ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਇਕ ਵਿਰੋਧੀ ਸੱਚਾਈ ਨੂੰ ਜਾਣ ਲੈਂਦਾ ਹੈ
ਲਾਈਬੀਰੀਆ ਦੇ ਘਰੇਲੂ ਯੁੱਧ ਬਾਰੇ ਖ਼ਬਰਾਂ ਵਿਚ ਕਾਫ਼ੀ ਕੁਝ ਰਿਪੋਰਟ ਕੀਤਾ ਗਿਆ ਹੈ। ਹਜ਼ਾਰਾਂ ਹੀ ਲੋਕ ਮਾਰੇ ਗਏ ਸਨ ਅਤੇ ਇਸ ਤੋਂ ਵੀ ਜ਼ਿਆਦਾ ਲੋਕਾਂ ਨੂੰ ਆਪਣੇ ਘਰੋਂ ਬਾਹਰ ਕੱਢਿਆ ਗਿਆ ਸੀ। ਇੰਨ੍ਹਾਂ ਦੁੱਖ-ਤਕਲੀਫ਼ਾਂ ਦੇ ਬਾਵਜੂਦ, ਨੇਕਦਿਲ ਲੋਕ ਅਜੇ ਵੀ ਸੱਚਾਈ ਵਿਚ ਆ ਰਹੇ ਹਨ, ਜਿਸ ਤਰ੍ਹਾਂ ਹੇਠਲੀ ਵਾਰਦਾਤ ਦਿਖਾਉਂਦੀ ਹੈ।
ਜੇਮਜ਼ ਦਸਾਂ ਸਾਲਾਂ ਦੀ ਉਮਰ ਤੋਂ, ਲੂਥਰਨ ਚਰਚ ਦੁਆਰਾ ਪੜ੍ਹਾਇਆ-ਲਿਖਾਇਆ ਗਿਆ ਸੀ, ਅਤੇ ਬਾਅਦ ਵਿਚ ਉਹ ਚਰਚ ਦੇ ਅਖ਼ਬਾਰ ਦਾ ਐਡੀਟਰ ਬਣ ਗਿਆ। ਇਸ ਹੈਸੀਅਤ ਵਿਚ ਉਹ ਯਹੋਵਾਹ ਦੇ ਗਵਾਹਾਂ ਬਾਰੇ ਗ਼ਲਤ ਗੱਲਾਂ ਲਿਖਣ ਲੱਗ ਪਿਆ, ਭਾਵੇਂ ਉਸ ਨੇ ਉਨ੍ਹਾਂ ਨਾਲ ਕਦੀ ਮੁਲਾਕਾਤ ਨਹੀਂ ਸੀ ਕੀਤੀ।
ਕੁਝ ਸਮੇਂ ਬਾਅਦ, ਜੇਮਜ਼ ਚਰਚ ਦੇ ਅਖ਼ਬਾਰ ਲਈ ਲਿਖਣੋਂ ਹੱਟ ਗਿਆ ਅਤੇ ਮੋਟਲ ਦਾ ਕਾਮਯਾਬ ਮਾਲਕ ਬਣ ਗਿਆ। ਇਕ ਦਿਨ ਜਦ ਉਹ ਆਪਣੇ ਮੋਟਲ ਦੇ ਰਸੈਪਸ਼ਨ ਵਿਚ ਬੈਠਾ ਹੋਇਆ ਸੀ, ਤਾਂ ਸਾਫ਼-ਸੁਥਰੇ ਕੱਪੜੇ ਪਹਿਨੇ ਦੋ ਭੈਣਾਂ ਉਹ ਨੂੰ ਮਿਲਣ ਆਈਆਂ। ਉਨ੍ਹਾਂ ਦੇ ਸਾਫ਼-ਸੁਥਰੇ ਕੱਪੜੇ ਦੇਖ ਕੇ ਉਸ ਨੇ ਉਨ੍ਹਾਂ ਨੂੰ ਅੰਦਰ ਬੁਲਾ ਲਿਆ। ਲੇਕਿਨ ਜਦੋਂ ਉਨ੍ਹਾਂ ਨੇ ਆਪਣੇ ਆਉਣ ਦਾ ਮਕਸਦ ਸਮਝਾਇਆ, ਤਾਂ ਉਹ ਬੋਲਿਆ, “ਮੈਂ ਬਹੁਤ ਬਿਜ਼ੀ ਹਾਂ।” ਗਵਾਹਾਂ ਨੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੀਆਂ ਸਬਸਕ੍ਰਿਪਸ਼ਨਾਂ ਪੇਸ਼ ਕੀਤੀਆਂ, ਅਤੇ ਉਸ ਨੇ ਉਨ੍ਹਾਂ ਤੋਂ ਪਿੱਛਾ ਛਡਾਉਣ ਲਈ ਹਾਂ ਕਰ ਦਿੱਤੀ। ਬਾਰਾਂ ਮਹੀਨਿਆਂ ਲਈ ਰਸਾਲੇ ਉਸ ਦੇ ਘਰ ਆਉਂਦੇ ਰਹੇ, ਲੇਕਿਨ ਉਸ ਨੇ ਉਨ੍ਹਾਂ ਦੇ ਲਿਫਾਫੇ ਬਿਨਾਂ ਖੋਲ੍ਹੇ ਇਕ ਪਲਾਸਟਿਕ ਬੈਗ ਵਿਚ ਪਾ ਦਿੱਤੇ।
ਇਕ ਘਰੇਲੂ ਯੁੱਧ ਚੱਲ ਰਿਹਾ ਸੀ, ਸੋ ਜੇਮਜ਼ ਨੇ ਪੈਸਿਆਂ ਅਤੇ ਕੀਮਤੀ ਚੀਜ਼ਾਂ ਨਾਲ ਇਕ ਬੈਗ ਤਿਆਰ ਕਰ ਰੱਖਿਆ ਤਾਂਕਿ ਉਹ ਕਿਤੇ ਲਾਗੇ ਲੜਾਈ ਸ਼ੁਰੂ ਹੋਣ ਤੇ ਹੀ ਛੇਤੀ ਉਹ ਭੱਜ ਸਕੇ। ਇਕ ਦਿਨ ਸਵੇਰੇ-ਸਵੇਰੇ ਹੀ ਉਸ ਦੇ ਪਿੱਛਲੇ ਦਰਵਾਜ਼ੇ ਤੇ ਇਕ ਬੰਬ ਫਟਿਆ, ਘਬਰਾ ਕੇ ਉਹ ਬੈਗ ਚੁੱਕ ਕੇ ਆਪਣੀ ਜਾਨ ਬਚਾਉਣ ਲਈ ਭੱਜਿਆ। ਇਲਾਕੇ ਵਿੱਚੋਂ ਨਿਕਲ ਰਹੇ ਹਜ਼ਾਰਾਂ ਹੀ ਲੋਕਾਂ ਦੇ ਨਾਲ, ਉਸ ਨੂੰ ਕਾਫ਼ੀ ਫ਼ੌਜੀ ਨਾਕਿਆਂ ਰਾਹੀਂ ਲੰਘਣਾ ਪਿਆ। ਇੱਥੇ, ਬਿਨਾਂ ਕਿਸੇ ਕਾਰਨ ਨਿਰਦੋਸ਼ ਲੋਕ ਅਕਸਰ ਲੁੱਟੇ ਅਤੇ ਮਾਰੇ ਜਾਂਦੇ ਸਨ।
ਪਹਿਲੇ ਫ਼ੌਜੀ ਨਾਕੇ ਤੇ, ਜੇਮਜ਼ ਨੂੰ ਕੁਝ ਸਵਾਲ ਪੁੱਛੇ ਗਏ ਅਤੇ ਫਿਰ ਉਸ ਨੂੰ ਆਪਣਾ ਬੈਗ ਖੋਲਣ ਲਈ ਕਿਹਾ ਗਿਆ। ਜਦੋਂ ਉਸ ਨੇ ਖੋਲ੍ਹਿਆ ਅਤੇ ਦੇਖਿਆ ਕਿ ਉਸ ਵਿਚ ਉਹ ਦੀਆਂ ਕੀਮਤੀਆਂ ਚੀਜ਼ਾਂ ਨਹੀਂ ਸਨ, ਉਹ ਹੱਕਾ-ਬੱਕਾ ਰਹਿ ਗਿਆ। ਡਰ ਦੇ ਮਾਰੇ, ਉਸ ਨੇ ਉਹ ਬੈਗ ਚੁੱਕ ਲਿਆ ਸੀ ਜਿਸ ਵਿਚ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਸਨ ਜੋ ਹਾਲੇ ਲਿਫਾਫਿਆਂ ਵਿਚ ਹੀ ਸਨ। ਲੇਕਿਨ, ਜਦੋਂ ਫ਼ੌਜੀ ਨੇ ਰਸਾਲੇ ਦੇਖੇ ਅਤੇ ਲੇਬਲ ਉੱਤੇ ਉਸ ਦਾ ਨਾਂ ਪੜ੍ਹਿਆ, ਤਾਂ ਉਹ ਬੋਲਿਆ: “ਅੱਛਾ, ਤੂੰ ਯਹੋਵਾਹ ਦਾ ਗਵਾਹ ਹੈਂ। ਅਸੀਂ ਤੁਹਾਡੇ ਬੰਦਿਆਂ ਨੂੰ ਨਹੀਂ ਲੱਭਦੇ, ਸਾਨੂੰ ਪਤਾ ਹੈ ਕਿ ਤੁਸੀਂ ਝੂਠ ਨਹੀਂ ਬੋਲਦੇ।” ਬੈਗ ਵਿੱਚੋਂ ਕੁਝ ਰਸਾਲੇ ਕੱਢ ਕੇ, ਫ਼ੌਜੀ ਨੇ ਜੇਮਜ਼ ਨੂੰ ਅੱਗੇ ਜਾਣ ਲਈ ਕਿਹਾ।
ਨੌਂ ਅਲੱਗ-ਅਲੱਗ ਫ਼ੌਜੀ ਨਾਕਿਆਂ ਤੇ ਅਜਿਹਾ ਹੀ ਹੋਇਆ, ਕਿਉਂਕਿ ਸਾਰੇ ਅਫ਼ਸਰਾਂ ਨੇ ਇਹੀ ਸਮਝਿਆ ਕਿ ਜੇਮਜ਼ ਯਹੋਵਾਹ ਦਾ ਇਕ ਗਵਾਹ ਸੀ ਅਤੇ ਉਨ੍ਹਾਂ ਨੇ ਉਸ ਨੂੰ ਸਹੀ-ਸਲਾਮਤ ਛੱਡ ਦਿੱਤਾ। ਇਹ ਸੱਭ ਕੁਝ ਦੇਖ ਕੇ ਜੇਮਜ਼ ਨੇ ਹੁਣ ਸ਼ੁਕਰ ਕੀਤਾ ਕਿ ਉਸ ਨੇ ਆਪਣੀਆਂ ਕੀਮਤੀ ਚੀਜ਼ਾਂ ਨਹੀਂ ਲਿਆਂਦੀਆਂ, ਕਿਉਂਕਿ ਉਨ੍ਹਾਂ ਲਈ ਉਹ ਜ਼ਰੂਰ ਮਾਰਿਆ ਜਾਂਦਾ।
ਜਦੋਂ ਉਹ ਸੱਭ ਤੋਂ ਆਖ਼ਰੀ ਅਤੇ ਹੌਲਨਾਕ ਫ਼ੌਜੀ ਨਾਕੇ ਤੇ ਪਹੁੰਚਿਆ, ਤਾਂ ਉਹ ਆਪਣੇ ਆਲੇ-ਦੁਆਲੇ ਕਈ ਲਾਸ਼ਾਂ ਦੇਖ ਕੇ ਡਰ ਗਿਆ। ਡਰ ਵਿਚ, ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਉਸ ਨੇ ਪ੍ਰਾਰਥਨਾ ਵਿਚ ਕਿਹਾ ਕਿ ਜੇ ਪਰਮੇਸ਼ੁਰ ਇਸ ਇਲਾਕੇ ਵਿਚ ਉਸ ਨੂੰ ਬਚਾਵੇਗਾ ਜਿੱਥੇ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਤਾਂ ਉਹ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਾਵੇਗਾ।
