ਕੀ ਮੇਰੇ ਵਿਚ ਕੋਈ ਕਮੀ ਹੈ?”
ਜਦ ਕਿ ਹਰ ਉਮਰ ਦੇ ਲੋਕਾਂ ਉੱਤੇ ਦੂਸਰਿਆਂ ਵਾਂਗ ਬਣਨ ਦਾ ਦਬਾਅ ਪਾਇਆ ਜਾਂਦਾ ਹੈ, ਪਰ ਅੱਲੜ੍ਹ ਉਮਰ ਦੇ ਨੌਜਵਾਨਾਂ ਉੱਤੇ ਇਸ ਤਰ੍ਹਾਂ ਦਾ ਦਬਾਅ ਬਹੁਤ ਜ਼ਿਆਦਾ ਪੈਂਦਾ ਹੈ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਦੱਸਦਾ ਹੈ ਕਿ “ਜ਼ਿਆਦਾਤਰ ਕਿਸ਼ੋਰਾਂ ਉੱਤੇ ਉਨ੍ਹਾਂ ਦੇ ਹਾਣੀਆਂ ਅਰਥਾਤ ਉਨ੍ਹਾਂ ਦੇ ਮਿੱਤਰਾਂ ਅਤੇ ਜਾਣ-ਪਛਾਣ ਵਾਲਿਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਇਹ ਕਿਸ਼ੋਰ ਆਪਣੇ ਮਾਂ-ਪਿਓ ਦੀ ਬਜਾਇ ਆਪਣੇ ਹਾਣੀਆਂ ਦੀ ਪਸੰਦ ਦਾ ਜ਼ਿਆਦਾ ਧਿਆਨ ਰੱਖਦੇ ਹਨ ਅਤੇ ਉਨ੍ਹਾਂ ਦੀ ਪਸੰਦ ਦੀ ਖ਼ਾਤਰ ਆਪਣੇ ਤੌਰ-ਤਰੀਕੇ ਬਦਲਣ ਲਈ ਵੀ ਤਿਆਰ ਹੋ ਜਾਂਦੇ ਹਨ।” ਇਹ ਅੱਗੇ ਦੱਸਦਾ ਹੈ ਕਿ ਕਿਸ਼ੋਰ “ਇਹ ਮੰਨਦੇ ਹਨ ਕਿ ਜੇਕਰ ਉਨ੍ਹਾਂ ਦੇ ਹਾਣੀ ਉਨ੍ਹਾਂ ਨੂੰ ਸਵੀਕਾਰ ਕਰਦੇ ਅਤੇ ਪਸੰਦ ਕਰਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਵਿਚ ਕੋਈ ਕਮੀ ਨਹੀਂ।” ਇਸ ਕਰਕੇ “ਆਪਣੇ ਹਾਣੀਆਂ ਵਿਚ ਲੋਕ-ਪ੍ਰਿਯਤਾ ਹਾਸਲ ਕਰਨ ਲਈ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦੀ ਚਿੰਤਾ ਲੱਗੀ ਰਹਿੰਦੀ ਹੈ, ਜਿਵੇਂ ਕਿ ਕੱਪੜਿਆਂ ਦਾ ਸਟਾਈਲ, ਲੀਡਰੀ ਕਰਨ ਦੀ ਯੋਗਤਾ ਅਤੇ ਡੇਟਿੰਗ ਕਰਨ ਵਿਚ ਸਫ਼ਲਤਾ।”
ਪਤੀ-ਪਤਨੀ ਵੀ ਹਾਣੀਆਂ ਦੇ ਦਬਾਅ ਵਿਚ ਆ ਕੇ, ਅਰਥਾਤ ਆਪਣੇ ਸਮਾਜ ਵਿਚ ਆਪਣੇ ਦੋਸਤਾਂ ਜਾਂ ਜਾਤ ਦੇ ਲੋਕਾਂ ਦੀ ਪਸੰਦ ਦੇ ਮੁਤਾਬਕ ਕਈ ਫ਼ੈਸਲੇ ਕਰਦੇ ਹਨ, ਜਿਵੇਂ ਕਿ ਕਿਸ ਤਰ੍ਹਾਂ ਦਾ ਘਰ ਖ਼ਰੀਦਣਾ ਜਾਂ ਕਿਰਾਏ ਤੇ ਲੈਣਾ ਹੈ, ਕਿਹੜੇ ਮਾਡਲ ਦੀ ਕਾਰ ਖ਼ਰੀਦਣੀ ਹੈ, ਬੱਚੇ ਚਾਹੀਦੇ ਹਨ ਜਾਂ ਨਹੀਂ ਅਤੇ ਹੋਰ ਇਹੋ ਜਿਹੇ ਕਈ ਫ਼ੈਸਲੇ ਕਰਦੇ ਹਨ। ਇੱਥੋਂ ਤਕ ਕਿ ਕਈ ਪਰਿਵਾਰ ਭੌਤਿਕ ਤੌਰ ਤੇ ਆਪਣੇ ਗੁਆਂਢੀਆਂ ਅਤੇ ਹਾਣੀਆਂ ਦੇ ਬਰਾਬਰ ਹੋਣ ਲਈ ਕਰਜ਼ੇ ਵਿਚ ਡੁੱਬ ਜਾਂਦੇ ਹਨ। ਜੀ ਹਾਂ, ਸਾਡੇ ਟੀਚਿਆਂ, ਸਾਡੀ ਸੋਚ ਅਤੇ ਸਾਡੇ ਫ਼ੈਸਲਿਆਂ ਤੋਂ ਅਕਸਰ ਹਾਣੀਆਂ ਦੇ ਦਬਾਅ ਦਾ ਗੁਪਤ ਪ੍ਰਭਾਵ ਜ਼ਾਹਰ ਹੁੰਦਾ ਹੈ। ਇਸ ਦੇ ਪ੍ਰਭਾਵ ਨੂੰ ਦੇਖਦੇ ਹੋਏ, ਕੀ ਅਸੀਂ ਅਜਿਹਾ ਕੁਝ ਕਰ ਸਕਦੇ ਹਾਂ ਤਾਂਕਿ ਹਾਣੀਆਂ ਦੇ ਦਬਾਅ ਦਾ ਸਾਡੇ ਉੱਤੇ ਚੰਗਾ ਪ੍ਰਭਾਵ ਪਵੇ ਅਤੇ ਸਾਨੂੰ ਆਪਣੇ ਟੀਚੇ ਤੇ ਪਹੁੰਚਣ ਵਿਚ ਮਦਦ ਮਿਲੇ? ਜੀ ਹਾਂ, ਅਸੀਂ ਜ਼ਰੂਰ ਕਰ ਸਕਦੇ ਹਾਂ!
ਚੰਗੇ ਹਾਣੀਆਂ ਦੇ ਪ੍ਰਭਾਵ ਦਾ ਫ਼ਾਇਦਾ ਉਠਾਉਣਾ
ਡਾਕਟਰ ਅਤੇ ਦੂਸਰੇ ਸਿਹਤ-ਸੰਭਾਲ ਮਾਹਰ ਆਪਣੇ ਮਰੀਜ਼ਾਂ ਦੇ ਆਲੇ-ਦੁਆਲੇ ਖ਼ੁਸ਼ਮਿਜ਼ਾਜ ਲੋਕ ਅਤੇ ਦੂਸਰੇ ਸਿਹਤਮੰਦ ਪ੍ਰਭਾਵ ਰੱਖਣ ਦੇ ਲਾਭਾਂ ਨੂੰ ਜਾਣਦੇ ਹਨ। ਅਜਿਹਾ ਮਾਹੌਲ ਮਰੀਜ਼ ਦੀ ਜਲਦੀ ਠੀਕ ਹੋਣ ਵਿਚ ਮਦਦ ਕਰ ਸਕਦਾ ਹੈ। ਉਦਾਹਰਣ ਲਈ, ਜਿਹੜੇ ਲੋਕ ਅੰਗਹੀਣ ਹੋ ਜਾਂਦੇ ਹਨ, ਉਨ੍ਹਾਂ ਨੂੰ ਆਪਣੇ ਸਰੀਰਕ ਅਤੇ ਭਾਵਾਤਮਕ ਸਦਮੇ ਤੋਂ ਚੰਗੇ ਹੋਣ ਵਿਚ ਅਕਸਰ ਬਹੁਤ ਮਦਦ ਮਿਲਦੀ ਹੈ ਜਦੋਂ ਉਹ ਆਪਣੇ ਵਰਗੇ ਦੁੱਖਾਂ ਨੂੰ ਸਹਿ ਚੁੱਕੇ ਦੂਜੇ ਲੋਕਾਂ ਦੀ ਚੰਗੀ ਉਦਾਹਰਣ ਦੇਖਦੇ ਹਨ ਅਤੇ ਉਨ੍ਹਾਂ ਤੋਂ ਹੌਸਲਾ ਹਾਸਲ ਕਰਦੇ ਹਨ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਇਕ ਚੰਗੇ ਮਾਹੌਲ ਵਿਚ ਰੱਖਿਆ ਜਾਂਦਾ ਹੈ ਜਿਸ ਵਿਚ ਉਹ ਆਸ਼ਾਵਾਦੀ ਅਤੇ ਖ਼ੁਸ਼ ਲੋਕਾਂ ਦੀ ਮਿਸਾਲ ਨੂੰ ਦੇਖਦਾ ਹੈ ਤਾਂ ਉਸ ਉੱਤੇ ਚੰਗੇ ਹਾਣੀਆਂ ਦਾ ਪ੍ਰਭਾਵ ਪੈਂਦਾ ਹੈ।
ਇਹ ਸਿਧਾਂਤ ਮਸੀਹੀ ਕਲੀਸਿਯਾ ਵਿਚ ਵੀ ਲਾਗੂ ਹੁੰਦਾ ਹੈ। ਯਹੋਵਾਹ ਨੇ ਆਪਣੇ ਲੋਕਾਂ ਨੂੰ ਨਿਯਮਿਤ ਤੌਰ ਤੇ ਇਕੱਠੇ ਹੋਣ ਦੀ ਆਗਿਆ ਇਸ ਲਈ ਦਿੱਤੀ ਤਾਂਕਿ ਉਨ੍ਹਾਂ ਉੱਤੇ ਚੰਗੇ ਹਾਣੀਆਂ ਦਾ ਪ੍ਰਭਾਵ ਪੈ ਸਕੇ। ਪਰਮੇਸ਼ੁਰ ਸਾਨੂੰ ਉਤਸ਼ਾਹਿਤ ਕਰਦਾ ਹੈ ਕਿ ਅਸੀਂ ‘ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਇੱਕ ਦੂਏ ਦਾ ਧਿਆਨ ਰੱਖੀਏ।’ (ਇਬਰਾਨੀਆਂ 10:24, 25) ਅੱਜ ਦੇ ਸੰਸਾਰ ਵਿਚ ਬਹੁਤ ਸਾਰੇ ਬੁਰੇ ਅਤੇ ਨੁਕਸਾਨਦੇਹ ਦਬਾਅ ਹੋਣ ਦੇ ਕਾਰਨ ਇਕ ਦੂਜੇ ਨੂੰ ਹੌਸਲਾ ਦੇਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਦਬਾਵਾਂ ਦੇ ਕਾਰਨ, ਮਸੀਹੀਆਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਰਹਿਣ ਲਈ “ਵੱਡਾ ਜਤਨ” ਕਰਨਾ ਪੈਂਦਾ ਹੈ। (ਲੂਕਾ 13:24) ਇਸ ਲਈ ਸਾਨੂੰ ਆਪਣੇ ਸੰਗੀ ਵਿਸ਼ਵਾਸੀਆਂ ਦੇ ਪ੍ਰੇਮਮਈ ਸਮਰਥਨ ਦੀ ਲੋੜ ਹੈ ਅਤੇ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਕੁਝ ਭੈਣ-ਭਰਾਵਾਂ ਨੂੰ ਆਪਣੇ ‘ਸਰੀਰ ਵਿਚ ਕੋਈ ਕੰਡਾ’ ਅਰਥਾਤ ਕਿਸੇ ਬੀਮਾਰੀ ਜਾਂ ਅੰਗਹੀਣਤਾ ਨੂੰ ਸਹਿਣ ਕਰਨਾ ਪੈਂਦਾ ਹੋਵੇਗਾ। (2 ਕੁਰਿੰਥੀਆਂ 12:7) ਦੂਸਰੇ ਭੈਣ-ਭਰਾਵਾਂ ਨੂੰ ਸ਼ਾਇਦ ਬੁਰੀਆਂ ਆਦਤਾਂ ਜਾਂ ਨਿਰਾਸ਼ਾ ਉੱਤੇ ਕਾਬੂ ਪਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ ਜਾਂ ਸ਼ਾਇਦ ਉਨ੍ਹਾਂ ਨੂੰ ਜੀਵਨ ਦੇ ਦਬਾਵਾਂ ਨਾਲ ਜੂਝਣਾ ਮੁਸ਼ਕਲ ਲੱਗ ਰਿਹਾ ਹੈ। ਇਸ ਕਰਕੇ ਸਾਡੇ ਲਈ ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਉਨ੍ਹਾਂ ਲੋਕਾਂ ਵਿਚ ਰਹੀਏ, ਜਿਨ੍ਹਾਂ ਦਾ ਯਹੋਵਾਹ ਪਰਮੇਸ਼ੁਰ ਨਾਲ ਨਜ਼ਦੀਕੀ ਰਿਸ਼ਤਾ ਹੈ ਅਤੇ ਜਿਹੜੇ ਉਸ ਦੀ ਸੇਵਾ ਕਰ ਕੇ ਖ਼ੁਸ਼ ਰਹਿੰਦੇ ਹਨ। ਅਜਿਹੇ ਹਾਣੀ ਸਾਡਾ ਹੌਸਲਾ ਵਧਾਉਣਗੇ ਅਤੇ ‘ਅੰਤ ਤੋੜੀ ਸਹਿਣ’ ਕਰਨ ਵਿਚ ਸਾਡੀ ਮਦਦ ਕਰਨਗੇ।—ਮੱਤੀ 24:13.
ਤਾਂ ਫਿਰ, ਅਸੀਂ ਚੰਗੇ ਹਾਣੀ ਚੁਣਨ ਨਾਲ ਆਪਣੇ ਹਾਣੀਆਂ ਦੇ ਪ੍ਰਭਾਵ ਉੱਤੇ ਕਾਬੂ ਰੱਖ ਸਕਦੇ ਹਾਂ। ਹਾਣੀਆਂ ਤੋਂ ਨਿੱਜੀ ਹੌਸਲਾ ਹਾਸਲ ਕਰਨ ਤੋਂ ਇਲਾਵਾ, ਸਾਨੂੰ ਮਸੀਹੀ ਸਭਾਵਾਂ ਵਿਚ ਵਧੀਆ ਅਧਿਆਤਮਿਕ ਭੋਜਨ ਅਤੇ ਵਿਵਹਾਰਕ ਸਲਾਹ ਵੀ ਮਿਲਦੀ ਹੈ।
ਬੇਸ਼ੱਕ, ਮਸੀਹੀ ਸਭਾਵਾਂ ਵਿਚ ਜਾਣਾ ਹਮੇਸ਼ਾ ਆਸਾਨ ਨਹੀਂ ਹੁੰਦਾ ਹੈ। ਕੁਝ ਭੈਣ-ਭਰਾਵਾਂ ਨੂੰ ਆਪਣੇ ਪਤੀ ਜਾਂ ਪਤਨੀ ਕੋਲੋਂ ਬਹੁਤ ਘੱਟ ਮਦਦ ਮਿਲਦੀ ਹੈ ਜਾਂ ਮਿਲਦੀ ਹੀ ਨਹੀਂ ਹੈ, ਦੂਜਿਆਂ ਨੂੰ ਆਪਣੇ ਬੱਚਿਆਂ ਨੂੰ ਤਿਆਰ ਕਰਨਾ ਪੈਂਦਾ ਹੈ, ਅਤੇ ਕਈਆਂ ਨੂੰ ਸਭਾਵਾਂ ਵਿਚ ਆਉਣ-ਜਾਣ ਦੇ ਸਾਧਨ ਦੀ ਸਮੱਸਿਆ ਹੋ ਸਕਦੀ ਹੈ। ਪਰ ਜ਼ਰਾ ਸੋਚੋ: ਜੇ ਤੁਸੀਂ ਇਨ੍ਹਾਂ ਰੁਕਾਵਟਾਂ ਦੇ ਬਾਵਜੂਦ ਵੀ ਸਭਾਵਾਂ ਵਿਚ ਹਾਜ਼ਰ ਹੁੰਦੇ ਹੋ, ਤਾਂ ਤੁਹਾਡੀ ਉਦਾਹਰਣ ਉਨ੍ਹਾਂ ਭੈਣ-ਭਰਾਵਾਂ ਨੂੰ ਪ੍ਰੇਰਿਤ ਕਰ ਸਕਦੀ ਹੈ ਜੋ ਤੁਹਾਡੇ ਵਰਗੇ ਹਾਲਾਤਾਂ ਦਾ ਸਾਮ੍ਹਣਾ ਕਰ ਰਹੇ ਹਨ। ਦੂਜੇ ਸ਼ਬਦਾਂ ਵਿਚ, ਤੁਸੀਂ ਅਤੇ ਤੁਹਾਡੇ ਵਰਗੇ ਦੂਜੇ ਭੈਣ-ਭਰਾ ਦੂਜਿਆਂ ਲਈ ਸਿਰਫ਼ ਚੰਗੀ ਉਦਾਹਰਣ ਹੀ ਪੇਸ਼ ਨਹੀਂ ਕਰੋਗੇ, ਸਗੋਂ ਉਨ੍ਹਾਂ ਉੱਤੇ—ਬਿਨਾਂ ਕਿਸੇ ਜ਼ੋਰ ਜ਼ਬਰਦਸਤੀ ਦੇ—ਹਾਣੀਆਂ ਦਾ ਚੰਗਾ ਪ੍ਰਭਾਵ ਵੀ ਪਾਓਗੇ।
ਅਸਲ ਵਿਚ, ਪੌਲੁਸ ਰਸੂਲ, ਜਿਸ ਨੇ ਖ਼ੁਦ ਬਹੁਤ ਸਾਰੀਆਂ ਕਠਿਨਾਈਆਂ ਅਤੇ ਰੁਕਾਵਟਾਂ ਦਾ ਸਾਮ੍ਹਣਾ ਕੀਤਾ ਸੀ, ਨੇ ਮਸੀਹੀਆਂ ਨੂੰ ਆਪਣੀ ਵਧੀਆ ਉਦਾਹਰਣ ਅਤੇ ਦੂਸਰੇ ਪਰਿਪੱਕ ਮਸੀਹੀਆਂ ਦੀ ਉਦਾਹਰਣ ਉੱਤੇ ਚੱਲਣ ਲਈ ਉਤਸ਼ਾਹਿਤ ਕੀਤਾ। ਉਸ ਨੇ ਕਿਹਾ: “ਹੇ ਭਰਾਵੋ, ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚੱਲਦੇ ਹਨ ਜਿਵੇਂ ਅਸੀਂ ਤੁਹਾਡੇ ਲਈ ਨਮੂਨੇ ਹਾਂ।” (ਫ਼ਿਲਿੱਪੀਆਂ 3:17; 4:9) ਪਹਿਲੀ ਸਦੀ ਵਿਚ ਥੱਸਲੁਨੀਕਾ ਦੇ ਮਸੀਹੀ ਪੌਲੁਸ ਦੀ ਵਧੀਆ ਉਦਾਹਰਣ ਉੱਤੇ ਚੱਲੇ। ਪੌਲੁਸ ਨੇ ਉਨ੍ਹਾਂ ਬਾਰੇ ਲਿਖਿਆ: “ਤੁਸੀਂ ਉਸ ਬਚਨ ਨੂੰ ਵੱਡੀ ਬਿਪਤਾ ਵਿੱਚ ਪਵਿੱਤਰ ਆਤਮਾ ਦੇ ਅਨੰਦ ਨਾਲ ਕਬੂਲ ਕਰ ਕੇ ਸਾਡੀ ਅਤੇ ਪ੍ਰਭੁ ਦੀ ਰੀਸ ਕਰਨ ਲੱਗ ਪਏ ਸਾਓ। ਐਥੋਂ ਤੀਕ ਜੋ ਤੁਸੀਂ ਉਨ੍ਹਾਂ ਸਭਨਾਂ ਨਿਹਚਾਵਾਨਾਂ ਲਈ ਜਿਹੜੇ ਮਕਦੂਨਿਯਾ ਅਤੇ ਅਖਾਯਾ ਵਿੱਚ ਹਨ ਨਮੂਨਾ ਬਣੇ।” (1 ਥੱਸਲੁਨੀਕੀਆਂ 1:6, 7) ਸਾਡਾ ਸਹੀ ਰਵੱਈਆ ਅਤੇ ਚੰਗੀ ਉਦਾਹਰਣ ਸਾਡੇ ਸਾਥੀਆਂ ਉੱਤੇ ਇਸੇ ਤਰ੍ਹਾਂ ਦਾ ਹੀ ਪ੍ਰਭਾਵ ਪਾ ਸਕਦੀ ਹੈ।
ਬੁਰੇ ਪ੍ਰਭਾਵਾਂ ਤੋਂ ਬਚੋ
ਜੇਕਰ ਅਸੀਂ ਬੁਰੇ ਹਾਣੀਆਂ ਦੇ ਦਬਾਅ ਤੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ‘ਸਰੀਰ ਦੇ ਅਨੁਸਾਰ ਚੱਲਣ’ ਵਾਲਿਆਂ ਦੇ ਪ੍ਰਭਾਵ ਦਾ ਵਿਰੋਧ ਕਰਨਾ ਚਾਹੀਦਾ ਹੈ। (ਰੋਮੀਆਂ 8:4, 5; 1 ਯੂਹੰਨਾ 2:15-17) ਨਹੀਂ ਤਾਂ ਬੁਰੇ ਹਾਣੀਆਂ ਦਾ ਨੁਕਸਾਨਦੇਹ ਦਬਾਅ ਸਾਨੂੰ ਯਹੋਵਾਹ ਅਤੇ ਉਸ ਦੀ ਬੁੱਧੀਮਾਨੀ ਭਰੀ ਸਲਾਹ ਤੋਂ ਦੂਰ ਲੈ ਜਾਵੇਗਾ। ਕਹਾਉਤਾਂ 13:20 ਕਹਿੰਦਾ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” ਕੀ ਤੁਸੀਂ ਕਿਸੇ ਅਜਿਹੇ ਭੈਣ-ਭਰਾ ਨੂੰ ਯਾਦ ਕਰ ਸਕਦੇ ਹੋ ਜੋ ਹਾਣੀਆਂ ਦੇ ਨੁਕਸਾਨਦੇਹ ਦਬਾਅ ਕਾਰਨ ਵਿਗੜ ਗਿਆ ਸੀ? ਉਦਾਹਰਣ ਲਈ, ਕੁਝ ਮਸੀਹੀ ਆਪਣੇ ਹਾਣੀਆਂ ਦੇ ਪ੍ਰਭਾਵ ਕਾਰਨ ਭੌਤਿਕਵਾਦੀ ਜਾਂ ਅਨੈਤਿਕ ਬਣ ਗਏ ਹਨ ਜਾਂ ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ ਦੀ ਕੁਵਰਤੋਂ ਕਰਨ ਲੱਗ ਪਏ ਹਨ।
