ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 8/15 ਸਫ਼ੇ 30-31
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਮਿਲਦੀ-ਜੁਲਦੀ ਜਾਣਕਾਰੀ
  • ਵਿਆਹ—ਪਰਮੇਸ਼ੁਰ ਦੀ ਬਰਕਤ
    ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
  • ਇਕ ਸਫ਼ਲ ਵਿਆਹ ਲਈ ਤਿਆਰੀ ਕਰਨੀ
    ਪਰਿਵਾਰਕ ਖ਼ੁਸ਼ੀ ਦਾ ਰਾਜ਼
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 8/15 ਸਫ਼ੇ 30-31

ਪਾਠਕਾਂ ਵੱਲੋਂ ਸਵਾਲ

ਮਸੀਹੀਆਂ ਨੂੰ ਵਿਆਹ ਦੀ ਮੰਗਣੀ ਨੂੰ ਕਿੰਨੀ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ?

ਵਿਆਹ ਦੀ ਮੰਗਣੀ ਖ਼ੁਸ਼ੀ ਦਾ ਕਾਰਨ ਹੈ, ਪਰ ਨਾਲੋ-ਨਾਲ ਇਹ ਇਕ ਬਹੁਤ ਗੰਭੀਰ ਮਾਮਲਾ ਵੀ ਹੈ। ਕਿਸੇ ਵੀ ਸਮਝਦਾਰ ਮਸੀਹੀ ਲਈ ਮੰਗਣੀ ਕੋਈ ਆਮ ਜਿਹੀ ਗੱਲ ਨਹੀਂ ਹੋਣੀ ਚਾਹੀਦੀ, ਜਿਸ ਨੂੰ ਬਿਨਾਂ ਕਿਸੇ ਕਾਰਨ ਜਦੋਂ ਮਰਜ਼ੀ ਤੋੜਿਆ ਜਾ ਸਕਦਾ ਹੈ। ਮੰਗਣੀ ਤੋਂ ਬਾਅਦ ਅਤੇ ਵਿਆਹ ਤੋਂ ਪਹਿਲਾਂ ਜੋੜਾ ਇਕ ਦੂਜੇ ਬਾਰੇ ਹੋਰ ਵੀ ਜਾਣ ਸਕਦਾ ਹੈ।

ਇਸ ਵਿਸ਼ੇ ਬਾਰੇ ਚਰਚਾ ਕਰਦਿਆਂ, ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਵੱਖੋ-ਵੱਖਰਿਆਂ ਥਾਵਾਂ ਵਿਚ, ਅਤੇ ਵੱਖ-ਵੱਖ ਸਮਿਆਂ ਤੇ, ਵਿਆਹ ਨਾਲ ਸੰਬੰਧਿਤ ਰੀਤ-ਰਿਵਾਜ ਅਤੇ ਜੋ ਵੀ ਵਿਆਹ ਤੋਂ ਪਹਿਲਾਂ ਕੀਤਾ ਜਾਂਦਾ ਹੈ, ਇਸ ਵਿਚ ਕਾਫ਼ੀ ਫ਼ਰਕ ਹੁੰਦਾ ਹੈ। ਇਹ ਗੱਲ ਬਾਈਬਲ ਵਿਚ ਦਰਸਾਈ ਗਈ ਹੈ।

ਇਸ ਤਰ੍ਹਾਂ ਲੱਗਦਾ ਹੈ ਕਿ ਲੂਤ ਦੀਆਂ ਦੋ “ਕੁਆਰੀਆਂ” ਧੀਆਂ ਨਗਰ ਦੇ ਦੋ ਆਦਮੀਆਂ ਨਾਲ ਮੰਗੀਆਂ ਹੋਈਆਂ ਸਨ। ਇਹ ਆਦਮੀ ਲੂਤ ਦੇ ‘ਹੋਣ ਵਾਲੇ ਜਵਾਈ’ ਸਨ, ਪਰ ਬਾਈਬਲ ਇਹ ਨਹੀਂ ਦੱਸਦੀ ਕਿ ਇਹ ਮੰਗਣੀਆਂ ਕਿਉਂ ਅਤੇ ਕਿਸ ਤਰ੍ਹਾਂ ਹੋਈਆਂ। ਕੀ ਇਸ ਦੀਆਂ ਧੀਆਂ ਮੁਟਿਆਰ ਸਨ? ਕੀ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਫ਼ੈਸਲਾ ਕੀਤਾ ਸੀ ਕਿ ਉਹ ਕਿਸ ਦੇ ਨਾਲ ਵਿਆਹ ਕਰਾਉਣਗੀਆਂ? ਕੀ ਉਨ੍ਹਾਂ ਦੀ ਮੰਗਣੀ ਕਿਸੇ ਖੁੱਲ੍ਹੇ-ਆਮ ਰਸਮ ਦੁਆਰਾ ਕੀਤੀ ਗਈ ਸੀ? ਅਸੀਂ ਨਹੀਂ ਜਾਣਦੇ। (ਉਤਪਤ 19:8-14, ਪਵਿੱਤਰ ਬਾਈਬਲ ਨਵਾਂ ਅਨੁਵਾਦ।) ਸਾਨੂੰ ਪਤਾ ਹੈ ਕਿ ਯਾਕੂਬ ਨੇ ਰਾਖੇਲ ਦੇ ਪਿਤਾ ਦੇ ਨਾਲ ਆਪ ਸਮਝੌਤਾ ਕਰ ਲਿਆ ਸੀ ਕਿ ਉਸ ਲਈ ਸੱਤ ਸਾਲ ਕੰਮ ਕਰਨ ਤੋਂ ਬਾਅਦ ਉਹ ਰਾਖੇਲ ਨਾਲ ਵਿਆਹ ਕਰ ਲਵੇਗਾ। ਭਾਵੇਂ ਕਿ ਯਾਕੂਬ ਨੇ ਰਾਖੇਲ ਨੂੰ “ਮੇਰੀ ਵਹੁਟੀ” ਸੱਦਿਆ, ਉਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਨੇ ਕੋਈ ਲਿੰਗੀ ਸੰਬੰਧ ਨਹੀਂ ਰੱਖਿਆ। (ਉਤਪਤ 29:18-21) ਇਕ ਹੋਰ ਮਿਸਾਲ ਵਜੋਂ, ਇਸ ਤੋਂ ਪਹਿਲਾਂ ਕਿ ਦਾਊਦ ਸ਼ਾਊਲ ਦੀ ਧੀ ਨਾਲ ਵਿਆਹ ਕਰ ਸਕੇ, ਉਸ ਨੂੰ ਫ਼ਲਿਸਤੀਆਂ ਉੱਤੇ ਜਿੱਤ ਪ੍ਰਾਪਤ ਕਰਨੀ ਪਈ। ਸ਼ਾਊਲ ਦੀ ਇਹ ਸ਼ਰਤ ਪੂਰੀ ਕਰਨ ਤੇ, ਦਾਊਦ ਉਸ ਦੀ ਧੀ, ਮੀਕਲ, ਦੇ ਨਾਲ ਵਿਆਹ ਕਰਾ ਸਕਦਾ ਸੀ। (1 ਸਮੂਏਲ 18:20-28) ਇਹ “ਮੰਗਣੀਆਂ” ਇਕ ਦੂਜੇ ਨਾਲੋਂ, ਅਤੇ ਇਸ ਨਾਲੋਂ ਵੀ ਵੱਖਰੀਆਂ ਸਨ ਜੋ ਅੱਜ ਕਈਆਂ ਦੇਸ਼ਾਂ ਵਿਚ ਆਮ ਹੈ।

ਮੂਸਾ ਦੀ ਬਿਵਸਥਾ ਵਿਚ ਵਿਆਹ ਅਤੇ ਮੰਗਣੀ ਬਾਰੇ ਨਿਯਮ ਸਨ। ਮਿਸਾਲ ਲਈ, ਇਕ ਆਦਮੀ ਦੀਆਂ ਇਕ ਤੋਂ ਜ਼ਿਆਦਾ ਪਤਨੀਆਂ ਹੋ ਸਕਦੀਆਂ ਸਨ; ਉਹ ਕਈਆਂ ਆਧਾਰਾਂ ਤੇ ਤਲਾਕ ਲੈ ਸਕਦਾ ਸੀ, ਜਦ ਕਿ ਜ਼ਾਹਰ ਹੈ ਕਿ ਪਤਨੀ ਇਸ ਤਰ੍ਹਾਂ ਨਹੀਂ ਕਰ ਸਕਦੀ ਸੀ। (ਕੂਚ 22:16, 17; ਬਿਵਸਥਾ ਸਾਰ 24:1-4) ਜਿਸ ਆਦਮੀ ਨੇ ਕਿਸੇ ਅਣਮੰਗੀ ਕੁਆਰੀ ਨੂੰ ਲੁਭਾ ਕੇ ਉਸ ਨਾਲ ਸੰਗ ਕੀਤਾ ਹੋਵੇ, ਉਸ ਨੂੰ ਉਸ ਦੇ ਪਿਤਾ ਦੇ ਰਾਜ਼ੀ ਹੋਣ ਤੇ ਉਹ ਦੇ ਨਾਲ ਵਿਆਹ ਕਰਨਾ ਪੈਂਦਾ ਸੀ, ਅਤੇ ਉਹ ਉਸ ਨੂੰ ਕਦੀ ਵੀ ਤਲਾਕ ਨਹੀਂ ਦੇ ਸਕਦਾ ਸੀ। (ਬਿਵਸਥਾ ਸਾਰ 22:28, 29) ਹੋਰ ਕਾਨੂੰਨ ਵੀ ਵਿਆਹ ਉੱਤੇ ਲਾਗੂ ਹੁੰਦੇ ਸਨ, ਜਿਵੇਂ ਕਿ ਲਿੰਗੀ ਸੰਬੰਧ ਤੋਂ ਕਦੋਂ ਪਰਹੇਜ਼ ਕਰਨਾ ਪੈਂਦਾ ਸੀ। (ਲੇਵੀਆਂ 12:2, 5; 15:24; 18:19) ਮੰਗਣੀਆਂ ਲਈ ਕਿਹੜੇ ਨਿਯਮ ਠਹਿਰਾਏ ਹੋਏ ਸਨ?

ਇਕ ਮੰਗੀ ਹੋਈ ਇਸਰਾਏਲਣ ਕਿਸੇ ਅਣਮੰਗੀ ਔਰਤ ਨਾਲੋਂ ਕਾਨੂੰਨੀ ਤੌਰ ਤੇ ਵੱਖਰੀ ਸਮਝੀ ਜਾਂਦੀ ਸੀ; ਕੁਝ ਹੱਦ ਤਕ ਉਸ ਨੂੰ ਵਿਆਹਿਆ ਸਮਝਿਆ ਜਾਂਦਾ ਸੀ। (ਬਿਵਸਥਾ ਸਾਰ 22:23-29; ਮੱਤੀ 1:18, 19) ਇਸਰਾਏਲੀ ਲੋਕ ਕੁਝ ਖ਼ਾਸ ਰਿਸ਼ਤੇਦਾਰਾਂ ਨਾਲ ਨਾ ਮੰਗਣੀ ਕਰਾ ਸਕਦੇ ਸਨ ਅਤੇ ਨਾ ਹੀ ਵਿਆਹ। ਆਮ ਤੌਰ ਤੇ ਇਹ ਉਨ੍ਹਾਂ ਵਿਚਕਾਰ ਸੱਚ ਸੀ ਜਿਨ੍ਹਾਂ ਦਾ ਖ਼ੂਨ ਦਾ ਰਿਸ਼ਤਾ ਸੀ, ਪਰ ਕਦੀ-ਕਦੀ ਮੰਗਣੀਆਂ ਅਤੇ ਵਿਆਹ ਵਿਰਾਸਤ ਦਿਆਂ ਹੱਕਾਂ ਕਰਕੇ ਮਨ੍ਹਾ ਕੀਤੇ ਜਾਂਦੇ ਸਨ। (ਲੇਵੀਆਂ 18:6-20; 15 ਮਾਰਚ, 1978 ਦੇ ਪਹਿਰਾਬੁਰਜ ਦੇ ਸਫ਼ੇ 25-8 ਦੇਖੋ।) ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਪਰਮੇਸ਼ੁਰ ਦੇ ਸੇਵਕਾਂ ਨੂੰ ਮੰਗਣੀ ਦੇ ਮਾਮਲੇ ਨੂੰ ਮਾਮੂਲੀ ਨਹੀਂ ਸਮਝਣਾ ਚਾਹੀਦਾ।

ਇਸਰਾਏਲੀ ਲੋਕ ਅਜਿਹਿਆਂ ਸਾਰਿਆਂ ਨਿਯਮਾਂ ਦੇ ਅਧੀਨ ਸਨ, ਪਰ ਮਸੀਹੀ ਨਾ ਹੀ ਉਸ ਬਿਵਸਥਾ, ਅਤੇ ਨਾ ਹੀ ਵਿਆਹ-ਮੰਗਣੀ ਬਾਰੇ ਉਸ ਦੇ ਨਿਯਮਾਂ ਦੇ ਅਧੀਨ ਹਨ। (ਰੋਮੀਆਂ 7:4, 6; ਅਫ਼ਸੀਆਂ 2:15; ਇਬਰਾਨੀਆਂ 8:6, 13) ਦਰਅਸਲ, ਯਿਸੂ ਨੇ ਇਹ ਸਿਖਾਇਆ ਕਿ ਵਿਆਹ ਦੇ ਸੰਬੰਧ ਵਿਚ ਜੋ ਮਸੀਹੀਆਂ ਲਈ ਆਮ ਹੋਣਾ ਸੀ ਉਹ ਬਿਵਸਥਾ ਨਾਲੋਂ ਵੱਖਰਾ ਸੀ। (ਮੱਤੀ 19:3-9) ਫਿਰ ਵੀ, ਉਸ ਨੇ ਵਿਆਹ, ਅਤੇ ਮੰਗਣੀ ਦੀ ਗੰਭੀਰਤਾ ਨੂੰ ਨਹੀਂ ਘਟਾਇਆ। ਸੋ, ਸਾਡੇ ਚਰਚੇ ਬਾਰੇ ਕੀ, ਯਾਨੀ ਮਸੀਹੀਆਂ ਲਈ ਮੰਗਣੀ ਕਿੰਨੀ ਕੁ ਗੰਭੀਰ ਹੈ?