ਜੇਮਜ਼ ਨੇ ਆਪਣਾ ਬੈਗ ਫ਼ੌਜੀਆਂ ਨੂੰ ਦਿੱਤਾ, ਅਤੇ ਇਕ ਵਾਰ ਫਿਰ ਉਨ੍ਹਾਂ ਨੇ ਕਿਹਾ: “ਅਸੀਂ ਇਨ੍ਹਾਂ ਲੋਕਾਂ ਨੂੰ ਨਹੀਂ ਲੱਭਦੇ।” ਉਹ ਦੇ ਵੱਲ ਦੇਖ ਕੇ, ਉਹ ਬੋਲੇ: “ਤੇਰਾ ਭਰਾ ਉੱਥੇ ਥੱਲੇ ਜਾ ਕੇ ਰਹਿੰਦਾ ਹੈ। ਜਾ ਉਹ ਦੇ ਨਾਲ ਜਾ ਕੇ ਰਹਿ।” ਹੁਣ ਯਹੋਵਾਹ ਦੇ ਗਵਾਹਾਂ ਬਾਰੇ ਜੇਮਜ਼ ਦਾ ਵਿਚਾਰ ਬਿਲਕੁਲ ਬਦਲ ਗਿਆ ਸੀ। ਉਹ ਫ਼ੌਰਨ ਉਸ ਭਰਾ ਨੂੰ ਮਿਲਣ ਗਿਆ, ਅਤੇ ਉਸ ਨਾਲ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਨਾਮਕ ਪੁਸਤਕ ਵਿਚ ਸਟੱਡੀ ਕਰਨ ਦਾ ਪ੍ਰਬੰਧ ਬਣਾਇਆ ਗਿਆ।a
ਕੁਝ ਦਿਨੋਂ ਬਾਅਦ, ਹਮਲੇ ਦੇ ਕਾਰਨ ਉਸ ਨੂੰ ਇਸ ਇਲਾਕੇ ਤੋਂ ਭੱਜਣਾ ਪਿਆ। ਇਸ ਵਾਰ, ਜੇਮਜ਼ ਆਪਣੀ ਸਦਾ ਦੇ ਲਈ ਜੀਉਣਾ ਪੁਸਤਕ ਪਕੜ ਕੇ ਜੰਗਲ ਵਿਚ ਭੱਜ ਗਿਆ। ਜੇਮਜ਼ ਗਿਆਰਾਂ ਮਹੀਨਿਆਂ ਲਈ ਯਹੋਵਾਹ ਦੇ ਗਵਾਹਾਂ ਨੂੰ ਨਹੀਂ ਸੀ ਮਿਲ ਸਕਿਆ, ਲੇਕਿਨ ਇਸ ਸਮੇਂ ਦੌਰਾਨ ਉਸ ਨੇ ਆਪਣੀ ਪੁਸਤਕ ਪੰਜ ਵਾਰ ਸਟੱਡੀ ਕੀਤੀ। ਆਖ਼ਰਕਾਰ ਜਦੋਂ ਉਹ ਆਪਣੇ ਸ਼ਹਿਰ ਵਾਪਸ ਜਾ ਸਕਿਆ, ਉਸ ਨੇ ਯਹੋਵਾਹ ਦੇ ਗਵਾਹਾਂ ਦੇ ਨਾਲ ਦੁਬਾਰਾ ਸਟੱਡੀ ਸ਼ੁਰੂ ਕੀਤੀ ਅਤੇ ਬਹੁਤ ਹੀ ਜਲਦੀ ਤਰੱਕੀ ਕੀਤੀ। ਥੌੜ੍ਹੇ ਸਮੇਂ ਬਾਅਦ, ਉਸ ਨੇ ਬਪਤਿਸਮਾ ਲਿਆ ਅਤੇ ਹੁਣ ਉਹ ਵਫ਼ਾਦਾਰੀ ਨਾਲ ਆਪਣੇ ਧਰਮ ਦੇ ਭਰਾਵਾਂ ਨਾਲ ਸੇਵਾ ਕਰ ਰਿਹਾ ਹੈ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ।