ਧਾਰਮਿਕ ਪਦਵੀ ਦੀ ਸੌਦੇਬਾਜ਼ੀ ਤੋਂ ਖ਼ਬਰਦਾਰ ਰਹੋ!
ਸਾ ਮਰਿਯਾ ਵਿਚ ਰਹਿਣ ਵਾਲੇ ਸ਼ਮਊਨ ਦਾ ਉਸ ਦੀ ਬਰਾਦਰੀ ਵਿਚ ਬਹੁਤ ਹੀ ਆਦਰ ਕੀਤਾ ਜਾਂਦਾ ਸੀ। ਉਹ ਸਾਧਾਰਣ ਯੁਗ ਦੀ ਪਹਿਲੀ ਸਦੀ ਵਿਚ ਰਹਿੰਦਾ ਸੀ। ਲੋਕ ਉਸ ਦੇ ਜਾਦੂ-ਟੂਣੇ ਦੇ ਅਭਿਆਸ ਤੋਂ ਇੰਨੇ ਆਕਰਸ਼ਿਤ ਹੁੰਦੇ ਸਨ ਕਿ ਉਹ ਅਕਸਰ ਉਸ ਬਾਰੇ ਕਹਿੰਦੇ ਸਨ: “ਇਹ ਮਨੁੱਖ ਪਰਮੇਸ਼ੁਰ ਦੀ ਉਹ ਸ਼ਕਤੀ ਹੈ ਜਿਹੜੀ ਵੱਡੀ ਕਹਾਉਂਦੀ ਹੈ।”—ਰਸੂਲਾਂ ਦੇ ਕਰਤੱਬ 8:9-11.
ਪਰ ਜਦੋਂ ਸ਼ਮਊਨ ਨੇ ਇਕ ਮਸੀਹੀ ਵਜੋਂ ਬਪਤਿਸਮਾ ਲਿਆ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਹਿਲੀ ਸ਼ਕਤੀ ਨਾਲੋਂ ਇਕ ਹੋਰ ਸ਼ਕਤੀ ਬਹੁਤ ਹੀ ਜ਼ਿਆਦਾ ਜ਼ੋਰਦਾਰ ਸੀ। ਇਹ ਉਹ ਸ਼ਕਤੀ ਸੀ ਜੋ ਯਿਸੂ ਦੇ ਰਸੂਲਾਂ ਉੱਤੇ ਵਹਾਈ ਗਈ ਸੀ, ਜਿਸ ਦੁਆਰਾ ਉਹ ਪਵਿੱਤਰ ਆਤਮਾ ਦੇ ਚਮਤਕਾਰੀ ਦਾਨ ਦੂਜਿਆਂ ਨੂੰ ਬਖ਼ਸ਼ ਸਕਦੇ ਸਨ। ਸ਼ਮਊਨ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਰਸੂਲਾਂ ਨੂੰ ਪੈਸੇ ਪੇਸ਼ ਕਰ ਕੇ ਇਹ ਮੰਗ ਕੀਤੀ: “ਮੈਨੂੰ ਭੀ ਇਹ ਸ਼ਕਤੀ ਦਿਓ ਤਾਂ ਜੋ ਮੈਂ ਜਿਸ ਕਿਸੇ ਤੇ ਹੱਥ ਰੱਖਾਂ ਸੋ ਉਹ ਨੂੰ ਪਵਿੱਤ੍ਰ ਆਤਮਾ ਮਿਲੇ।”—ਰਸੂਲਾਂ ਦੇ ਕਰਤੱਬ 8:13-19.
ਪਤਰਸ ਰਸੂਲ ਨੇ ਸ਼ਮਊਨ ਨੂੰ ਇਹ ਕਹਿ ਕੇ ਝਿੜਕਿਆ: “ਤੇਰੇ ਰੁਪਏ ਤੇਰੇ ਨਾਲ ਨਾਸ ਹੋਣ ਇਸ ਲਈ ਜੋ ਤੈਂ ਪਰਮੇਸ਼ੁਰ ਦੀ ਦਾਤ ਨੂੰ ਮੁੱਲ ਲੈਣ ਦਾ ਖ਼ਿਆਲ ਕੀਤਾ! ਤੇਰਾ ਇਸ ਗੱਲ ਵਿੱਚ ਨਾ ਹਿੱਸਾ ਹੈ ਨਾ ਸਾਂਝ ਕਿਉਂ ਜੋ ਤੇਰਾ ਮਨ ਪਰਮੇਸ਼ੁਰ ਦੇ ਅੱਗੇ ਸਿੱਧਾ ਨਹੀਂ।”—ਰਸੂਲਾਂ ਦੇ ਕਰਤੱਬ 8:20, 21.