ਮਸੀਹੀ ਕਲੀਸਿਯਾ ਵਿਚ ਵੀ ਅਸੀਂ ਬੁਰੇ ਹਾਣੀਆਂ ਦੇ ਦਬਾਅ ਦੇ ਪ੍ਰਭਾਵ ਹੇਠ ਆ ਸਕਦੇ ਹਾਂ ਜੇਕਰ ਅਸੀਂ ਅਧਿਆਤਮਿਕ ਤੌਰ ਤੇ ਕਮਜ਼ੋਰ ਵਿਅਕਤੀਆਂ ਨੂੰ ਆਪਣੇ ਨਜ਼ਦੀਕੀ ਦੋਸਤ ਚੁਣਦੇ ਹਾਂ। (1 ਕੁਰਿੰਥੀਆਂ 15:33; 2 ਥੱਸਲੁਨੀਕੀਆਂ 3:14) ਅਕਸਰ ਅਜਿਹੇ ਲੋਕ ਅਧਿਆਤਮਿਕ ਗੱਲਾਂ ਉੱਤੇ ਚਰਚਾ ਕਰਨ ਵਿਚ ਰੁਚੀ ਨਹੀਂ ਰੱਖਦੇ; ਇੱਥੋਂ ਤਕ ਕਿ ਉਹ ਅਜਿਹੀਆਂ ਗੱਲਾਂ ਉੱਤੇ ਚਰਚਾ ਕਰਨ ਵਾਲੇ ਭੈਣ-ਭਰਾਵਾਂ ਦਾ ਮਜ਼ਾਕ ਵੀ ਉਡਾਉਂਦੇ ਹਨ। ਜੇਕਰ ਅਸੀਂ ਇਨ੍ਹਾਂ ਲੋਕਾਂ ਨੂੰ ਆਪਣੇ ਨਜ਼ਦੀਕੀ ਦੋਸਤ ਚੁਣਦੇ ਹਾਂ, ਤਾਂ ਹਾਣੀਆਂ ਦੇ ਦਬਾਅ ਕਰਕੇ ਸ਼ਾਇਦ ਅਸੀਂ ਵੀ ਉਨ੍ਹਾਂ ਵਰਗੇ ਬਣ ਜਾਵਾਂਗੇ ਅਤੇ ਜਲਦੀ ਹੀ ਅਸੀਂ ਉਨ੍ਹਾਂ ਵਾਂਗ ਸੋਚਣ ਲੱਗ ਪਵਾਂਗੇ ਅਤੇ ਉਨ੍ਹਾਂ ਵਰਗਾ ਰਵੱਈਆ ਦਿਖਾਵਾਂਗੇ। ਇੱਥੋਂ ਤਕ ਕਿ ਅਸੀਂ ਸ਼ਾਇਦ ਉਨ੍ਹਾਂ ਭੈਣ-ਭਰਾਵਾਂ ਬਾਰੇ ਵੀ ਬੁਰਾ ਸੋਚਣਾ ਸ਼ੁਰੂ ਕਰ ਦੇਈਏ ਜਿਨ੍ਹਾਂ ਦੀ ਨਿਹਚਾ ਨਿਸ਼ਕਪਟ ਹੈ ਅਤੇ ਜਿਹੜੇ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।—1 ਤਿਮੋਥਿਉਸ 4:15.
ਸਾਡੇ ਲਈ ਇਹ ਕਿੰਨੀ ਬੁੱਧੀਮਾਨੀ ਦੀ ਗੱਲ ਹੋਵੇਗੀ ਕਿ ਅਸੀਂ ਉਨ੍ਹਾਂ ਲੋਕਾਂ ਨਾਲ ਆਪਣੀ ਦੋਸਤੀ ਵਧਾਈਏ ਜਿਹੜੇ ਯਹੋਵਾਹ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਜਿਹੜੇ ਅਧਿਆਤਮਿਕ ਗੱਲਾਂ ਵਿਚ ਖ਼ੁਸ਼ ਰਹਿੰਦੇ ਹਨ! ਅਜਿਹੇ ਸਾਥੀ ਉਹ ਬੁੱਧ ‘ਜਿਹੜੀ ਉੱਪਰੋਂ ਹੈ’ ਦਿਖਾਉਣ ਵਿਚ ਸਾਡੀ ਮਦਦ ਕਰਨਗੇ। ਇਹ ਬੁੱਧ “ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸ਼ੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, . . . ਅਤੇ ਨਿਸ਼ਕਪਟ ਹੁੰਦੀ ਹੈ।” (ਯਾਕੂਬ 3:17) ਇਸ ਦਾ ਮਤਲਬ ਇਹ ਨਹੀਂ ਕਿ ਅਧਿਆਤਮਿਕ ਤੌਰ ਤੇ ਮਜ਼ਬੂਤ ਲੋਕ ਅਧਿਆਤਮਿਕ ਗੱਲਾਂ ਨੂੰ ਛੱਡ ਕੇ ਕੋਈ ਹੋਰ ਗੱਲਾਂ ਨਹੀਂ ਕਰ ਸਕਦੇ। ਸਗੋਂ ਉਹ ਬਹੁਤ ਸਾਰੇ ਵਿਸ਼ਿਆਂ ਬਾਰੇ ਗੱਲਾਂ ਕਰਦੇ ਹਨ! ਜ਼ਰਾ ਉਨ੍ਹਾਂ ਵੱਖੋ-ਵੱਖਰੇ ਦਿਲਚਸਪ ਵਿਸ਼ਿਆਂ ਉੱਤੇ ਵਿਚਾਰ ਕਰੋ ਜਿਨ੍ਹਾਂ ਉੱਤੇ ਜਾਗਰੂਕ ਬਣੋ! ਰਸਾਲੇ ਵਿਚ ਅਤੇ ਵਾਚ ਟਾਵਰ ਦੇ ਦੂਸਰੇ ਪ੍ਰਕਾਸ਼ਨਾਂ ਵਿਚ ਚਰਚਾ ਕੀਤੀ ਜਾਂਦੀ ਹੈ। ਚਰਚਾ ਕਰਨ ਲਈ ਸੱਚ-ਮੁੱਚ ਬਹੁਤ ਸਾਰੇ ਫ਼ਾਇਦੇਮੰਦ ਵਿਸ਼ੇ ਹਨ ਅਤੇ ਵੱਖੋ-ਵੱਖਰੇ ਵਿਸ਼ਿਆਂ ਵਿਚ ਦਿਲਚਸਪੀ ਲੈਣ ਦੁਆਰਾ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਜ਼ਿੰਦਗੀ ਨਾਲ ਅਤੇ ਯਹੋਵਾਹ ਦੇ ਹੱਥਾਂ ਦੇ ਕੰਮਾਂ ਨਾਲ ਪਿਆਰ ਕਰਦੇ ਹਾਂ।