ਕਈਆਂ ਦੇਸ਼ਾਂ ਵਿਚ ਲੋਕ ਆਪਣੇ ਆਪ ਫ਼ੈਸਲਾ ਕਰਦੇ ਹਨ ਕਿ ਉਨ੍ਹਾਂ ਨੇ ਕਿਹ ਦੇ ਨਾਲ ਵਿਆਹ ਕਰਾਉਣਾ ਹੈ। ਜਿਸ ਵੇਲੇ ਤੋਂ ਆਦਮੀ-ਔਰਤ ਇਕ ਦੂਜੇ ਨਾਲ ਵਿਆਹ ਕਰਨ ਦਾ ਵਾਅਦਾ ਕਰਦੇ ਹਨ, ਉਨ੍ਹਾਂ ਨੂੰ ਮੰਗੇ ਹੋਏ ਸਮਝਿਆ ਜਾਂਦਾ ਹੈ। ਆਮ ਕਰਕੇ, ਮੰਗਣੀ ਨੂੰ ਪੱਕੀ ਕਰਨ ਲਈ ਕਿਸੇ ਰਸਮ ਦੀ ਲੋੜ ਨਹੀਂ ਹੁੰਦੀ। ਬੇਸ਼ੱਕ, ਕੁਝ ਥਾਵਾਂ ਵਿਚ ਇਹ ਆਮ ਹੈ ਕਿ ਮੰਗਣੀ ਨੂੰ ਜ਼ਾਹਰ ਕਰਨ ਲਈ ਆਦਮੀ ਆਪਣੀ ਹੋਣ ਵਾਲੀ ਪਤਨੀ ਦੇ ਮੁੰਦੀ ਪਾਉਂਦਾ ਹੈ। ਜਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਅੱਗੇ ਮੰਗਣੀ ਦਾ ਐਲਾਨ ਕਰਨਾ ਇਕ ਆਮ ਰਿਵਾਜ ਹੈ, ਜਿਵੇਂ ਕਿ ਜਦੋਂ ਪਰਿਵਾਰ ਖਾਣੇ ਲਈ ਇਕੱਠਾ ਹੁੰਦਾ ਹੈ ਜਾਂ ਕਿਸੇ ਛੋਟੇ ਇਕੱਠ ਤੇ। ਇਹ ਨਿੱਜੀ ਫ਼ੈਸਲੇ ਹਨ, ਬਾਈਬਲ ਇਨ੍ਹਾਂ ਦੀ ਮੰਗ ਨਹੀਂ ਕਰਦੀ। ਮੰਗਣੀ, ਆਦਮੀ-ਔਰਤ ਵਿਚਕਾਰ ਰਜ਼ਾਮੰਦੀ ਦੇ ਨਾਲ ਪੱਕੀ ਹੋ ਜਾਂਦੀ ਹੈ।a

ਕਿਸੇ ਵੀ ਮਸੀਹੀ ਨੂੰ ਕੋਰਟਸ਼ਿਪ, ਮੰਗਣੀ, ਜਾਂ ਵਿਆਹ ਕਰਨ ਵਿਚ ਕਾਹਲੀ ਨਹੀਂ ਕਰਨੀ ਚਾਹੀਦੀ। ਅਸੀਂ ਬਾਈਬਲ ਉੱਤੇ ਆਧਾਰਿਤ ਜਾਣਕਾਰੀ ਛਾਪਦੇ ਹਾਂ ਜੋ ਕੁਆਰੇ ਵਿਅਕਤੀਆਂ ਨੂੰ ਇਹ ਫ਼ੈਸਲਾ ਕਰਨ ਵਿਚ ਮਦਦ ਦੇ ਸਕਦੀ ਹੈ ਕਿ ਕੋਰਟਸ਼ਿਪ ਸ਼ੁਰੂ ਕਰਨੀ ਜਾਂ ਮੰਗਣੀ ਅਤੇ ਵਿਆਹ ਕਰਾਉਣ ਦੇ ਕਦਮ ਚੁੱਕਣੇ ਸਮਝਦਾਰੀ ਦੀ ਗੱਲ ਹੈ ਜਾਂ ਨਹੀਂ।b ਇਸ ਸਲਾਹ ਦੀ ਇਕ ਮੁੱਖ ਗੱਲ ਇਹ ਹੈ ਕਿ ਮਸੀਹੀ ਵਿਆਹ ਇਕ ਪੱਕਾ ਬੰਧਨ ਹੈ।—ਉਤਪਤ 2:24; ਮਰਕੁਸ 10:6-9.

ਦੋ ਮਸੀਹੀਆਂ ਨੂੰ ਮੰਗਣੀ ਬਾਰੇ ਸੋਚਣ ਤੋਂ ਹੀ ਪਹਿਲਾਂ ਇਕ ਦੂਜੇ ਨੂੰ ਕਾਫ਼ੀ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ। ਦੋਨੋਂ ਆਪਣੇ ਆਪ ਤੋਂ ਪੁੱਛ ਸਕਦੇ ਹਨ, ‘ਕੀ ਮੈਨੂੰ ਦੂਜੇ ਦੇ ਰੂਹਾਨੀ ਗੁਣਾਂ ਅਤੇ ਪਰਮੇਸ਼ੁਰ ਪ੍ਰਤੀ ਉਸ ਦੀ ਸ਼ਰਧਾ ਬਾਰੇ ਸਭ ਕੁਝ ਪਤਾ ਹੈ? ਕੀ ਮੈਂ ਉਸ ਦੇ ਨਾਲ ਪੂਰੀ ਜ਼ਿੰਦਗੀ ਲਈ ਪਰਮੇਸ਼ੁਰ ਦੀ ਸੇਵਾ ਕਰਨ ਬਾਰੇ ਕਲਪਨਾ ਕੀਤੀ ਹੈ? ਕੀ ਅਸੀਂ ਇਕ ਦੂਜੇ ਦੇ ਨਿੱਜੀ ਗੁਣਾਂ ਬਾਰੇ ਕਾਫ਼ੀ ਕੁਝ ਜਾਣ ਚੁੱਕੇ ਹਾਂ? ਕੀ ਮੈਨੂੰ ਯਕੀਨ ਹੈ ਕਿ ਅਸੀਂ ਹਮੇਸ਼ਾ ਲਈ ਯੋਗ ਰਹਾਂਗੇ? ਕੀ ਅਸੀਂ ਇਕ ਦੂਜੇ ਦੇ ਪਿੱਛਲਿਆਂ ਕੰਮਾਂ ਅਤੇ ਮੌਜੂਦਾ ਹਾਲਤਾਂ ਬਾਰੇ ਚੋਖਾ ਜਾਣਦੇ ਹਾਂ?

ਜਦੋਂ ਦੋ ਮਸੀਹੀਆਂ ਦੀ ਮੰਗਣੀ ਹੋ ਜਾਂਦੀ ਹੈ, ਤਾਂ ਉਨ੍ਹਾਂ ਲਈ ਅਤੇ ਦੂਜਿਆਂ ਲਈ ਇਹ ਉਮੀਦ ਰੱਖਣੀ ਜਾਇਜ਼ ਹੈ ਕਿ ਵਿਆਹ ਵੀ ਹੋਵੇਗਾ। ਯਿਸੂ ਨੇ ਸਲਾਹ ਦਿੱਤੀ: “ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ।” (ਮੱਤੀ 5:37) ਜਿਹੜੇ ਮਸੀਹੀ ਮੰਗਣੀ ਕਰਦੇ ਹਨ ਉਨ੍ਹਾਂ ਨੂੰ ਆਪਣੇ ਫ਼ੈਸਲੇ ਤੇ ਪੂਰਾ ਉੱਤਰਨਾ ਚਾਹੀਦਾ ਹੈ। ਲੇਕਿਨ, ਕਿਸੇ ਅਨੋਖੇ ਮਾਮਲੇ ਵਿਚ, ਇਕ ਮੰਗੇ ਗਏ ਮਸੀਹੀ ਨੂੰ ਸ਼ਾਇਦ ਇਹ ਪਤਾ ਲੱਗੇ ਕਿ ਕੋਈ ਗੰਭੀਰ ਗੱਲ ਪਹਿਲਾਂ ਨਹੀਂ ਦੱਸੀ ਗਈ ਸੀ ਜਾਂ ਮੰਗਣੀ ਤੋਂ ਪਹਿਲਾਂ ਜਾਣ-ਬੁੱਝ ਕੇ ਲੁਕੋ ਕੇ ਰੱਖੀ ਗਈ ਸੀ। ਇਹ ਸ਼ਾਇਦ ਦੂਜੇ ਵਿਅਕਤੀ ਦੇ ਪਿੱਛਲੇ ਕੰਮਾਂ ਬਾਰੇ ਕੋਈ ਜ਼ਰੂਰੀ ਗੱਲ ਹੋਵੇ, ਜਿਵੇਂ ਕਿ ਕੋਈ ਅਪਰਾਧੀ ਜਾਂ ਅਨੈਤਿਕ ਕੰਮ। ਜਿਸ ਮਸੀਹੀ ਨੂੰ ਇਸ ਬਾਰੇ ਪਤਾ ਲੱਗਦਾ ਹੈ ਉਸ ਨੂੰ ਫ਼ੈਸਲਾ ਕਰਨਾ ਪਵੇਗਾ ਕਿ ਉਹ ਕੀ ਕਰੇਗਾ। ਸ਼ਾਇਦ ਦੋਵੇਂ ਵਿਅਕਤੀ ਚੰਗੀ ਤਰ੍ਹਾਂ ਗੱਲਬਾਤ ਕਰ ਕੇ ਮੰਗਣੀ ਨੂੰ ਜਾਰੀ ਰੱਖਣ ਲਈ ਸਹਿਮਤ ਹੋ ਜਾਣ। ਜਾਂ ਉਹ ਸ਼ਾਇਦ ਮੰਗਣੀ ਨੂੰ ਤੋੜਨ ਦੀ ਆਪਸ ਵਿਚ ਸਲਾਹ ਕਰ ਲੈਣ। ਭਾਵੇਂ ਕਿ ਇਸ ਤਰ੍ਹਾਂ ਕਰਨਾ ਇਕ ਨਿੱਜੀ ਮਾਮਲਾ ਹੈ, ਇਹ ਇਕ ਬਹੁਤ ਹੀ ਵੱਡਾ ਫ਼ੈਸਲਾ ਹੈ, ਅਤੇ ਦੂਜਿਆਂ ਨੂੰ ਇਸ ਮਾਮਲੇ ਵਿਚ ਨਾ ਹੀ ਦਖ਼ਲ ਦੇਣਾ ਚਾਹੀਦਾ, ਅਤੇ ਨਾ ਹੀ ਉਨ੍ਹਾਂ ਨੂੰ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ, ਜਾਂ ਇਸ ਦੀ ਨੁਕਤਾਚੀਨੀ ਕਰਨੀ ਚਾਹੀਦੀ ਹੈ। ਦੂਜੇ ਪਾਸੇ, ਜਿਸ ਵਿਅਕਤੀ ਨੂੰ ਗੰਭੀਰ ਗੱਲ ਬਾਰੇ ਪਤਾ ਲੱਗ ਜਾਵੇ ਉਹ ਸ਼ਾਇਦ ਮੰਗਣੀ ਨੂੰ ਤੋੜਨਾ ਚਾਹੇ, ਭਾਵੇਂ ਕਿ ਦੂਜਾ ਵਿਅਕਤੀ ਇਸ ਨੂੰ ਨਹੀਂ ਤੋੜਨਾ ਚਾਹੁੰਦਾ।—15 ਜੂਨ 1975 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ।