ਇਸ ਬਾਈਬਲ ਬਿਰਤਾਂਤ ਤੋਂ ਅੰਗ੍ਰੇਜ਼ੀ ਸ਼ਬਦ “ਸਾਇਮਨੀ” ਆਉਂਦਾ ਹੈ, ਜਿਸ ਦਾ ਅਰਥ “ਉਹ ਪਾਪ ਜੋ ਚਰਚ ਵਿਚ ਧਾਰਮਿਕ ਪਦਵੀ ਦੇ ਖ਼ਰੀਦਣ ਜਾਂ ਵੇਚਣ” ਵਜੋਂ ਦਿੱਤਾ ਗਿਆ ਹੈ। ਨਿਊ ਕੈਥੋਲਿਕ ਐਨਸਾਈਕਲੋਪੀਡੀਆ ਸਵੀਕਾਰ ਕਰਦਾ ਹੈ ਕਿ ਖ਼ਾਸ ਕਰਕੇ ਨੌਵੀਂ ਸਦੀ ਤੋਂ ਲੈ ਕੇ ਗਿਆਰਵੀਂ ਸਦੀ ਤਕ, “ਸਾਇਮਨੀ ਜਾਂ ਧਾਰਮਿਕ ਪਦਵੀ ਦਾ ਖ਼ਰੀਦਣਾ ਜਾਂ ਵੇਚਣਾ ਈਸਾਈ ਮੱਠਾਂ ਵਿਚ, ਛੋਟੇ ਅਤੇ ਵੱਡੇ ਪਾਦਰੀਆਂ ਵਿਚ, ਅਤੇ ਪੋਪ-ਪਦ ਵਿਚ ਵੀ ਫੈਲ ਗਿਆ।” ਦ ਐਨਸਾਈਕਲੋਪੀਡੀਆ ਬ੍ਰਿਟੈਨਿਕਾ (1878) ਦਾ ਨੌਵਾਂ ਐਡੀਸ਼ਨ ਨੋਟ ਕਰਦਾ ਹੈ: “ਉਨ੍ਹਾਂ ਗੁਪਤ ਸਭਾਵਾਂ ਦੇ ਇਤਿਹਾਸ ਦਾ ਅਧਿਐਨ ਕਰਨ ਦੁਆਰਾ, ਜੋ ਪੋਪ ਦੀ ਚੋਣ ਕਰਨ ਵਾਸਤੇ ਤਿਆਰ ਕੀਤੀਆਂ ਗਈਆਂ ਹਨ, ਕਿਸੇ ਵਿਦਿਆਰਥੀ ਦੇ ਮਨ ਵਿਚ ਕੋਈ ਸ਼ੱਕ ਨਹੀਂ ਰਹਿੰਦਾ ਕਿ ਕੋਈ ਵੀ ਚੋਣ ਸਾਇਮਨੀ ਜਾਂ ਧਾਰਮਿਕ ਪਦਵੀ ਦੀ ਸੌਦੇਬਾਜ਼ੀ ਤੋਂ ਬਿਨਾਂ ਨਹੀਂ ਕੀਤੀ ਗਈ। ਬਹੁਤੀ ਵਾਰ ਇਨ੍ਹਾਂ ਗੁਪਤ ਸਭਾਵਾਂ ਤੇ ਸੌਦੇਬਾਜ਼ੀ ਸਭ ਤੋਂ ਘਟੀਆ, ਬੇਸ਼ਰਮ, ਅਤੇ ਖੁੱਲ੍ਹੇ-ਆਮ ਤਰੀਕੇ ਵਿਚ ਕੀਤੀ ਜਾਂਦੀ ਸੀ।”
ਸੱਚੇ ਮਸੀਹੀਆਂ ਨੂੰ ਅੱਜ ਧਾਰਮਿਕ ਪਦਵੀ ਦੀ ਸੌਦੇਬਾਜ਼ੀ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਉਦਾਹਰਣ ਲਈ, ਕਈ ਸ਼ਾਇਦ ਉਨ੍ਹਾਂ ਦੀ ਬੇਹੱਦ ਤਾਰੀਫ਼ ਕਰਨ ਅਤੇ ਉਨ੍ਹਾਂ ਉੱਤੇ ਕੀਮਤੀ ਤੋਹਫ਼ੇ ਵਰਸਾਉਣ ਜੋ ਉਨ੍ਹਾਂ ਨੂੰ ਵਧੀਕ ਹੱਕ ਬਖ਼ਸ਼ ਸਕਦੇ ਹਨ। ਅਤੇ ਦੂਜੇ ਪਾਸੇ, ਜਿਹੜੇ ਅਜਿਹੇ ਹੱਕ ਬਖ਼ਸ਼ ਸਕਦੇ ਹਨ ਉਹ ਸ਼ਾਇਦ ਉਨ੍ਹਾਂ ਦਾ ਪੱਖ ਪੂਰਨ ਜੋ ਤੋਹਫ਼ੇ ਦੇ ਸਕਦੇ ਹਨ ਅਤੇ ਜੋ ਅਕਸਰ ਦੇਣ ਲਈ ਤਿਆਰ ਵੀ ਹੁੰਦੇ ਹਨ। ਇਨ੍ਹਾਂ ਦੋਹਾਂ ਮਾਮਲਿਆਂ ਵਿਚ ਧਾਰਮਿਕ ਪਦਵੀ ਦੀ ਸੌਦੇਬਾਜ਼ੀ ਸ਼ਾਮਲ ਹੈ, ਅਤੇ ਬਾਈਬਲ ਅਜਿਹੇ ਮਾਰਗ ਨੂੰ ਸਾਫ਼-ਸਾਫ਼ ਨਿੰਦਦੀ ਹੈ। ਪਤਰਸ ਨੇ ਸ਼ਮਊਨ ਨੂੰ ਉਤੇਜਿਤ ਕੀਤਾ: “ਸੋ ਤੂੰ ਆਪਣੀ ਇਸ ਬੁਰਿਆਈ ਤੋਂ ਤੋਬਾ ਕਰ ਅਤੇ ਪ੍ਰਭੁ ਦੇ ਅੱਗੇ ਬੇਨਤੀ ਕਰ ਤਾਂ ਕੀ ਜਾਣੀਏ ਜੋ ਤੇਰੇ ਮਨ ਦੀ ਸੋਚ [“ਤੇਰੀ ਇਹ ਯੋਜਨਾ,” ਨਿਊ ਜਰੂਸਲਮ ਬਾਈਬਲ] ਮਾਫ਼ ਕੀਤੀ ਜਾਵੇ। ਕਿਉਂ ਜੋ ਮੈਂ ਵੇਖਦਾ ਹਾਂ ਭਈ ਤੂੰ ਪਿੱਤ ਦੀ ਕੁੜੱਤਣ ਅਤੇ ਬਦੀ ਦੇ ਬੰਧਨ ਵਿੱਚ ਹੈਂ।”—ਰਸੂਲਾਂ ਦੇ ਕਰਤੱਬ 8:22, 23.
ਖ਼ੁਸ਼ੀ ਦੀ ਗੱਲ ਹੈ ਕਿ ਸ਼ਮਊਨ ਆਪਣੀ ਗ਼ਲਤ ਸੋਚ ਦੀ ਗੰਭੀਰਤਾ ਸਮਝ ਗਿਆ। ਉਸ ਨੇ ਰਸੂਲਾਂ ਦੀ ਬੇਨਤੀ ਕੀਤੀ: “ਤੁਸੀਂ ਹੀ ਮੇਰੇ ਲਈ ਪ੍ਰਭੁ ਦੇ ਅੱਗੇ ਬੇਨਤੀ ਕਰੋ ਭਈ ਜਿਹੜੀਆਂ ਗੱਲਾਂ ਤੁਸਾਂ ਆਖੀਆਂ ਹਨ ਉਨ੍ਹਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਆ ਪਵੇ।” (ਰਸੂਲਾਂ ਦੇ ਕਰਤੱਬ 8:24) ਇਸ ਬਿਰਤਾਂਤ ਦੇ ਗੰਭੀਰ ਸਬਕ ਸਿੱਖਦੇ ਹੋਏ, ਸੱਚੇ ਮਸੀਹੀ ਆਪਣੇ ਆਪ ਨੂੰ ਧਾਰਮਿਕ ਪਦਵੀ ਦੀ ਸੌਦੇਬਾਜ਼ੀ ਦੁਆਰਾ ਕਲੰਕਿਤ ਕਰਨ ਤੋਂ ਪਰਹੇਜ਼ ਕਰਦੇ ਹਨ।