ਜਿਵੇਂ ਕਿ ਇਕ ਚੰਗਾ ਟੈਨਿਸ ਖਿਡਾਰੀ ਦੂਸਰੇ ਚੰਗੇ ਖਿਡਾਰੀਆਂ ਨਾਲ ਖੇਡਣ ਦੁਆਰਾ ਆਪਣੇ ਹੁਨਰ ਨੂੰ ਵਧਾਉਂਦਾ ਹੈ, ਉਸੇ ਤਰ੍ਹਾਂ ਚੰਗੇ ਸਾਥੀ ਸਾਨੂੰ ਮਾਨਸਿਕ, ਭਾਵਾਤਮਕ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਦੇ ਹਨ। ਦੂਜੇ ਪਾਸੇ, ਗ਼ਲਤ ਸਾਥੀ ਸਾਨੂੰ ਦੋਹਰਾ ਜੀਵਨ ਜੀਉਣ ਦੁਆਰਾ ਪਾਖੰਡੀ ਬਣਨ ਲਈ ਉਤਸ਼ਾਹਿਤ ਕਰ ਸਕਦੇ ਹਨ। ਇਸ ਨਾਲੋਂ ਇਹ ਕਿੰਨਾ ਚੰਗਾ ਹੋਵੇਗਾ ਜੇਕਰ ਅਸੀਂ ਆਤਮ-ਸਨਮਾਨ ਨਾਲ ਇਕ ਸ਼ੁੱਧ ਅੰਤਹਕਰਣ ਦਾ ਆਨੰਦ ਮਾਣੀਏ!
ਕਈ ਜਿਨ੍ਹਾਂ ਨੇ ਲਾਭ ਉਠਾਇਆ
ਜ਼ਿਆਦਾਤਰ ਲੋਕ ਪਾਉਂਦੇ ਹਨ ਕਿ ਬਾਈਬਲ ਦੀਆਂ ਸਿੱਖਿਆਵਾਂ ਅਤੇ ਇਸ ਦੀਆਂ ਨੈਤਿਕ ਅਤੇ ਅਧਿਆਤਮਿਕ ਮੰਗਾਂ ਨੂੰ ਸਿੱਖਣਾ ਇੰਨਾ ਔਖਾ ਨਹੀਂ ਹੈ। ਪਰ, ਇਨ੍ਹਾਂ ਗੱਲਾਂ ਨੂੰ ਜੀਵਨ ਵਿਚ ਲਾਗੂ ਕਰਨਾ ਮੁਸ਼ਕਲ ਹੋ ਸਕਦਾ ਹੈ। ਜਿਵੇਂ ਕਿ ਅੱਗੇ ਦਿੱਤੀਆਂ ਉਦਾਹਰਣਾਂ ਦਿਖਾਉਂਦੀਆਂ ਹਨ, ਚੰਗੇ ਹਾਣੀਆਂ ਦਾ ਪ੍ਰਭਾਵ ਯਹੋਵਾਹ ਦੀ ਪੂਰੇ ਦਿਲ ਨਾਲ ਸੇਵਾ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ।
ਇਕ ਯਹੋਵਾਹ ਦਾ ਗਵਾਹ, ਜੋ ਆਪਣੀ ਪਤਨੀ ਨਾਲ ਪੂਰਣ-ਕਾਲੀ ਸੇਵਕਾਈ ਕਰਦਾ ਹੈ, ਨੇ ਕਿਹਾ ਕਿ ਉਸ ਨੇ ਜੀਵਨ ਵਿਚ ਜਿਹੜਾ ਟੀਚਾ ਚੁਣਿਆ ਸੀ, ਉਸ ਉੱਤੇ ਉਸ ਦੇ ਹਾਣੀਆਂ ਦੀਆਂ ਉਦਾਹਰਣਾਂ ਨੇ ਕਾਫ਼ੀ ਪ੍ਰਭਾਵ ਪਾਇਆ। ਜਦੋਂ ਉਹ ਵੱਡਾ ਹੋ ਰਿਹਾ ਸੀ ਤਾਂ ਉਸ ਨੂੰ ਨੁਕਸਾਨਦੇਹ ਪ੍ਰਭਾਵਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਪਰ ਉਸ ਨੇ ਉਨ੍ਹਾਂ ਭੈਣ-ਭਰਾਵਾਂ ਨੂੰ ਆਪਣੇ ਦੋਸਤ ਚੁਣਿਆ ਜਿਨ੍ਹਾਂ ਨੇ ਉਸ ਨੂੰ ਨਿਯਮਿਤ ਤੌਰ ਤੇ ਸੇਵਕਾਈ ਕਰਨ ਅਤੇ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਲਈ ਉਤਸ਼ਾਹਿਤ ਕੀਤਾ। ਇਨ੍ਹਾਂ ਦੋਸਤਾਂ ਦੇ ਨੇੜੇ ਰਹਿਣ ਨਾਲ ਹੀ ਉਸ ਨੂੰ ਅਧਿਆਤਮਿਕ ਪਰਿਪੱਕਤਾ ਵੱਲ ਤਰੱਕੀ ਕਰਨ ਵਿਚ ਮਦਦ ਮਿਲੀ।