ਅਜਿਹਿਆਂ ਮਾਮਲਿਆਂ ਨੂੰ ਵਿਆਹ ਤੋਂ ਪਹਿਲਾਂ ਸੁਲਝਾਉਣ ਦੇ ਚੰਗੇ ਕਾਰਨ ਹਨ। ਯਿਸੂ ਨੇ ਕਿਹਾ ਕਿ ਸ਼ਾਸਤਰ ਦੇ ਅਨੁਸਾਰ ਤਲਾਕ ਕਰ ਕੇ ਦੁਬਾਰਾ ਵਿਆਹ ਕਰਨ ਦਾ ਸਿਰਫ਼ ਇੱਕੋ ਹੀ ਆਧਾਰ ਹੈ, ਇਹ ਹੈ ਪੋਰਨੀਆਂ, ਯਾਨੀ ਕਿ ਦੋਸ਼ੀ ਵਿਆਹੁਤਾ ਸਾਥੀ ਦੀ ਘੋਰ ਲਿੰਗੀ ਅਨੈਤਿਕਤਾ। (ਮੱਤੀ 5:32; 19:9) ਉਸ ਨੇ ਇਹ ਨਹੀਂ ਕਿਹਾ ਕਿ ਕਾਨੂੰਨੀ ਵਿਆਹ ਦਾ ਬੰਧਨ ਤਲਾਕ ਨਾਲ ਤੋੜਿਆ ਜਾ ਸਕਦਾ ਹੈ ਜੇ ਵਿਆਹ ਤੋਂ ਪਹਿਲਾਂ ਦੀ ਕੋਈ ਵੱਡੀ ਮੁਸ਼ਕਲ ਜਾਂ ਗ਼ਲਤੀ ਬਾਰੇ ਪਤਾ ਲੱਗ ਜਾਵੇ।

ਮਿਸਾਲ ਲਈ, ਯਿਸੂ ਦੇ ਦਿਨਾਂ ਵਿਚ ਕੋੜ੍ਹ ਦੀ ਬੀਮਾਰੀ ਇਕ ਵਿਅਕਤੀ ਤੋਂ ਦੂਜੇ ਨੂੰ ਲੱਗ ਸਕਦੀ ਸੀ। ਜੇ ਕਿਸੇ ਯਹੂਦੀ ਪਤੀ ਨੂੰ ਪਤਾ ਲੱਗ ਜਾਵੇ ਕਿ ਵਿਆਹ ਦੇ ਸਮੇਂ ਉਸ ਦੀ ਪਤਨੀ (ਜਾਣਦਿਆਂ ਜਾਂ ਨਾ ਜਾਣਦਿਆਂ) ਕੋੜ੍ਹੀ ਸੀ, ਤਾਂ ਕੀ ਉਸ ਕੋਲ ਤਲਾਕ ਕਰਨ ਦਾ ਆਧਾਰ ਹੁੰਦਾ? ਬਿਵਸਥਾ ਦੇ ਅਧੀਨ ਕੋਈ ਯਹੂਦੀ ਸ਼ਾਇਦ ਤਲਾਕ ਲੈ ਲਵੇ, ਪਰ ਯਿਸੂ ਨੇ ਇਹ ਨਹੀਂ ਕਿਹਾ ਕਿ ਇਹ ਉਸ ਦੇ ਚੇਲਿਆਂ ਲਈ ਠੀਕ ਸੀ। ਸਾਡੇ ਸਮੇਂ ਦੀਆਂ ਕੁਝ ਸਥਿਤੀਆਂ ਉੱਤੇ ਗੌਰ ਕਰੋ। ਕੋਈ ਆਦਮੀ ਜਿਸ ਨੂੰ ਆਤਸ਼ਕ, ਜਣਨਾਂਗੀ ਪਕਲੂਤ, ਐੱਚ. ਆਈ. ਵੀ., ਜਾਂ ਹੋਰ ਕੋਈ ਫੈਲਣ ਵਾਲਾ ਰੋਗ ਲੱਗਾ ਹੋਵੇ ਸ਼ਾਇਦ ਇਹ ਗੱਲ ਦੱਸਣ ਤੋਂ ਬਗੈਰ ਵਿਆਹ ਕਰਾ ਲਵੇ। ਹੋ ਸਕਦਾ ਹੈ ਕਿ ਉਸ ਦੀ ਛੂਤ ਮੰਗਣੀ ਤੋਂ ਪਹਿਲਾਂ ਜਾਂ ਮੰਗਣੀ ਦੇ ਸਮੇਂ ਦੌਰਾਨ ਲਿੰਗੀ ਬਦਚਲਣੀ ਕਰਕੇ ਲੱਗ ਗਈ ਹੋਵੇ। ਜਦੋਂ ਪਤਨੀ ਨੂੰ ਬਾਅਦ ਵਿਚ ਉਸ ਦੇ ਰੋਗ ਜਾਂ ਉਸ ਦੀ ਪਿੱਛਲੀ ਬਦਚਲਣੀ (ਜਾਂ ਸ਼ਾਇਦ ਉਸ ਦੀ ਬਾਂਝਪਣ ਜਾਂ ਨਾਮਰਦੀ) ਬਾਰੇ ਪਤਾ ਲੱਗ ਜਾਂਦਾ ਹੈ ਤਾਂ ਇਹ ਇਸ ਗੱਲ ਨੂੰ ਨਹੀਂ ਬਦਲਦਾ ਕਿ ਉਹ ਹੁਣ ਵਿਆਹੇ ਹੋਏ ਹਨ। ਵਿਆਹ ਤੋਂ ਪਹਿਲਾਂ ਦਾ ਮਾੜਾ ਪਿਛੋਕੜ ਵਿਆਹ ਨੂੰ ਖ਼ਤਮ ਕਰਨ ਦਾ ਬਾਈਬਲੀ ਆਧਾਰ ਨਹੀਂ; ਅਤੇ ਉਦੋਂ ਵੀ ਕੋਈ ਆਧਾਰ ਨਹੀਂ ਜੇ ਵਿਆਹ ਤੋਂ ਪਹਿਲਾਂ ਪਤਨੀ ਨੂੰ ਕੋਈ ਛੂਤ ਲੱਗੀ ਹੋਈ ਸੀ ਜਾਂ ਉਹ ਕਿਸੇ ਹੋਰ ਆਦਮੀ ਦੁਆਰਾ ਆਪਣੇ ਗਰਭ ਨੂੰ ਲੁਕੋ ਕੇ ਰੱਖ ਰਹੀ ਸੀ। ਉਹ ਹੁਣ ਇਕ ਦੂਜੇ ਨਾਲ ਵਿਆਹੇ ਹੋਏ ਹਨ ਅਤੇ ਉਨ੍ਹਾਂ ਵਿਚਕਾਰ ਇਕ ਪੱਕਾ ਬੰਧਨ ਹੈ