ਇਕ ਹੋਰ ਗਵਾਹ ਲਿਖਦਾ ਹੈ: “ਵਿਆਹ ਤੋਂ ਬਾਅਦ ਮੈਂ ਤੇ ਮੇਰੀ ਪਤਨੀ ਇਕ ਅਜਿਹੀ ਕਲੀਸਿਯਾ ਵਿਚ ਚਲੇ ਗਏ, ਜਿੱਥੇ ਸਾਡੀ ਹੀ ਉਮਰ ਦੇ ਇਕ ਪਤੀ-ਪਤਨੀ ਨਿਯਮਿਤ ਪਾਇਨੀਅਰ ਸਨ। ਉਨ੍ਹਾਂ ਦੀ ਉਦਾਹਰਣ ਨੂੰ ਦੇਖ ਕੇ ਅਸੀਂ ਵੀ ਪੂਰਣ-ਕਾਲੀ ਸੇਵਕਾਈ ਸ਼ੁਰੂ ਕਰ ਦਿੱਤੀ। ਤਦ ਅਸੀਂ ਵੀ ਕਲੀਸਿਯਾ ਦੇ ਦੂਸਰੇ ਭੈਣਾਂ-ਭਰਾਵਾਂ ਵਿਚ ਪਾਇਨੀਅਰ ਵਰਗਾ ਜੋਸ਼ ਉਭਾਰਨ ਦਾ ਜਤਨ ਕੀਤਾ। ਨਤੀਜੇ ਵਜੋਂ, ਕਈ ਭੈਣ-ਭਰਾ ਪਾਇਨੀਅਰਾਂ ਦੇ ਤੌਰ ਤੇ ਸਾਡੇ ਨਾਲ ਰਲ ਗਏ।”
ਪਰਮੇਸ਼ੁਰੀ ਟੀਚੇ ਰੱਖਣ ਵਾਲਿਆਂ ਨਾਲ ਸੰਗਤੀ ਕਰਨ ਨਾਲ ਸਾਡੇ ਲਈ ਯਹੋਵਾਹ ਪ੍ਰਤੀ ਆਗਿਆਕਾਰ ਰਹਿਣਾ ਜ਼ਿਆਦਾ ਆਸਾਨ ਹੋ ਸਕਦਾ ਹੈ। ਚੰਗੇ ਹਾਣੀਆਂ ਦੇ ਦਬਾਅ ਦਾ ਇਹ ਇਕ ਹੋਰ ਲਾਭਦਾਇਕ ਪ੍ਰਭਾਵ ਹੈ। ਇਕ ਗਵਾਹ, ਜਿਸ ਨੇ ਆਪਣੀ ਜਵਾਨੀ ਵਿਚ ਪੂਰਣ-ਕਾਲੀ ਸੇਵਕਾਈ ਸ਼ੁਰੂ ਕੀਤੀ ਸੀ ਅਤੇ ਬਾਅਦ ਵਿਚ ਇਕ ਸਫ਼ਰੀ ਨਿਗਾਹਬਾਨ ਬਣਿਆ, ਹੁਣ ਉਹ ਵਾਚ ਟਾਵਰ ਸੋਸਾਇਟੀ ਦੇ ਇਕ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰ ਰਿਹਾ ਹੈ। ਉਹ ਲਿਖਦਾ ਹੈ: “ਮੇਰੇ ਬਚਪਨ ਦੀਆਂ ਕੁਝ ਸਭ ਤੋਂ ਸੁਨਹਿਰੀ ਯਾਦਾਂ ਵਿਚ ਉਹ ਪੂਰਣ-ਕਾਲੀ ਸੇਵਕ ਹਨ ਜਿਹੜੇ ਸਾਡੇ ਘਰ ਆਉਂਦੇ ਹੁੰਦੇ ਸਨ। ਸਾਡੇ ਘਰ ਹਮੇਸ਼ਾ ਮਹਿਮਾਨਾਂ ਦਾ ਸੁਆਗਤ ਕੀਤਾ ਜਾਂਦਾ ਸੀ। ਜਦੋਂ ਮੈਂ ਦਸਾਂ ਸਾਲਾਂ ਦਾ ਸੀ, ਤਾਂ ਇਕ ਸਫ਼ਰੀ ਨਿਗਾਹਬਾਨ ਨੇ ਮੈਨੂੰ ਇਕ ਪ੍ਰੀਚਿੰਗ ਬੈਗ ਦਿੱਤਾ। ਮੈਂ ਹਾਲੇ ਵੀ ਉਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।”
ਆਪਣੀ ਕਿਸ਼ੋਰ-ਅਵਸਥਾ ਬਾਰੇ ਵਿਚਾਰ ਕਰਦੇ ਹੋਏ, ਇਹ ਗਵਾਹ ਅੱਗੇ ਕਹਿੰਦਾ ਹੈ: “ਕਈ ਜਵਾਨ ਭਰਾ ਕਲੀਸਿਯਾ ਦੇ ਕੰਮਾਂ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ ਅਤੇ ਉਨ੍ਹਾਂ ਦੀ ਉਦਾਹਰਣ ਨੇ ਸਾਡੇ ਵਿਚ ਵੀ ਇਸੇ ਤਰ੍ਹਾਂ ਕਰਨ ਦੀ ਇੱਛਾ ਪੈਦਾ ਕੀਤੀ।” ਚੰਗੇ ਹਾਣੀਆਂ ਨੇ ਇਸ ਨੌਜਵਾਨ ਨੂੰ ਇਕ ਬੂਟੇ ਦੀ ਤਰ੍ਹਾਂ ਵੱਧ ਕੇ ਇਕ ਮਜ਼ਬੂਤ ਦਰਖ਼ਤ ਵਰਗਾ ਮਸੀਹੀ ਆਦਮੀ ਬਣਨ ਵਿਚ ਮਦਦ ਦਿੱਤੀ। ਮਾਪਿਓ, ਕੀ ਤੁਸੀਂ ਅਜਿਹੇ ਭੈਣ-ਭਰਾਵਾਂ ਨੂੰ ਆਪਣੇ ਘਰ ਬੁਲਾਉਂਦੇ ਹੋ ਜਿਨ੍ਹਾਂ ਦਾ ਤੁਹਾਡੇ ਬੱਚਿਆਂ ਉੱਤੇ ਚੰਗਾ ਅਤੇ ਉਸਾਰੂ ਪ੍ਰਭਾਵ ਪੈ ਸਕੇ?—ਮਲਾਕੀ 3:16.