ਇਹ ਸੱਚ ਹੈ ਕਿ ਅਜਿਹੀਆਂ ਦੁਖਦਾਈ ਸਥਿਤੀਆਂ ਬਹੁਤ ਘੱਟ ਹੁੰਦੀਆਂ ਹਨ, ਪਰ ਇਹ ਮਿਸਾਲਾਂ ਇਸ ਬੁਨਿਆਦੀ ਗੱਲ ਉੱਤੇ ਜ਼ੋਰ ਪਾਉਂਦੀਆਂ ਹਨ: ਮੰਗਣੀ ਇਕ ਮਾਮੂਲੀ ਜਿਹੀ ਗੱਲ ਨਹੀਂ। ਮੰਗਣੀ ਤੋਂ ਪਹਿਲਾਂ ਅਤੇ ਇਸ ਦੇ ਸਮੇਂ ਦੌਰਾਨ, ਮਸੀਹੀਆਂ ਨੂੰ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਉਨ੍ਹਾਂ ਗੱਲਾਂ ਬਾਰੇ ਸੱਚ-ਸੱਚ ਦੱਸਣਾ ਚਾਹੀਦਾ ਹੈ ਜੋ ਦੂਜਾ ਵਿਅਕਤੀ ਜਾਣਨਾ ਚਾਹੁੰਦਾ ਹੈ ਜਾਂ ਜਿਨ੍ਹਾਂ ਬਾਰੇ ਜਾਣਨਾ ਉਸ ਦਾ ਹੱਕ ਹੈ। (ਕੁਝ ਦੇਸ਼ਾਂ ਵਿਚ ਕਾਨੂੰਨ ਜੋੜਿਆਂ ਤੋਂ ਇਹ ਮੰਗ ਕਰਦਾ ਹੈ ਕਿ ਉਹ ਵਿਆਹ ਤੋਂ ਪਹਿਲਾਂ ਡਾਕਟਰੀ ਮੁਆਇਨਾ ਲੈਣ। ਦੂਜੇ ਵਿਅਕਤੀ ਸ਼ਾਇਦ ਆਪਣੀ ਹੀ ਜਾਣਕਾਰੀ ਲਈ ਅਜਿਹਾ ਚੈੱਕਅਪ ਕਰਵਾਉਣਾ ਚਾਹੁਣ।) ਇਸ ਤਰ੍ਹਾਂ ਮੰਗਣੀ ਦੀ ਖ਼ੁਸ਼ੀ ਅਤੇ ਗੰਭੀਰਤਾ ਇਕ ਆਦਰਯੋਗ ਮਕਸਦ ਪੂਰਾ ਕਰਨਗੀਆਂ ਜਿਉਂ-ਜਿਉਂ ਦੋਵੇਂ ਵਿਅਕਤੀ ਵਿਆਹ ਵੱਲ ਅੱਗੇ ਵਧਦੇ ਹਨ ਜੋ ਕਿ ਮੰਗਣੀ ਨਾਲੋਂ ਵੀ ਖ਼ੁਸ਼ੀ-ਭਰਿਆ ਅਤੇ ਗੰਭੀਰ ਬੰਧਨ ਹੈ।—ਕਹਾਉਤਾਂ 5:18, 19; ਅਫ਼ਸੀਆਂ 5:33.

[ਫੁਟਨੋਟ]

a ਕੁਝ ਸਭਿਆਚਾਰਾਂ ਵਿਚ ਮਾਪੇ ਹਾਲੇ ਵੀ ਆਪਣੇ ਬੱਚਿਆਂ ਦੀ ਮੰਗਣੀ ਕਰਨ ਦਾ ਇੰਤਜ਼ਾਮ ਕਰਦੇ ਹਨ। ਇਹ ਸ਼ਾਇਦ ਕਾਫ਼ੀ ਸਮਾਂ ਪਹਿਲਾਂ ਕੀਤਾ ਜਾਵੇ ਜਦੋਂ ਦੋਵੇਂ ਵਿਅਕਤੀ ਹਾਲੇ ਵਿਆਹ ਨਹੀਂ ਕਰ ਸਕਦੇ। ਲੇਕਿਨ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਮੰਗੇ ਹੋਏ ਸਮਝਿਆ ਜਾਂਦਾ ਹੈ, ਯਾਨੀ ਉਨ੍ਹਾਂ ਵਿਚਕਾਰ ਵਿਆਹ ਕਰਨ ਦਾ ਵਾਅਦਾ ਹੋ ਚੁੱਕਾ ਹੈ, ਪਰ ਉਹ ਹਾਲੇ ਵਿਆਹੇ ਨਹੀਂ ਹਨ।

b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ (ਅੰਗ੍ਰੇਜ਼ੀ), ਅਧਿਆਇ 28-32, ਅਤੇ ਪਰਿਵਾਰਕ ਖ਼ੁਸ਼ੀ ਦਾ ਰਾਜ਼ ਅਧਿਆਇ 2 ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