ਬੇਸ਼ੱਕ, ਅਸੀਂ ਸਾਰੇ ਇਨ੍ਹਾਂ ਭੈਣ-ਭਰਾਵਾਂ ਦੀ ਤਰ੍ਹਾਂ ਪੂਰਣ-ਕਾਲੀ ਸੇਵਕਾਈ ਵਿਚ ਹਿੱਸਾ ਨਹੀਂ ਲੈ ਸਕਦੇ। ਪਰ ਅਸੀਂ ਸਾਰੇ ਯਹੋਵਾਹ ਨੂੰ ‘ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰਨਾ’ ਸਿੱਖ ਸਕਦੇ ਹਾਂ। (ਮੱਤੀ 22:37) ਅਸੀਂ ਕਿਸ ਤਰ੍ਹਾਂ ਦੇ ਹਾਣੀ ਚੁਣਦੇ ਹਾਂ, ਇਹ ਇਸ ਗੱਲ ਉੱਤੇ ਅਸਰ ਪਾਵੇਗਾ ਕਿ ਸਾਡਾ ਇਹ ਪਿਆਰ ਵਧਦਾ ਹੈ ਜਾਂ ਘੱਟਦਾ ਹੈ, ਅਤੇ ਸਿੱਟੇ ਵਜੋਂ ਇਹ ਸਾਡੀ ਸਦੀਪਕ ਜੀਵਨ ਦੀ ਉਮੀਦ ਉੱਤੇ ਵੀ ਅਸਰ ਪਾਵੇਗਾ।
ਜ਼ਬੂਰਾਂ ਦੇ ਲਿਖਾਰੀ ਨੇ ਜ਼ਿੰਦਗੀ ਵਿਚ ਅਸਲੀ ਸਫ਼ਲਤਾ ਹਾਸਲ ਕਰਨ ਲਈ ਇਕ ਆਸਾਨ ਜਿਹਾ ਪਰ ਪ੍ਰਭਾਵਕਾਰੀ ਫਾਰਮੂਲਾ ਦਿੱਤਾ: “ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ, ਅਤੇ ਨਾ ਮਖ਼ੋਲੀਆਂ ਦੀ ਜੁੰਡੀ ਵਿੱਚ ਬਹਿੰਦਾ ਹੈ। ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।”—ਜ਼ਬੂਰ 1:1-3.
ਕਿੰਨੀ ਸ਼ਾਨਦਾਰ ਗਾਰੰਟੀ! ਭਾਵੇਂ ਕਿ ਅਸੀਂ ਅਪੂਰਣ ਹਾਂ ਅਤੇ ਗ਼ਲਤੀਆਂ ਕਰਦੇ ਹਾਂ, ਫਿਰ ਵੀ ਅਸੀਂ ਜੀਵਨ ਵਿਚ ਸਫ਼ਲ ਹੋ ਸਕਦੇ ਹਾਂ ਜੇਕਰ ਅਸੀਂ ਯਹੋਵਾਹ ਦੇ ਦਿਖਾਏ ਰਾਹ ਤੇ ਚੱਲਦੇ ਹਾਂ ਅਤੇ ਜੇਕਰ ਅਸੀਂ ਯਹੋਵਾਹ ਦੁਆਰਾ ਦਿੱਤੇ ਚੰਗੇ ਹਾਣੀਆਂ—“[ਸਾਡੇ] ਗੁਰਭਾਈ ਜਿਹੜੇ ਜਗਤ ਵਿੱਚ ਹਨ” ਦਾ ਪੂਰਾ ਫ਼ਾਇਦਾ ਉਠਾਉਂਦੇ ਹਾਂ।—1 ਪਤਰਸ 5:9.
[ਸਫ਼ੇ 24 ਉੱਤੇ ਤਸਵੀਰ]
ਕਲੀਸਿਯਾ ਵਿਚ ਸਾਡੇ ਉਤੇ ਚੰਗੇ ਹਾਣੀਆਂ ਦਾ ਪ੍ਰਭਾਵ ਪੈਂਦਾ ਹੈ
[ਸਫ਼ੇ 25 ਉੱਤੇ ਤਸਵੀਰ]
ਮਾਪਿਓ, ਆਪਣੇ ਬੱਚਿਆਂ ਨੂੰ ਉਸਾਰੂ ਹਾਣੀਆਂ ਨਾਲ ਮਿਲਣ-ਜੁਲਣ ਲਈ ਉਤਸ਼ਾਹਿਤ ਕਰੋ